ਆਟਾ 125 ਰੁਪਏ, ਚੌਲ 350 ਰੁ: ਕਿਲੋ, ਪਾਕਿਸਤਾਨ 'ਚ ਅਚਾਨਕ ਮਹਿੰਗਾਈ ਕਿਉਂ ਵਧੀ? ਕੀ ਹੜ੍ਹਾਂ ਜਾਂ ਜਮ੍ਹਾਂਖੋਰੀ ਦਾ ਨਤੀਜਾ?

ਪਾਕਿਸਤਾਨ ਵਿੱਚ ਆਟਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਆਟੇ ਦੀਆਂ ਕੀਮਤਾਂ ਪਿਛਲੇ ਦੋ ਹਫ਼ਤਿਆਂ ਵਿੱਚ ਲਗਭਗ ਦੁੱਗਣੀਆਂ ਹੋ ਗਈਆਂ ਹਨ (ਫਾਈਲ ਫੋਟੋ)
    • ਲੇਖਕ, ਸਾਰਾ ਹਸਨ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਲੱਖਾਂ ਲੋਕ ਹੜ੍ਹਾਂ ਦੀ ਚਪੇਟ ਵਿੱਚ ਆਏ ਅਤੇ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ 20 ਕਿਲੋਗ੍ਰਾਮ ਆਟੇ ਦੀ ਬੋਰੀ ਦੀ ਕੀਮਤ 2,500 ਰੁਪਏ ਤੱਕ ਪਹੁੰਚ ਗਈ ਹੈ।

ਚੌਲਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਤੇਜੀ ਦੇਖਣ ਨੂੰ ਮਿਲੀ ਹੈ। 25 ਕਿਲੋਗ੍ਰਾਮ ਚੌਲਾਂ ਦੀ ਬੋਰੀ 1,000 ਰੁਪਏ ਮਹਿੰਗੀ ਹੋ ਗਈ ਹੈ ਅਤੇ ਪ੍ਰਚੂਨ ਦੀਆਂ ਕੀਮਤਾਂ ਵਿੱਚ 40 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ।

ਆਟਾ ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਹੜ੍ਹਾਂ ਤੋਂ ਬਾਅਦ ਬਾਜ਼ਾਰ ਵਿੱਚ ਕਣਕ ਦੀ ਲੋੜੀਂਦੀ ਸਪਲਾਈ ਨਹੀਂ ਹੈ ਅਤੇ ਗੋਦਾਮਾਂ ਵਿੱਚ ਸਟੋਰ ਕੀਤਾ ਅਨਾਜ ਵੀ ਖ਼ਰਾਬ ਹੋ ਗਿਆ ਹੈ। ਕੀਮਤਾਂ ਵਿੱਚ ਵਾਧੇ ਦਾ ਇਹੀ ਕਾਰਨ ਹੈ।

ਪਰ ਮਾਹਰਾਂ ਦਾ ਦਾਅਵਾ ਹੈ ਕਿ ਇਹ ਵਾਧਾ ਅਸਲ ਘਾਟੇ ਦੀ ਬਜਾਏ ਜਮ੍ਹਾਂਖੋਰੀ ਅਤੇ ਮੁਨਾਫ਼ਾਖੋਰੀ ਦਾ ਨਤੀਜਾ ਹੈ।

ਕੀ ਹੜ੍ਹ ਕਾਰਨ ਕਮੀ ਆਈ ਹੈ ਜਾਂ ਜਮ੍ਹਾਂਖੋਰੀ ਹੋ ਰਹੀ ਹੈ? ਇਸ ਮੁੱਦੇ ਨੂੰ ਸਮਝਣ ਲਈ, ਬੀਬੀਸੀ ਉਰਦੂ ਨੇ ਆਟਾ ਮਿੱਲ ਮਾਲਕਾਂ, ਅਨਾਜ ਮੰਡੀ ਦੇ ਵਪਾਰੀਆਂ ਅਤੇ ਮਾਹਰਾਂ ਨਾਲ ਗੱਲ ਕੀਤੀ ਹੈ।

ਕੀਮਤਾਂ ਅਚਾਨਕ ਕਿਉਂ ਵਧ ਰਹੀਆਂ ਹਨ?

ਕਣਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰ ਸਾਲ, ਸਤੰਬਰ ਤੋਂ ਬਾਅਦ ਕਣਕ ਦੀਆਂ ਕੀਮਤਾਂ ਵਧ ਜਾਂਦੀਆਂ ਹਨ, ਜਿਸ ਨਾਲ ਆਟਾ ਮਹਿੰਗਾ ਹੋ ਜਾਂਦਾ ਹੈ।

ਪਾਕਿਸਤਾਨ ਵਿੱਚ ਕਣਕ ਅਤੇ ਆਟੇ ਦੀਆਂ ਕੀਮਤਾਂ ਆਮ ਤੌਰ 'ਤੇ ਹਰ ਸਾਲ ਸਤੰਬਰ ਤੋਂ ਬਾਅਦ ਵਧਦੀਆਂ ਹਨ।

ਇਸ ਸਮੇਂ ਜਦੋਂ ਨਵੀਂ ਫ਼ਸਲ ਆਉਣ ʼਤੇ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਣਕ ਖਰੀਦਦੇ ਹਨ ਅਤੇ ਜਦੋਂ ਉਨ੍ਹਾਂ ਦਾ ਸਟਾਕ ਖ਼ਤਮ ਹੋ ਜਾਂਦਾ ਹੈ, ਤਾਂ ਉਹ ਬਾਜ਼ਾਰ ਤੋਂ ਆਟਾ ਖਰੀਦਣਾ ਸ਼ੁਰੂ ਕਰ ਦਿੰਦੇ ਹਨ। ਆਟਾ ਮਿੱਲਾਂ ਵੀ ਬਾਜ਼ਾਰ ਤੋਂ ਕਣਕ ਖਰੀਦ ਕੇ ਆਟਾ ਪੀਸਦੀਆਂ ਹਨ ਅਤੇ ਆਟਾ ਮੁਹੱਈਆ ਕਰਵਾਉਂਦੀਆਂ ਹਨ।

