ਕੇਦਾਰਨਾਥ ਦੁਖਾਂਤ ਵਿੱਚ 'ਮ੍ਰਿਤਕ' ਐਲਾਨਿਆ ਗਿਆ ਇੱਕ ਵਿਅਕਤੀ 12 ਸਾਲਾਂ ਬਾਅਦ ਪੁਣੇ ਵਿੱਚ ਪਰਿਵਾਰ ਨੂੰ ਇਸ ਹਾਲਤ 'ਚ ਮਿਲਿਆ, ਜਾਣੋ ਪੂਰਾ ਮਾਮਲਾ

ਹਸਪਤਾਲ ਦਾ ਸਟਾਫ਼ ਅਤੇ ਸ਼ਿਵਮ

ਤਸਵੀਰ ਸਰੋਤ, Rohini Bhosale

ਤਸਵੀਰ ਕੈਪਸ਼ਨ, ਹਸਪਤਾਲ ਦਾ ਸਟਾਫ਼ ਅਤੇ ਸ਼ਿਵਮ
    • ਲੇਖਕ, ਤੁਸ਼ਾਰ ਕੁਲਕਰਨੀ, ਪ੍ਰਾਚੀ ਕੁਲਕਰਨੀ
    • ਰੋਲ, ਬੀਬੀਸੀ ਪੱਤਰਕਾਰ

ਅਸੀਂ ਅਕਸਰ ਸੁਣਦੇ ਹਾਂ ਕਿ ਸੱਚ ਕਲਪਨਾ ਨਾਲੋਂ ਜ਼ਿਆਦਾ ਹੈਰਾਨ ਕਰਨ ਵਾਲਾ ਹੁੰਦਾ ਹੈ। ਹਾਲਾਂਕਿ, ਜਦੋਂ ਤੱਕ ਅਸੀਂ ਇਸਦਾ ਅਨੁਭਵ ਨਹੀਂ ਕਰਦੇ, ਇਹ ਸਿਰਫ਼ ਇੱਕ ਕਹਾਵਤ ਹੀ ਲੱਗਦਾ ਹੈ। ਪਰ ਸ਼ਿਵਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੋ ਹੋਇਆ ਉਹ ਆਮ ਇਨਸਾਨ ਦੀ ਸੋਚ ਤੋਂ ਪਰ੍ਹੇ ਦੀ ਗੱਲ ਹੈ।

ਇਸ ਪਰਿਵਾਰ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਵਿਅਕਤੀ ਦਾ ਅੰਤਿਮ ਸੰਸਕਾਰ ਉਨ੍ਹਾਂ ਨੇ ਕੀਤਾ ਸੀ, ਉਹ ਸਾਲਾਂ ਬਾਅਦ ਵਾਪਸ ਆਵੇਗਾ। ਪਰ ਪੁਣੇ ਦੇ ਖੇਤਰੀ ਮਾਨਸਿਕ ਹਸਪਤਾਲ ਦੇ ਸਟਾਫ਼ ਅਤੇ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਸਦਕਾ ਅਜਿਹਾ ਹੀ ਕੁਝ ਵਾਪਰਿਆ।

ਉਹ ਆਦਮੀ, ਜਿਸ ਬਾਰੇ 2013 ਵਿੱਚ ਕੇਦਾਰਨਾਥ ਹੜ੍ਹ ਵਿੱਚ ਵਹਿ ਜਾਣ ਦੀ ਖ਼ਬਰ ਸੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਤੇ ਫਿਰ ਉਸਦੇ ਪਰਿਵਾਰ ਨੇ ਇੱਕ ਪ੍ਰਤੀਕਾਤਮਕ ਅੰਤਿਮ ਸੰਸਕਾਰ ਕੀਤਾ, ਉਹ ਸ਼ਖ਼ਸ ਮਹਾਰਾਸ਼ਟਰ ਵਿੱਚ ਜ਼ਿੰਦਾ ਮਿਲਿਆ ਹੈ।

ਦਰਅਸਲ, 2021 ਵਿੱਚ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਵੈਜਾਪੁਰ ਤਾਲੁਕਾ ਵਿੱਚ ਕੁਝ ਲੋਕ ਇੱਕ ਮੰਦਰ ਵਿੱਚੋਂ ਚੋਰੀ ਕਰਦੇ ਫੜੇ ਗਏ ਸਨ। ਚੋਰਾਂ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਮੰਦਰ ਵਿੱਚ ਚੋਰੀ ਉਥੇ ਰਹਿਣ ਵਾਲੇ ਇੱਕ ਵਿਅਕਤੀ ਨੇ ਹੀ ਕੀਤੀ ਹੈ।

