ਅਮਰੀਕੀ ਰਿਪੋਰਟ ਵਿੱਚ ਦਾਅਵਾ- 'ਭਾਰਤ ਨਾਲ ਫੌਜੀ ਟਕਰਾਅ ਵਿੱਚ ਪਾਕਿਸਤਾਨ ਰਿਹਾ ਅੱਗੇ', ਕਾਂਗਰਸ ਨੇ ਕੀਤੇ ਸਰਕਾਰ ਨੂੰ ਸਵਾਲ

ਅਮਰੀਕੀ ਕਾਂਗਰਸ ਵਿੱਚ ਦਾਖ਼ਲ ਕੀਤੀ ਗਈ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਮਈ ਵਿੱਚ ਭਾਰਤ ਨਾਲ ਟਕਰਾਅ ਵਿੱਚ 'ਪਾਕਿਸਤਾਨ ਦਾ ਪਾਸਾ ਭਾਰੀ ਸੀ' ਅਤੇ ਚੀਨ ਨੇ ਇਸ ਟਕਰਾਅ ਦਾ ਫਾਇਦਾ ਉਠਾਉਂਦਿਆਂ ਹੋਇਆਂ 'ਆਪਣੇ ਹਥਿਆਰਾਂ ਦੀ ਪ੍ਰੀਖਣ ਅਤੇ ਪ੍ਰਚਾਰ' ਕੀਤਾ।

ਹਾਲਾਂਕਿ, ਚਾਰ ਦਿਨਾਂ ਦੇ ਟਕਰਾਅ ਦੌਰਾਨ, ਭਾਰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪਾਕਿਸਤਾਨ ਦੀਆਂ ਸਰਹੱਦਾਂ ਦੇ ਅੰਦਰ ਕਈ 'ਅੱਤਵਾਦੀ ਬੁਨਿਆਦੀ ਢਾਂਚਿਆਂ ਨੂੰ ਤਬਾਹ' ਕੀਤਾ ਅਤੇ ਭਾਰਤੀ ਫੌਜ ਨੇ ਫੌਜੀ ਟਕਰਾਅ ਵਿੱਚ 'ਸਫ਼ਲਤਾ' ਹਾਸਿਲ ਕੀਤੀ।

ਅਮਰੀਕਾ-ਚੀਨ ਇਕੋਨਾਮਿਕ ਐਂਡ ਸਿਕਿਓਰਿਟੀ ਰੀਵਿਊ ਕਮਿਸ਼ਨ (ਯੂਐੱਸਸੀਸੀ) ਦੀ ਰਿਪੋਰਟ, ਦੇ ਪੰਨੇ 108 ਅਤੇ 109 'ਤੇ ਇਹ ਵੀ ਕਿਹਾ ਗਿਆ ਹੈ ਕਿ ਚੀਨ ਨੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਅਤੇ ਏਆਈ ਨਾਲ ਤਿਆਰ ਕੀਤੀਆਂ ਤਸਵੀਰਾਂ ਸਹਾਰੇ ਇੱਕ 'ਮਾੜੇ ਪ੍ਰਚਾਰ ਦੀ ਮੁਹਿੰਮ' ਚਲਾਈ ਤਾਂ ਜੋ ਫਰਾਂਸੀਸੀ ਰਾਫੇਲ ਜਹਾਜ਼ਾਂ ਨੂੰ "ਬਦਨਾਮ" ਕੀਤਾ ਜਾ ਸਕੇ ਅਤੇ ਉਸ ਦੇ ਆਪਣੇ ਜੇ-35 ਲੜਾਕੂ ਜਹਾਜ਼ਾਂ ਨੂੰ 'ਉਤਸ਼ਾਹ' ਮਿਲੇ।

ਰਿਪੋਰਟ ਵਿੱਚ ਇੱਕ ਥਾਂ 'ਤੇ ਇਹ ਵੀ ਕਿਹਾ ਗਿਆ ਹੈ ਕਿ "ਪਾਕਿਸਤਾਨੀ ਫੌਜ ਦੀ ਚਾਰ ਦਿਨਾਂ ਦੇ ਸੰਘਰਸ਼ ਦੌਰਾਨ ਭਾਰਤ 'ਤੇ ਹਾਸਿਲ ਕੀਤੀ ਸਫ਼ਲਤਾ ਵਿੱਚ ਚੀਨ ਦੇ ਹਥਿਆਰਾਂ ਦੀ ਭੂਮਿਕਾ ਨਜ਼ਰ ਆਈ।"

