ਸੁਰਜੀਤ ਪਾਤਰ : ਬਚਪਨ 'ਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੇ ਕਿਵੇਂ ਤੈਅ ਕੀਤੀ ਜ਼ਿੰਦਗੀ ਦੀ ਮੰਜ਼ਿਲ -ਬੀਬੀਸੀ ਨੂੰ ਦਿੱਤਾ ਆਖ਼ਰੀ ਇੰਟਰਵਿਊ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

(ਸੁਰਜੀਤ ਪਾਤਰ ਨੇ ਬੀਬੀਸੀ ਸਹਿਯੋਗੀ ਨੂੰ 3 ਮਈ ਨੂੰ 'ਆਖ਼ਰੀ' ਇੰਟਰਵਿਊ ਦਿੱਤਾ ਸੀ)

ਪੰਜਾਬੀ ਸ਼ਾਇਰੀ ਦਾ ਵੱਡਾ ਨਾਮ ਸੁਰਜੀਤ ਪਾਤਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ, ਉਨ੍ਹਾਂ ਦਾ 11 ਮਈ ਨੂੰ ਲੁਧਿਆਣਾ ਵਿਚਲੇ ਆਪਣੇ ਘਰ ਵਿੱਚ ਦੇਹਾਂਤ ਹੋ ਗਿਆ।

ਸੁਰਜੀਤ ਪਾਤਰ ਦਾ ਜਨਮ ਸਾਲ 1945 ਵਿੱਚ ਹੋਇਆ ਸੀ।

ਉਨ੍ਹਾਂ ਦੇ ਪਿਤਾ ਦਾ ਨਾਮ ਗਿਆਨੀ ਹਰਭਜਨ ਸਿੰਘ ਅਤੇ ਮਾਤਾ ਦਾ ਨਾਮ ਸ੍ਰੀਮਤੀ ਗੁਰਬਖਸ਼ ਕੌਰ ਸੀ।

ਉਹ ਜਲੰਧਰ ਨੇੜਲੇ ਪਿੰਡ ਪੱਤੜ ਕਲਾਂ ਨਾਲ ਸਬੰਧ ਰੱਖਦੇ ਸਨ। ਉਹ ਚਾਰ ਭੈਣਾਂ ਤੋਂ ਬਾਅਦ ਜਨਮੇ ਸਨ ਅਤੇ ਉਨ੍ਹਾਂ ਤੋਂ ਬਾਅਦ ਇੱਕ ਛੋਟਾ ਭਰਾ ਹੋਇਆ ਸੀ।

ਕਦੋਂ ਲਿਖੀ ‘ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਹੈ…’

ਸੁਰਜੀਤ ਪਾਤਰ ਨੇ ਆਪਣੀ ਕਵਿਤਾ ‘ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ’ ਬਾਰੇ ਦੱਸਿਆ ਸੀ ਕਿ ਇਹ ਕਵਿਤਾ ਉਨ੍ਹਾਂ ਨੇ ਆਪਣੇ ਬਚਪਨ ਨੂੰ ਯਾਦ ਕਰਦਿਆਂ ਲਿਖੀ ਸੀ।

ਉਨ੍ਹਾਂ ਦੱਸਿਆ ਕਿ ਉਹ ਉਸ ਵੇਲੇ ਦੂਜੀ ਜਮਾਤ ਵਿੱਚ ਪੜ੍ਹਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਕਮਾਈ ਕਰਨ ਲਈ ਉੱਤਰੀ ਅਫ਼ਰੀਕਾ ਚਲੇ ਗਏ ਸਨ ਜਿੱਥੇ ਉਨ੍ਹਾਂ ਨੇ ਰੇਲਵੇ ਟ੍ਰੈਕ ਬਣਾਉਣ ਦੌਰਾਨ ਕਾਰੀਗਰ ਵਜੋਂ ਕੰਮ ਕੀਤਾ ਸੀ।

ਪਾਤਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਚਾਰ-ਪੰਜ ਸਾਲ ਬਾਅਦ ਵਿਦੇਸ਼ ਤੋਂ ਆਇਆ ਕਰਦੇ ਸਨ, ਇਸ ਲਈ ਉਹ ਜ਼ਿਆਦਾ ਸਮਾਂ ਆਪਣੀ ਮਾਂ ਅਤੇ ਭੈਣਾਂ ਕੋਲ ਰਹੇ।

ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਬਚਪਨ ਨੂੰ ਯਾਦ ਕਰਦਿਆਂ ਇਹ ਸਤਰਾਂ ਲਿਖੀਆਂ ਸਨ।

“ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ

ਕੱਚੀਆਂ ਸੀ ਕੰਧਾਂ ਓਹਦਾ ਬੋੜਾ ਜਿਹਾ ਦਰ ਸੀ

ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ

ਉਦੋਂ ਮੇਰੀ ਔਹਦ ਯਾਰੋ ਮਸਾਂ ਫੁੱਲ ਭਰ ਸੀ

ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ

ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ

ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ

ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹਨੇਰ ਸੀ

ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿਰ ਹੈ

ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਹੈ।”

‘ਬਚਪਨ ਤੋਂ ਹੀ ਗਾਇਕੀ ਵੱਲ ਖਿੱਚ’

ਸੁਰਜੀਤ ਪਾਤਰ ਨੇ ਦੱਸਿਆ ਸੀ ਕਿ ਸਾਹਿਤ ਅਤੇ ਸੰਗਤ ਵੱਲ ਉਨ੍ਹਾਂ ਦੀ ਖਿੱਚ ਬਚਪਨ ਵਿੱਚ ਹੀ ਵਿਕਸਿਤ ਹੋ ਗਈ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਜਦੋਂ ਕਦੇ ਵੀ ਢਾਡੀ, ਰਾਗੀ ਜਾਂ ਗਾਇਕ ਆਉਂਦੇ ਸੀ ਤਾਂ ਉਹ ਬਹੁਤ ਰੋਮਾਂਚਤ ਹੁੰਦੇ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਅਤੇ ਪਿੰਡ ਵੀ ਉਨ੍ਹਾਂ ਨੂੰ ਸੰਗੀਤ ਨਾਲ ਭਰਿਆ ਜਾਪਦਾ ਸੀ।

ਉਨ੍ਹਾਂ ਅੱਗੇ ਦੱਸਿਆ ਸੀ, “ਇੱਕ ਵਾਰ ਮੈਂ ਸ੍ਰੀ ਦਰਬਾਰ ਸਾਹਿਬ ਗਿਆ ਤਾਂ.. ਤਾਂ ਮੇਰੇ ਮਨ ਵਿੱਚ ਇਹ ਦ੍ਰਿਸ਼ ਬੇਹੱਦ ਕਮਾਲ ਦਾ ਸੀ..ਉਹ ਇਮਾਰਤ, ਫਿਰ ਸਰੋਵਰ ’ਚ ਉਸ ਦਾ ਅਕਸ ਅਤੇ ਗਾਇਨ।”

ਉਨ੍ਹਾਂ ਅੱਗੇ ਦੱਸਿਆ ਸੀ, “ਜਿੱਥੇ ਸ਼ਬਦ ਤੇ ਸੰਗੀਤ ਘੁਲੇ ਹੋਏ ਹਨ, ਪਾਣੀ ਹੈ, ਇਮਾਰਤ ਹੈ। ਮੇਰੇ ਵਿੱਚ ਰਹਿੰਦਾ ਸੀ ਕਿ ਮੈਂ ਵੀ ਇਸ ਤਰ੍ਹਾਂ ਗਾ ਸਕਾਂ, ਲਿਖ ਸਕਾਂ। ਮੇਰੀ ਜ਼ਿੰਦਗੀ ਵਿੱਚ ਕਦੇ ਕੁਝ ਹੋਰ ਬਣਨ ਦੀ ਇੱਛਾ ਨਹੀਂ ਹੋਈ ਸੀ। ਮੈਂ ਜਾਂ ਤਾਂ ਸੰਗੀਤਕਾਰ ਬਣਨਾ ਚਾਹੁੰਦਾ ਸੀ ਜਾਂ ਕਵੀ।”

ਉਨ੍ਹਾਂ ਦੱਸਿਆ ਸੀ ਜਦੋਂ ਸਾਡੇ ਘਰ ਸਾਰੀਆਂ ਕਿਤਾਬਾਂ ਮੁੱਕ ਜਾਂਦੀਆਂ ਸੀ ਤਾਂ ਉਹ ਆਪਣੀ ਭੈਣ ਦੇ ਸਹੁਰੇ ਕਿਤਾਬਾਂ ਪੜ੍ਹਣ ਚਲੇ ਜਾਂਦੇ ਸੀ।

ਉਨ੍ਹਾਂ ਇਹ ਵੀ ਦੱਸਿਆ ਸੀ, “ਮੈਂ ਕਈ ਵਾਰ ਅਖਬਾਰ ਦੇ ਅੱਖਰ ਕੱਟ ਕੇ ਕਵਿਤਾ ਬਣਾਉਂਦਾ, ਕਿਉਂਕਿ ਖੁਦ ਨੂੰ ਪ੍ਰਿੰਟ ਵਿੱਚ ਹੀ ਦੇਖਣਾ ਚਾਹੁੰਦਾ ਸੀ, ਜਾਂ ਮਿੱਟੀ ਦੇ ਲਾਊਡ ਸਪੀਕਰ ਬਣਾ ਕੇ ਦਰਖ਼ਤਾਂ ਨਾਲ ਟੰਗ ਲੈਂਦੇ ਅਤੇ ਖੁਦ ਨੂੰ ਗਾਇਕ ਵਜੋਂ ਦੇਖਦੇ।”

“ਜਦੋਂ ਰਿਸ਼ਤੇ ਵੇਲੇ ਪਾਤਰ ਦੀਆਂ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਦਾ ਵੀਰ ਕਵੀ ਹੈ..”

