10ਵੀਂ ਜਮਾਤ ਦੇ ਵਿਦਿਆਰਥੀ ਨੂੰ ਜਿਉਂਦਾ ਸਾੜਿਆ, ਵਾਇਰਲ ਵੀਡੀਓ 'ਚ ਪੀੜਤ ਦੀ ਗੁਹਾਰ - 'ਉਨ੍ਹਾਂ ਨੂੰ ਛੱਡਣਾ ਨਾ'

ਅਮਰਨਾਥ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਜਿਸ ਬੇਰਹਿਮੀ ਨਾਲ 10ਵੀਂ ਜਮਾਤ ਦੇ ਵਿਦਿਆਰਥੀ ਉੱਪਲਾ ਅਮਰਨਾਥ ਦੀ ਹੱਤਿਆ ਕੀਤੀ ਗਈ, ਉਸ ਤੋਂ ਲੋਕ ਹੈਰਾਨ ਅਤੇ ਗੁੱਸੇ ਵਿਚ ਹਨ
    • ਲੇਖਕ, ਵਾਦੀਸੇੱਟੀ ਸੰਕਰ
    • ਰੋਲ, ਬੀਬੀਸੀ ਲਈ

ਚੇਤਾਵਨੀ: ਇਸ ਰਿਪੋਰਟ ਦੇ ਕੁਝ ਹਿੱਸੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ

“ਉਹ ਰੋਜ਼ਾਨਾ ਸਵੇਰੇ ਪੰਜ ਵਜੇ ਟਿਊਸ਼ਨ ਲਈ ਨਿਕਲਦਾ ਸੀ। ਸ਼ੁੱਕਰਵਾਰ ਨੂੰ ਵੀ ਉਹ ਉਸੇ ਸਮੇਂ ਗਿਆ ਸੀ। ਅੱਧੇ ਘੰਟੇ ਬਾਅਦ ਸਾਨੂੰ ਸੂਚਨਾ ਮਿਲੀ। ਸਾਨੂੰ ਦੱਸਿਆ ਗਿਆ ਕਿ ਕਿਸੇ ਨੇ ਉਸ 'ਤੇ ਹਮਲਾ ਕੀਤਾ ਹੈ।''

''ਪਹਿਲਾਂ ਵੀ ਇੱਕ ਵਾਰ ਕਿਸੇ ਨੇ ਉਸ ਨੂੰ ਮਾਰਿਆ ਸੀ, ਅਸੀਂ ਸੋਚਿਆ ਅਜਿਹਾ ਹੀ ਹੋਇਆ ਹੋਵੇਗਾ। ਪਰ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਕੋਈ ਉਸ ਦੀ ਜਾਨ ਲੈ ਲਵੇਗਾ।"

ਅਮਰਨਾਥ ਕਤਲ
ਤਸਵੀਰ ਕੈਪਸ਼ਨ, ਉਨ੍ਹਾਂ ਦਾ ਪਰਿਵਾਰ ਪ੍ਰਸ਼ਾਸਨ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ

ਅਮਰਨਾਥ ਦੀ ਮਾਮੀ 16 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਰੋਣ ਲੱਗ ਪਏ।

ਆਂਧਰਾ ਪ੍ਰਦੇਸ਼ ਦੇ ਬਾਪਟਲਾ ਜ਼ਿਲ੍ਹੇ ਦੇ ਚੇਰੂਕੁਪੱਲੀ ਮੰਡਲ ਦੇ ਰਾਜਾਵੋਲੂ ਇਲਾਕੇ ਨੇੜੇ ਸ਼ੁੱਕਰਵਾਰ ਨੂੰ ਅਮਰਨਾਥ ਦਾ ਕਤਲ ਕਰ ਦਿੱਤਾ ਗਿਆ।

ਜਿਸ ਬੇਰਹਿਮੀ ਨਾਲ 10ਵੀਂ ਜਮਾਤ ਦੇ ਵਿਦਿਆਰਥੀ ਉੱਪਲਾ ਅਮਰਨਾਥ ਦੀ ਹੱਤਿਆ ਕੀਤੀ ਗਈ, ਉਸ ਤੋਂ ਲੋਕ ਹੈਰਾਨ ਅਤੇ ਗੁੱਸੇ ਵਿਚ ਹਨ।