ਰਿਪੋਰਟ ਵਿੱਚ ਇਸ ਸਾਲ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਨੂੰ "ਵਿਦਰੋਹੀਆਂ ਦਾ ਹਮਲਾ" ਵੀ ਦੱਸਿਆ ਗਿਆ ਹੈ।

ਰਿਪੋਰਟ ਆਉਣ ਤੋਂ ਬਾਅਦ ਭਾਰਤ ਵਿੱਚ ਵੀ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਵਿਰੋਧੀ ਕਾਂਗਰਸ ਪਾਰਟੀ ਨੇ ਇਸ ਨੂੰ ਭਾਰਤ ਦੀ ਕੂਟਨੀਤੀ ਲਈ ਇੱਕ ਗੰਭੀਰ ਝਟਕਾ ਦੱਸਿਆ ਹੈ। ਇਸ ਦੌਰਾਨ, ਭਾਜਪਾ ਨੇ ਅਸਿੱਧੇ ਤੌਰ 'ਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ ਹੈ।

ਰਿਪੋਰਟ ਵਿੱਚ ਕੀ-ਕੀ ਹੈ?

745 ਪੰਨਿਆਂ ਦੀ ਰਿਪੋਰਟ ਦਾ ਇੱਕ ਹਿੱਸਾ ਦੱਖਣੀ ਅਤੇ ਮੱਧ ਏਸ਼ੀਆ ਵਿੱਚ ਚੀਨ ਦੇ ਰਣਨੀਤਕ ਪ੍ਰਭਾਵ ਨੂੰ ਵਧਾਉਣ ਬਾਰੇ ਹੈ।

ਇਸ ਵਿੱਚ ਭਾਰਤ ਅਤੇ ਚੀਨ ਵਿਚਕਾਰ ਤਣਾਅ ਘਟਾਉਣ ਲਈ ਹੋਈਆਂ ਉੱਚ-ਪੱਧਰੀ ਫੌਜੀ ਮੀਟਿੰਗਾਂ ਦਾ ਵੀ ਜ਼ਿਕਰ ਹੈ। ਐੱਸਸੀਓ ਬੈਠਕ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇ ਤਿਆਨਜਿਨ ਫੇਰੀ ਨੂੰ ਵੀ ਉਜਾਗਰ ਕੀਤਾ ਗਿਆ ਹੈ।

ਇੱਕ ਭਾਗ ਵਿੱਚ ਇੱਕ ਥਾਂ 'ਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਪਾਕਿਸਤਾਨ ਦੇ ਫੌਜੀ ਸੰਕਟ ਦੀ ਵਰਤੋਂ ਆਪਣੀਆਂ ਰੱਖਿਆ ਸਮਰੱਥਾਵਾਂ ਦੀ ਪਰਖ ਅਤੇ ਪ੍ਰਚਾਰ ਕਰਨ ਲਈ ਕੀਤੀ।

ਰਿਪੋਰਟ ਵਿੱਚ ਕਿਹਾ ਗਿਆ ਹੈ, "7-10 ਮਈ, 2025 ਦੌਰਾਨ ਪਾਕਿਸਤਾਨ ਅਤੇ ਭਾਰਤ ਦੀਆਂ ਫੌਜਾਂ ਵਿਚਕਾਰ ਹੋਏ ਟਕਰਾਅ ਵਿੱਚ ਚੀਨ ਦੀ ਭੂਮਿਕਾ ਨੇ ਦੁਨੀਆਂ ਦਾ ਧਿਆਨ ਖਿੱਚਿਆ ਕਿਉਂਕਿ ਪਾਕਿਸਤਾਨੀ ਫੌਜ ਚੀਨੀ ਹਥਿਆਰਾਂ 'ਤੇ ਨਿਰਭਰ ਸੀ ਅਤੇ ਉਸ ਨੇ ਕਥਿਤ ਤੌਰ 'ਤੇ ਚੀਨੀ ਖ਼ੁਫ਼ੀਆ ਜਾਣਕਾਰੀ ਦੀ ਵਰਤੋਂ ਕੀਤੀ।"

