ਤਰਨ ਤਾਰਨ ਜ਼ਿਮਨੀ ਚੋਣ: 'ਨਸ਼ਾ, ਲੁੱਟ ਤੇ ਗੈਂਗਸਟਰਵਾਦ' ਦੇ ਮੁੱਦੇ ਕਿਉਂ ਭਾਰੀ ਹਨ? ਉਮੀਦਵਾਰਾਂ ਦੇ ਦਾਅਵੇ ਤੇ ਇਲਾਕੇ ਦਾ ਮਾਹੌਲ ਕੀ ਹੈ?

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਪ੍ਰਚਾਰ ਆਪਣੇ ਆਖ਼ਰੀ ਦੌਰ ਵਿੱਚ ਹੈ। ਇਸ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ ਸਾਰੀਆਂ ਸਿਆਸੀ ਧਿਰਾਂ ਨੇ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ।
ਆਮ ਆਦਮੀ ਪਾਰਟੀ ਜਿੱਥੇ ਇਹ ਚੋਣਾਂ ਆਪਣਾ ਵਕਾਰ ਕਾਇਮ ਰੱਖਣ ਲਈ ਲੜ ਰਹੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਆਪਣਾ ਸਿਆਸੀ ਕਿਲ੍ਹਾ ਮੁੜ ਬਹਾਲ ਕਰਨ ਲਈ ਯਤਨਸ਼ੀਲ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਸਾਲ 2022 ਦੀ ਵਿਧਾਨ ਸਭਾ ਚੋਣ ਦੌਰਾਨ ਇੱਥੋਂ ਜਿੱਤ ਦਰਜ ਕਰਵਾਈ ਸੀ।
ਜੂਨ ਮਹੀਨੇ ਉਨ੍ਹਾਂ ਦੀ ਮੌਤ ਹੋਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ। ਇਸ ਲਈ ਆਮ ਆਦਮੀ ਪਾਰਟੀ ਮੁੜ ਇਹ ਸੀਟ ਜਿੱਤਣਾ ਚਾਹੁੰਦੀ ਹੈ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਲੰਬਾ ਸਮਾਂ ਇਸ ਸੀਟ ਉੱਤੇ ਕਾਬਜ ਰਿਹਾ ਹੈ, ਪਰ ਪਿਛਲੀਆਂ ਦੋ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।
ਅਕਾਲੀ ਦਲ ਨੇ ਆਖ਼ਰੀ ਵਾਰੀ ਇੱਥੋਂ ਚੋਣ ਸਾਲ 2012 ਵਿੱਚ ਜਿੱਤ ਸੀ। ਉਸ ਤੋਂ ਮਗਰੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ 2022 ਵਿੱਚ ਆਮ ਆਦਮੀ ਪਾਰਟੀ ਨੇ ਇੱਥੋਂ ਜਿੱਤ ਦਰਜ ਕਰਵਾਈ ਸੀ।
ਬਹੁ-ਕੋਣੀ ਮੁਕਾਬਲਾ

ਤਸਵੀਰ ਸਰੋਤ, Harmeet Sidhu, Sukhwinder Randhawa, Karanbir Burj/FB
ਇਸ ਵਾਰ ਇਥੇ ਚਾਰ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਹ ਚਾਰ ਪਾਰਟੀਆਂ, ਆਮ ਆਦਮੀ ਪਾਰਟੀ, ਅਕਾਲੀ ਦਲ (ਬਾਦਲ), ਕਾਂਗਰਸ ਅਤੇ ਭਾਜਪਾ ਹਨ।
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਐਲਾਨੀ ਗਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ) ਸਣੇ ਹੋਰ ਪੰਥਕ ਧਿਰਾਂ ਦੀ ਵੀ ਹਮਾਇਤ ਪ੍ਰਾਪਤ ਹੈ।
