ਆਵਾਰਾ ਕੁੱਤਿਆਂ ਦੀ ਆਬਾਦੀ ਤੇ ਹਲਕਾਅ ਨੂੰ ਕਿਵੇਂ ਰੋਕਿਆ ਜਾ ਸਕਦਾ? ਹੋਰ ਦੇਸ਼ ਕੁੱਤਿਆਂ ਨੂੰ ਮਾਰ ਕਿਉਂ ਰਹੇ ਹਨ

    • ਲੇਖਕ, ਓਨਰ ਏਰਮ
    • ਰੋਲ, ਬੀਬੀਸੀ ਵਰਲਡ ਸਰਵਿਸ

ਗਲੀਆਂ-ਸੜਕਾਂ ਵਿੱਚ ਘੁੰਮਦੇ ਆਵਾਰਾ ਕੁੱਤੇ, ਉਨ੍ਹਾਂ ਦੀ ਵਧਦੀ ਜਨਸੰਖਿਆ, ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਜੁੜੇ ਮੁੱਦੇ ਕਈ ਦਹਾਕਿਆਂ ਤੋਂ ਵਿਆਪਕ ਪੱਧਰ ’ਤੇ ਚਿੰਤਾ ਦਾ ਵਿਸ਼ਾ ਰਹੇ ਹਨ।

ਇਸ ਲੇਖ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਨ੍ਹਾਂ ਸਮੱਸਿਆਵਾਂ ਦਾ ਅਸਲ ਉਪਾਅ ਕੀ ਹੈ, ਕਿਹੜੇ ਦੇਸ਼ ਇਸ ਨੂੰ ਹੱਲ ਕਰਨ ਵਿੱਚ ਕਾਮਯਾਬ ਹੋਏ ਹਨ ਅਤੇ ਪੂਰੀ ਦੁਨੀਆਂ ਵਿੱਚ ਕੀ ਰੁਝਾਨ ਚੱਲ ਰਿਹਾ ਹੈ।

ਰੇਬਿਜ਼ (ਹਲਕਾਅ) ਵਿਸ਼ਵਵਿਆਪੀ ਖ਼ਤਰਾ ਹੈ। ਇਸ ਬਿਮਾਰੀ ਨਾਲ ਹਰ ਸਾਲ ਕਰੀਬ 60 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਮੁਤਾਬਕ 99 ਫ਼ੀਸਦ ਮਾਮਲਿਆਂ ਵਿੱਚ ਇਹ ਬਿਮਾਰੀ ਕੁੱਤੇ ਦੇ ਵੱਢਣ ਕਾਰਨ ਹੁੰਦੀ ਹੈ।

ਹਾਲਾਂਕਿ ਕੁੱਤੇ ਦੇ ਵੱਢਣ ਤੋਂ ਬਾਅਦ ਰੇਬਿਜ਼ ਨੂੰ ਰੋਕਣ ਲਈ ਇੱਕ ਵੈਕਸੀਨ ਵੀ ਉਪਲਬਧ ਹੈ ਪਰ ਜੇ ਕੁੱਤੇ ਵੱਲੋਂ ਮੂੰਹ ’ਤੇ ਜਾਂ ਨਸਾਂ ਨੇੜੇ ਵੱਢਿਆ ਜਾਵੇ ਤਾਂ ਇਹ ਹਰ ਵਾਰ ਪ੍ਰਭਾਵਸ਼ਾਲੀ ਨਹੀਂ ਹੁੰਦਾ।

ਅਰਾਕੋਨਮ ਵਿੱਚ ਜੁਲਾਈ ਦੇ ਮਹੀਨੇ ਚਾਰ ਸਾਲਾ ਨਿਰਮਲ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਉਸ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਜਦੋਂ ਕੁੱਤੇ ਨੇ ਛੋਟੇ ਬੱਚੇ ਦੇ ਮੂੰਹ ਕੋਲੋਂ ਵੱਢਿਆ ਤਾਂ ਉਸ ਦਾ ਪਿਤਾ ਹਾਲੇ ਘਰ ਅੰਦਰ ਹੀ ਗਿਆ ਸੀ।

