'ਚਾਚੇ-ਤਾਇਆਂ ਨੇ ਪਿਤਾ ਨੂੰ ਕਿਹਾ, ਜੇ ਕੁੜੀ ਨੂੰ ਪੜ੍ਹਾਇਆ ਤਾਂ ਗੱਲ ਨਹੀਂ ਕਰਾਂਗੇ', ਔਕੜਾਂ ਦੇ ਬਾਵਜੂਦ ਅਦਾਕਾਰ ਕਿਵੇਂ ਬਣੇ ਜਸਵੰਤ ਦਮਨ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਨਾ ਰੰਗ-ਮੰਚ ਬਾਰੇ ਕੁਝ ਪਤਾ ਸੀ ਅਤੇ ਨਾ ਹੀ ਸਿਲਵਰ ਸਕਰੀਨ 'ਤੇ ਆਉਣ ਦਾ ਖ਼ਿਆਲ ਕਦੇ ਮਨ ਵਿੱਚ ਆਇਆ, ਪਰ ਮੁਕੱਦਰ ਨੇ ਉਨ੍ਹਾਂ ਨੂੰ ਪੰਜਾਬੀ ਰੰਗ-ਮੰਚ ਵਿੱਚ ਨਾਮੀਂ ਹਸਤੀ ਵੀ ਬਣਾਇਆ ਤੇ ਸਿਲਵਰ ਸਕਰੀਨ 'ਤੇ ਉਨ੍ਹਾਂ ਦਾ ਜਾਦੂ ਵੀ ਛਾਇਆ।

ਜ਼ਿੰਦਗੀਨਾਮਾ ਦੀ ਇਸ ਕੜੀ ਵਿੱਚ ਰੂਬਰੂ ਹੋਏ ਸੀਨੀਅਰ ਅਦਾਕਾਰਾ ਜਸਵੰਤ ਦਮਨ ਨਾਲ ਜੋ ਪਿਛਲੇ ਛੇ-ਸੱਤ ਦਹਾਕਿਆਂ ਤੋਂ ਕਲਾ ਖੇਤਰ ਨੂੰ ਸਮਰਪਿਤ ਹਨ। ਥੀਏਟਰ ਤੋਂ ਸ਼ੁਰੂਆਤ ਕਰ ਕੇ ਉਨ੍ਹਾਂ ਨੇ ਪੰਜਾਬੀ, ਹਿੰਦੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ।

ਉਹ 'ਨਮਸਤੇ ਲੰਡਨ', 'ਉੜਤਾ ਪੰਜਾਬ', 'ਹੰਪਟੀ ਸ਼ਰਮਾ ਕੀ ਦੁਲਹਨੀਆ' ਸਮੇਤ ਕਈ ਹਿੱਟ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ।

ਵੰਡ ਦਾ ਉਜਾੜਾ ਝੱਲਣ ਵਾਲੇ ਪਿਤਾ ਨੇ ਪਰਿਵਾਰ ਨਾਲ ਲੜ ਕੇ ਪੜ੍ਹਾਇਆ

ਜਸਵੰਤ ਦਮਨ ਦਾ ਜਨਮ ਦਸੰਬਰ 14 ਦਸੰਬਰ 1949 ਨੂੰ ਹੋਇਆ। ਉਨ੍ਹਾਂ ਦਾ ਪਰਿਵਾਰ '47 ਦੀ ਵੰਡ ਦੌਰਾਨ ਨਵੇਂ ਬਣੇ ਪਾਕਿਸਤਾਨ ਸਥਿਤ ਆਪਣਾ ਘਰ-ਬਾਰ ਛੱਡ ਕੇ ਭਾਰਤ ਆਇਆ ਸੀ ਅਤੇ ਜਿਸ ਵੇਲੇ ਜਸਵੰਤ ਦਾ ਜਨਮ ਹੋਇਆ, ਉਨ੍ਹਾਂ ਦੇ ਪਿਤਾ ਮੁੜ-ਵਸੇਬੇ ਲਈ ਸੰਘਰਸ਼ ਕਰ ਰਹੇ ਸਨ।

