ਪੰਜਾਬ ਵਿਚ ਕੌਣ ਕਰਵਾ ਰਿਹਾ ਹੈ ਧਮਾਕੇ ਤੇ ਕੌਣ ਲੈ ਰਿਹਾ ਹੈ ਜ਼ਿੰਮੇਵਾਰੀ, ਪੁਲਿਸ ਨੇ ਜੋ ਕੁਝ ਦੱਸਿਆ

ਪੰਜਾਬ ਵਿੱਚ ਧਮਾਕਿਆਂ ਪਿੱਛੇ ਕੌਣ ਹੈ

ਤਸਵੀਰ ਸਰੋਤ, DGP PunjabX

ਤਸਵੀਰ ਕੈਪਸ਼ਨ, ਪੰਜਾਬ ਵਿੱਚ ਪਿਛਲੇ 4 ਮਹੀਨਿਆਂ ਦੌਰਾਨ 14 ਧਮਾਕੇ ਹੋਏ ਹਨ
    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਸ਼ੁੱਕਰਵਾਰ-ਸ਼ਨੀਵਾਰ ਦੀ ਵਿਚਕਾਰਲੀ ਰਾਤ... ਸਮਾਂ ਤੜਕੇ ਕਰੀਬ 2 ਵਜੇ...

ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੇ ਠਾਕੁਰਦੁਆਰੇ ਮੰਦਰ ਦੇ ਬਾਹਰ ....

ਦੋ ਮੋਟਰ ਸਾਇਕਲ ਸਵਾਰ ਆਉਂਦੇ ਹਨ, ਕੁਝ ਮਿੰਟਾਂ ਲਈ ਰੁਕਦੇ ਹਨ ਅਤੇ ਮੰਦਰ ਵੱਲ ਕੁਝ ਸੁੱਟਦੇ ਹਨ ਅਤੇ ਤੇਜ਼ੀ ਨਾਲ ਉੱਥੋਂ ਫਰਾਰ ਹੋ ਜਾਂਦੇ ਹਨ।

ਇਸੇ ਦੌਰਾਨ ਮੰਦਰ ਵਿੱਚ ਅਚਾਨਕ ਧਮਾਕਾ ਹੁੰਦਾ ਹੈ, ਮੰਦਰ ਦੀ ਇਮਾਰਤ ਦੇ ਸ਼ੀਸ਼ੇ, ਬਾਰੀਆਂ ਅਤੇ ਕੰਧ ਨੁਕਸਾਨੀ ਜਾਂਦੀ ਹੈ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ....

ਪੰਜਾਬ ਦੇ ਸਰਹੱਦੀ ਖੇਤਰ ਵਿੱਚ ਹੋਈ ਇਹ ਪਹਿਲੀ ਘਟਨਾ ਨਹੀਂ, ਬੀਤੇ 4 ਮਹੀਨਿਆਂ ਦੌਰਾਨ ਇਹ ਅਜਿਹੀ 14ਵੀਂ ਵਾਰਦਾਤ ਹੈ।

ਇਸ ਵਾਰ ਫ਼ਰਕ ਇਹ ਹੈ ਕਿ ਪਹਿਲਾਂ ਅਜਿਹੇ ਧਮਾਕੇ ਪੁਲਿਸ ਥਾਣਿਆਂ ਦੇ ਬਾਹਰ, ਬੰਦ ਪਈਆਂ ਚੌਕੀਆਂ ਜਾਂ ਕੁਝ ਲੋਕਾਂ ਦੀਆਂ ਨਿੱਜੀ ਜਾਇਦਾਦਾਂ ਨੂੰ ਨਿਸ਼ਾਨਾਂ ਬਣਾ ਕੇ ਕੀਤੇ ਗਏ ਸਨ। ਇਸ ਵਾਰ ਇੱਕ ਮੰਦਰ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭਾਵੇਂ ਕਿ ਇਸ ਵਾਰ ਵੀ ਪਹਿਲੇ ਧਮਾਕਿਆਂ ਦੀ ਤਰ੍ਹਾਂ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਵਾਰਦਾਤ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਮੁਲਜ਼ਮਾਂ ਨੂੰ ਪਿਛਲੀਆਂ ਵਾਰਦਾਤਾਂ ਵਾਂਗ ਫੌਰੀ ਕਾਬੂ ਕਰਨ ਅਤੇ ਮਾਮਲੇ ਦੀ ਗੁੱਥੀ ਸੁਲਝਾਉਣ ਲੈਣ ਦਾ ਦਾਅਵਾ ਕਰ ਰਹੀ ਹੈ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੀਡੀਆ ਅੱਗੇ ਆਏ ਅਤੇ ਕਿਹਾ, ''ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੇ ਮਨਸੂਬੇ ਪੂਰੇ ਨਹੀਂ ਹੋਣ ਦਿਆਂਗੇ, ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।''