ਮਰਹੂਮ ਸੁਰਜੀਤ ਪਾਤਰ ਹੁਰਾਂ ਦੀ ਪਤਨੀ ਦਾ ਨਾਮ ਭੁਪਿੰਦਰ ਕੌਰ ਹੈ।

ਆਪਣੇ ਰਿਸ਼ਤੇ ਬਾਰੇ ਕਿੱਸਾ ਸੁਣਾਉਂਦਿਆਂ ਉਨ੍ਹਾਂ ਦੱਸਿਆ ਸੀ, “ਮੇਰੀਆਂ ਭੈਣਾਂ ਜਦੋਂ ਉਸ ਨੂੰ ਦੇਖਣ ਗਈਆਂ ਤਾਂ ਉਨ੍ਹਾਂ ਦੱਸਿਆ ਕਿ ਸਾਡਾ ਵੀਰ ਕਵੀ ਹੈ, ਉਸ ਨੂੰ ਤਗ਼ਮੇ ਮਿਲੇ ਹਨ।”

ਉਨ੍ਹਾਂ ਅੱਗੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਦੀਆਂ ਭੈਣਾਂ ਨੇ ਸੋਚਿਆ ਕਿ ਉਹ ਕਵੀ ਨੂੰ ਕੀ ਭੇਜਣ ਤਾਂ ਉਨ੍ਹਾਂ ਨੇ ਇੱਕ ਕੈਸਟ ਵਿੱਚ ਭੁਪਿੰਦਰ(ਉਨ੍ਹਾਂ ਦੀ ਪਤਨੀ) ਦਾ ਗਾਇਆ ਸ਼ਬਦ ਰਿਕਾਰਡ ਕਰ ਕੇ ਭੇਜ ਦਿੱਤਾ।

ਉਨ੍ਹਾਂ ਅੱਗੇ ਦੱਸਿਆ ਸੀ, “ਮੇਰੀਆਂ ਭੈਣਾਂ ਨੇ ਮੈਨੂੰ ਆ ਕੇ ਸੁਣਾਇਆ। ਮੈਂ ਕਿਹਾ ਮੈਨੂੰ ਅਵਾਜ਼ ਦਾ ਚਿਹਰਾ ਚੰਗਾ ਲੱਗਿਆ ਪਰ ਮੈਂ ਓਹਦਾ ਚਿਹਰਾ ਵੀ ਦੇਖਣਾ ਹੈ। ਪਿਤਾ ਜੀ ਨੇ ਨਾ-ਨੁੱਕਰ ਕੀਤੀ ਪਰ ਭੈਣਾਂ ਨੇ ਪਿਤਾ ਨੂੰ ਕਿਹਾ ਕਿ ਹੁਣ ਜ਼ਮਾਨਾ ਬਦਲ ਗਿਆ ਹੈ, ਦੋਹਾਂ ਨੂੰ ਮਿਲਵਾ ਦਿਓ। ਫਿਰ ਅਸੀਂ ਮਿਲੇ ਅਤੇ ਵਿਆਹ ਹੋਇਆ।”

ਪਾਤਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਵੀ ਗਾਉਣ ਦਾ ਬਹੁਤ ਸ਼ੌਕ ਹੈ।

ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਨੇ ਫ਼ਿਲਮੀ ਗੀਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਗਜ਼ਲਾਂ ਵੀ ਗਾਈਆਂ ਸਨ।

ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਦਾ ਉਨ੍ਹਾਂ ਦੀਆਂ ਗਜ਼ਲਾਂ ਗਾਉਣਾ ਉਨ੍ਹਾਂ ਦੀ ਸਾਂਝ ਦੀ ਇੱਕ ਹੋਰ ਪਰਤ ਬਣਾਉਂਦਾ ਹੈ।

ਜਦੋਂ ਕਵਿਤਾ ਨਹੀਂ ਉਤਰਦੀ

ਕਵਿਤਾ ਲਿਖਣ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਸੀ ਕਿ ਕਈ ਵਾਰ ਉਨ੍ਹਾਂ ਲਈ ਵੀ ਅਜਿਹਾ ਸਮਾਂ ਆਉਂਦਾ ਹੈ ਜਦੋਂ ਜ਼ਿਹਨ ਵਿੱਚ ਕੋਈ ਕਵਿਤਾ, ਕੋਈ ਨਜ਼ਮ ਨਹੀਂ ਉਤਰਦੀ।

