ਟਰੰਪ ਟੈਰਿਫ਼ : ਮੋਬਾਇਲ ਫੋਨਾਂ ਤੇ ਕੰਪਿਊਟਰਜ਼ ਉੱਤੇ ਕਿਹੜਾ ਟੈਕਸ ਲਾਉਣ ਜਾ ਰਹੇ ਡੌਨਲਡ ਟਰੰਪ

ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਮੋਬਾਈਲ ਫੋਨ, ਕੰਪਿਊਟਰਜ਼ ਅਤੇ ਹੋਰ ਕਈ ਇਲੈਕਟ੍ਰਾਨਿਕ ਉਤਪਾਦਾਂ ਨੂੰ ਰੈਸੀਪ੍ਰੋਕਲ ਟੈਰਿਫ ਤੋਂ ਛੋਟ ਦਿੱਤੀ ਜਾਵੇਗੀ। ਪਰ ਕੀ ਹੁਣ ਇਨ੍ਹਾਂ ਉਤਪਾਦਾਂ 'ਤੇ ਅਮਰੀਕਾ ਕੋਈ ਵਿਸ਼ੇਸ਼ ਟੈਰਿਫ ਲਗਾਉਣ ਜਾ ਰਿਹਾ ਹੈ?

ਦਰਅਸਲ ਅਮਰੀਕੀ ਵਣਜ ਮੰਤਰੀ ਹਾਵਰਡ ਲੂਟਨਿਕ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸਮਾਰਟਫੋਨ ਅਤੇ ਕੰਪਿਊਟਰਾਂ ਸਣੇ ਕਈ ਤਰ੍ਹਾਂ ਦੇ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਪਰਸਪਰ ਯਾਨੀ Reciprocal ਟੈਰਿਫ ਤੋਂ ਛੋਟ ਦੇਣ ਦਾ ਫੈਸਲਾ ਸਿਰਫ ਇੱਕ ਅਸਥਾਈ ਰਾਹਤ ਹੈ।

ਇਨ੍ਹਾਂ ਉਤਪਾਦਾਂ 'ਤੇ ਇੱਕ ਵੱਖਰਾ 'ਸੈਮੀਕੰਡਕਟਰ ਟੈਰਿਫ' ਲਗਾਉਣ ਦੀ ਯੋਜਨਾ ਹੈ, ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਇਹ ਬਿਆਨ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਐਲਾਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਮੋਬਾਈਲ ਫੋਨ, ਕੰਪਿਊਟਰਜ਼ ਸਣੇ ਕਈ ਇਲੈਕਟ੍ਰਾਨਿਕ ਉਤਪਾਦਾਂ ਨੂੰ ਪਰਸਪਰ ਟੈਰਿਫ ਤੋਂ ਛੋਟ ਦਿੱਤੀ ਜਾਵੇਗੀ, ਜਿਸ ਵਿੱਚ ਚੀਨ ਤੋਂ ਆਇਆ ਹੋਇਆ ਸਾਮਾਨ ਵੀ ਸ਼ਾਮਲ ਹੋਵੇਗਾ।

ਅਮਰੀਕਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਤਕਨਾਲੋਜੀ ਕੰਪਨੀਆਂ ਨੇ ਪਰਸਪਰ ਟੈਰਿਫਾਂ ਬਾਰੇ ਚਿੰਤਾ ਜ਼ਾਹਰ ਕੀਤੀ ਸੀ।

ਇਸ ਮਗਰੋਂ ਅਮਰੀਕੀ ਵਣਜ ਮੰਤਰੀ ਨੇ ਇਸ ਨੂੰ ਅਸਥਾਈ ਛੋਟ ਆਖਦਿਆਂ ਕਿਹਾ ਕਿ "ਇਹ ਸਾਰੇ ਉਤਪਾਦ 'ਸੈਮੀਕੰਡਕਟਰਾਂ ਦੇ ਅਧੀਨ ਲਿਆਂਦੇ ਜਾ ਰਹੇ ਨੇ, ਜਿਨ੍ਹਾਂ 'ਤੇ 1 ਜਾਂ 2 ਮਹੀਨਿਆਂ 'ਚ ਵਿਸ਼ੇਸ਼ ਟੈਰਿਫ ਲਗਾਇਆ ਜਾਵੇਗਾ।"