ਕੌਣ ਕਰਵਾ ਰਿਹਾ ਧਮਾਕੇ- ਪੁਲਿਸ ਨੇ ਜੋ ਦੱਸਿਆ

 ਠਾਕੁਰਦੁਆਰੇ ਮੰਦਰ
ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਠਾਕੁਰਦੁਆਰੇ ਮੰਦਰ ਦੇ ਬਾਹਰ ਸ਼ੁੱਕਰਵਾਰ-ਸ਼ਨੀਵਾਰ ਦੀ ਵਿਚਕਾਰਲੀ ਰਾਤ ਅਚਾਨਕ ਧਮਾਕਾ ਹੁੰਦਾ ਹੈ

ਗ੍ਰਨੇਡ ਹਮਲਿਆਂ ਅਤੇ ਬੰਬ ਧਮਾਕਿਆਂ ਦੀਆਂ ਇਹ ਕਾਰਵਾਈਆਂ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿੱਚ ਹੋਈਆਂ ਹਨ। ਸਿਰਫ਼ ਇੱਕ ਆਖਰੀ ਵਾਰਦਾਤ ਜਲੰਧਰ ਵਿੱਚ ਹੋਈ ਹੈ।

ਪੰਜਾਬ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ, ਵਿਦੇਸ਼ਾਂ ਵਿਚਲੇ ਖਾਲਿਸਤਾਨੀ ਸੰਗਠਨ, ਗੈਂਗਸਟਰ ਅਤੇ ਨਸ਼ੇ ਦੇ ਕਾਰੋਬਾਰੀਆਂ ਖਿਲਾਫ਼ ਪੰਜਾਬ ਵਿੱਚ ਕੀਤੀ ਗਈ ਸਖ਼ਤੀ ਦਾ ਨਤੀਜਾ ਹੋਣ ਦਾ ਦਾਅਵਾ ਕਰਦੀ ਹੈ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ, ''ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਆਈਐੱਸਆਈ, ਪਾਕ ਸਮੱਗਲਰਾਂ ਉੱਤੇ ਬਹੁਤ ਜ਼ਿਆਦਾ ਦਬਾਅ ਹੈ, ਕਿਉਂਕਿ ਪੰਜਾਬ ਵਿੱਚ ਬਹੁਤ ਸਖ਼ਤੀ ਕੀਤੀ ਗਈ ਹੈ ਅਤੇ ਨਸ਼ਿਆਂ ਖਿਲਾਫ਼ ਯੁੱਧ ਛੇੜਿਆ ਗਿਆ ਹੈ।''

''ਪਹਿਲਾਂ ਵੀ ਉਨ੍ਹਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਹਨ, ਪਰ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਇਨ੍ਹਾਂ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ, ਨਾ ਹੀ ਸਫ਼ਲ ਹੋਣ ਦਿੱਤਾ ਜਾਵੇਗਾ। ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ, ਅਤੇ ਇਹ ਚੇਤਾਵਨੀ ਹੈ ਉਨ੍ਹਾਂ ਲੋਕਾਂ ਨੂੰ ਕਿ ਤੁਹਾਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।''

ਗੁਰਪ੍ਰੀਤ ਸਿੰਘ ਭੁੱਲਰ ਸ਼ਨੀਵਾਰ ਨੂੰ ਬਿਹਾਰ ਤੋਂ ਫੜ੍ਹੇ ਗਏ ਤਿੰਨ ਕਥਿਤ ਖਾਲਿਸਤਾਨੀ ਕਾਰਕੁਨਾਂ ਦੀ ਗ੍ਰਿਫ਼ਤਾਰੀ ਨੂੰ ਮੰਦਰ ਉੱਤੇ ਹੋਈ ਘਟਨਾ ਨਾਲ ਵੀ ਜੋੜਦੇ ਹਨ।

ਕਦੋਂ ਤੇ ਕਿੱਥੇ -ਕਿੱਥੇ ਹੋਏ ਹਮਲੇ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਭੁੱਲਰ ਫੜ੍ਹੇ ਗਏ ਤਿੰਨ ਕਥਿਤ ਖਾਲਿਸਤਾਨੀ ਕਾਰਕੁਨਾਂ ਦੀ ਗ੍ਰਿਫ਼ਤਾਰੀ ਨੂੰ ਮੰਦਰ ਉੱਤੇ ਹੋਈ ਘਟਨਾ ਨਾਲ ਵੀ ਜੋੜਦੇ ਹਨ

ਇਨ੍ਹਾਂ ਧਮਾਕਿਆਂ ਦੀ ਖਾਸ ਗੱਲ ਇਹ ਹੈ ਕਿ ਇਹ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿੱਚ ਹੀ ਹੋਏ ਹਨ।