ਉਸ ਮੰਦਰ ਵਿੱਚ ਇੱਕ ਅਧਖੜ ਉਮਰ ਦਾ ਆਦਮੀ ਰਹਿੰਦਾ ਸੀ। ਉਸਨੂੰ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਜਦੋਂ ਉਸ ਨੂੰ ਅਦਾਲਤ ਵਿੱਚ ਲਿਆਂਦਾ ਗਿਆ, ਤਾਂ ਜੱਜ ਨੇ ਦੇ ਉਸ ਨੂੰ ਮਾਨਸਿਕ ਤੌਰ 'ਤੇ ਬਿਮਾਰ ਸੀ ਅਤੇ ਪੋਲੀਓ ਤੋਂ ਵੀ ਪੀੜਤ ਪਾਇਆ ਸੀ। ਦੋਵੇਂ ਲੱਤਾਂ ਵਿੱਚ ਕਮਜ਼ੋਰੀ ਕਾਰਨ ਉਹ ਤੁਰਨ ਤੋਂ ਵੀ ਅਸਮਰੱਥ ਸੀ।

ਅਦਾਲਤ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦਾ ਹੁਕਮ ਦਿੱਤਾ ਕਿਉਂਕਿ ਉਹ ਕੁਝ ਸ਼ਬਦ ਬੁੜਬੁੜਾ ਰਿਹਾ ਸੀ।

ਖੇਤਰੀ ਮਨੋਰੋਗ ਹਸਪਤਾਲ
ਤਸਵੀਰ ਕੈਪਸ਼ਨ, ਪੁਣੇ ਦਾ ਖੇਤਰੀ ਮਨੋਰੋਗ ਹਸਪਤਾਲ

ਅਦਾਲਤ ਜੋ ਵੀ ਪੁੱਛਦੀ, ਉਹ ਉਸ ਦਾ ਜਵਾਬ 'ਓਮ ਨਮਹ ਸ਼ਿਵਾਏ' ਨਾਲ ਦਿੰਦਾ ਸੀ। ਉਸਨੂੰ ਪੁਣੇ ਦੇ ਯੇਰਵੜਾ ਮੈਂਟਲ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।

ਉੱਥੋਂ ਦੇ ਸਟਾਫ਼ ਨੇ ਉਸਨੂੰ 'ਸ਼ਿਵਮ' ਕਹਿਣਾ ਸ਼ੁਰੂ ਕਰ ਦਿੱਤਾ, ਇਹ ਉਸਦਾ ਅਸਲੀ ਨਾਮ ਨਹੀਂ ਸੀ ਸਗੋਂ ਸਟਾਫ਼ ਵੱਲੋਂ ਦਿੱਤਾ ਗਿਆ ਨਾਮ ਸੀ।

ਸਬੰਧਤ ਮਾਨਸਿਕ ਹਸਪਤਾਲ ਦੇ ਸਮਾਜ ਸੇਵਾ ਵਿਭਾਗ ਦੇ ਸੁਪਰਡੈਂਟ ਰੋਹਿਣੀ ਭੋਸਲੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਸ਼ਿਵਮ ਦੀ ਉਮਰ ਤਕਰੀਬਨ 50-52 ਸਾਲ ਹੈ।

ਸ਼ਿਵਮ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ। ਉਹ ਚੁੱਪਚਾਪ ਸੁਣਦਾ ਸੀ ਅਤੇ ਸਟਾਫ਼ ਦੀ ਗੱਲ ਮੰਨਦਾ ਸੀ।

2023 ਵਿੱਚ ਰੋਹਿਣੀ ਭੋਸਲੇ ਉਸ ਵਾਰਡ ਦੇ ਸਮਾਜ ਸੇਵਾ ਸੁਪਰਡੈਂਟ ਬਣ ਗਏ। ਫਿਰ ਰੋਹਿਣੀ ਨੇ ਸ਼ਿਵਮ ਦੀ ਫਾਈਲ ਦੇਖੀ ਅਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।

