‘ਜਦੋਂ ਕਸ਼ਮੀਰ ਤੋਂ ਐੱਮਪੀ ਰਾਸ਼ਿਦ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਅਮ੍ਰਿਤਪਾਲ ਨੂੰ ਕਿਉਂ ਨਹੀਂ’: ਬਿੱਟੂ, ਪੰਜਾਬ ਸਰਕਾਰ ਖ਼ਿਲਾਫ਼ ਅੰਮ੍ਰਿਤਸਰ ਵਿੱਚ ਹੋਇਆ ਰੋਸ ਮਾਰਚ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ANI/Getty

ਤਸਵੀਰ ਕੈਪਸ਼ਨ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਅਮ੍ਰਿਤਪਾਲ ਸਿੰਘ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ 'ਵਾਰਸ ਪੰਜਾਬ ਦੇ' ਸੰਗਠਨ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਪਟੀਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ ਦਾ ਮਾਮਲਾ ਇਸ ਵੇਲੇ ਕਾਫੀ ਚਰਚਾ ਵਿੱਚ ਹੈ।

ਇਸ ਮਾਮਲੇ ਉੱਤੇ ਬੋਲਦਿਆਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਜੇਲ੍ਹ ਵਿੱਚੋਂ ਚੋਣ ਜਿੱਤਣ ਵਾਲੇ ਕਸ਼ਮੀਰੀ ਆਗੂ ਸ਼ੇਖ਼ ਅਬਦੁਲ ਰਾਸ਼ਿਦ (ਇੰਜੀਨੀਅਰ ਰਾਸ਼ਿਦ) ਨੂੰ ਅਸਥਾਈ ਪੈਰੋਲ ਦਿੱਤੀ ਜਾਂਦੀ ਹੈ ਤਾਂ ਜੋ ਉਹ ਸੰਸਦ ਦਾ ਸੈਸ਼ਨ ਅਟੈਂਡ ਕਰ ਸਕਣ ਅਤੇ ਆਪਣੇ ਹਲਕੇ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਸਰਕਾਰ ਸਾਹਮਣੇ ਆਪਣਾ ਪੱਖ ਰੱਖ ਸਕਣ ਪਰ ਅਜਿਹਾ ਅਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਨਹੀਂ ਹੋ ਰਿਹਾ।

ਇਸ ਤੋਂ ਇਲਾਵਾ ਅਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਲਈ ਪੈਰੋਲ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਰਣਜੀਤ ਐਵਨਿਊ ਤੋਂ ਡੀਸੀ ਦਫ਼ਤਰ ਤੱਕ ਕੀਤਾ ਗਿਆ।

ਮਾਰਚ ਦਾ ਹਿੱਸਾ ਬਣੇ ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਦੀ ਆਵਾਜ਼ ਚੁੱਕਣ ਲਈ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਦਿੱਤਾ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਐੱਨਐੱਸਏ ਐਕਟ ਲਗਾਏ ਜਾਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਬਿੱਟੂ ਨੇ ਕੀ ਕਿਹਾ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ

ਰਵਨੀਤ ਬਿੱਟੂ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਅਮ੍ਰਿਤਪਾਲ ਸਿੰਘ ਵੀ ਅਜਿਹਾ ਹੀ ਮੈਂਬਰ ਪਾਰਲੀਮੈਂਟ ਮੈਂਬਰ ਹੈ ਜਿਸ ਨੂੰ ਲੋਕਾਂ ਨੇ ਚੁਣਿਆ ਹੈ, ਸਾਡੇ ਉਸ ਨਾਲ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ। ਪਰ ਪਾਰਲੀਮੈਂਟ ਸਾਡਾ ਲੋਕਤੰਤਰ ਦਾ ਮੰਦਰ ਹੈ ਅਤੇ ਇੱਥੇ ਆਉਣ ਤੋਂ ਲੋਕਾਂ ਦੇ ਨੁਮਾਇੰਦੇ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਜੋ ਕਿ ਪੰਜਾਬ ਸਰਕਾਰ ਨੇ ਕੀਤਾ ਹੈ।"