ਇਨ੍ਹਾਂ ਗ੍ਰਨੇਡ ਹਮਲਿਆਂ ਜਾਂ ਧਮਾਕਿਆਂ ਦਾ ਸਿਲਸਿਲਾ ਬੀਤੇ ਸਾਲ 23 ਨਵੰਬਰ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਅਜਨਾਲਾ ਥਾਣੇ ਤੋਂ ਹੋਇਆ। ਜਿੱਥੇ ਪੁਲਿਸ ਨੂੰ ਆਈਈਡੀ ( (ਵਿਸਫੋਟਕ ਸਮੱਗਰੀ) ਬਾਰਮਦ ਹੋਈ ਸੀ।

ਪੁਲਿਸ ਚੌਂਕੀ ਦੇ ਬਾਹਰ ਧਮਾਕਾ

ਤਸਵੀਰ ਸਰੋਤ, Gurpreet Singh/BBC

ਤਸਵੀਰ ਕੈਪਸ਼ਨ, 20 ਦਸੰਬਰ ਨੂੰ ਵਡਾਲਾ ਬਾਂਗਰ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ

ਅਜਨਾਲਾ ਥਾਣੇ ਤੋਂ ਬਾਅਦ ਹੋਈਆਂ ਵਾਰਦਾਤਾਂ ਦਾ ਵੇਰਵਾ ਇਸ ਤਰ੍ਹਾਂ ਹੈ

  • 28 ਨਵੰਬਰ: ਗੁਰਬਖ਼ਸ਼ ਨਗਰ ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਉੱਤੇ ਹਮਲਾ ਹੋਇਆ
  • 4 ਦਸੰਬਰ: ਮਜੀਠੀਆ ਪੁਲਿਸ ਥਾਣੇ ਦੇ ਬਾਹਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ
  • 12 ਦਸੰਬਰ: ਗੁਰਦਾਸਪੁਰ ਦੇ ਪਿੰਡ ਅਲੀਵਾਲ ਵਿਖੇ ਪੁਲਿਸ ਥਾਣਾ ਘਣੀਏ ਕੇ ਬਾਂਗਰ ਉੱਤੇ ਦੇਰ ਰਾਤ ਹਮਲਾ ਹੋਇਆ
  • 17 ਦਸੰਬਰ: ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਇਸਲਾਮਾਬਾਦ ਉੱਤੇ ਹਮਲਾ
  • 18 ਦਸੰਬਰ: ਗੁਰਦਾਸਪੁਰ ਦੀ ਪੁਲਿਸ ਚੌਂਕੀ ਬਖਸ਼ੀਵਾਲ ਉੱਤੇ ਹਮਲਾ
  • 20 ਦਸੰਬਰ: ਵਡਾਲਾ ਬਾਂਗਰ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ
  • 3 ਫਰਵਰੀ: ਅੰਮ੍ਰਿਤਸਰ ਪੁਲਿਸ ਚੌਕੀ ਫਤਿਹਗੜ੍ਹ ਚੂੜੀਆ ਬਾਇਪਾਸ ਉੱਤੇ ਹਮਲਾ
  • 15 ਜਨਵਰੀ: ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਅਮਨ ਜੈਂਤੀਪੁਰ ਦੇ ਘਰ ਪਿੰਡ ਜੈਂਤੀਪੁਰ, ਅੰਮ੍ਰਿਤਸਰ ਉੱਤੇ ਹਮਲਾ
  • 17 ਫਰਵਰੀ: ਪੰਜਾਬ ਪੁਲਿਸ ਦੇ ਸਿਪਾਹੀ ਜਤਿੰਦਰ ਸਿੰਘ ਦੇ ਚਾਚੇ ਦੇ ਘਰ ਪਿੰਡ ਰਾਇਮਲ, ਬਟਾਲਾ 'ਚ ਧਮਾਕਾ
  • 11 ਮਾਰਚ: ਅੰਮ੍ਰਿਤਸਰ ਦੇ ਹਿੰਦੂ ਮੰਦਰ ਠਾਕੁਰ ਦੁਆਰੇ ਉੱਤੇ ਧਮਾਕਾ
  • 16 ਮਾਰਚ: ਜਲੰਧਰ ਦੇ ਪਿੰਡ ਰਸੂਲ ਵਿੱਚ ਘਰ ਉੱਤੇ ਧਮਾਕਾਖੇਜ਼ ਸਮੱਗਰੀ ਸੁੱਟੀ
ਘਟਨਾਵਾਂ ਦਾ ਵੇਰਵਾ

