ਬੁਲਾਕੀ ਸ਼ਾਹ: ਵਿਆਜ 'ਤੇ ਕਰਜ਼ਾ ਦੇਣ ਵਾਲਾ ਉਹ ਸ਼ਖ਼ਸ, ਜਿਸ ਦਾ ਅੱਧਾ ਲਾਹੌਰ ਦੇਣਦਾਰ ਸੀ

ਤਸਵੀਰ ਸਰੋਤ, Asif Butt
- ਲੇਖਕ, ਵੱਕਾਰ ਮੁਸਤਫ਼ਾ
- ਰੋਲ, ਪੱਤਰਕਾਰ ਅਤੇ ਖੋਜਾਰਥੀ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਅੰਦਰੂਨੀ ਇਲਾਕੇ ਵਿੱਚ ਪੈਂਦੇ 'ਗੁਮਟੀ ਬਜ਼ਾਰ' ਵਿੱਚ 17 ਅਪ੍ਰੈਲ 1929 ਨੂੰ ਪੂਰੀ ਹੋਈ ਇਸ ਇਮਾਰਤ ਤੱਕ ਦਿੱਲੀ ਦਰਵਾਜ਼ੇ ਦੇ ਵੱਲੋਂ ਵੀ ਜਾਇਆ ਜਾ ਸਕਦਾ ਸੀ।
ਪਰ ਲਾਹੌਰ ਦੇ ਇਸ ਪੁਰਾਣੇ ਇਲਾਕੇ ਦੇ ਨਿਵਾਸੀ ਆਸਿਫ਼ ਬਟ ਨੇ ਇੱਥੇ 19ਵੀਂ ਸਦੀ ਵਿੱਚ ਬਣੇ ਪਾਣੀ ਵਾਲੇ ਤਲਾਬ ਦੇ ਵੱਲੋਂ ਜਾਣ ਦਾ ਫ਼ੈਸਲਾ ਲਿਆ।
ਆਸਿਫ ਬਟ ਨੇ ਇਸ ਇਮਾਰਤ ਦੇ ਸਾਹਮਣੇ ਉੱਭਰੇ ਅੰਗਰੇਜ਼ੀ ਦੇ ਅੱਖਰ ਪੜ੍ਹਨੇ ਸ਼ੁਰੂ ਕੀਤੇ, 'ਬੀ.. ਇਸ ਤੋਂ ਬਾਅਦ ਕੁਝ ਅੱਖਰ ਟੁੱਟੇ ਹੋਏ ਹਨ ਅਤੇ ਫਿਰ 'ਕੇ' ਹੈ ਅਤੇ...'
ਮੈਂ ਆਪ ਇਸ ਇਮਾਰਤ ਤੱਕ ਨਹੀਂ ਜਾ ਸਕਿਆ, ਪਰ ਫੋਨ ਉੱਤੇ ਆਸਿਫ਼ ਬਟ ਦੀ ਜ਼ੁਬਾਨੀ ਇਹ ਅੱਖਰ ਸੁਣਕੇ ਮੈਂ ਸ਼ਬਦ ਪੂਰੇ ਕੀਤੇ ਤਾਂ ਉਨ੍ਹਾਂ ਨੇ ਵੀ ਉਹੀ ਦੁਹਰਾਏ: 'ਬੁਲਾਕੀ ਮਲ ਐਂਡ ਸਨ ਬੈਂਕਰਸ, ਲਾਹੌਰ'
ਉਨ੍ਹਾਂ ਦਾ ਅਸਲੀ ਨਾਮ ਬੁਲਾਕੀ ਮਲ ਸੀ ਪਰ ਇਤਿਹਾਸਕਾਰਾਂ ਦੇ ਮੁਤਾਬਕ ਉਹ ਬੁਲਾਕੀ ਸ਼ਾਹ ਦੇ ਨਾਮ ਨਾਲ ਜਾਣੇ ਜਾਂਦੇ ਸਨ।
ਆਪਣੇ ਜ਼ਮਾਨੇ ਦੇ ਵੱਡੇ ਸ਼ਾਹੂਕਾਰ

ਲਾਹੌਰ ਵਿੱਚ ਲੋਕਾਂ ਨੂੰ ਵਿਆਜ ਉੱਤੇ ਕਰਜ਼ਾ ਦੇਣ ਵਾਲੇ ਉਹ ਉਸ ਜ਼ਮਾਨੇ ਦੇ ਉਹ ਵੱਡੇ ਸ਼ਾਹੂਕਾਰ ਸਨ।
ਆਪਣੇ ਇੱਕ ਵਲੌਗ ਵਿੱਚ ਤਿਰਖਾ ਦੱਸਦੇ ਹਨ, "ਬੁਲਾਕੀ ਸ਼ਾਹ ਦੇ ਵਹੀਖ਼ਾਤਿਆਂ (ਰਜਿਸਟਰਾਂ) ਵਿੱਚ ਵੱਡੇ-ਵੱਡੇ ਜ਼ਿਮੀਂਦਾਰਾਂ ਦੇ ਅੰਗੂਠੇ ਲੱਗੇ ਹੋਏ ਸਨ ਜਾਂ ਦਸਤਖ਼ਤ ਮੌਜੂਦ ਸਨ। ਉਹ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰਦੇ ਸਨ।"