ਇਸ ਕਾਰਨ, ਜਦੋਂ ਮੰਗ ਵਧਦੀ ਹੈ ਤਾਂ ਆਟਾ ਅਤੇ ਕਣਕ ਦੀਆਂ ਕੀਮਤਾਂ ਵੀ ਵਧ ਜਾਂਦੀਆਂ ਹਨ।

ਇਸ ਨੂੰ 'ਮੌਸਮੀ ਚੱਕਰ' ਕਿਹਾ ਜਾਂਦਾ ਹੈ। ਇਸ ਨੂੰ ਕੰਟ੍ਰੋਲ ਕਰਨ ਲਈ ਸਰਕਾਰ ਅਕਸਰ ਆਪਣੇ ਗੁਦਾਮਾਂ ਤੋਂ ਕਣਕ ਨੂੰ ਬਾਜ਼ਾਰ ਵਿੱਚ ਵੇਚਦੀ ਹੈ। ਜੇਕਰ ਸਟਾਕ ਘੱਟ ਹੁੰਦਾ ਹੈ ਤਾਂ ਦਰਾਮਦ ਕੀਤੀ ਜਾਂਦੀ ਹੈ ਤਾਂ ਜੋ ਕੀਮਤਾਂ ਆਮ ਰਹਿਣ।

ਸਰਕਾਰੀ ਅੰਕੜਿਆਂ ਅਨੁਸਾਰ, ਇਸ ਸਾਲ ਪਾਕਿਸਤਾਨ ਵਿੱਚ ਕੁੱਲ ਕਣਕ ਦਾ ਉਤਪਾਦਨ 29.6 ਮਿਲੀਅਨ ਟਨ ਸੀ, ਜੋ ਕਿ ਸਰਕਾਰ ਦੇ 32 ਮਿਲੀਅਨ ਟਨ ਦੇ ਟੀਚੇ ਤੋਂ ਘੱਟ ਹੈ। ਹਾਲਾਂਕਿ, ਸਰਕਾਰ ਕੋਲ ਵਾਧੂ ਕਣਕ ਦਾ ਸਟਾਕ ਸੀ।

ਇਸ ਦੇ ਨਾਲ ਹੀ, ਆਈਐੱਮਐੱਫ ਦੇ ਦਬਾਅ ਅਤੇ ਸਰਕਾਰੀ ਗੁਦਾਮਾਂ ਵਿੱਚ ਵਾਧੂ ਕਣਕ ਕਾਰਨ, ਸਰਕਾਰ ਨੇ ਕਿਸਾਨਾਂ ਤੋਂ ਕਣਕ ਨਹੀਂ ਖਰੀਦੀ। ਇਸ ਕਾਰਨ ਬਾਜ਼ਾਰ ਵਿੱਚ ਕੀਮਤਾਂ ਡਿੱਗਣ ਲੱਗੀਆਂ।

ਕਣਕ, ਜੋ ਪਿਛਲੇ ਸਾਲ 3,900 ਰੁਪਏ ਪ੍ਰਤੀ ਮਣ ਵਿਕਦੀ ਸੀ, ਹੁਣ 1,800 ਰੁਪਏ ਤੋਂ 2,000 ਰੁਪਏ ਪ੍ਰਤੀ ਮਣ ਤੱਕ ਘੱਟ ਗਈ ਹੈ। ਇਸ ਕਾਰਨ ਕਿਸਾਨਾਂ ਨੇ ਰੋਸ-ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ।

ਕੋਮੋਡਿਟੀ ਮਾਹਰ ਸ਼ਮਸੁਲ ਇਸਲਾਮ ਕਹਿੰਦੇ ਹਨ, "ਜਦੋਂ ਕਣਕ ਦੀ ਕੀਮਤ ਘੱਟ ਸੀ, ਤਾਂ ਬਹੁਤ ਸਾਰੇ ਖੇਤਰ ਜੋ ਆਮ ਤੌਰ 'ਤੇ ਕਣਕ ਨਹੀਂ ਖਰੀਦਦੇ ਸਨ, ਵੀ ਮੈਦਾਨ ਵਿੱਚ ਆ ਗਏ, ਜਿਵੇਂ ਕਿ ਪੋਲਟਰੀ ਫੀਡ ਅਤੇ ਪਸ਼ੂ ਫੀਡ ਫੈਕਟਰੀਆਂ, ਕਿਉਂਕਿ ਕਣਕ ਫੀਡ ਵਿੱਚ ਸ਼ਾਮਲ ਹੋਰ ਵਸਤੂਆਂ, ਜਿਵੇਂ ਕਿ ਮੱਕੀ, ਨਾਲੋਂ ਸਸਤੀ ਸੀ।"

ਉਨ੍ਹਾਂ ਦੇ ਅਨੁਸਾਰ, ਇਸ ਸਾਲ ਕਟਾਈ ਤੋਂ ਬਾਅਦ ਕਣਕ ਦੀ ਕੀਮਤ ਵਿੱਚ ਗਿਰਾਵਟ ਕਾਰਨ, ਆਟਾ ਵੀ ਸਸਤਾ ਹੋ ਗਿਆ।

ਕਣਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਇੱਕ ਵੱਡੇ ਖੇਤਰ ਵਿੱਚ ਭਾਰੀ ਬਾਰਿਸ਼ ਅਤੇ ਨਦੀਆਂ ਵਿੱਚ ਹੜ੍ਹ ਆਉਣ ਕਾਰਨ ਅਗਸਤ ਦੇ ਅੱਧ ਤੋਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ

ਸ਼ਮਸੁਲ ਇਸਲਾਮ ਦੇ ਅਨੁਸਾਰ, "ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗ ਦੌਰਾਨ ਚੌਲਾਂ ਅਤੇ ਕਣਕ ਦੇ ਸਟਾਕ ਵਿੱਚ ਅਚਾਨਕ ਵਾਧਾ ਹੋਇਆ ਅਤੇ ਆਟਾ ਮਿੱਲਾਂ ਨੇ ਵੀ ਇਸ ਸਮੇਂ ਦੌਰਾਨ ਕਣਕ ਨੂੰ ਸਟੋਰ ਕੀਤਾ ਅਤੇ ਹੋਰ ਜਮ੍ਹਾਖੋਰ ਵੀ ਮੈਦਾਨ ਵਿੱਚ ਉੱਤਰ ਆਏ।"

ਪੰਜਾਬ ਦੇ ਇੱਕ ਵੱਡੇ ਖੇਤਰ ਵਿੱਚ ਭਾਰੀ ਬਾਰਿਸ਼ ਅਤੇ ਨਦੀਆਂ ਵਿੱਚ ਹੜ੍ਹ ਆਉਣ ਕਾਰਨ ਅਗਸਤ ਦੇ ਅੱਧ ਤੋਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ।

ਇਸ ਦੌਰਾਨ, ਅਗਸਤ ਦੇ ਅਖ਼ੀਰ ਵਿੱਚ ਸੰਘੀ ਖੁਰਾਕ ਸੁਰੱਖਿਆ ਮੰਤਰੀ ਰਾਣਾ ਤਨਵੀਰ ਅਹਿਮਦ ਦੀ ਪ੍ਰਧਾਨਗੀ ਹੇਠ ਕਣਕ ਬੋਰਡ ਦੀ ਇੱਕ ਮੀਟਿੰਗ ਹੋਈ।

ਇਹ ਫ਼ੈਸਲਾ ਲਿਆ ਗਿਆ ਕਿ ਕਿਉਂਕਿ ਦੇਸ਼ ਵਿੱਚ ਕਣਕ ਦਾ ਕਾਫ਼ੀ ਸਟਾਕ ਹੈ, ਇਸ ਲਈ ਸਰਕਾਰ ਨੂੰ ਕਣਕ ਦਰਾਮਦ ਕਰਨ ਦੀ ਜ਼ਰੂਰਤ ਨਹੀਂ ਹੈ।

ਕੋਮੋਡਿਟੀ ਮਾਹਰ ਸ਼ਮਸੁਲ ਇਸਲਾਮ ਕਹਿੰਦੇ ਹਨ, "ਅਜਿਹਾ ਲੱਗਦਾ ਹੈ ਕਿ ਸਰਕਾਰ ਵੱਲੋਂ ਕਣਕ ਬਰਾਮਦ ਨਾ ਕਰਨ ਦੇ ਐਲਾਨ ਨੇ ਜਮ੍ਹਾਂਖੋਰਾਂ ਨੂੰ ਖੁਸ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਬਾਜ਼ਾਰ ਵਿੱਚ ਉਨ੍ਹਾਂ ਦੀ ਇੱਛਾ ਅਨੁਸਾਰ ਕੀਮਤਾਂ ਵਧਾਈਆਂ ਅਤੇ ਘਟਾਈਆਂ ਜਾ ਸਕਦੀਆਂ ਹਨ।"

ਉਹ ਕਹਿੰਦੇ ਹਨ ਕਿ 2,200 ਰੁਪਏ ਪ੍ਰਤੀ ਮਣ ਦੇ ਹਿਸਾਬ ਨਾਲ ਖਰੀਦੀ ਗਈ ਕਣਕ ਹੁਣ 4,000 ਰੁਪਏ ਪ੍ਰਤੀ ਮਣ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ ਅਤੇ ਇਸੇ ਕਰਕੇ ਖਪਤਕਾਰਾਂ ਨੂੰ ਮਹਿੰਗਾ ਆਟਾ ਮਿਲ ਰਿਹਾ ਹੈ।

ਸ਼ਮਸੁਲ ਇਸਲਾਮ ਦੇ ਅਨੁਸਾਰ, "ਆਟਾ ਮਿੱਲ ਐਸੋਸੀਏਸ਼ਨ ਨੇ ਦਲੀਲ ਦਿੱਤੀ ਕਿ ਬਾਜ਼ਾਰ ਵਿੱਚ ਕਣਕ ਮਹਿੰਗੀ ਹੈ ਅਤੇ ਇਸ ਲਈ ਆਟਾ ਵੀ ਮਹਿੰਗਾ ਹੋ ਰਿਹਾ ਹੈ।"

ਉਨ੍ਹਾਂ ਅਨੁਸਾਰ, ਇਸ ਕਾਰਨ 20 ਕਿਲੋਗ੍ਰਾਮ ਦੇ ਥੈਲੇ ਦੀ ਕੀਮਤ 1,500 ਰੁਪਏ ਤੋਂ ਵੱਧ ਕੇ 2,500 ਰੁਪਏ ਹੋ ਗਈ ਹੈ।