ਧਮਾਕਿਆਂ ਦਾ ਸਮਾਂ ਤੇ ਤਰੀਕਾ

ਇਨ੍ਹਾਂ ਧਮਾਕਿਆਂ ਦੌਰਾਨ ਨਿਸ਼ਾਨਾ ਬਣਾਈਆਂ ਗਈਆਂ ਥਾਵਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹੁਣ ਤੱਕ ਤਿੰਨ ਤਰ੍ਹਾਂ ਦੇ ਧਮਾਕੇ ਹੋਏ ਹਨ।

ਪਹਿਲੀ ਕਿਸਮ ਦੇ ਅਜਿਹੇ ਧਮਾਕੇ ਹਨ, ਜਿਨ੍ਹਾਂ ਵਿੱਚ ਸਿਰਫ਼ ਪੁਲਿਸ ਥਾਣਿਆਂ ਅਤੇ ਬੰਦ ਪਈਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਦੂਜੀ ਤਰ੍ਹਾਂ ਦੇ ਧਮਾਕਿਆਂ ਵਿੱਚ ਕੁਝ ਖਾਸ ਬੰਦਿਆਂ ਦੀਆਂ ਨਿੱਜੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਇਸਲਾਮਾਬਾਦ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਇਸਲਾਮਾਬਾਦ

ਮਿਸਾਲ ਵਜੋਂ ਇੱਕ ਸ਼ਰਾਬ ਕਾਰੋਬਾਰੀ ਤੇ ਕਾਂਗਰਸ ਆਗੂ ਅਮਨ ਜੈਂਤੀਪੁਰ ਅਤੇ ਇੱਕ ਪੁਲਿਸ ਮੁਲਾਜ਼ਮ ਦੇ ਚਾਚੇ ਦੇ ਘਰਾਂ ਉੱਤੇ ਧਮਾਕਾਖੇਜ਼ ਸਮੱਗਰੀ ਸੁੱਟ ਕੇ ਧਮਾਕੇ ਕੀਤੇ ਗਏ।

ਹੁਣ ਤੀਜੀ ਤਰ੍ਹਾਂ ਦੇ ਧਮਾਕੇ ਤਹਿਤ ਹਿੰਦੂ ਮੰਦਰ ਠਾਕੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਸਾਰੇ ਹੀ ਧਮਾਕਿਆਂ ਦੇ ਸਮੇਂ ਦਾ ਅਧਿਐਨ ਕਰਦਿਆਂ ਪਤਾ ਲੱਗਦਾ ਹੈ ਕਿ ਇਹ ਦੇਰ ਸ਼ਾਮ, ਜਾਂ ਕਰੀਬ 10 ਵਜੇ ਤੋਂ ਬਾਅਦ ਹੀ ਕੀਤੇ ਗਏ ਹਨ।

ਧਮਾਕਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਮਲੇ ਕਰਨ ਵਾਲੇ ਉਸ ਵੇਲੇ ਵਾਰਦਾਤ ਕਰਦੇ ਹਨ, ਜਦੋਂ ਨਿਸ਼ਾਨਾ ਬਣਾਈ ਗਈ ਇਮਾਰਤ ਵਿੱਚ ਲੋਕਾਂ ਦੀ ਮੌਜੂਦਗੀ ਘੱਟ ਤੋਂ ਘੱਟ ਹੋਵੇ।

ਜੈਂਤੀਪੁਰ ਘਟਨਾ

ਤਸਵੀਰ ਸਰੋਤ, Gurpreet Singh/BBC

ਤਸਵੀਰ ਕੈਪਸ਼ਨ, ਜੈਂਤੀਪੁਰ ਪਿੰਡ ਵਿੱਚ ਸ਼ਰਾਬ ਦੇ ਕਾਰੋਬਾਰੀ ਦੇ ਘਰ ਉੱਤੇ ਹਮਲਾ

ਧਮਾਕਿਆਂ ਦਾ ਕੀ ਅਸਰ ਹੋਇਆ

ਸਾਰੇ ਧਮਾਕਿਆਂ ਬਾਰੇ ਅਹਿਮ ਗੱਲ ਇਹ ਵੀ ਹੈ ਕਿ ਕਈ ਅਜਿਹੀਆਂ ਪੁਲਿਸ ਚੌਂਕੀਆ ਨੂੰ ਨਿਸ਼ਾਨਾਂ ਬਣਾਇਆ ਗਿਆ, ਜਿਨ੍ਹਾਂ ਨੂੰ ਪੁਲਿਸ ਵਲੋਂ ਕੁਝ ਸਮਾਂ ਪਹਿਲਾਂ ਹੀ ਖਾਲੀ ਕੀਤਾ ਗਿਆ ਸੀ। ਇਸੇ ਕਾਰਨ ਕਿਸੇ ਵੀ ਧਮਾਕੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪੰਜਾਬ ਪੁਲਿਸ ਦੀ ਸਰਹੱਦੀ ਰੇਜ਼ ਦੇ ਡੀਆਈਜੀ ਸਤਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ, ''ਇਹ ਸਾਰਾ ਕੁਝ ਪੰਜਾਬ ਵਿੱਚ ਗੜਬੜ ਕਰਾਉਣ ਲਈ ਕੀਤਾ ਜਾ ਰਿਹਾ ਹੈ, ਪਰ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਦਾ ਪੰਜਾਬ ਪੁਲਿਸ ਜਵਾਬ ਦੇ ਰਹੀ ਹੈ। ਜਿਸ ਤੋਂ ਲੋਕ ਸੰਤੁਸ਼ਟ ਹਨ।''

