ਸਵਾਮੀ ਵਿਵੇਕਾਨੰਦ : ਇੱਕ ਰਸਗੁੱਲੇ ਨੇ ਕਿਵੇਂ ਬਦਲ ਦਿੱਤਾ ਸੀ ਜੀਵਨ, ਜ਼ਿੰਦਗੀ ਦੇ ਹੋਰ ਰੋਚਕ ਕਿੱਸੇ

- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
(4 ਜੁਲਾਈ ਸਵਾਮੀ ਵਿਵੇਕਾਨੰਦ ਜੀ ਦੀ ਬਰਸੀ ਦਾ ਦਿਹਾੜਾ ਹੈ )
ਕੀ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਸਕਦਾ ਹੈ ਕਿ ਸਵਾਮੀ ਵਿਵੇਕਾਨੰਦ ਦੇ ਜੀਵਨ ਨੂੰ ਬਦਲ ਦੇਣ ਵਿੱਚ ‘ਰੌਸ਼ੋਗੁੱਲਾ’ (ਰਸਗੁੱਲਾ) ਦਾ ਬਹੁਤ ਵੱਡਾ ਹੱਥ ਰਿਹਾ ਹੈ? ਸਵਾਮੀ ਵਿਵੇਕਾਨੰਦ ਨੂੰ ਬਚਪਨ ਤੋਂ ਹੀ ਖਾਣ ਅਤੇ ਖੁਆਉਣ ਦਾ ਸ਼ੌਕ ਸੀ।
‘ਸਵਾਮੀ ਵਿਵੇਕਾਨੰਦ ਦਿ ਫੀਸਟਿੰਗ, ਫਾਸਟਿੰਗ ਮੌਂਕ’ ਯਾਨੀ ‘ਸਵਾਮੀ ਵਿਵੇਕਾਨੰਦ ਦਾਵਤ ਅਤੇ ਵਰਤ ਵਾਲੇ ਸੰਤ’, ਇਹ ਉਨ੍ਹਾਂ ਦੀ ਇੱਕ ਜੀਵਨੀ ਦਾ ਨਾਂ ਹੈ ਅਤੇ ਅਜਿਹਾ ਨਾਂ ਇੰਜ ਹੀ ਨਹੀਂ ਹੈ।
ਖਾਣ ਵਿੱਚ ਉਨ੍ਹਾਂ ਦੀ ਦਿਲਚਸਪੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵੇਦ ਅਤੇ ਵੇਦਾਂਤ ’ਤੇ ਕੋਈ ਕਿਤਾਬ ਖਰੀਦਣ ਤੋਂ ਬਹੁਤ ਪਹਿਲਾਂ ਉਨ੍ਹਾਂ ਨੇ ਕਿਸ਼ਤਾਂ ’ਤੇ ਫਰੈਂਚ ਕੁਕਿੰਗ ਦੀ ਇਨਸਾਈਕਲੋਪੀਡੀਆ ਖਰੀਦ ਲਈ ਸੀ।
ਦੁਨੀਆ ਦੇ ਸਾਰੇ ਫਲਾਂ ਵਿੱਚ ਉਨ੍ਹਾਂ ਨੂੰ ਸਭ ਤੋਂ ਚੰਗਾ ਲੱਗਦਾ ਸੀ ਅਮਰੂਦ। ਇਸ ਦੇ ਇਲਾਵਾ ਉਹ ਮੁਲਾਇਮ ਨਾਰੀਅਲ ਵਿੱਚ ਚੀਨੀ ਅਤੇ ਬਰਫ਼ ਮਿਲਾ ਕੇ ਖਾਣ ਦੇ ਵੀ ਸ਼ੌਕੀਨ ਸਨ। ਗਾਂਧੀ ਜੀ ਦੀ ਤਰ੍ਹਾਂ ਉਹ ਵੀ ਬੱਕਰੀ ਦਾ ਦੁੱਧ ਪੀਂਦੇ ਸਨ।
ਆਈਸਕਰੀਮ ਵੀ ਵਿਵੇਕਾਨੰਦ ਦੀ ਕਮਜ਼ੋਰੀ ਹੋਇਆ ਕਰਦੀ ਸੀ। ਉਸ ਨੂੰ ਉਹ ਹਮੇਸ਼ਾ ਕੁਲਫੀ ਕਹਿੰਦੇ ਸਨ। ਅਮਰੀਕਾ ਦੇ ਜ਼ੀਰੋ ਡਿਗਰੀ ਤੋਂ ਵੀ ਘੱਟ ਤਾਪਮਾਨ ਵਿੱਚ ਵਿਵੇਕਾਨੰਦ ਚੌਕਲੇਟ ਆਈਸਕਰੀਮ ਖਾਣ ਦਾ ਕੋਈ ਮੌਕਾ ਨਹੀਂ ਛੱਡਦੇ ਸਨ।
ਇੱਕ ਦਿਨ ਉਨ੍ਹਾਂ ਦੇ ਚਚੇਰੇ ਭਰਾ ਰਾਮਚੰਦਰ ਦੱਤਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨਾਲ ਦਕਸ਼ੀਨੇਸ਼ਵਰ ਮੰਦਿਰ ਚੱਲਣ ਜਿੱਥੇ ਰਾਮਕ੍ਰਿਸ਼ਨ ਪਰਮਹੰਸ ਹਰ ਆਉਣ ਵਾਲੇ ਨੂੰ ਰੌਸ਼ੋਗੁੱਲਾ ਖੁਆਉਂਦੇ ਹਨ।
ਵਿਵੇਕਾਨੰਦ ਨੇ ਆਪਣੇ ਭਰਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਉੱਥੇ ਰੌਸ਼ੋਗੁੱਲਾ ਨਹੀਂ ਮਿਲਿਆ ਤਾਂ ਉਹ ਰਾਮਕ੍ਰਿਸ਼ਨ ਦੇ ਕੰਨ ਖਿੱਚਣਗੇ। ਜ਼ਾਹਿਰ ਹੈ, ਵਿਵੇਕਾਨੰਦ ਨੂੰ ਉੱਥੇ ਨਿਰਾਸ਼ ਨਹੀਂ ਹੋਣਾ ਪਿਆ ਅਤੇ ਉਹ ਰਾਮਕ੍ਰਿਸ਼ਨ ਪਰਮਹੰਸ ਦੇ ਚੇਲੇ ਬਣ ਗਏ।

ਤਸਵੀਰ ਸਰੋਤ, RUPA & COMPANY
ਬਚਪਨ ਤੋਂ ਹੀ ਸੰਨਿਆਸੀ ਬਣਨਾ ਚਾਹੁੰਦੇ ਸਨ
ਬਚਪਨ ਵਿੱਚ ਵਿਵੇਕਾਨੰਦ ਬਹੁਤ ਸ਼ਰਾਰਤੀ ਸਨ। ਉਨ੍ਹਾਂ ਨੂੰ ਸ਼ਾਂਤ ਕਰਨ ਦਾ ਇੱਕ ਹੀ ਤਰੀਕਾ ਸੀ, ਉਨ੍ਹਾਂ ਦੇ ਸਿਰ ’ਤੇ ਪਾਣੀ ਪਾਉਣਾ।
