ਦਿੱਲੀ ਵਿਧਾਨ ਸਭਾ ਚੋਣਾਂ: ਇਨ੍ਹਾਂ ਉਮੀਦਵਾਰਾਂ ਦੀ ਜਾਇਦਾਦ 'ਜ਼ੀਰੋ' ਹੈ, 5 ਸਭ ਤੋਂ ਅਮੀਰ ਉਮੀਦਵਾਰ ਕੌਣ ਹਨ

ਤਸਵੀਰ ਸਰੋਤ, Getty Images
- ਲੇਖਕ, ਆਨੰਦ ਮਣੀ ਤ੍ਰਿਪਾਠੀ
- ਰੋਲ, ਬੀਬੀਸੀ ਪੱਤਰਕਾਰ
ਅਗਲੇ ਮਹੀਨੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ ਆਪਣੀ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਜਮ੍ਹਾ ਕਰਵਾ ਦਿੱਤੇ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਇਸ ਚੋਣ ਵਿੱਚ ਭਾਜਪਾ ਦੇ ਤਿੰਨ, ਕਾਂਗਰਸ ਦਾ ਇੱਕ ਅਤੇ ਆਮ ਆਦਮੀ ਪਾਰਟੀ (ਆਪ) ਦਾ ਇੱਕ ਅਰਬਪਤੀ ਉਮੀਦਵਾਰ ਚੋਣ ਮੈਦਾਨ ਵਿੱਚ ਹੈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੇ ਅਨੁਸਾਰ, ਇਸ ਚੋਣ ਵਿੱਚ 125 ਉਮੀਦਵਾਰ ਹਨ, ਜਿਨ੍ਹਾਂ ਕੋਲ 5 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।
ਇਸ ਰਿਪੋਰਟ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜ ਸਭ ਤੋਂ ਅਮੀਰ ਅਤੇ ਸਭ ਤੋਂ ਘੱਟ ਜਾਇਦਾਦ ਵਾਲੇ ਪੰਜ ਉਮੀਦਵਾਰਾਂ ਬਾਰੇ ਜਾਣਦੇ ਹਾਂ।

1. ਕਰਨੈਲ ਸਿੰਘ (ਭਾਜਪਾ)

ਤਸਵੀਰ ਸਰੋਤ, Karnail Singh/X
ਕਰਨੈਲ ਸਿੰਘ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਅਮੀਰ ਉਮੀਦਵਾਰ ਹਨ। ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਮੁਤਾਬਕ, ਉਨ੍ਹਾਂ ਦੀ ਕੁੱਲ ਸੰਪਤੀ ਲਗਭਗ 260 ਕਰੋੜ ਰੁਪਏ ਹੈ।
ਇਸ ਵਿੱਚ 92 ਲੱਖ 36 ਹਜ਼ਾਰ ਰੁਪਏ ਦੇ ਕਰੀਬ ਚੱਲ ਜਾਇਦਾਦ ਹੈ, ਜਦੋਂ ਕਿ ਅਚੱਲ ਜਾਇਦਾਦ ਲਗਭਗ 259 ਕਰੋੜ ਰੁਪਏ ਹੈ। ਸ਼ਕੂਰਬਸਤੀ ਹਲਕੇ ਤੋਂ ਚੋਣ ਲੜ ਰਹੇ ਕਰਨੈਲ ਸਿੰਘ ਕੋਲ 72 ਹਜ਼ਾਰ ਰੁਪਏ ਦੀ ਨਕਦੀ ਹੈ।
ਕਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਸਤੇਂਦਰ ਜੈਨ ਅਤੇ ਕਾਂਗਰਸ ਦੇ ਸਤੇਂਦਰ ਕੁਮਾਰ ਲੂਥਰਾ ਦੇ ਵਿਰੁੱਧ ਚੋਣ ਲੜ ਰਹੇ ਹਨ।
ਸਤੇਂਦਰ ਜੈਨ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿਹਤ ਮੰਤਰੀ ਰਹਿ ਚੁੱਕੇ ਹਨ।
ਹਲਫ਼ਨਾਮੇ ਅਨੁਸਾਰ ਕਰਨੈਲ ਸਿੰਘ ਕੋਲ ਅਮਰੀਕੀ ਬੈਂਕ ਵਿੱਚ 5 ਲੱਖ 14 ਹਜ਼ਾਰ ਰੁਪਏ, 60 ਗ੍ਰਾਮ ਸੋਨਾ, 10 ਲੱਖ ਰੁਪਏ ਦੀ ਇੱਕ ਹੀਰੇ ਦੀ ਘੜੀ ਅਤੇ 2 ਲੱਖ ਰੁਪਏ ਦੀ ਇੱਕ ਅੰਗੂਠੀ ਹੈ।
ਅਚੱਲ ਜਾਇਦਾਦਾਂ ਵਿੱਚ ਕੈਲੀਫੋਰਨੀਆ ਵਿੱਚ ਤਿੰਨ ਬੰਗਲੇ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਫਾਰਮ ਹਾਊਸ ਅਤੇ ਘਰ ਸ਼ਾਮਲ ਹਨ।
2. ਮਨਜਿੰਦਰ ਸਿੰਘ ਸਿਰਸਾ (ਭਾਜਪਾ)

