ਰੰਗਾਂ ਦੀ ਪਛਾਣ ਨਾ ਹੋਣਾ ਕੀ ਬਿਮਾਰੀ ਹੈ, ਬੱਚਿਆਂ ਵਿੱਚ ਇਸ ਦੀ ਪਛਾਣ ਕਿਵੇਂ ਕਰੀਏ

    • ਲੇਖਕ, ਓਅੰਕਾਰ ਕਾਰਮਬੇਲਕਰ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ

ਕਈ ਵਾਰ ਜਿਹੋ-ਜਿਹੀ ਦੁਨੀਆਂ ਅਸੀਂ ਦੇਖਦੇ ਹਾਂ, ਸਾਨੂੰ ਲਗਦਾ ਹੈ ਬਾਕੀਆਂ ਨੂੰ ਵੀ ਉਸੇ ਤਰ੍ਹਾਂ ਦੀ ਹੀ ਲਗਦੀ ਹੈ। ਲੇਕਿਨ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਲਈ ਦੁਨੀਆਂ ਇੱਕ ਸਾਰ ਨਹੀਂ ਹੈ।

ਕੁਝ ਲੋਕਾਂ ਲਈ ਉਹ ਸਿਹਤ ਹਾਸਲ ਕਰਨਾ ਵੀ ਮੁਸ਼ਕਿਲ ਹੁੰਦਾ ਹੈ ਜੋ ਬਹੁਤ ਸਾਰੇ ਲੋਕਾਂ ਲਈ ਇੱਕ ਆਮ ਗੱਲ ਹੁੰਦੀ ਹੈ। ਜਿਵੇਂ ਕਿ ਰੰਗ ਨਾ ਦੇਖ ਸਕਣਾ।

ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਲਈ ਦੁਨੀਆਂ ਦੇ ਰੰਗ ਬਾਕੀਆਂ ਨਾਲੋਂ ਵੱਖਰੇ ਹੁੰਦੇ ਹਨ। ਰੰਗਾਂ ਦੇ ਅੰਨ੍ਹੇਪਣ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਸੰਗਠਨ ਮੁਤਾਬਕ ਹਰ 12 ਮੁੰਡਿਆਂ ਪਿੱਛੇ ਇੱਕ ਮੁੰਡੇ ਨੂੰ ਅਤੇ 200 ਕੁੜੀਆਂ ਪਿੱਛੇ ਇੱਕ ਕੁੜੀ ਨੂੰ ਰੰਗਾਂ ਦਾ ਅੰਨ੍ਹਾਪਣ ਹੁੰਦਾ ਹੈ।

ਇਨ੍ਹਾਂ ਲੋਕਾਂ ਨੂੰ ਰੰਗਾਂ ਦੀ ਪਛਾਣ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ।

ਰੰਗਾਂ ਦੇ ਅੰਨ੍ਹੇਪਣ ਦਾ ਮੁੱਖ ਕਾਰਨ ਜਨੈਟਿਕ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਆਮ ਤੌਰ ਉੱਤੇ ਇਹ ਕਮਜ਼ੋਰੀ ਮਾਪਿਆਂ ਤੋਂ ਬੱਚਿਆਂ ਵਿੱਚ ਜਾਂਦੀ ਹੈ।

ਉਮਰ ਨਾਲ ਵੀ ਇਹ ਸਮੱਸਿਆ ਵਧ ਸਕਦੀ ਹੈ। ਅੱਖਾਂ ਦੀਆਂ ਹੋਰ ਸਮੱਸਿਆਵਾਂ ਜਿਵੇਂ— ਗਲੂਕੋਮਾ, ਡਾਇਬਿਟੀਜ਼, ਰੈਟੀਨੋਪੈਥੀ ਆਦਿ ਵੀ ਰੰਗਾਂ ਨੂੰ ਪਛਾਨਣ ਵਿੱਚ ਮੁਸ਼ਕਿਲ ਪੈਦਾ ਕਰ ਸਕਦੀਆਂ ਹਨ।

ਰੰਗਾਂ ਦਾ ਅੰਨ੍ਹਾਪਣ ਕਿਉਂ ਹੁੰਦਾ ਹੈ?