ਹਮਲੇ ਤੋਂ ਬਾਅਦ ਅਮਰਨਾਥ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪੂਰੇ ਆਂਧਰਾ ਪ੍ਰਦੇਸ਼ ਦੇ ਲੋਕਾਂ ਵਿੱਚ ਗੁੱਸਾ ਹੈ।

ਅਮਰਨਾਥ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਅਤੇ ਵੱਡੀ ਭੈਣ ਨਾਲ ਆਪਣੀ ਨਾਨੀ ਦੇ ਘਰ ਰਹਿ ਰਿਹਾ ਸੀ।

ਉਨ੍ਹਾਂ ਨੇ ਰਾਜਾਵੋਲੂ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ, ਜੋ ਉੱਪਲਾ ਵੇਰੀ ਪਾਲੇਮ ਪਿੰਡ ਤੋਂ ਦੋ ਕਿਲੋਮੀਟਰ ਦੂਰ ਹੈ। ਉਹ ਇੱਥੇ ਟਿਊਸ਼ਨ ਵੀ ਪੜ੍ਹਦਾ ਸੀ।

ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਿਸ ਰਸਤਿਓਂ ਉਹ ਪੜ੍ਹਨ ਜਾਂਦਾ ਸੀ ਅਤੇ ਉਸ ਦੇ ਟਿਊਸ਼ਨ ਜਾਣ ਦਾ ਸਮਾਂ ਹੀ ਉਸ ਦੇ ਕਤਲ ਦਾ ਕਾਰਨ ਬਣਿਆ।

ਅਮਰਨਾਥ ਦੇ ਆਖਰੀ ਸ਼ਬਦ

ਚੇਰੂਕੁਪੱਲੀ ਥਾਣਾ
ਤਸਵੀਰ ਕੈਪਸ਼ਨ, ਅਮਰਨਾਥ ਦੀ ਮੌਤ ਦੇ ਸਬੰਧ 'ਚ ਚੇਰੂਕੁਪੱਲੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ

ਅਮਰਨਾਥ ਸਵੇਰੇ ਪੰਜ ਵਜੇ ਘਰੋਂ ਨਿਕਲੇ। ਦਸ ਮਿੰਟਾਂ ਵਿੱਚ ਹੀ ਮੁਲਜ਼ਮਾਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ। ਪੁਲਿਸ ਮੁਤਾਬਕ, 23 ਸਾਲਾ ਵੈਂਕਟੇਸ਼ਵਰ ਰੈੱਡੀ ਇਸ ਮਾਮਲੇ 'ਚ ਮੁਲਜ਼ਮ ਹਨ।

ਸਾਈਕਲ 'ਤੇ ਟਿਊਸ਼ਨ ਲਈ ਜਾ ਰਹੇ ਅਮਰਨਾਥ ਨੂੰ ਰਸਤੇ 'ਚ ਰੋਕ ਕੇ ਮੱਕੀ ਦੇ ਢੇਰ ਦੇ ਪਿੱਛੇ ਖਿੱਚ ਲਿਆ ਗਿਆ। ਇੱਥੇ ਹੀ ਉਨ੍ਹਾਂ 'ਤੇ ਹਮਲਾ ਹੋਇਆ ਅਤੇ ਉਨ੍ਹਾਂ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ।

ਅਮਰਨਾਥ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹ ਹਸਪਤਾਲ ਜਾਂਦੇ ਸਮੇਂ ਐਂਬੂਲੈਂਸ ਵਿੱਚ ਉਸ ਨਾਲ ਵਾਪਰੀ ਘਟਨਾ ਬਾਰੇ ਦੱਸ ਰਹੇ ਹਨ। ਇਹ ਮੌਤ ਤੋਂ ਪਹਿਲਾਂ ਉਨ੍ਹਾਂ ਆਖਰੀ ਸ਼ਬਦ ਹਨ।