"ਔਰਤਾਂ ਲਈ ਵੱਖਰੀ ਥਾਂ ਸੀ, ਜਿੱਥੇ ਉਹ ਉਨ੍ਹਾਂ ਨੂੰ ਇੱਜ਼ਤ ਅਤੇ ਸਨਮਾਨ ਨਾਲ ਬਿਠਾਉਂਦੇ ਸਨ, ਫਿਰ ਉਨ੍ਹਾਂ ਦੀ ਲੋੜ ਪੁੱਛਦੇ, ਔਰਤਾਂ ਆ ਕੇ ਦੱਸਦੀਆਂ ਕਿ ਕੋਈ ਵਿਆਹ ਜਾਂ ਜਸ਼ਨ ਹੈ ਜੇਕਰ ਕਰਜ਼ੇ ਦੇ ਬਦਲੇ ਕੋਈ ਜੇ ਕੋਈ ਜੇਵਰ ਗਹਿਣੇ ਰੱਖਦੀ ਤਾਂ ਲਾਲਾ ਬੇਫਿਕਰ ਹੋ ਜਾਂਦੇ।"
ਪੰਜਾਬ ਦੇ ਉਸ ਦੌਰ ਦੀ ਆਰਥਿਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਇਤਿਹਾਸਕਾਰ ਇਸ਼ਤਿਆਕ ਅਹਿਮਦ ਆਪਣੀ ਕਿਤਾਬ 'ਪੰਜਾਬ ਬਲਡੀਡ, ਪਾਰਟੀਸ਼ੰਡ ਐਂਡ ਕਲੈਂਜ਼ਡ' ਵਿੱਚ ਲਿਖਦੇ ਹਨ, "ਸਮਾਜ ਦਾ ਹਰ ਤਬਕਾ ਕਿਸੇ ਨਾ ਕਿਸੇ ਪੱਧਰ ਉੱਥੇ ਸ਼ਾਹੂਕਾਰ ਦਾ ਕਰਜ਼ਦਾਰ ਸੀ, ਪਰ ਮੁਸਲਮਾਨਾਂ ਨੂੰ ਇਹ ਆਰਥਿਕ ਦਬਾਅ ਸਭ ਤੋਂ ਵੱਧ ਤੰਗ ਕਰਦਾ ਸੀ।"
ਉਨ੍ਹਾਂ ਦੇ ਮੁਤਾਬਕ ਲਾਹੌਰ ਦੇ ਬੁਲਾਕੀ ਸ਼ਾਹ ਇਸ ਆਮ ਸ਼ਾਹੂਕਾਰ ਪ੍ਰਬੰਧ ਦੀ ਬਿਹਤਰੀਨ ਮਿਸਾਲ ਮੰਨੇ ਜਾਂਦੇ ਹਨ, ਜਿਨ੍ਹਾਂ ਸਾਹਮਣੇ ਵੱਡੇ ਜ਼ਿਮੀਂਦਾਰ ਵੀ ਕਰਜ਼ਦਾਰ ਨਜ਼ਰ ਆਉਂਦੇ ਸਨ।
ਮੁਨੀਰ ਅਹਿਮਦ ਮੁਨੀਰ ਦੀ ਕਿਤਾਬ 'ਮਿਟਤਾ ਹੂਆ ਲਾਹੌਰ' ਵਿੱਚ ਮੋਤੀ ਦਰਵਾਜ਼ੇ ਦੇ ਵਸਨੀਕ ਹਿਫ਼ਜ਼ ਮੇਰਾਜੁੱਦੀਨ ਦੇ ਹਵਾਲੇ ਨਾਲ ਲਿਖਿਆ ਗਿਆ ਹੈ, "100 ਰੁਪਏ ਲਓਗੇ ਤਾਂ ਉਹ ਪਹਿਲੇ ਤਿੰਨ ਮਹੀਨਿਆਂ 'ਤੇ ਵਿਆਜ਼ ਕੱਟ ਲਏਗਾ, ਬੁਲਾਕੀ ਸ਼ਾਹ ਹਲਾਲ ਕਰਦਾ ਸੀ, ਵਿਆਜ ਉੱਤੇ ਪੈਸੇ ਦੇ ਕੇ।"
ਦਾਨਿਸ਼ਵਰ ਅਬਦੁੱਲਾ ਮਲਿਕ ਆਪਣੀ ਕਿਤਾਬ 'ਪੁਰਾਨੀ ਮਹਿਫ਼ਿਲੇਂ ਯਾਦ ਆ ਰਹੀ ਹੈਂ' ਵਿੱਚ ਲਿਖਦੇ ਹਨ ਕਿ ਲਾਹੌਰ ਦੇ ਸਭ ਤੋਂ ਵੱਡੇ ਸ਼ਾਹੂਕਾਰ ਬੁਲਾਕੀ ਸ਼ਾਹ ਤੋਂ ਵਧੇਰੇ ਮੁਸਲਮਾਨ ਜਿਮੀਂਦਾਰ ਜਾਂ ਹੇਠਲੇ ਮੱਧਮ ਵਰਗ ਦੇ ਸਫ਼ੇਦਪੋਸ਼ ਕਰਜ਼ਾ ਲੈਂਦੇ ਸਨ, ਇੱਥੋਂ ਤੱਕ ਕਿ ਉਨ੍ਹਾਂ ਦਾ ਪਰਿਵਾਰ ਵੀ ਬੁਲਾਕੀ ਸ਼ਾਹ ਦਾ ਕਰਜ਼ਦਾਰ ਸੀ।