90 ਦਿਨਾਂ ਤੱਕ ਟੈਰਿਫ਼ ਉੱਤੇ ਰੋਕ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜਿਨ੍ਹਾਂ ਦੇਸਾਂ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਇਆ ਸੀ ਉਨ੍ਹਾਂ ਵਿੱਚ ਜ਼ਿਆਦਾਤਰ ਦੇਸਾਂ ਉੱਤੇ ਟੈਰਿਫ ਲਈ 90 ਦਿਨਾਂ ਲਈ 'ਰੋਕ' ਨੂੰ ਮਨਜ਼ੂਰੀ ਦਿੱਤੀ।

ਇਸ ਸਮੇਂ ਦੌਰਾਨ ਪਰਸਪਰ ਟੈਰਿਫ ਨੂੰ 10 ਫੀਸਦੀ ਤੱਕ ਘਟਾ ਦਿੱਤਾ ਗਿਆ ਹੈ।

ਦੂਜੇ ਪਾਸੇ ਚੀਨ ਤੋਂ ਅਮਰੀਕਾ ਆਉਣ ਵਾਲੇ ਸਾਮਾਨ 'ਤੇ ਟੈਰਿਫ ਵਧਾ ਕੇ 125 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।

ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਸਾਂਝਾ ਕਰਦੇ ਹੋਏ ਟਰੰਪ ਨੇ ਚੀਨ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਵਿਸ਼ਵ ਬਾਜ਼ਾਰਾਂ ਦਾ ਸਤਿਕਾਰ ਨਹੀਂ ਕਰਦੇ ਹਨ।

ਟਰੰਪ ਨੇ ਕੀ-ਕੀ ਕਿਹਾ

ਟਰੰਪ ਨੇ ਲਿਖਿਆ, "ਚੀਨ ਵੱਲੋਂ ਵਿਸ਼ਵ ਬਾਜ਼ਾਰਾਂ ਪ੍ਰਤੀ ਸਤਿਕਾਰ ਦੀ ਘਾਟ ਦੇ ਆਧਾਰ 'ਤੇ, ਮੈਂ ਅਮਰੀਕਾ ਵੱਲੋਂ ਚੀਨ 'ਤੇ ਲਗਾਏ ਗਏ ਟੈਰਿਫ ਨੂੰ 125 ਫੀਸਦੀ ਤੱਕ ਵਧਾ ਰਿਹਾ ਹਾਂ, ਜੋ ਤੁਰੰਤ ਲਾਗੂ ਹੋਵੇਗਾ।''

''ਉਮੀਦ ਹੈ ਕਿ ਚੀਨ ਜਲਦ ਹੀ ਸਮਝ ਜਾਵੇਗਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਆਰਥਿਕ ਤੌਰ 'ਤੇ ਲਗਾਤਾਰ ਨੁਕਸਾਨ ਪਹੁੰਚਾਉਣ ਦੇ ਦਿਨ ਖਤਮ ਹੋ ਗਏ ਹਨ ਅਤੇ ਇਹ ਸਵੀਕਾਰਯੋਗ ਵੀ ਨਹੀਂ ਹੈ।"

ਇਸ ਤੋਂ ਇਲਾਵਾ, ਟਰੰਪ ਦੁਆਰਾ ਐਲਾਨੇ ਗਏ 90 ਦਿਨਾਂ ਦੀ 'ਰੋਕ' ਦਾ ਮਤਲਬ ਹੈ ਕਿ ਇਨ੍ਹਾਂ 90 ਦਿਨਾਂ ਦੌਰਾਨ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ 'ਤੇ ਇੱਕੋ ਬਰਾਬਰ 10 ਫੀਸਦੀ ਪਰਸਪਰ ਟੈਰਿਫ ਲਗਾਇਆ ਜਾਵੇਗਾ।

ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਅਮਰੀਕੀ ਖਜ਼ਾਨਾ ਸਕੱਤਰ ਨੇ ਕਿਹਾ ਹੈ ਕਿ ਕੈਨੇਡਾ ਅਤੇ ਮੈਕਸੀਕੋ, ਜਿਨ੍ਹਾਂ ਕੋਲ ਪਹਿਲਾਂ ਕੁਝ ਵਸਤੂਆਂ 'ਤੇ 25 ਫੀਸਦੀ ਤੱਕ ਦਾ ਟੈਰਿਫ ਸੀ, ਹੁਣ ਉਨ੍ਹਾਂ ਨੂੰ ਵੀ 10 ਫੀਸਦੀ ਬੇਸਲਾਈਨ ਟੈਰਿਫ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

ਹਾਲਾਂਕਿ, ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਯੂਰਪੀਅਨ ਯੂਨੀਅਨ (ਈਯੂ) ਵੀ ਇਸ ਰਿਆਇਤ ਵਿੱਚ ਸ਼ਾਮਲ ਹੈ ਜਾਂ ਨਹੀਂ।

ਇਸ ਤੋਂ ਪਹਿਲਾਂ, ਚੀਨ ਨੇ ਕੀਤੀ ਸੀ ਜਵਾਬੀ ਕਾਰਵਾਈ

ਇਸ ਐਲਾਨ ਤੋਂ ਪਹਿਲਾਂ, ਅਮਰੀਕਾ ਨੇ ਚੀਨ 'ਤੇ 104 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਚੀਨ ਨੇ ਅਮਰੀਕਾ 'ਤੇ 50 ਫੀਸਦੀ ਵਾਧੂ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ।

ਇਸਦਾ ਮਤਲਬ ਹੈ ਕਿ ਅਮਰੀਕਾ 'ਤੇ ਪਹਿਲਾਂ ਦੇ 34 ਫੀਸਦੀ ਦੀ ਬਜਾਏ ਕੁੱਲ 84 ਫੀਸਦੀ ਟੈਰਿਫ ਲਗਾਇਆ ਜਾਵੇਗਾ। ਚੀਨ ਨੇ ਪੂਰੀ ਦੁਨੀਆਂ ਨੂੰ ਅਮਰੀਕੀ ਟੈਰਿਫਾਂ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਸੀ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਅਮਰੀਕਾ ਦੇ ਟੈਰਿਫ ਦਾ ਸਾਹਮਣਾ ਕਰਨ ਲਈ ਚੀਨ ਨੂੰ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨੇ ਚਾਹੀਦੇ ਹਨ।

ਹਾਲਾਂਕਿ, ਚੀਨ ਦੇ ਇਸ ਜਵਾਬੀ ਟੈਰਿਫ ਤੋਂ ਥੋੜ੍ਹੀ ਦੇਰ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "ਇਹ ਆਪਣੀ ਕੰਪਨੀ ਨੂੰ ਅਮਰੀਕਾ 'ਚ ਲਿਆਉਣ ਦਾ ਬਹੁਤ ਚੰਗਾ ਸਮਾਂ ਹੈ, ਜਿਵੇਂ ਐਪਲ ਅਤੇ ਦੂਜੀਆਂ ਕੰਪਨੀਆਂ ਕਰ ਰਹੀਆਂ ਹਨ। ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ 'ਤੇ ਜ਼ੀਰੋ ਟੈਰਿਫ ਲੱਗੇਗਾ ਅਤੇ ਤੁਰੰਤ ਸਾਰੇ ਤਰ੍ਹਾਂ ਦੇ ਅਪਰੂਵਲ ਮਿਲਣਗੇ। ਇੰਤਜ਼ਾਰ ਨਾ ਕਰੋ, ਫ਼ੌਰਨ ਕਦਮ ਚੁੱਕੋ।"

