You’re viewing a text-only version of this website that uses less data. View the main version of the website including all images and videos.
ਖਾਲਿਸਤਾਨ ਸਮਰਥਕਾਂ ਦੀਆਂ ਇਨ੍ਹਾਂ 4 ਮੁਲਕਾਂ ਵਿੱਚ ਰੈਲੀਆਂ, ਭਾਰਤੀ ਮਿਸ਼ਨ ਵੀ ਤਿਆਰ
- ਲੇਖਕ, ਸਚਿਨ ਗੋਗਈ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦਾ ਕੂਟਨੀਤਿਕ ਮਿਸ਼ਨ, ਕਈ ਦੇਸ਼ਾਂ ਜਿਵੇਂ ਕਿ ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਇਕੱਠੇ 8 ਜੁਲਾਈ ਨੂੰ ਕੀਤੀਆਂ ਜਾ ਰਹੀਆਂ ਰੈਲੀਆਂ ਨਾਲ ਨਜਿੱਠਨ ਦੇ ਢੰਗ-ਤਰੀਕਿਆਂ ਬਾਰੇ ਗੰਭੀਰਤਾ ਨਾਲ ਤਿਆਰੀ ਵਿੱਚ ਲੱਗਿਆ ਹੋਇਆ ਹੈ।
ਵੱਖਵਾਦੀ ਖਾਲਿਸਤਾਨ ਲਹਿਰ ਦੇ ਸਮਰਥਕ, ਭਾਰਤ ਵਿੱਚ ਸਿੱਖਾਂ ਲਈ ਵੱਖਰੇ ਖੁਦਮੁਖਤਿਆਰ ਮੁਲਕ (ਖਾਲਿਸਤਾਨ) ਦੀ ਮੰਗ ਨੂੰ ਆਪਣਾ ਨਿਸ਼ਾਨਾਂ ਦੱਸਦੇ ਰਹੇ ਹਨ।
ਸੋਸ਼ਲ ਮੀਡੀਆ ’ਤੇ ਘੁੰਮ ਰਹੇ ਇੱਕ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਖਾਲਿਸਤਾਨ ਸਮਰਥਕ 8 ਜੁਲਾਈ ਨੂੰ ਲੰਡਨ ਸਥਿਤ ਇੰਡੀਅਨ ਮਿਸ਼ਨ ’ਤੇ ‘ਖਾਲਿਸਤਾਨ ਫਰੀਡਮ (ਅਜ਼ਾਦੀ) ਰੈਲੀ’ ਕਰਨ ਜਾ ਰਹੇ ਹਨ।
ਪੋਸਟਰ ਵਿੱਚ ਮੁੱਖ ਸੁਨੇਹਾ ‘ਕਿੱਲ ਇੰਡੀਆ’ ਦਾ ਹੈ ਅਤੇ ਵੱਖਵਾਦੀ ਜਥੇਬੰਦੀ ਸਿੱਖਜ਼ ਫਾਰ ਜਸਟਿਸ ਦੇ ਇਸ ਰੈਲੀ ਦੇ ਪ੍ਰਬੰਧਕ ਹੋਣ ਦਾ ਸੰਕੇਤ ਮਿਲ ਰਿਹਾ ਹੈ।
ਪੋਸਟਰ ’ਤੇ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇ ਸਵਾਮੀ ਅਤੇ ਬਰਮਿੰਘਮ ਵਿੱਚ ਕੌਂਸਲ ਜਨਰਲ ਸ਼ਸ਼ਾਂਕ ਵਿਕਰਮ ਦੀ ਤਸਵੀਰ ਵੀ ਸੀ।