ਜਸਵੰਤ ਦਮਨ ਕਹਿੰਦੇ ਹਨ, "ਬਚਪਨ ਦੀਆਂ ਯਾਦਾਂ ਬਹੁਤੀਆਂ ਸੁਹਾਵਣੀਆਂ ਨਹੀਂ ਹਨ, ਬਚਪਨ ਟੱਪਰੀਵਾਸਾਂ ਵਾਂਗ ਟਿਕਾਣੇ ਬਦਲਦਿਆਂ ਬੀਤਿਆ ਹੈ।"

ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਲਾਹੌਰ ਨੇੜੇ ਖ਼ਾਨ ਕੇ ਪਿੰਡ ਵਿੱਚ ਰਹਿੰਦਾ ਸੀ ਅਤੇ ਵੰਡ ਤੋਂ ਬਾਅਦ ਉਨ੍ਹਾਂ ਨੂੰ ਮੋਗਾ ਦੇ ਕੋਟ ਈਸਾ ਖ਼ਾਨ ਨੇੜੇ ਨਿਹਾਲ ਗੜ੍ਹ ਵਿੱਚ ਜ਼ਮੀਨ ਦਿੱਤੀ ਗਈ ਸੀ। ਪਰ ਉਨ੍ਹਾਂ ਦੇ ਪਿਤਾ ਨੇ ਪਿੰਡ ਵਿੱਚ ਆਉਣ ਤੋਂ ਪਹਿਲਾਂ ਕਈ ਥਾਈਂ ਕੰਮ ਕੀਤਾ।

ਜਸਵੰਤ ਮੁਤਾਬਕ ਉਨ੍ਹਾਂ ਦੇ ਪਿਤਾ ਅਗਾਂਹਵਧੂ ਸੋਚ ਵਾਲੇ ਸਨ ਅਤੇ ਉਸ ਹਾਲਾਤ ਵਿੱਚ ਵੀ ਧੀਆਂ ਨੂੰ ਪੜ੍ਹਾਉਣਾ ਚਾਹੁੰਦੇ ਸਨ ਜੋ ਕਿ ਬਾਕੀ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ। ਜਿਸ ਕਾਰਨ ਉਨ੍ਹਾਂ ਨੂੰ ਪਿੰਡ ਛੱਡ ਕੇ ਵੱਖ-ਵੱਖ ਟਿਕਾਣਿਆਂ 'ਤੇ ਰਹਿਣਾ ਪਿਆ ਅਤੇ ਜਸਵੰਤ ਦਮਨ ਮੈਟ੍ਰਿਕ ਤੱਕ ਦੀ ਪੜ੍ਹਾਈ ਕਰ ਸਕੇ।

ਜਸਵੰਤ ਅਤੇ ਉਨ੍ਹਾਂ ਦੀ ਭੈਣ ਦੀ ਪੜ੍ਹਾਈ ਦੀ ਵਿਰੋਧਤਾ ਵਿੱਚ ਉਨ੍ਹਾਂ ਦੇ ਚਾਚੇ-ਤਾਇਆਂ ਨੇ ਉਨ੍ਹਾਂ ਦੇ ਪਿਤਾ ਨਾਲ ਹਰ ਤਰ੍ਹਾਂ ਦੇ ਸਬੰਧ ਤੋੜ ਦਿੱਤੇ। ਮੁੜ-ਵਸੇਬੇ ਲਈ ਸੰਘਰਸ਼ ਵਿਚਕਾਰ ਉਨ੍ਹਾਂ ਨੂੰ ਪੜ੍ਹਾਉਣ ਖਾਤਰ ਸਮਾਜ ਅਤੇ ਪਰਿਵਾਰ ਨਾਲ ਟੱਕਰ ਲੈ ਲਈ ਜਸਵੰਤ ਦਮਨ ਆਪਣੇ ਪਿਤਾ ਨੂੰ ਸ਼ੁਕਰੀਆ ਅਦਾ ਕਰਦੇ ਹਨ।