ਚੀਨ ਦਾ ਜਵਾਬ- 'ਅਸੀਂ ਚੁੱਪ ਨਹੀਂ ਬੈਠਾਂਗੇ'

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 125 ਫ਼ਿਸਦੀ ਟੈਰਿਫ਼ ਐਲਾਨੇ ਜਾਣ ਤੋਂ ਬਾਅਦ ਚੀਨ ਨੇ ਵੀ ਸਖਤੀ ਦਿਖਾਈ ਹੈ। ਇਸ ਸਿਲਸਿਲੇ 'ਚ ਚੀਨ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਚੀਨ 'ਚੁੱਪ ਨਹੀਂ ਬੈਠੇਗਾ'।

ਚਾਈਨਾ ਦੀ ਖ਼ਬਰ ਏਜੰਸੀ ਸ਼ਿਨਹੁਆ ਨੇ ਵਪਾਰਕ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ, "ਜਦੋਂ ਉਸ ਦੇ ਲੋਕਾਂ ਦੇ ਅਧਿਕਾਰਾਂ ਅਤੇ ਹਿਤਾਂ ਨੂੰ ਸੱਟ ਪਹੁੰਚਾਈ ਜਾ ਰਹੀ ਹੋਵੇ, ਤਾਂ ਚੀਨੀ ਸਰਕਾਰ ਕਿਸੇ ਵੀ ਤਰ੍ਹਾਂ ਚੁੱਪ ਨਹੀਂ ਬੈਠੇਗੀ।''

ਚੀਨ ਦੇ ਇੱਕ ਸਰਕਾਰੀ ਅਖਬਾਰ ਨੇ ਵੀ ਆਪਣੀ ਸੰਪਾਦਕੀ ਵਿੱਚ ਲਿਖਿਆ, "ਵੈਸ਼ਵਿਕ ਇੱਕਜੁਟਤਾ ਵਪਾਰਕ ਅੱਤਿਆਚਾਰ 'ਤੇ ਜਿੱਤ ਦਵਾ ਸਕਦੀ ਹੈ।''

ਚੀਨ ਨੇ ਅਮਰੀਕਾ ਦੀ ਯਾਤਰਾ ਬਾਰੇ ਜਾਰੀ ਕੀਤੀ ਚੇਤਾਵਨੀ

ਚੀਨ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਨੇ ਇੱਕ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਚੀਨ ਨੇ ਆਪਣੇ ਨਾਗਰਿਕਾਂ ਨੂੰ ਅਮਰੀਕਾ ਜਾਂਦੇ ਸਮੇਂ "ਸਾਵਧਾਨੀ ਨਾਲ ਯਾਤਰਾ ਕਰਨ" ਅਤੇ "ਜੋਖਮਾਂ ਦਾ ਪੂਰੀ ਤਰ੍ਹਾਂ ਮੁਲਾਂਕਣ" ਕਰਨ ਲਈ ਕਿਹਾ ਹੈ।

ਇਸ ਐਡਵਾਇਜ਼ਰੀ ਵਿੱਚ "ਚੀਨ-ਅਮਰੀਕਾ ਦੇ ਵਿਗੜਦੇ ਆਰਥਿਕ ਅਤੇ ਵਪਾਰਕ ਸਬੰਧਾਂ ਅਤੇ ਅਮਰੀਕਾ ਵਿੱਚ ਘਰੇਲੂ ਸੁਰੱਖਿਆ ਸਥਿਤੀ" ਦਾ ਹਵਾਲਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ, ਦੇਸ਼ ਦੇ ਸਿੱਖਿਆ ਮੰਤਰਾਲੇ ਨੇ ਇੱਕ ਵੱਖਰੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਅਮਰੀਕਾ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹਨ ਤਾਂ ਇਹ ਫੈਸਲਾ ਲੈਣ ਤੋਂ ਪਹਿਲਾਂ "ਸੁਰੱਖਿਆ ਜੋਖਮ ਦਾ ਮੁਲਾਂਕਣ" ਕਰ ਲੈਣ।