ਸਾਡੀਆਂ ਅੱਖਾਂ ਵਿੱਚ ਰੰਗ ਪਛਾਨਣ ਵਾਲੇ ਸੈੱਲ ਹੁੰਦੇ ਹਨ। ਇਹ ਲਾਲ, ਹਰੇ ਅਤੇ ਨੀਲੇ ਰੰਗ ਵਿੱਚ ਫਰਕ ਕਰਨ ਵਿੱਚ ਉਪਯੋਗੀ ਹੁੰਦੇ ਹਨ।

ਰੰਗਾਂ ਦੇ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਵਿੱਚ ਇਹ ਸੈਲ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਹਨ। ਕਈਆਂ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ ਜਦਕਿ ਕੁਝ ਲੋਕਾਂ ਵਿੱਚ ਇਹ ਹੁੰਦੇ ਹੀ ਨਹੀਂ।

ਕੁਝ ਰੰਗਾਂ ਤੋਂ ਅੰਨ੍ਹੇ ਲੋਕ ਲਾਲ, ਹਰੇ, ਭੂਰੇ ਅਤੇ ਕੇਸਰੀ ਰੰਗ ਵਿੱਚ ਫਰਕ ਨਹੀਂ ਕਰ ਸਕਦੇ। ਜਦਕਿ ਕੁਝ ਲੋਕ ਪੀਲੇ ਅਤੇ ਨੀਲੇ, ਲਾਲ ਅਤੇ ਜਾਮਣੀ ਵਿੱਚ ਫਰਕ ਨਹੀਂ ਦੱਸ ਸਕਦੇ।

ਇੱਕ ਹੋਰ ਸਥਿਤੀ ਐਕਰੋਮੈਟੋਪਸੀ ਦੀ ਹੁੰਦੀ ਹੈ, ਜੋ ਕਿ ਬਹੁਤ ਦੁਰਲਭ ਹੈ। ਇਨ੍ਹਾਂ ਲੋਕਾਂ ਨੂੰ ਰੰਗ ਬਿਲਕੁਲ ਵੀ ਨਜ਼ਰ ਨਹੀਂ ਆਉਂਦੇ। ਉਨ੍ਹਾਂ ਨੂੰ ਸਭ ਕੁਝ ਘਸਮੈਲਾ ਨਜ਼ਰ ਆਉਂਦਾ ਹੈ।

ਰੰਗਾਂ ਦਾ ਅੰਨ੍ਹਾਪਣ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਰੰਗਾਂ ਨੂੰ ਨਾ ਪਛਾਣ ਸਕਣ ਦਾ ਲੋਕਾਂ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪੈਂਦਾ ਹੈ। ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੂੰ ਸਕੂਲ ਦੀ ਪੜ੍ਹਾਈ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ।

ਉਨ੍ਹਾਂ ਨੂੰ ਕੋਈ ਕਹਾਣੀ ਸੁਣਾਉਣ, ਉਸ ਨੂੰ ਯਾਦ ਰੱਖਣ ਅਤੇ ਉਨ੍ਹਾਂ ਦੇ ਸਾਹਮਣੇ ਜੋ ਦਿਖਾਇਆ ਜਾ ਰਿਹਾ ਹੈ, ਉਹ ਕਰਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ।

ਰੰਗਾਂ ਨੂੰ ਪਛਾਨਣ ਦੀ ਇਹ ਜੱਦੋਜਹਿਦ ਸਾਰੀ ਉਮਰ ਚਲਦੀ ਰਹਿੰਦੀ ਹੈ।

ਮਿਸਾਲ ਵਜੋਂ ਜਦੋਂ ਦੋ ਟੀਮਾਂ ਖੇਡ ਰਹੀਆਂ ਹੋਣ ਤਾਂ ਉਨ੍ਹਾਂ ਦੀ ਵਰਦੀ ਦੇ ਰੰਗ ਤੋਂ ਉਨ੍ਹਾਂ ਨੂੰ ਪਛਾਨਣਾ ਅਸੰਭਵ ਹੋ ਜਾਂਦਾ ਹੈ।

ਇਹੀ ਸਮੱਸਿਆ ਡਰਾਈਵਿੰਗ, ਘਰੇਲੂ ਕੰਮ ਕਰਨ ਦੌਰਾਨ ਅਤੇ ਕਰਿਆਨੇ ਦਾ ਸਮਾਨ ਲਿਆਉਣ ਦੌਰਾਨ, ਕੱਪੜੇ, ਖਿਡੌਣਿਆਂ ਦੀ ਚੋਣ ਕਰਨ ਵਿੱਚ ਵੀ ਸਮੱਸਿਆ ਆਉਂਦੀ ਹੈ।

ਬੱਚਿਆਂ ਦੀ ਪਛਾਣ ਕਿਵੇਂ ਕਰੀਏ?