ਪੰਜਾਬ

ਤਸਵੀਰ ਸਰੋਤ, Gurpreet Singh/BBC

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੇ ਸਿਪਾਹੀ ਜਤਿੰਦਰ ਸਿੰਘ ਦੇ ਚਾਚੇ ਦੇ ਘਰ ਪਿੰਡ ਰਾਇਮਲ, ਬਟਾਲਾ 'ਚ ਧਮਾਕਾ

ਸਤਿੰਦਰ ਸਿੰਘ ਦਾਅਵਾ ਕਰਦੇ ਹਨ ਕਿ ਲਗਭਗ ਸਾਰੇ ਹੀ ਕੇਸ ਟਰੇਸ ਕਰ ਲਏ ਗਏ ਹਨ, ਪਰ ਜ਼ਮੀਨੀ ਹਕੀਕਤ ਇਹ ਵੀ ਹੈ ਕਿ ਥਾਣਿਆਂ ਜਾਂ ਪੁਲਿਸ ਚੌਕੀਆਂ ਨੂੰ ਨਿਸ਼ਾਨਾਂ ਬਣਾਏ ਜਾਣਾ ਜਦੋਂ ਸ਼ੁਰੂ ਹੋਇਆ ਤਾਂ ਪੁਲਿਸ ਚੌਕੀਆਂ 'ਚ ਪਹਿਲਾ ਆਰਜ਼ੀ ਤੌਰ ਉੱਤੇ ਬਾਹਰੀ ਕੰਧਾਂ ਉੱਤੇ ਰੋਕਾਂ ਲਾਉਣ, ਖੁੱਲ੍ਹੀ ਥਾਂ ਨੂੰ ਤਰਪਾਲਾਂ ਅਤੇ ਨੈੱਟ ਪਾ ਢੱਕਣ ਵਰਗੇ ਕਦਮ ਚੁੱਕੇ ਗਏ ਸਨ।

ਹੁਣ ਵੀ ਕੁਝ ਪੁਲਿਸ ਥਾਣੇ ਅਤੇ ਚੌਕੀਆਂ ਦੀਆਂ ਦੀਵਾਰਾਂ ਉੱਚੀਆਂ ਕੀਤੀਆਂ ਗਈਆ ਅਤੇ ਕੁਝ ਦਿਨਾਂ ਤੱਕ ਤਾਂ ਰਾਤ ਵੇਲੇ ਥਾਣੇ ਦੇ ਬਾਹਰ ਪੁਲਿਸ ਫੋਰਸ ਵੀ ਵਧਾਈ ਗਈ ਸੀ, ਇਸ ਹਾਲਾਤ ਬਾਰੇ ਸਥਾਨਕ ਕਾਂਗਰਸੀ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਨੇ ਚਿੰਤਾ ਵੀ ਪ੍ਰਗਟਾਈ ਸੀ।

ਉਦੋਂ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਇੱਥੋਂ ਤੱਕ ਬਿਆਨ ਦਿੱਤਾ ਸੀ, ''ਸਾਡੇ ਇਲਾਕੇ ਡੇਰਾ ਬਾਬਾ ਨਾਨਕ ਵਿੱਚ ਤਾਂ ਪੁਲਿਸ ਥਾਣੇ ਦਾ ਰਾਤ ਵੇਲੇ ਰਸਤਾ ਹੀ ਬੰਦ ਕਰ ਦਿੰਦੀ ਹੈ, ਅਤੇ ਮੈਂ ਤਾਂ ਹੁਣ ਸੋਚ ਰਿਹਾਂ ਹਾਂ ਕਿ ਜੇਕਰ ਪੁਲਿਸ ਨਹੀਂ ਸੁਰੱਖਿਅਤ ਤਾਂ ਆਮ ਨਾਗਰਿਕ ਦਾ ਕੀ ਹੋਵੇਗਾ।''

ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਹਨ

ਧਮਾਕਿਆਂ ਦੀ ਜ਼ਿੰਮੇਵਾਰੀ ਕਿਸ ਨੇ ਲਈ

ਹਰ ਗ੍ਰਨੇਡ ਹਮਲੇ ਜਾਂ ਪੁਲਿਸ ਧਮਾਕੇ ਤੋਂ ਬਾਅਦ ਆਮ ਤੌਰ ਉੱਤੇ ਦੋ ਤਰ੍ਹਾਂ ਦੇ ਲੋਕ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ। ਪਹਿਲੇ ਵਿਦੇਸ਼ਾਂ ਵਿੱਚ ਬੈਠੇ ਕਥਿਤ ਗੈਂਗਸਟਰ ਜਾਂ ਦੂਜੇ ਖਾਲਿਸਤਾਨੀ ਜਥੇਬੰਦੀਆਂ ਦੇ ਕਾਰਕੁਨ ਹੋਣ ਦਾ ਦਾਅਵਾ ਕਰਨ ਵਾਲੇ।

ਡੀਆਈਜੀ ਸਤਿੰਦਰ ਸਿੰਘ ਕਹਿੰਦੇ ਹਨ, ''ਅਜਿਹੀਆਂ ਕਾਰਵਾਈਆਂ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਐੱਸਆਈ, ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਅਤੇ ਅੱਤਵਾਦੀ ਕਰਵਾ ਰਹੇ ਹਨ।''

ਸਤਿੰਦਰ ਸਿੰਘ ਦਾ ਕਹਿਣਾ ਹੈ, ''ਇਹ ਸਾਰੇ ਸ਼ਰਾਰਤੀ ਅਨਸਰ ਹਨ ਉਹਨਾਂ ਵਲੋਂ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਪੁਲਿਸ ਇਹਨਾਂ ਸ਼ਰਾਰਤੀ ਲੋਕਾਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਵੇਗੀ''

ਪੰਜਾਬ ਪੁਲਿਸ ਦੇ ਇਸ ਦਾਅਵੇ ਅਤੇ ਧਮਾਕਿਆਂ ਜਾਂ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲਈਆਂ ਗਈਆਂ ਜ਼ਿੰਮੇਵਾਰੀਆਂ ਵਿਚਾਲੇ ਕੁਨੈਕਸ਼ਨ ਜ਼ਰੂਰ ਜੁੜਦਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, RAUL ARBOLEDA/AFP/Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਬਟਾਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਗੁਆਂਢ ਵਿੱਚ ਬਣੇ ਉਸ ਦੇ ਚਾਚੇ ਦੇ ਮਕਾਨ ਉੱਤੇ ਧਮਾਕਾਖੇਜ਼ ਸਮੱਗਰੀ ਸੁੱਟਣ ਦੇ ਮਾਮਲੇ ਦੀ ਮਿਸਾਲ ਲੈਂਦੇ ਹਾਂ।

ਇਸ ਵਾਰਦਾਤ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਗਰੁੱਪ ਦੇ ਹੈਪੀ ਪਾਛੀਆਂ ਅਤੇ ਸ਼ੇਰਾ ਮਾਨ ਨੇ ਲਈ ਸੀ। ਪਰ ਪੁਲਿਸ ਨੇ ਸੋਸ਼ਲ ਮੀਡੀਆ ਰਾਹੀ ਲਈ ਇਸ ਜ਼ਿੰਮੇਵਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਸੀ।

ਬੀਬੀਸੀ ਪੰਜਾਬੀ ਵੀ ਸੋਸ਼ਲ਼ ਮੀਡੀਆ ਰਾਹੀਂ ਲਈ ਗਈ ਇਸ ਜ਼ਿੰਮੇਵਾਰੀ ਦੀ ਸੁੰਤਤਰ ਤੌਰ ਉੱਤੇ ਪੁਸ਼ਟੀ ਨਹੀਂ ਕਰਦੀ।

ਗੁਰਦਾਸਪੁਰ ਦੇ ਕਲਾਨੌਰ ਕਸਬੇ ਦੀ ਬੰਦ ਪਈ ਪੁਲਿਸ ਚੌਕੀ ਬਖ਼ਸ਼ੀਵਾਲਾ ਉੱਤੇ 19 ਦਸੰਬਰ 2024 ਬੰਬ ਸੁੱਟਣ ਦੀ ਜ਼ਿੰਮੇਵਾਰੀ ਵਿਦੇਸ਼ ਰਹਿੰਦੇ ਮਨੂੰ ਅਗਵਾਨ ਨਾਂ ਦੇ ਵਿਅਕਤੀ ਨੇ ਲਈ ਸੋਸ਼ਲ ਮੀਡੀਆ ਰਾਹੀ ਹੀ ਲਈ ਸੀ।