ਬਿੱਟੂ ਨੇ ਕਿਹਾ ਕਿ ਕਿਸੇ ਵੀ ਮੈਂਬਰ ਪਾਰਲੀਮੈਂਟ ਦਾ ਹੱਕ ਹੈ ਕਿ ਉਹ ਸੰਸਦ ਦੇ ਸੈਸ਼ਨਾਂ ਵਿੱਚ ਹਿੱਸਾ ਲਵੇ ਅਤੇ ਆਪਣੇ ਹਲਕੇ ਬਾਰੇ ਗੱਲ ਕਰੇ।

ਪੀਟੀਆਈ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਨੇ ਸੂਬੇ ਦੇ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਅਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਸੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਅਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

ਇਸ ਪਟੀਸ਼ਨ ਦੀ ਸੁਣਾਵਾਈ ਸੋਮਵਾਰ ਨੂੰ ਹੋਈ ਅਤੇ ਪੰਜਾਬ ਸਰਕਾਰ ਤੋਂ ਪੈਰੋਲ ਰੱਦ ਕਰਨ ਦੇ ਮਾਮਲੇ ਉੱਤੇ ਸਪੱਸ਼ਟੀਕਰਨ ਮੰਗਿਆ ਗਿਆ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਹੋਵੇਗੀ।

ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਨੂੰ ਜੁਲਾਈ 2024 ਵਿੱਚ ਸਖ਼ਤ ਸੁਰੱਖਿਆ ਅਧੀਨ ਸੰਸਦ ਮੈਂਬਰ ਵੱਜੋਂ ਸਹੁੰ ਚੁੱਕਣ ਲਈ ਦਿੱਲੀ ਲੈ ਜਾਇਆ ਗਿਆ ਸੀ

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਉਹ 'ਫ਼ਾਉਂਡੇਸ਼ਨ ਮਟੀਰੀਅਲ' (ਮੂਲ ਸਮੱਗਰੀ) ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਜਿਸ ਦੇ ਆਧਾਰ ਉੱਤੇ ਜੇਲ੍ਹ ਵਿੱਚ ਅਮ੍ਰਿਤਪਾਲ ਸਿੰਘ ਦੀ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।

ਇਹ ਨਿਰਦੇਸ਼ ਸੋਮਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਅਮ੍ਰਿਤਪਾਲ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਾਰੀ ਕੀਤੇ ਸਨ।

ਇਸ ਪਟੀਸ਼ਨ ਵਿੱਚ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵੱਜੋਂ ਜਿੱਤੇ ਅਮ੍ਰਿਤਪਾਲ ਸਿੰਘ ਨੂੰ ਪੈਰੋਲ ਨਾ ਦੇਣ ਦੇ ਸੂਬੇ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ-

ਖ਼ਬਰ ਏਜੰਸੀ ਪੀਟੀਆ ਦੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਅਮ੍ਰਿਤਪਾਲ ਦੀ ਅਸਥਾਈ ਰਿਹਾਈ ਲਈ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।

21 ਨਵੰਬਰ ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਸਥਾਈ ਰਿਹਾਈ ਦੀ ਮੰਗ ਕਰਨ ਵਾਲੇ ਅਮ੍ਰਿਤਪਾਲ ਦੀ ਪ੍ਰਤੀਨਿਧਤਾ 'ਤੇ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ।

ਜੁਲਾਈ 2024, ਵਿੱਚ ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ।

ਸਹੁੰ ਚੁੱਕਣ ਲਈ ਅਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਸਕਿਊਰਿਟੀ ਐਕਟ, 1980 ਦੀ ਧਾਰਾ 15 ਦੇ ਤਹਿਤ ਆਰਜ਼ੀ ਤੌਰ ਉੱਤੇ ਰਿਹਾਅ ਕੀਤਾ ਗਿਆ ਸੀ।

ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੀ ਕਿਹਾ

ਅਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ

ਤਸਵੀਰ ਸਰੋਤ, Imaan Singh Khara - Advocate/FB

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ

ਅਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਅਦਾਲਤ ਨੇ ਪੰਜਾਬ ਨੂੰ 8 ਦਸੰਬਰ ਨੂੰ ਅਗਲੀ ਸੁਣਵਾਈ 'ਤੇ ਦਸਤਾਵੇਜ਼ ਪੇਸ਼ ਕਰਨ ਅਤੇ ਪੈਰੋਲ ਲਈ ਉਸਦੀ ਪ੍ਰਤੀਨਿਧਤਾ ਰੱਦ ਕਰਨ ਦੇ ਕਾਰਨ ਦੱਸਣ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ, "ਅਸੀਂ ਲੋਕ ਸਭਾ ਵਿੱਚ ਤਿੰਨ ਮੁੱਦਿਆਂ ਤੇ ਚਰਚਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਮੁੱਦਾ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਏ ਹੜ੍ਹਾਂ ਦਾ ਮਾਮਲਾ, ਨਸ਼ਿਆਂ ਦਾ ਮਾਮਲਾ ਅਤੇ ਨਾਲ ਹੀ ਐੱਮਪੀ ਲੈਂਡ ਫੰਡ ਲਈ ਵਿਕਾਸ ਦਾ ਮਾਮਲਾ ਸ਼ਾਮਲ ਹੈ।"

"ਪੰਜਾਬ ਸਰਕਾਰ ਦੇ ਵਕੀਲਾਂ ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਦਲੀਲਾਂ ਦਿੱਤੀਆਂ ਕਿ ਅਮ੍ਰਿਤਪਾਲ ਨੂੰ ਪੈਰੋਲ ਦਿੱਤੇ ਜਾਣ ਨਾਲ ਪੰਜਾਬ ਵਿੱਚ ਮਾਹੌਲ ਖ਼ਰਾਬ ਹੋ ਸਕਦਾ ਹੈ ਪਰ ਅਮ੍ਰਿਤਪਾਲ ਨੂੰ ਦਿੱਲੀ ਹੀ ਰੱਖਿਆ ਜਾਣਾ ਹੈ ਪੰਜਾਬ ਆਉਣ ਦੀ ਇਜਾਜ਼ਤ ਅਮ੍ਰਿਤਪਾਲ ਨੇ ਨਹੀਂ ਮੰਗੀ ਹੈ।"

ਖਾਰਾ ਨੇ ਕਿਹਾ, "ਪੰਜਾਬ ਸਰਕਾਰ ਦੇ ਵਕੀਲਾਂ ਦਾ ਅਦਾਲਤ ਵਿੱਚ ਕਹਿਣਾ ਸੀ ਕਿ ਅਮ੍ਰਿਤਪਾਲ ਦਾ ਇੱਕ ਭਾਸ਼ਣ ਅੱਗ ਲਗਾ ਸਕਦਾ ਹੈ ਪਰ ਅਸੀਂ ਕੇਵਲ ਮੁੱਦਿਆਂ ਉੱਤੇ ਗੱਲ ਕਰਨੀ ਹੈ ਅਤੇ ਅਸੀਂ ਜੇਕਰ ਕੁਝ ਆਪਣੇ ਮੁੱਦਿਆਂ ਤੋਂ ਬਾਹਰ ਜਾਵਾਂਗੇ, ਲੋਕ ਸਭਾ ਦੇ ਸਪੀਕਰ ਕੋਲ ਹੱਕ ਹੁੰਦਾ ਹੈ ਕਿ ਉਹ ਕੈਮਰੇ ਅਤੇ ਐੱਮਪੀ ਦਾ ਸਪੀਕਰ ਬੰਦ ਕਰ ਸਕਦਾ ਹੈ।"

"ਅਸੀਂ ਜੇਲ੍ਹ ਤੋਂ ਵਰਚੁਲੀ (ਆਨਲਾਈਨ) ਤਰੀਕੇ ਨਾਲ ਸ਼ਾਮਲ ਹੋਣ ਦੀ ਇਜ਼ਾਜਤ ਮੰਗੀ ਸੀ ਕਿਉਂਕਿ ਅੱਜ ਕੱਲ੍ਹ ਕੋਰਟ ਵਰਚੁਲੀ ਚੱਲ ਰਹੀਆਂ ਨੇ ਅਜਿਹੇ ਵਿੱਚ ਬਾਕੀ ਚੀਜ਼ਾਂ ਵੀ ਵਰਚੁਲੀ ਹੋ ਸਕਦੀਆਂ ਹਨ।"