ਅਬਦੁੱਲਾ ਮਲਿਕ ਲਿਖਦੇ ਹਨ, "ਬੁਲਾਕੀ ਸ਼ਾਹ ਦੀ ਇਮਾਰਤ ਤੋਂ ਤਾਂ ਮੇਰੇ ਦਾਦਾ ਜੀ ਵੀ ਖ਼ੌਫ਼ ਖਾਂਦੇ ਸਨ। ਬੁਲਾਕੀ ਸ਼ਾਹ ਦਾ ਡਰ ਮੇਰੇ ਦਿਮਾਗ਼ ਵਿੱਚ ਬੈਠ ਗਿਆ ਸੀ ਇੱਕ ਦਿਨ ਮੈਂ ਦਾਦਾ ਜੀ ਦੀ ਉਂਗਲੀ ਫੜ ਕੇ ਗੁਮਟੀ ਬਜ਼ਾਰ ਤੋਂ ਜਾ ਰਿਹਾ ਸੀ, ਮੇਰੀ ਨਜ਼ਰ ਹੇਠਾਂ ਸੜਕ ਉੱਤੇ ਸੀ, ਅਚਾਨਕ ਦਾਦਾ ਜੀ ਨੇ ਰੁਕ ਕੇ ਕਿਹਾ, ਪੁੱਤਰ ਬੁਲਾਕੀ ਸ਼ਾਹ ਨੂੰ ਸਲਾਮ ਕਰੋ।"
"ਬੁਲਾਕੀ ਸ਼ਾਹ ਦਾ ਨਾਮ ਸੁਣਦਿਆਂ ਹੀ ਮੈਂ ਸਹਿਮ ਗਿਆ, ਉਨ੍ਹਾਂ ਦੇ ਵੱਲ ਦੇਖਿਆ ਪਰ ਡਰ ਅਤੇ ਆਤੰਕ ਇੰਨਾ ਸੀ ਕਿ ਖੜ੍ਹੇ-ਖੜ੍ਹੇ ਪਿਸ਼ਾਬ ਨਿਕਲ ਗਿਆ, ਇਹ ਦੇਖ ਕੇ ਬੁਲਾਕੀ ਸ਼ਾਹ ਥੋੜ੍ਹਾ ਮੁਸਕੁਰਾਏ ਅਤੇ ਮੈਨੂੰ ਜਿਉਂਦੇ ਰਹਿਣ ਦੀ ਦੁਆ ਦੇ ਕੇ ਅੱਗੇ ਵੱਧ ਗਏ।"
ਹਾਫ਼ਿਜ਼ ਮੇਰਾਜੁੱਦੀਨ ਦਾ ਕਹਿਣਾ ਸੀ ਕਿ ਵੱਡੇ-ਵੱਡੇ ਰਈਸਾਂ ਦੀਆਂ ਜ਼ਮੀਨਾਂ ਬੁਲਾਕੀ ਸ਼ਾਹ ਦੇ ਕੋਲ ਗਹਿਣੇ ਪਈਆਂ ਸਨ।
ਕਿਤਾਬ 'ਮਿਟਤਾ ਹੂਆ ਲਾਹੌਰ ਵਿੱਚ' ਸਿਆਸੀ ਆਗੂ ਅਤੇ ਵਕੀਲ ਸਈਅਦ ਅਹਿਮਦ ਸਈਦ ਕਿਰਮਾਨੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਬੁਲਾਕੀ ਸ਼ਾਹ ਦੇ ਦੇਣਦਾਰਾਂ ਵਿੱਚ ਮਿਆਂ ਮੁਮਤਾਜ਼ ਦੌਲਤਾਨਾ ਦੇ ਪਿਤਾ ਖ਼ਾਨ ਬਹਾਦੁਰ ਅਹਿਮਦ ਯਾਰ ਦੌਲਤਾਨਾ ਵੀ ਸ਼ਾਮਲ ਸਨ।

ਤਸਵੀਰ ਸਰੋਤ, Waqar Mustafa
ਅੰਗਰੇਜ਼ੀ ਭਾਸ਼ਾ ਦੀ ਇੱਕ ਮੈਗਜ਼ੀਨ 'ਦ ਪਾਕਿਸਤਾਨ ਰਿਵੀਊ' ਦੇ 1971 ਦੇ ਇੱਕ ਅੰਕ ਵਿੱਚ ਇੱਕ ਲੇਖਕ ਨੇ ਲਿਖਿਆ ਕਿ 1920 ਦੇ ਦਹਾਕੇ ਦੇ ਵਿਚਾਲੇ "ਮੇਰੇ ਦਾਦਾ ਹਾਜੀ ਅਹਿਮਦ ਬਖ਼ਸ਼ ਇੱਕ ਫ਼ਾਰਸੀ ਕਵੀ ਸਨ ਅਤੇ ਅਲਾਮਾ ਮੁਹੰਮਦ ਇਕਬਾਲ ਦੇ ਦੋਸਤ ਸਨ। ਉਨ੍ਹਾਂ ਨੇ ਲਾਹੌਰ ਵਿੱਚ ਆਪਣੀ 65 ਕਨਾਲ ਜ਼ਮੀਨ ਵੇਚਣ ਦੇ ਫ਼ੈਸਲਾ ਲਿਆ, ਇਹ ਜ਼ਮੀਨ 2000 ਰੁਪਏ ਦੇ ਬਦਲੇ ਲਾਹੌਰ ਦੇ ਸਭ ਤੋਂ ਵੱਡੇ ਸ਼ਾਹੂਕਾਰ ਬੁਲਾਕੀ ਸ਼ਾਹ ਦੇ ਕੋਲ ਗਹਿਣੇ ਪਈ ਸੀ।"
ਉਨ੍ਹਾਂ ਨੇ ਲਿਖਿਆ, "ਮੇਰੇ ਬਜ਼ੁਰਗਾਂ ਦੀ ਵਿਗੜਦੀ ਹਾਲਤ ਤੋਂ ਚਿੰਤਤ ਹੋ ਕੇ ਅਲਾਮਾ ਇਕਬਾਲ ਨੇ ਮੇਰੇ ਦਾਦਾ ਨੂੰ ਜ਼ਮੀਨ ਵੇਚਣ ਤੋਂ ਸਖ਼ਤੀ ਨਾਲ ਮਨ੍ਹਾ ਕੀਤਾ।"