ਇਸ ਵੀਡੀਓ 'ਚ ਅਮਰਨਾਥ ਕਹਿ ਰਹੇ ਹਨ, ''ਸਕੂਲ ਜਾਂਦੇ ਸਮੇਂ ਉਨ੍ਹਾਂ ਨੇ ਮੈਨੂੰ ਰੋਕ ਲਿਆ। ਮੈਨੂੰ ਮੁੱਖ ਸੜਕ ਤੋਂ ਦੂਰ ਖਿੱਚ ਲਿਆ ਗਿਆ। ਉਨ੍ਹਾਂ ਨੇ ਮੇਰੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ।''

''ਮੇਰੇ ਹੱਥ ਕਮਰ ਪਿੱਛੇ ਬੰਨ੍ਹ ਦਿੱਤੇ। ਮੇਰੇ ਉੱਪਰ ਤਰਪਾਲ ਸੁੱਟੀ ਗਈ ਅਤੇ ਫਿਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ। ਜਿਨ੍ਹਾਂ ਨੇ ਮੇਰੇ ਨਾਲ ਅਜਿਹਾ ਕੀਤਾ ਹੈ, ਉਨ੍ਹਾਂ ਨਾਲ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਛੱਡਣਾ ਨਾ।"

ਗੁੰਟੂਰ ਦੇ ਹਸਪਤਾਲ ਲੈ ਕੇ ਜਾਂਦੇ ਸਮੇਂ ਅਮਰਨਾਥ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਗੁੰਟੂਰ ਦੇ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ।

ਅਮਰਨਾਥ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਲੈ ਕੇ ਜਾਣ ਵਾਲੀ ਗੱਡੀ ਨੂੰ ਰਸਤੇ ਵਿੱਚ ਭੀੜ ਨੇ ਘੇਰ ਲਿਆ। ਉਨ੍ਹਾਂ ਦੇ ਰਿਸ਼ਤੇਦਾਰਾਂ, ਕਈ ਪੱਛੜੀਆਂ ਸ਼੍ਰੇਣੀਆਂ ਦੀਆਂ ਜਥੇਬੰਦੀਆਂ ਅਤੇ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਦੇ ਆਗੂਆਂ ਨੇ ਸੜਕ ’ਤੇ ਰੋਸ ਪ੍ਰਦਰਸ਼ਨ ਕੀਤਾ।

ਵੱਡੀ ਭੈਣ ਨਾਲ ਛੇੜਛਾੜ ਦਾ ਵਿਰੋਧ ਕਰ ਰਹੇ ਸਨ ਅਮਰਨਾਥ

ਪ੍ਰਦਰਸ਼ਨ
ਤਸਵੀਰ ਕੈਪਸ਼ਨ, ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਜਥੇਬੰਦੀਆਂ ਨੇ ਲਾਸ਼ ਨੂੰ ਚਾਰ ਘੰਟੇ ਤੱਕ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ

ਅਮਰਨਾਥ ਦੀ ਮੌਤ ਦੇ ਸਬੰਧ 'ਚ ਚੇਰੂਕੁਪੱਲੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਕਤਲ ਤੋਂ ਇਲਾਵਾ, ਪੋਕਸੋ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਦੀ ਮਾਂ ਉੱਪਲਾ ਮਾਧਵੀ ਨੇ ਇਹ ਕੇਸ ਦਰਜ ਕਰਵਾਇਆ ਹੈ।

ਬੀਬੀਸੀ ਨਾਲ ਗੱਲ ਕਰਦਿਆਂ, ਅਮਰਨਾਥ ਦੀ ਰਿਸ਼ਤੇਦਾਰ ਪੀ ਲਕਸ਼ਮੀ ਨੇ ਦਾਅਵਾ ਕੀਤਾ, “ਅਮਰਨਾਥ ਦੀ ਵੱਡੀ ਭੈਣ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਵੈਂਕੀ ਨਾਂ ਦਾ ਇੱਕ ਨੌਜਵਾਨ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਵੈਂਕੀ ਦੀ ਸ਼ਿਕਾਇਤ ਸਕੂਲ ਪ੍ਰਿੰਸੀਪਲ ਨੂੰ ਕੀਤੀ ਸੀ।''

