ਕੋਵਿਡ ਵੈਕਸੀਨ ਅਤੇ ਹਾਰਟ ਅਟੈਕ ਦੇ 'ਕਨੈਕਸ਼ਨ' 'ਤੇ ਏਮਜ਼ ਦੀ ਸਟਡੀ ਬਾਰੇ ਕੀ ਕਹਿ ਰਹੇ ਹਨ ਮਾਹਰ

    • ਲੇਖਕ, ਸ਼ੁਭ ਰਾਣਾ
    • ਰੋਲ, ਬੀਬੀਸੀ ਸਹਿਯੋਗੀ

ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਕਰੋੜਾਂ ਲੋਕਾਂ ਨੂੰ ਵੈਕਸੀਨ ਲਗਾਈ ਗਈ ਸੀ।

ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਜੁੜੇ CoWIN ਪੋਰਟਲ ਮੁਤਾਬਕ, ਦਸੰਬਰ 2025 ਤੱਕ 2 ਅਰਬ 20 ਕਰੋੜ ਤੋਂ ਵੱਧ ਵੈਕਸੀਨੇਸ਼ਨ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ।

ਕੋਵਿਡ ਵੈਕਸੀਨ ਨੂੰ ਲੈ ਕੇ ਏਮਜ਼ ਦਿੱਲੀ ਦੀ ਇੱਕ ਨਵੀਂ ਸਟਡੀ ਸਾਹਮਣੇ ਆਈ ਹੈ, ਜੋ ਦੱਸਦੀ ਹੈ ਕਿ "ਨੌਜਵਾਨਾਂ ਵਿੱਚ ਅਚਾਨਕ ਮੌਤਾਂ ਦਾ ਕੋਵਿਡ ਵੈਕਸੀਨ ਜਾਂ ਲਾਗ ਨਾਲ ਕੋਈ ਸੰਬੰਧ ਨਹੀਂ ਹੈ।"

ਇਸ ਸਟਡੀ ਨੂੰ ਲੈ ਕੇ ਬੀਬੀਸੀ ਨੇ ਸਿਹਤ ਮਾਹਰਾਂ ਨਾਲ ਗੱਲਬਾਤ ਕੀਤੀ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਤਾਬਕ, "ਸਾਲ 2024 ਦੇ ਅਖੀਰ ਤੱਕ ਦੁਨੀਆ ਭਰ ਵਿੱਚ 13.64 ਅਰਬ ਤੋਂ ਵੱਧ ਕੋਵਿਡ ਵੈਕਸੀਨ ਦੀਆਂ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ।"

ਡਬਲਯੂਐਚਓ ਅੱਜ ਵੀ ਵੈਕਸੀਨ ਦੀ ਸਿਫ਼ਾਰਿਸ਼ ਕਰਦਾ ਹੈ।

ਇਸ ਦੇ ਨਾਲ ਹੀ, ਏਮਜ਼ ਦੀ ਸਟਡੀ ਵਿੱਚ ਹਾਰਟ ਅਟੈਕ ਪਿੱਛੇ ਸਭ ਤੋਂ ਵੱਡਾ ਕਾਰਨ ਦਿਲ ਦੀਆਂ ਬਿਮਾਰੀਆਂ ਨੂੰ ਮੰਨਿਆ ਗਿਆ ਹੈ।

ਵੈਕਸੀਨ ਅਤੇ ਮੌਤਾਂ ਵਿਚਾਲੇ ਸਬੰਧ 'ਤੇ ਕੀਤੀ ਗਈ ਸਟਡੀ ਕੀ ਕਹਿੰਦੀ ਹੈ?

ਏਮਜ਼ ਦਿੱਲੀ ਦੇ ਪੈਥੋਲੋਜੀ ਅਤੇ ਫੋਰੈਂਸਿਕ ਮੈਡੀਸਿਨ ਵਿਭਾਗ ਨੇ ਮਈ 2023 ਤੋਂ ਅਪ੍ਰੈਲ 2024 ਤੱਕ ਇੱਕ ਸਾਲ ਦੀ ਆਟਾਪਸੀ ਅਧਾਰਿਤ ਸਟਡੀ ਕੀਤੀ ਹੈ।

