ਫ਼ਰੀਦਕੋਟ: ਦੀਪ ਸਿੱਧੂ ਨਾਲ 'ਜੁੜੇ ਰਹੇ' ਸਿੱਖ ਨੌਜਵਾਨ ਦਾ ਗੋਲੀਆਂ ਨਾਲ ਕਤਲ, ਪੁਲਿਸ ਦੀ ਜਾਂਚ ਕਿੱਥੇ ਪਹੁੰਚੀ

    • ਲੇਖਕ, ਭਾਰਤ ਭੂਸ਼ਨ ਅਜ਼ਾਦ
    • ਰੋਲ, ਬੀਬੀਸੀ ਪੰਜਾਬੀ ਸਹਿਯੋਗੀ

''ਅਸੀਂ ਧਰਤੀ 'ਤੇ ਨਹੀਂ ਜਿਉਂ ਰਹੇ, ਅਸੀ ਨਰਕ ’ਚ ਜਿਉਂ ਰਹੇ ਹਾਂ। ਸਾਡਾ ਇੱਕੋ-ਇੱਕ ਪੁੱਤ ਸੀ। ਉਹ ਵੀ ਚਲਾ ਗਿਆ।''

ਇਹ ਭਾਵੁਕ ਸ਼ਬਦ ਉਸ ਪਿਤਾ ਦੇ ਹਨ ਜਿਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਲੰਘੇ ਬੁੱਧਵਾਰ (9 ਅਕਤੂਬਰ) ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਹਰੀਨੌਂ ਦੀ ਗਲੀ ਵਿੱਚ ਦਿਨ ਦਿਹਾੜੇ ਚਾਰ ਅਣਪਛਾਤੇ ਹਮਲਾਵਰਾਂ ਵੱਲੋਂ ਕਥਿਤ ਤੌਰ 'ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।

ਗੁਰਪ੍ਰੀਤ ਸਿੰਘ ਮਰਹੂਮ ਅਦਾਕਾਰ ਦੀਪ ਸਿੰਘ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਬਣਾਉਣ ਦੇ ਸਮੇਂ ਤੋਂ ਦੀਪ ਸਿੱਧੂ ਨਾਲ ਜੁੜ ਕੇ ਜਥੇਬੰਦੀ ਲਈ ਕੰਮ ਕਰਦਾ ਸੀ।

ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਕਿਸਾਨ ਹਾਕਮ ਸਿੰਘ ਦੇ ਘਰ ਵਿੱਚ ਸੋਗ਼ ਪਸਰਿਆ ਹੋਇਆ ਹੈ। ਪਿਤਾ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਪੁੱਤ ਦੀ ਮੌਤ ਦਾ ਇਨਸਾਫ਼ ਦਿੱਤਾ ਜਾਵੇ।

ਪੁਲਿਸ ਨੇ ਇਸ ਹੱਤਿਆਕਾਂਡ ਦੀ ਜਾਂਚ ਲਈ ਚਾਰ ਮੈਂਬਰੀ ਸਪੈਸ਼ਲ ਜਾਂਚ ਟੀਮ ਦਾ ਗਠਨ ਕੀਤਾ ਹੈ।

ਇਸ ਘਟਨਾ ਤੋਂ ਬਾਅਦ ਬੇਸ਼ੱਕ ਪੁਲਿਸ ਚੌਕਸ ਹੋ ਗਈ ਹੈ ਤੇ ਪਰ ਕਈ ਦਿਨ ਬੀਤਣ ਮਗਰੋਂ ਵੀ ਪੁਲਿਸ ਦੇ ਹੱਥ ਹਾਲੇ ਤੱਕ ਕੁਝ ਨਹੀਂ ਲੱਗਿਆ।

ਘਟਨਾ ਕਿਵੇਂ ਵਾਪਰੀ?

ਥਾਣਾ ਸਦਰ ਕੋਟਕਪੂਰਾ ਵਿੱਚ ਦਰਜ ਐਫਆਈਆਰ ਨੰਬਰ 159 ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਹਾਕਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 9 ਅਕਤੂਬਰ ਦੀ ਸ਼ਾਮ ਕਰੀਬ ਛੇ ਵਜੇ ਉਨ੍ਹਾਂ ਦਾ ਲੜਕਾ ਗੁਰਪ੍ਰੀਤ ਸਿੰਘ ਹੀਰੋ ਸਪਲੈਂਡਰ ਮੋਟਰ ਸਾਈਕਲ ਉੱਤੇ ਗੁਰੂਘਰ ’ਚੋਂ ਮੱਥਾ ਟੇਕ ਕੇ ਵਾਪਸ ਘਰ ਆ ਰਿਹਾ ਸੀ।