''ਪਰ ਉਸ ਨੇ ਇਸ ਬਾਰੇ ਘਰ ਵਿੱਚ ਕੁਝ ਨਹੀਂ ਦੱਸਿਆ ਕਿਉਂਕਿ ਉਹ ਡਰੀ ਹੋਈ ਸੀ। ਉਸ ਦੇ ਭਰਾ ਅਮਰਨਾਥ ਨੇ ਫ਼ੋਨ 'ਤੇ ਇੱਕ ਸੁਨੇਹਾ ਦੇਖਿਆ ਅਤੇ ਉਸ ਨੂੰ ਇਸ ਬਾਰੇ ਪਤਾ ਲੱਗ ਗਿਆ।''

ਲਕਸ਼ਮੀ ਕਹਿੰਦੇ ਹਨ, “ਵੇਂਕਟੇਸ਼ਵਰ ਰੈੱਡੀ ਨੇ ਪੜ੍ਹਾਈ ਛੱਡ ਦਿੱਤੀ ਹੈ ਅਤੇ ਉਹ ਕੋਈ ਕੰਮ ਨਹੀਂ ਕਰਦਾ ਹੈ। ਕਦੇ-ਕਦਾਈਂ ਮਜ਼ਦੂਰੀ ਕਰਦਾ ਹੈ।''

''ਉਹ ਪਹਿਲਾਂ ਵੀ ਇੱਕ ਵਾਰ ਅਮਰਨਾਥ 'ਤੇ ਹਮਲਾ ਕਰ ਚੁੱਕਾ ਹੈ। ਅਸੀਂ ਉਸ ਦੇ ਘਰ ਗਏ ਅਤੇ ਪਰਿਵਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਅਸੀਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਦੁਬਾਰਾ ਤੰਗ ਕਰੇਗਾ ਤਾਂ ਅਸੀਂ ਸ਼ਿਕਾਇਤ ਦਰਜ ਕਰਵਾਵਾਂਗੇ। ਪਰ ਉਸ ਨੇ ਇਸ ਵਹਿਸ਼ੀ ਘਟਨਾ ਨੂੰ ਅੰਜਾਮ ਦਿੱਤਾ।''

ਅਮਰਨਾਥ ਨੇ ਹਾਲ ਹੀ ਵਿੱਚ ਆਪਣਾ 15ਵਾਂ ਜਨਮਦਿਨ ਮਨਾਇਆ ਸੀ। ਹੁਣ ਉਨ੍ਹਾਂ ਦਾ ਪਰਿਵਾਰ ਪ੍ਰਸ਼ਾਸਨ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ।

ਲਾਈਨ

'ਅਸੀਂ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ...'

ਘਟਨਾ ਵਾਲੀ ਥਾਂ
ਤਸਵੀਰ ਕੈਪਸ਼ਨ, ਘਟਨਾ ਵਾਲੀ ਥਾਂ

ਘਟਨਾ ਤੋਂ ਬਾਅਦ ਜਦੋਂ ਲੋਕ ਅਮਰਨਾਥ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਸਾਹ ਚੱਲ ਰਹੇ ਸਨ।

ਰਾਮਾਮੂਰਤੀ ਰੈੱਡੀ, ਜੋ ਉਨ੍ਹਾਂ ਕੋਲ ਸਭ ਤੋਂ ਪਹਿਲਾਂ ਪਹੁੰਚੇ ਸਨ, ਨੇ ਬੀਬੀਸੀ ਨੂੰ ਦੱਸਿਆ, "ਸਵੇਰ ਦੇ ਪੰਜ ਵੱਜੇ ਹੋਣਗੇ। ਮੈਂ ਸੌਂ ਰਿਹਾ ਸੀ। ਬਾਹਰੋਂ ਕੁਝ ਆਵਾਜ਼ਾਂ ਆ ਰਹੀਆਂ ਸਨ।''

''ਮੈਂ ਬਾਹਰ ਨਿਕਲਿਆ ਅਤੇ ਦੇਖਿਆ ਕਿ ਕੀ ਹੋ ਰਿਹਾ ਹੈ। ਉਹ ਬੱਚਾ ਬੁਰੀ ਤਰ੍ਹਾਂ ਸੜ ਗਿਆ ਸੀ। ਉਸ ਨੇ ਮੈਨੂੰ ਦੱਸਿਆ, ਮੈਂ ਮੁਸੱਲੈਆ ਦਾ ਦੋਹਤਾ ਹਾਂ। ਅਸੀਂ ਇੱਕ ਕੰਬਲ ਲੈਕੇ ਆਏ ਅਤੇ ਉਸ ਨੂੰ ਢੱਕ ਦਿੱਤਾ।"