ਸ਼ਿਵਮ ਮਰਾਠੀ ਨਹੀਂ ਜਾਣਦਾ ਸੀ। ਜਦੋਂ ਰੋਹਿਣੀ ਨੇ ਦੇਖਿਆ ਕਿ ਉਹ ਥੋੜ੍ਹੀ ਬਹੁਤ ਹਿੰਦੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਸਨੇ ਉਸ ਨਾਲ ਹਿੰਦੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ।

ਫਿਰ ਉਸਨੂੰ ਅਹਿਸਾਸ ਹੋਇਆ ਕਿ ਸ਼ਿਵਮ ਪਹਾੜੀ ਹਿੰਦੀ ਵਿੱਚ ਗੱਲ ਕਰ ਰਿਹਾ ਸੀ।

ਸ਼ਿਵਮ ਦੇ ਪਰਿਵਾਰ ਦਾ ਪਤਾ ਕਿਵੇਂ ਲੱਗਿਆ?

ਸ਼੍ਰੀਨਿਵਾਸ ਕੋਲੋਡ

ਇਹ ਮਹਿਸੂਸ ਕਰਦੇ ਹੋਏ ਕਿ ਸ਼ਿਵਮ ਆਪਣੇ ਪਰਿਵਾਰ ਜਾਂ ਪੁਰਾਣੀਆਂ ਯਾਦਾਂ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਸਕਿਆ, ਰੋਹਿਣੀ ਨੇ ਸ਼ਿਵਮ ਤੋਂ ਉਸ ਦੇ ਸਕੂਲ ਬਾਰੇ ਪੁੱਛਿਆ।

ਜਦੋਂ ਸਕੂਲ ਦਾ ਵਿਸ਼ਾ ਆਇਆ, ਤਾਂ ਉਸਨੇ ਰੁੜਕੀ ਦੇ ਇੱਕ ਸਕੂਲ ਦਾ ਜ਼ਿਕਰ ਕੀਤਾ। (ਸ਼ਿਵਮ ਦੀ ਪਛਾਣ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਸਕੂਲ ਦਾ ਨਾਮ ਗੁਪਤ ਰੱਖਿਆ ਗਿਆ ਹੈ।)

ਰੋਹਿਣੀ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਜਦੋਂ ਮੈਂ ਸਕੂਲ ਦਾ ਨਾਮ ਸੁਣਿਆ, ਤਾਂ ਮੈਨੂੰ ਸ਼ੁਰੂ ਵਿੱਚ ਇਹ ਵੀ ਨਹੀਂ ਪਤਾ ਸੀ ਕਿ ਇਹ ਕਿਸ ਸ਼ਹਿਰ ਵਿੱਚ ਹੈ। ਪਰ ਫ਼ਿਰ ਗੱਲਬਾਤ ਵਿੱਚ ਹਰਿਦੁਆਰ ਦਾ ਨਾਮ ਆਇਆ ਅਤੇ ਮੈਂ ਗੂਗਲ 'ਤੇ ਸਰਚ ਕਰਨੀ ਸ਼ੁਰੂ ਕਰ ਦਿੱਤੀ ਕਿ ਕੀ ਹਰਿਦੁਆਰ ਅਤੇ ਇਸਦੇ ਆਲੇ-ਦੁਆਲੇ ਇਸ ਨਾਮ ਦਾ ਕੋਈ ਸਕੂਲ ਹੈ।"

ਰੋਹਿਣੀ ਕਹਿੰਦੀ ਹੈ, "ਮੈਨੂੰ ਇੱਕ ਸਕੂਲ ਮਿਲਿਆ ਜਿਸਦਾ ਨਾਮ ਸ਼ਿਵਮ ਨੇ ਮੈਨੂੰ ਦੱਸਿਆ ਸੀ। ਮੈਂ ਸ਼ਿਵਮ ਨੂੰ ਸਕੂਲ ਦੀ ਤਸਵੀਰ ਦਿਖਾਈ ਅਤੇ ਉਸਨੇ ਤੁਰੰਤ ਇਸਨੂੰ ਪਛਾਣ ਲਿਆ। ਉਸਦੀਆਂ ਅੱਖਾਂ ਚਮਕ ਉੱਠੀਆਂ।"