ਇਸ ਦੌਰਾਨ ਉਸੇ ਸਮੇਂ ਉਹ ਵੀ ਪਿੰਡ ਦੀ ਡੇਅਰੀ ਉੱਤੇ ਦੁੱਧ ਪਾਉਣ ਮਗਰੋਂ ਘਰ ਆ ਰਹੇ ਸਨ।

ਸਾਹਮਣੇ ਵੇਖਦੇ ਹਨ ਕਿ ਜਸਵੰਤ ਸਿੰਘ ਉਰਫ਼ ਜੱਸੇ ਦੇ ਘਰ ਦੇ ਗੇਟ ਕੋਲ ਗਲੀ ਵਿੱਚ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਦੇ ਮੋਟਰ ਸਾਈਕਲ ਪਿੱਛੇ ਦੋ ਹੋਰ ਮੋਟਰ ਸਾਈਕਲਾਂ ’ਤੇ ਦੋ-ਦੋ ਜਣੇ ਸਵਾਰ ਉਸਦਾ ਪਿੱਛਾ ਕਰ ਰਹੇ ਸਨ।

ਐਫਆਈਆਰ ਮੁਤਾਬਕ ਇਸ ਤੋਂ ਪਹਿਲਾਂ ਉਨ੍ਹਾਂ ਦੇ ਕੁਝ ਸਮਝ ਆਉਂਦਾ ਮੋਟਰ ਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੇ ਲੜਕੇ ਨੂੰ ਘੇਰ ਕੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

''ਗੁਰਪ੍ਰੀਤ ਆਪਣਾ ਮੋਟਰ ਸਾਈਕਲ ਸੁੱਟ ਕੇ ਜਾਨ ਬਚਾਉਣ ਲਈ ਗਲੀ ਵਿੱਚ ਭੱਜਿਆ। ਹਮਲਾਵਰਾਂ ਵੀ ਉਸਦੇ ਪਿੱਛੇ ਗਲੀ ਵਿੱਚ ਭੱਜੇ ਤੇ ਲਗਾਤਾਰ ਫਾਇਰ ਕਰਦੇ ਰਹੇ।''

ਉਨ੍ਹਾਂ ਪੁਲਿਸ ਨੂੰ ਦੱਸਿਆ, "ਮੈਂ ਬਚਾਓ, ਬਚਾਓ ਦਾ ਸ਼ੋਰ ਮਚਾਉਂਦਾ ਰਿਹਾ, ਹਮਲਾਵਰ ਭੱਜ ਗਏ। ਜਖ਼ਮੀ ਹਾਲਤ ਵਿੱਚ ਆਪਣੇ ਪੁੱਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"

ਗੁਰਪ੍ਰੀਤ ਸਿੰਘ ਕੌਣ ਸੀ ?

36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਹਾਕਮ ਸਿੰਘ ਛੋਟੇ ਕਿਸਾਨ ਹਨ। ਉਨ੍ਹਾਂ ਕੋਲ 2 ਕਿਲੇ ਜ਼ਮੀਨ ਹੈ ਜਿਥੇ ਉਹ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ।

ਗੁਰਪ੍ਰੀਤ ਸਿੰਘ ਦੀ ਮਾਤਾ ਰਵਿੰਦਰ ਕੌਰ ਘਰੇਲੂ ਸੁਆਣੀ ਹੈ। ਪਰਿਵਾਰ ਵਿੱਚ ਗੁਰਪ੍ਰੀਤ ਤੋਂ ਇਲਾਵਾ ਉਸਦੀ ਛੋਟੀ ਭੈਣ ਹਰਪ੍ਰੀਤ ਕੌਰ, ਪਤਨੀ ਅਤੇ ਕਰੀਬ 9 ਸਾਲ ਦਾ ਛੋਟਾ ਬੱਚਾ ਹੈ। ਗੁਰਪ੍ਰੀਤ ਗੁਰੂਸਿੱਖ ਨੌਜਵਾਨ ਸੀ।

ਕੁਝ ਸਾਲਾ ਪਹਿਲਾਂ ਉਸ ਨੇ ਅੰਮ੍ਰਿਤ ਛੱਕ ਦੇ ਪੰਥਕ ਹਲਕਿਆਂ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਸੀ। ਪਿੰਡ ਦੇ ਲੋਕਾਂ ਮੁਤਾਬਕ ਉਹ ਚੰਗੇ ਸੁਭਾਅ ਦਾ ਮਾਲਕ ਸੀ। ਜਿੱਥੇ ਪੰਥ ਦੀ ਗੱਲ ਹੁੰਦੀ ਉਥੇ ਉਹ ਮੋਹਰੀ ਰਹਿੰਦਾ ਸੀ।