ਇਹ ਚੇਤਾਵਨੀ, ਅਮਰੀਕਾ ਦੇ ਓਹੀਓ ਵਿੱਚ ਪਾਸ ਕੀਤੇ ਗਏ ਇੱਕ ਬਿੱਲ ਦੇ ਜਵਾਬ ਵਿੱਚ ਆਈ ਹੈ, ਜਿਸਦਾ ਉਦੇਸ਼ ਉੱਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਚੀਨ ਤੋਂ "ਵਿਦੇਸ਼ੀ ਪ੍ਰਭਾਵ" ਨੂੰ ਸੀਮਤ ਕਰਨਾ ਹੈ।

ਸ਼ੇਅਰ ਮਾਰਕਿਟ ਨੂੰ ਮਿਲਿਆ ਹੁਲਾਰਾ

ਟਰੰਪ ਦੇ 90 ਦਿਨਾਂ ਦੀ ਰੋਕ ਵਾਲੇ ਐਲਾਨ ਤੋਂ ਬਾਅਦ ਏਸ਼ੀਆ-ਪ੍ਰਸ਼ਾਂਤ ਵਿੱਤੀ ਬਾਜ਼ਾਰ ਵਿੱਚ ਕੁਝ ਤੇਜ਼ੀ ਦੇਖਣ ਨੂੰ ਮਿਲੀ ਹੈ। ਅੱਜ ਸਵੇਰੇ ਕੁੱਝ ਦੇਸ਼ਾਂ ਦੀਆਂ ਸ਼ੇਅਰ ਮਾਰਕੀਟਾਂ ਹਰੇ ਰੰਗ ਨਾਲ ਖੁੱਲ੍ਹੀਆਂ।

  • ਨਿੱਕੇਈ 225 (ਜਾਪਾਨ) +8.6%
  • ਕੋਸਪੀ (ਦੱਖਣੀ ਕੋਰੀਆ) +4.8%
  • ਤਾਈਐਕਸ (ਤਾਈਵਾਨ) +9.3%
  • ਏਐਸਐਕਸ 200 (ਆਸਟ੍ਰੇਲੀਆ) +5%