ਵਿਵੇਕਾਨੰਦ ਨੂੰ ਘੁਮੱਕੜ ਸਾਧੂਆਂ ਨਾਲ ਬਹੁਤ ਲਗਾਅ ਸੀ। ਉਨ੍ਹਾਂ ਦੀ ਆਵਾਜ਼ ਸੁਣਦੇ ਹੀ ਉਹ ਆਪਣੇ ਘਰ ਤੋਂ ਬਾਹਰ ਆ ਜਾਂਦੇ ਸਨ।
ਸਾਧੂਆਂ ਦੇ ਪ੍ਰਤੀ ਵਿਵੇਕਾਨੰਦ ਦੇ ਮੋਹ ਦਾ ਆਲਮ ਇਹ ਸੀ ਕਿ ਸਾਧੂਆਂ ਦੀ ਆਵਾਜ਼ ਸੁਣਦੇ ਹੀ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੇ ਜਾਣ ਦੇ ਬਾਅਦ ਹੀ ਉਨ੍ਹਾਂ ਨੂੰ ਕੱਢਿਆ ਜਾਂਦਾ ਸੀ।
ਬਚਪਨ ਤੋਂ ਹੀ ਉਹ ਖੁਦ ਸੰਨਿਆਸੀ ਬਣਨਾ ਚਾਹੁੰਦੇ ਸਨ, ਜਿਸ ਉਮਰ ਵਿੱਚ ਬੱਚੇ ਅੱਖਰਾਂ ਨੂੰ ਪਛਾਣਨਾ ਸ਼ੁਰੂ ਕਰਦੇ ਹਨ, ਵਿਵੇਕਾਨੰਦ ਨੇ ਲਿਖਣਾ ਅਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਦੀ ਯਾਦਦਾਸ਼ਤ ਕਮਾਲ ਦੀ ਸੀ ਅਤੇ ਇੱਕ ਵਾਰ ਪੜ੍ਹਨ ’ਤੇ ਪੂਰੀ ਕਿਤਾਬ ਉਨ੍ਹਾਂ ਨੂੰ ਯਾਦ ਹੋ ਜਾਂਦੀ ਸੀ।
ਖੇਡਾਂ ਵਿੱਚ ਉਨ੍ਹਾਂ ਨੂੰ ਤੈਰਾਕੀ, ਕੁਸ਼ਤੀ ਅਤੇ ਲਾਠੀ ਚਲਾਉਣਾ ਪਸੰਦ ਸੀ। ਉਹ ਛਟੀਆਂ ਨਾਲ ਤਲਵਾਰਬਾਜ਼ੀ ਦਾ ਅਭਿਆਸ ਵੀ ਕਰਦੇ ਸਨ।
ਰਾਏਪੁਰ ਵਿੱਚ ਆਪਣੀ ਠਹਿਰ ਦੌਰਾਨ ਉਨ੍ਹਾਂ ਨੇ ਸ਼ਤਰੰਜ ’ਤੇ ਵੀ ਮੁਹਾਰਤ ਹਾਸਲ ਕਰ ਲਈ ਸੀ।
ਉਨ੍ਹਾਂ ਨੇ ਵੱਡੇ-ਵੱਡੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਦੀ ਬਕਾਇਦਾ ਟਰੇਨਿੰਗ ਲਈ ਸੀ ਅਤੇ ਬਹੁਤ ਕੁਸ਼ਲਤਾ ਨਾਲ ਪਖਾਵਜ, ਤਬਲਾ, ਇਸਰਾਜ ਅਤੇ ਸਿਤਾਰ ਵਜਾ ਲੈਂਦੇ ਸਨ, ਪਰ ਉਨ੍ਹਾਂ ਦੀ ਸਭ ਤੋਂ ਵੱਧ ਦਿਲਚਸਪੀ ਸ਼ਾਸਤਰੀ ਗਾਇਨ ਵਿੱਚ ਸੀ।
ਇਹ ਉਨ੍ਹਾਂ ਦੀ ਗਾਇਕੀ ਹੀ ਸੀ ਜੋ ਉਨ੍ਹਾਂ ਨੂੰ ਆਪਣੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਦੇ ਨਜ਼ਦੀਕ ਲੈ ਗਈ ਸੀ। ਉਹ ਉਨ੍ਹਾਂ ਦੀ ਗਾਇਕੀ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਸਨ ਕਿ ਇੱਕ ਵਾਰ ਉਨ੍ਹਾਂ ਨੂੰ ਸੁਣਦੇ-ਸੁਣਦੇ ਉਹ ਸਮਾਧੀ ਵਿੱਚ ਚਲੇ ਗਏ ਸਨ।

ਤਸਵੀਰ ਸਰੋਤ, RUPA & COMPANY
ਰਾਮਕ੍ਰਿਸ਼ਨ ਪਰਮਹੰਸ ਦੇ ਚੇਲੇ ਬਣੇ
ਹਰ ਪਿਤਾ ਦੀ ਤਰ੍ਹਾਂ ਵਿਵੇਕਾਨੰਦ ਦੇ ਪਿਤਾ ਵਿਸ਼ਵਨਾਥ ਵੀ ਉਨ੍ਹਾਂ ਦਾ ਵਿਆਹ ਕਰ ਦੇਣਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਇਸ ਦੇ ਖਿਲਾਫ਼ ਸਨ।
ਵਿਵੇਕਾਨੰਦ ਨੇ ਬ੍ਰਹਮਚਾਰਿਆ ਅਪਣਾਉਣ ਅਤੇ ਸਾਧੂ ਦਾ ਜੀਵਨ ਜਿਉਣ ਦਾ ਫੈਸਲਾ ਕੀਤਾ।
ਪਿਤਾ ਦੀ ਮੌਤ ਦੇ ਬਾਅਦ ਸਭ ਤੋਂ ਵੱਡਾ ਪੁੱਤਰ ਹੋਣ ਦੇ ਨਾਤੇ ਸੱਤ ਲੋਕਾਂ ਦਾ ਪਰਿਵਾਰ ਚਲਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਉੱਪਰ ਆ ਪਈ। ਉਨ੍ਹਾਂ ਨੇ ਕੁਝ ਦਿਨਾਂ ਤੱਕ ਮੈਟਰੋਪੌਲੀਟਨ ਇੰਸਟੀਚਿਊਟ ਵਿੱਚ ਅਧਿਆਪਨ ਦਾ ਕੰਮ ਕੀਤਾ।