ਫਿਰ ਰੋਹਿਣੀ ਨੇ ਰੁੜਕੀ ਅਤੇ ਹਰਿਦੁਆਰ ਦੀ ਪੁਲਿਸ ਨਾਲ ਸੰਪਰਕ ਕੀਤਾ। ਜਦੋਂ ਉੱਤਰਾਖੰਡ ਪੁਲਿਸ ਨੇ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਇੱਕ ਆਦਮੀ ਦਾ ਰਿਕਾਰਡ ਮਿਲਿਆ ਜਿਸ ਦੇ ਵੇਰਵੇ ਸ਼ਿਵਮ ਦੇ ਵੇਰਵਿਆਂ ਨਾਲ ਮੇਲ ਖਾਂਦੇ ਸਨ।

ਪਰ ਪੁਲਿਸ ਰਿਕਾਰਡ ਵਿੱਚ ਇਹ ਦਰਜ ਸੀ ਕਿ ਉਹ (ਸ਼ਿਵਮ) ਸਾਲ 2013 ਵਿੱਚ ਕੇਦਾਰਨਾਥ ਵਿੱਚ ਆਏ ਹੜ੍ਹ ਵਿੱਚ ਵਹਿ ਗਿਆ ਸੀ।

ਰੋਹਿਣੀ ਦੱਸਦੇ ਹਨ ਕਿ ਪੁਲਿਸ ਨੇ ਪਹਿਲਾਂ ਸ਼ਿਵਮ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਕੀ ਉਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਲਾਪਤਾ ਹੈ।

ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਕੇਦਾਰਨਾਥ ਹੜ੍ਹਾਂ ਵਿੱਚ ਵਹਿ ਗਿਆ ਸੀ। ਜਦੋਂ ਉਸਦੀ ਲਾਸ਼ ਨਹੀਂ ਮਿਲੀ ਤਾਂ ਉਨ੍ਹਾਂ ਨੇ ਪ੍ਰਤੀਕਾਤਮਕ ਅੰਤਿਮ ਸੰਸਕਾਰ ਕੀਤਾ।

ਜਦੋਂ ਪੁਲਿਸ ਨੇ ਪਰਿਵਾਰ ਨੂੰ ਸ਼ਿਵਮ ਦੀ ਫੋਟੋ ਦਿਖਾਈ, ਤਾਂ ਭਰਾ ਨੇ ਸ਼ਿਵਮ ਨੂੰ ਪਛਾਣ ਲਿਆ।

ਸ਼ਿਵਮ ਵੈਜਾਪੁਰ ਕਿਵੇਂ ਪਹੁੰਚਿਆ?

ਕੇਦਾਰਨਾਥ

ਤਸਵੀਰ ਸਰੋਤ, BBC Hindi

ਤਸਵੀਰ ਕੈਪਸ਼ਨ, 2013 ਵਿੱਚ ਉੱਤਰਾਖੰਡ ਦੇ ਕੇਦਾਰਨਾਥ ਵਿੱਚ ਆਏ ਵੱਡੇ ਹੜ੍ਹ ਨੇ ਇੱਕ ਵੱਡੀ ਤ੍ਰਾਸਦੀ ਮਚਾਈ (ਫਾਈਲ ਫ਼ੋਟੋ)

ਸ਼ਿਵਮ ਕਈ ਸਾਲਾਂ ਤੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ 2013 ਦੇ ਹੜ੍ਹਾਂ ਵਿੱਚ ਵਹਿ ਗਿਆ ਸੀ, ਪਰ ਉਹ ਉਸ ਘਟਨਾ ਤੋਂ ਪਹਿਲਾਂ ਤੋਂ ਹੀ ਲਾਪਤਾ ਸੀ।

ਰੋਹਿਣੀ ਦੱਸਦੀ ਹੈ ਕਿ ਉਹ ਤਕਰੀਬਨ ਵੀਹ ਸਾਲਾਂ ਤੋਂ ਘਰ ਤੋਂ ਦੂਰ ਸਨ। ਸ਼ਿਵਮ ਨੂੰ ਕੋਈ ਯਾਦ ਨਹੀਂ ਹੈ ਕਿ ਉਹ ਉਤਰਾਖੰਡ ਤੋਂ ਵੈਜਾਪੁਰ ਕਿਵੇਂ ਪਹੁੰਚਿਆ, ਇਸ ਲਈ ਉਹ ਇਸਦਾ ਵਰਣਨ ਨਹੀਂ ਕਰ ਸਕਿਆ।