ਪਤੀ ਨੇ ਕਰਾਇਆ ਰੰਗ-ਮੰਚ ਨਾਲ ਰੂਬਰੂ

ਜਸਵੰਤ ਦਮਨ ਦੇ ਪਤੀ ਦਵਿੰਦਰ ਦਮਨ ਖ਼ੁਦ ਇੱਕ ਨਾਮੀ ਨਾਟਕਕਾਰ ਅਤੇ ਅਦਾਕਾਰ ਹਨ।

ਵਿਆਹ ਤੋਂ ਬਾਅਦ ਉਨ੍ਹਾਂ ਨੇ ਹੀ ਜਸਵੰਤ ਦਮਨ ਨੂੰ ਰੰਗ-ਮੰਚ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਦਵਿੰਦਰ ਦਮਨ ਦੀ ਭੈਣ, ਜਸਵੰਤ ਦਮਨ ਨਾਲ ਸਕੂਲ ਵਿੱਚ ਪੜ੍ਹਦੀ ਸੀ। ਇਸ ਤਰ੍ਹਾਂ ਜਦੋਂ ਮੇਲ-ਜੋਲ ਵਧਿਆ ਤਾਂ ਦਵਿੰਦਰ ਦਮਨ ਨੇ ਜਸਵੰਤ ਨੂੰ ਵਿਆਹ ਦੀ ਪੇਸ਼ਕਸ਼ ਕੀਤੀ ਜੋ ਕਿ ਉਨ੍ਹਾਂ ਦੇ ਪਿਤਾ ਨੇ ਸਵੀਕਾਰ ਕਰ ਲਈ ਅਤੇ ਦੋਹਾਂ ਦਾ ਵਿਆਹ ਹੋ ਗਿਆ।

ਦਵਿੰਦਰ ਦਮਨ ਭਾਸ਼ਾ ਵਿਭਾਗ ਲਈ ਨਾਟਕ ਕਰਦੇ ਹੁੰਦੇ ਸਨ ਅਤੇ ਬਾਅਦ ਵਿੱਚ ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ਨਾਲ ਜੁੜ ਗਏ। ਹਰਪਾਲ ਟਿਵਾਣਾ ਦੀ ਟੀਮ ਵੱਲੋਂ ਖੇਡੇ ਜਾ ਰਹੇ ਡਾ.ਹਰਚਰਨ ਸਿੰਘ ਦੇ ਇੱਕ ਨਾਟਕ 'ਰੱਤਾ ਸਾਲੂ' ਵਿੱਚ ਇੱਕ ਦ੍ਰਿਸ਼ ਉਨ੍ਹਾਂ ਨੇ ਜਸਵੰਤ ਦਮਨ ਨੂੰ ਕਰਨ ਲਈ ਕਿਹਾ।

ਪਹਿਲਾਂ ਜਸਵੰਤ ਨੂੰ ਅਦਾਕਾਰੀ ਪ੍ਰਤੀ ਕਾਫ਼ੀ ਝਿਜਕ ਸੀ ਪਰ ਉਹ ਕਹਿੰਦੇ ਹਨ, "ਦੋ ਗੱਲਾਂ ਮੇਰੀ ਪ੍ਰੇਰਨਾ ਬਣੀਆਂ। ਪਹਿਲਾ ਸੀ ਹਰ ਵੇਲੇ ਪਤੀ ਦਾ ਸਾਥ ਅਤੇ ਦੂਜਾ ਸੀ ਦਰਸ਼ਕਾਂ ਦੀਆਂ ਤਾੜੀਆਂ ਜਿਨ੍ਹਾਂ ਨਾਲ ਅਹਿਸਾਸ ਹੁੰਦਾ ਸੀ ਕਿ ਮੇਰੀ ਵੀ ਆਪਣੀ ਕੋਈ ਹਸਤੀ ਹੈ।"

ਕਲਾ ਖੇਤਰ ਨਾਲ ਜੁੜੇ ਹੋਣ ਦੇ ਨਾਲ-ਨਾਲ ਦਵਿੰਦਰ ਦਮਨ ਫੂਡ ਸਪਲਾਈ ਵਿਭਾਗ ਵਿੱਚ ਨੌਕਰੀ ਵੀ ਕਰਦੇ ਸਨ।

ਜਸਵੰਤ ਦਮਨ ਦੱਸਦੇ ਹਨ ਕਿ ਉਹ ਰੋਪੜ ਵਿਚ ਨੌਕਰੀ ਕਰਦੇ ਸਨ, ਪਰ ਰੰਗਮੰਚ ਵਿੱਚ ਹੋਰ ਪ੍ਰਫੁੱਲਿਤ ਹੋਣ ਲਈ ਤਬਾਦਲਾ ਚੰਡੀਗੜ੍ਹ ਕਰਵਾ ਲਿਆ। ਜਸਵੰਤ ਦਮਨ ਕਹਿੰਦੇ ਹਨ, "ਉਸ ਵੇਲੇ ਚੰਡੀਗੜ੍ਹ ਰੰਗ-ਮੰਚ ਦਾ ਮੱਕਾ ਸੀ ਕਿਉਂਕਿ ਵਿਦੇਸ਼ੀ ਗਰੁੱਪ ਵੀ ਜੇ ਦਿੱਲੀ ਵਿੱਚ ਨਾਟਕ ਖੇਡਣ ਆਉਂਦੇ ਸਨ, ਤਾਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵੀ ਆਉਂਦੇ ਹੁੰਦੇ ਸਨ।"

ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਰਹਿੰਦਿਆਂ ਕਿਸੇ ਜ਼ਰੀਏ ਉਨ੍ਹਾਂ ਨੂੰ ਇੱਕ ਪੰਜਾਬੀ ਫ਼ਿਲਮ ਵਿੱਚ ਮਾਂ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਹੋਈ ਜੋ ਕਿ ਕਰਨਾਲ ਵਿੱਚ ਫਿ਼ਲਮਾਈ ਜਾਣੀ ਸੀ। ਨਾਂ-ਨੁੱਕਰ ਕਰਦਿਆਂ ਜਸਵੰਤ ਫ਼ਿਲਮ ਦੀ ਸ਼ੂਟਿੰਗ ਲਈ ਚਲੇ ਗਏ ਅਤੇ ਇੱਥੋਂ ਉਨ੍ਹਾਂ ਦਾ ਫ਼ਿਲਮੀ ਸਫ਼ਰ ਵੀ ਸ਼ੁਰੂ ਹੋ ਗਿਆ।

ਉਨ੍ਹਾਂ ਕਿਹਾ, "ਉਸ ਵੇਲੇ ਸਾਡੀ ਮਹੀਨੇ ਦੀ ਤਨਖਾਹ 260 ਰੁਪਏ ਹੁੰਦੀ ਸੀ। ਉਸ ਵੇਲੇ ਮੈਨੂੰ ਫ਼ਿਲਮ ਵਿੱਚ ਕੰਮ ਕਰਨ ਦੇ 2500 ਰੁਪਏ ਮਿਲੇ, ਫਿਰ ਮੈਨੂੰ ਲੱਗਿਆ ਕਿ ਕੰਮ ਤਾਂ ਕੋਈ ਔਖਾ ਨਹੀਂ, ਕੀਤਾ ਜਾ ਸਕਦਾ ਹੈ।"

ਜਸਵੰਤ ਦਮਨ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਥੀਏਟਰ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਤਾਲਮੇਲ ਬਿਠਾਉਣ ਵਿੱਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੱਸਿਆ ਕਿ ਬਹੁਤ ਵਾਰ ਛੋਟੇ-ਛੋਟੇ ਬੱਚਿਆਂ ਨੂੰ ਸਟੇਜ 'ਤੇ ਹੀ ਲਿਟਾ ਕੇ ਰਿਹਰਸਲਾਂ ਕਰਦੇ ਹੁੰਦੇ ਸਨ। ਇੱਕ ਵਾਰ ਆਪਣੇ ਨਵ-ਜਨਮੇ ਬੱਚੇ ਨੂੰ ਘਰ ਕੰਮ ਕਰਨ ਵਾਲੀ ਇੱਕ ਔਰਤ ਕੋਲ ਉਸ ਦੀ ਝੁੱਗੀ ਵਿੱਚ ਛੱਡ ਕੇ ਉਹ ਨਾਟਕ ਖੇਡਣ ਗਏ।

ਜਸਵੰਤ ਦਮਨ ਕਹਿੰਦੇ ਹਨ, "ਉਸ ਵੇਲੇ ਔਰਤ ਦੋਹੇਂ ਪਾਸੇ ਜੂਝ ਰਹੀ ਸੀ। ਇੱਕ ਤਾਂ ਸਮਾਜ ਸਟੇਜ ਦੀ ਇਜਾਜ਼ਤ ਨਹੀਂ ਸੀ ਦਿੰਦਾ, ਦੂਜੇ ਪਾਸੇ ਤੁਸੀਂ ਘਰ ਵੀ ਸੰਭਾਲਣਾ ਹੈ ਅਤੇ ਤੀਜੇ ਪਾਸੇ ਤੁਸੀਂ ਕੰਮ ਵੀ ਕਰਨਾ ਹੈ।"

