ਗੁਰਦਾਸਪੁਰ: ਪੀਲੀਭੀਤ ਕਥਿਤ ਮੁਕਾਬਲੇ ʼਚ ਮਾਰੇ ਗਏ ਨੌਜਵਾਨਾਂ ਦੇ ਭੋਗ ʼਤੇ ਪਹੁੰਚੇ ਸਿੱਖ ਆਗੂਆਂ ਨੇ ਕੀ ਮੰਗ ਕੀਤੀ

ਤਸਵੀਰ ਸਰੋਤ, SOURCED BY GURPREET CHAWLA
ਖ਼ਾਲਿਸਤਾਨੀ ਮੌਡਿਊਲ ਦਾ ਕਥਿਤ ਹਿੱਸਾ ਹੋਣ ਦੇ ਇਲਜ਼ਾਮਾਂ ਬਾਅਦ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ 'ਪੁਲਿਸ ਮੁਕਾਬਲੇ' ਦੌਰਾਨ ਮਾਰੇ ਗਏ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਭੋਗ ਮੌਕੇ ਪੁਲਿਸ ਕਾਰਵਾਈ ਉਪਰ ਸਵਾਲ ਚੁੱਕੇ ਗਏ।
ਵੀਰਵਾਰ ਨੂੰ ਨੌਜਵਾਨਾਂ ਦੀ ਅੰਤਿਮ ਅਰਦਾਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰਨਾਂ ਪੰਥਕ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।
ਇਨ੍ਹਾਂ ਆਗੂਆਂ ਨੇ ਦੋਵਾਂ ਸੂਬਿਆਂ ਦੀ ਪੁਲਿਸ ਦੀ ਕਾਰਵਾਈ ʼਤੇ ਸਵਾਲ ਚੁਕਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਦਰਅਸਲ, ਬੀਤੀ 22 ਦਸੰਬਰ ਨੂੰ ਪੰਜਾਬ ਅਤੇ ਯੂਪੀ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਮਾਰੇ ਗਏ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸਨ।
ਪੁਲਿਸ ਮੁਤਾਬਕ ਇਹ ਤਿੰਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਚੌਕੀ 'ਤੇ ਹੋਏ ਕਥਿਤ ਗ੍ਰਨੇਡ ਹਮਲੇ ਵਿੱਚ ਸ਼ਾਮਲ ਸਨ।
ਮਾਰੇ ਗਏ ਤਿੰਨੋਂ ਮੁਲਜ਼ਮਾਂ ਦੇ ਮਾਪੇ ਇਹੀ ਕਹਿ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਬੇਸਕੂਰ ਸਨ।
ਅਸੀਂ ਜਾਂਚ ਦੀ ਮੰਗ ਲੈ ਕੇ ਗਵਰਨਰ ਕੋਲ ਜਾਵਾਂਗੇ- ਮਾਨ

ਤਸਵੀਰ ਸਰੋਤ, Gurpreet Singh Chawala/BBC
ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ, ਮੌਕੇ ʼਤੇ ਮੌਜੂਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ, "ਪੁਲਿਸ ਕਹਿੰਦੀ ਹੈ ਕਿ ਉਨ੍ਹਾਂ ਨੂੰ ਸਾਰਾ ਕੁਝ ਪਤਾ ਸੀ ਅਤੇ ਜੇ ਪਤਾ ਸੀ ਤਾਂ ਇਨ੍ਹਾਂ ਨੂੰ ਫੜ੍ਹਿਆ ਕਿਉਂ ਨਹੀਂ। ਫਿਰ ਗ੍ਰੇਨੇਡ ਕਿੱਥੋਂ ਆਏ, ਗ੍ਰੇਨੇਡ ਆਉਣ ਦਾ ਸਿਆਸੀ ਉਦੇਸ਼ ਕੀ ਸੀ।"