ਵਿਵੇਕਾਨੰਦ ਦੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਸਾਦਗੀ ਅਤੇ ਨੈਤਿਕ ਅਧਿਆਤਮ ਦੇ ਪ੍ਰਤੀਕ ਸਨ। ਰਾਮਕ੍ਰਿਸ਼ਨ ਪਰਮਹੰਸ ਨੂੰ ਪੂਰਾ ਯਕੀਨ ਸੀ ਕਿ ਵਿਵੇਕਾਨੰਦ ਉਨ੍ਹਾਂ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚਾਉਣਗੇ।
ਜੁਲਾਈ, 1886 ਆਉਂਦੇ-ਆਉਂਦੇ ਰਾਮਕ੍ਰਿਸ਼ਨ ਦੀ ਸਿਹਤ ਤੇਜ਼ੀ ਨਾਲ ਖਰਾਬ ਹੋਣ ਲੱਗੀ ਸੀ। ਉਨ੍ਹਾਂ ਨੂੰ ਗਲੇ ਦਾ ਕੈਂਸਰ ਸੀ।

ਤਸਵੀਰ ਸਰੋਤ, RKMDELHI.ORG
ਆਖਰੀ ਸਮੇਂ ਵਿੱਚ ਉਨ੍ਹਾਂ ਨੇ ਆਪਣੇ ਸਾਰੇ ਚੇਲਿਆਂ ਨੂੰ ਬੁਲਾ ਕੇ ਕਿਹਾ ਸੀ ਕਿ ਵਿਵੇਕਾਨੰਦ ਉਨ੍ਹਾਂ ਦੇ ਉਤਰਾਧਿਕਾਰੀ ਹਨ। ਇਸ ਦੇ ਬਾਅਦ 16 ਅਗਸਤ, 1886 ਨੂੰ ਰਾਮਕ੍ਰਿਸ਼ਨ ਮਹਾਸਮਾਧੀ ਵਿੱਚ ਚਲੇ ਗਏ।
ਉਸ ਦੇ ਬਾਅਦ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ।
ਸਾਲ 1898 ਵਿੱਚ ਕਲਕੱਤਾ ਵਿੱਚ ਪਲੇਗ ਦੀ ਮਹਾਂਮਾਰੀ ਫੈਲੀ। ਹਜ਼ਾਰਾਂ ਲੋਕਾਂ ਨੇ ਬਿਮਾਰੀ ਦੇ ਡਰ ਨਾਲ ਕਲਕੱਤਾ ਛੱਡ ਦਿੱਤਾ।
ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸੈਨਾ ਨੂੰ ਬੁਲਾ ਲਿਆ ਗਿਆ। ਉਸ ਸਮੇਂ ਵਿਵੇਕਾਨੰਦ ਨੇ ਕਲਕੱਤਾ ਵਿੱਚ ਰੁਕ ਕੇ ਲੋਕਾਂ ਦੇ ਵਿਚਕਾਰ ਰਾਹਤ ਕਾਰਜ ਦਾ ਬੀੜਾ ਚੁੱਕਿਆ।

ਵਿਵੇਕਾਨੰਦ ਬਾਰੇ ਕੁਝ ਦਿਲਚਸਪ ਗੱਲਾਂ
- ਵੇਦ ਅਤੇ ਵੇਦਾਂਤ ’ਤੇ ਕੋਈ ਕਿਤਾਬ ਖਰੀਦਣ ਤੋਂ ਬਹੁਤ ਪਹਿਲਾਂ ਉਨ੍ਹਾਂ ਨੇ ਕਿਸ਼ਤਾਂ ’ਤੇ ਫਰੈਂਚ ਕੁਕਿੰਗ ਦੀ ਇਨਸਾਈਕਲੋਪੀਡੀਆ ਖਰੀਦੀ ਸੀ।
- ਉਹ ਬੱਕਰੀ ਦਾ ਦੁੱਧ ਪੀਂਦੇ ਸਨ। ਅਮਰੂਦ ਉਨ੍ਹਾਂ ਦਾ ਪਸੰਦੀਦਾ ਫਲ ਸੀ ਅਤੇ ਆਈਸਕਰੀਮ ਉਨ੍ਹਾਂ ਦੀ ਕਮਜ਼ੋਰੀ ਹੋਇਆ ਕਰਦੀ ਸੀ।
- ਉਨ੍ਹਾਂ ਨੇ ਵੱਡੇ-ਵੱਡੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਦੀ ਬਕਾਇਦਾ ਟਰੇਨਿੰਗ ਲਈ ਸੀ ਅਤੇ ਕਈ ਵਾਦ ਯੰਤਰ ਵਜਾ ਲੈਂਦੇ ਸਨ। ਉਨ੍ਹਾਂ ਨੇ ਕੁਝ ਦਿਨਾਂ ਤੱਕ ਮੈਟਰੋਪੌਲੀਟਨ ਇੰਸਟੀਚਿਊਟ ਵਿੱਚ ਅਧਿਆਪਨ ਦਾ ਕੰਮ ਕੀਤਾ।
- ਕਦੇ-ਕਦੇ ਉਹ ਆਪਣਾ ਹੀ ਮਜ਼ਾਕ ਉਡਾਉਂਦੇ ਹੋਏ ਆਪਣੇ ਆਪ ਨੂੰ ‘ਮੋਟਾ ਸਵਾਮੀ’ ਕਹਿੰਦੇ ਸਨ।
- ਉਹ ਚੰਗੀ ਤਰ੍ਹਾਂ ਨਹੀਂ ਸੌਂ ਸਕਦੇ ਸਨ। ਬਹੁਤ ਕੋਸ਼ਿਸ਼ ਕਰਨ ’ਤੇ ਉਹ ਇੱਕ ਬਾਰ ਵਿੱਚ 15 ਮਿੰਟ ਤੋਂ ਜ਼ਿਆਦਾ ਨਹੀਂ ਸੌਂ ਸਕਦੇ ਸਨ।
- ਇੱਕ ਵਾਰ ਜਦੋਂ ਉਹ ਟਰੇਨ ਵਿੱਚ ਸਫ਼ਰ ਕਰ ਰਹੇ ਸਨ ਤਾਂ ਇੱਕ ਛੋਟੇ ਸਟੇਸ਼ਨ ’ਤੇ ਟਰੇਨ ਨਹੀਂ ਰੁਕੀ। ਲੋਕਾਂ ਨੇ ਰੇਲਵੇ ਟਰੈਕ ’ਤੇ ਲੇਟ ਕੇ ਉੱਥੇ ਜ਼ਬਰਦਸਤੀ ਟਰੇਨ ਰੁਕਵਾਈ।
- ਉਨ੍ਹਾਂ ਨੂੰ ਜਾਨਵਰ ਪਾਲਣ ਦਾ ਸ਼ੌਕ ਸੀ। ਉਨ੍ਹਾਂ ਦੇ ਕੁੱਤੇ ‘ਬਾਘਾ’ ਨੂੰ ਮੱਠ ਦੇ ਅੰਦਰ ਹੀ ਗੰਗਾ ਨਦੀ ਦੇ ਕਿਨਾਰੇ ਦਫ਼ਨਾਇਆ ਗਿਆ ਸੀ।
- ਇੱਕ ਵਾਰ ਜਦੋਂ ਵੈਦ ਨੇ ਉਨ੍ਹਾਂ ਦੇ ਪਾਣੀ ਪੀਣ ਅਤੇ ਲੂਣ ਖਾਣ ’ਤੇ ਰੋਕ ਲਾਈ ਤਾਂ ਉਨ੍ਹਾਂ ਨੇ 21 ਦਿਨਾਂ ਤੱਕ ਇੱਕ ਬੂੰਦ ਵੀ ਪਾਣੀ ਨਹੀਂ ਪੀਤਾ।