"ਉਨ੍ਹਾਂ ਨੇ ਕਿਹਾ ਕਿ ਜ਼ਮੀਨ ਨੂੰ ਕਿਸੇ ਵੀ ਤਰ੍ਹਾਂ ਨਾਲ ਬਚਾਓ, ਚੰਗਾ ਹੋਵੇਗਾ ਕਿ ਤੁਸੀਂ ਗਹਿਣੇ ਵੇਚੋ ਜਾਂ ਫਿਰ ਆਪਣੇ ਕੁਝ ਮਕਾਨ ਵੇਚ ਕੇ ਬੁਲਾਕੀ ਦਾ ਕਰਜ਼ਾ ਮੋੜ ਦੇਵੋ, ਸਮੇਂ ਦੇ ਨਾਲ ਤੁਹਾਡੇ ਪੁੱਤਰ ਪਰਿਵਾਰ ਦੀ ਵਿਗੜੀ ਕਿਸਮਤ ਨੂੰ ਸੰਭਾਲ ਲੈਣਗੇ। ਪਰ ਬਦਨਸੀਬੀ ਨਾਲ ਮੇਰੇ ਦਾਦਾ ਨੇ ਉਨ੍ਹਾਂ ਦੀ ਸਲਾਹ ਨਹੀਂ ਮੰਨੀ।"
ਸਾਲ 2013 ਵਿੱਚ 104 ਸਾਲਾਂ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਫੋਟੋ ਜਰਨਲਿਸਟ ਐੱਫ ਈ ਚੌਧਰੀ ਨੇ 'ਹੁਣ ਉਹ ਲਾਹੌਰ ਕਿੱਥੇ?' ਸਿਰਲੇਖ ਵਿੱਚ ਛਪੇ ਆਪਣੇ ਲੰਬੇ ਇੰਟਰਵਿਊ ਵਿੱਚ ਪੱਤਰਕਾਰ ਮੁਨੀਰ ਅਹਿਮਦ ਮੁਨੀਰ ਨੂੰ ਦੱਸਿਆ ਕਿ ਲਾਹੌਰ ਦੇ ਅੱਧੇ ਮੁਸਲਮਾਨ ਬੁਲਾਕੀ ਸ਼ਾਹ ਦੇ ਕਰਜ਼ਦਾਰ ਸਨ।
"ਉਹ ਵੱਡੇ ਲੋਕਾਂ ਨੂੰ ਵੱਡਾ ਕਰਜ਼ਾ ਦਿਆ ਕਰਦੇ ਸਨ।"
"ਮਜੰਗ ਦੇ ਜਿੰਨੇ ਵੱਡੇ ਸ਼ਾਹ ਸਨ, ਉਨ੍ਹਾਂ ਦੀਆਂ ਹਵੇਲੀਆਂ ਬੁਲਾਕੀ ਸ਼ਾਹ ਦੇ ਕੋਲ ਗਹਿਣੇ ਸਨ।"
ਐੱਫ ਈ ਚੌਧਰੀ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਕਿ ਬੁਲਾਕੀ ਸ਼ਾਹ ਦੇ ਬੱਚੇ ਸੇਂਟ ਐਂਥਨੀ ਸਕੂਲ ਵਿੱਚ ਪੜ੍ਹਦੇ ਸਨ।
ਹਾਲਾਂਕਿ ਮੇਰਾਜੁੱਦੀਨ ਦਾ ਕਹਿਣਾ ਹੈ ਕਿ ਬੁਲਾਕੀ ਸ਼ਾਹ ਮੁਖ਼ਤਾਰ ਵੀ ਸਨ। ਪੀਟਰ ਓਬਾਰਨ ਆਪਣੀ ਕਿਤਾਬ 'ਵੂੰਡੇਡ ਟਾਇਗਰ, ਏ ਹਿਸਟ੍ਰੀ ਆਫ਼ ਕ੍ਰਿਕਟ ਇੰਨ ਪਾਕਿਸਤਾਨ' ਵਿੱਚ ਲਿਖਦੇ ਹਨ ਕਿ ਬੁਲਾਕੀ ਸ਼ਾਹ ਕ੍ਰਿਕਟ ਕਲੱਬ ਦੇ ਵੱਡੇ ਪੈਰੋਕਾਰਾਂ ਵਿੱਚੋਂ ਇੱਕ ਸਨ।
ਇਹ ਕਲੱਬ ਲਾਹੌਰ ਦੇ ਮੋਚੀ ਦਰਵਾਜ਼ਾ ਦੇ ਕ੍ਰਿਕਟ ਪ੍ਰੇਮੀ ਵਸਨੀਕਾਂ ਨੇ ਬਣਾਇਆ ਸੀ ਅਤੇ ਲਾਲਾ ਅਮਰਨਾਥ ਇਸ ਦੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿੱਚੋਂ ਇੱਕ ਸਨ।"
"ਸ਼ਾਹ ਜੀ ਦੇ ਕੀ ਹਾਲ ਹਨ?"
"ਉਹ ਜਵਾਬ ਦਿੰਦੇ ਸਨ ਕਿ ਕੁਝ ਪਤਾ ਨਹੀਂ ਕਦੋਂ ਮੇਰੇ ਸਾਹ ਬੰਦ ਹੋ ਜਾਣ।"
"ਓਏ ਮੁਨੀਮ ਇੱਧਰ ਆ, ਦੱਸੋ ਚੌਧਰੀ ਸਾਹਿਬ ਦੇ ਕਿੰਨੇ ਪੈਸੇ ਹਨ?"
