ਦੀਪ ਸਿੱਧੂ ਦੇ ‘ਸਾਥੀ’ ਗੁਰਪ੍ਰੀਤ ਸਿੰਘ ਦੇ ਕਤਲ ਕਾਂਡ 'ਚ 3 ਗ੍ਰਿਫ਼ਤਾਰ, ਅਰਸ਼ ਡੱਲਾ ਤੇ ਅਮ੍ਰਿਤਪਾਲ ਬਾਰੇ ਪੁਲਿਸ ਨੇ ਕੀ ਕਿਹਾ

ਪੰਜਾਬ ਪੁਲਿਸ ਨੇ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਸਾਥੀ ਰਹੇ ਗੁਰਪ੍ਰੀਤ ਸਿੰਘ ਹਰੀ ਨੌ ਕਤਲਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਕਾਂਡ ਦੀ ਗੁੱਥੀ ਸੁਲਝਾ ਦਿੱਤੀ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਿਲਾਲ ਅਹਿਮਦ ਉਰਫ਼ ਫੌਜੀ, ਗੁਰਮਰਦੀਪ ਸਿੰਘ ਉਰਫ ਪੋਂਟੂ ਅਤੇ ਅਰਸ਼ਦੀਪ ਸਿੰਘ ਉਰਫ ਝੰਡੂ ਦੱਸੀ ਗਈ ਹੈ।

9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਦਾ ਹਰੀ ਨੌ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਸੀ।

ਪੁਲਿਸ ਨੇ ਮੁਲਜ਼ਮਾਂ ਦੇ ਕੰਮ ਬਾਰੇ ਕੀ ਦੱਸਿਆ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਦੇ ਕਤਲ ਦਾ ਮਾਸਟਰਮਾਈਂਡ ਵਿਦੇਸ਼ ਅਧਾਰਤ ਗੈਂਗਸਟਰ ਅਰਸ਼ ਡੱਲਾ ਅਤੇ ਹੋਰ ਵਿਅਕਤੀ ਹਨ।

ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਮਰਹੂਮ ਅਦਾਕਾਰ ਦੀਪ ਸਿੰਘ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਬਣਾਉਣ ਦੇ ਸਮੇਂ ਤੋਂ ਦੀਪ ਸਿੱਧੂ ਨਾਲ ਜੁੜ ਕੇ ਜਥੇਬੰਦੀ ਲਈ ਕੰਮ ਕਰਦਾ ਸੀ।

ਗੌਰਵ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਰੇਕੀ ਕਰਨ ਅਤੇ ਕਤਲ ਨੂੰ ਅੰਜਾਮ ਦੇਣ ਲਈ ਵਿਦੇਸ਼ ਅਧਾਰਤ ਵੱਖ-ਵੱਖ ਸੰਚਾਲਕਾਂ ਦੇ ਵੱਖੋ-ਵੱਖਰੇ ਮਾਡਿਊਲਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਸਾਜ਼ਿਸ਼ ਨੂੰ ਛੁਪਾਉਣ ਲਈ ਵੱਖੋ-ਵੱਖਰੇ ਮਾਡਿਊਲਾਂ ਨੂੰ ਵੱਖ-ਵੱਖ ਕੰਮ ਸੌਂਪੇ ਗਏ ਸਨ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨੋਂ ਵਿਅਕਤੀ ਰੇਕੀ ਕਰਨ ਵਾਲੇ ਮਾਡਿਊਲ ਦਾ ਹਿੱਸਾ ਸਨ, ਜਿਸ ਦਾ ਸੰਚਾਲਨ ਕੈਨੇਡਾ ਅਧਾਰਤ ਕਰਮਵੀਰ ਸਿੰਘ ਉਰਫ ਗੋਰਾ ਵੱਲੋਂ ਕੀਤਾ ਜਾ ਰਿਹਾ ਸੀ।

ਰੇਕੀ ਕਰਨ ਵਾਲੇ ਮਾਡਿਊਲ ਨੇ ਆਪਣੇ ਸੰਚਾਲਕਾਂ ਅਤੇ ਵੱਖੋ-ਵੱਖਰੇ ਮਾਡਿਊਲਾਂ ਰਾਹੀਂ ਮਹੱਤਵਪੂਰਨ ਜਾਣਕਾਰੀ ਸ਼ੂਟਰ ਮਾਡਿਊਲ ਨੂੰ ਦਿੱਤੀ।

ਡੀਜੀਪੀ ਨੇ ਕਿਹਾ ਕਿ ਸ਼ੂਟਰ ਮਾਡਿਊਲ ਦੇ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਅਮ੍ਰਿਤਪਾਲ ਦੀ ਭੂਮਿਕਾ ਦੀ ਜਾਂਚ