ਚੰਗੀ ਸ਼ਖ਼ਸੀਅਤ ਦੇ ਮਾਲਕ
ਵਿਵੇਕਾਨੰਦ ਦਾ ਕੱਦ-ਕਾਠ ਅਤੇ ਡੀਲਡੌਲ ਚੰਗੀ ਸੀ। ਉਹ ਬਹੁਤ ਤਰਕਵਾਦੀ ਸਨ ਅਤੇ ਹਰ ਮਹਿਫਿਲ ਦੀ ਜਾਨ ਹੋਇਆ ਕਰਦੇ ਸਨ।
ਰੋਮਿਆ ਰੋਲਾਂ ਨੇ ਆਪਣੀ ਮਸ਼ਹੂਰ ਕਿਤਾਬ ‘ਲਾਈਫ ਆਫ ਵਿਵੇਕਾਨੰਦ’ ਵਿੱਚ ਲਿਖਿਆ ਸੀ, ‘‘ਸਵਾਮੀਜੀ ਦਾ ਸਰੀਰ ਇੱਕ ਪਹਿਲਵਾਨ ਦੀ ਤਰ੍ਹਾਂ ਮਜ਼ਬੂਤ ਅਤੇ ਸ਼ਕਤੀਸ਼ਾਲੀ ਸੀ। ਉਹ 5 ਫੁੱਟ ਸਾਢੇ 8 ਇੰਚ ਲੰਬੇ ਸਨ। ਉਨ੍ਹਾਂ ਦਾ ਸੀਨਾ ਚੌੜਾ ਸੀ ਅਤੇ ਉਨ੍ਹਾਂ ਦੀ ਦਮਦਾਰ ਆਵਾਜ਼ ਸੀ।’’
‘‘ਸਭ ਦੇ ਆਕਰਸ਼ਣ ਦਾ ਕੇਂਦਰ ਸਨ, ਉਨ੍ਹਾਂ ਦਾ ਚੌੜਾ ਮੱਥਾ ਅਤੇ ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ਅੱਖਾਂ ਸਨ। ਜਦੋਂ ਉਹ ਅਮਰੀਕਾ ਗਏ ਤਾਂ ਇੱਕ ਪੱਤਰਕਾਰ ਨੇ ਅਨੁਮਾਨ ਲਾਇਆ ਸੀ ਕਿ ਉਨ੍ਹਾਂ ਦਾ ਵਜ਼ਨ 102 ਕਿਲੋ ਰਿਹਾ ਹੋਵੇਗਾ। ਕਦੇ-ਕਦੇ ਉਹ ਆਪਣਾ ਮਜ਼ਾਕ ਉਡਾਉਂਦੇ ਹੋਏ ਆਪਣੇ ਆਪ ਨੂੰ ‘ਮੋਟਾ ਸਵਾਮੀ’ ਕਹਿ ਕੇ ਬੁਲਾਉਂਦੇ ਸਨ।’’
ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਸੀ ਚੰਗੀ ਤਰ੍ਹਾਂ ਸੌਂ ਨਾ ਸਕਣਾ। ਉਹ ਆਪਣੇ ਬਿਸਤਰੇ ’ਤੇ ਕਰਵਟਾਂ ਬਦਲਦੇ ਰਹਿੰਦੇ ਸਨ, ਪਰ ਨੀਂਦ ਦਾ ਦੂਰ-ਦੂਰ ਤੱਕ ਨਾਮ ਨਿਸ਼ਾਨ ਨਹੀਂ ਹੁੰਦਾ ਸੀ। ਬਹੁਤ ਕੋਸ਼ਿਸ਼ ਕਰਕੇ ਵੀ ਉਹ ਇੱਕ ਵਾਰ ਵਿੱਚ 15 ਮਿੰਟ ਤੋਂ ਜ਼ਿਆਦਾ ਸੌਂ ਨਹੀਂ ਸਕਦੇ ਸਨ।

ਤਸਵੀਰ ਸਰੋਤ, RUPA & COMPANY
ਮੈਸੂਰ ਦੇ ਮਹਾਰਾਜਾ ਨੇ ਭੇਜਿਆ ਅਮਰੀਕਾ
ਵਿਵੇਕਾਨੰਦ ਨੇ ਪੂਰੇ ਭਾਰਤ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਉਹ ਵਾਰਾਣਸੀ ਗਏ ਜਿੱਥੇ ਉਨ੍ਹਾਂ ਨੇ ਕਈ ਵਿਦਵਾਨਾਂ ਅਤੇ ਸੰਨਿਆਸੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਉਨ੍ਹਾਂ ਨੇ ਸਾਰਨਾਥ ਦਾ ਵੀ ਦੌਰਾ ਕੀਤਾ ਜਿੱਥੇ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਇਸ ਦੇ ਬਾਅਦ ਉਹ ਅਯੁੱਧਿਆ ਅਤੇ ਲਖਨਊ ਹੁੰਦੇ ਹੋਏ ਆਗਰਾ ਗਏ।
ਇਸ ਦੇ ਬਾਅਦ ਉਹ ਬੰਬਈ ਗਏ। ਉੱਥੋਂ ਉਹ ਜਦੋਂ ਪੂਨਾ ਲਈ ਨਿਕਲੇ ਤਾਂ ਸੰਜੋਗ ਨਾਲ ਉਹ ਅਤੇ ਬਾਲ ਗੰਗਾਧਰ ਤਿਲਕ ਇੱਕ ਹੀ ਕਾਰ ਵਿੱਚ ਬੈਠੇ।
ਦੋਵਾਂ ਵਿਚਕਾਰ ਗਹਿਰੀ ਗੱਲਬਾਤ ਹੋਈ ਅਤੇ ਤਿਲਕ ਨੇ ਉਨ੍ਹਾਂ ਨੂੰ ਆਪਣੇ ਨਾਲ ਪੂਨਾ ਵਿੱਚ ਰਹਿਣ ਦਾ ਸੱਦਾ ਦਿੱਤਾ। ਵਿਵੇਕਾਨੰਦ ਨੇ ਤਿਲਕ ਨਾਲ ਪੂਰੇ 10 ਦਿਨ ਬਿਤਾਏ। ਇਸ ਦੇ ਬਾਅਦ ਵਿਵੇਕਾਨੰਦ ਟਰੇਨ ਤੋਂ ਬੰਗਲੌਰ ਲਈ ਰਵਾਨਾ ਹੋ ਗਏ।

ਤਸਵੀਰ ਸਰੋਤ, RUPA & COMPANY