"ਜੀ, ਦੋ ਹਜ਼ਾਰ ਹਨ।"
"ਉਡਾ ਦੋ, ਵਿਆਜ ਤਾਂ ਅਸੀਂ ਬਥੇਰਾ ਖਾਧਾ ਹੈ।"
ਚੌਧਰੀ ਦੱਸਦੇ ਹਨ ਕਿ ਦੇਖਦੇ-ਦੇਖਦੇ ਸਭ ਪੁੱਛਣ ਦੇ ਬਹਾਨੇ ਆਉਣ ਲੱਗੇ। ਲੱਖਾਂ ਰੁਪਏ ਲੈਣ ਵਾਲੇ ਵੀ ਆ ਗਏ. "ਸ਼ਾਹ ਜੀ ਸੁਣਿਆ ਹੈ ਤੁਸੀਂ ਬਿਮਾਰ ਹੋ।"
"ਹਾਂ ਯਾਰ, ਪਰਮਾਤਮਾ ਦੀ ਮਰਜ਼ੀ।"
"ਪੰਦਰਾਂ-ਵੀਹ ਮਿੰਟ ਹੋ ਗਏ, ਅੱਧਾ ਘੰਟਾ ਹੋ ਗਿਆ, ਉਨ੍ਹਾਂ ਨੇ ਕਿਹਾ ਕਿ ਲੈ ਜਾ ਇਸਦਾ ਹਿਸਾਬ ਅਤੇ ਉਡਾ ਦਿਓ।"
ਫਿਰ ਬੁਲਾਕੀ ਸ਼ਾਹ ਆਪ ਕਹਿੰਦੇ, ਅੱਛਾ ਤੁਸੀਂ ਜਾ ਕੇ ਆਰਾਮ ਕਰੋ, ਤੁਹਾਡੀ ਬੜੀ ਮੇਹਰਬਾਨੀ।
"ਉਨ੍ਹਾਂ ਦਿਨਾਂ ਵਿੱਚ ਇਹ ਮਸ਼ਹੂਰ ਹੋਇਆ ਕਿ ਬੁਲਾਕੀ ਸ਼ਾਹ ਨੇ ਛੋਟਿਆਂ(ਛੋਟੇ ਕਰਜ਼ਦਾਰਾਂ) ਦਾ ਖਾਤੇ ਪਾੜ ਦਿਤੇ, ਵੱਡਿਆਂ(ਵੱਡੇ ਕਰਜ਼ਦਾਰਾਂ) ਦੇ ਨਹੀਂ ਪਾੜੇ।"
ਕਰਜ਼ੇ ਦੇ ਵਿਵਾਦ ਅਦਾਲਤਾਂ ਤੱਕ ਵੀ ਗਏ

ਤਸਵੀਰ ਸਰੋਤ, Waqar Mustafa
ਬੁਲਾਕੀ ਸ਼ਾਹ ਆਪਣੇ ਕੁਝ ਕਰਜ਼ਦਾਰਾਂ ਨਾਲ ਲੈਣ-ਦੇਣ ਦੇ ਵਿਵਾਦਾਂ ਨੂੰ ਵੀ ਅਦਾਲਤਾਂ ਵਿੱਚ ਵੀ ਲੈ ਕੇ ਗਏ। ਇਹ ਮੁਕੱਦਮੇ ਦਰਸਾਉਂਦੇ ਹਨ ਕਿ ਉਨ੍ਹਾਂ ਕੋਲੋਂ ਕਰਜ਼ਾ ਸਿਰਫ਼ ਮੁਸਲਮਾਨ ਹੀ ਨਹੀਂ ਲੈਂਦੇ ਸਨ।
ਅਕਤੂਬਰ 1901 ਦੇ 'ਸਿਵਲ ਜੱਜਮੈਂਟਸ' ਨਾਮ ਦੇ ਇੱਕ ਦਸਤਾਵੇਜ਼ ਵਿੱਚ, ਕੇਸ ਨੰਬਰ 96 ਬਾਰੇ ਜਾਣਕਾਰੀ ਮੌਜੂਦ ਹੈ ਕਿ 19ਵੀਂ ਸਦੀ ਦੇ ਆਖਰੀ ਸਾਲਾਂ ਵਿੱਚ, ਬੁਲਾਕੀ ਸ਼ਾਹ ਨੇ ਰੇਲਵੇ ਦੇ ਇੱਕ ਯੂਰਪੀਅਨ ਅਧਿਕਾਰੀ ਟੀ.ਜੀ. ਏਕਰਸ ਨੂੰ ਡੇਢ ਹਜ਼ਾਰ ਰੁਪਏ ਦਾ ਕਰਜ਼ਾ ਤਿੰਨ ਪ੍ਰਤੀਸ਼ਤ ਪ੍ਰਤੀ ਮਹੀਨਾ ਦੀ ਵਿਆਜ ਦਰ 'ਤੇ ਦਿੱਤਾ ਸੀ।
ਏਕਰਸ ਨੇ ਕੁਝ ਵਿਆਜ ਤਾਂ ਦਿੱਤਾ ਪਰ ਅਸਲ ਰਕਮ ਸਮੇਂ ਸਿਰ ਅਦਾ ਨਹੀਂ ਕਰ ਸਕਿਆ। ਹੇਠਲੀਆਂ ਅਦਾਲਤਾਂ ਨੇ ਕਿਹਾ ਕਿ ਇੰਨਾ ਜ਼ਿਆਦਾ ਵਿਆਜ ਜਾਇਜ਼ ਨਹੀਂ ਹੈ।
ਪਰ ਜਦੋਂ ਮਾਮਲਾ ਲਾਹੌਰ ਹਾਈ ਕੋਰਟ ਦੇ ਜੱਜ ਹੈਰਿਸ ਦੇ ਸਾਹਮਣੇ ਆਇਆ, ਤਾਂ ਉਨ੍ਹਾਂ ਕਿਹਾ ਕਿ ਏਕਰਸ ਨੇ ਕਰਜ਼ੇ ਦਾ ਇਕਰਾਰਨਾਮਾ ਖ਼ੁਦ ਲਿਖਿਆ ਸੀ ਅਤੇ ਕਿਸੇ ਦਬਾਅ ਜਾਂ ਧੋਖਾਧੜੀ ਦਾ ਕੋਈ ਸਬੂਤ ਨਹੀਂ ਹੈ।
ਇਸ ਤਰ੍ਹਾਂ ਬੁਲਾਕੀ ਸ਼ਾਹ ਦੀ ਅਪੀਲ ਸਵੀਕਾਰ ਕਰ ਲਈ ਗਈ ਅਤੇ ਅਦਾਲਤ ਨੇ ਉਸਦੇ ਹੱਕ ਵਿੱਚ ਪੂਰੀ ਰਕਮ ਯਾਨੀ 2065 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।