ਬਹਿਬਲ ਕਲਾਂ ਇਨਸਾਫ ਮੋਰਚੇ ਵਿੱਚ ਵੀ ਉਹ ਮਰਹੂਮ ਕਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਲਗਾਤਾਰ ਮੋਰਚੇ ਵਿੱਚ ਸ਼ਾਮਿਲ ਰਿਹਾ ਸੀ। ਸੋਸ਼ਲ ਮੀਡੀਆ ਉੱਤੇ ਗੁਰਪ੍ਰੀਤ ਦਾ ਇੱਕ ਪੇਜ ਵੀ ਸੀ।

ਦੀਪ ਸਿੱਧੂ ਦੀ ਜਥੇਬੰਦੀ ਨਾਲ ਕੰਮ

2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਗਰੋਂ ਰੋਸ ਕਰ ਰਹੇ ਸਿੱਖਾਂ ’ਤੇ ਹੋਏ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਮਰਹੂਮ ਭਾਈ ਕਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮਰਹੂਮ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਉਹਨਾਂ ਕਿਹਾ ਕਿ ਇਸ ਨੌਜਵਾਨ ਨਾਲ ਉਹਨਾਂ ਦਾ 2015 ਤੋਂ ਸਬੰਧ ਸੀ।

ਉਹਨਾਂ ਦੱਸਿਆ, ''ਉਹ ਸਿੱਖੀ ਜ਼ਜ਼ਬਾ ਅਤੇ ਪੰਥ ਪ੍ਰਤੀ ਦਰਦ ਰੱਖਣ ਵਾਲਾ ਸੀ। ਸਾਲ 2018 ਵਿੱਚ ਦੀਪ ਸਿੰਘ ਨੇ ਪੰਜਾਬ ਵਿੱਚ ਆ ਕੇ ਪੰਥਕ ਸਫ਼ਾ ਵਿੱਚ ਵਿਚਰਨਾ ਸ਼ੁਰੂ ਕੀਤਾ ਸੀ।''

''ਗੁਰਪ੍ਰੀਤ ਸਿੰਘ ਵਰਗੇ ਅਨੇਕਾਂ ਦੀਪ ਸਿੱਧੂ ਨਾਲ ਜੁੜੇ। ਸਾਡੀ ਸਾਰੀ ਟੀਮ ਦੀਪ ਸਿੱਧੂ ਨਾਲ ਮੋਹਰੀ ਹੋ ਕੇ ਕੰਮ ਕਰਦੀ ਸੀ।''

ਸੁਖਰਾਜ ਸਿੰਘ ਨੇ ਕਿਹਾ, ''ਉਹ ਆਪਣੇ ਅੰਤ ਤੱਕ ਦੀਪ ਸਿੱਧੂ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਂਦਾ ਰਿਹਾ ਸੀ। ਗੁਰਪ੍ਰੀਤ ਦੀ ਹੱਤਿਆ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪ੍ਰਸ਼ਾਸਨ ਨਤੀਜਾ ਸਾਹਮਣੇ ਲਿਆਵੇ।''

'ਕਿਸੇ ਹਾਲ ਵਿੱਚ ਮੁਲਜ਼ਮ ਬਖਸ਼ੇ ਨਹੀਂ ਜਾਣਗੇ'

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਵਾਰਦਾਤ ਤੋਂ ਮਗਰੋਂ ਪੀੜਤ ਪਰਿਵਾਰ ਨਾਲ ਮਿਲ ਦੇ ਦੁੱਖ ਸਾਂਝਾ ਕੀਤਾ।

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਆਖਿਆ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ।

ਇਸ ਘਟਨਾ ਬਾਰੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਰਿਹਾ ਕਿ ਅਧਿਕਾਰੀ ਆਪਣਾ ਕੰਮ ਕਰ ਰਹੇ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁਲਜ਼ਮ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਉਹ ਪਰਿਵਾਰ ਦੀ ਮਾਲੀ ਸਹਾਇਤਾ ਲਈ ਵੀ ਕੋਸ਼ਿਸ਼ ਕਰਨਗੇ।

ਪੁਲਿਸ ਦਾ ਕੀ ਕਹਿਣਾ ਹੈ?

ਐੱਸਪੀ ਫ਼ਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਕੁੱਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਵਿੱਚੋਂ ਮਿਲੀਆਂ ਹਨ ਅਤੇ ਪੁਲਿਸ ਉਹਨਾਂ ਨੂੰ ਸ਼ੱਕੀ ਮੰਨ ਕੇ ਭਾਲ ਕਰ ਰਹੀ ਹੈ।

ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਤਸਵੀਰਾਂ ਵਿੱਚ ਦਿਸਣ ਵਾਲਾ ਮੋਟਰ ਸਾਈਕਲ ਅਤੇ ਸ਼ੱਕੀ ਵਿਅਕਤੀ ਦੀ ਜਾਣਕਾਰੀ ਜੇ ਕਿਸੇ ਕੋਲ ਹੋਵੇ ਤਾਂ ਉਹ ਤੁਰੰਤ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)