ਇਸੇ ਤਰ੍ਹਾਂ ਦੇ ਪੋਸਟਰਾਂ ਜ਼ਰੀਏ ਅਮਰੀਕਾ, ਕੈਨੇਡਾ, ਇਟਲੀ ਅਤੇ ਆਸਟ੍ਰੇਲੀਆ ਵਿੱਚ ‘ਕਿੱਲ ਇੰਡੀਆ’ ਰੈਲੀਆਂ ਨੂੰ ਪ੍ਰਮੋਟ ਕੀਤਾ ਗਿਆ।
ਕਈ ਟਵਿੱਟਰ ਹੈਂਡਲਜ਼ ਤੋਂ ਪੋਸਟ ਕੀਤਾ ਗਿਆ ਕਿ ‘ਕਿੱਲ ਇੰਡੀਆ’ 8 ਜੁਲਾਈ ਨੂੰ ਸ਼ੁਰੂ ਹੋਏਗਾ ਅਤੇ ਇਸ ਦਾ ਟੀਚਾ ਭਾਰਤ ਦੇ ਅਜ਼ਾਦੀ ਦਿਵਸ 15 ਅਗਸਤ ਨੂੰ ਭਾਰਤੀ ਅੰਬੈਸੀਆਂ ਦੀ ਘੇਰਾਬੰਦੀ ਕਰਨਾ ਹੋਏਗਾ।
ਇਸ ਟਵਿੱਟਰ ਮੈਸੇਜ ਵਿੱਚ ਅਮਰੀਕਾ ਦੇ ਨਾਮੀ ਖਾਲਿਸਤਾਨ ਸਮਰਥਕ ਸਿੱਖਜ਼ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਦਾ ਇੱਕ ਵੀਡੀਓ ਸੰਦੇਸ਼ ਵੀ ਸੀ।
ਪੰਨੂੰ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਸ ਦੀ ਜਥੇਬੰਦੀ ਸਿਖਸ ਫਾਰ ਜਸਟਿਸ ਉੱਤੇ ਭਾਰਤ ਵਿੱਚ ਪਾਬੰਦੀ ਹੈ।
ਪੰਨੂੰ ਨੇ ਭਾਰਤ ਸਰਕਾਰ ’ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਲਾਇਆ ਹੈ।
ਪੰਨੂ ਨੇ ਵੀਡੀਓ ਵਿੱਚ ਕਿਹਾ ਕਿ, “ਹਰ ਭਾਰਤੀ ਡਿਪਲੋਮੈਟ ਭਾਵੇਂ ਉਹ ਯੂਕੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ ਕਿਸੇ ਵੀ ਯੂਰਪੀ ਦੇਸ਼ਾਂ ਵਿੱਚ ਹੋਵੇ, ਉਹ ਨਿੱਝਰ ਦੇ ਕਤਲ ਦਾ ਜ਼ਿੰਮੇਵਾਰ ਹੈ। ਕਿਉਂਕਿ ਉਹ ਭਾਰਤੀ ਸ਼ਾਸਨ ਦੀ ਨੁਮਾਇੰਦਗੀ ਕਰਦੇ ਹਨ, ਜੋ ਕਿ ਹਿੰਸਾ ਕਰ ਰਿਹਾ ਹੈ।”
ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਯੂਕੇ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਹੋਣ ਵਾਲੀਆਂ ਖਾਲਿਸਤਾਨ ਰੈਫਰੰਡਮ ਰੈਲੀਆਂ ‘ਸ਼ਾਂਤੀਪੂਰਵਕ’ ਹੋਣਗੀਆਂ।
ਟਰੂਡੋ ਨੇ ਕੀ ਕਿਹਾ?