ਸਿਨੇਮਾ ਵਿੱਚ ਔਰਤ ਦੀ ਭੂਮਿਕਾ

ਤਕਰੀਬਨ ਛੇ ਦਹਾਕਿਆਂ ਤੋਂ ਅਦਾਕਾਰੀ ਨਾਲ ਜੁੜੇ ਜਸਵੰਤ ਦਮਨ ਕਹਿੰਦੇ ਹਨ ਕਿ ਸਿਨੇਮਾ ਵਿੱਚ ਪੈਰ ਧਰਨ ਤੋਂ ਪਹਿਲਾਂ ਉਨ੍ਹਾਂ ਦੇ ਮਨ ਵਿੱਚ ਖ਼ਾਸ ਕਰਕੇ ਬੰਬੇ ਦੀ ਫ਼ਿਲਮ ਸਨਅਤ ਬਾਰੇ ਧਾਰਨਾ ਸੀ ਕਿ ਔਰਤਾਂ ਲਈ ਇਹ ਸੁਰੱਖਿਅਤ ਪੇਸ਼ਾ ਨਹੀਂ ਹੈ।

ਉਹ ਕਹਿੰਦੇ ਹਨ ਕਿ ਅੱਜ ਤੱਕ ਕੰਮ ਕਰਦਿਆਂ ਉਨ੍ਹਾਂ ਨੇ ਕਦੇ ਵੀ ਅਸੁਰੱਖਿਅਤ ਜਾਂ ਅਸਹਿਜ ਮਹਿਸੂਸ ਨਹੀਂ ਕੀਤਾ। ਉਹ ਕਹਿੰਦੇ ਹਨ, "ਇੰਡਸਰੀ ਵਿੱਚ ਮਾੜੇ ਲੋਕ ਪਹਿਲਾਂ ਵੀ ਸਨ ਅਤੇ ਹੁਣ ਵੀ ਹਨ, ਪਰ ਔਰਤ ਨੂੰ ਖ਼ੁਦ ਨੂੰ ਸੰਭਾਲਣਾ ਆਉਣਾ ਚਾਹੀਦਾ ਹੈ।"

ਉਹ ਕਹਿੰਦੇ ਹਨ, "ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਸਿਰਫ਼ ਕਲਾ ਹੀ ਤੁਹਾਨੂੰ ਅੱਗੇ ਲੈ ਕੇ ਜਾ ਸਕਦੀ ਹੈ।"

ਪੰਜਾਬੀ ਸਿਨੇਮਾ ਵਿੱਚ ਔਰਤਾਂ ਲਈ ਲਿਖੇ ਜਾਂਦੇ ਕਿਰਦਾਰਾਂ ਬਾਰੇ ਉਹ ਕਹਿੰਦੇ ਹਨ ਕਿ ਕਈ ਫ਼ਿਲਮਾਂ ਤੋਂ ਉਹ ਬਹੁਤ ਨਿਰਾਸ਼ ਹਨ ਜਿਨ੍ਹਾਂ ਵਿੱਚ ਔਰਤਾਂ ਨੂੰ ਖੋਖਲੇ ਕਿਰਦਾਰਾਂ ਵਿੱਚ ਦਿਖਾਇਆ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਬਹੁਤ ਵਾਰ ਔਰਤਾਂ ਨੂੰ ਨੀਵਾਂ ਦਿਖਾਉਣ ਵਾਲੇ ਸੰਵਾਦਾਂ ਜਾਂ ਵਿਸ਼ਿਆਂ ਕਾਰਨ ਉਹ ਕੰਮ ਤੋਂ ਇਨਕਾਰ ਵੀ ਕਰਦੇ ਹਨ।