ਟੈਰਿਫ: ਹੁਣ ਤੱਕ ਕੀ-ਕੀ ਹੋਇਆ

  • 20 ਜਨਵਰੀ: ਟਰੰਪ ਨੇ ਆਪਣੇ ਉਦਘਾਟਨੀ ਭਾਸ਼ਣ ਦੀ ਵਰਤੋਂ "ਅਮਰੀਕੀ ਕਾਮਿਆਂ ਦੀ ਰੱਖਿਆ ਲਈ" ਵਪਾਰ ਪ੍ਰਣਾਲੀ ਨੂੰ ਸੁਧਾਰਨ ਅਤੇ "ਸਾਡੇ ਨਾਗਰਿਕਾਂ ਨੂੰ ਅਮੀਰ ਬਣਾਉਣ ਲਈ" ਵਿਦੇਸ਼ੀ ਦੇਸ਼ਾਂ 'ਤੇ ਟੈਰਿਫ ਲਗਾਉਣ ਦੀਆਂ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਕੀਤੀ।
  • 1 ਫਰਵਰੀ: ਟਰੰਪ ਨੇ ਅਮਰੀਕਾ ਨੂੰ ਕੈਨੇਡੀਅਨ ਅਤੇ ਮੈਕਸੀਕਨ ਦਰਾਮਦ 'ਤੇ 25 ਫੀਸਦੀ ਲੇਵੀ (ਟੈਕਸ) ਲਗਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਚੀਨ 'ਤੇ ਵੀ ਵਾਧੂ 10 ਫੀਸਦੀ ਟੈਕਸ ਦਾ ਐਲਾਨ ਕੀਤਾ ਗਿਆ।
  • 3 ਫਰਵਰੀ: ਮੈਕਸੀਕੋ ਅਤੇ ਕੈਨੇਡਾ ਇੱਕ ਮਹੀਨੇ ਲਈ ਅਮਰੀਕੀ ਟੈਰਿਫ ਨੂੰ ਰੋਕਣ ਲਈ ਇੱਕ ਸਮਝੌਤੇ 'ਤੇ ਪਹੁੰਚੇ।
  • 10 ਫਰਵਰੀ: ਟਰੰਪ ਨੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਸਾਰੇ ਸਟੀਲ ਅਤੇ ਐਲੂਮੀਨੀਅਮ 'ਤੇ 25 ਫੀਸਦੀ ਦਰਾਮਦ ਟੈਕਸ ਲਗਾਉਣ ਦਾ ਐਲਾਨ ਕੀਤਾ।
  • 4 ਮਾਰਚ: ਵ੍ਹਾਈਟ ਹਾਊਸ ਨੇ ਚੀਨੀ ਦਰਾਮਦ 'ਤੇ ਵਾਧੂ ਟੈਰਿਫ ਲਗਾਇਆ।
  • 12 ਮਾਰਚ: ਸਟੀਲ ਅਤੇ ਐਲੂਮੀਨੀਅਮ 'ਤੇ 25 ਫੀਸਦੀ ਟੈਰਿਫ ਲਾਗੂ ਹੋਏ।
  • 26 ਮਾਰਚ: ਵ੍ਹਾਈਟ ਹਾਊਸ ਨੇ ਅਮਰੀਕਾ ਵਿੱਚ ਆਉਣ ਵਾਲੀਆਂ ਕਾਰ ਅਤੇ ਕਾਰਾਂ ਦੇ ਪੁਰਜ਼ਿਆਂ 'ਤੇ ਨਵੇਂ 25 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ।
  • 2 ਅਪ੍ਰੈਲ: ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਕੁਝ ਦੇਸ਼ਾਂ 'ਤੇ "ਰੈਸੀਪ੍ਰੋਕਲ ਟੈਰਿਫ" ਲਗਾਏਗਾ, ਨਾਲ ਹੀ ਹੋਰ ਸਾਰੇ ਦੇਸ਼ਾਂ ਤੋਂ ਦਰਾਮਦੀ 'ਤੇ ਇੱਕ 10 ਫੀਸਦੀ ਬੇਸਲਾਈਨ ਟੈਰਿਫ ਵੀ ਲਗਾਏਗਾ।
  • 5 ਅਪ੍ਰੈਲ: 10 ਫੀਸਦੀ "ਬੇਸਲਾਈਨ" ਟੈਰਿਫ ਲਾਗੂ ਹੋਏ।
  • 9 ਅਪ੍ਰੈਲ: ਲਗਭਗ 60 ਦੇਸ਼ਾਂ 'ਤੇ ਕਸਟਮ ਟੈਰਿਫ ਲਾਗੂ ਹੁੰਦੇ ਹਨ। ਫਿਰ ਟਰੰਪ ਨੇ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਲਈ 90 ਦਿਨਾਂ ਦੀ ਰੋਕ ਦਾ ਐਲਾਨ ਕਰ ਦਿੱਤਾ, ਹਾਲਾਂਕਿ ਸਾਰੇ ਦੇਸ਼ਾਂ 'ਤੇ 10 ਫੀਸਦੀ ਟੈਰਿਫ ਲਾਗੂ ਰਹੇਗਾ। ਤਾਜ਼ਾ ਐਲਾਨ ਮੁਤਾਬਕ, ਚੀਨ ਦੇ ਟੈਰਿਫ 125 ਫੀਸਦੀ ਤੱਕ ਵਧਾ ਦਿੱਤੇ ਗਏ ਹਨ।