ਇਸ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਚੋਣ ਪ੍ਰਚਾਰ ਆਖਰੀ ਦੌਰ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵੀ ਸਥਿਤੀ ਸਪੱਸ਼ਟ ਨਜ਼ਰ ਨਹੀਂ ਆ ਰਹੀ।
ਸਿਆਸੀ ਮਾਹਰਾਂ ਅਤੇ ਹਲਕੇ ਦੇ ਲੋਕਾਂ ਮੁਤਾਬਕ ਇਹ ਸੀਟ ਬਹੁ-ਕੋਣੀ ਮੁਕਾਬਲੇ ਵੱਲ ਵੱਧ ਰਹੀ ਹੈ।
ਕਿਹੜੀ ਪਾਰਟੀ ਨੇ ਕਿਹੜੇ ਉਮੀਦਵਾਰ ਉਤਾਰੇ

ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਸ ਹਰਮੀਤ ਸਿੰਘ ਸੰਧੂ ਉੱਤੇ ਹੈ। ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨ ਤਾਰਨ ਹਲਕੇ ਤੋਂ ਲੜੀ ਸੀ ਪਰ ਉਹ 'ਆਪ' ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ।
ਕਾਂਗਰਸ ਪਾਰਟੀ ਨੇ ਪੇਸ਼ੇ ਤੋਂ ਵਕੀਲ ਸਿਆਸਤਦਾਨ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਰਨਬੀਰ ਸਿੰਘ ਬੁਰਜ ਪਹਿਲੀਵਾਰ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ।
ਕਰਨਬੀਰ ਸਿੰਘ ਦੇ ਦਾਦਾ ਮਰਹੂਮ ਜਵਾਹਰ ਸਿੰਘ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਬੁਰਜ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।
ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤਰਨ ਤਾਰਨ ਤੋਂ ਚੋਣ ਮੈਦਾਨ ਵਿੱਚ ਇੱਕ ਸਿੱਖ ਚਿਹਰਾ ਉਤਾਰਨ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਇੱਕ ਪੁਰਾਣੇ ਸਿਆਸਤਦਾਨ ਹਨ।
ਹਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਉਨ੍ਹਾਂ ਨੇ 2007 ਵਿੱਚ ਯੂਥ ਅਕਾਲੀ ਦਲ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। 2022 ਤੱਕ ਉਹ ਅਕਾਲੀ ਦਲ ਲਈ ਕੰਮ ਕਰਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦਾ ਲੜ ਫੜਿਆ ਸੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਸ਼ੇ ਤੋਂ ਅਧਿਆਪਕਾ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜੇਬੀਟੀ ਅਧਿਆਪਕਾ ਰਿਟਾਇਰ ਹੋਏ ਸੁਖਵਿੰਦਰ ਕੌਰ ਦਾ ਸਿਆਸੀ ਸਫ਼ਰ ਬਹੁਤਾ ਲੰਬਾ ਨਹੀਂ ਹੈ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਸਿਆਸੀ ਤੌਰ ਉੱਤੇ ਇੱਕ ਸਰਗਰਮ ਪਰਿਵਾਰ ਹੈ।