"ਇਸ ਪਿੱਛੇ ਕੌਣ ਹੈ, ਇਹ ਤਾਂ ਸਾਨੂੰ ਦੱਸਦੇ ਨਹੀਂ ਅਤੇ ਨਾ ਹੀ ਕੋਈ ਗ੍ਰੇਨੇਡ ਵਿੱਚ ਮਰਿਆ ਪਰ ਸਾਡੇ ਤਿੰਨ ਨੌਜਵਾਨ ਸ਼ਹੀਦ ਕਰ ਦਿੱਤੇ। ਇਹ ਤਾਂ ਬੜੀ ਅਜੀਬ ਗੱਲ ਹੈ ਅਤੇ ਸਰਕਾਰ ਨੂੰ ਪੁੱਛਣ ਵਾਲੀ ਹੈ।"
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਵਕੀਲ ਇਸ ਮਾਮਲੇ ਦੀ ਜਾਂਚ ਦੀ ਮੰਗ ਲੈ ਕੇ ਜਲਦ ਪੰਜਾਬ ਦੇ ਗਵਰਨਰ ਨੂੰ ਮਿਲਣ ਜਾ ਰਹੇ ਹਨ ਅਤੇ ਜੇਕਰ ਉੱਥੇ ਵੀ ਸੁਣਵਾਈ ਨਾ ਹੋਈ ਤਾ ਉਹ ਸੁਪਰੀਮ ਕੋਰਟ ਦਾ ਰੁਖ਼ ਕਰਨਗੇ ।
ਇਸ ਮੌਕੇ ਮ੍ਰਿਤਕ ਨੌਜਵਾਨਾਂ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚੇ ਬੇਕਸੂਰ ਹਨ।

ਤਸਵੀਰ ਸਰੋਤ, Gurpreet Singh Chawala/BBC
ਇਸ ਮੌਕੇ ਪਹੁੰਚੇ ਦਲ ਖਾਲਸਾ ਦੇ ਮੈਂਬਰ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਤੇ ਨਾ ਹੀ ਆਖ਼ਰੀ ਵਾਰ ਹੈ।
ਉਨ੍ਹਾਂ ਨੇ ਕਿਹਾ, "ਜਿਹੜੀ ਗੱਲ ਵਿੱਚੋਂ ਰੜਕਦੀ ਹੈ ਕਿ ਜੇ ਬੰਦਿਆਂ ਨੇ ਤੁਹਾਡੇ ਮੁਤਾਬਕ ਗ਼ਲਤ ਕੰਮ ਕੀਤਾ ਅਤੇ ਉਸ ਵਿੱਚ ਕਿਸੇ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਕੀਤਾ। ਅਜਿਹੇ ਤੁਹਾਨੂੰ ਉਨ੍ਹਾਂ ਗ੍ਰਿਫ਼ਤਾਰ ਕਰ ਕੇ ਆਪਣੇ ਕਾਨੂੰਨ ਮੁਤਾਬਕ, ਆਪਣੀਆਂ ਅਦਾਲਤਾਂ ਰਾਹੀਂ ਸਜ਼ਾ ਦੇਣੀ ਚਾਹੀਦੀ ਸੀ।"
ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਕਿਸੇ ਤੀਜੀ ਧਿਰ ਕੋਲੋਂ ਕਰਵਾਉਣੀ ਚਾਹੀਦੀ ਹੈ ਨਾ ਕਿ ਭਾਰਤ ਦੀ ਸੀਬੀਆਈ ਜਾਂ ਅਦਾਲਤਾਂ ਕੋਲੋਂ।

ਤਸਵੀਰ ਸਰੋਤ, Gurpreet Singh Chawala/BBC
ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵੀ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਕਿਹਾ ਹੈ, "ਮੰਨ ਲਈਏ ਕਿ ਸਰਕਾਰ ਕਹਿੰਦੀ ਹੈ ਕਿ ਬੱਚਿਆਂ ਨੇ ਇਹ ਕੀਤਾ ਫਿਰ ਸਜ਼ਾ ਦੇਣਾ ਤਾਂ ਅਦਾਲਤ ਦਾ ਕੰਮ ਹੈ। ਐਨਕਾਊਂਟਰ ਕਰਨ ਦਾ ਕਾਨੂੰਨ ਤਾਂ ਹੈ ਹੀ ਨਹੀਂ।''
ਖਾਲਸਾ ਨੇ ਕਿਹਾ, "ਮੈਨੂੰ ਲੱਗਦਾ ਹੈ ਬੱਚਿਆਂ ʼਤੇ ਤਸ਼ੱਦਦ ਹੀ ਇੰਨਾ ਕੀਤਾ ਕਿ ਉਹ ਘਰ ਵਾਪਸ ਦੇਣ ਦੇ ਹਾਲਾਤ ਵਿੱਚ ਨਹੀਂ ਸਨ, ਇਸ ਲਈ ਸ਼ਾਇਦ ਕੀਤਾ। ਬੱਚਿਆਂ ਦੇ ਘਰ ਵਾਲੇ ਗਰੀਬ ਹਨ। ਪੁਲਿਸ ਕਹਿੰਦੀ ਹੈ ਹਥਿਆਰ ਮਿਲੇ ਹਨ ਅਸੀਂ ਮੰਨ ਲੈਂਦਾ ਪਰ ਫਿਰ ਵੀ ਐਨਕਾਊਂਟਰ ਦਾ ਤਾਂ ਕੋਈ ਅਧਿਕਾਰੀ ਨਹੀਂ ਹੈ।"
"ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਿਰਫ਼ ਜਾਂਚ ਹੀ ਨਹੀਂ ਫਾਸਟ ਟਰੈਕ ਕੇਸ ਚੱਲਣਾ ਚਾਹੀਦਾ ਹੈ ਤਾਂ ਜੋ ਇਨਸਾਫ਼ ਜਲਦੀ ਮਿਲ ਸਕੇ।''
ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਵੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਵੀ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।
ਵਕੀਲ ਦਾ ਕੀ ਕਹਿਣਾ

ਤਸਵੀਰ ਸਰੋਤ, Gurpreet Singh Chawala/BBC
ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਕਿ ਆਰਟੀਕਲ 21 ਮੁਤਾਬਕ ʻਜੀਣ ਦਾ ਹੱਕʼ ਬਹੁਤ ਸਪੱਸ਼ਟ ਹੈ।
ਉਹਨਾਂ ਮੁਤਾਬਕ, ਕਿਸੇ ਵੀ ਵਿਅਕਤੀ ਨੂੰ ਉਸ ਦੇ ਜੀਵਨ ਜਾਂ ਨਿੱਜੀ ਸੁਤੰਤਰਤਾ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ ਸਿਵਾਏ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੇ।"
"ਪੁਲਿਸ ਦਾ ਕੰਮ ਸੀ ਪਰਚਾ ਦਰਜ ਕਰਨਾ, ਬੇਸ਼ੱਕ ਉਹ ਕਿਸੇ ਵੀ ਵੱਡੇ ਤੋਂ ਵੱਡੇ ਕੇਸ ਵਿੱਚ ਹੁੰਦੇ ਭਾਵੇਂ ਕਤਲ ਦਾ ਮਾਮਲਾ ਕਿਉਂ ਨਾਲ ਹੁੰਦਾ। ਪੁਲਿਸ ਦਾ ਕੰਮ ਇਸ ਸਬੰਧੀ ਸਬੂਤ ਇਕੱਠੇ ਕਰਨਾ ਹੈ ਅਤੇ ਸਜ਼ਾ ਦੇਣ ਦਾ ਕੰਮ ਸਿਰਫ਼ ਅਦਾਲਤ ਕੋਲ ਹੈ।"