ਉੱਥੋਂ ਉਹ ਮੈਸੂਰ ਗਏ ਜਿੱਥੋਂ ਉਹ ਮਹਾਰਾਜਾ ਦੇ ਮਹਿਮਾਨ ਬਣ ਕੇ ਰਹੇ। ਇੱਕ ਦਿਨ ਮਹਾਰਾਜਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਨ੍ਹਾਂ ਲਈ ਕੀ ਕਰ ਸਕਦੇ ਹਨ। ਸਵਾਮੀਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਅਮਰੀਕਾ ਵਿੱਚ ਜਾ ਕੇ ਭਾਰਤ ਦੇ ਦਰਸ਼ਨ ਅਤੇ ਸੰਸਕ੍ਰਿਤੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ।
ਮਹਾਰਾਜਾ ਤੁਰੰਤ ਉਨ੍ਹਾਂ ਦੀ ਅਮਰੀਕਾ ਯਾਤਰਾ ਦਾ ਖਰਚ ਉਠਾਉਣ ਲਈ ਤਿਆਰ ਹੋ ਗਏ, ਪਰ ਵਿਵੇਕਾਨੰਦ ਨੇ ਉਸ ਸਮੇਂ ਮਹਾਰਾਜਾ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ, ਪਰ ਬਾਅਦ ਵਿੱਚ ਉਹ ਇਸ ਲਈ ਰਾਜ਼ੀ ਹੋ ਗਏ।
ਧਰਮ ਸੰਸਦ ਵਿੱਚ ਪ੍ਰਭਾਵਸ਼ਾਲੀ ਭਾਸ਼ਣ
31 ਮਈ 1893 ਨੂੰ ਮਦਰਾਸ ਤੋਂ ਸਟੀਮਰ ‘ਪੈਨਿਨਸੁਲਾ’ ਤੋਂ ਵਿਵੇਕਾਨੰਦ ਨੇ ਅਮਰੀਕਾ ਦਾ ਸਫ਼ਰ ਸ਼ੁਰੂ ਕੀਤਾ।
ਉਹ ਉਦੋਂ ਤੱਕ ਸਟੀਮਰ ਦੇ ਡੈੱਕ ’ਤੇ ਖੜ੍ਹੇ ਰਹੇ ਜਦੋਂ ਤੱਕ ਉਨ੍ਹਾਂ ਦੀ ਮਾਂ ਭੂਮੀ ਉਨ੍ਹਾਂ ਦੀਆਂ ਅੱਖਾਂ ਤੋਂ ਓਝਲ ਨਹੀਂ ਹੋ ਗਈ। ਉਨ੍ਹਾਂ ਦਾ ਸਟੀਮਰ ਕੋਲੰਬੋ, ਪੇਨਾਂਗ, ਸਿੰਗਾਪੁਰ ਅਤੇ ਹਾਂਗਕਾਂਗ ਹੁੰਦੇ ਹੋਏ ਨਾਗਾਸਾਕੀ ਪਹੁੰਚਿਆ।
14 ਜੁਲਾਈ ਨੂੰ ਉਹ ਜਪਾਨੀ ਬੰਦਰਗਾਹ ਯਾਕੋਹੋਮਾ ਤੋਂ ਅਮਰੀਕਾ ਲਈ ‘ਇੰਪ੍ਰੈੱਸ ਆਫ਼ ਇੰਡੀਆ’ ਜਹਾਜ਼ ’ਤੇ ਰਵਾਨਾ ਹੋਏ।

ਤਸਵੀਰ ਸਰੋਤ, RUPA & COMPANY
ਉਸ ਯਾਤਰਾ ਵਿੱਚ ਉਨ੍ਹਾਂ ਨਾਲ ਭਾਰਤ ਦੇ ਚੋਟੀ ਦੇ ਉਦਯੋਗਪਤੀ ਜਮਸ਼ੇਦਜੀ ਟਾਟਾ ਵੀ ਸਨ। ਦੋਵਾਂ ਵਿਚਕਾਰ ਇੱਥੋਂ ਜੋ ਦੋਸਤੀ ਸ਼ੁਰੂ ਹੋਈ, ਉਹ ਉਮਰ ਭਰ ਰਹੀ।
ਵੈਨਕੂਵਰ ਤੋਂ ਉਨ੍ਹਾਂ ਨੇ ਸ਼ਿਕਾਗੋ ਲਈ ਟਰੇਨ ਲਈ। ਸ਼ਿਕਾਗੋ ਦੀ ਧਰਮ ਸੰਸਦ ਵਿੱਚ ਭਾਗ ਲੈਣ ਲਈ ਪੂਰੀ ਦੁਨੀਆ ਤੋਂ ਹਜ਼ਾਰਾਂ ਪ੍ਰਤੀਨਿਧੀ ਆਏ ਹੋਏ ਸਨ। ਵਿਵੇਕਾਨੰਦ ਦੀ ਉਮਰ ਉਨ੍ਹਾਂ ਵਿੱਚੋਂ ਸਭ ਤੋਂ ਘੱਟ ਸੀ।
ਗੌਤਮ ਘੋਸ਼ ਆਪਣੀ ਕਿਤਾਬ ‘ਦਿ ਪ੍ਰੌਫੇਟ ਆਫ਼ ਮਾਡਰਨ ਇੰਡੀਆ, ਸਵਾਮੀ ਵਿਵੇਕਾਨੰਦ’ ਵਿੱਚ ਲਿਖਦੇ ਹਨ, ‘‘ਧਰਮ ਸੰਸਦ ਵਿੱਚ ਬੋਲਣ ਵਾਲਿਆਂ ਦੇ ਕ੍ਰਮ ਵਿੱਚ ਵਿਵੇਕਾਨੰਦ ਦਾ ਨੰਬਰ 31ਵਾਂ ਸੀ, ਪਰ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਸਭ ਤੋਂ ਅੰਤ ਵਿੱਚ ਬੋਲਣ ਦਿੱਤਾ ਜਾਵੇ। ਜਦੋਂ ਉਨ੍ਹਾਂ ਦੀ ਬਾਰੀ ਆਈ ਤਾਂ ਉਨ੍ਹਾਂ ਦਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਅਤੇ ਘਬਰਾਹਟ ਵਿੱਚ ਉਨ੍ਹਾਂ ਦੀ ਜੀਭ ਸੁੱਕ ਗਈ ਸੀ।’’
‘‘ਉਨ੍ਹਾਂ ਕੋਲ ਪਹਿਲਾਂ ਤੋਂ ਤਿਆਰ ਭਾਸ਼ਣ ਵੀ ਨਹੀਂ ਸੀ, ਪਰ ਉਨ੍ਹਾਂ ਨੇ ਮਾਂ ਸਰਸਵਤੀ ਨੂੰ ਧਿਆਇਆ ਅਤੇ ਜਿਵੇਂ ਹੀ ਡਾਕਟਰ ਬੈਰੋਜ਼ ਨੇ ਉਨ੍ਹਾਂ ਦਾ ਨਾਂ ਪੁਕਾਰਿਆ ਉਹ ਮੰਚ ’ਤੇ ਜਾ ਪਹੁੰਚੇ।’’