ਇਸ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਮਨਦੀਪ ਸਿੰਘ ਖਾਲਸਾ ਪੰਥਕ ਸਰੋਕਾਰਾਂ ਦੀ ਗੱਲ ਕਰਦੇ ਹਨ। ਮਨਦੀਪ ਸਿੰਘ ਖਾਲਸਾ ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਐਲਾਨੀ ਗਈ ਪਾਰਟੀ ਅਕਾਲੀ ਦਲ(ਵਾਰਿਸ ਪੰਜਾਬ) ਸਣੇ ਹੋਰ ਪੰਥਕ ਧਿਰਾਂ ਦੀ ਵੀ ਹਮਾਇਤ ਪ੍ਰਾਪਤ ਹੈ।
ਹਲਕੇ ਦੀਆਂ ਮੁੱਖ ਸਮੱਸਿਆਵਾਂ ਕਿਹੜੀਆਂ ਹਨ

ਇਸ ਇਲਾਕੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਤੇ ਸ਼ਹਿਰੀ ਲੋਕਾਂ ਵਿੱਚ ਵਿਕਾਸ ਨਾ ਹੋਣ ਪ੍ਰਤੀ ਨਾਰਾਜ਼ਗੀ ਹੈ। ਲੋਕਾਂ ਦੀ ਮੰਗ ਹੈ ਕਿ ਇੱਥੇ ਨਸ਼ਾ ਬੰਦ ਹੋਵੇ, ਚੰਗੇ ਵਿਦਿਅਕ ਅਦਾਰੇ ਬਣਨ, ਅਪਰਾਧ ਘਟਣ ਅਤੇ ਚੰਗੀਆਂ ਲੋੜੀਂਦੀਆਂ ਸਹੂਲਤਾਂ ਮਿਲਣ। ਇਸ ਤੋਂ ਇਲਾਵਾ ਬੇਰੁਜ਼ਗਾਰੀ ਦੀ ਸਮੱਸਿਆ ਵੀ ਅਹਿਮ ਹੈ।
ਪਿੰਡ ਜੱਟਾ ਦੇ ਰਹਿਣ ਵਾਲੇ 60 ਸਾਲਾ ਅਵਤਾਰ ਸਿੰਘ ਨੇ ਕਿਹਾ, "ਨਸ਼ਾ ਅਤੇ ਲੁੱਟਾਂ ਖੋਹਾਂ ਵੱਧ ਗਈਆਂ ਹਨ। ਸਭ ਤੋਂ ਪਹਿਲਾਂ ਇਹ ਬੰਦ ਹੋਣੇ ਚਾਹੀਦੇ ਹਨ।"
ਕਸੇਲ ਪਿੰਡ ਦੇ ਵਸਨੀਕ ਸੁਰਜੀਤ ਕੁਮਾਰ ਮੁਤਾਬਕ ਨਸ਼ੇ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੀ ਘਾਟ ਅਤੇ ਬੇਰੁਜ਼ਗਾਰੀ ਵੱਡੀ ਸਮੱਸਿਆ ਹੈ।
"ਚਾਹੇ ਕਿਸੇ ਵੀ ਪਾਰਟੀ ਦਾ ਉਮੀਦਵਾਰ ਜਿੱਤੇ। ਇਲਾਕੇ ਦਾ ਵਿਕਾਸ ਹੋਣਾ ਚਾਹੀਦਾ ਹੈ। ਤਰਨਤਾਰਨ ਹਲਕੇ ਨੂੰ ਪਛੜਿਆ ਹਲਕਾ ਗਿਣਿਆ ਜਾਂਦਾ ਹੈ। ਹਲਕੇ ਦਾ ਸੁਧਾਰ ਹੋਣਾ ਚਾਹੀਦਾ ਹੈ। ਲੁੱਟਾਂ ਖੋਹਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਲੁੱਟਾਂ ਖੋਹਾਂ ਬੰਦ ਹੋਣੀਆਂ ਚਾਹੀਦੀਆਂ ਹਨ।"

ਕਸੇਲ ਪਿੰਡ ਦੇ ਵਸਨੀਕ 55 ਸਾਲਾ ਬਲਵਿੰਦਰ ਸਿੰਘ ਨੇ ਕਿਹਾ, "ਨਸ਼ੇ ਦੇ ਨਾਲ-ਨਾਲ ਬੇਰੁਜ਼ਗਾਰੀ ਵੀ ਵੱਡੀ ਸਮੱਸਿਆ ਹੈ। ਬੇਰੁਜ਼ਗਾਰ ਹੋਣ ਕਰਕੇ ਹੀ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ।"
ਪੰਡੋਰੀ ਸਿੱਧਵਾਂ ਦੇ ਰਹਿਣ ਵਾਲੇ ਸਾਹਿਬ ਸਿੰਘ ਨੇ ਕਿਹਾ, "ਜਿਹੜੇ ਬੱਚੇ ਪੜ੍ਹ ਲਿਖ ਕੇ ਬਾਹਰ ਜਾ ਰਹੇ ਹਨ, ਉਨ੍ਹਾਂ ਨੂੰ ਇੱਥੇ ਰੁਜ਼ਗਾਰ ਮਿਲਣਾ ਚਾਹੀਦਾ ਹੈ।"