ਤਸਵੀਰ ਸਰੋਤ, ANI
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਦੂਜੇ ਸਭ ਤੋਂ ਅਮੀਰ ਉਮੀਦਵਾਰ ਹਨ। ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ ਉਨ੍ਹਾਂ ਨੇ 249 ਕਰੋੜ ਰੁਪਏ ਦੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਹੈ।
ਚੱਲ ਜਾਇਦਾਦ ਦੀ ਕੀਮਤ 74 ਕਰੋੜ 5 ਲੱਖ ਦੇ ਕਰੀਬ ਹੈ। ਜਦੋਂ ਕਿ ਅਚੱਲ ਜਾਇਦਾਦ ਦੀ ਕੀਮਤ ਲਗਭਗ 175 ਕਰੋੜ ਰੁਪਏ ਹੈ। ਭਾਜਪਾ ਦੀ ਟਿਕਟ 'ਤੇ ਰਾਜੌਰੀ ਗਾਰਡਨ ਤੋਂ ਚੋਣ ਲੜ ਰਹੇ ਸਿਰਸਾ ਕੋਲ 3 ਲੱਖ 69 ਹਜ਼ਾਰ ਦੇ ਕਰੀਬ ਦੀ ਨਕਦੀ ਹੈ।
ਸਿਰਸਾ ਕੋਲ ਛੇ ਲਗਜ਼ਰੀ ਗੱਡੀਆਂ ਹਨ ਅਤੇ 98 ਲੱਖ 50 ਹਜ਼ਾਰ ਰੁਪਏ ਦਾ 550 ਗ੍ਰਾਮ ਸੋਨਾ ਅਤੇ ਹੀਰੇ ਵੀ ਹਨ।
ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ 2 ਕਿਲੋ 655 ਗ੍ਰਾਮ ਸੋਨਾ ਅਤੇ ਹੀਰੇ ਹਨ। ਇਸ ਦੀ ਕੀਮਤ 2 ਕਰੋੜ 28 ਲੱਖ 50 ਹਜ਼ਾਰ ਰੁਪਏ ਹੈ। ਉਨ੍ਹਾਂ ਕੋਲ 3 ਲੱਖ 70 ਹਜ਼ਾਰ ਰੁਪਏ ਦੇ ਹਥਿਆਰ ਹਨ।
3. ਗੁਰਚਰਨ ਸਿੰਘ ਰਾਜੂ

ਤਸਵੀਰ ਸਰੋਤ, facebook
ਗੁਰਚਰਨ ਸਿੰਘ ਰਾਜੂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਇਕਲੌਤੇ ਅਤੇ ਦਿੱਲੀ ਤੋਂ ਤੀਜੇ ਅਰਬਪਤੀ ਉਮੀਦਵਾਰ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ 130 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਹੈ।
ਉਨ੍ਹਾਂ ਕੋਲ 52 ਕਰੋੜ 90 ਲੱਖ ਰੁਪਏ ਦੇ ਕਰੀਬ ਦੀ ਚੱਲ ਜਾਇਦਾਦ ਅਤੇ 78 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਉਹ ਕ੍ਰਿਸ਼ਨਾਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਹਨ।
ਗੁਰਚਰਨ ਸਿੰਘ ਰਾਜੂ ਕੋਲ 1 ਲੱਖ ਰੁਪਏ ਨਕਦ ਅਤੇ 4 ਕਿਲੋ 500 ਗ੍ਰਾਮ ਸੋਨਾ ਹੈ। ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ ਛੇ ਕਿੱਲੋ ਸੋਨਾ ਹੈ।
4. ਪਰਵੇਸ਼ ਸਿੰਘ ਵਰਮਾ (ਭਾਜਪਾ)