‘‘ਜਿਵੇਂ ਹੀ ਉਨ੍ਹਾਂ ਨੇ ਆਪਣੇ ਪਹਿਲੇ ਸ਼ਬਦ ਕਹੇ, ‘ਸਿਸਟਰਜ਼ ਐਂਡ ਬ੍ਰਦਰਜ਼ ਆਫ ਅਮੈਰਿਕਾ’ ਸਾਰੇ ਲੋਕ ਖੜ੍ਹੇ ਹੋ ਗਏ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਲਗਾਤਾਰ ਦੋ ਮਿੰਟ ਤੱਕ ਤਾਲੀਆਂ ਵਜਾਉਂਦੇ ਰਹੇ।’’

ਤਸਵੀਰ ਸਰੋਤ, RUPA & COMPANY
ਸਾਰੇ ਧਰਮਾਂ ਦੀ ਬਰਾਬਰੀ ਦਾ ਸੰਦੇਸ਼
ਜਿਵੇਂ ਹੀ ਤਾੜੀਆਂ ਵੱਜਣੀਆਂ ਬੰਦ ਹੋਈਆਂ ਵਿਵੇਕਾਨੰਦ ਨੇ ਆਪਣਾ ਛੋਟਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਹੀ ਦੁਨੀਆ ਦੇ ਸਭ ਤੋਂ ਵੱਧ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਅਮਰੀਕਾ ਨੂੰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਵਿੱਚੋਂ ਇੱਕ ਭਾਰਤ ਵੱਲੋਂ ਧੰਨਵਾਦ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਹਿੰਦੂ ਧਰਮ ਨੇ ਦੁਨੀਆ ਨੂੰ ਸਹਿਣਸ਼ੀਲਤਾ ਦਾ ਪਾਠ ਸਿਖਾਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆ ਦਾ ਕੋਈ ਧਰਮ ਇੱਕ ਦੂਜੇ ਤੋਂ ਬਿਹਤਰ ਜਾਂ ਖਰਾਬ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਧਰਮ ਇੱਕ ਹਨ ਜੋ ਈਸ਼ਵਰ ਵੱਲ ਜਾਣ ਦਾ ਰਸਤਾ ਦਿਖਾਉਂਦੇ ਹਨ।
ਇਸ ਦੇ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਕਈ ਨਗਰਾਂ ਵਿੱਚ ਭਾਸ਼ਣ ਦਿੱਤੇ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ।
ਧਰਮ ਸੰਸਦ ਵਿੱਚ ਉਨ੍ਹਾਂ ਦੇ ਭਾਸ਼ਣ ਨੇ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਹਰਮਨਪਿਆਰਾ ਬਣਾ ਦਿੱਤਾ। ਉਹ ਪੂਰੇ ਇੱਕ ਸਾਲ ਤੱਕ ਅਮਰੀਕਾ ਦੇ ਪੂਰਬੀ ਹਿੱਸੇ ਵਿੱਚ ਘੁੰਮਦੇ ਰਹੇ।
ਭਾਰਤ ਪਰਤਦੇ ਸਮੇਂ ਉਹ ਇੰਗਲੈਂਡ ਵਿੱਚ ਰੁਕੇ ਜਿੱਥੇ ਉਨ੍ਹਾਂ ਨੇ ਭਾਰਤ ਵਿੱਚ ਰੁਚੀ ਰੱਖਣ ਵਾਲੇ ਪ੍ਰੋਫੈਸਰ ਮੈਕਸ ਮੂਲਰ ਨਾਲ ਔਕਸਫੋਰਡ ਵਿੱਚ ਮੁਲਾਕਾਤ ਕੀਤੀ।
ਇੰਗਲੈਂਡ ਵਿੱਚ ਹੀ ਉਨ੍ਹਾਂ ਦੀ ਮੁਲਾਕਾਤ ਲਾਲ-ਬਾਲ-ਪਾਲ ਦੀ ਪ੍ਰਸਿੱਧੀ ਵਾਲੇ ਬਿਪਿੰਨ ਚੰਦਰ ਪਾਲ ਨਾਲ ਵੀ ਹੋਈ।
ਜਦੋਂ ਵਿਵੇਕਾਨੰਦ ਭਾਰਤ ਆਏ ਤਾਂ ਹਰ ਜਗ੍ਹਾ ਲੋਕ ਉਨ੍ਹਾਂ ਦੇ ਸਵਾਗਤ ਵਿੱਚ ਸੜਕਾਂ ’ਤੇ ਉਤਰ ਆਏ।
ਮਦਰਾਸ ਤੋਂ ਉਨ੍ਹਾਂ ਨੇ ਕੁੰਭਕੋਣਮ ਲਈ ਟਰੇਨ ਲਈ। ਰਸਤੇ ਵਿੱਚ ਪੈਣ ਵਾਲੇ ਹਰ ਸਟੇਸ਼ਨ ’ਤੇ ਲੋਕ ਉਨ੍ਹਾਂ ਦੇ ਦਰਸ਼ਨ ਲਈ ਇਕੱਠੇ ਹੋ ਗਏ।
ਇੱਕ ਛੋਟੇ ਸਟੇਸ਼ਨ ’ਤੇ ਜਿੱਥੇ ਟਰੇਨ ਨਹੀਂ ਰੁਕੀ, ਉੱਥੇ ਲੋਕਾਂ ਨੇ ਰੇਲਵੇ ਟਰੈਕ ’ਤੇ ਲੇਟ ਕੇ ਜ਼ਬਰਦਸਤੀ ਟਰੇਨ ਰੁਕਵਾਈ।
ਲੋਕਾਂ ਦੇ ਪ੍ਰੇਮ ਤੋਂ ਪ੍ਰਭਾਵਿਤ ਹੋ ਕੇ ਸਵਾਮੀ ਵਿਵੇਕਾਨੰਦ ਆਪਣੇ ਡੱਬੇ ਤੋਂ ਬਾਹਰ ਆ ਕੇ ਲੋਕਾਂ ਨੂੰ ਮਿਲੇ।

ਤਸਵੀਰ ਸਰੋਤ, PENGUIN
ਮਾੜੀ ਸਿਹਤ ਦੇ ਸ਼ਿਕਾਰ