ਪੇਸ਼ੇ ਵੱਜੋਂ ਸਿਕਿਉਰਿਟੀ ਗਾਰਡ 59 ਸਾਲ ਨਿਰਮਲ ਸਿੰਘ ਨੇ ਕਿਹਾ ਕਿ ਨਸ਼ੇ 'ਤੇ ਰੋਕ ਲਗਾਉਣੀ ਚਾਹੀਦੀ ਹੈ। ਇਲਾਕੇ ਵਿੱਚ ਸੜਕਾਂ ਬਣਨੀਆਂਚਾਹੀ ਦੀਆਂ ਹਨ। ਮਹਿੰਗਾਈ ਘਟਣੀ ਚਾਹੀਦੀ ਹੈ।
ਉਮੀਦਵਾਰਾਂ ਦੀਆਂ ਤਰਜੀਹਾਂ

ਤਰਨ ਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੇਵਾ ਮੁਕਤ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਨਸ਼ਿਆਂ ਦੀ ਰੋਕਥਾਮ, ਸ਼ਹਿਰ ਵਿੱਚ ਸੀਵਰੇਜ ਅਤੇ ਲਾਈਟਾਂ ਦੀ ਸਮੱਸਿਆ ਦੇ ਹੱਲ, ਹੜਾਂ ਦੌਰਾਨ ਆਪਣੇ ਘਰ ਗਵਾਉਣ ਵਾਲੇ ਇਲਾਕਾ ਵਾਸੀਆਂ ਦੀ ਮਦਦ ਵਾਸਤੇ ਚੋਣਾਂ ਲੜ ਰਹੇ ਹਨ।
ਉਹਨਾਂ ਕਿਹਾ ਕਿ ਚੋਣ ਜਿੱਤਣ ਮਗਰੋਂ ਇਨ੍ਹਾਂ ਮੁੱਦਿਆਂ ਉੱਤੇ ਕੰਮ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ।
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਕਿਹਾ, "ਨਸ਼ੇ ਬਹੁਤ ਗੰਭੀਰ ਸਮੱਸਿਆ ਬਣ ਚੁੱਕੇ ਹਨ। ਬੇਰੁਜ਼ਗਾਰੀ ਵੀ ਵੱਧ ਗਈ ਹੈ। ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਘਾਟ ਹੈ। ਕਿਸਾਨੀ ਵੀ ਸਮੱਸਿਆਵਾਂ ਵਿੱਚ ਘਿਰ ਚੁੱਕੀ ਹੈ। ਪੰਜਾਬ ਯੂਨੀਵਰਸਿਟੀ ਉੱਤੇ ਵੀ ਹਮਲੇ ਹੋ ਰਹੇ ਹਨ।"
"ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਵੀ ਗੰਭੀਰ ਹੈ। ਸਰਕਾਰ ਇਸ ਮੁੱਦੇ ਉੱਤੇ ਕੰਮ ਨਹੀਂ ਕਰ ਰਹੀ।"
"ਚੋਣ ਜਿੱਤਣ ਇਨ੍ਹਾਂ ਮੁੱਦਿਆਂ ਅਤੇ ਸਮੱਸਿਆਵਾਂ ਉੱਤੇ ਜ਼ਮੀਨੀ ਪੱਧਰ ਉੱਤੇ ਕੰਮ ਕਰਕੇ ਮਗਰੋਂ ਡਿਪਟੀ ਕਮਿਸ਼ਨਰਜ਼ ਅਤੇ ਪੁਲਿਸ ਮੁਖੀਆਂ ਨਾਲ ਮਿਲਕੇ ਇਨ੍ਹਾਂ ਸਮੇਤ ਅਤੇ ਹੋਰ ਮੁੱਦਿਆਂ ਦਾ ਹੱਲ ਕਰਾਂਗੇ।"

ਤਸਵੀਰ ਸਰੋਤ, Getty Images
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੌਰਾਨ ਗੈਂਗਸਟਰਵਾਦ ਨੂੰ ਖ਼ਤਮ ਕਰਨ, ਸ਼ਹਿਰ ਵਿੱਚੋਂ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਅਤੇ ਹਲਕੇ ਵਿੱਚ ਕੁੜੀਆ ਲਈ ਤਕਨੀਕੀ ਸਿੱਖਿਆ ਦਾ ਕਾਲਜ ਖੋਲ੍ਹਣ ਦੀ ਗਾਰੰਟੀ ਦਿੱਤੀ।
'ਆਪ' ਉਮੀਦਵਾਰ ਹਰਮੀਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਕਿਹਾ, "ਅਰਵਿੰਦ ਕੇਜਰੀਵਾਲ ਨੇ ਵੀ ਗੈਂਗਸਟਰਵਾਦ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। ਇਹ ਸਾਡੀ ਤਰਜੀਹ ਹੈ। ਲੋਕਾਂ ਨੂੰ ਲਾਲ ਲਕੀਰ ਅੰਦਰ ਘਰਾਂ ਦੇ ਮਾਲਕਾਨਾ ਹੱਕ ਨਹੀਂ ਮਿਲੇ। ਉਹ ਵੀ ਦਿਵਾਏ ਜਾਣਗੇ।"