'ਆਲ ਇੰਡੀਆ ਰਿਪੋਰਟਰ', ਜੋ ਕਿ ਬ੍ਰਿਟਿਸ਼ ਰਾਜ ਦੌਰਾਨ ਮੁਕੱਦਮਿਆਂ ਦਾ ਇੱਕ ਦਸਤਾਵੇਜ਼ ਹੈ, ਇੱਕ ਕੇਸ ਦਾ ਵੀ ਖ਼ੁਲਾਸਾ ਕਰਦਾ ਹੈ ਜੋ 2 ਫਰਵਰੀ 1914 ਨੂੰ ਚੀਫ਼ ਜਸਟਿਸ ਕੇਨਸਿੰਗਟਨ ਅਤੇ ਜੱਜ ਸ਼ਾਹ ਦੀਨ ਦੇ ਸਾਹਮਣੇ ਆਇਆ ਸੀ।
ਬੁਲਾਕੀ ਸ਼ਾਹ ਨੇ ਕਰਜ਼ੇ ਦੀਆਂ ਸ਼ਰਤਾਂ ਮੁਤਾਬਕ ਦੋ ਸਾਲਾਂ ਤੱਕ ਵਿਆਜ ਨਾ ਮਿਲਣ ਤੋਂ ਬਾਅਦ ਡੂਨੀ ਚੰਦ ਦੀ ਗਹਿਣੇ ਰੱਖੀ ਜਾਇਦਾਦ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹਾਈ ਕੋਰਟ ਨੇ ਇਸਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ।
ਬੁਲਾਕੀ ਸ਼ਾਹ ਨੂੰ ਲਾਹੌਰ ਦਾ ਸਭ ਤੋਂ ਵੱਡਾ ਸ਼ਾਹੂਕਾਰ ਮੰਨਿਆ ਜਾਂਦਾ ਹੈ। ਪੱਤਰਕਾਰ ਮਜੀਦ ਸ਼ੇਖ ਨੇ ਇੱਕ ਲੇਖ ਵਿੱਚ ਲਿਖਿਆ, "ਇੱਕ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਇੱਕ ਵਾਰ ਬੁਲਾਕੀ ਸ਼ਾਹ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਨੇ ਟਬੀ ਬਾਜ਼ਾਰ (ਬਾਜ਼ਾਰ-ਏ-ਹੁਸਨ) ਵਿੱਚ ਅਕਸਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਹੈ, ਇਸ ਲਈ ਇੱਕ ਰਾਤ ਉਹ ਵੀ ਉੱਥੇ ਪਹੁੰਚ ਗਿਆ ਅਤੇ ਆਪਣੇ ਪੁੱਤਰ ਦੇ ਸਾਹਮਣੇ ਬੈਠ ਗਿਆ।"
"ਉਸਦਾ ਪੁੱਤਰ ਡਾਂਸਰਾਂ 'ਤੇ ਜਿੰਨੀ ਵੀ ਰਕਮ ਖ਼ਰਚ ਕਰਦਾ, ਬੁਲਾਕੀ ਸ਼ਾਹ ਉਸ ਤੋਂ ਦੁੱਗਣਾ ਨਜ਼ਰਾਨਾ ਉੱਥੇ ਦਿੰਦਾ ਸੀ। ਅਖ਼ੀਰ ਵਿੱਚ ਦੋਵੇਂ ਪਿਤਾ ਅਤੇ ਪੁੱਤਰ ਖਾਲੀ ਹੱਥ ਘਰ ਵਾਪਸ ਪਰਤੇ।"

"ਇਸ ਤੋਂ ਬਾਅਦ, ਬੁਲਾਕੀ ਸ਼ਾਹ ਦੇ ਪੁੱਤਰ ਨੇ ਸਮਝ ਲਿਆ ਕਿ ਉੱਥੇ (ਬਾਜ਼ਾਰ ਵਿੱਚ) ਕਿਸੇ ਨੂੰ ਉਨ੍ਹਾਂ ਨਾਲ ਕੋਈ ਮਤਲਬ ਨਹੀਂ, ਉਹ ਤਾਂ ਸਿਰਫ਼ ਉਨ੍ਹਾਂ ਦੀ ਦੌਲਤ ਦੇ ਲਈ ਕੁੜੀ ਦੇ ਵਾਂਗ ਨੱਖਰੇ ਚੁੱਕਦੇ ਹਨ, ਅਜਿਹੇ ਵਿੱਚ ਉਸ ਨੇ ਉੱਥੇ ਜਾਣਾ ਛੱਡ ਦਿੱਤਾ।"
"ਇਸ ਨਾਲ ਟਬੀ ਗਲੀ ਦੇ ਲੋਕਾਂ ਦਾ ਇੰਨਾ ਨੁਕਸਾਨ ਹੋਇਆ ਕਿ ਉਨ੍ਹਾਂ ਦਾ ਇੱਕ ਵਫ਼ਦ ਬੁਲਾਕੀ ਸ਼ਾਹ ਕੋਲ ਪਹੁੰਚਿਆ ਅਤੇ ਉਸ ਰਾਤ ਮਹਿਫਿਲ ਵਿੱਚ ਲੁਟਾਈ ਗਈ ਸਾਰੀ ਰਕਮ ਪੇਸ਼ ਕੀਤੀ ਅਤੇ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਟਬੀ ਗਲੀ ਆਉਣ ਦੀ ਇਜਾਜ਼ਤ ਦੇਣ, ਬੁਲਾਕੀ ਸ਼ਾਹ ਨੇ ਰਕਮ ਵਾਪਸ ਲੈ ਲਈ ਅਤੇ ਕਿਹਾ ਕਿ ਉਹ ਉੱਥੋਂ ਚਲੇ ਜਾਣ।"