ਜਦੋਂ ਦਸੰਬਰ, 1901 ਵਿੱਚ ਕਲਕੱਤਾ ਵਿੱਚ ਕਾਂਗਰਸ ਦਾ ਸੈਸ਼ਨ ਹੋਇਆ ਤਾਂ ਉਸ ਵਿੱਚ ਭਾਗ ਲੈਣ ਵਾਲੇ ਬਹੁਤ ਸਾਰੇ ਨੇਤਾਵਾਂ ਨੇ ਬੇਲੂਰ ਆ ਕੇ ਸਵਾਮੀ ਵਿਵੇਕਾਨੰਦ ਦੇ ਦਰਸ਼ਨ ਕੀਤੇ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਹਰ ਦੁਪਹਿਰ ਉਨ੍ਹਾਂ ਦੇ ਦਰਸ਼ਨ ਕਰਨ ਆਉਣ ਲੱਗੇ।
ਸਵਾਮੀ ਵਿਵੇਕਾਨੰਦ ਨੇ ਕਈ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮੁੱਦਿਆਂ ’ਤੇ ਉਨ੍ਹਾਂ ਨਾਲ ਗੱਲਾਂ ਕੀਤੀਆਂ। ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਵਿੱਚ ਬਾਲ ਗੰਗਾਧਰ ਤਿਲਕ ਵੀ ਸੀ। ਮਸ਼ਹੂਰ ਬਨਸਪਤੀ ਸ਼ਾਸਤਰੀ ਜਗਦੀਸ਼ ਚੰਦਰ ਬੋਸ ਵੀ ਉਨ੍ਹਾਂ ਦੇ ਕਰੀਬੀ ਮਿੱਤਰ ਸਨ।
ਸਵਾਮੀ ਵਿਵੇਕਾਨੰਦ ਨੂੰ ਜਾਨਵਰ ਪਾਲਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਕੋਲ ਬੱਤਖਾਂ, ਭੇਡਾਂ, ਗਾਵਾਂ ਅਤੇ ਬੱਕਰੀਆਂ ਸਨ। ਉਹ ਖੁਦ ਉਨ੍ਹਾਂ ਦਾ ਧਿਆਨ ਰੱਖਦੇ ਸਨ ਅਤੇ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਖਾਣਾ ਖੁਆਉਂਦੇ ਸਨ।
ਉਨ੍ਹਾਂ ਨੂੰ ਆਪਣੇ ਇੱਕ ਕੁੱਤੇ ‘ਬਾਘਾ’ ਨਾਲ ਬਹੁਤ ਪਿਆਰ ਸੀ। ਇਹੀ ਕਾਰਨ ਸੀ ਕਿ ਉਸ ਦੀ ਮੌਤ ਦੇ ਬਾਅਦ ਉਸ ਨੂੰ ਮੱਠ ਦੇ ਅੰਦਰ ਹੀ ਗੰਗਾ ਨਦੀ ਦੇ ਕਿਨਾਰੇ ਦਫ਼ਨਾਇਆ ਗਿਆ।
ਸਵਾਮੀ ਵਿਵੇਕਾਨੰਦ ਦੀ ਸਿਹਤ ਕਦੇ ਵੀ ਚੰਗੀ ਨਹੀਂ ਰਹੀ।
ਉਨ੍ਹਾਂ ਦੇ ਪੈਰਾਂ ਵਿੱਚ ਹਮੇਸ਼ਾਂ ਸੋਜ਼ ਰਹਿੰਦੀ ਸੀ। ਉਨ੍ਹਾਂ ਦੀ ਸੱਜੀ ਅੱਖ ਦੀ ਨਜ਼ਰ ਵੀ ਘੱਟ ਹੁੰਦੀ ਗਈ। ਉਨ੍ਹਾਂ ਨੂੰ ਹਮੇਸ਼ਾ ਬੁਖਾਰ ਰਹਿੰਦਾ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਰਹਿੰਦੀ ਸੀ।
ਉਨ੍ਹਾਂ ਦੀ ਛਾਤੀ ਵਿੱਚ ਖੱਬੇ ਪਾਸੇ ਦਰਦ ਵੀ ਰਹਿੰਦਾ ਸੀ। ਆਪਣੇ ਪਿਤਾ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਸ਼ੂਗਰ ਦੀ ਬਿਮਾਰੀ ਸੀ।
ਵਾਰਾਣਸੀ ਤੋਂ ਵਾਪਸ ਆਉਣ ’ਤੇ ਉਨ੍ਹਾਂ ਦੀ ਬਿਮਾਰੀ ਫਿਰ ਵਧ ਗਈ ਅਤੇ ਉਨ੍ਹਾਂ ਨੂੰ ਮਸ਼ਹੂਰ ਕਵਿਰਾਜ (ਵੈਦ) ਸਹਾਨੰਦ ਸੇਨਗੁਪਤਾ ਨੂੰ ਦਿਖਾਇਆ ਗਿਆ।
ਉਨ੍ਹਾਂ ਨੇ ਵਿਵੇਕਾਨੰਦ ਦੇ ਪਾਣੀ ਪੀਣ ਅਤੇ ਲੂਣ ਖਾਣ ’ਤੇ ਰੋਕ ਲਾ ਦਿੱਤੀ। ਉਨ੍ਹਾਂ ਨੇ ਅਗਲੇ 21 ਦਿਨਾਂ ਤੱਕ ਇੱਕ ਬੂੰਦ ਵੀ ਪਾਣੀ ਨਹੀਂ ਪੀਤਾ।

ਤਸਵੀਰ ਸਰੋਤ, BELURMATH.ORG
ਆਖਰੀ ਦਿਨ ਤਿੰਨ ਘੰਟੇ ਤੱਕ ਮੈਡੀਟੇਸ਼ਨ ਕੀਤੀ
ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਨਜ਼ਦੀਕੀ ਸਹਿਯੋਗੀ ਸਿਸਟਰ ਨਿਵੇਦਿਤਾ ਨੂੰ ਖੁਦ ਆਪਣੇ ਹੱਥਾਂ ਨਾਲ ਖਾਣਾ ਪਰੋਸਣ ਦੀ ਜ਼ਿੱਦ ਕੀਤੀ।
ਉਨ੍ਹਾਂ ਨੇ ਹੱਥ ਧੋਣ ਲਈ ਉਨ੍ਹਾਂ ਦੇ ਹੱਥਾਂ ’ਤੇ ਪਾਣੀ ਵੀ ਛਿੜਕ ਦਿੱਤਾ। ਇਸ ’ਤੇ ਸਿਸਟਰ ਨਿਵੇਦਿਤਾ ਨੇ ਕਿਹਾ ਕਿ ‘‘ਇਹ ਸਭ ਮੈਨੂੰ ਕਰਨਾ ਚਾਹੀਦਾ ਹੈ, ਨਾ ਕਿ ਤੁਹਾਨੂੰ।’’