ਨਾਲ ਹੀ ਉਹ ਕਹਿੰਦੇ ਹਨ, "ਮੈਂ ਹੁਣ ਕਾਫ਼ੀ ਸਮੇਂ ਤੋਂ ਪੰਜਾਬੀ ਫ਼ਿਲਮ ਨਹੀਂ ਕੀਤੀ, ਪਰ ਇੱਥੇ ਪੈਸੇ ਅਤੇ ਸਨਮਾਨ ਉਸ ਤਰ੍ਹਾਂ ਨਹੀਂ ਮਿਲਦਾ। ਇਸ ਦੇ ਉਲਟ ਹਿੰਦੀ ਫ਼ਿਲਮ ਇੰਡਸਟਰੀ ਬਹੁਤ ਪੇਸ਼ੇਵਰ ਤਰੀਕੇ ਨਾਲ ਕੰਮ ਕਰਦੀ ਹੈ ਅਤੇ ਛੋਟੇ ਕਲਾਕਾਰਾਂ ਨੂੰ ਵੀ ਬਣਦਾ ਸਨਮਾਨ ਮਿਲਦਾ ਹੈ।"

'ਸਟੇਜ 'ਤੇ ਹੀ ਨਿਕਲਣ ਆਖ਼ਰੀ ਸਾਹ'

ਜਸਵੰਤ ਦਮਨ ਕਹਿੰਦੇ ਹਨ ਕਿ ਉਹ ਕਦੇ ਵੀ ਫ਼ਿਲਮਾਂ ਨੂੰ ਆਪਣਾ ਕਿੱਤਾ ਨਹੀਂ ਮੰਨਦੇ, ਬਲਕਿ ਉਹ ਖ਼ੁਦ ਨੂੰ ਥੀਏਟਰ ਕਲਾਕਾਰ ਹੀ ਮੰਨਦੇ ਹਨ।

ਉਹ ਕਹਿੰਦੇ ਹਨ, "ਫਿਲਮਾਂ ਇਸ ਲਈ ਕੀਤੀਆਂ ਕਿਉਂਕਿ ਪੈਸਾ ਮਿਲਦਾ ਹੈ ਅਤੇ ਉਹ ਪੈਸਾ ਅਸੀਂ ਰੰਗ-ਮੰਚ ਲਈ ਲਗਾ ਸਕਦੇ ਹਾਂ। ਥੀਏਟਰ ਆਪਣਾ ਖੂਨ ਸਿੰਜ ਕੇ ਕਰਨ ਵਾਲਾ ਕੰਮ ਹੈ। ਤੁਸੀਂ ਆਪਣੀ ਪਸੰਦ ਦਾ ਕੰਮ ਕਰਦੇ ਹੋ।"

ਉਨ੍ਹਾਂ ਨੇ ਇੱਛਾ ਜਤਾਈ ਕਿ ਆਖ਼ਰੀ ਸਾਹ ਵੀ ਥੀਏਟਰ ਦੀ ਸਟੇਜ 'ਤੇ ਨਿਕਲੇ। ਉਨ੍ਹਾਂ ਕਿਹਾ, "ਮੇਰੇ ਪਤੀ ਦਾ ਲਿਖਿਆ ਇੱਕ ਨਾਟਕ ਹੈ ਕਤਰਾ-ਕਤਰਾ ਜ਼ਿੰਦਗੀ ਜਿਸ ਵਿੱਚ ਸਿਰਫ਼ ਦੋ ਹੀ ਕਿਰਦਾਰ ਹਨ ਜੋ ਅਸੀਂ ਦੋਹੇਂ ਨਿਭਾਉਂਦੇ ਸੀ। ਹੁਣ ਮੈਂ ਆਪਣੇ ਪਤੀ ਨੂੰ ਕਿਹਾ ਹੈ ਕਿ ਇਸ ਨਾਟਕ ਨੂੰ ਸਾਡੀ ਉਮਰ ਦੇ ਕਿਰਦਾਰਾਂ ਮੁਤਾਬਕ ਢਾਲ ਲਈਏ ਤਾਂ ਜੋ ਦੁਬਾਰਾ ਇਹ ਨਾਟਕ ਖੇਡ ਸਕੀਏ।"

ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਦੇ ਪਰਿਵਾਰ ਨਾਲ ਉਹ ਸਬੰਧਿਤ ਹਨ, ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਇੰਨੀ ਦੁਨੀਆਂ ਦੇਖ ਸਕਣਗੇ ਅਤੇ ਨਾਮ ਬਣਾ ਸਕਣਗੇ। ਪਛਾਣ ਥੀਏਟਰ ਦੀ ਹੀ ਦੇਣ ਹੈ ਅਤੇ ਆਖ਼ਰੀ ਸਾਹ ਤੱਕ ਥੀਏਟਰ ਨਿਭਣਾ ਚਾਹੁੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)