ਭਾਰਤ ਖ਼ਿਲਾਫ਼ ਪ੍ਰਦਰਸ਼ਨਾਂ ਅਤੇ ਡਿਪਲੋਮੈਟਸ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਦੀ ਅਪੀਲ ਕਰਨ ਵਾਲਿਆਂ ਨਾਲ ਜੁੜੇ ਸਵਾਲਾਂ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਤੋਂ ਹੀ ਹਿੰਸਾਾ ਅਤੇ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਨੇ ਹਮੇਸ਼ਾ ਅੱਤਵਾਦ ਖ਼ਿਲਾਫ਼ ਗੰਭੀਰ ਕਾਰਵਾਈ ਕੀਤੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਪ੍ਰਤੀਕਰਮ
ਇਸ ਮੁੱਦੇ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਅਸੀਂ ਯਕੀਨੀ ਤੌਰ 'ਤੇ ਇਸ (ਪੋਸਟਰ) ਦਾ ਮੁੱਦਾ ਉਠਾਵਾਂਗੇ।‘’
ਵਿਦੇਸ਼ ਮੰਤਰੀ ਨੇ ਕਿਹਾ, "ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਵਰਗੇ ਦੇਸ਼ ਸਾਡੇ ਭਾਈਵਾਲ ਹਨ, ਜਿੱਥੇ ਕਈ ਵਾਰ ਖਾਲਿਸਤਾਨੀ ਗਤੀਵਿਧੀਆਂ ਹੁੰਦੀਆਂ ਹਨ। ਅਸੀਂ ਉਨ੍ਹਾਂ ਨੂੰ ਖਾਲਿਸਤਾਨੀਆਂ ਨੂੰ ਜਗ੍ਹਾ ਨਾ ਦੇਣ ਦੀ ਬੇਨਤੀ ਕੀਤੀ ਹੈ।"
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅਜਿਹੀ ਵਿਚਾਰਧਾਰਾ ਕਿਸੇ ਵੀ ਦੇਸ਼ ਜਾਂ ਆਪਸੀ ਸਬੰਧਾਂ ਲਈ ਚੰਗੀ ਨਹੀਂ ਹੈ।
ਉਨ੍ਹਾਂ ਕਿਹਾ, "ਉਨ੍ਹਾਂ ਦੀ ਸੋਚ ਜੋ ਵੀ ਹੋਵੇ, ਪਰ ਜੋ ਕੱਟੜਪੰਥੀ ਵਿਚਾਰਧਾਰਾ ਹੈ, ਉਹ ਨਾ ਤਾਂ ਸਾਡੇ ਲਈ ਚੰਗੀ ਹੈ, ਨਾ ਉਨ੍ਹਾਂ ਲਈ ਅਤੇ ਨਾ ਹੀ ਸਾਡੇ ਰਿਸ਼ਤਿਆਂ ਲਈ।"
ਉਧਰ 6 ਜੁਲਾਈ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਭਾਰਤੀ ਡਿਪਲੋਮੈਟਸ ਨੂੰ ਖ਼ਾਲਿਸਤਾਨ ਸਮਰਥਕਾਂ ਵੱਲੋਂ ਦਿੱਤੀ ਜਾ ਰਹੀ ਧਮਕੀ ਉੱਤੇ ਨਾਰਾਜ਼ਗੀ ਜਤਾਈ ਅਤੇ ਕੈਨੇਡਾ ਸਰਕਾਰ ਤੋਂ ਇਨ੍ਹਾਂ ਉੱਤੇ ਲਗਾਮ ਲਗਾਉਣ ਦੀ ਅਪੀਲ ਕੀਤੀ।
ਭਾਰਤੀ ਮਿਸ਼ਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ?
ਪੱਛਮ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੀਆਂ ਜਾਂਦੀਆਂ ਰੈਲੀਆਂ ਤੇ ਮੁਜ਼ਾਹਰੇ ਕੋਈ ਨਵੀਂ ਗੱਲ ਨਹੀਂ ਹੈ।