ਇਸ ਦਾ ਸਿਰਲੇਖ ਹੈ - "ਨੌਜਵਾਨ ਬਾਲਗਾਂ ਵਿੱਚ ਅਚਾਨਕ ਮੌਤਾਂ ਦਾ ਬੋਝ: ਭਾਰਤ ਦੇ ਇੱਕ ਵੱਡੇ ਹਸਪਤਾਲ ਵਿੱਚ ਇੱਕ ਸਾਲ ਤੱਕ ਕੀਤਾ ਗਿਆ ਅਧਿਐਨ"।

ਇਹ ਸਟਡੀ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਵਿੱਚ ਪ੍ਰਕਾਸ਼ਿਤ ਹੋਈ ਹੈ, ਜੋ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦਾ ਮੁੱਖ ਜਰਨਲ ਹੈ।

ਇਸ ਸਟਡੀ ਵਿੱਚ ਟ੍ਰੌਮਾ, ਖੁਦਕੁਸ਼ੀ, ਕਤਲ ਜਾਂ ਡਰੱਗ ਦੁਰਵਰਤੋਂ ਨਾਲ ਹੋਈਆਂ ਮੌਤਾਂ ਨੂੰ ਛੱਡ ਕੇ, ਅਚਾਨਕ ਹੋਈਆਂ ਮੌਤਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਕੁੱਲ 94 ਨੌਜਵਾਨ (19–45 ਸਾਲ) ਅਤੇ 68 ਬਜ਼ੁਰਗ (46–65 ਸਾਲ) ਦੇ ਮਾਮਲਿਆਂ ਦੀ ਜਾਂਚ ਕੀਤੀ ਗਈ। ਨੌਜਵਾਨਾਂ ਦੀ ਔਸਤ ਉਮਰ 33.6 ਸਾਲ ਦੱਸੀ ਗਈ ਹੈ।

ਏਮਜ਼ ਦੀ ਸਟਡੀ ਮੁਤਾਬਕ ਨੌਜਵਾਨਾਂ ਦੀ ਮੌਤ ਦੇ ਮੁੱਖ ਕਾਰਨ ਇਹ ਦੱਸੇ ਗਏ ਹਨ:

  • ਦਿਲ ਦੀਆਂ ਬਿਮਾਰੀਆਂ (ਕਾਰਡੀਓਵੈਸਕੂਲਰ ਡਿਜ਼ੀਜ਼) ਸਭ ਤੋਂ ਵੱਡਾ ਕਾਰਨ - ਨੌਜਵਾਨਾਂ ਵਿੱਚ ਲਗਭਗ ਦੋ-ਤਿਹਾਈ ਮੌਤਾਂ ਦਾ ਕਾਰਨ
  • ਇਨ੍ਹਾਂ ਮੌਤਾਂ ਵਿੱਚ 85% ਮਾਮਲਿਆਂ ਵਿੱਚ ਐਥੇਰੋਸਕਲੇਰੋਟਿਕ ਕੋਰੋਨਰੀ ਆਰਟਰੀ ਡਿਜ਼ੀਜ਼ (CAD) ਪਾਈ ਗਈ, ਭਾਵ ਦਿਲ ਦੀਆਂ ਨਸਾਂ ਵਿੱਚ 70% ਤੋਂ ਵੱਧ ਬਲੌਕੇਜ
  • ਸਭ ਤੋਂ ਵੱਧ ਪ੍ਰਭਾਵਿਤ ਨਸ — ਲੈਫਟ ਐਂਟੀਰੀਅਰ ਡਿਸੈਂਡਿੰਗ ਆਰਟਰੀ, ਉਸ ਤੋਂ ਬਾਅਦ ਰਾਈਟ ਕੋਰੋਨਰੀ ਆਰਟਰੀ
  • ਨੌਜਵਾਨਾਂ ਦੀ ਮੌਤ ਦੇ ਇੱਕ-ਤਿਹਾਈ ਮਾਮਲਿਆਂ ਵਿੱਚ ਦੂਜਾ ਕਾਰਨ ਸਾਹ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਨਿਮੋਨੀਆ, ਟੀਬੀ
  • ਨੌਜਵਾਨਾਂ ਵਿੱਚ ਸ਼ਰਾਬ ਅਤੇ ਤੰਬਾਕੂਨੋਸ਼ੀ ਦੀ ਲਤ