2015 ਵਿੱਚ ਸ਼ਿਵਮ ਨੇ ਵੈਜਾਪੁਰ ਦੇ ਇੱਕ ਮੰਦਰ ਵਿੱਚ ਰਹਿਣਾ ਸ਼ੁਰੂ ਕੀਤਾ। ਉਹ ਉੱਥੇ ਖਾਂਦਾ, ਪੀਂਦਾ, ਸੌਂਦਾ, ਅਤੇ ਸਫ਼ਾਈ ਦਾ ਕੰਮ ਕਰ ਦਿੰਦਾ ਸੀ।

ਪਰ ਰੋਹਿਣੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਉਹ ਉੱਥੇ ਕਿਵੇਂ ਪਹੁੰਚਿਆ ਸੀ।

ਫ਼ਿਰ ਸ਼ਿਵਮ ਦੇ ਪਰਿਵਾਰ ਨੇ ਉਸਨੂੰ ਕਿਵੇਂ ਪਛਾਣਿਆ?

ਦਰਅਸਲ, ਸ਼ਿਵਮ ਦੇ ਸਾਹਮਣੇ ਉੱਤਰਾਖੰਡ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਨਾਲ ਇੱਕ ਵੀਡੀਓ ਕਾਲ ਕੀਤੀ ਗਈ ਸੀ।

ਸ਼ਿਵਮ ਦੇ ਭਰਾ ਨੇ ਵੀਡੀਓ ਕਾਲ 'ਤੇ ਗੱਲ ਕੀਤੀ ਅਤੇ ਉਸਨੇ ਉਸਨੂੰ ਪਛਾਣ ਲਿਆ।

ਇੰਨਾ ਹੀ ਨਹੀਂ, ਸ਼ਿਵਮ ਨੇ ਵੀ ਆਪਣੇ ਭਰਾ ਨੂੰ ਪਛਾਣ ਲਿਆ ਅਤੇ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।

ਮਨੋਵਿਗਿਆਨਕ ਹਸਪਤਾਲ ਦੇ ਸੁਪਰਡੈਂਟ ਡਾਕਟਰ ਸ਼੍ਰੀਨਿਵਾਸ ਕੋਲੋਡ ਨੇ ਕਿਹਾ, "ਉਸ ਤੋਂ ਬਾਅਦ ਸ਼ਿਵਮ ਹਸਪਤਾਲ ਵਿੱਚ ਬਹੁਤ ਖੁਸ਼ ਹੋ ਗਿਆ। ਜਿਵੇਂ ਕਿ ਉਹ ਕਹਿੰਦੇ ਹਨ, ਬਲਡ ਇਜ਼ ਥਿਕਰ ਦੈਨ ਐਨੀ ਲਿਕਿਵਡ।"

"ਅਸੀਂ ਇਹ ਆਪਣੀਆਂ ਅੱਖਾਂ ਨਾਲ ਦੇਖਿਆ। ਇੰਨੇ ਸਾਲਾਂ ਬਾਅਦ ਵੀ ਸ਼ਿਵਮ ਨੇ ਆਪਣੇ ਭਰਾ ਨੂੰ ਪਛਾਣ ਲਿਆ।"

ਸ਼ਿਵਮ ਦਾ ਪਰਿਵਾਰ ਉਸਨੂੰ ਮਿਲਣ ਲਈ ਪੁਣੇ ਆਇਆ, ਪਰ ਉਸਨੂੰ ਨਾਲ ਲੈ ਜਾਣ ਵਿੱਚ ਇੱਕ ਦਿੱਕਤ ਆਈ।

ਸ਼ਿਵਮ ਖ਼ਿਲਾਫ਼ ਚੋਰੀ ਦੇ ਇਲਜ਼ਾਮਾਂ ਦਾ ਕੀ ਬਣਿਆ?