ਪੰਜਾਬ ਸਰਕਾਰ ਨੇ ਕਣਕ ਜ਼ਬਤ ਕੀਤੀ

ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਕਣਕ ਦੀ ਜਮ੍ਹਾਖੋਰੀ ਵਿਰੁੱਧ ਕਾਰਵਾਈ ਕਰਦੇ ਹੋਏ ਫੀਡ ਮਿੱਲਾਂ ਦੇ ਗੋਦਾਮਾਂ ਤੋਂ ਇੱਕ ਲੱਖ ਟਨ ਤੋਂ ਵੱਧ ਕਣਕ ਜ਼ਬਤ ਕੀਤੀ ਹੈ।

ਸਰਕਾਰ ਨੇ ਇਸ ਕਣਕ ਨੂੰ 3,000 ਰੁਪਏ ਪ੍ਰਤੀ ਮਣ ਅਤੇ 20 ਕਿਲੋਗ੍ਰਾਮ ਦੇ ਆਟੇ ਦੇ ਥੈਲੇ ਨੂੰ 1,810 ਰੁਪਏ ਦੀ ਦਰ ਨਾਲ ਵੇਚਣ ਦਾ ਆਦੇਸ਼ ਜਾਰੀ ਕੀਤਾ ਹੈ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਬਸਿਡੀ ਵਾਲੀਆਂ ਦਰਾਂ 'ਤੇ ਵੇਚਿਆ ਜਾਣ ਵਾਲਾ ਆਟਾ ਸੂਬੇ ਦੇ ਡਿਵੀਜ਼ਨਲ ਹੈੱਡਕੁਆਰਟਰ 'ਤੇ ਉਪਲਬਧ ਹੋਵੇਗਾ।

ਸਰਕਾਰ ਦਾ ਦਾਅਵਾ ਹੈ ਕਿ ਆਟਾ ਮਿੱਲਾਂ ਨੂੰ ਕਣਕ ਦੀ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਬਾਜ਼ਾਰ ਵਿੱਚ ਆਟੇ ਦੀ ਕੀਮਤ ਘੱਟ ਸਕਦੀ ਹੈ। ਹਾਲਾਂਕਿ, ਆਟਾ ਮਿੱਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਕਦਮ ਪ੍ਰਭਾਵਸ਼ਾਲੀ ਨਹੀਂ ਹੋਵੇਗਾ।

ਐਸੋਸੀਏਸ਼ਨ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਕੀਮਤਾਂ ਨੂੰ ਸਥਿਰ ਕਰਨ ਲਈ, ਸਰਕਾਰ ਨੂੰ ਹਰ ਮਹੀਨੇ ਬਾਜ਼ਾਰ ਵਿੱਚ ਘੱਟੋ-ਘੱਟ ਪੰਜ ਲੱਖ ਟਨ ਕਣਕ ਜਾਰੀ ਕਰਨੀ ਪਵੇਗੀ।

ਆਟਾ ਮਿੱਲ ਦੇ ਮਾਲਕ ਅਤੇ ਆਲ ਪਾਕਿਸਤਾਨ ਆਟਾ ਮਿੱਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਸੀਮ ਰਜ਼ਾ ਨੇ ਕਿਹਾ ਕਿ ਪੋਲਟਰੀ ਫੀਡ ਵਿੱਚ ਕਣਕ ਦੀ ਵਰਤੋਂ ਨੇ ਬਾਜ਼ਾਰ ਵਿੱਚ ਸਪਲਾਈ ਘਟਾ ਦਿੱਤੀ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਸਰਕਾਰ ਨੇ ਅੰਤਰ-ਸੂਬਾਈ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ, ਜਿਸ ਨਾਲ ਪੰਜਾਬ ਵਿੱਚ ਕਣਕ ਦੀ ਘਾਟ ਦਾ ਅਹਿਸਾਸ ਪੈਦਾ ਹੋਇਆ ਅਤੇ ਖੁੱਲ੍ਹੇ ਬਾਜ਼ਾਰ ਵਿੱਚ ਕਣਕ ਦੀ ਕੀਮਤ ਦੋ-ਤਿੰਨ ਦਿਨਾਂ ਵਿੱਚ 2,700 ਰੁਪਏ ਤੋਂ ਵੱਧ ਕੇ 4,000 ਰੁਪਏ ਪ੍ਰਤੀ ਮਣ ਹੋ ਗਈ।

ਅਸੀਮ ਰਜ਼ਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਰਕਾਰੀ ਗੋਦਾਮਾਂ ਤੋਂ ਕਣਕ ਦੀ ਸਪਲਾਈ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਬਾਜ਼ਾਰ ਵਿੱਚ ਸਪਲਾਈ ਵਧੇ ਅਤੇ ਕੀਮਤਾਂ ਕੰਟ੍ਰੋਲ ਵਿੱਚ ਰਹਿਣ।

ਉਹ ਕਹਿੰਦੇ ਹਨ, "ਕਣਕ ਦੇ ਸਟਾਕ ਨੂੰ ਛਾਪਣ ਅਤੇ ਇਸਨੂੰ 3,000 ਰੁਪਏ ਪ੍ਰਤੀ ਮਣ ਵੇਚਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ ਕਿਉਂਕਿ ਮੀਡੀਆ ਵਿੱਚ ਜਿਸ 14 ਰੁਪਏ ਦੀ ਰੋਟੀ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਕਿਤੇ ਵੀ ਉਪਲਬਧ ਨਹੀਂ ਹੈ।"

ਉਨ੍ਹਾਂ ਦੇ ਅਨੁਸਾਰ, ਆਟਾ ਮਿੱਲਾਂ ਦਸੰਬਰ ਤੋਂ ਮਾਰਚ ਤੱਕ ਆਪਣੇ ਕੋਲ ਮੌਜੂਦ ਸਟਾਕ ਦੀ ਵਰਤੋਂ ਕਰਦੀਆਂ ਹਨ, ਜਦੋਂ ਬਾਜ਼ਾਰ ਵਿੱਚ ਕਣਕ ਦੀ ਉਪਲਬਧਤਾ ਕਰੀਬ ਨਹੀਂ ਹੁੰਦੀ ਹੈ।

ਪਾਕਿਸਤਾਨ

ਬਲੋਚਿਸਤਾਨ ਵਿੱਚ ਆਟਾ ਮਹਿੰਗਾ ਕਿਉਂ ਹੋ ਗਿਆ?