"ਇਸ ਟਕਰਾਅ ਦੀ ਸ਼ੂਰੂਆਤ ਜੰਮੂ-ਕਸ਼ਮੀਰ ਦੇ ਇੱਕ ਵਿਵਾਦਿਤ ਖੇਤਰ ਵਿੱਚ ਹੋਏ ਘਾਤਕ ਵਿਦਰੋਹੀ ਹਮਲੇ ਦੇ ਜਵਾਬ ਵਿੱਚ ਭਾਰਤ ਦੀ ਕਾਰਵਾਈ ਨਾਲ ਹੋਈ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਦੋਵਾਂ ਦੇਸ਼ਾਂ ਨੇ 50 ਸਾਲਾਂ ਵਿੱਚ ਪਹਿਲੀ ਵਾਰ ਇੱਕ ਦੂਜੇ ਦੀਆਂ ਸਰਹੱਦਾਂ ਦੇ ਅੰਦਰ ਜਾ ਕੇ ਹਮਲੇ ਕੀਤੇ।"

"ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਚੀਨ ਨੇ ਪੂਰੇ ਸੰਘਰਸ਼ ਦੌਰਾਨ ਪਾਕਿਸਤਾਨ ਨੂੰ ਭਾਰਤੀ ਫੌਜੀ ਟਿਕਾਣਿਆਂ ਬਾਰੇ 'ਤੇ ਲਾਈਵ ਇਨਪੁਟ ਦਿੱਤੇ ਅਤੇ ਟਕਰਾਅ ਨੂੰ ਆਪਣੀਆਂ ਫੌਜੀ ਸਮਰੱਥਾਵਾਂ ਲਈ ਇੱਕ ਟੈਸਟਿੰਗ ਮੈਦਾਨ ਵਜੋਂ ਵਰਤਿਆ। ਪਾਕਿਸਤਾਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ, ਜਦੋਂ ਕਿ ਚੀਨ ਨੇ ਨਾ ਤਾਂ ਆਪਣੀ ਭੂਮਿਕਾ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ।"

ਪਾਕਿਸਤਾਨ-ਚੀਨ ਸਹਿਯੋਗ ਅਤੇ ਭਾਰਤ

ਅਮਰੀਕੀ ਕਮਿਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਚੀਨ ਨੇ ਪਾਕਿਸਾਤਾਨ ਦੇ ਨਾਲ 2025 ਵਿੱਚ ਆਪਣਾ ਫੌਜੀ ਸਹਿਯੋਗ ਵਧਾਇਆ, ਜਿਸ ਨਾਲ ਸੁਰੱਖਿਆ ਮੁੱਦਿਆਂ 'ਤੇ ਭਾਰਤ ਨਾਲ ਤਣਾਅ ਹੋਰ ਡੂੰਘਾ ਹੋਇਆ।

ਰਿਪੋਰਟ ਵਿੱਚ ਕਿਹਾ ਗਿਆ ਹੈ, "ਪਾਕਿਸਤਾਨੀ ਫੌਜ ਨੂੰ ਭਾਰਤ ਵਿਰੁੱਧ ਚਾਰ ਦਿਨਾਂ ਦੇ ਸੰਘਰਸ਼ ਵਿੱਚ ਸਫ਼ਲਤਾ ਨੇ ਚੀਨੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ, ਇਸ ਟਕਰਾਅ ਨੂੰ 'ਪ੍ਰੌਕਸੀ ਯੁੱਧ' ਕਹਿਣਾ ਚੀਨ ਦੀ ਭੜਕਾਊ ਭੂਮਿਕਾ ਨੂੰ ਵਧਾ-ਚੜਾ ਕੇ ਪੇਸ਼ ਕਰਨਾ ਹੋਵੇਗਾ।"

"ਪਰ ਚੀਨ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਇਸ ਸੰਘਰਸ਼ ਦੀ ਵਰਤੋਂ ਆਪਣੇ ਹਥਿਆਰਾਂ ਦੀਆਂ ਸਮਰੱਥਾਵਾਂ ਨੂੰ ਪਰਖਣ, ਉਨ੍ਹਾਂ ਦਾ ਪ੍ਰਚਾਰ ਕਰਨ ਲਈ ਕੀਤਾ। ਇਹ ਭਾਰਤ ਨਾਲ ਚੱਲ ਰਹੇ ਸਰਹੱਦੀ ਤਣਾਅ ਅਤੇ ਡਿਫੈਂਸ ਇੰਡਸਟ੍ਰੀ ਨਾਲ ਜੁੜੀਆਂ ਉਸ ਦੀਆਂ ਵਧਦੀਆਂ ਇੱਛਾਵਾਂ, ਦੋਵਾਂ ਹੀ ਲਿਹਾਜ਼ ਨਾਲ ਉਪਯੋਗੀ ਸੀ।"

ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਦੇ ਸਭ ਤੋਂ ਵੱਡਾ ਰੱਖਿਆ ਸਪਲਾਇਰ ਵਜੋਂ, ਚੀਨ ਨੇ 2019 ਅਤੇ 2023 ਦੇ ਵਿਚਕਾਰ ਪਾਕਿਸਤਾਨ ਦੇ 82 ਫੀਸਦ ਹਥਿਆਰਾਂ ਦੀ ਸਪਲਾਈ ਕੀਤੀ। ਮਈ ਦੀ ਟੱਕਰ ਪਹਿਲੀ ਮੌਕਾ ਸੀ ਜਦੋਂ ਐੱਚਕਿਊ-9 ਏਅਰ ਡਿਫੈਂਸ ਸਿਸਟਮ, ਪੀਐੱਲ-15 ਏਅਰ-ਟੂ-ਏਅਰ ਮਿਜ਼ਾਈਲਾਂ ਅਤੇ ਜੇ-10 ਲੜਾਕੂ ਜਹਾਜ਼ਾਂ ਵਰਗੇ ਐਡਵਾਂਸ ਵੈਪਨ ਸਿਸਟਮ ਕਿਸੇ ਜੰਗ ਵਿੱਚ ਇਸਤੇਮਾਲ ਹੋਏ। ਟਕਰਾਅ ਨਾਲ ਚੀਨ ਨੂੰ ਅਸਲ-ਹਾਲਾਤ ਵਿੱਚ ਟੈਸਟਿੰਗ ਦਾ ਮੌਕਾ ਮਿਲਿਆ।

ਚੀਨ ਨੇ ਪਾਕਿਸਤਾਨ ਨੂੰ ਜੂਨ ਵਿੱਚ 40 ਜੇ-35 ਫਿਫਥ ਜੈਨਰੇਸ਼ਨ ਲੜਾਕੂ ਜਹਾਜ਼, ਕੇਜੇ-500 ਜਹਾਜ਼ ਅਤੇ ਬੈਲਿਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਉਸੇ ਮਹੀਨੇ ਪਾਕਿਸਤਾਨ ਨੇ 2025-26 ਲਈ ਆਪਣੇ ਰੱਖਿਆ ਬਜਟ ਵਿੱਚ 20 ਫੀਸਦ ਵਾਧੇ ਦਾ ਐਲਾਨ ਕੀਤਾ ਸੀ।

ਰਿਪੋਰਟ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਟਕਰਾਅ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਚੀਨੀ ਦੂਤਾਵਾਸਾਂ ਨੇ ਭਾਰਤ-ਪਾਕਿਸਤਾਨ ਟਕਰਾਅ ਵਿੱਚ ਆਪਣੇ ਹਥਿਆਰਾਂ ਦੀ ਸਫ਼ਲਤਾ ਦੀ ਪ੍ਰਸ਼ੰਸਾ ਕੀਤੀ।

ਰਿਪੋਰਟ ਵਿੱਚ ਕਿਹਾ ਗਿਆ ਹੈ, "ਪਾਕਿਸਤਾਨ ਵੱਲੋਂ ਭਾਰਤ ਵਿੱਚ ਵਰਤੇ ਗਏ ਫਰਾਂਸੀਸੀ ਰਾਫੇਲ ਲੜਾਕੂ ਜਹਾਜ਼ਾਂ ਨੂੰ ਡੇਗਣ ਵਿੱਚ ਚੀਨੀ ਹਥਿਆਰਾਂ ਦੀ ਵਰਤੋਂ ਨੂੰ ਖ਼ਾਸ ਤੌਰ 'ਤੇ ਇੱਕ ਵੱਡਾ ਸੇਲਿੰਗ ਪੁਆਇੰਟ ਬਣਾ ਕੇ ਪੇਸ਼ ਕੀਤਾ ਗਿਆ।"

ਇਸ ਟਕਰਾਅ ਵਿੱਚ ਪਾਕਿਸਤਾਨ ਨੇ ਛੇ ਭਾਰਤੀ ਰਾਫੇਲ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ। ਹਾਲਾਂਕਿ, ਭਾਰਤ ਨੇ ਕਦੇ ਵੀ ਪਾਕਿਸਤਾਨ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਅਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਟਕਰਾਅ ਵਿੱਚ ਉਸ ਦੇ ਕਿੰਨੇ ਜਹਾਜ਼ ਨੁਕਸਾਨੇ ਗਏ ਸਨ ਜਾਂ ਇਹ ਕਿਹੜੇ ਜਹਾਜ਼ ਸਨ।