ਸਥਾਨਕ ਮੀਡੀਆ ਨੂੰ ਨਿਰਮਲ ਦੇ ਪਿਤਾ ਬਾਲਾਜੀ ਨੇ ਦੱਸਿਆ,“ਮੈਂ ਹਾਲੇ ਘਰ ਅੰਦਰ ਪਾਣੀ ਪੀਣ ਹੀ ਗਿਆ ਸੀ।”

ਉਸ ਨੇ ਕਿਹਾ,“ਜਦੋਂ ਮੈਂ ਵਾਪਸ ਆਇਆ ਤਾਂ ਨਿਰਮਲ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਸਨ। ਖੂਨ ਬਹੁਤ ਵਹਿ ਰਿਹਾ ਸੀ।”

ਨਿਰਮਲ ਦੇ ਪਰਿਵਾਰ ਨੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ। ਉਥੇ ਉਸ ਨੂੰ 15 ਦਿਨ ਲਈ ਇੰਟੈਂਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ।

ਇਸ ਤੋਂ ਬਾਅਦ ਉਸ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਉਹ ਵਧੀਆ ਮਹਿਸੂਸ ਕਰਨ ਲੱਗਾ। ਇਸ ਲਈ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। ਪਰ ਘਰ ਆਉਂਦਿਆਂ ਹੀ ਉਸ ਨੂੰ ਰੇਬਿਜ਼ ਦੇ ਲੱਛਣ ਦਿਖਾਈ ਦੇਣ ਲੱਗੇ।

ਨਿਰਮਲ ਦੇ ਘਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਆਏ। ਇਥੇ ਉਸ ਦੀ ਜਾਂਚ ਕਰਨ ’ਤੇ ਪਾਇਆ ਗਿਆ ਕਿ ਰੇਬਿਜ਼ ਵਾਇਰਸ ਨੇ ਉਸ ਦੀ ਦਿਮਾਗੀ ਪ੍ਰਣਾਲੀ ਨੂੰ ਸੰਕਰਮਿਤ ਕਰ ਦਿੱਤਾ ਹੈ।

ਉਸ ਤੋਂ ਬਾਅਦ ਦੋ ਦਿਨਾਂ ਵਿੱਚ ਹੀ ਨਿਰਮਲ ਦੀ ਮੌਤ ਹੋ ਗਈ।

ਵੱਡਿਆਂ ਦੇ ਡਰ ਤੋਂ ਬੱਚੇ ਨਹੀਂ ਦੱਸਦੇ

ਕਈ ਵਾਰ ਬੱਚੇ ਵੱਡਿਆਂ ਦੇ ਡਰ ਤੋਂ ਘਰ ਨਹੀਂ ਦੱਸਦੇ ਕਿ ਉਨ੍ਹਾਂ ਨੂੰ ਕੁੱਤੇ ਨੇ ਵੱਢਿਆ ਹੈ। ਇਸੇ ਕਾਰਨ ਸਮੇਂ ’ਤੇ ਰੇਬਿਜ਼ ਦਾ ਟੀਕਾ ਨਹੀਂ ਲਗਾਇਆ ਜਾਂਦਾ।

ਬਾਅਦ ਵਿੱਚ ਦੇਰੀ ਹੋਣ ’ਤੇ ਰੇਬਿਜ਼ ਦੀ ਵੈਕਸੀਨ ਕੰਮ ਨਹੀਂ ਕਰਦੀ।

ਮੁੰਬਈ ਵਿੱਚ 1994 ਤੇ 2015 ਦਰਮਿਆਨ 13 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ। ਉਨ੍ਹਾਂ ਵਿਚੋਂ 434 ਲੋਕਾਂ ਦੀ ਰੇਬਿਜ਼ ਕਾਰਨ ਮੌਤ ਹੋ ਗਈ ਸੀ।