ਪਾਕਿਸਤਾਨ ਵਿੱਚ ਆਟੇ ਦੀਆਂ ਕੀਮਤਾਂ ਵਿੱਚ ਅਚਾਨਕ ਵਾਧੇ ਤੋਂ ਬਾਅਦ ਖ਼ੈਬਰ ਪਖ਼ਤੂਨਖਵਾ ਵਿੱਚ 20 ਕਿਲੋ ਦਾ ਆਟੇ ਦੀ ਥੈਲੀ 900 ਤੋਂ 1,000 ਰੁਪਏ ਵਿੱਚ ਵਿਕ ਰਿਹਾ ਸੀ ਅਤੇ ਹੁਣ ਉਹੀ 20 ਕਿਲੋ ਵਾਲੀ ਥੈਲੀ 2,400 ਤੋਂ 2,500 ਰੁਪਏ ਵਿੱਚ ਵਿਕ ਰਹੀ ਹੈ। ਆਟੇ ਦੀ ਕੀਮਤ ਵਿੱਚ ਵਾਧੇ ਕਾਰਨ, ਬਰੈੱਡ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ।

ਇਸ ਸਬੰਧ ਵਿੱਚ ਖ਼ੈਬਰ ਪਖਤੂਨਖਵਾ ਦੇ ਖੁਰਾਕ ਮੰਤਰੀ ਜ਼ਾਹਿਰ ਸ਼ਾਹ ਤੋਰੋ ਨੇ ਬੀਬੀਸੀ ਪੱਤਰਕਾਰ ਅਜ਼ੀਜ਼ਉੱਲ੍ਹਾ ਖ਼ਾਨ ਨੂੰ ਦੱਸਿਆ ਕਿ ਖ਼ੈਬਰ ਪਖਤੂਨਖਵਾ ਕਣਕ ਲਈ ਪੰਜਾਬ 'ਤੇ ਨਿਰਭਰ ਹੈ।

"ਖ਼ੈਬਰ ਪਖ਼ਤੂਨਖਵਾ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸਥਾਨਕ ਪੱਧਰ 'ਤੇ ਕਣਕ ਦੀ ਅੰਤਰ-ਰਾਜੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।"

ਉਨ੍ਹਾਂ ਕਿਹਾ ਕਿ ਸੂਬਾਈ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਵਿੱਤ ਮੰਤਰੀ ਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਸੂਬੇ ਵਿੱਚ ਕਣਕ ਅਤੇ ਆਟੇ ਦੀ ਆਵਾਜਾਈ ਨੂੰ ਬਹਾਲ ਕੀਤਾ ਜਾ ਸਕੇ।

ਇਸ ਦੌਰਾਨ, ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਸਮੇਤ ਹੋਰ ਇਲਾਕਿਆਂ ਵਿੱਚ ਵੀ ਆਟੇ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਹੈ। 20 ਕਿਲੋਗ੍ਰਾਮ ਦਾ ਆਟੇ ਦੀ ਥੈਲੀ ਜੋ ਪਹਿਲਾਂ 1600 ਰੁਪਏ ਵਿੱਚ ਮਿਲਦੀ ਸੀ, ਹੁਣ ਇਸਦੀ ਕੀਮਤ ਦੋ ਹਜ਼ਾਰ ਤੋਂ 2100 ਰੁਪਏ ਤੱਕ ਪਹੁੰਚ ਗਈ ਹੈ।

ਕਵੇਟਾ ਵਿੱਚ ਆਟੇ ਦੇ ਕਾਰੋਬਾਰ ਨਾਲ ਜੁੜੇ ਇੱਕ ਵਪਾਰੀ ਇਜ਼ਰਾਈਲ ਖ਼ਾਨ ਨੇ ਬੀਬੀਸੀ ਪੱਤਰਕਾਰ ਮੁਹੰਮਦ ਕਾਜ਼ਿਮ ਨੂੰ ਦੱਸਿਆ ਕਿ ਪਿਛਲੇ ਦੋ-ਤਿੰਨ ਹਫ਼ਤਿਆਂ ਵਿੱਚ ਆਟੇ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਉਨ੍ਹਾਂ ਨੂੰ ਇਸ ਦਾ ਕਾਰਨ ਨਹੀਂ ਪਤਾ, ਪਰ ਉਨ੍ਹਾਂ ਦੇ ਅਨੁਸਾਰ, "ਬਾਜ਼ਾਰ ਵਿੱਚ ਸਪਲਾਈ ਦੀ ਘਾਟ ਕਾਰਨ ਆਟੇ ਦੀ ਕੀਮਤ ਵਧੀ ਹੈ।"

ਖੁਰਾਕ ਵਿਭਾਗ ਦੇ ਅਧਿਕਾਰੀ ਹੜ੍ਹਾਂ ਅਤੇ ਪੰਜਾਬ ਤੋਂ ਆਟੇ ਦੀ ਢੋਆ-ਢੁਆਈ 'ਤੇ ਪਾਬੰਦੀ ਨੂੰ ਇਸਦਾ ਇੱਕ ਵੱਡਾ ਕਾਰਨ ਦੱਸ ਰਹੇ ਹਨ।