ਜੇ ਬੱਚੇ ਚਿੱਤਰਕਾਰੀ ਵਰਗੇ ਕੰਮ ਦੌਰਾਨ ਰੰਗਾਂ ਦੀ ਚੋਣ ਵਿੱਚ ਗਲਤੀ ਕਰਦੇ ਹਨ। ਉਨ੍ਹਾਂ ਨੂੰ ਰੰਗ ਵਰਤਣ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਜੇ ਉਹ ਤਸਵੀਰ ਵਿੱਚ ਰੰਗ ਭਰਨ ਤੋਂ ਕਤਰਾਉਂਦੇ ਹਨ, ਅਜਿਹੀ ਸਥਿਤੀ ਵਿੱਚ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ।

ਜੇ ਬੱਚੇ ਹਰ ਵਾਰ ਖਾਣਾ ਸੁੰਘ ਕੇ ਪਛਾਣਦੇ ਹਨ ਤਾਂ ਇਸ ਪਿੱਛੇ ਵੀ ਉਨ੍ਹਾਂ ਨੂੰ ਰੰਗ ਨਾ ਦਿਸਣਾ ਇੱਕ ਕਾਰਨ ਹੋ ਸਕਦਾ ਹੈ।

ਉਨ੍ਹਾਂ ਦੇ ਦੁੱਖ ਨੂੰ ਘਟਾਉਣ ਲਈ ਰੰਗਾਂ ਦੇ ਅੰਨ੍ਹੇਪਣ ਵਾਲੇ ਵਿਅਕਤੀ ਦੀ ਜਿੰਨੀ ਜਲਦੀ ਹੋ ਸਕੇ ਪਛਾਣ ਕੀਤੀ ਜਾਣੀ ਚਾਹੀਦੀ ਹੈ।

ਬੀਬੀਸੀ ਮਰਾਠੀ ਨੇ ਇਸ ਬਾਰੇ ਅੱਗਰਵਾਲ ਹਸਪਤਾਲ ਦੇ ਡਾਕਟਰ ਸਮਿਤ ਐੱਮ ਬਾਵਰੀਆ ਨਾਲ ਗੱਲਬਾਤ ਕੀਤੀ।

ਉਹ ਕਹਿੰਦੇ ਹਨ, “ਸ਼ੁਰੂਆਤੀ ਲੱਛਣਾਂ ਵਿੱਚ ਅਕਸਰ ਰੰਗਾਂ ਨੂੰ ਨਿਖੇੜਣ ਵਿੱਚ ਮੁਸ਼ਕਿਲ ਸ਼ਾਮਲ ਹੁੰਦੀ ਹੈ। ਖ਼ਾਸ ਕਰਕੇ ਲਾਲ ਅਤੇ ਹਰਾ ਜਾਂ ਨੀਲਾ ਅਤੇ ਪੀਲਾ।”

“ਬੱਚਿਆਂ ਨੂੰ ਰੰਗ ਅਧਾਰਿਤ ਕੰਮ ਕਰਨ ਵਿੱਚ ਮੁਸ਼ਕਿਲ ਹੋ ਸਕਦੀ ਹੈ। ਜਿਵੇਂ ਕਿ ਕਿਤਾਬ ਵਿੱਚ ਰੰਗਾਂ ਦੀ ਪਛਾਣ ਕਰਨਾ ਜਾਂ ਰੰਗ ਮੁਤਾਬਕ ਕੱਪੜਿਆਂ ਦੀ ਚੋਣ ਕਰਨਾ। ਉਨ੍ਹਾਂ ਨੂੰ ਰੰਗ ਦੱਸਣ ਵਿੱਚ ਮੁਸ਼ਕਿਲ ਹੋ ਸਕਦੀ ਹੈ।”

ਉਹ ਅੱਗੇ ਦੱਸਦੇ ਹਨ, “ਬੱਚਿਆਂ ਵਿੱਚ ਰੰਗਾਂ ਦੀ ਪਛਾਣ ਕਰਨ, ਨਾਮ ਦੱਸਣ, ਰੰਗਾਂ ਬਾਰੇ ਭੰਭਲਭੂਸਾ, ਰੰਗਾਂ ਦੀ ਜਾਣਕਾਰੀ ਬਾਰੇ ਦਿੱਕਤਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕੁਝ ਆਮ ਪ੍ਰੀਖਣਾਂ ਵਿੱਚ ਰੰਗ-ਪੱਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ।”

ਇਸ ਦੇ ਵਿੱਚ ਇੱਕ ਫਾਰਨਜ਼ਵਰਥ ਮੁਨਸੈਲ 100 ਹੁਏ ਟੈਸਟ ਵੀ ਸ਼ਾਮਿਲ ਹੈ ਜੋ ਰੰਗਾਂ ਨੂੰ ਕ੍ਰਮਵਾਰ ਲਗਾਉਣ ਦੀ ਸਮਰੱਥਾ ਦੀ ਜਾਂਚ ਕਰਦਾ ਹੈ।