ਤਸਵੀਰ ਸਰੋਤ, ANI
ਪ੍ਰਵੇਸ਼ ਵਰਮਾ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਉਹ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ। ਉਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਤੋਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਚੋਣ ਲੜ ਰਹੇ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ ਉਨ੍ਹਾਂ ਨੇ 115 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਹੈ। ਇਸ ਵਿੱਚ 96 ਕਰੋੜ 52 ਲੱਖ ਦੇ ਕਰੀਬ ਦੀ ਚੱਲ ਜਾਇਦਾਦ ਅਤੇ 19 ਕਰੋੜ 11 ਲੱਖ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਚੌਥੇ ਅਰਬਪਤੀ ਉਮੀਦਵਾਰ ਦੀ ਪਤਨੀ, ਪੁੱਤਰ ਅਤੇ ਦੋ ਧੀਆਂ ਵੀ ਲੱਖਪਤੀ ਹਨ। ਪ੍ਰਵੇਸ਼ ਵਰਮਾ ਕੋਲ ਦੋ ਕਾਰਾਂ ਅਤੇ 200 ਗ੍ਰਾਮ ਸੋਨਾ ਹੈ। ਉਨ੍ਹਾਂ ਦੀ ਪਤਨੀ ਕੋਲ 1,110 ਗ੍ਰਾਮ ਸੋਨਾ ਹੈ, ਉਨ੍ਹਾਂ ਦੀਆਂ ਦੋਵੇਂ ਧੀਆਂ ਕੋਲ 300 ਗ੍ਰਾਮ ਸੋਨਾ ਅਤੇ ਪੁੱਤਰ ਕੋਲ 150 ਗ੍ਰਾਮ ਸੋਨਾ ਹੈ।
5. ਧਨਵਤੀ ਚੰਦੇਲਾ (ਆਪ)

ਤਸਵੀਰ ਸਰੋਤ, Getty Images
ਰਾਜੌਰੀ ਗਾਰਡਨ ਤੋਂ ਚੋਣ ਲੜ ਰਹੇ ਧਨਵਤੀ ਚੰਦੇਲਾ, ਇਕਲੌਤੇ ਮਹਿਲਾ ਅਰਬਪਤੀ ਉਮੀਦਵਾਰ ਹਨ। ਉਨ੍ਹਾਂ ਕੋਲ 6 ਲੱਖ 89 ਹਜ਼ਾਰ ਦੇ ਕਰੀਬ ਦੀ ਨਕਦੀ ਹੈ। ਦੋ ਲਗਜ਼ਰੀ ਗੱਡੀਆਂ, 4 ਕਿਲੋ 100 ਗ੍ਰਾਮ ਸੋਨਾ ਅਤੇ 4 ਕਿਲੋ ਚਾਂਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕੋਲ 4 ਕਰੋੜ 30 ਲੱਖ ਰੁਪਏ ਦੀ ਜ਼ਮੀਨ ਵੀ ਹੈ। ਪਤੀ ਦਯਾਨੰਦ ਚੰਦੇਲਾ ਦੀ ਜਾਇਦਾਦ ਸਮੇਤ ਕੁੱਲ ਪਰਿਵਾਰਕ ਜਾਇਦਾਦ 9 ਕਰੋੜ 76 ਲੱਖ ਰੁਪਏ ਦੇ ਕਰੀਬ ਦੀ ਚੱਲ ਅਤੇ 1 ਅਰਬ 14 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ, ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਖੇਤੀਬਾੜੀ, ਜਾਇਦਾਦਾਂ ਤੋਂ ਕਿਰਾਇਆ, ਵਿਆਜ ਅਤੇ ਵਿਧਾਇਕ ਵਜੋਂ ਪ੍ਰਾਪਤ ਤਨਖਾਹ ਦੱਸਿਆ ਗਿਆ ਹੈ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ, ਉਨ੍ਹਾਂ ਨੇ 109 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਹੈ।
ਆਮ ਆਦਮੀ ਪਾਰਟੀ ਦੀ ਉਮੀਦਵਾਰ, 65 ਸਾਲਾ ਧਨਵਤੀ ਚੰਦੇਲਾ ਨੇ ਆਪਣੀ 10ਵੀਂ ਜਮਾਤ ਤੱਕ ਦੀ ਸਿੱਖਿਆ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਸਕੂਲ ਤੋਂ ਪ੍ਰਾਪਤ ਕੀਤੀ ਹੈ।
ਸਭ ਤੋਂ ਘੱਟ ਆਮਦਨ ਵਾਲੇ ਉਮੀਦਵਾਰ
1. ਯੋਗੇਸ਼- ਆਜ਼ਾਦ ਉਮੀਦਵਾਰ
ਯੋਗੇਸ਼ ਆਜ਼ਾਦ ਉਮੀਦਵਾਰ ਵਜੋਂ ਮਟਿਆਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਉਹ ਇਕੱਲੌਤੇ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਕੋਲ ਇੱਕ ਰੁਪਿਆ ਵੀ ਨਕਦੀ ਨਹੀਂ ਹੈ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਕੋਲ ਚੱਲ ਜਾਂ ਅਚੱਲ ਜਾਇਦਾਦ ਦੇ ਨਾਮ 'ਤੇ ਕੁਝ ਵੀ ਨਹੀਂ ਹੈ। ਹਾਲਾਂਕਿ, ਉਨ੍ਹਾਂ ਨੇ ਕਾਰੋਬਾਰ ਨੂੰ ਆਪਣੀ ਆਮਦਨ ਦਾ ਸਰੋਤ ਦੱਸਿਆ ਹੈ।
ਯੋਗੇਸ਼ ਦਾ ਸੋਸ਼ਲ ਮੀਡੀਆ 'ਤੇ ਕੋਈ ਅਕਾਊਂਟ ਨਹੀਂ ਹੈ ਅਤੇ ਉਹ 10ਵੀਂ ਜਮਾਤ ਪਾਸ ਹਨ।
2. ਮਹਿੰਦਰ ਸਿੰਘ- ਨੈਸ਼ਨਲ ਰਿਪਬਲਿਕਨ ਪਾਰਟੀ
ਮਟਿਆਲਾ ਤੋਂ ਚੋਣ ਲੜ ਰਹੇ ਮਹਿੰਦਰ ਸਿੰਘ ਲੈਬ ਟੈਕਨੀਸ਼ੀਅਨ ਹਨ। ਉਹ ਨੈਸ਼ਨਲ ਰਿਪਬਲਿਕਨ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਕੋਲ ਨਾ ਤਾਂ ਇੱਕ ਰੁਪਿਆ ਨਕਦੀ ਹੈ ਅਤੇ ਨਾ ਹੀ ਕੋਈ ਚੱਲ-ਅਚੱਲ ਜਾਇਦਾਦ ਹੈ। ਉਨ੍ਹਾਂ ਦੀ ਪਤਨੀ ਇੱਕ ਅਧਿਆਪਕਾ ਹਨ।
3. ਅਸ਼ੋਕ ਕੁਮਾਰ-ਆਜ਼ਾਦ ਉਮੀਦਵਾਰ
ਅੰਬੇਡਕਰ ਨਗਰ ਤੋਂ ਆਜ਼ਾਦ ਉਮੀਦਵਾਰ ਅਸ਼ੋਕ ਕੁਮਾਰ ਕੋਲ ਕੁੱਲ 1101 ਰੁਪਏ ਹਨ। 500 ਰੁਪਏ ਨਕਦ ਹਨ ਅਤੇ 601 ਰੁਪਏ ਬੈਂਕ ਵਿੱਚ ਹਨ। ਪਤਨੀ ਕੋਲ ਨਕਦੀ ਅਤੇ ਬੈਂਕ ਖਾਤਿਆਂ ਵਿੱਚ 5 ਹਜ਼ਾਰ ਦੇ ਕਰੀਬ ਰੁਪਏ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਕੋਲ ਕੁੱਲ 6 ਹਜ਼ਾਰ ਰੁਪਏ ਦੀ ਕੁੱਲ ਜਾਇਦਾਦ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਅੰਬੇਡਕਰ ਨਗਰ ਤੋਂ ਸਾਬਕਾ ਵਿਧਾਇਕ ਹਨ।