ਰੈਡੀ ਨੇ ਦੱਸਿਆ, "ਉਹ ਕਹਿ ਰਿਹਾ ਸੀ ਕਿ ਉਸ ਨੂੰ ਬਹੁਤ ਸੜਨ ਮਹਿਸੂਸ ਹੋ ਰਹੀ ਹੈ ਅਤੇ ਅਸੀਂ ਉਸ 'ਤੇ ਪਾਣੀ ਪਾ ਦੇਈਏ। ਅਸੀਂ ਉਸ ਨੂੰ ਕਿਹਾ ਕਿ ਇਸ ਹਾਲਤ ਵਿੱਚ ਪਾਣੀ ਪਾਉਣਾ ਠੀਕ ਨਹੀਂ ਹੈ।''

''ਅਸੀਂ ਉਸ ਦੇ ਪਰਿਵਾਰ ਨੂੰ ਸੂਚਿਤ ਕਰਨ ਗਏ। ਜਦੋਂ ਤੱਕ ਅਸੀਂ ਘਰ ਪਹੁੰਚੇ, ਉਦੋਂ ਤੱਕ ਉਹ ਬੋਲ ਸਕਦਾ ਸੀ। ਐਂਬੂਲੈਂਸ ਦੇ ਆਉਣ ਦੀ ਉਡੀਕ ਕਰਦੇ ਹੋਏ ਅਸੀਂ ਉਸ ਨੂੰ ਇੱਕ ਕਾਰ ਵਿੱਚ ਪਾ ਲਿਆ। ਰਸਤੇ ਵਿੱਚ ਐਂਬੂਲੈਂਸ ਮਿਲ ਗਈ ਅਤੇ ਉਸ ਨੂੰ ਉਸ ਵਿੱਚ ਪਾ ਕੇ ਆਕਸੀਜਨ ਦਿੱਤੀ ਗਈ। ਪਰ ਉਹ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ। ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।"

ਇੱਕ ਹੋਰ ਪਿੰਡ ਵਾਸੀ ਮੂਰਤੀ ਰੈੱਡੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਤੱਕ ਅਸੀਂ ਮੌਕੇ 'ਤੇ ਪਹੁੰਚੇ, ਉਦੋਂ ਤੱਕ ਉੱਥੇ ਕੋਈ ਨਹੀਂ ਸੀ, ਸਿਰਫ਼ ਜ਼ਖ਼ਮੀ ਅਮਰਨਾਥ ਪਿਆ ਹੋਇਆ ਸੀ। ਅੱਗ ਮੱਕੀ ਦੀਆਂ ਬੋਰੀਆਂ ਤੱਕ ਪਹੁੰਚ ਰਹੀ ਸੀ। ਉਸ ਨੂੰ ਤੁਰੰਤ ਬੁਝਾਇਆ ਗਿਆ।''

ਘਟਨਾ 'ਤੇ ਸਿਆਸਤ

ਪੁਲਿਸ
ਤਸਵੀਰ ਕੈਪਸ਼ਨ, ਸੁਰੱਖਿਆ ਦੇ ਮੱਦੇਨਜ਼ਰ, ਇਲਾਕੇ ਵਿੱਚ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ

ਇਸ ਮਾਮਲੇ ਵਿੱਚ ਮੁਲਜ਼ਮ ਉੱਚ ਜਾਤੀ ਨਾਲ ਸਬੰਧਤ ਹੈ ਜਦਕਿ ਪੀੜਤ ਪੱਛੜੀ ਜਾਤੀ ਨਾਲ ਸਬੰਧਤ ਹੈ। ਇਸ ਕਾਰਨ ਇਲਾਕੇ ਵਿੱਚ ਸਿਆਸੀ ਤਣਾਅ ਬਣਿਆ ਹੋਇਆ ਹੈ।