ਰੰਗਾਂ ਦੇ ਅੰਨ੍ਹੇਪਣ ਦਾ ਇਲਾਜ ਕੀ ਹੈ

ਰੰਗਾਂ ਦਾ ਅੰਨ੍ਹੇਪਣ ਆਮ ਤੌਰ ਉੱਤੇ ਲਾਇਲਾਜ ਹੈ। ਇਹ ਆਮ ਤੌਰ ਉੱਤੇ ਜਨੈਟਿਕ ਸਮੱਸਿਆ ਹੈ। ਲੇਕਿਨ ਕੁਝ ਅਜਿਹੇ ਲੈਂਜ਼ ਜਾਂ ਮੋਬਾਈਲ ਐਪਲੀਕੇਸ਼ਨਾਂ ਹਨ ਜੋ ਇਸ ਸਥਿਤੀ ਵਿੱਚ ਮਦਦ ਕਰ ਸਕਦੀਆਂ ਹਨ।

ਲੇਕਿਨ ਇਸ ਸਥਿਤੀ ਲਈ ਜ਼ਿੰਮੇਵਾਰ ਜੀਨਾਂ ਨੂੰ ਬਦਲ ਸਕੇ ਅਜਿਹਾ ਕੋਈ ਇਲਾਜ ਨਹੀਂ ਹੈ।

ਏਮਜ਼ ਹਸਪਤਾਲ ਡੋਂਬੀਵਲੀ ਵਿੱਚ ਅੱਖਾਂ ਦੇ ਡਾਕਟਰ ਪ੍ਰਸ਼ਾਂਤ ਮੁਰ੍ਹੇ ਮੁਤਾਬਕ ਜੇ ਮਰੀਜ਼ ਨੂੰ ਕੋਈ ਇੱਕ ਰੰਗ ਪਛਾਨਣ ਵਿੱਚ ਮੁਸ਼ਕਿਲ ਹੋਵੇ ਤਾਂ ਡਾਕਟਰ ਉਨ੍ਹਾਂ ਨੂੰ ਖ਼ਾਸ ਕਿਸਮ ਦੇ ਰੰਗਦਾਰ ਕੰਟੈਕਟ ਲੈਂਜ਼ ਵਰਤਣ ਦੀ ਸਲਾਹ ਦਿੰਦਾ ਹੈ। ਲੇਕਿਨ ਲੈਂਜ਼ ਇਲਾਜ ਨਹੀਂ ਹਨ ਅਤੇ ਅੱਖਾਂ ਦੀਆਂ ਹੋਰ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ।

ਉਹ ਕਹਿੰਦੇ ਹਨ, “ਕਈ ਅਹਿਮ ਖੇਤਰਾਂ ਵਿੱਚ ਨਵੀਂ ਭਰਤੀ ਕਰਦੇ ਸਮੇਂ ਉਮੀਦਵਾਰਾਂ ਦੀ ਰੰਗੀਨ ਨਜ਼ਰ ਦਾ ਧਿਆਨ ਨਾਲ ਮੁਆਇਨਾ ਕੀਤਾ ਜਾਂਦਾ ਹੈ। ਜਿਵੇਂ ਕਿ— ਪਾਇਲਟ, ਫ਼ੌਜ, ਵਾਇਰਮੈਨ, ਦਮਕਲ ਵਗੈਰਾ। ਕੁਝ ਦੇਸਾਂ ਵਿੱਚ ਤਾਂ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਸਮੇਂ ਵੀ ਇਹ ਜਾਂਚ ਕੀਤੀ ਜਾਂਦੀ ਹੈ। ਇਸ ਸਥਿਤੀ ਵਿੱਚ ਇਨਸਾਨ ਦੀ ਨਜ਼ਰ ਆਮ ਕਰਕੇ ਸਧਾਰਨ ਹੁੰਦੀ ਹੈ ਅਤੇ ਇਸਦਾ ਵਿਅਕਤੀ ਦੀ ਆਮ ਜ਼ਿੰਦਗੀ ਉੱਤੇ ਕੋਈ ਅਸਰ ਨਹੀਂ ਪੈਂਦਾ।”