ਉਨ੍ਹਾਂ ਦੱਸਿਆ ਸੀ ਕਿ ਕਈ ਵਾਰ ਸਵੇਰੇ ਉੱਠਦਿਆਂ ਹੀ ਉਹ ਤਿੰਨ-ਤਿੰਨ ਨਜ਼ਮਾਂ ਵੀ ਲਿਖ ਦਿੰਦੇ ਹਨ।

ਉਨ੍ਹਾਂ ਦੱਸਿਆ ਸੀ ਕਿ ਕਈ ਵਾਰ ਕਿਸੇ ਵਿਸ਼ੇ ‘ਤੇ ਲਿਖਣ ਦੀ ਲੋੜ ਹੋਵੇ ਤਾਂ ਲਿਖੀ ਵੀ ਜਾਂਦੀ ਹੈ, ਪਰ ਉਹ ਮਹਿਸੂਸ ਕਰਦੇ ਹਨ ਕਿ ਕਵਿਤਾ ਕਦੇ ਯੋਜਨਾ ਬਣਾ ਕੇ ਨਹੀਂ ਆਉਂਦੀ। ਉਨ੍ਹਾਂ ਦੱਸਿਆ ਸੀ, “ਅਸਲ ਗੱਲ ਇਹ ਹੈ ਕਿ ਕਵਿਤਾ ਹੀ ਤੁਹਾਨੂੰ ਘੇਰਦੀ ਹੈ।”

“ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ…”

ਇਹ ਗਜ਼ਲ ਉਨ੍ਹਾਂ ਦੇ ਜ਼ਿਹਨ ਵਿੱਚ ਕਿਵੇਂ ਉਤਰੀ ਇਸ ਬਾਰੇ ਉਨ੍ਹਾਂ ਨੇ ਦੱਸਿਆ ਸੀ, “ਇਹ ਕਵਿਤਾ ਮੈਂ ਟੇਬਲ ‘ਤੇ ਨਹੀਂ ਸੀ ਸ਼ੁਰੂ ਕੀਤੀ। ਮੈਂ ਲੁਧਿਆਣੇ ਲੱਕੜ ਪੁਲ਼ ਤੋਂ ਉਤਰਿਆਂ ਇੱਕ ਸ਼ਾਮ ਨੂੰ, ਪੁਰਾਣੀ ਅਦਾਲਤ ਹੁੰਦੀ ਸੀ, ਵਕੀਲਾਂ ਦੇ ਖੋਖੇ ਹੁੰਦੇ ਸੀ ਅਤੇ ਮੈਨੂੰ ਮੂੰਹ ਹਨੇਰੇ ਦੇ ਵਿੱਚ ਖੜ੍ਹੇ ਦਰਖ਼ਤ ਦਿਸੇ। ਮੈਨੂੰ ਅਚਨਚੇਤ ਲੱਗਿਆ ਕਿ ਇਹ ਦਰਖ਼ਤ ਨਹੀਂ ਖੜ੍ਹੇ, ਇਹ ਤਾਂ ਲੋਕ ਖੜ੍ਹੇ ਹਨ ਜੋ ਇਨਸਾਫ਼ ਲੈਣ ਆਏ ਸੀ।”

ਉਨ੍ਹਾਂ ਦੱਸਿਆ ਸੀ ਕਿ ਇਸ ਖਿਆਲ ਤੋਂ ਉਨ੍ਹਾਂ ਦੇ ਜ਼ਿਹਨ ਵਿੱਚ ਸਤਰਾਂ ਆਈਆਂ, “ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫ਼ੈਸਲੇ ਸੁਣਦੇ ਸੁਣਦੇ…” ਅੱਗੇ ਦੱਸਣ ਲੱਗੇ ਕਿ ਉਹ ਪੈਦਲ ਹੀ ਯੁਨੀਵਰਸਿਟੀ ਤੱਕ ਜਾਂਦੇ ਰਹੇ ਅਤੇ ਉਦੋਂ ਇਹ ਗਜ਼ਲ ਬਣੀ।

ਪਾਤਰ ਨੇ ਦੱਸਿਆ ਸੀ ਕਿ ਜਦੋਂ ਉਹ ਬਹੁਤ ਸਮਾਂ ਕੁਝ ਨਹੀਂ ਲਿਖ ਪਾਉਂਦੇ ਤਾਂ ਉਹ ਅੰਗਰੇਜ਼ੀ ਵਿੱਚੋਂ ਕੁਝ ਰਚਨਾਵਾਂ ਖਾਸ ਕਰਕੇ ਕਾਵਿਕ ਨਾਟਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਦੇ ਹਨ।