8 ਜੁਲਾਈ ਨੂੰ ਹੋਣ ਜਾ ਰਹੀਆਂ ਰੈਲੀਆਂ ਦਾ ‘ਟਰਿੱਗਰ ਪੁਆਇੰਟ’ (ਤਾਜ਼ਾ ਘਟਨਾਕ੍ਰਮ) ਕੈਨੇਡਾ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਅਣਪਛਾਤੇ ਹਮਲਾਵਰ ਵੱਲੋਂ ਕਤਲ ਕੀਤੇ ਜਾਣਾ ਹੈ।
ਨਿੱਝਰ ਪਿਛਲੇ ਕੁਝ ਮਹੀਨਿਆਂ ਵਿੱਚ, ਭਾਰਤੀ ਮੀਡੀਆ ਮੁਤਾਬਕ ‘ਰਹੱਸਮਈ ਹਾਲਾਤ’ ਵਿੱਚ ਮਰਨ ਵਾਲੇ ਚਾਰ ਹਾਈ-ਪ੍ਰੋਫਾਈਲ ਖਾਲਿਸਤਾਨ ਸਮਰਥਕਾਂ ਵਿੱਚੋਂ ਸਨ।
ਖਾਲਿਸਤਾਨ ਲਿਬਰੇਸ਼ਨ ਫ਼ੋਰਸ (ਕੇਐੱਲਐੱਫ਼) ਦੇ ਆਗੂ ਅਵਤਾਰ ਸਿੰਘ ਖੰਡਾ ਦੀ ਯੂਕੇ ਦੇ ਬਰਮਿੰਘਮ ਵਿੱਚ 15 ਜੂਨ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਖੰਡਾ ਦੀ ਮੌਤ ਪਿੱਛੇ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਜਤਾਇਆ ਗਿਆ ਸੀ।
ਪਾਕਿਸਤਾਨ ਦੇ ਲਾਹੌਰ ਵਿੱਚ 6 ਮਈ ਨੂੰ ਦੋ ਬੰਦੂਕਧਾਰੀਆਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੂੰ ਮਾਰ ਦਿੱਤਾ।
23 ਜਨਵਰੀ ਨੂੰ ਕਥਿਤ ਤੌਰ ’ਤੇ ਇੱਕ ਸਥਾਨਕ ਗੈਂਗ ਨੇ ਕੇਐੱਲਐੱਫ਼ ਦੇ ਨਾਮੀ ਚਿਹਰੇ ਹਰਮੀਤ ਸਿੰਘ ਉਰਫ ਹੈਪੀ ਪੀਐੱਚਡੀ ਦਾ ਲਾਹੌਰ ਨੇੜੇ ਕਤਲ ਕਰ ਦਿੱਤਾ ਗਿਆ ਸੀ।
ਕੈਨੇਡਾ ਤੇ ਅਸਟ੍ਰੇਲੀਆ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ
- ਭਾਰਤੀ ਡਿਪਲੋਮੈਟਾਂ ਖਿਲਾਫ਼ ਪੋਸਟਰ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਮੁੜ ਵਿਵਾਦ ਪੈਦਾ ਹੋ ਗਿਆ ਹੈ।
- ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਿੱਖ ਭਾਈਚਾਰੇ ਵਲੋਂ ਨਗਰ ਕੀਰਤਨ ਕੱਢਿਆ ਗਿਆ, ਇਸ ਦੌਰਾਨ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਦਰਸਾਉਂਦੀ ਇੱਕ ਝਾਕੀ ਕੱਢੀ ਗਈ ਸੀ
- ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਥਿਤ ਗੌਰੀ ਸ਼ੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਤੇ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਸੀ।