ਕਾਂਗਰਸ ਦੀ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਲਾਅ ਅਤੇ ਆਰਡਰ ਦੀ ਸਥਿਤੀ ਵਿੱਚ ਸੁਧਾਰ ਕਰਨ ਦੇ ਵਾਅਦੇ ਨਾਲ ਵੋਟਾਂ ਦੀ ਮੰਗ ਕਰ ਰਹੇ ਹਨ।
ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਆਪਣੇ ਚੋਣ ਪ੍ਰਚਾਰ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਪਾਰਟੀ ਬਦਲਣ ਕਰਕੇ ਤੰਜ ਕੱਸਦੇ ਹਨ। ਉਹ ਲਾਅ ਅਤੇ ਆਡਰ ਦੇ ਮੁੱਦੇ ਉੱਤੇ ਆਪਣੇ ਵਿਰੋਧੀਆਂ ਨੂੰ ਭੰਡਦੇ ਹਨ।
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਪੰਜਾਬ ਵਿੱਚ ਗੈਂਗਸਟਰਵਾਦ ਖ਼ਤਮ ਕਰਨ ਲਈ ਵੋਟਾਂ ਮੰਗ ਰਹੇ ਹਨ।
ਉਹ ਕਹਿੰਦੇ ਹਨ, "ਬੀਜੇਪੀ ਹੀ ਉੱਤਰ ਪ੍ਰਦੇਸ਼ ਵਾਂਗ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਸਕਦੀ ਹੈ।"
ਪੰਥਕ ਸੀਟ ਕਿਉਂ ਕਿਹਾ ਜਾਂਦਾ ਹੈ

ਤਰਨ ਤਾਰਨ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ। ਅਕਾਲੀ ਦਲ ਇੱਥੋਂ ਸਭ ਤੋਂ ਵੱਧ ਵਾਰੀ ਜਿੱਤਿਆ ਹੈ। ਹਾਲਾਂਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਇਸ ਹਲਕੇ ਤੋਂ ਆਪਣੀ ਹਾਜ਼ਰੀ ਲਗਵਾਈ ਹੈ।
ਮਾਹਰਾਂ ਮੁਤਾਬਕ ਦਿਹਾਤੀ ਅਤੇ ਸਿੱਖ ਵੋਟਰਾਂ ਦੀ ਵੱਡੀ ਗਿਣਤੀ ਅਤੇ ਖਾੜਕੂਵਾਦ ਲਹਿਰ ਦਾ ਪ੍ਰਭਾਵ ਇਸ ਇਲਾਕੇ ਵਿੱਚ ਵੱਧ ਰਿਹਾ ਹੋਣ ਕਰਕੇ ਤਰਨਤਾਰਨ ਹਲਕਾ ਪੰਜਾਬ ਦੇ ਪੰਥਕ ਹਲਕਿਆਂ ਵਿੱਚ ਗਿਣਿਆ ਜਾਂਦਾ ਹੈ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, "ਇਸ ਹਲਕੇ ਵਿੱਚ ਪਿੰਡ ਵਿੱਚ ਰਹਿੰਦੇ ਵੋਟਰਾਂ ਅਤੇ ਸਿੱਖ ਵੋਟਰਾਂ ਦੀ ਬਹੁਮਤ ਹੈ।"
"ਖਾੜਕੂਵਾਦ ਦਾ ਸਭ ਤੋਂ ਵੱਧ ਪ੍ਰਭਾਵ ਤਰਨਤਾਰਨ ਇਲਾਕੇ ਵਿੱਚ ਹੀ ਰਿਹਾ ਹੈ। ਇਸ ਇਲਾਕੇ ਦਾ ਸੁਭਾਅ ਪੰਜਾਬ ਦੇ ਬਾਕੀ ਖੇਤਰਾਂ ਨਾਲੋਂ ਵੱਖਰਾ ਅਤੇ ਬਾਗ਼ੀ ਹੈ।"
ਅਮ੍ਰਿਤਪਾਲ ਦੀ ਗ਼ੈਰਹਾਜ਼ਰੀ ਅਤੇ ਪ੍ਰਭਾਵ

ਵਿਧਾਨ ਸਭਾ ਹਲਕਾ ਤਰਨਤਾਰਨ, ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਅਹਿਮ ਹਿੱਸਾ ਹੈ। ਇਹ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ 9 ਹਲਕਿਆਂ ਵਿੱਚੋਂ ਇੱਕ ਹੈ।