ਰਿਪੋਰਟ ਵਿੱਚ ਫਰਾਂਸੀਸੀ ਖ਼ੁਫ਼ੀਆ ਏਜੰਸੀਆਂ ਦਾ ਹਵਾਲਾ ਨਾਲ ਦੱਸਿਆ ਹੈ ਕਿ ਚੀਨ ਨੇ ਆਪਣੇ ਜੇ-35 ਜਹਾਜ਼ਾਂ ਦਾ ਪ੍ਰਚਾਰ ਕਰਨ ਅਤੇ ਫਰਾਂਸੀਸੀ ਰਾਫੇਲ ਵਿਕਰੀ ਨੂੰ ਨੁਕਸਾਨ ਪਹੁੰਚਾਉਣ ਲਈ ਇੱਕ ਮਾੜੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਸੀ।

ਇਸ ਮੁਹਿੰਮ ਵਿੱਚ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਅਤੇ ਏਆਈ ਵੀਡੀਓ ਗੇਮਾਂ ਦੁਆਰਾ ਤਿਆਰ ਕੀਤੀਆਂ ਗਈਆਂ ਤਸਵੀਰਾਂ ਨੂੰ ਭਾਰਤੀ ਜਹਾਜ਼ਾਂ ਦਾ ਮਲਬਾ ਦੱਸ ਕੇ ਫੈਲਾਇਆ ਗਿਆ, ਜਿਨ੍ਹਾਂ ਨੂੰ ਚੀਨੀ ਹਥਿਆਰਾਂ ਨੇ ਮਾਰ ਸੁੱਟਿਆ ਹੋਵੇ।

ਰਿਪੋਰਟ ਇਹ ਵੀ ਕਹਿੰਦੀ ਹੈ ਕਿ ਚੀਨੀ ਦੂਤਾਵਾਸ ਦੇ ਅਧਿਕਾਰੀਆਂ ਨੇ ਇੰਡੋਨੇਸ਼ੀਆ ਨੂੰ ਵੀ ਰਾਫੇਲ ਜਹਾਜ਼ ਖਰੀਦਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਮਨਾ ਲਿਆ, ਜਿਸ ਨਾਲ ਚੀਨ ਨੂੰ ਖੇਤਰ ਦੇ ਹੋਰਨਾਂ ਦੇਸ਼ਾਂ ਵਿੱਚ ਆਪਣੇ ਰੱਖਿਆ ਸਾਜੋ-ਸਮਾਨ ਦੀ ਵਿਕਰੀ ਕਰਨ ਦੀ ਮੌਕਾ ਮਿਲਿਆ।

ਭਾਰਤ ਵਿੱਚ ਪ੍ਰਤੀਕਿਰਿਆ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਇਸ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰ ਦੀ ਐੱਨਡੀਏ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਨੇ ਰਿਪੋਰਟ ਦੇ ਕੁਝ ਦਾਅਵਿਆਂ ਜ਼ਿਕਰ ਕਰਦੇ ਹੋਏ ਲਿਖਿਆ, "ਰਾਸ਼ਟਰਪਤੀ ਟਰੰਪ ਨੇ ਹੁਣ ਤੱਕ 60 ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਰੋਕ ਦਿੱਤਾ ਹੈ। ਪ੍ਰਧਾਨ ਮੰਤਰੀ ਇਸ ਮਾਮਲੇ 'ਤੇ ਪੂਰੀ ਤਰ੍ਹਾਂ ਚੁੱਪੀ ਸਾਧੇ ਹੋਏ ਹਨ।"

"ਹੁਣ ਅਮਰੀਕੀ ਕਾਂਗਰਸ ਦੇ ਅਮਰੀਕਾ-ਚੀਨ ਇਕੋਨਾਮਿਕ ਐਂਡ ਸਿਕਿਓਰਿਟੀ ਕਮਿਸ਼ਨ ਦੀ ਇਹ ਰਿਪੋਰਟ ਆਈ ਹੈ, ਜੋ ਭਾਰਤ ਲਈ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਕੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲਾ ਇਸ 'ਤੇ ਆਪਣਾ ਇਤਰਾਜ਼ ਅਤੇ ਵਿਰੋਧ ਦਰਜ ਕਰਵਾਏਗਾ? ਸਾਡੀ ਕੂਟਨੀਤੀ ਨੂੰ ਇੱਕ ਹੋਰ ਗੰਭੀਰ ਝਟਕਾ ਲੱਗਾ ਹੈ।"