ਉਨ੍ਹਾਂ ਦੱਸਿਆ ਸੀ, “ਇਹਦੇ ਨਾਲ ਮੈਂ ਖਾਲੀਪਣ ਵੀ ਭਰ ਲੈਂਦਾ ਹਾਂ ਅਤੇ ਮੇਰੇ ਲਈ ਉਹ ਆਪਣੇ ਆਪ ਨੂੰ ਤੇ ਭਾਸ਼ਾ ਨੂੰ ਅਮੀਰ ਬਣਾਉਣ ਦਾ ਤਰੀਕਾ ਵੀ ਹੈ। ”

ਆਪਣੀ ਧਰਤੀ ਦੀਆਂ ਘਟਨਾਵਾਂ ਦਾ ਅਸਰ

ਸੁਰਜੀਤ ਪਾਤਰ ਦਾ ਜਨਮ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਹੋਇਆ ਸੀ, ਬੇਸ਼ੱਕ ਉਦੋਂ ਉਹ ਬਹੁਤ ਛੋਟੇ ਸਨ। ਫਿਰ ਉਨ੍ਹਾਂ ਨੇ ਆਪਣੀ ਸਮਝ ਵਿੱਚ 1966 ਵਿੱਚ ਭਾਸ਼ਾ ਦੇ ਅਧਾਰ ‘ਤੇ ਹੋਈ ਪੰਜਾਬ ਦੀ ਵੰਡ ਦੇਖੀ, 1984 ਅਤੇ ਬਾਅਦ ਦੇ ਸਾਲਾਂ ਦਾ ਘਟਨਾਕ੍ਰਮ ਦੇਖਿਆ, ਪਰਵਾਸ ਦੀਆਂ ਲਹਿਰਾਂ, ਨਸ਼ਿਆਂ ਦੀ ਸਮੱਸਿਆ ਨਾਲ ਜੂਝਦਾ ਪੰਜਾਬ ਦੇਖਿਆ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਆਪਣੀ ਧਰਤੀ ’ਤੇ ਜੋ ਹੁੰਦਾ ਹੈ, ਉਸ ਦਾ ਕਵੀ ‘ਤੇ ਅਸਰ ਪੈਂਦਾ ਹੈ। ਉਹ ਕਹਿੰਦੇ ਹਨ ਕਿ ਪੂਰੀ ਪੰਜਾਬ ਸਮੱਸਿਆ ਦੌਰਾਨ ਉਹ ਲਗਾਤਾਰ ਲਿਖਦੇ ਰਹੇ ਹਨ।

ਆਪਣੀ ਇੱਕ ਕਿਤਾਬ ‘ਬਿਰਖ਼ ਅਰਜ਼ ਕਰੇ’ ਵਿੱਚੋਂ ਪਾਤਰ ਕੁਝ ਸਤਰਾਂ ਸੁਣਾਉਂਦੇ ਹਨ, “ਵਾਰਿਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ। ਉਹ ਜ਼ਖ਼ਮ ਤੁਹਾਨੂੰ ਭੁੱਲ ਵੀ ਗਏ, ਨਵਿਆਂ ਦੀ ਫਿਰ ਤਿਆਰੀ ਹੈ।”

ਹਾਲਾਤਾਂ ਬਾਰੇ ਬੋਲਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਸੀ ਕਿ ਬੋਲਣ ਦਾ ਜਿੰਨਾ ਦਬਾਅ ਕਵੀ ‘ਤੇ ਬਾਹਰੋਂ ਹੁੰਦਾ ਹੈ, ਓਨਾ ਹੀ ਉਸ ਦੇ ਅੰਦਰੋਂ ਵੀ ਹੁੰਦਾ ਹੈ।

ਉਨ੍ਹਾਂ ਨੇ ਦੱਸਿਆ ਸੀ ਕਿ ਕਵੀ ਆਪਣੀ ਰਾਏ ਦਿੰਦਾ ਜ਼ਰੂਰ ਹੈ ਪਰ ਕਈ ਵਾਰ ਉਹ ਪਰਤਾਂ ਵਿੱਚ ਹੁੰਦੀ ਹੈ।

ਰਹੱਸਮਈ ਅਨੁਭਵਾਂ ਵਾਲੀਆਂ ਵਿਦੇਸ਼ ਯਾਤਰਾਵਾਂ

ਸੁਰਜੀਤ ਪਾਤਰ ਨੇ ਆਪਣੇ ਜੀਵਨ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਦੌਰੇ ਕੀਤੇ ਸਨ ਅਤੇ ਆਪਣੀਆਂ ਲਿਖਤਾਂ ਪੇਸ਼ ਕੀਤੀਆਂ ਸੀ।