ਇਸ ਘਟਨਾ 'ਤੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਕਿੰਨੀ ਖਰਾਬ ਹੈ।

ਰੇਪੱਲੇ ਹਲਕੇ ਦੇ ਵਿਧਾਇਕ ਅਨਾਗਨੀ ਸਤਿਆਪ੍ਰਸਾਦ, ਚੇਰੂਕੁਪੱਲੀ 'ਚ ਧਰਨੇ 'ਤੇ ਬੈਠ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਪਛੜੀਆਂ ਜਾਤਾਂ ਦੇ ਲੋਕਾਂ ਨੂੰ ਕੋਈ ਸੁਰੱਖਿਆ ਨਹੀਂ ਮਿਲਦੀ।

ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਮੁੱਢਲੀ ਜਾਣਕਾਰੀ ਇਕੱਠੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਰੇਪੱਲੇ ਦੇ ਡੀਐਸਪੀ ਮੁਰਲੀ ਕ੍ਰਿਸ਼ਨਾ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਦੀ ਭਾਲ਼ ਕਰ ਰਹੀ ਹੈ ਅਤੇ ਜਲਦ ਹੀ ਉਸ ਨੂੰ ਫੜ੍ਹ ਲਿਆ ਜਾਵੇਗਾ।

ਬੀਬੀਸੀ ਨਾਲ ਗੱਲ ਕਰਦਿਆਂ ਡੀਐਸਪੀ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕਤਲ ਤੋਂ ਇਲਾਵਾ ਪੋਕਸੋ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਉਸ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰੇਗੀ।

ਇਲਾਕੇ ਵਿੱਚ ਤਣਾਅ

ਮ੍ਰਿਤਕ ਉੱਪਲਾ ਵੇਰੀ ਪੇਲਮ ਪਿੰਡ ਦਾ ਵਸਨੀਕ ਹੈ ਜੋ ਰਾਜਾਵੋਲੂ ਪੰਚਾਇਤ ਅਧੀਨ ਆਉਂਦਾ ਹੈ। ਸੁਰੱਖਿਆ ਲਈ ਦੋਵਾਂ ਥਾਵਾਂ 'ਤੇ ਪੁਲਿਸ ਤੈਨਾਤ ਕੀਤੀ ਗਈ ਹੈ।

ਸੱਤਾਧਾਰੀ ਵਾਈਐਸਆਰਸੀਪੀ ਸੰਸਦ ਮੈਂਬਰ ਮੋਪੀਦੇਵੀ ਵੈਂਕਟਰਮਨ ਜਦੋਂ ਪੀੜਤ ਪਰਿਵਾਰ ਨੂੰ ਮਿਲਣ ਗਏ ਤਾਂ ਟੀਡੀਪੀ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ।

ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਰੋਸ ਹੈ। ਸੱਤਾਧਾਰੀ ਸੰਸਦ ਮੈਂਬਰ ਨੂੰ ਵੀ ਪੀੜਤ ਪਰਿਵਾਰ ਦੇ ਘਰੋਂ ਜਲਦ ਹੀ ਪਰਤਣਾ ਪਿਆ।

ਮੁਲਜ਼ਮ ਦਾ ਪਰਿਵਾਰ ਛੋਟੀ ਜਿਹੀ ਝੌਂਪੜੀ ਵਿੱਚ ਰਹਿੰਦਾ ਹੈ। ਘਟਨਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਘਰ ਖਾਲੀ ਕਰਕੇ ਚਲੇ ਗਏ ਹਨ। ਮੁਲਜ਼ਮ ਦਾ ਪੱਖ ਪੇਸ਼ ਕਰਨ ਲਈ ਉੱਥੇ ਕੋਈ ਮੌਜੂਦ ਨਹੀਂ ਸੀ।

ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਜਥੇਬੰਦੀਆਂ ਨੇ ਲਾਸ਼ ਨੂੰ ਚਾਰ ਘੰਟੇ ਤੱਕ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਜਦੋਂ ਅਧਿਕਾਰੀਆਂ ਨੇ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਉਨ੍ਹਾਂ ਆਪਣਾ ਧਰਨਾ ਸਮਾਪਤ ਕਰ ਦਿੱਤਾ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)