'ਚੀਨ ਇੱਕ ਲੰਮੀ ਖੇਡ ਖੇਡ ਰਿਹਾ ਹੈ' - ਅਮਰੀਕੀ ਮਾਹਿਰ

ਯੂਐਸ ਦੇ ਇੱਕ ਸਿਆਸਤ ਮਾਹਿਰ ਅਤੇ ਪ੍ਰੋਫੈਸਰ ਗ੍ਰਾਹਮ ਐਲੀਸਨ, ਹਾਲ ਹੀ ਵਿੱਚ ਚੀਨ ਤੋਂ ਅਮਰੀਕਾ ਪਰਤੇ ਹਨ, ਜਿੱਥੇ ਉਹ ਮੁੱਖ ਆਗੂਆਂ ਨਾਲ ਮਿਲੇ।

ਬੀਬੀਸੀ ਦੇ ਵਰਲਡ ਬਿਜ਼ਨਸ ਰਿਪੋਰਟ ਰੇਡੀਓ ਪ੍ਰੋਗਰਾਮ ਵਿੱਚ ਪ੍ਰੋਫੈਸਰ ਗ੍ਰਾਹਮ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਕੁਝ ਸਮੇਂ ਤੋਂ ਅਮਰੀਕਾ ਨਾਲ ਆਰਥਿਕ ਟਕਰਾਅ ਦੀ ਤਿਆਰੀ ਕਰ ਰਹੇ ਹਨ।

ਉਨ੍ਹਾਂ ਕਿਹਾ "ਸ਼ੀ ਇਸ ਗੱਲ ਨੂੰ ਸਮਝਦੇ ਸਨ ਕਿ ਅਮਰੀਕਾ ਅਤੇ ਚੀਨ ਆਰਥਿਕ ਯੁੱਧ ਵਾਲੀ ਸਥਿਤੀ 'ਚ ਪੈ ਜਾਣਗੇ, ਅਤੇ ਉਹ ਇਸ ਦੇ ਲਈ ਤਿਆਰੀ ਕਰ ਰਹੇ ਸਨ।''

"ਘੱਟੋ ਘੱਟ ਉਨ੍ਹਾਂ ਸਾਰੇ ਸਬੂਤਾਂ ਤੋਂ ਜੋ ਮੈਂ ਦੇਖਿਆ ਹੈ, ਇਹੀ ਲੱਗਦਾ ਹੈ ਕਿ ਉਹ ਹਰੇਕ ਵਿਭਾਗ 'ਚ ਇਸ ਸਬੰਧੀ ਤਿਆਰੀ ਕਰ ਰਹੇ ਹਨ। ਚੀਨ ਇੱਕ ਲੰਮੀ ਖੇਡ ਖੇਡ ਰਿਹਾ ਹੈ।''

ਉਹ ਕਹਿੰਦੇ ਹਨ ਕਿ ਬੀਜਿੰਗ ਦਾ ਮੰਨਣਾ ਹੈ ਕਿ "ਕਿ ਚੀਨ ਬੇਮਿਸਾਲ ਤੌਰ 'ਤੇ ਵਧ ਰਿਹਾ ਹੈ ਅਤੇ ਅਮਰੀਕਾ ਘਟ ਰਿਹਾ ਹੈ।"

ਪ੍ਰੋਫੈਸਰ ਐਲੀਸਨ ਨੇ ਅੱਗੇ ਕਿਹਾ, "ਮੇਰਾ ਮੰਨਣਾ ਹੈ ਕਿ ਸ਼ੀ ਇੱਕ ਕਾਫ਼ੀ ਤਗੜੇ ਵਪਾਰ ਯੁੱਧ ਦੀ ਤਿਆਰੀ ਕਰ ਰਹੇ ਹਨ... ਅਤੇ ਉਹ ਸੋਚਦੇ ਹਨ ਕਿ ਚੀਨੀ ਪਰੇਸ਼ਾਨੀ ਝੱਲਣ ਵਿੱਚ ਸ਼ਾਇਦ ਅਮਰੀਕੀਆਂ ਨਾਲੋਂ ਬਿਹਤਰ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)