ਪਾਤਰ ਕਹਿੰਦੇ ਹਨ ਕਿ ਉਨ੍ਹਾਂ ਨੇ ਸਫ਼ਰਨਾਮੇ ਸਿਰਫ਼ ਉਨ੍ਹਾਂ ਦੇਸ਼ਾਂ ਦੇ ਲਿਖੇ ਜਿਨ੍ਹਾਂ ਦੀ ਭਾਸ਼ਾ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਸੀ। ਉਨ੍ਹਾਂ ਦੇਸ਼ਾਂ ਦੇ ਅਨੁਭਵ ਪਾਤਰ ਨੂੰ ਰਹੱਸਮਈ ਅਤੇ ਖ਼ੂਬਸੂਰਤ ਜਾਪੇ।

ਉਨ੍ਹਾਂ ਨੇ ਕੋਲੰਬੀਆ ਦੌਰੇ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਉੱਥੇ ਹਰ ਸਾਲ ਕੌਮਾਂਤਰੀ ਕਵਿਤਾ ਮੇਲਾ ਕਰਵਾਇਆ ਜਾਂਦਾ ਹੈ ਜਿੱਥੇ ਭਾਰਤ ਤੋਂ ਵੀ ਕੋਈ ਨਾ ਕੋਈ ਕਵੀ ਜਾਂਦਾ ਹੈ। ਪਾਤਰ ਦੱਸਦੇ ਹਨ ਕਿ ਜਦੋਂ ਉਹ ਕੋਲੰਬੀਆ ਗਏ ਤਾਂ ਉਨ੍ਹਾਂ ਨੇ ਵੀਹ ਕਵਿਤਾਵਾਂ ਅੰਗਰੇਜ਼ੀ ਵਿੱਚ ਭੇਜੀਆਂ ਜਿਨ੍ਹਾਂ ਦਾ ਉਨ੍ਹਾਂ ਨੇ ਸਪੈਨਿਸ਼ ਭਾਸ਼ਾ ਵਿੱਚ ਤਰਜਮਾ ਕੀਤਾ।

ਪਾਤਰ ਨੇ ਦੱਸਿਆ ਸੀ, “ਇਹ ਬੜਾ ਜਾਦੂਮਈ ਅਨੁਭਵ ਹੁੰਦਾ ਹੈ। ਅਸੀਂ ਆਪਣੀ ਭਾਸ਼ਾ ਵਿੱਚ ਕਵਿਤਾ ਪੜ੍ਹਦੇ ਹਾਂ, ਲੋਕ ਤੁਹਾਡੇ ਵੱਲ ਦੇਖਦੇ ਹਨ, ਸਿਰਫ਼ ਤੁਹਾਡੀ ਆਵਾਜ਼ ਸੁਣਦੇ ਹਨ। ਪਰ ਜਦੋਂ ਅਨੁਵਾਦਕ ਉੱਥੋਂ ਦੇ ਸ੍ਰੋਤਿਆਂ ਦੀ ਭਾਸ਼ਾ ਵਿੱਚ ਅਨੁਵਾਦ ਕਰਕੇ ਪੜ੍ਹਦਾ ਹੈ ਤਾਂ ਉਨ੍ਹਾਂ ਲਈ ਜਾਦੂ ਖੁੱਲ੍ਹਦਾ ਹੈ। ਇਕਦਮ ਉਨ੍ਹਾਂ ਦੇ ਚਿਹਰਿਆਂ ‘ਤੇ ਭਾਵ ਆਉਣ ਲਗਦੇ ਹਨ। ਇਹ ਦੇਖਣਾ ਆਪਣੇ ਆਪ ਵਿੱਚ ਕਮਾਲ ਦਾ ਅਨੁਭਵ ਹੈ।”

ਉੱਥੇ ਪੜ੍ਹੀ ਆਪਣੀ ਇੱਕ ਕਵਿਤਾ ਦੀਆਂ ਕੁਝ ਸਤਰਾਂ ਪਾਤਰ ਸੁਣਾਉਂਦੇ ਹਨ,

“ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ

ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ

ਉਹ ਤਾਂ ਕੇਵਲ ਇੰਨਾਂ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ

ਪਰ ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ

ਨੀਝ ਲਗਾ ਕੇ ਦੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ

ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਜ਼ਾਂ ਨੂੰ ਦੱਸਦੇ ਨੇ

ਮੇਰੀ ਮਾਂ ਕਾਗਜ਼ ਚੁੱਕ ਸੀਨੇ ਨੂੰ ਲਾਇਆ

ਖ਼ਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ। ”

ਅੱਗੇ ਪਾਤਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਇਹ ਕਵਿਤਾ ਪੜ੍ਹਨ ਤੋਂ ਬਾਅਦ ਇਸ ਦਾ ਸਪੈਨਿਸ਼ ਵਿੱਚ ਅਨੁਵਾਦ ਹੋਇਆ ਸੀ। ਫਿਰ ਉਨ੍ਹਾਂ ਨੂੰ ਉੱਥੇ ਬਹੁਤ ਸਾਰੇ ਬੱਚੇ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜਾਬੀ ਵਿੱਚ ਇਹ ਕਵਿਤਾ ਉਨ੍ਹਾਂ ਲਈ ਲਿਖ ਕੇ ਦੇਣ ਲਈ ਕਿਹਾ।