ਤਸਵੀਰ ਸਰੋਤ, ANI
4. ਸ਼ਬਾਨਾ- ਨੈਸ਼ਨਲ ਰਿਪਬਲਿਕਨ ਪਾਰਟੀ
ਸ਼ਬਾਨਾ ਸੀਲਮਪੁਰ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਨੈਸ਼ਨਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕੋਲ ਕੋਈ ਚੱਲ ਜਾਂ ਅਚੱਲ ਜਾਇਦਾਦ ਨਹੀਂ ਹੈ।
ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ, ਉਨ੍ਹਾਂ ਨੇ ਸਿਰਫ਼ 16,500 ਰੁਪਏ ਦੀ ਨਕਦੀ ਦਰਸਾਈ ਹੈ। ਸ਼ਬਾਨਾ ਅੱਠਵੀਂ ਪਾਸ ਹਨ।
5. ਅਨੀਤਾ- ਆਜ਼ਾਦ ਉਮੀਦਵਾਰ
ਅਨੀਤਾ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ।
ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅਨੀਤਾ, ਕੋਲ 5 ਹਜ਼ਾਰ ਰੁਪਏ ਨਕਦ ਹਨ। ਉਨ੍ਹਾਂ ਦੇ ਬੈਂਕ ਖਾਤੇ ਵਿੱਚ 1500 ਰੁਪਏ ਹਨ। ਜਦੋਂ ਕਿ ਪਤੀ ਕੋਲ ਤਿੰਨ ਹਜ਼ਾਰ ਰੁਪਏ ਦੀ ਚੱਲ ਜਾਇਦਾਦ ਹੈ।
ਅਨੀਤਾ ਗਰੀਬ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਹਨ। ਐਮਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣਾ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਉਨ੍ਹਾਂ ਦੇ ਪਤੀ ਬੇਰੁਜ਼ਗਾਰ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