- ਇਸੇ ਤਰ੍ਹਾਂ ਅਸਟ੍ਰੇਲੀਆ ਵਿੱਚ ਵੀ ਕੁਝ ਮੰਦਰਾਂ ਦੀਆਂ ਕੰਧਾਂ ਉੱਤੇ ਖਾਲਿਸਤਾਨ ਪੱਖੀ ਨਾਹਰੇ ਲਿਖੇ ਗਏ ਸਨ
- ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਇੱਕ ਖਾਲਿਸਤਾਨ ਪੱਖੀ ਗਰੁੱਪ ਨੇ 8 ਜੁਲਾਈ ਨੂੰ ਟੋਰਾਂਟੋ ਵਿੱਚ ਰੈਲੀ ਸੱਦੀ ਹੈ।
ਖਾਲਿਸਤਾਨ ਸਮਰਥਕ ਇਨ੍ਹਾਂ ਮੌਤਾਂ ਪਿੱਛੇ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾ ਰਹੇ ਹਨ।
ਇਹ ਮੌਤਾਂ ਖਾਸ ਕਰਕੇ ਨਿੱਝਰ, ਖੰਡਾ ਅਤੇ ਪੰਜਵੜ ਦੀ ਮੌਤ ਕਈ ਦੇਸ਼ਾਂ ਵਿੱਚ ਖਾਲਿਸਤਾਨ ਸਮਰਥਕਾਂ ਦੇ ਭਾਰਤ ਸਰਕਾਰ ਦੀ ਅੰਮ੍ਰਿਤਪਾਲ ਸਿੰਘ ’ਤੇ ਕਾਰਵਾਈ ਖ਼ਿਲਾਫ਼ ਹੋਏ ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਹੋਈਆਂ।
ਖਾਲਿਸਤਾਨੀ ਸਮਰਥਕ ਤੇ ਵਾਰਿਸ ਪੰਜਾਬ ਜਥੇਬੰਦੀ ਦਾ ਮੌਜੂਦਾ ਮੁਖੀ ਅੰਮ੍ਰਿਤਪਾਲ ਸਿੰਘ, ਪੰਜਾਬ ਤੋਂ ਆਪਣਾ ਕੰਮ ਕਰ ਰਿਹਾ ਸੀ।
ਏਜੰਸੀਆਂ ਨੇ ਮਾਰਚ ਵਿੱਚ ਅੰਮ੍ਰਿਤਪਾਲ ਸਿੰਘ ਦੀ ਭਾਲ ਸ਼ੁਰੂ ਕੀਤੀ ਸੀ ਅਤੇ 24 ਅਪ੍ਰੈਲ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਭਾਵੇਂ ਕਿ ਮੁੱਖ ਧਾਰਾ ਵਾਲੇ ਭਾਰਤੀ ਮੀਡੀਆ ਨੇ ਕਿਸੇ ਵੀ ਵੱਖਵਾਦੀ ਆਗੂ ਦੀ ਮੌਤ ਨੂੰ ਭਾਰਤ ਸਰਕਾਰ ਦੀ ਕਿਸੇ ਕਾਰਵਾਈ ਨਾਲ ਨਹੀਂ ਜੋੜਿਆ ਹੈ, ਕਈ ਟਿੱਪਣੀਕਾਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ’ਤੇ ਹਮਲਿਆਂ ਵਿੱਚ ਸ਼ਮੂਲੀਅਤ ਕਾਰਨ ਦਿੱਲੀ ਖਾਲਿਸਤਾਨੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਸੀ।
ਇੱਕ ਨਿੱਜੀ ਹਿੰਦੀ ਚੈਨਲ ਨੇ ਕਿਹਾ ਕਿ ਕਈ ਸੋਸ਼ਲ ਮੀਡੀਆ ਯੂਜ਼ਰ ਮੰਨਦੇ ਹਨ ਕਿ ਇਹ ਮੌਤਾਂ ਰਾਅ ਦੇ ਸੀਕਰੇਟ ਮਿਸ਼ਨ ਦਾ ਨਤੀਜਾ ਹਨ।
ਭਾਰਤ ਸਰਕਾਰ ਦੀ ਕੀ ਪ੍ਰਤੀਕਿਰਿਆ ਹੈ ?
ਖਾਲਿਸਤਾਨ ਸਮਰਥਕਾਂ ਦੀਆਂ ਮੌਤਾਂ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਬਾਰੇ ਦਿੱਲੀ ਨੇ ਚੁੱਪੀ ਧਾਰੀ ਹੋਈ ਹੈ।