ਡਾ਼ ਬਾਵਰੀਆ ਮੁਤਾਬਕ,“ਰੰਗਾਂ ਦੇ ਅੰਨ੍ਹੇਪਣ ਵਾਲੇ ਲੋਕਾਂ ਦੀ ਉਨ੍ਹਾਂ ਦੇ ਪਰਿਵਾਰ ਵਾਲੇ ਮਦਦ ਕਰ ਸਕਦੇ ਹਨ। ਰੰਗਾਂ ਨੂੰ ਕੋਡ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦਾ ਵਰਨਣ ਦਿੱਤਾ ਜਾ ਸਕਦਾ ਹੈ। ਆਖਰ ਰੰਗ ਜਾਣਕਾਰੀ ਸਾਂਝੀ ਕਰਨ ਦਾ ਇੱਕਮਾਤਰ ਸਾਧਨ ਤਾਂ ਨਹੀਂ ਹਨ। ਇੱਕ ਸ਼ਮੂਲੀਅਤ ਵਾਲਾ ਮਾਹੌਲ ਪੈਦਾ ਕਰਕੇ ਰੰਗਾਂ ਪ੍ਰਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।”

ਭਾਵੇਂ ਰੰਗ ਅਤੇ ਤਰਜ਼ੇ ਜ਼ਿੰਦਗੀ ਰੰਗਾਂ ਦੇ ਅੰਨ੍ਹੇਪਣ ਦੇ ਇਲਾਜ ਵਿੱਚ ਮਦਦ ਨਹੀਂ ਕਰਦੀ ਪਰ ਫਿਰ ਵੀ ਅੱਖਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।

ਇੱਕ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ ਏ, ਸੀ ਅਤੇ ਈ ਦੇ ਨਾਲ ਐਂਟੀ-ਆਕਸੀਡੈਂਟ ਵੀ ਭਰਪੂਰ ਮਾਤਰਾ ਵਿੱਚ ਹੋਣ। ਅੱਖਾਂ ਦੀ ਸਿਹਤ ਲਈ ਚੰਗੀ ਹੈ।

ਅੱਖਾਂ ਦੀ ਨਿਯਮਤ ਜਾਂਚ ਅਤੇ ਰੱਖਿਆਤਮਿਕ ਐਨਕਾਂ ਵੀ ਨਜ਼ਰ ਦੀ ਗੁਣਵੱਤਾ ਦੀ ਸੰਭਾਲ ਵਿੱਚ ਮਦਦ ਕਰਦੇ ਹਨ।

ਰੰਗ ਦਰੁਸਤੀ ਵਾਲੀਆਂ ਐਨਕਾਂ ਅਤੇ ਐਪਲੀਕੇਸ਼ਨਾਂ ਉਪਯੋਗੀ ਹੋ ਸਕਦੀਆਂ ਹਨ।

ਨਿੱਕੇ ਬੱਚਿਆਂ ਦੀ ਕਿਵੇਂ ਮਦਦ ਕੀਤੀ ਜਾਵੇ?

ਰੰਗਾਂ ਦੇ ਅੰਨ੍ਹੇਪਣ ਦੇ ਸ਼ਿਕਾਰ ਬੱਚਿਆਂ ਦੀ ਮਦਦ ਕੀਤੀ ਜਾ ਸਕਦੀ ਹੈ। ਰੰਗਾਂ ਦੀਆਂ ਪੈਨਸਿਲਾਂ, ਡੱਬੀਆਂ ਆਦਿ ਉੱਤੇ ਮੋਟੇ ਅੱਖਰਾਂ ਵਿੱਚ ਰੰਗਾਂ ਦੇ ਨਾਮ ਲਿਖੇ ਜਾ ਸਕਦੇ ਹਨ। ਸਾਨੂੰ ਉਨ੍ਹਾਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ ਤੇ ਹੌਂਸਲਾ ਕਾਇਮ ਰੱਖਣਾ ਚਾਹੀਦਾ ਹੈ।

ਖੇਡਾਂ ਅਤੇ ਸਿੱਖਿਆ ਵਿੱਚ ਰੰਗਾਂ ਤੋਂ ਇਲਾਵਾ, ਤਾਲਿਕਾਵਾਂ, ਗਰਾਫ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਕਲਾਸ ਦੇ ਹੋਰ ਬੱਚਿਆਂ ਅਤੇ ਮਾਪਿਆਂ ਨੂੰ ਅਜਿਹੇ ਬੱਚਿਆਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।

ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਇਸ ਸਥਿਤੀ ਬਾਰੇ ਦੱਸਣਾ ਚਾਹੀਦਾ ਹੈ। ਬੱਚਿਆਂ ਨਾਲ ਨਿਰੰਤਰ ਗੱਲਬਾਤ ਕਰਨਾ, ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਦੇਣਾ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਾ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝਣਾ, ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਕਾਇਮ ਰੱਖਣਾ ਜ਼ਰੂਰੀ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)