ਪਰ ਆਵਾਰਾ ਕੁੱਤਿਆਂ ਵੱਲੋਂ ਵੱਢਣਾ ਜਾਂ ਹਮਲਾ ਕਰਨਾ ਹੀ ਸਿਰਫ ਵੱਡਾ ਖਤਰਾ ਨਹੀਂ ਹੈ।

ਇੰਟਰਨੈਸ਼ਨਲ ਕੰਪੇਨੀਅਨ ਐਨੀਮਲ ਮੈਨੇਜਮੈਂਟ ਕੋਲੀਏਸ਼ਨ (ਆਈਸੀਏਐੱਮ) ਮੁਤਾਬਕ ਇਕ ਗਲੋਬਲ ਚੈਰਿਟੀ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਦਾ ਖਤਰਾ ਪੈਦਾ ਕਰ ਰਹੀ ਹੈ।

ਸੜਕਾਂ ’ਤੇ ਹੋ ਰਹੇ ਹਾਦਸੇ ਤੇ ਪਸ਼ੂਆਂ ਦੇ ਖਤਰੇ ਕਾਰਨ ਲੋਕ ਸੜਕ ’ਤੇ ਚੱਲਣ ਤੋਂ ਪਰਹੇਜ਼ ਕਰਦੇ ਹਨ ਜਾਂ ਡਰਦੇ ਹਨ।

ਤੁਰਕੀ ਦਾ ਨਵਾਂ ਵਿਵਾਦਤ ਕਾਨੂੰਨ

ਤੁਰਕੀ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਵਧ ਰਹੀ ਹੈ। ਵੈਟਰਨਰੀ ਐਸੋਸੀਏਸ਼ਨ ਦੇ ਮੁਤਾਬਕ ਤੁਰਕੀ ਵਿੱਚ 65 ਮਿਲੀਅਨ ਆਵਾਰਾ ਕੁੱਤੇ ਹਨ।

ਤੁਰਕੀ ਦੀ ਸੇਫ ਸਟਰੀਟਸ ਐਸੋਸੀਏਸ਼ਨ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਆਵਾਰਾ ਕੁੱਤਿਆਂ ਕਾਰਨ 100 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਮੌਤਾਂ ਕੁੱਤਿਆਂ ਦੇ ਵੱਢਣ ਜਾਂ ਕੁੱਤਿਆਂ ਕਾਰਨ ਵਾਪਰੇ ਸੜਕ ਹਾਦਸੇ ਨਾਲ ਹੋਈਆਂ ਹਨ।

ਤੁਰਕਿਸ਼ ਸਰਕਾਰ ਨੇ ਇਸ ਸਾਲ ਜੁਲਾਈ ਦੇ ਅਖੀਰ ਵਿੱਚ ਇਸ ਮੁੱਦੇ ’ਤੇ ਨਵਾਂ ਕਾਨੂੰਨ ਪਾਸ ਕੀਤਾ ਹੈ। ਇਸ ਕਾਨੂੰਨ ਅਨੁਸਾਰ ਦੇਸ਼ ਦੀਆਂ ਨਗਰ ਨਿਗਮਾਂ ਨੂੰ ਆਉਂਦੇ ਚਾਰ ਸਾਲਾਂ ਵਿੱਚ ਆਵਾਰਾ ਕੁੱਤਿਆਂ ਨੂੰ ਫੜ ਕੇ ਵਿਸ਼ੇਸ਼ ਸ਼ੈਲਟਰਾਂ ਜਾਂ ਸ਼ੈਲਟਰਾਂ ਵਿੱਚ ਪਾਉਣ ਲਈ ਕਿਹਾ ਗਿਆ ਹੈ।

ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ ਵਾਲੇ ਮੇਅਰਾਂ ਨੂੰ ਜੇਲ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੰਸਦ ਨੂੰ ਨਵੇਂ ਕਾਨੂੰਨ ਦਾ ਖਰੜਾ ਭੇਜਣ ਦੇ ਇਕ ਦਿਨ ਬਾਅਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ,“ਆਵਾਰਾ ਕੁੱਤੇ ਬੱਚਿਆਂ, ਬਜ਼ੁਰਗਾਂ ਅਤੇ ਪਸ਼ੂਆਂ ’ਤੇ ਹਮਲਾ ਕਰਦੇ ਹਨ। ਇਨ੍ਹਾਂ ਕਾਰਨ ਸੜਕ ਹਾਦਸੇ ਵਾਪਰਦੇ ਹਨ।”