ਇਸ ਸਟਡੀ ਵਿੱਚ ਲਗਭਗ 20% ਮਾਮਲਿਆਂ ਵਿੱਚ ਮੌਤ ਦਾ ਕੋਈ ਸਪਸ਼ਟ ਕਾਰਨ ਨਹੀਂ ਮਿਲਿਆ ਯਾਨੀ ਆਟਾਪਸੀ ਕਰਨ ਤੋਂ ਬਾਅਦ ਵੀ ਇਹ ਸਮਝ ਨਹੀਂ ਆ ਸਕੀ ਕਿ ਮੌਤ ਕਿਸ ਕਾਰਨ ਕਰਕੇ ਹੋਈ।

ਏਮਜ਼ ਨੇ ਆਪਣੀ ਸਟਡੀ ਵਿੱਚ ਵੈਕਸੀਨ 'ਤੇ ਦਾਅਵਾ ਕੀਤਾ ਹੈ ਕਿ ਕੋਵਿਡ ਸੰਕਰਮਣ ਦਾ ਇਤਿਹਾਸ ਜਾਂ ਵੈਕਸੀਨੇਸ਼ਨ ਸਟੇਟਸ ਅਤੇ ਅਚਾਨਕ ਮੌਤਾਂ ਵਿਚਕਾਰ ਕੋਈ ਮਹੱਤਵਪੂਰਨ ਸਬੰਧ ਨਹੀਂ ਹੈ।

ਸਟਡੀ 'ਤੇ ਸਵਾਲ

ਪੁਣੇ ਦੇ ਡੀਵਾਈ ਪਾਟਿਲ ਮੈਡੀਕਲ ਕਾਲਜ, ਕਮਿਊਨਿਟੀ ਮੈਡੀਸਿਨ ਵਿਭਾਗ ਦੇ ਡਾਕਟਰ ਅਤੇ ਐਮੇਰਿਟਸ ਦੇ ਪ੍ਰੋਫੈਸਰ, ਡਾਕਟਰ ਅਮਿਤਾਭ ਬੈਨਰਜੀ ਨੇ ਏਮਜ਼ ਦੀ ਸਟਡੀ 'ਤੇ ਸਵਾਲ ਚੁੱਕੇ ਹਨ।

ਉਹ ਕਹਿੰਦੇ ਹਨ, "ਸਟਡੀ ਵਿੱਚ ਲਗਭਗ 20% ਮਾਮਲਿਆਂ ਵਿੱਚ ਮੌਤ ਦਾ ਕਾਰਨ ਪਤਾ ਨਹੀਂ ਲੱਗਿਆ (ਅਨਐਕਸਪਲੇਨਡ ਡੈਥ ਜਾਂ ਨੇਗੇਟਿਵ ਆਟਾਪਸੀ), ਕੀ ਇਨ੍ਹਾਂ ਅਣਜਾਣ ਮਾਮਲਿਆਂ ਵਿੱਚ ਕੋਵਿਡ ਵੈਕਸੀਨ ਦੀ ਕੋਈ ਭੂਮਿਕਾ ਤਾਂ ਨਹੀਂ? ਏਮਜ਼ ਨੂੰ ਇਨ੍ਹਾਂ ਦੀ ਹੋਰ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਸੀ।"

ਹਾਲਾਂਕਿ ਏਮਜ਼ ਦੀ ਸਟਡੀ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਮੌਤਾਂ ਦੇ ਮਾਮਲਿਆਂ ਵਿੱਚ ਔਸਤ ਉਮਰ ਸਿਰਫ਼ 30.5 ਸਾਲ ਸੀ। ਇਸ ਵਿੱਚ ਸਭ ਤੋਂ ਵੱਧ ਮਾਮਲੇ 30–40 ਸਾਲ ਦੀ ਉਮਰ ਦੇ 50% ਅਤੇ 20–30 ਸਾਲ ਦੀ ਉਮਰ ਦੇ 40% ਲੋਕਾਂ ਦੇ ਸਨ।