ਇਸ ਦੌਰਾਨ, ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਜੈਰਾਮ ਰਮੇਸ਼ ਦੇ ਬਿਆਨ 'ਤੇ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਲਿਖਿਆ, "ਇਹ ਬਿਲਕੁਲ ਹੈਰਾਨ ਕਰਨ ਵਾਲਾ ਹੈ। ਇੱਕ ਅਧਿਕਾਰਤ ਅਮਰੀਕੀ ਰਿਪੋਰਟ ਅਪ੍ਰੈਲ ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਨੂੰ 'ਵਿਦਰੋਹੀ ਹਮਲਾ' ਕਹਿ ਰਹੀ ਹੈ ਅਤੇ ਚਾਰ ਦਿਨਾਂ ਦੇ ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਉੱਤੇ ਪਾਕਿਸਤਾਨ ਦੀ ਫੌਜੀ ਸਫ਼ਲਤਾ ਦੀ ਗੱਲ ਕਰ ਰਹੀ ਹੈ?"

"ਆਖ਼ਰ ਮੋਦੀ ਸਰਕਾਰ ਭਾਰਤ ਦੇ ਹੱਕ ਵਿੱਚ ਸਬੂਤ ਅਤੇ ਕੂਟਨੀਤੀ ਵਿੱਚ ਅਸਫ਼ਲ ਕਿਉਂ ਰਹੀ? ਮੋਦੀ ਸਰਕਾਰ ਨੂੰ ਸੰਸਦ ਵਿੱਚ ਇਸਦਾ ਜਵਾਬ ਦੇਣਾ ਚਾਹੀਦਾ ਹੈ।"

ਭਾਰਤ ਨੇ ਪਾਕਿਸਤਾਨ ਵਿਰੁੱਧ ਆਪਣੀ ਫੌਜੀ ਕਾਰਵਾਈ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਸੀ।

ਹਾਲਾਂਕਿ, ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਰਿਪੋਰਟ ਦੇ ਇੱਕ ਹਿੱਸੇ ਦਾ ਜ਼ਿਕਰ ਕਰਦੇ ਹੋਏ ਵਿਰੋਧੀ ਧਿਰ 'ਤੇ ਅਸਿੱਧੇ ਤੌਰ 'ਤੇ ਹਮਲਾ ਕੀਤਾ।

ਉਨ੍ਹਾਂ ਲਿਖਿਆ, "ਅਸਲ ਸਵਾਲ ਇਹ ਹੈ ਕਿ ਚੀਨ ਦੇ ਬਿਰਤਾਂਤ ਨੂੰ ਕਿਹੜੇ ਲੋਕ ਵਧ-ਚੜ੍ਹ ਕੇ ਅੱਗੇ ਕਰ ਰਹੇ ਸਨ। ਕੌਣ ਲਗਾਤਾਰ ਕਿੰਨੇ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ ਵਰਗੇ ਅੰਕੜੇ ਮੰਗਦੇ ਰਹੇ, ਜਦਕਿ ਭਾਰਤੀ ਹਵਾਈ ਸੈਨਾ ਸਾਫ ਕਹਿ ਚੁੱਕੀ ਸੀ ਕਿ ਉਸ ਦੀਆਂ ਸਾਰੀਆਂ ਸੰਪਤੀਆਂ ਸੁਰੱਖਿਅਤ ਹਨ ਅਤੇ ਟਕਰਾਅ ਦੌਰਾਨ ਆਪ੍ਰੇਸ਼ਰਨਲ ਜਾਣਕਾਰੀ ਸਾਂਝੀ ਕਰਨ ਨਾਲ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋਵੇਗਾ।"

"ਚੀਨੀ ਮਾੜੇ ਪ੍ਰਚਾਰ ਦੀ ਮਸ਼ੀਨ ਦੇ ਸੰਚਾਲਕ ਬਾਹਰੀ ਸਨ। ਪਰ ਭਾਰਤ ਦੇ ਅੰਦਰ ਜੋ ਭੌਂਪੂ ਸਨ? ਅਸੀਂ ਸਾਰੇ ਜਾਣਦੇ ਹਾਂ ਕਿ ਇਸ ਨੂੰ ਕੌਣ ਚਲਾ ਰਿਹਾ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)