ਬਲੋਚਿਸਤਾਨ ਦੇ ਖੁਰਾਕ ਵਿਭਾਗ ਦੇ ਡਿਪਟੀ ਡਾਇਰੈਕਟਰ ਜਾਬਰ ਬਲੋਚ ਨੇ ਕਿਹਾ ਕਿ ਬਲੋਚਿਸਤਾਨ ਵਿੱਚ ਵਰਤੇ ਜਾਣ ਵਾਲੇ ਆਟੇ ਦਾ 80 ਫੀਸਦ ਪੰਜਾਬ ਤੋਂ ਆਉਂਦਾ ਹੈ।

ਉਨ੍ਹਾਂ ਕਿਹਾ, "ਪੰਜਾਬ ਤੋਂ ਆਟੇ ਦੀ ਸਪਲਾਈ ਦੀ ਘਾਟ ਹੋਣ ਦੀ ਸੂਰਤ ਵਿੱਚ ਖੁਰਾਕ ਵਿਭਾਗ ਬਾਜ਼ਾਰ ਵਿੱਚ ਕੀਮਤਾਂ ਨੂੰ ਬਣਾਈ ਰੱਖਣ ਲਈ ਖੁਦ ਕਣਕ ਜਾਰੀ ਕਰਦਾ ਸੀ, ਪਰ ਇਸ ਵੇਲੇ ਬਲੋਚਿਸਤਾਨ ਦੇ ਖੁਰਾਕ ਵਿਭਾਗ ਕੋਲ ਕਣਕ ਦਾ ਕੋਈ ਸਟਾਕ ਨਹੀਂ ਹੈ।"

ਜਾਬੇਰ ਬਲੋਚ ਨੇ ਕਿਹਾ ਕਿ ਖੁਰਾਕ ਵਿਭਾਗ ਨੇ ਇਸ ਸਥਿਤੀ ਬਾਰੇ ਗ੍ਰਹਿ ਵਿਭਾਗ ਨੂੰ ਇੱਕ ਪੱਤਰ ਭੇਜਿਆ ਹੈ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਣਕ ਅਤੇ ਆਟੇ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਸੂਬਾਈ ਸਰਕਾਰ ਨੇ ਕਣਕ, ਆਟਾ ਅਤੇ ਕਣਕ ਤੋਂ ਬਣੇ ਹੋਰ ਉਤਪਾਦਾਂ ਦੀ ਅੰਤਰ-ਸੂਬਾਈ੍ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਤੋਂ ਇਲਾਵਾ, ਪੋਲਟਰੀ ਅਤੇ ਪਸ਼ੂਆਂ ਦੇ ਚਾਰੇ ਵਿੱਚ ਕਣਕ ਦੀ ਵਰਤੋਂ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਪੰਜਾਬ ਸਰਕਾਰ ਨੇ ਸਾਰੇ ਸਰਹੱਦੀ ਜ਼ਿਲ੍ਹਿਆਂ ਵਿੱਚ ਖੁਰਾਕ ਕੰਟ੍ਰੋਲਰਾਂ ਨੂੰ ਸੜਕਾਂ ਅਤੇ ਸੂਬਾਈ ਸਰਹੱਦਾਂ 'ਤੇ ਚੈੱਕ ਪੋਸਟ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਕਣਕ ਅਤੇ ਆਟੇ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ।

ਪੰਜਾਬ ਸਰਕਾਰ ਦੇ ਅਨੁਸਾਰ, ਸੂਬਾਈ ਸਰਕਾਰ ਨੂੰ ਕਣਕ ਦੀ ਘਾਟ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਪਾਬੰਦੀ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।

ਆਟਾ ਮਿੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਟਾ ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਖੁੱਲ੍ਹੇ ਬਾਜ਼ਾਰ ਵਿੱਚ ਕਣਕ ਮਹਿੰਗੀ ਹੈ, ਜਿਸ ਕਾਰਨ ਆਟਾ ਮਹਿੰਗਾ ਹੋ ਰਿਹਾ ਹੈ

ਚੌਲਾਂ ਦੀਆਂ ਕੀਮਤਾਂ ਕਿਉਂ ਵੱਧ ਰਹੀਆਂ ਹਨ?

ਕਣਕ ਤੋਂ ਬਾਅਦ ਚੌਲ ਸਭ ਤੋਂ ਵੱਧ ਖਪਤ ਹੋਣ ਵਾਲਾ ਅਨਾਜ ਹੈ। ਹੜ੍ਹ ਤੋਂ ਬਾਅਦ ਚੌਲਾਂ ਦੀ ਕੀਮਤ ਵਿੱਚ ਵੀ 30 ਤੋਂ 40 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ।

ਰਾਵਲਪਿੰਡੀ ਅਨਾਜ ਮੰਡੀ ਵਿੱਚ ਕੰਮ ਕਰਨ ਵਾਲੇ ਬਿਲਾਲ ਹਫੀਜ਼ ਦਾ ਕਹਿਣਾ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੇ ਅਨੁਸਾਰ, "ਬਾਜ਼ਾਰ ਵਿੱਚ ਚੌਲਾਂ ਦੇ ਜ਼ਿਆਦਾ ਖਰੀਦਦਾਰ ਹਨ ਅਤੇ ਪਿੱਛੇ ਤੋਂ ਚੌਲ ਨਹੀਂ ਆ ਰਹੇ ਹਨ।"