ਸ਼ੇਖ ਲਿਖਦੇ ਹਨ, "ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ (ਪਾਕਿਸਤਾਨ ਬਣਨ ਤੋਂ ਪਹਿਲਾਂ) ਬੁਲਾਕੀ ਸ਼ਾਹ ਦਾ ਪੋਤਾ 'ਲਾਟੋ ਸ਼ਾਹ' ਜਾਂ ਰਾਮ ਪ੍ਰਕਾਸ਼ ਉਨ੍ਹਾਂ ਦਾ ਸਹਿਪਾਠੀ ਅਤੇ ਕਾਲਜ ਕ੍ਰਿਕਟ ਟੀਮ ਵਿੱਚ ਇੱਕ ਸਾਥੀ ਸੀ। ਲਾਟੋ ਅਤੇ ਮਜ਼ਹਰ ਅਲੀ, ਜੋ ਬਾਅਦ ਵਿੱਚ ਪੱਤਰਕਾਰ ਬਣੇ, ਸਿਰਫ ਦੋ ਵਿਦਿਆਰਥੀ ਸਨ ਜੋ ਆਪਣੀਆਂ ਕਾਰਾਂ ਵਿੱਚ ਕਾਲਜ ਆਉਂਦੇ ਸਨ। ਲਾਟੋ ਸਿਰਫ਼ ਰੇਸ਼ਮ ਦੇ ਕੱਪੜੇ ਪਾਉਂਦਾ ਸੀ ਅਤੇ ਮਜ਼ਹਰ ਅਲੀ ਖਾਨ ਖਾਦੀ ਦੇ ਕੱਪੜੇ ਪਾਉਂਦਾ ਸੀ।"
ਅਸਦ ਸਲੀਮ ਸ਼ੇਖ ਨੇ ਆਪਣੀ ਕਿਤਾਬ 'ਠੰਡੀ ਸੜਕ: ਇਤਿਹਾਸਕ, ਸੱਭਿਆਚਾਰਕ ਅਤੇ ਸਾਹਿਤਕ ਦ੍ਰਿਸ਼ ਮਾਲ ਰੋਡ ਲਾਹੌਰ' ਵਿੱਚ ਲਿਖਿਆ ਹੈ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ, ਮਸਜਿਦ-ਏ-ਸ਼ਹਦਾ ਦੇ ਸਾਹਮਣੇ ਮੌਜੂਦਾ ਸਾਦਿਕ ਪਲਾਜ਼ਾ ਦੇ ਕੋਨੇ 'ਤੇ 'ਟੋਬੈਕੋਇਸਟ' ਨਾਮ ਦੀ ਇੱਕ ਦੁਕਾਨ ਸੀ।
"ਇਸਦਾ ਮਾਲਕ ਬੁਲਾਕੀ ਸ਼ਾਹ ਦਾ ਪੋਤਾ ਸੀ। ਦੁਕਾਨ ਵਿੱਚ ਹਰ ਤਰ੍ਹਾਂ ਦਾ ਤੰਬਾਕੂ ਉਪਲਬਧ ਸੀ।"
ਬੁਲਾਕੀ ਸ਼ਾਹ ਦੇ ਪਰਿਵਾਰ ਨੂੰ ਲਾਹੌਰ ਛੱਡਣਾ ਪਿਆ

ਤਸਵੀਰ ਸਰੋਤ, Waqar Mustafa
ਵੰਡ ਵੇਲੇ ਬੁਲਾਕੀ ਸ਼ਾਹ ਦੇ ਪਰਿਵਾਰ ਨੂੰ ਲਾਹੌਰ ਛੱਡਣਾ ਪਿਆ ਅਤੇ ਇਤਿਹਾਸਕਾਰਾਂ ਦੇ ਮੁਤਾਬਕ ਦੰਗਿਆਂ ਦੌਰਾਨ, ਕਰਜ਼ਦਾਰਾਂ ਦੇ ਰਜਿਸਟਰ ਦੇ ਪੰਨੇ ਲਾਹੌਰ ਦੀਆਂ ਨਾਲੀਆਂ ਵਿੱਚ ਫਟੇ ਹੋਏ ਮਿਲੇ ਸਨ।
ਮਜੀਦ ਸ਼ੇਖ ਨੇ ਲਿਖਿਆ ਕਿ ਭਾਰਤ ਵਿੱਚ ਬੁਲਾਕੀ ਸ਼ਾਹ ਨੇ ਆਪਣੇ ਰਜਿਸਟਰ ਪਾੜ ਦਿੱਤੇ ਅਤੇ ਕਿਹਾ ਕਿ ਮੈਂ ਸਾਰਿਆਂ ਨੂੰ ਮੁਆਫ਼ ਕਰਦਾ ਹਾਂ।
ਪਰ ਫਕੀਰ ਸਈਦ ਇਜਾਜ਼ੂਦੀਨ ਆਪਣੀ ਕਿਤਾਬ 'ਦ ਬਾਰਕ ਆਫ਼ ਏ ਪੈੱਨ: ਏ ਮੈਮੋਰੀ ਆਫ਼ ਆਰਟੀਕਲਜ਼ ਐਂਡ ਸਪੀਚਸ' ਵਿੱਚ ਲਿਖਦੇ ਹਨ ਕਿ ਲਗਭਗ ਸਾਰੇ ਜ਼ਿਮੀਂਦਾਰ, ਜਿਨ੍ਹਾਂ ਨੇ ਉਸ ਤੋਂ ਕਰਜ਼ਾ ਲਿਆ ਸੀ, ਆਪਣੀਆਂ ਜ਼ਮੀਨਾਂ ਗਹਿਣੇ ਰੱਖੀਆਂ ਸਨ।
1947 ਵਿੱਚ, ਬੁਲਾਕੀ ਸ਼ਾਹ ਨੂੰ ਆਪਣੇ ਕੀਮਤੀ ਰਜਿਸਟਰਾਂ ਨਾਲ ਭਾਰਤ ਜਾਣਾ ਪਿਆ, ਪਰ ਗਾਰੰਟੀਆਂ ਸਰਹੱਦ ਦੇ ਦੂਜੇ ਪਾਸੇ ਛੱਡ ਦਿੱਤੀਆਂ ਗਈਆਂ।