ਮਾਮਲੇ ਵਿੱਚ ਪੁਲਿਸ ਨੇ ਇਸੇ ਇਲਾਕੇ ਨਾਲ ਸਬੰਧਤ 3 ਨੌਜਵਾਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਾਰਕੁਨ ਦੱਸ ਕੇ, ਉਨ੍ਹਾਂ ਨੂੰ ਯੂਪੀ ਦੇ ਪੀਲੀਭੀਤ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ।

ਪੀਲੀਭੀਤ

ਤਸਵੀਰ ਸਰੋਤ, SOURCED BY GURPREET CHAWLA

ਤਸਵੀਰ ਕੈਪਸ਼ਨ, ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਾਰਕੁਨ ਦੱਸ ਕੇ, ਤਿੰਨ ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ

ਮਾਰੇ ਗਏ 3 ਮੁੰਡਿਆਂ ਵਿੱਚੋਂ ਇੱਕ ਰਵਿੰਦਰ ਸਿੰਘ ਰਵੀ, ਮਨੂੰ ਅਗਵਾਨ ਕੇ ਪਿੰਡ ਅਗਵਾਨ ਦਾ ਰਹਿਣ ਵਾਲਾ ਸੀ।

ਇਸ ਤਰ੍ਹਾਂ ਕਈ ਵਾਰਦਾਤਾਂ ਤੋਂ ਬਾਅਦ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪਨੂੰ ਨੇ ਵੀ ਜ਼ਿੰਮੇਵਾਰੀ ਲਈ ਸੀ।

ਬੀਤੇ 19 ਫਰਵਰੀ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਅਜਿਹੇ ਦਾਅਵਿਆਂ ਬਾਰੇ ਕਿਹਾ ਸੀ, "ਇਹ ਲੋਕ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੇ ਹਨ। ਜੇਕਰ ਤੁਸੀਂ ਗੁਰਪਤਵੰਤ ਪੰਨੂ ਦੀਆਂ ਵੀਡੀਓਜ਼ ਵੇਖਦੇ ਹੋ, ਤਾਂ ਜ਼ਮੀਨ 'ਤੇ ਕੁਝ ਵੀ ਨਹੀਂ ਹੈ ਜਦੋਂ ਕਿ ਉਹ ਬੇਤੁਕੇ ਦਾਅਵੇ ਕਰਦਾ ਹੈ। ਅਸੀਂ ਕਿਸੇ ਵੀ ਚੀਜ਼ ਨੂੰ ਹਲਕੇ ਵਿੱਚ ਨਹੀਂ ਲੈਂਦੇ, ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਪਰ ਕਈ ਮੌਕਿਆਂ 'ਤੇ ਅਸੀਂ ਦੇਖਿਆ ਹੈ ਕਿ ਇਹ ਵੀ ਸਪੱਸ਼ਟ ਨਹੀਂ ਹੁੰਦਾ ਕਿ ਧਮਾਕਾ ਹੋਇਆ ਹੈ ਜਾਂ ਨਹੀਂ ਪਰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਹਮਣੇ ਆਉਂਦੀ ਹੈ ,ਜਿਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ।''

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਧਮਾਕਿਆਂ ਬਾਬਤ ਕੇਸਾਂ ਵਿੱਚ ਪੁਲਿਸ ਦੀ ਕਾਰਵਾਈ

ਜਦੋਂ ਵੀ ਕੋਈ ਗ੍ਰਨੇਡ ਹਮਲਾ ਤੇ ਧਮਾਕਾ ਹੁੰਦਾ ਸੀ ਤਾਂ ਸਥਾਨਕ ਲੋਕਾਂ ਨੂੰ ਇਸ ਦੀ ਅਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਸੀ । ਬੀਬੀਸੀ ਪੰਜਾਬੀ ਦੀ ਟੀਮ ਨੂੰ ਧਮਾਕਿਆਂ ਤੋਂ ਬਾਅਦ ਗੁਰਦਾਸਪੁਰ ਵਿੱਚ ਕਈ ਲੋਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕਾਫੀ ਦੂਰ ਤੋਂ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ ਸੀ।

ਪਰ ਕਿਉਂਕਿ ਧਮਾਕੇ ਥਾਣੇ ਜਾਂ ਪੁਲਿਸ ਚੌਕੀ ਦੇ ਬਾਹਰ ਹੁੰਦੇ ਸਨ, ਇਸ ਲਈ ਪੁਲਿਸ ਪਹਿਲਾਂ ਤਾਂ ਇਨ੍ਹਾਂ ਨੂੰ ਰੱਦ ਹੀ ਕਰਦੀ ਰਹੀ। ਕਈ ਵਾਰ ਇਨ੍ਹਾਂ ਨੂੰ ਘੱਟ ਸਮਰੱਥਾ ਵਾਲੇ ਧਮਾਕਾਖੇਜ਼ ਸਮੱਗਰੀ ਦਾ ਧਮਾਕਾ ਦੱਸਦੀ, ਕਦੇ ਕੋਈ ਟਾਇਰ ਪਟਾਕਾ ਹੋਣ ਅਤੇ ਕਦੇ ਸਿਲੰਡਰ ਧਮਾਕਾ ਹੋਣ ਦਾ ਦਾਅਵਾ ਕਰਦੀ।