ਅੱਧੇ ਮਾਮਲਿਆਂ ਵਿੱਚ ਜਦੋਂ ਦਿਲ ਦੇ ਟਿਸ਼ੂ ਦੀ ਬਰੀਕੀ ਨਾਲ ਜਾਂਚ (ਹਿਸਟੋਪੈਥੋਲੋਜੀ) ਕੀਤੀ ਗਈ, ਤਾਂ ਉਸ ਵਿੱਚ ਦਿਲ ਵਿੱਚ ਕੁਝ ਹਲਕੇ-ਫੁਲਕੇ ਬਦਲਾਅ ਨਜ਼ਰ ਆਏ, ਜਿਵੇਂ ਦਿਲ ਦੀਆਂ ਮਾਸਪੇਸ਼ੀਆਂ ਦਾ ਥੋੜ੍ਹਾ ਮੋਟਾ ਹੋ ਜਾਣਾ, ਧਮਨੀਆਂ ਵਿੱਚ ਚਰਬੀ ਦੀ ਪਤਲੀ ਪਰਤ ਜੰਮਣਾ ਜਾਂ ਦਿਲ ਦੇ ਛੋਟੇ-ਛੋਟੇ ਹਿੱਸਿਆਂ ਵਿੱਚ ਖੂਨ ਦੀ ਹਲਕੀ ਕਮੀ ਦੇ ਨਿਸ਼ਾਨ ਮਿਲਣਾ।

ਏਮਜ਼ ਦੀ ਇਹ ਸਟਡੀ ਅੱਗੇ ਕਹਿੰਦੀ ਹੈ ਕਿ ਇਹ ਬਦਲਾਅ ਇੰਨੇ ਗੰਭੀਰ ਨਹੀਂ ਸਨ ਕਿ ਮੌਤ ਦਾ ਸਿੱਧਾ ਕਾਰਨ ਬਣ ਸਕਣ।

ਡਾਕਟਰ ਅਮਿਤਾਭ ਬੈਨਰਜੀ ਭਾਰਤ ਵਿੱਚ ਵਰਤੀ ਗਈ ਕੋਵਿਸ਼ੀਲਡ ਵੈਕਸੀਨ ਦੇ ਸੰਦਰਭ ਵਿੱਚ ਕਹਿੰਦੇ ਹਨ, "ਯੂਰਪ ਦੇ ਕਈ ਦੇਸ਼ਾਂ ਨੇ ਕੋਵਿਸ਼ੀਲਡ ਵੈਕਸੀਨ ਨੂੰ ਦੁਰਲੱਭ ਪਰ ਗੰਭੀਰ ਸਾਈਡ ਇਫੈਕਟਸ (ਜਿਵੇਂ ਬਲੱਡ ਕਲੌਟਸ ਅਤੇ ਵੀਆਈਟੀਟੀ) ਕਾਰਨ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਸੀ, ਖਾਸ ਕਰਕੇ ਨੌਜਵਾਨਾਂ ਵਿੱਚ ਇਨ੍ਹਾਂ ਜੋਖਮਾਂ ਕਾਰਨ।"

ਡਾਕਟਰ ਅਮਿਤਾਭ ਬੈਨਰਜੀ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਦੇ ਉਤਪਾਦਨ ਬੰਦ ਹੋਣ ਉੱਤੇ ਵੀ ਸਵਾਲ ਚੁੱਕਦੇ ਹਨ।

ਕੋਰੋਨਾ ਦਾ ਟੀਕਾ ਬਣਾਉਣ ਵਾਲੀ ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜ਼ੇਨੇਕਾ ਨੇ ਲਗਭਗ ਇੱਕ ਸਾਲ ਪਹਿਲਾਂ ਇਸ ਗੱਲ ਨੂੰ ਮੰਨਿਆ ਸੀ ਕਿ ਉਸ ਦੀ ਵੈਕਸੀਨ ਦੇ 'ਗੰਭੀਰ ਸਾਈਡ ਇਫੈਕਟਸ' ਹੋ ਸਕਦੇ ਹਨ।

ਕੰਪਨੀ ਨੇ ਬ੍ਰਿਟੇਨ ਦੀ ਹਾਈ ਕੋਰਟ ਵਿੱਚ ਇਸ ਗੱਲ ਨੂੰ ਮੰਨਿਆ ਸੀ ਕਿ ਵੈਕਸੀਨ ਕਾਰਨ ਕਿਸੇ ਨੂੰ ਥ੍ਰੋਮੋਬਸਿਸ ਵਿਦ ਥ੍ਰੋਮੋਬੋਸਾਈਟੋਪੀਨੀਆ ਸਿੰਡਰੋਮ (ਟੀਟੀਐਸ) ਵਰਗੀ ਸਥਿਤੀ ਹੋ ਸਕਦੀ ਹੈ।