ਇਸ ’ਤੇ ਵਿਵੇਕਾਨੰਦ ਨੇ ਬਹੁਤ ਗੰਭੀਰਤਾ ਨਾਲ ਜਵਾਬ ਦਿੱਤਾ, ‘‘ਜੀਸਸ ਕ੍ਰਾਈਸਟ ਵੀ ਆਪਣੇ ਚੇਲਿਆਂ ਦੇ ਪੈਰ ਧੋਂਦੇ ਸਨ।’’
ਆਪਣੀ ਮਹਾਸਮਾਧੀ ਵਾਲੇ ਦਿਨ ਸਵਾਮੀ ਵਿਵੇਕਾਨੰਦ ਵੱਡੇ ਤੜਕੇ ਉੱਠ ਗਏ ਸਨ। ਉਨ੍ਹਾਂ ਨੇ ਮੱਠ ਦੇ ਗਰਭ ਗ੍ਰਹਿ ਵਿੱਚ ਜਾ ਕੇ ਉਸ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ। ਫਿਰ ਉਹ ਇਕੱਲੇ ਹੀ ਤਿੰਨ ਘੰਟੇ ਤੱਕ ਧਿਆਨ ਵਿੱਚ ਬੈਠੇ ਰਹੇ। ਦਿਨ ਦਾ ਖਾਣਾ ਉਨ੍ਹਾਂ ਨੇ ਆਪਣੇ ਸਾਥੀ ਸੰਤਾਂ ਨਾਲ ਖਾਧਾ।
ਚਾਰ ਵਜੇ ਉਨ੍ਹਾਂ ਨੇ ਗਰਮ ਦੁੱਧ ਦਾ ਇੱਕ ਕੱਪ ਪੀਤਾ। ਫਿਰ ਉਹ ਬਾਬੂਰਾਮ ਮਹਾਰਾਜ ਦੇ ਨਾਲ ਟਹਿਲਣ ਚਲੇ ਗਏ।
ਜਦੋਂ ਸ਼ਾਮ ਨੂੰ ਪ੍ਰਾਰਥਨਾ ਦੀ ਘੰਟੀ ਵੱਜੀ ਤਾਂ ਵਿਵੇਕਾਨੰਦ ਆਪਣੇ ਕਮਰੇ ਵਿੱਚ ਚਲੇ ਗਏ। ਉੱਥੇ ਉਹ ਗੰਗਾ ਦੇ ਸਾਹਮਣੇ ਬੈਠੇ ਧਿਆਨ ਕਰਦੇ ਰਹੇ।
ਸ਼ਾਮ ਕਰੀਬ 8 ਵਜੇ ਉਨ੍ਹਾਂ ਨੇ ਇੱਕ ਸੰਨਿਆਸੀ ਨੂੰ ਬੁਲਾ ਕੇ ਆਪਣੇ ਸਿਰ ’ਤੇ ਪੱਖੇ ਨਾਲ ਹਵਾ ਕਰਨ ਲਈ ਕਿਹਾ। ਉਸ ਸਮੇਂ ਵਿਵੇਕਾਨੰਦ ਬਿਸਤਰ ’ਤੇ ਲੇਟੇ ਹੋਏ ਸਨ।
ਕਰੀਬ ਇੱਕ ਘੰਟੇ ਦੇ ਬਾਅਦ ਉਨ੍ਹਾਂ ਦਾ ਮੱਥਾ ਪਸੀਨੇ ਨਾਲ ਭਿੱਜ ਗਿਆ। ਉਨ੍ਹਾਂ ਦੇ ਹੱਥ ਥੋੜ੍ਹੇ ਜਿਹੇ ਕੰਬੇ ਅਤੇ ਉਨ੍ਹਾਂ ਨੇ ਇੱਕ ਲੰਬਾ ਸਾਹ ਲਿਆ।
ਇਹ ਸੰਕੇਤ ਸੀ ਕਿ ਸਭ ਕੁਝ ਖਤਮ ਹੋ ਗਿਆ ਹੈ। ਉਸ ਸਮੇਂ ਰਾਤ ਦੇ 9 ਵੱਜ ਕੇ 10 ਮਿੰਟ ਹੋਏ ਸਨ। ਉੱਥੇ ਮੌਜੂਦ ਸਵਾਮੀ ਪ੍ਰੇਮਾਨੰਦ ਅਤੇ ਸਵਾਮੀ ਨਿਸ਼ਚਯਾਨੰਦ ਨੇ ਜ਼ੋਰ-ਜ਼ੋਰ ਨਾਲ ਉਨ੍ਹਾਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਵੇਦਾਨੰਦ ਵੱਲੋਂ ਕੋਈ ਜਵਾਬ ਨਹੀਂ ਆਇਆ।

ਤਸਵੀਰ ਸਰੋਤ, BELURMATH.ORG
ਦਿਲ ਦੀ ਧੜਕਣ ਰੁਕਣ ਨਾਲ ਹੋਇਆ ਦੇਹਾਂਤ
ਡਾਕਟਰ ਮਹੇਂਦਰਨਾਥ ਮਜ਼ੂਮਦਾਰ ਨੂੰ ਵਿਵੇਕਾਨੰਦ ਨੂੰ ਦੇਖਣ ਲਈ ਬੁਲਾਇਆ ਗਿਆ। ਉਨ੍ਹਾਂ ਨੇ ਬਣਾਉਟੀ ਸਾਹ ਦੇ ਕੇ ਸਵਾਮੀ ਵਿਵੇਕਾਨੰਦ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਆਖਿਰ ਅੱਧੀ ਰਾਤ ਨੂੰ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਸਵੇਰੇ-ਸਵੇਰੇ ਨਿਵੇਦਿਤਾ ਆਈ ਅਤੇ ਦੁਪਹਿਰ 2 ਵਜੇ ਤੱਕ ਸਵਾਮੀ ਵਿਵੇਕਾਨੰਦ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਬੈਠੀ ਰਹੀ।
ਸਵਾਮੀ ਵਿਵੇਕਾਨੰਦ ਨੇ 39 ਸਾਲ, 5 ਮਹੀਨੇ ਅਤੇ 22 ਦਿਨ ਦੇ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਿਹਾ।
ਉਨ੍ਹਾਂ ਦੀ ਉਹ ਭਵਿੱਖਬਾਣੀ ਸੱਚ ਨਿਕਲੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ 40ਵਾਂ ਬਸੰਤ ਨਹੀਂ ਦੇਖ ਸਕਾਂਗਾ।