ਪਾਤਰ ਨੇ ਦੱਸਿਆ ਸੀ, “ਤੁਸੀਂ ਕਿੰਨੀ ਦੂਰ ਤੋਂ ਆਏ ਹੋ ਅਤੇ ਕਿੱਥੋਂ ਦੇ ਲੋਕ ਤੁਹਾਡੀ ਕਵਿਤਾ ਨੂੰ ਸਮਝ ਰਹੇ ਹਨ ਇਹ ਆਪਣੇ ਆਪ ਵਿੱਚ ਮਾਨਵਤਾ ਦੇ ਇੱਕ ਹੋਣ ਦਾ ਖ਼ੂਬਸੂਰਤ ਅਨੁਭਵ ਹੁੰਦਾ ਹੈ।”

ਅਜੋਕੇ ਪੰਜਾਬੀ ਸਾਹਿਤ ਬਾਰੇ ਪਾਤਰ ਦੀ ਕੀ ਰਾਇ ਸੀ

ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਥਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਸੀ ਕਿ ਕਿ ਵਿਦੇਸ਼ੀ ਪਾਠਕਾਂ ਲਈ ਪੰਜਾਬੀ ਸਾਹਿਤ ਵੀ ਕੌਮਾਂਤਰੀ ਹੈ।

ਉਨ੍ਹਾਂ ਦੱਸਿਆ ਸੀ ਕਿ ਸਾਡੀ ਭਾਸ਼ਾ ਦਾ ਇੱਕੋ ਮਸਲਾ ਹੈ ਕਿ ਇਸ ਦਾ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਬਹੁਤ ਘੱਟ ਹੁੰਦਾ ਹੈ।

ਉਨ੍ਹਾਂ ਕਿਹਾ ਸੀ, “ਮੱਧ ਕਾਲ ਤੋਂ ਲੈ ਕੇ ਸਾਡੀ ਕਵਿਤਾ ਜਾਂ ਛੋਟੀ ਕਹਾਣੀ ਵਿੱਚ ਬਹੁਤ ਚੰਗਾ ਕੰਮ ਹੋਇਆ ਹੈ। ਨਾਵਲ ਅਤੇ ਨਾਟਕ ਵਿੱਚ ਬਹੁਤ ਘੱਟ ਕੰਮ ਹੋਇਆ ਹੈ। ਬਾਲ ਸਾਹਿਤ, ਕਿਸ਼ੋਰਾਂ ਲਈ ਸਾਹਿਤ ਜਾਂ ਗਿਆਨ ਸਾਹਿਤ ਵਿੱਚ ਵੀ ਸਾਡੇ ਬਹੁਤ ਘੱਟ ਕੰਮ ਹੋਇਆ ਹੈ। ਸਾਡੇ ਕੋਲ ਅਜਿਹੇ ਸਾਹਿਤ ਦੀ ਘਾਟ ਹੈ।”

ਸੋਸ਼ਲ ਮੀਡੀਆ ਦੀ ਪੰਜਾਬੀ ਸਾਹਿਤ ਵਿੱਚ ਭੂਮਿਕਾ ਬਾਰੇ ਸੁਰਜੀਤ ਪਾਤਰ ਨੇ ਦੱਸਿਆ ਸੀ ਕਿ ਇਸ ਦਾ ਸਕਰਾਤਮਕ ਪੱਖ ਇਹ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਸੁਣ ਪਾ ਰਹੇ ਹਾਂ ਜਿਨ੍ਹਾਂ ਨੂੰ ਸ਼ਾਇਦ ਕਦੇ ਸੁਣਨ ਦਾ ਮੌਕਾ ਨਾ ਮਿਲਦਾ।

ਉਨ੍ਹਾਂ ਦੱਸਿਆ ਸੀ ਕਿ ਨਕਾਰਾਤਮਕ ਪੱਖ ਇਹ ਹੈ ਕਿ ਸੋਸ਼ਲ ਮੀਡੀਆ ‘ਤੇ ਮਿਲੇ ‘ਲਾਈਕਸ’ ਕਰਕੇ ਨੌਜਵਾਨ ਸਮਝਦੇ ਹਨ ਕਿ ਉਨ੍ਹਾਂ ਨੇ ਸ਼ਾਇਦ ਬਹੁਤ ਕੁਝ ਕਰ ਲਿਆ ਹੈ, ਜਿਸ ਨਾਲ ਕਵੀ ਦਾ ਆਪਣੀ ਕਲਾ ਨਾਲ ਸੰਘਰਸ਼ ਘੱਟ ਗਿਆ ਹੈ।