ਐਸਟ੍ਰਾਜ਼ੇਨੇਕਾ ਨੇ ਹੀ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨਾਲ ਮਿਲ ਕੇ ਕੋਵਿਸ਼ੀਲਡ ਨੂੰ ਤਿਆਰ ਕੀਤਾ ਸੀ।

ਡਾਕਟਰ ਅਮਿਤਾਭ ਬੈਨਰਜੀ ਅੱਗੇ ਜੋੜਦੇ ਹਨ ਕਿ "ਇਸ ਦੇ ਸਾਈਡ ਇਫੈਕਟਸ ਬਹੁਤ ਦੁਰਲੱਭ ਹਨ 'ਰੇਅਰੈਸਟ ਆਫ਼ ਦ ਰੇਅਰ' ਪਰ ਵੱਡੇ ਪੈਮਾਨੇ 'ਤੇ ਵਰਤੋਂ ਜਿਵੇਂ ਕਰੋੜਾਂ ਲੋਕਾਂ ਤੇ ਹੋਣ ਕਾਰਨ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਡੀ ਹੋ ਸਕਦੀ ਹੈ।"

ਏਮਜ਼ ਦਿੱਲੀ ਵਿੱਚ ਪੈਥੋਲਾਜੀ ਪ੍ਰੋਫੈਸਰ ਅਤੇ ਸਟੱਡੀ ਦੇ ਸਹਿ-ਲੇਖਕ ਡਾਕਟਰ ਸੁਧੀਰ ਅਰਾਵਾ ਨੇ ਕਿਹਾ, "ਸਾਡੀ ਸ਼ੁਰੂਆਤੀ ਸਟੱਡੀ ਤੋਂ ਸਾਫ਼ ਹੈ ਕਿ ਨੌਜਵਾਨਾਂ ਵਿੱਚ ਅਚਾਨਕ ਮੌਤਾਂ ਦਾ ਕਾਰਨ ਕੋਵਿਡ ਵੈਕਸੀਨ ਨਹੀਂ ਹੈ। ਭਾਰਤ ਵਿੱਚ ਨੌਜਵਾਨਾਂ ਦੀਆਂ ਅਜਿਹੀਆਂ ਮੌਤਾਂ ਤੇ ਜ਼ਿਆਦਾ ਸਟੱਡੀਜ਼ ਨਹੀਂ ਹਨ। ਅਸੀਂ ਇਸ ਨੂੰ ਜਾਂਚਿਆ ਅਤੇ ਪਾਇਆ ਕਿ ਇਹ ਮੌਤਾਂ ਕੋਵਿਡ ਨਾਲ ਜੁੜੀਆਂ ਨਹੀਂ ਹਨ।"

ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਸੀਨੀਅਰ ਕੰਸਲਟੈਂਟ ਡਾਕਟਰ ਮੋਹਸਿਨ ਵਲੀ ਕਹਿੰਦੇ ਹਨ, "ਇਹ ਗੱਲ ਸੱਚ ਹੈ ਕਿ ਕੋਵਿਡ ਵੈਕਸੀਨ ਅਤੇ ਅਚਾਨਕ ਹੋਈਆਂ ਕਾਰਡੀਅਕ ਮੌਤਾਂ ਵਿੱਚ ਏਮਜ਼ ਅਤੇ ਆਈਸੀਐਮਆਰ ਦੀ ਸੰਯੁਕਤ ਸਟੱਡੀ ਨੇ ਸਾਬਤ ਕੀਤਾ ਹੈ ਕਿ ਵੈਕਸੀਨ ਅਤੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਦਾ ਕੋਈ ਸਬੰਧ ਨਹੀਂ ਹੈ। ਪਰ ਮੈਂ ਵਾਰ-ਵਾਰ ਲੋਕਾਂ ਨੂੰ ਕਹਿੰਦਾ ਹਾਂ ਕਿ ਅਸੀਂ ਕੋਵਿਡ ਦੇ ਉਸ ਦੌਰ ਨੂੰ ਕਿਉਂ ਭੁੱਲ ਜਾਂਦੇ ਹਾਂ? ਕੋਵਿਡ ਅਜੇ ਵੀ ਸਾਡੇ ਵਿਚਕਾਰ ਹੈ ਅਤੇ ਰਹੇਗਾ। ਅਸੀਂ ਆਸਾਨ ਰਾਹ ਲੱਭ ਕੇ ਵੈਕਸੀਨ 'ਤੇ ਇਲਜ਼ਾਮ ਲਗਾਉਂਦੇ ਹਾਂ।"