ਬੀਬੀਸੀ ਨਾਲ ਗੱਲ ਕਰਦੇ ਹੋਏ, ਕਮਿਸ਼ਨ ਏਜੰਟ ਬਿਲਾਲ ਹਫੀਜ਼ ਨੇ ਕਿਹਾ, "25 ਕਿਲੋ ਚੌਲਾਂ ਦੀ ਇੱਕ ਥੈਲੀ ਹੁਣ ਅੱਠ ਹਜ਼ਾਰ ਤੋਂ ਵੱਧ ਕੇ ਨੌਂ ਤੋਂ ਸਾਢੇ ਨੌਂ ਹਜ਼ਾਰ ਰੁਪਏ ਵਿੱਚ ਵਿਕ ਰਹੀ ਹੈ।"

ਚੌਲਾਂ ਦੀਆਂ ਕੀਮਤਾਂ ਕਿਉਂ ਵੱਧ ਰਹੀਆਂ ਹਨ? ਇਸ ਸਵਾਲ ਦੇ ਜਵਾਬ ਵਿੱਚ ਬਿਲਾਲ ਹਫੀਜ਼ ਨੇ ਕਿਹਾ, "ਹੜ੍ਹ ਕਾਰਨ ਬਾਜ਼ਾਰ ਵਿੱਚ ਸਪਲਾਈ ਪ੍ਰਭਾਵਿਤ ਹੋਈ ਹੈ, ਕਿਰਾਇਆ ਵੀ ਵਧਿਆ ਹੈ ਅਤੇ ਹੁਣ ਚੌਲ ਵੀ ਪੁਰਾਣੇ ਹੋ ਰਹੇ ਹਨ, ਇਸ ਲਈ ਹੁਣ ਕੀਮਤ ਵੱਧ ਰਹੀ ਹੈ।"

ਕਣਕ ਦੇ ਮੁਕਾਬਲੇ ਚੌਲਾਂ ਦੀ ਕੀਮਤ ਵਿੱਚ ਕੋਈ ਸਰਕਾਰੀ ਦਖ਼ਲਅੰਦਾਜ਼ੀ ਨਹੀਂ ਹੈ। ਚੌਲਾਂ ਦੇ ਬਰਾਮਦਗੀ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਚੌਲਾਂ ਦੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਹੋਇਆ ਹੈ ਅਤੇ ਚੌਲਾਂ ਦੀ ਕਾਸ਼ਤ ਦਾ ਕਰਬਾ ਵਧ ਰਿਹਾ ਹੈ।

ਕੋਮੋਡਿਟੀ ਮਾਹਿਰ ਸ਼ਮਸ ਇਸਲਾਮ ਨੇ ਇਸ ਧਾਰਨਾ ਨੂੰ ਰੱਦ ਕਰ ਦਿੱਤਾ ਹੈ ਕਿ ਹੜ੍ਹਾਂ ਕਾਰਨ ਚੌਲਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਕਿਹਾ, "ਨਦੀ ਦੇ ਕੰਢਿਆਂ ਜਾਂ ਕੱਚੇ ਇਲਾਕਿਆਂ ਵਿੱਚ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ, ਪਰ ਸਿਆਲਕੋਟ ਜਾਂ ਨਾਰੋਵਾਲ ਵਰਗੇ ਹੋਰ ਇਲਾਕਿਆਂ ਵਿੱਚ ਚੌਲਾਂ ਦੀ ਪਹਿਲੀ ਖੇਪ ਨੂੰ ਪਾਣੀ ਨਾਲ ਨੁਕਸਾਨ ਨਹੀਂ ਪਹੁੰਚਿਆ ਹੈ, ਜਦੋਂ ਕਿ ਇੱਥੇ ਵਾਤਾਵਰਣ ਦੇਰ ਨਾਲ ਉਗਾਉਣ ਵਾਲੀਆਂ ਚੌਲਾਂ ਦੀਆਂ ਕਿਸਮਾਂ ਲਈ ਅਨੁਕੂਲ ਹੈ।"

ਉਨ੍ਹਾਂ ਅਨੁਸਾਰ, "ਥੋਕ ਬਾਜ਼ਾਰ ਵਿੱਚ ਕੀਮਤਾਂ ਵਿੱਚ ਵਾਧਾ ਅਸਥਾਈ ਹੈ ਅਤੇ ਜਲਦੀ ਹੀ ਆਪਣੇ ਪਿਛਲੇ ਪੱਧਰ 'ਤੇ ਵਾਪਸ ਆ ਜਾਵੇਗਾ।"

ਹਾਲਾਂਕਿ, ਚੌਲ ਉਤਪਾਦਕ ਕਿਸਾਨ ਅਤੇ ਇਸ ਕਾਰੋਬਾਰ ਨਾਲ ਜੁੜੇ ਲੋਕ ਮੰਨਦੇ ਹਨ ਕਿ ਹੜ੍ਹ 20 ਫੀਸਦ ਖੇਤਰ ਵਿੱਚ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ।

ਚੌਲ ਮਿੱਲ ਦੇ ਮਾਲਕ ਅਤੇ ਐਕਸਪੋਰਟ ਮੀਆਂ ਸਬੀਹ-ਉਰ-ਰਹਿਮਾਨ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਚੌਲਾਂ ਦੀ ਕਟਾਈ ਵਿੱਚ ਇੱਕ ਮਹੀਨਾ ਦੇਰੀ ਹੋਈ ਹੈ ਅਤੇ ਚੌਲਾਂ ਦਾ ਪਿਛਲਾ ਸਟਾਕ ਬਹੁਤ ਜ਼ਿਆਦਾ ਨਹੀਂ ਹੈ।

ਚੌਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੌਲਾਂ ਦੀ ਸਪਲਾਈ ਵਿੱਚ ਰੁਕਾਵਟ ਪੈਣ ਕਾਰਨ ਚੌਲਾਂ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਕਿਸਮਾਂ ਦੇ ਚੌਲਾਂ ਦੀ ਫ਼ਸਲ, ਜੋ ਜੁਲਾਈ ਵਿੱਚ ਬੀਜੀ ਗਈ ਸੀ ਅਤੇ ਸਤੰਬਰ ਵਿੱਚ ਕਟਾਈ ਜਾਣੀ ਸੀ, ਦੇਰੀ ਨਾਲ ਹੋਈ ਹੈ, ਜਿਸ ਕਾਰਨ ਬਾਜ਼ਾਰ ਵਿੱਚ ਚੌਲਾਂ ਦੀ ਕੀਮਤ ਵਧ ਗਈ ਹੈ।

ਇਸ ਸਾਲ ਚੌਲਾਂ ਦੇ ਉਤਪਾਦਨ ਦਾ ਟੀਚਾ 90 ਲੱਖ ਟਨ ਰੱਖਿਆ ਗਿਆ ਸੀ। ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਅਨੁਸਾਰ, ਹੜ੍ਹਾਂ ਅਤੇ ਪਾਣੀ ਦੀ ਚੰਗੀ ਉਪਲਬਧਤਾ ਕਾਰਨ ਚੌਲਾਂ ਦਾ ਉਤਪਾਦਨ ਚੰਗਾ ਹੋਣ ਦੀ ਉਮੀਦ ਹੈ, ਪਰ ਮੌਜੂਦਾ ਸਥਿਤੀ ਵਿੱਚ ਚੌਲਾਂ ਦੀਆਂ ਕੀਮਤਾਂ ਵਿੱਚ ਵਾਧਾ ਬਾਜ਼ਾਰ ਵਿੱਚ ਉਪਲਬਧਤਾ ਦੀ ਘਾਟ ਕਾਰਨ ਨਹੀਂ ਹੈ।

ਖੇਤੀਬਾੜੀ ਮਾਹਿਰਾਂ ਅਤੇ ਵਸਤੂ ਵਪਾਰ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਚੌਲ ਅਤੇ ਕਣਕ ਵਰਗੀਆਂ ਬੁਨਿਆਦੀ ਵਸਤੂਆਂ ਦੀਆਂ ਕੀਮਤਾਂ ਅਸਲ ਘਾਟ ਦੀ ਬਜਾਏ ਡਰ ਅਤੇ ਅਫ਼ਵਾਹਾਂ ਕਾਰਨ ਵਧ ਰਹੀ ਹੈ, ਜਿਸ ਦਾ ਅਸਰ ਆਮ ਉਪਭੋਗਤਾ ʼਤੇ ਪੈ ਰਿਹਾ ਹੈ।

ਖੇਤੀਬਾੜੀ ਯੂਨੀਵਰਸਿਟੀ, ਫ਼ੈਸਲਾਬਾਦ ਦੇ ਵਾਈਸ ਚਾਂਸਲਰ, ਜ਼ੁਲਫਿਕਾਰ ਅਲੀ ਦੀ ਅਗਵਾਈ ਵਾਲੀ ਇੱਕ ਟੀਮ ਨੇ ਖੇਤੀਬਾੜੀ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਲਕੋਟ ਅਤੇ ਹਾਫਿਜ਼ਾਬਾਦ ਵਿੱਚ ਚੌਲਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ, ਪਰ ਇੱਕ ਵੱਡੇ ਖੇਤਰ ਵਿੱਚ ਫ਼ਸਲ ਦੇ ਬਚਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।

ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਹੜ੍ਹ ਨਾਲ ਖੇਤੀ ਨੂੰ ਨੁਕਸਾਨ ਪਹੁੰਚਿਆ ਹੈ, "ਹੁਣ ਤੱਕ ਦੇ ਅਨੁਮਾਨਾਂ ਅਨੁਸਾਰ, ਨੁਕਸਾਨ ਇੰਨਾ ਜ਼ਿਆਦਾ ਨਹੀਂ ਹੈ ਕਿ ਖੁਰਾਕ ਸੁਰੱਖਿਆ ਬਾਰੇ ਚਿੰਤਾ ਪੈਦਾ ਕੀਤੀ ਜਾ ਸਕੇ।"

ਫ਼ੈਸਲਾਬਾਦ ਸਥਿਤ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਜ਼ੁਲਫਿਕਾਰ ਅਲੀ ਕਹਿੰਦੇ ਹਨ ਕਿ ਹੜ੍ਹਾਂ ਕਾਰਨ ਕੀਮਤਾਂ ਵਿੱਚ ਵਾਧਾ ਹੋਣ ਦਾ ਕੋਈ ਖ਼ਾਸ ਕਾਰਨ ਨਜ਼ਰ ਨਹੀਂ ਆਉਂਦਾ, ਪਰ "ਕੁਝ ਤੱਤ ਹੜ੍ਹਾਂ ਦੀ ਵਰਤੋਂ ਵਸਤੂਆਂ ਦੀ ਘਾਟ ਪੈਦਾ ਕਰਨ ਲਈ ਕਰ ਸਕਦੇ ਹਨ।"

ਉਨ੍ਹਾਂ ਕਿਹਾ, "ਹੜ੍ਹ ਅਸਥਾਈ ਨੁਕਸਾਨ ਪਹੁੰਚਾਉਂਦੇ ਹਨ, ਪਰ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਪਾਣੀ ਨਿਕਲ ਜਾਵੇਗਾ ਅਤੇ ਨਵੰਬਰ ਤੱਕ ਜ਼ਮੀਨ ਕਣਕ ਦੀ ਬਿਜਾਈ ਲਈ ਤਿਆਰ ਹੋ ਜਾਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)