ਪਰ ਬਾਅਦ ਵਿੱਚ ਜਦੋਂ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਜਾਂ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਤਾਂ ਨਾਲ ਹੀ ਪੁਲਿਸ ਦਾ ਦਾਅਵਾ ਹੁੰਦਾ ਕਿ ਕਿ ਇਨ੍ਹਾਂ ਨੇ ਪੁਲਿਸ ਥਾਣੇ ਜਾਂ ਚੌਕੀ ਉੱਤੇ ਹਮਲਾ ਕੀਤਾ ਸੀ।

ਸਤਿੰਦਰ ਸਿੰਘ

ਮੁੱਖ ਤੌਰ ਤੇ 23 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ਵਿੱਚ ਤਿੰਨ ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮਾਰੇ ਗਏ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਕੋਲ ਹਥਿਆਰ ਵੀ ਸਨ ਅਤੇ ਉਹ ਚੌਕੀ ਬਖਸ਼ੀਵਾਲ ਵਿਖੇ ਗ੍ਰੇਨੇਡ ਹਮਲਾ ਕਰਕੇ ਪੰਜਾਬ ਤੋਂ ਫ਼ਰਾਰ ਹੋ ਕੇ ਉਤਰ ਪ੍ਰਦੇਸ਼ ਵਿੱਚ ਆਏ ਚਲੇ ਗਏ ਸਨ।

ਕੁਝ ਇਸੇ ਤਰ੍ਹਾਂ 29 ਦਸੰਬਰ ਨੂੰ ਬਟਾਲਾ ਵਿਖੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਨੇ ਘਣੀਏ ਕੇ ਬਾਂਗਰ ਪੁਲਿਸ ਥਾਣੇ ਤੇ ਪੁਲਿਸ ਚੌਂਕੀ ਵਡਾਲਾ ਬਾਂਗਰ ਵਿੱਚ ਗ੍ਰਨੇਡ ਸੁੱਟੇ ਸਨ।

ਉਦੋਂ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਕਤ ਦੋਵੇ ਮੁਲਜ਼ਮਾਂ ਨੂੰ ਜਦੋਂ ਹਥਿਆਰ ਰਿਕਵਰੀ ਲਈ ਨਹਿਰ ਦੇ ਕੰਢੇ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਨੇ ਪੁਲਿਸ ਉੱਤੇ ਗੋਲੀ ਚਲਾਈ ਅਤੇ ਉਸ ਵਿਚਕਾਰ ਪੁਲਿਸ ਮੁਕਾਬਲੇ ਵਿੱਚ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋਏ ਹਨ।

ਸਤਿੰਦਰ ਸਿੰਘ ਕਹਿੰਦੇ ਹਨ, ''ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਿਦੇਸ਼ ਵਿੱਚ ਬੈਠੇ ਕਥਿਤ ਗੈਂਗਸਟਰ ਤੋ ਅੱਤਵਾਦੀ ਬਣੇ ਹੈਪੀ ਪਾਛੀਆ ਨਾਲ ਇਹ ਨੌਜਵਾਨਾਂ ਦਾ ਸੰਪਰਕ ਸੀ ਅਤੇ ਉਸਦੇ ਕਹਿਣ ਉੱਤੇ ਹੀ ਉਹਨਾਂ ਨੇ ਪੁਲਿਸ ਥਾਣੇ ਉੱਤੇ ਹਮਲਾ ਕੀਤਾ।

ਸਤਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਪੁਲਿਸ ਦੀ ਜਾਂਚ ਵਿੱਚ ਇਹ ਪ੍ਰਤੱਖ਼ ਸਬੂਤ ਮਿਲੇ ਹਨ ਕਿ ਜੋ ਗ੍ਰੇਨੇਡ ਹਮਲੇ ਵਿੱਚ ਵਰਤੇ ਗਏ ਹਨ, ਉਹ ਪਾਕਿਸਤਾਨ ਤੋ ਆਏ ਸਨ ।

ਪੁਲਿਸ ਦਾ ਇਹ ਵੀ ਦਾਅਵਾ ਕਰਦੇ ਹਨ ਕਿ ਹੁਣ ਤੱਕ ਹੋਈਆਂ ਸਾਰੀਆਂ ਵਾਰਦਾਤਾਂ ਨੂੰ ਟਰੇਸ ਕਰ ਲਿਆ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)