ਸ਼ਿਵਮ ਦੇ ਰਿਸ਼ਤੇਦਾਰਾਂ ਨੂੰ ਲੱਭ ਲਿਆ ਗਿਆ, ਪਰ ਉਸ ਨੂੰ ਚੋਰੀ ਦੇ ਮਾਮਲੇ ਤੋਂ ਬਰੀ ਨਹੀਂ ਕੀਤਾ ਗਿਆ, ਜਿਸ ਕਾਰਨ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੈਦੀਆਂ ਲਈ ਇੱਕ ਮਨੋਵਿਗਿਆਨਕ ਵਾਰਡ ਵਿੱਚ ਦਾਖਲ ਕਰਵਾਇਆ ਗਿਆ।

ਰੋਹਿਨੀ ਭੋਸਲੇ ਕਹਿੰਦੇ ਹਨ, "ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ, ਮੈਂ ਕੇਸ ਦੀ ਸਥਿਤੀ ਦੀ ਜਾਂਚ ਕੀਤੀ।"

"ਪਰ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਸੀ। ਜਦੋਂ ਪੁਲਿਸ ਅਤੇ ਜੱਜ ਨੂੰ ਸੂਚਿਤ ਕੀਤਾ ਗਿਆ, ਤਾਂ 2023 ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਗਈ। ਉਸ ਤੋਂ ਬਾਅਦ ਹੀ ਕੇਸ ਦੀ ਸੁਣਵਾਈ ਹੋਈ।"

ਕਿਉਂਕਿ ਸ਼ਿਵਮ ਤੁਰਨ-ਫਿਰਨ ਤੋਂ ਅਸਮਰੱਥ ਹੈ, ਇਸ ਲਈ ਉਸ ਨੂੰ ਵੀਡੀਓ ਕਾਲ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚੋਰੀ ਦੇ ਮਾਮਲੇ ਦੇ ਸ਼ੱਕੀਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਵਮ ਚੋਰੀ ਵਿੱਚ ਸ਼ਾਮਲ ਨਹੀਂ ਸੀ।

ਉਨ੍ਹਾਂ ਕਿਹਾ, "ਪਰ ਜਦੋਂ ਪਿੰਡ ਵਾਸੀਆਂ ਨੇ ਸਾਨੂੰ ਫੜ ਲਿਆ ਤਾਂ ਅਸੀਂ ਝੂਠ ਬੋਲਿਆ। ਇਸ ਡਰ ਤੋਂ ਕਿ ਉਹ ਸਾਨੂੰ ਮਾਰ ਦੇਣਗੇ ਅਸੀਂ ਉਸੇ ਜਗ੍ਹਾ 'ਤੇ ਕੰਮ ਕਰਨ ਵਾਲੇ ਇੱਕ ਆਦਮੀ ਦਾ ਨਾਮ ਲੈ ਦਿੱਤਾ।"

ਰੋਹਿਨੀ ਕਹਿੰਦੇ ਹਨ, "ਉਨ੍ਹਾਂ ਦੀ ਗਵਾਹੀ ਤੋਂ ਬਾਅਦ ਸਤੰਬਰ 2025 ਵਿੱਚ ਕੇਸ ਦਾ ਫ਼ੈਸਲਾ ਸੁਣਾਇਆ ਗਿਆ, ਅਤੇ ਸ਼ਿਵਮ ਨੂੰ ਬਰੀ ਕਰ ਦਿੱਤਾ ਗਿਆ। ਹੁਕਮ ਦੀ ਇੱਕ ਕਾਪੀ ਨਵੰਬਰ ਵਿੱਚ ਆਈ ਅਤੇ ਫਿਰ ਅਸੀਂ ਸ਼ਿਵਮ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।"

ਸ਼ਿਵਮ ਦਾ ਆਪਣੇ ਪਰਿਵਾਰ ਨੂੰ ਮਿਲਣਾ ਅਤੇ ਅਲਵਿਦਾ ਕਹਿਣਾ

ਕੇਦਾਰਨਾਥ ਤ੍ਰਾਸਦੀ
ਤਸਵੀਰ ਕੈਪਸ਼ਨ, ਕੇਦਾਰਨਾਥ ਤ੍ਰਾਸਦੀ

ਰੋਹਿਣੀ ਕਹਿੰਦੇ ਹਨ ਕਿ ਸ਼ਿਵਮ ਅਤੇ ਉਸਦੇ ਪਰਿਵਾਰ ਨੂੰ ਮਿਲਾਉਣਾ ਸਾਡੇ ਲਈ ਇੱਕ ਅਭੁੱਲ ਪਲ ਸੀ।

ਰੋਹਿਣੀ ਨੇ ਕਿਹਾ, "ਪਿਛਲੇ ਚਾਰ ਸਾਲਾਂ ਤੋਂ ਹਸਪਤਾਲ ਦੇ ਸਟਾਫ਼ ਬ੍ਰਦਰ ਨੀਲੇਸ਼ ਦੀਘੇ ਅਤੇ ਸਿਸਟਰ ਕਵਿਤਾ ਗਾਡੇ ਵਾਰਡ ਵਿੱਚ ਸ਼ਿਵਮ ਦੀ ਬਹੁਤ ਚੰਗੀ ਦੇਖਭਾਲ ਕਰ ਰਹੇ ਸਨ।"