ਉਨ੍ਹਾਂ ਪੱਪੂ ਯਾਦਵ ਅਤੇ ਇੰਜਨੀਅਰ ਰਾਸ਼ੀਦ ਨੂੰ ਵੀ ਹਿਰਾਸਤ ਵਿੱਚ ਪੈਰੋਲ ਦਿੱਤੀ ਗਈ ਸੀ ਜਿਸ ਨਾਲ ਉਹ ਸੰਸਦ ਵਿੱਚ ਸ਼ਾਮਿਲ ਹੋ ਸਕੇ ਸਨ।

ਅਮ੍ਰਿਤਪਾਲ ਸਿੰਘ ਕੌਣ ਹਨ ਤੇ ਕੀ ਹੈ ਉਨ੍ਹਾਂ ਦਾ ਪਿਛੋਕੜ

ਅਮ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਅਮ੍ਰਿਤਪਾਲ ਦੀ ਰਿਹਾਈ ਨੂੰ ਲੈ ਕੇ ਅਮ੍ਰਿਤਸਰ ਵਿੱਚ ਰੋਸ ਮਾਰਚ ਕੱਢਿਆ ਗਿਆ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖ਼ੁਦਮੁਖ਼ਤਿਆਰ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਅਮ੍ਰਿਤਪਾਲ ਸਿੰਘ ਸਿੰਘ ਨੇ ਲੋਕ ਸਭਾ 2024 ਦੀਆਂ ਚੋਣ ਜੇਲ੍ਹ ਵਿਚੋਂ ਹੀ ਲੜੀ ਸੀ। ਸਾਂਸਦ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਅਮ੍ਰਿਤਪਾਲ 'ਵਾਰਸ ਪੰਜਾਬ ਦੇ' ਜਥੇਬੰਦੀ ਨਾਲ ਜੁੜੇ ਅਤੇ ਪੰਜਾਬ ਵਿੱਚ ਕਈ ਪੰਥਕ ਰੈਲੀਆਂ ਤੇ ਸਮਾਗਮਾਂ 'ਚ ਸੰਬੋਧਨ ਕਰਦੇ ਰਹੇ ਹਨ।

'ਵਾਰਸ ਪੰਜਾਬ ਦੇ' ਜਥੇਬੰਦੀ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ।

ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਵਾਲੇ ਦਿਨ ਵੱਡੇ ਸਮਾਗਮ ਦੌਰਾਨ ਰੋਡੇ ਪਿੰਡ ਵਿੱਚ ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ 29 ਸਤੰਬਰ 2022 ਨੂੰ ਕੀਤੀ ਗਈ ਸੀ।

ਅੰਮ੍ਰਿਤਸਰ ਦੇ ਜੱਲੂਖੇੜ੍ਹਾ ਪਿੰਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਕਾਫ਼ੀ ਸਮਾਂ ਦੁਬਈ ਵਿੱਚ ਰਹੇ ।

ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪੰਜਾਬ ਆਏ ਸਨ ਅਤੇ ਧਰਮ ਪ੍ਰਚਾਰਕ ਦੇ ਤੌਰ ਉਤੇ ਐਕਟਿਵ ਹੋ ਗਏ।

ਉਨ੍ਹਾਂ ਅੰਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ। ਇਸ ਗੱਲ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ।

ਉਹ ਆਪਣੇ ਗਰਮ ਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਦਾ ਘਿਰਾਓ ਤੇ ਉੱਥੇ ਹੋਈ ਹਿੰਸਾ ਕਾਰਨ ਅਮ੍ਰਿਤਪਾਲ ਸਿੰਘ ਵਿਵਾਦਾਂ ਵਿੱਚ ਵੀ ਆ ਗਏ ਸਨ।

ਫ਼ਿਲਹਾਲ ਅਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)