ਹਾਲਾਂਕਿ, ਸਰਕਾਰ ਨੇ ਯੂ.ਕੇ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਸਿੱਖ ਵੱਖਵਾਦੀਆਂ ਦੀਆਂ ਗਤੀਵਿਧੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ 6 ਜੁਲਾਈ ਨੂੰ ਮੀਡੀਆ ਵਿੱਚ ਕਿਹਾ ਕਿ ਭਾਰਤੀ ਡਿਪਲੋਮੇਟਸ ਖ਼ਿਲਾਫ਼ ਹਿੰਸਾ ਉਕਸਾਉਣ ਵਾਲੇ ਪੋਸਟਰ ਸਵੀਕਾਰ ਕਰਨਯੋਗ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਨੇ ਯੂਕੇ ਦੇ ਵਿਦੇਸ਼ ਸਕੱਤਰ ਜੇਮਜ਼ ਕਲੈਵਰਲੀ ਕੋਲ ਭਾਰਤੀ ਡਿਪਲੋਮੇਟਸ ਦੀ ਸੁਰੱਖਿਆ ਦਾ ਮਾਮਲਾ ਚੁੱਕਿਆ ਅਤੇ ਉਨ੍ਹਾਂ ਇਸ ਲਈ ਬਚਨਬੱਧਤਾ ਪ੍ਰਗਟਾਈ ਹੈ, ਪਰ ਉਹ ਜ਼ਮੀਨੀ ਹਾਲਾਤ ਨੂੰ ਦੇਖ ਕੇ ਰਾਇ ਬਣਾਉਣਗੇ।
ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਸ ਜੈ ਸ਼ੰਕਰ ਨੇ 3 ਜੁਲਾਈ ਨੂੰ ਮੀਡੀਆ ਨੂੰ ਦੱਸਿਆ ਸੀ, “ਅਸੀਂ ਆਪਣੇ ਸਾਥੀ ਦੇਸ਼ਾਂ ਜਿਵੇਂ ਕੇ ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਉਹ ਖਾਲਿਸਤਾਨੀ ਵਿਚਾਰ ਨੂੰ ਥਾਂ ਨਾ ਦੇਣ। ਇਹ ਕੱਟੜਵਾਦੀ ਵਿਚਾਰਧਾਰਾ ਸਾਡੇ ਲਈ, ਉਨ੍ਹਾਂ ਲਈ ਅਤੇ ਸਾਡੇ ਆਪਸੀ ਸਬੰਧਾਂ ਲਈ ਚੰਗੀ ਨਹੀਂ ਹੈ। ਅਸੀਂ ਇਨ੍ਹਾਂ ਪੋਸਟਰਾਂ ਦਾ ਮਸਲਾ ਵੀ ਉਠਾਵਾਂਗੇ।”
ਸਰਕਾਰ ਨੇ ਕੈਨੇਡੀਅਨ ਹਾਈ ਕਮਿਸ਼ਨਰ ਕੈਮਰੋਨ ਮੈਕੇਓਵ ਨੂੰ ਵੀ ਤਲਬ ਕਰਕੇ ਆਪਣੀ ਚਿੰਤਾ ਜ਼ਾਹਿਰ ਕੀਤੀ।
ਭਾਰਤ ਦੀ ਅੱਤਵਾਦ ਜਾਂਚ ਸੰਸਥਾ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (.ਆਈ.ਏ) ਪਹਿਲਾਂ ਹੀ ਲੰਡਨ ਤੇ ਓਟਾਵਾ ਸਥਿਤ ਹਾਈ ਕਮਿਸ਼ਨਜ਼ ਅਤੇ ਸੈਨ ਫਰੈਂਸਿਸਕੋ ਦੇ ਕੌਂਸਲੇਟ ’ਤੇ ਮਾਰਚ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਹੋਏ ਹਮਲਿਆਂ ਦੇ ਕੇਸਾਂ ਦੀ ਜਾਂਚ ਕਰ ਰਹੀ ਹੈ। ਫ਼ਰਵਰੀ ਵਿੱਚ ਆਸਟ੍ਰੇਲੀਆ ਦੇ ਬ੍ਰਿਸਬੇਨ ਸਥਿਤ ਭਾਰਤੀ ਕੌਂਸਲੇਟ ਵਿਚ ਵੀ ਭੰਨ-ਤੋੜ ਦੀਆਂ ਖ਼ਬਰਾਂ ਆਈਆਂ ਸੀ।