ਡਾਕਟਰ ਮੋਹਸਿਨ ਵਲੀ ਕਹਿੰਦੇ ਹਨ, "ਮੈਂ ਮੰਨਦਾ ਹਾਂ ਕਿ ਕੋਵਿਡ ਦੀ ਵੈਕਸੀਨ ਅਸੀਂ ਬਹੁਤ ਸਾਰੇ ਦੇਸ਼ਾਂ ਨੂੰ ਮੁਫ਼ਤ ਵਿੱਚ ਅਤੇ ਦਾਨ ਵਿੱਚ ਵੀ ਦਿੱਤੀ ਹੈ। ਉਨ੍ਹਾਂ ਦੇਸ਼ਾਂ ਤੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਆ ਰਹੀ। ਇਹ ਸਾਡੇ ਦੇਸ਼ ਵਿੱਚ ਹੀ ਕਿਉਂ ਹੋ ਰਿਹਾ ਹੈ? ਦੇਸ਼ ਵਿੱਚ ਅਸੀਂ ਬੱਚਿਆਂ ਦੀ ਰੋਜ਼ਾਨਾ ਜੀਵਨ ਸ਼ੈਲੀ 'ਤੇ ਕੋਈ ਧਿਆਨ ਨਹੀਂ ਦਿੰਦੇ ਅਤੇ ਖਾਣ-ਪੀਣ ਉੱਤੇ ਧਿਆਨ ਨਹੀਂ ਦੇ ਰਹੇ। ਅਸੀਂ ਬੱਚਿਆਂ ਦਾ ਬਲੱਡ ਪ੍ਰੈਸ਼ਰ ਚੈੱਕ ਨਹੀਂ ਕਰ ਰਹੇ, ਉਨ੍ਹਾਂ ਦੀ ਫਾਸਟ ਫੂਡ ਅਤੇ ਚੀਜ਼ ਦੀ ਖਪਤ ਨੂੰ ਅਣਦੇਖਾ ਕਰ ਰਹੇ ਹਾਂ।"

ਡਾਕਟਰ ਮੋਹਸਿਨ ਵਲੀ ਅੱਗੇ ਦੱਸਦੇ ਹਨ, "ਏਮਜ਼ ਨੇ ਭਾਵੇਂ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਵੈਕਸੀਨ ਦਾ ਅਚਾਨਕ ਹੋਈਆਂ ਮੌਤਾਂ ਨਾਲ ਕੋਈ ਸਬੰਧ ਨਹੀਂ ਹੈ, ਪਰ ਏਮਜ਼ ਨੂੰ ਆਪਣੀ ਸਟੱਡੀ ਵਿੱਚ ਇਹ ਗੱਲ ਵੀ ਸਾਫ਼ ਕਰਨੀ ਚਾਹੀਦੀ ਸੀ ਕਿ ਆਖਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਾਰਨ ਨੌਜਵਾਨਾਂ ਦੀ ਅਚਾਨਕ ਮੌਤ ਹੋ ਰਹੀ ਹੈ।"

ਹਾਲਾਂਕਿ ਏਮਜ਼ ਦੀ ਸਟੱਡੀ ਵਿੱਚ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਦਿਲ ਨਾਲ ਜੁੜੀਆਂ ਬੀਮਾਰੀਆਂ ਦੱਸੀਆਂ ਗਈਆਂ ਹਨ। ਉਸ ਤੋਂ ਬਾਅਦ ਸਾਹ ਦੀਆਂ ਸਮੱਸਿਆਵਾਂ। ਦਿਲ ਦੀਆਂ ਮੌਤਾਂ ਵਿੱਚ 85% ਮਾਮਲਿਆਂ ਵਿੱਚ ਧਮਨੀਆਂ ਵਿੱਚ ਚਰਬੀ ਜੱਮਣ (ਕੋਰੋਨਰੀ ਆਰਟਰੀ ਡਿਜ਼ੀਜ਼) ਕਾਰਨ ਹਾਰਟ ਅਟੈਕ ਹੋਣਾ ਸਭ ਤੋਂ ਪ੍ਰਮੁੱਖ ਕਾਰਨ ਦੱਸਿਆ ਗਿਆ ਹੈ।