ਡੀਜੀਪੀ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ ਜੋ ਕਤਲ ਦੀ ਸਾਜ਼ਿਸ਼ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਕਿਹਾ ਜਾਂਚ ਦੌਰਾਨ ਦਰਜ ਕੀਤੇ ਗਏ ਕੁਝ ਬਿਆਨਾਂ ਮੁਤਾਬਕ ਇਹ ਕਤਲ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਵੱਲੋਂ ਅਪਰਾਧ ਦੇ ਸਾਰੇ ਪਹਿਲੂਆਂ ਦੀ ਸਬੂਤਾਂ ਦੇ ਆਧਾਰ 'ਤੇ ਪੇਸ਼ੇਵਰ ਢੰਗ ਨਾਲ ਕਾਨੂੰਨ ਮੁਤਾਬਿਕ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਅਪਰਾਧਿਕ ਭੂਮਿਕਾ ਉਪਲੱਬਧ ਸਬੂਤਾਂ ਦੇ ਆਧਾਰ ’ਤੇ ਨਿਰਧਾਰਤ ਕੀਤੀ ਜਾਵੇਗੀ।

ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ, ਫਰੀਦਕੋਟ ਜ਼ਿਲ੍ਹਾ ਪੁਲਿਸ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤੀ ਸੀ।

ਇਸ ਲਈ ਵੱਖ-ਵੱਖ ਟੀਮਾਂ ਨੂੰ ਵਾਰਦਾਤ ਵਾਲੀ ਥਾਂ ਦੀ ਜਾਂਚ ਕਰਨ, ਭੌਤਿਕ ਤੇ ਡਿਜੀਟਲ ਸਬੂਤ ਇਕੱਠੇ ਕਰਨ ਦਾ ਕੰਮ ਸੌਂਪਿਆ ਗਿਆ।

ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕੀਤੀ ਗਈ ਅਤੇ ਹਮਲਾਵਰਾਂ ਦੇ ਆਉਣ-ਜਾਣ ਦੇ ਰਸਤੇ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ਼ ਦੀ ਵੀ ਜਾਣਕਾਰੀ ਦੀ ਵਰਤੋਂ ਕੀਤੀ ਗਈ।

ਡੀਜੀਪੀ ਨੇ ਦੱਸਿਆ ਕਿ ਫ਼ਰੀਦਕੋਟ ਪੁਲਿਸ ਨੇ ਬਾਰੀਕੀ ਨਾਲ ਜਾਂਚ ਕਰਦਿਆਂ 125 ਕਿਲੋਮੀਟਰ ਦੇ ਘੇਰੇ ਵਿੱਚ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ, ਜਿਸ ਨਾਲ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਲੀਡ ਵਿਕਸਿਤ ਕਰਨ ਵਿੱਚ ਮਦਦ ਮਿਲੀ।

ਡੀਜੀਪੀ ਨੇ ਦੱਸਿਆ ਕਿ ਰਣਨੀਤਕ ਸਥਾਨਾਂ 'ਤੇ ਮੋਬਾਈਲ ਟਾਵਰ ਰਾਹੀਂ ਰਿਕਾਰਡ ਪ੍ਰਾਪਤ ਕੀਤਾ ਗਿਆ ਅਤੇ ਇਸ ਦੀ ਵੱਡੇ ਪੱਧਰ 'ਤੇ ਡੇਟਾ ਵਿਸ਼ਲੇਸ਼ਣ ਸਾਧਨਾਂ ਰਾਹੀਂ ਜਾਂਚ ਕੀਤੀ ਗਈ।

ਡੀਜੀਪੀ ਨੇ ਦੱਸਿਆ ਕਿ ਇਸ ਸਬੰਧੀ ਐੱਫ਼ਆਈਆਰ 10 ਅਕਤੂਬਰ ਨੂੰ ਥਾਣਾ ਕੋਟਕਪੂਰਾ ਵਿਖੇ ਭਾਰਤੀ ਨਿਆ ਸੰਹਿਤਾ ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।

ਗੁਰਪ੍ਰੀਤ ਸਿੰਘ ਕੌਣ ਸੀ ?