ਸਾਲ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ ਵਿੱਚ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਇਸ ਦੌਰਾਨ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਵੀ ਉਨ੍ਹਾਂ ਦੀ ਵੱਡੀ ਗਿਣਤੀ ਵਿੱਚ ਵੋਟਰਾਂ ਦਾ ਸਮਰਥਨ ਮਿਲਿਆ ਸੀ।
ਮੈਂਬਰ ਪਾਰਲੀਮੈਂਟ ਬਣਨ ਮਗਰੋਂ ਜੇਲ੍ਹ ਵਿੱਚ ਬੰਦ ਹੋਣ ਕਰਕੇ ਉਹ ਇਸ ਹਲਕੇ ਤੋਂ ਗੈਰਹਾਜ਼ਰ ਹਨ।
ਮਾਹਰਾਂ ਮੁਤਾਬਕ ਅਮ੍ਰਿਤਪਾਲ ਦੇ ਪ੍ਰਭਾਵ ਦਾ ਫਾਇਦਾ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ ਮਿਲਣ ਦੀ ਸੰਭਾਵਨਾ ਹੈ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਨੇ ਕਿਹਾ, "ਜੇਲ੍ਹ ਵਿੱਚ ਬੰਦ ਐੱਮਪੀ ਅਮ੍ਰਿਤਪਾਲ ਦਾ ਪ੍ਰਭਾਵ ਅਜੇ ਵੀ ਹਲਕੇ ਵਿੱਚ ਮੌਜੂਦ ਹੈ। ਇਸ ਦਾ ਫਾਇਦਾ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ ਮਿਲ ਸਕਦਾ ਹੈ।"
ਹਲਕੇ ਦਾ ਰੁਝਾਨ

ਅਕਾਲੀ ਦਲ ਇੱਥੋਂ ਸਭ ਤੋਂ ਵੱਧ ਵਾਰੀ ਜਿੱਤਿਆ ਹੈ। ਹਾਲਾਂਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਇਸ ਹਲਕੇ ਤੋਂ ਆਪਣੀ ਹਾਜ਼ਰੀ ਲਵਾਈ ਹੈ।
ਪਿਛਲੀਆਂ ਛੇ ਚੋਣਾਂ ਵਿੱਚੋਂ ਤਿੰਨ ਵਾਰ ਅਕਾਲੀ ਦਲ ਅਤੇ ਇੱਕ-ਇੱਕ ਵਾਰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਜਿੱਤੇ ਹਨ।
ਸਾਲ 1997 ਵਿੱਚ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪ੍ਰੇਮ ਲਾਲਪੁਰਾ ਨੇ ਜਿੱਤ ਪ੍ਰਾਪਤ ਕੀਤੀ ਸੀ।
ਸਾਲ 2002 ਵਿੱਚ ਹਰਮੀਤ ਸਿੰਘ ਸੰਧੂ ਆਜ਼ਾਦ ਉਮੀਦਵਾਰ ਵਜੋਂ ਜਿੱਤ ਸਨ ਜਦਕਿ ਸਾਲ 2007 ਅਤੇ 2012 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਇਸ ਹਲਕੇ ਤੋਂ ਜਿੱਤੇ ਸਨ।
ਸਾਲ 2017 ਵਿੱਚ ਕਾਂਗਰਸ ਦੇ ਉਮੀਦਵਾਰ ਧਰਮਬੀਰ ਅਗਨੀਹੋਤਰੀ ਵਿਧਾਇਕ ਚੁਣੇ ਗਏ ਸਨ। ਸਾਲ 2022 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਸ਼ਮੀਰ ਸਿੰਘ ਸੋਹਲ ਨੇ ਜਿੱਤ ਪ੍ਰਾਪਤ ਕੀਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