ਉਹ ਮੂਲ ਕਾਰਨਾਂ 'ਤੇ ਜ਼ੋਰ ਦਿੰਦੇ ਹੋਏ ਕਹਿੰਦੇ ਹਨ, "ਭਾਰਤ ਵਿੱਚ ਪਹਿਲਾਂ ਵੀ ਦਿਲ ਨਾਲ ਸਬੰਧਤ ਬਿਮਾਰੀਆਂ ਹੁੰਦੀਆਂ ਸਨ, ਪਰ ਹੁਣ ਉਹ ਘੱਟ ਉਮਰ ਵਿੱਚ ਹੋ ਰਹੀਆਂ ਹਨ। ਇਸ ਦੇ ਪਿੱਛੇ ਤਿੰਨ "ਐੱਸ" ਸ਼ਾਮਲ ਹਨ: ਸਟ੍ਰੈੱਸ (ਤਣਾਅ), ਸਲੀਪ (ਨੀਂਦ ਦੀ ਕਮੀ) ਅਤੇ ਸਮੋਕਿੰਗ (ਸਿਗਰਟਨੋਸ਼ੀ)।"

ਡਾਕਟਰ ਸੁਧੀਰ ਅਰਾਵਾ ਨੌਜਵਾਨਾਂ ਵਿੱਚ ਅਚਾਨਕ ਮੌਤ ਦੀ ਵਜ੍ਹਾ ਕੰਮ ਕਰਨ ਦੇ ਤਰੀਕੇ ਅਤੇ ਉਸ ਨਾਲ ਜੁੜੀਆਂ ਆਦਤਾਂ ਨੂੰ ਦੱਸਦੇ ਹਨ। ਉਹ ਅੱਗੇ ਕਹਿੰਦੇ ਹਨ, "ਕਈ ਨੌਜਵਾਨ ਸ਼ਰਾਬ ਅਤੇ ਸਮੋਕਿੰਗ ਕਰਦੇ ਹਨ, ਜੋ ਸਿੱਧੇ ਤੌਰ 'ਤੇ ਕੋਰੋਨਰੀ ਆਰਟਰੀ ਡਿਜ਼ੀਜ਼ (ਧਮਨੀਆਂ ਦੀ ਬਿਮਾਰੀ) ਦਾ ਕਾਰਨ ਬਣਦਾ ਹੈ। ਇਸ ਲਈ ਜੀਵਨ ਸ਼ੈਲੀ ਵਿੱਚ ਬਦਲਾਅ ਜ਼ਰੂਰੀ ਹੈ।"

ਡਾਕਟਰ ਅਰਾਵਾ ਅੱਗੇ ਕਹਿੰਦੇ ਹਨ, "ਲੋਕ ਵਿਗਿਆਨਕ ਸਰੋਤਾਂ 'ਤੇ ਭਰੋਸਾ ਕਰਨ ਅਤੇ ਗਲਤ ਜਾਣਕਾਰੀ ਤੋਂ ਬਚਣ।"

ਏਮਜ਼ ਦੀ ਇਹ ਸਟੱਡੀ ਭਾਰਤ ਵਿੱਚ ਨੌਜਵਾਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਤੇਜ਼ੀ ਨਾਲ ਵਧਣ ਬਾਰੇ ਦੱਸਦੀ ਹੈ, ਜਿਸ ਲਈ ਉਹ ਤਣਾਅ, ਖ਼ਰਾਬ ਖਾਣ-ਪੀਣ, ਘੱਟ ਕਸਰਤ ਅਤੇ ਜੀਵਨ ਸ਼ੈਲੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਸਟੱਡੀ ਕਹਿੰਦੀ ਹੈ ਕਿ ਸਿਹਤ ਸਿੱਖਿਆ, ਨਿਯਮਿਤ ਜਾਂਚ ਅਤੇ ਸਕ੍ਰੀਨਿੰਗ ਰਾਹੀਂ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)