36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਹਾਕਮ ਸਿੰਘ ਛੋਟੇ ਕਿਸਾਨ ਹਨ। ਉਨ੍ਹਾਂ ਕੋਲ 2 ਕਿਲੇ ਜ਼ਮੀਨ ਹੈ ਜਿਥੇ ਉਹ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ।

ਗੁਰਪ੍ਰੀਤ ਸਿੰਘ ਦੀ ਮਾਤਾ ਰਵਿੰਦਰ ਕੌਰ ਘਰੇਲੂ ਸੁਆਣੀ ਹੈ। ਪਰਿਵਾਰ ਵਿੱਚ ਗੁਰਪ੍ਰੀਤ ਤੋਂ ਇਲਾਵਾ ਉਸਦੀ ਛੋਟੀ ਭੈਣ ਹਰਪ੍ਰੀਤ ਕੌਰ, ਪਤਨੀ ਅਤੇ ਕਰੀਬ 9 ਸਾਲ ਦਾ ਛੋਟਾ ਬੱਚਾ ਹੈ। ਗੁਰਪ੍ਰੀਤ ਗੁਰੂਸਿੱਖ ਨੌਜਵਾਨ ਸੀ।

ਕੁਝ ਸਾਲਾ ਪਹਿਲਾਂ ਉਸ ਨੇ ਅੰਮ੍ਰਿਤ ਛੱਕ ਦੇ ਪੰਥਕ ਹਲਕਿਆਂ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਸੀ। ਪਿੰਡ ਦੇ ਲੋਕਾਂ ਮੁਤਾਬਕ ਉਹ ਚੰਗੇ ਸੁਭਾਅ ਦਾ ਮਾਲਕ ਸੀ। ਜਿੱਥੇ ਪੰਥ ਦੀ ਗੱਲ ਹੁੰਦੀ ਉਥੇ ਉਹ ਮੋਹਰੀ ਰਹਿੰਦਾ ਸੀ।

ਬਹਿਬਲ ਕਲਾਂ ਇਨਸਾਫ ਮੋਰਚੇ ਵਿੱਚ ਵੀ ਉਹ ਮਰਹੂਮ ਕਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਲਗਾਤਾਰ ਮੋਰਚੇ ਵਿੱਚ ਸ਼ਾਮਿਲ ਰਿਹਾ ਸੀ। ਸੋਸ਼ਲ ਮੀਡੀਆ ਉੱਤੇ ਗੁਰਪ੍ਰੀਤ ਦਾ ਇੱਕ ਪੇਜ ਵੀ ਸੀ।

ਦੀਪ ਸਿੱਧੂ ਦੀ ਜਥੇਬੰਦੀ ਨਾਲ ਕੰਮ

2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਗਰੋਂ ਰੋਸ ਕਰ ਰਹੇ ਸਿੱਖਾਂ ’ਤੇ ਹੋਏ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਮਰਹੂਮ ਭਾਈ ਕਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮਰਹੂਮ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਉਹਨਾਂ ਕਿਹਾ ਕਿ ਇਸ ਨੌਜਵਾਨ ਨਾਲ ਉਹਨਾਂ ਦਾ 2015 ਤੋਂ ਸਬੰਧ ਸੀ।

ਉਹਨਾਂ ਦੱਸਿਆ, ''ਉਹ ਸਿੱਖੀ ਜ਼ਜ਼ਬਾ ਅਤੇ ਪੰਥ ਪ੍ਰਤੀ ਦਰਦ ਰੱਖਣ ਵਾਲਾ ਸੀ। ਸਾਲ 2018 ਵਿੱਚ ਦੀਪ ਸਿੰਘ ਨੇ ਪੰਜਾਬ ਵਿੱਚ ਆ ਕੇ ਪੰਥਕ ਸਫ਼ਾ ਵਿੱਚ ਵਿਚਰਨਾ ਸ਼ੁਰੂ ਕੀਤਾ ਸੀ।''

''ਗੁਰਪ੍ਰੀਤ ਸਿੰਘ ਵਰਗੇ ਅਨੇਕਾਂ ਦੀਪ ਸਿੱਧੂ ਨਾਲ ਜੁੜੇ। ਸਾਡੀ ਸਾਰੀ ਟੀਮ ਦੀਪ ਸਿੱਧੂ ਨਾਲ ਮੋਹਰੀ ਹੋ ਕੇ ਕੰਮ ਕਰਦੀ ਸੀ।''

ਸੁਖਰਾਜ ਸਿੰਘ ਨੇ ਕਿਹਾ, ''ਉਹ ਆਪਣੇ ਅੰਤ ਤੱਕ ਦੀਪ ਸਿੱਧੂ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਂਦਾ ਰਿਹਾ ਸੀ। ਗੁਰਪ੍ਰੀਤ ਦੀ ਹੱਤਿਆ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪ੍ਰਸ਼ਾਸਨ ਨਤੀਜਾ ਸਾਹਮਣੇ ਲਿਆਵੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)