ਸਨਾ ਮਹਿਰਾ ਭਾਰਤ ਦੇ ਦੇਹਰਾਦੂਨ ਵਿੱਚ ਰਹਿੰਦੇ ਹੈ। ਅਸੀਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕੇ ਪਰ ਉਹ ਸੋਸ਼ਲ ਮੀਡੀਆ 'ਤੇ ਦਾਅਵਾ ਕਰਦੇ ਹਨ ਕਿ ਬੁਲਾਕੀ ਸ਼ਾਹ ਉਨ੍ਹਾਂ ਦੇ ਪੜਦਾਦਾ ਸੀ।
"ਉਨ੍ਹਾਂ ਦੀ ਆਖ਼ਰੀ ਵਾਰਸ (ਮੇਰੀ ਦਾਦੀ, ਸ਼੍ਰੀਮਤੀ ਵਿਜੇ ਲਕਸ਼ਮੀ ਮਹਿਰਾ) ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਰਾਮਾ ਕੁਮਾਰੀ ਸੀ। ਉਹ ਹਮੇਸ਼ਾ ਗੁਮਟੀ ਬਾਜ਼ਾਰ, ਵਿਕਟੋਰੀਆ ਸਕੂਲ/ਨਨਹਾਲ ਹਵੇਲੀ ਅਤੇ ਹੋਰ ਯਾਦਾਂ ਬਾਰੇ ਗੱਲ ਕਰਦੀ ਰਹਿੰਦੀ ਸੀ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਲਾਹੌਰ ਜਾਣਾ ਚਾਹੁੰਦੀ ਸੀ ਪਰ ਬਦਕਿਸਮਤੀ ਨਾਲ ਨਹੀਂ ਜਾ ਸਕੀ।"
ਉਹ 1929 ਵਿੱਚ ਲਾਹੌਰ ਵਿੱਚ ਪੈਦਾ ਹੋਏ ਸਨ। ਇਹ ਉਹੀ ਸਾਲ ਹੈ ਜਦੋਂ ਬੁਲਾਕੀ ਸ਼ਾਹ ਨੇ ਗੁਮਟੀ ਬਾਜ਼ਾਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਦੀ ਉਸਾਰੀ ਪੂਰੀ ਕੀਤੀ ਸੀ।
ਆਪਣੀ ਕਿਤਾਬ 'ਲਾਹੌਰ ਅਵਾਰਗੀ' ਵਿੱਚ, ਮੁਸਤਸਿਰ ਹੁਸੈਨ ਤਾਰਡ ਨੇ ਇਸ ਇਮਾਰਤ ਦੀ ਪ੍ਰਸ਼ੰਸਾ ਇਸ ਤਰ੍ਹਾਂ ਕੀਤੀ, 'ਬੁਲਾਕੀ ਸ਼ਾਹ ਦਾ ਸ਼ਾਹੀ ਘਰ ਇੱਕ ਜਾਦੂਈ ਸ਼ਖਸੀਅਤ ਦੀ ਇੱਕ ਮਿਸਾਲ ਸੀ, ਜਿਸ ਨੂੰ ਸੀਮੈਂਟ ਦੀਆਂ ਵੇਲ-ਬੂਟੀਆਂ, ਗੁਲਦਸਤਿਆਂ, ਮੇਹਰਾਬਦਾਰ ਬਾਲਕੋਨੀਆਂ ਅਤੇ ਲੋਹੇ ਦੇ ਜਾਲਾਂ ਨਾਲ ਸਜਾਇਆ ਗਿਆ ਸੀ। ਇਸ ਦੀਆਂ ਬਾਲਕੋਨੀਆਂ ਨੂੰ ਸਹਾਰਾ ਦੇਣ ਵਾਲੇ ਥੰਮ੍ਹ ਨਾਜ਼ੁਕ ਅਤੇ ਸੁੰਦਰ ਸਨ। ਦਾਖ਼ਲ ਹੋਣ ਵਾਲੇ ਦਰਵਾਜ਼ੇ ਦੀ ਸੁੰਦਰਤਾ ਦਿਲ ਵਿੱਚ ਦਾਖ਼ਲ ਹੋ ਜਾਂਦੀ ਸੀ।'
ਕੁਝ ਦਿਨ ਪਹਿਲਾਂ ਜਦੋਂ ਆਸਿਫ਼ ਬਟ ਨੇ ਇਹ ਇਮਾਰਤ ਦੇਖੀ, ਤਾਂ ਉਸਨੇ ਮੈਨੂੰ ਦੱਸਿਆ ਕਿ ਹੁਣ ਇੱਥੇ ਜੁੱਤੇ ਬਣਾਏ ਜਾਂਦੇ ਹਨ। ਹੇਠਾਂ ਚਾਰ ਦੁਕਾਨਾਂ ਹਨ ਜੋ ਚਮੜੇ ਨਾਲ ਸਬੰਧਤ ਚੀਜ਼ਾਂ ਜਿਵੇਂ ਕਿ ਜੁੱਤੀਆਂ ਆਦਿ ਦਾ ਵਪਾਰ ਕਰਦੀਆਂ ਹਨ। ਇੱਕ ਪੇਂਟ ਅਤੇ ਕੈਮੀਕਲ ਦੀ ਦੁਕਾਨ ਹੈ।
ਉਹ ਕਹਿੰਦੇ ਹਨ ਕਿ ਲਾਹੌਰ ਦੇ ਗੁਮਟੀ ਬਾਜ਼ਾਰ ਵਿੱਚ, ਜਿੱਥੇ ਇਹ ਖੰਡਰ ਇਮਾਰਤ ਸਥਿਤ ਹੈ, ਬਹੁਤੇ ਲੋਕ ਹੁਣ ਬੁਲਾਕੀ ਸ਼ਾਹ ਬਾਰੇ ਨਹੀਂ ਜਾਣਦੇ, ਉਹ ਆਦਮੀ ਜਿਸਦਾ ਅੱਧਾ ਸ਼ਹਿਰ ਕਰਜ਼ਦਾਰ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