"ਸ਼ਿਵਮ ਨੂੰ ਅਲਵਿਦਾ ਕਹਿਣਾ ਸਾਡੇ ਲਈ ਇੱਕ ਭਾਵੁਕ ਪਲ ਸੀ ਕਿਉਂਕਿ ਉਹ ਸਾਰਿਆਂ ਲਈ ਇੱਕ ਪਰਿਵਾਰਕ ਮੈਂਬਰ ਵਾਂਗ ਬਣ ਗਿਆ ਸੀ, ਪਰ ਅਸੀਂ ਸਾਰੇ ਯਕੀਨੀ ਤੌਰ 'ਤੇ ਖੁਸ਼ ਸੀ ਕਿ ਉਹ ਆਪਣੇ ਪਰਿਵਾਰ ਕੋਲ ਜਾ ਰਿਹਾ ਸੀ।"

ਸੁਪਰਡੈਂਟ ਡਾਕਟਰ ਸ਼੍ਰੀਨਿਵਾਸ ਕੋਲੋਡ ਨੇ ਕਿਹਾ, "ਪਿਛਲੇ ਚਾਰ-ਪੰਜ ਸਾਲਾਂ ਵਿੱਚ ਸਾਡਾ ਉਸ ਨਾਲ ਇੱਕ ਭਾਵਨਾਤਮਕ ਰਿਸ਼ਤਾ ਬਣ ਗਿਆ ਹੈ। ਉਹ ਬਹੁਤ ਸ਼ਾਂਤ ਅਤੇ ਕੋਮਲ ਵਿਅਕਤੀ ਹੈ ਅਤੇ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰਦਾ ਹੈ।"

"ਚਾਹੇ ਰਾਤ ਦੇ ਖਾਣੇ ਤੋਂ ਬਾਅਦ ਪਲੇਟਾਂ ਧੋਣੀਆਂ ਹੋਣ ਜਾਂ ਸਾਡੇ ਬਿਸਤਰੇ ਲਗਾਉਣੇ ਹੋਣ, ਉਹ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰਦਾ ਹੈ।"

ਮਨੋਵਿਗਿਆਨਕ ਹਸਪਤਾਲ ਦੇ ਸੁਪਰਡੈਂਟ ਡਾਕਟਰ ਸ਼੍ਰੀਨਿਵਾਸ ਕੋਲੋਡ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੈਦੀ ਵਾਰਡ ਵਿੱਚ ਕਿਸੇ ਮਰੀਜ਼ ਨੂੰ ਇਸ ਤਰੀਕੇ ਨਾਲ ਆਪਣੇ ਪਰਿਵਾਰ ਨਾਲ ਮਿਲਾਇਆ ਗਿਆ ਹੈ।

ਰੋਹਿਣੀ ਭੋਸਲੇ ਨੇ ਕਿਹਾ ਕਿ ਸ਼ਿਵਮ ਦਾ ਭਰਾ ਸਰਕਾਰੀ ਨੌਕਰੀ ਕਰਦਾ ਹੈ ਅਤੇ ਉਸ ਨੇ ਇਸ ਘਟਨਾ ਸਬੰਧੀ ਮੀਡੀਆ ਕੋਲ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਰੋਹਿਨੀ ਨੇ ਕਿਹਾ ਕਿ ਪਰਿਵਾਰ ਇਸ ਸਮੇਂ ਖੁਸ਼ ਹੈ, ਪਰ ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਨਿੱਜਤਾ ਦਾ ਆਦਰ ਕੀਤਾ ਜਾਵੇ, ਇਸ ਲਈ ਬੀਬੀਸੀ ਨੇ ਉਨ੍ਹਾਂ ਦੇ ਪਰਿਵਾਰ ਤੋਂ ਕੋਈ ਟਿੱਪਣੀ ਨਹੀਂ ਮੰਗੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)