ਸੁਰਜੀਤ ਪਾਤਰ ਨੇ ਪਬਲਿਸ਼ਰਾਂ ਦਾ ਵੀ ਜ਼ਿਕਰ ਕੀਤਾ ਸੀ ਤੇ ਕਿਹਾ ਸੀ ਕਿ ਪੈਸੇ ਲੈ ਕੇ ਕਿਸੇ ਵੀ ਕਿਤਾਬ ਨੂੰ ਛਾਪ ਦੇਣ ਕਾਰਨ ਸਾਹਿਤ ਦਾ ਮਿਆਰ ਘਟਿਆ ਹੈ। ਉਨ੍ਹਾਂ ਕਿਹਾ ਸੀ ਕਿ ਕਿਸੇ ਵੇਲੇ ਪਬਲਿਸ਼ਰ ਇੱਕ ਬਰਾਂਡ ਹੁੰਦੇ ਸੀ ਪਰ ਹੁਣ ਉਹ ਪ੍ਰਿੰਟਰ ਬਣ ਗਏ ਹਨ।

ਆਪਣੀ ਜ਼ਿੰਦਗੀ ਬਾਰੇ ਪਾਤਰ ਦਾ ਵਿਸ਼ਲੇਸ਼ਣ

ਜ਼ਿੰਦਗੀ ਦੀਆਂ ਖ਼ਵਾਹਿਸ਼ਾ ਬਾਰੇ ਪੁੱਛੇ ਇੱਕ ਸਵਾਲ ਦਾ ਉਨ੍ਹਾਂ ਨੇ ਇਹ ਜਵਾਬ ਦਿੱਤਾ ਸੀ।

“ਖਵਾਹਿਸ਼ਾਂ ਬਹੁਤ ਨੇ। ਕਲਾ ਦੀ ਦੁਨੀਆ ਪਰ੍ਹੇ ਤੋਂ ਪਰ੍ਹੇ ਹੈ। ਜਦੋਂ ਤੱਕ ਜਿਉਂਦੇ ਹਾਂ ਤੁਹਾਡੇ ਮਨ ਵਿੱਚ ਨਵੇਂ ਖਿਆਲ, ਨਵੇਂ ਤਜਰਬੇ ਮੁੱਕਦੇ ਨਹੀਂ ਹਨ। ਮੈਂ ਹਮੇਸ਼ਾ ਲਗਾਤਾਰ ਕੁਝ ਨਾ ਕੁਝ ਜ਼ਰੂਰ ਲਿਖਦਾ ਰਿਹਾ ਹਾਂ। ਕਈ ਵਾਰ ਕੁਝ ਲਾਈਨਾਂ ਲਿਖੀਆਂ ਹੁੰਦੀਆਂ ਹਨ, ਫਿਰ ਪੁਰਾਣੀਆਂ ਡਾਇਰੀਆਂ ਚੁੱਕਦਾ ਹਾਂ ਕਦੇ ਕੋਈ ਨਜ਼ਮ ਅੱਗੇ ਤੁਰ ਪੈਂਦੀ ਹੈ ਕਦੇ ਨਹੀਂ ਵੀ ਤੁਰਦੀ।”

ਉਨ੍ਹਾਂ ਦੱਸਿਆ ਸੀ ਕਿ ਇੱਕ ਅਮਰੀਕੀ ਕਵੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਪ੍ਰੇਰਣਾ ਉੱਠਣ ਦਾ ਇੰਤਜ਼ਾਰ ਨਹੀਂ ਕਰਦਾ, ਬਲਕਿ ਹਰ ਰੋਜ਼ ਸਵੇਰੇ ਕਵਿਤਾ ਲਿਖਣ ਲਈ ਬੈਠ ਜਾਂਦਾ ਹੈ।

ਪਾਤਰ ਨੇ ਮੁਸਕਰਾਉਂਦਿਆਂ ਕਿਹਾ ਸੀ, “ਕਦੀ ਕਦੀ ਮੈਂ ਸੋਚਦਾ ਹੁੰਦਾ ਹਾਂ ਸ਼ਾਇਦ ਮੈਂ ਏਦਾਂ ਕੀਤਾ ਹੁੰਦਾ ਤਾਂ ਸ਼ਾਇਦ ਕੁਝ ਹੋਰ ਜ਼ਿਆਦਾ ਲਿਖ ਦਿੰਦਾ। ਹੁਣ ਤਾਂ ਅਸੀਂ ਕਵਿਤਾ ਨੂੰ ਉਡੀਕਦੇ ਹੀ ਰਹਿੰਦੇ ਹਾਂ….”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)