"ਦੂਜੀ ਗੱਲ ਪੁਲਿਸ ਲਗਾਤਾਰ ਬੰਦਿਆਂ ਨੂੰ ਗੈਂਗਸਟਰ, ਅੱਤਵਾਦੀ ਕਹਿੰਦੀ ਹੈ ਪਰ ਇਹ ਅਧਿਕਾਰ ਵੀ ਪੁਲਿਸ ਕੋਲ ਨਹੀਂ ਹੈ। ਆਰਟੀਕਲ 20 ਮੁਤਾਬਕ ਤੁਸੀਂ ਕਿਸੇ ਨੂੰ ਵੀ ਵੱਖਵਾਦੀ, ਅੱਤਵਾਦੀ, ਗੈਂਗਸਟਰ ਨਹੀਂ ਕਹਿ ਸਕਦੇ ਜਦ ਤੱਕ ਅਦਾਲਤ ਤੈਅ ਨਾ ਕਰੇ।"
"ਇਨ੍ਹਾਂ ਤਿੰਨਾਂ ਨੂੰ ਬੁਨਿਆਦੀ ਅਧਿਕਾਰ ਦੇ ਤਹਿਤ ਜੀਣ ਦਾ ਹੱਕ ਸੀ ਅਤੇ ਪੁਲਿਸ ਨੂੰ ਇਨ੍ਹਾਂ ਨੂੰ ਮਾਰਨ ਦਾ ਕੋਈ ਹੱਕ ਨਹੀਂ ਸੀ।"
ਉਹ ਆਖਦੇ ਹਨ ਕਿ ਸੁਪਰੀਮ ਕੋਰਟ ਮੁਤਾਬਕ ਅੱਤਵਾਦ ਕਿਸੇ ਵੀ ਕਿਸਮ ਦਾ ਮਾੜਾ ਅਤੇ ਸਟੇਟ ਟੈਰੇਰਿਜ਼ਮ ਤਾਂ ਬਹੁਤ ਹੀ ਮਾੜਾ ਹੈ। ਇਸ ਲਈ, "ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਨੂੰ ਸੂਓ ਮੋਟੋ ਲੈ ਕੇ ਇਨ੍ਹਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਸੀਬੀਆਈ ਕੋਲ ਜਾਂਚ ਜਾਵੇ ਤਾਂ ਜੋ ਲੋਕਾਂ ਦਾ ਭਰੋਸਾ ਵਧ ਸਕੇ।"
ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ

ਤਸਵੀਰ ਸਰੋਤ, Gurpreet Singh Chawala/BBC
ਵਰਿੰਦਰ ਸਿੰਘ ਮਾਤਾ ਰਾਣੀ ਕੌਰ ਦਾ ਕਹਿਣਾ ਹੈ ਕਿ ਪੁਲਿਸ ਹੀ ਜਾਣਦੀ ਹੈ ਕਿ ਉਨ੍ਹਾਂ ਦਾ ਪੁੱਤ ਯੂਪੀ ਕਿਵੇਂ ਪਹੁੰਚ ਗਿਆ।
ਉਨ੍ਹਾਂ ਨੇ ਰੋਂਦਿਆਂ ਹੋਇਆ ਕਿਹਾ, "ਮੈਨੂੰ ਮੇਰਾ ਪੁੱਤ ਮੋੜ ਦਿਓ। ਸਾਡਾ ਪੁੱਤ ਤਾਂ ਸ਼ਹਿਰ ਗਿਆ ਸੀ, ਸਾਨੂੰ ਨਹੀਂ ਪਤਾ ਇਨ੍ਹਾਂ ਸਾਡੇ ਬੇਟੇ ਨਾਲ ਕੀ ਕੀਤਾ, ਕਿਉਂ ਕੀਤਾ ? ਮੈਂ ਚਾਹੁੰਦੀ ਹਾਂ ਕਿ ਮੇਰਾ ਪੁੱਤ ਵਾਪਸ ਦੇ ਦੇਣ।"
ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਕਿਹਾ ਕਿ ਇਹ ਸਭ ਗ਼ਲਤ ਹੋਇਆ ਹੈ। ਉਨ੍ਹਾਂ ਨੇ ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੌਜਵਾਨਾਂ ਦੀਆਂ ਤਸਵੀਰਾਂ ʼਤੇ ਸਵਾਲ ਚੁੱਕੇ ਹਨ।
ਉਨ੍ਹਾਂ ਨੇ ਕਿਹਾ, "ਜੇਕਰ ਅਜਿਹਾ ਹੁੰਦਾ ਤਾਂ ਪੁਲਿਸ ਪਹਿਲਾਂ ਕਿਉਂ ਨਹੀਂ ਸਾਡੇ ਘਰੇ ਆਈ। ਐਨਕਾਉਂਟਰ ਕਰ ਕੇ ਹੀ ਕਿਉਂ ਦੱਸਿਆ। ਸਾਨੂੰ ਤਾਂ ਦੇਹ ਲੈਣ ਗਿਆ ਨੂੰ ਲਾਸ਼ਾਂ ਵੀ ਨਹੀਂ ਦੇਖਣ ਦਿੱਤੀਆਂ। ਅਸੀਂ ਘਰ ਆ ਕੇ ਦੇਖੀਆਂ।"