ਸੈਨ ਫਰੈਂਸਿਸਕੋ ਸਥਿਤ ਕੌਂਸਲੇਟ ’ਤੇ 2 ਜੁਲਾਈ ਨੂੰ ਦੂਜਾ ਹਮਲਾ ਹੋਇਆ ਜਦੋਂ ਖਾਲਿਸਤਾਨ ਸਮਰਥਕਾਂ ਨੇ ਇੱਥੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਅੱਗ ਬੁਝਾਊ ਅਮਲੇ ਨੇ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ।
ਖਾਲਿਸਤਾਨ ਸਮਰਥਕਾਂ ਵੱਲੋਂ ਡਿਪੋਲੇਮੈਟਿਕ ਮਿਸ਼ਨਜ਼ ਨੂੰ ਨਿਸ਼ਾਨਾ ਬਣਾ ਕੇ ਰੈਲੀਆਂ ਕਰਨ ਦੀ ਯੋਜਨਾ ਤੋਂ ਬਾਅਦ ਭਾਰਤੀ ਮੀਡੀਆ ਨੇ ਡਿਪਲੋਮੈਟਾਂ ਦੀ ਸੁਰੱਖਿਆ ਬਾਰੇ ਚਿੰਤਾ ਜਤਾਈ ਹੈ।
ਕਈ ਅਦਾਰਿਆਂ ਤੇ ਟਿੱਪਣੀਕਾਰਾਂ ਨੇ ਕਈ ਦੇਸ਼ਾਂ ਖ਼ਾਸ ਕਰਕੇ ਕੈਨੇਡਾ ਦੀ ਕਥਿਤ ਤੌਰ ’ਤੇ ਵੱਖਵਾਦੀਆਂ ’ਤੇ ਸਖ਼ਤੀ ਨਾ ਕਰਨ ਕਾਰਨ ਨਿੰਦਾ ਕੀਤੀ ਹੈ।
ਨਾਮੀ ਅੰਗਰੇਜ਼ੀ ਨਿਊਜ਼ ਚੈਨਲ ਇੰਡੀਆ ਟੂਡੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਨਿੰਦਾ ਕਰਦਿਆ ਕਿਹਾ ਕਿ ਉਹ ਖਾਲਿਸਤਾਨੀ ਤਾਕਤਾਂ ਖ਼ਿਲਾਫ਼ ਤਕੜਾ ਸਟੈਂਡ ਲੈਣ ਵਿੱਚ ਅਸਫਲ ਹੋਏ ਹਨ ਅਤੇ ਉਲਟਾ ਭਾਰਤ ਨੂੰ ਹੀ ਗਲਤ ਠਹਿਰਾਇਆ ਹੈ।
ਇੱਕ ਐਂਕਰ ਨੇ ਕਿਹਾ ਕਿ ਟਰੂਡੋ ਸਖ਼ਤ ਕਾਰਵਾਈ ਤੋਂ ਬਚ ਰਹੇ ਹਨ ਕਿਉਂਕਿ ‘ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੇ ਵੋਟ ਬੈਂਕ ਦੀ ਪਰਵਾਹ ਹੈ’।
ਰਣਨੀਤਕ ਮਾਮਲਿਆਂ ਦੇ ਟਿੱਪਣੀਕਾਰਨ ਬ੍ਰਹਮਾ ਚੇਲਾਨੀ ਨੇ ਟਵੀਟ ਕੀਤਾ, “ਭਾਰਤੀ ਡਿਪਲੋਮੈਟਿਕ ਮਿਸ਼ਨਾਂ ਅਤੇ ਡਿਪਲੋਮੇਟਾਂ ’ਤੇ ਸਿੱਖ ਵੱਖਵਾਦੀਆਂ ਵੱਲੋਂ ਹਮਲਿਆਂ ਵਿੱਚ ਵਾਧਾ ਹੋਇਆ ਹੈ। ਕੀ ਇਹ ਸਭ ਹਾਲੇ ਘੱਟ ਮੰਦਭਾਗਾ ਸੀ?ਜੋ ਕੈਨੇਡਾ ਸਿੱਖ ਮਿਲੀਟੈਂਟਾਂ ਨੂੰ 8 ਜੁਲਾਈ ਨੂੰ ‘ਕਿੱਲ ਇੰਡੀਆ’ ਰੈਲੀ ਕਰਨ ਦੇ ਰਿਹਾ ਹੈ।”
ਅੰਗਰੇਜ਼ੀ ਅਖਬਾਰ ਟਾਈਮਜ਼ ਆਫ਼ ਇੰਡੀਆ ਦੇ ਪੰਜ ਜੁਲਾਈ ਦੇ ਸੰਪਾਦਕੀ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਫ਼ੁਰਤੀ ਦਿਖਾਉਣ ਵਿੱਚ ਅਸਫ਼ਲ ਹੋਈ ਹੈ
ਉਸ ਵਿੱਚ ਕਿਹਾ ਗਿਆ, “ਵੇਕ ਅਪ, ਓਟਾਵਾ।”