"ਸਾਨੂੰ ਤਾਂ ਇਨਸਾਫ ਚਾਹੀਦਾ ਹੈ, ਸਾਡਾ ਤਾਂ ਇਕੱਲਾ ਬੇਟਾ ਸੀ ਜੇ ਉਹ ਦੁਨੀਆਂ ਤੋਂ ਚਲਾ ਗਿਆ ਅਸੀਂ ਕੀ ਕਰਾਂਗੇ? ਘਰੋਂ ਦੱਸ ਰੁਪਈਏ ਲੈ ਕੇ ਗਿਆ ਸੀ।"

ਤਸਵੀਰ ਸਰੋਤ, Gurpreet Singh Chawala/BBC
ਜਸ਼ਨਪ੍ਰੀਤ ਦੇ ਪਿਤਾ ਸਰੂਪ ਸਿੰਘ ਇੱਕ ਵਾਰ ਫਿਰ ਸਵਾਲ ਚੁੱਕਿਆ ਕਿ ਜਸ਼ਨਪ੍ਰੀਤ ਨਾਲ ਕੁੱਟਮਾਰ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ, "ਸਾਡੇ ਮਨ ਵਿੱਚ ਤਾਂ ਇਹੀ ਸਵਾਲ ਹੈ ਕਿ ਬੱਚਿਆਂ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ। ਸਾਡਾ ਬੱਚਾ ਮਾਰ ਨਹੀਂ ਝੱਲ ਸਕਿਆ, ਉਸ ਦੀ ਧੋਣ ਤੋੜੀ ਗਈ ਕਿਉਂਕਿ ਉਸਦੇ ਸਰੀਰ ʼਤੇ ਕੋਈ ਵੀ ਗੋਲੀ ਦੇ ਨਿਸ਼ਾਨ ਨਹੀਂ ਸਨ।"
"ਸਾਨੂੰ ਜਾਣਕਾਰੀ ਨਹੀਂ ਸੀ ਅਤੇ ਵਕੀਲ ਵੀ ਸਾਡੇ ਕੋਲ ਦੇਰੀ ਨਾਲ ਆਏ ਉਦੋਂ ਤੱਕ ਅੱਧਾ ਸਸਕਾਰ ਹੋ ਗਿਆ ਸੀ ਨਹੀਂ ਤਾਂ ਅਸੀਂ ਦੂਜੀ ਵਾਰ ਪੋਸਟ ਮਾਰਟਮ ਕਰਵਾ ਲੈਂਦੇ।"
ਯੂਪੀ ਪੁਲਿਸ ਦਾ ਦਾਅਵਾ ਅਤੇ ਜਾਂਚ
ਪੀਲੀਭੀਤ ਕਥਿਤ ਪੁਲਿਸ ਮੁਕਾਬਲੇ ਬਾਰੇ ਉੱਠ ਰਹੇ ਸਵਾਲਾਂ ਦਰਮਿਆਨ ਯੂਪੀ ਸਰਕਾਰ ਨੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਪੀਲੀਭੀਤ ਜਿਲ੍ਹੇ ਦੇ ਡੀਐੱਮ ਸੰਜੇ ਕੁਮਾਰ ਸਿੰਘ ਨੇ ਮਾਮਲੇ ਦੀ ਜਾਂਚ ਲਈ ਸਿਟੀ ਮਜਿਸਟਰੇਟ ਵਿਜੇ ਵਰਧਨ ਤੋਮਰ ਨੂੰ ਜਾਂਚ ਕਰਨ ਲਈ ਕਿਹਾ ਹੈ।
ਵਿਜੇ ਵਰਧਨ ਤੋਮਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪੁਲਿਸ ਮੁਕਾਬਲੇ ਸਣੇ ਇਸ ਨਾਲ ਸਬੰਧਤ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 28 ਦਸੰਬਤ ਤੋਂ 3 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਬਕਾਇਦਾ ਪਬਲਿਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਵਰਧਨ ਨੇ ਕਿਹਾ ਕਿ ਪੁਲਿਸ ਮੁਕਾਬਲੇ ਨਾਲ ਸਬੰਧਤ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਤੱਥ ਉਨ੍ਹਾਂ ਦੇ ਦਫ਼ਤਰ ਵਿੱਚ ਉਕਤ ਸਮੇਂ ਦੌਰਾਨ ਸਾਂਝੇ ਕਰ ਸਕਦਾ ਹੈ।
ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਤੋਂ ਉਲਟ ਯੂਪੀ ਪੁਲਿਸ ਹੋਰ ਤੱਥ ਪੇਸ਼ ਕਰ ਰਹੀ ਹੈ।
ਯੂਪੀ ਦੇ ਪੀਲੀਭੀਤ ਦੇ ਐੱਸਪੀ ਅਵਿਨਾਸ਼ ਪਾਂਡੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਅਵਾ ਕੀਤਾ ਕਿ ਮਾਰੇ ਗਏ ਤਿੰਨੇ ਵਿਅਕਤੀ 20 ਦਸੰਬਰ ਨੂੰ ਪੀਲੀਭੀਤ ਆਏ ਸਨ।
ਯੂਪੀ ਪੁਲਿਸ ਨੇ ਉਨ੍ਹਾਂ ਦੇ ਹੋਟਲ ਵਿੱਚ ਆਉਣ ਦੀ ਇੱਕ ਅਜਿਹੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਮਾਰੇ ਗਏ ਤਿੰਨਾਂ ਨੌਜਵਾਨਾਂ ਨਾਲ ਇੱਕ ਚੌਥਾ ਵਿਅਕਤੀ ਵੀ ਦਿਖ ਰਿਹਾ ਹੈ।
ਪੁਲਿਸ ਨੇ ਚੌਥੇ ਵਿਅਕਤੀ ਦਾ ਨਾਂ ਸਨੀ ਦੱਸਿਆ ਹੈ ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਦੋਂ ਮੀਡੀਆ ਦੇ ਕੁਝ ਲੋਕ ਸਨੀ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਪਿਤਾ ਨੇ ਇਹ ਗੱਲ ਸਵਿਕਾਰ ਕੀਤੀ ਕਿ ਵੀਡੀਓ ਵਿੱਚ ਦਿਖਣ ਵਾਲਾ ਚੌਥਾ ਵਿਅਕਤੀ ਸਨੀ ਹੀ ਹੈ।
24 ਸਾਲਾ ਸਨੀ ਖੇਤੀਬਾੜੀ ਕਰਦਾ ਹੈ ਅਤੇ ਇੱਕ ਪੈਰ ਤੋਂ ਅਪੰਗ ਹੈ। ਉਸ ਦੇ ਪਿਤਾ ਦੱਸਦੇ ਕਿ ਸਨੀ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਉਹ ਕੁਝ ਮਹਿਮਾਨਾਂ ਨੂੰ ਹੋਟਲ ਵਿੱਚ ਰੁਕਵਾਉਣ ਦਾ ਪ੍ਰਬੰਧ ਕਰ ਦੇਵੇ।
ਸਨੀ ਦੇ ਪਿਤਾ ਨੇ ਮੀਡੀਆ ਨੂੰ ਕਿਹਾ ਕਿ ਉਹ ਨਹੀਂ ਜਾਣਦੇ ਕਿ ਸਨੀ ਉਨ੍ਹਾਂ ਨੂੰ ਕਿਵੇਂ ਮਿਲਿਆ ਅਤੇ ਜਦੋਂ ਪੁਲਿਸ ਉਸ ਨੂੰ ਘਰੋਂ ਚੁੱਕ ਕੇ ਲੈ ਗਏ ਤਾਂ ਪਰਿਵਾਰ ਪੂਰਨਪੁਰ ਗਿਆ ਹੋਇਆ ਸੀ।
ਸਨੀ ਦੇ ਪਿਤਾ ਦਾਅਵਾ ਕਰਦੇ ਹਨ ਕਿ ਸਨੀ ਆਪਣੇ ਦੋਸਤ ਗੁਰਜੀਤ ਦੇ ਕਹਿਣ ਉੱਤੇ ਕਮਰਾ ਦੁਆਉਣ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