ਨਗਰ ਨਿਗਮਾਂ ਨੂੰ ਕਾਨੂੰਨੀ ਤੌਰ ’ਤੇ 2004 ਤੋਂ ਆਵਾਰਾ ਕੁੱਤਿਆਂ ਨੂੰ ਫੜਣ, ਉਨ੍ਹਾਂ ਨੂੰ ਟੀਕੇ ਲਗਾਉਣ, ਨਸਬੰਦੀ ਕਰ ਕੇ ਮੁੜ ਸੜਕਾਂ ’ਤੇ ਛੱਡਣ ਦੀ ਲੋੜ ਹੈ।

ਇਸ ਵਿਧੀ ਨੂੰ ਸੀਐੱਨਵੀਆਰ ਵਿਧੀ ਕਿਹਾ ਜਾਂਦਾ ਹੈ। ਭਾਵ ਕਿ ਇਕੱਠੇ ਕਰਨਾ, ਵੱਖ ਕਰਨਾ, ਟੀਕੇ ਲਗਾਉਣਾ ਤੇ ਵਾਪਸ ਕਰਨਾ। ਕਈ ਮਾਹਿਰਾਂ ਅਨੁਸਾਰ ਇਹ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਦਾ ਇਹ ਸਭ ਤੋਂ ਵਧੀਆ ਹੱਲ ਹੈ।

ਪਰ ਤੁਰਕੀ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਸ ਤਰੀਕੇ ਦੀ ਵਰਤੋਂ ਨਹੀਂ ਕੀਤੀ ਗਈ।

ਤੁਰਕੀ ਵੈਟਰਨਰੀ ਮੈਡੀਕਲ ਸੁਸਾਇਟੀ ਦੇ ਡਾ. ਗੁਲੇ ਅਰਤੁਰਕ ਦਾ ਕਹਿਣਾ ਹੈ ਕਿ ਇਸ ਵਿਧੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ 70 ਫ਼ੀਸਦ ਕੁੱਤਿਆਂ ਦੀ ਨਸਬੰਦੀ ਕਰਨੀ ਜ਼ਰੂਰੀ ਹੈ।

ਨਵੇਂ ਕਾਨੂੰਨ ਮੁਤਾਬਕ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਕੀਤਾ ਜਾਵੇਗਾ ਪਰ ਉਨ੍ਹਾਂ ਨੂੰ ਬਾਅਦ ਵਿੱਚ ਸੜਕਾਂ ’ਤੇ ਛੱਡਿਆ ਨਹੀਂ ਜਾਵੇਗਾ ਸਗੋਂ ਉਨ੍ਹਾਂ ਨੂੰ ਵਿਸ਼ੇਸ਼ ਸ਼ੈਲਟਰਾਂ ਵਿੱਚ ਰੱਖਿਆ ਜਾਵੇਗਾ।

ਕੁੱਤਿਆਂ ਦੀ ਸੰਭਾਲ ਕਰਨ ਵਾਲੀ ਫੈਡਰੇਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਨਵੀਂ ਪ੍ਰਣਾਲੀ ਬਹੁਤ ਮਹਿੰਗੀ ਪਵੇਗੀ। ਇਸ ਤੋਂ ਇਲਾਵਾ ਵੱਡੇ ਕੁੱਤੇ ਖੁੱਲ੍ਹੇ ਤੇ ਵੱਡੇ ਸ਼ੈਲਟਰਾਂ ਵਿੱਚ ਕਮਜ਼ੋਰ ਕੁੱਤਿਆਂ ਦਾ ਖਾਣਾ ਖਾ ਲੈਂਦੇ ਹਨ ਤੇ ਇਸ ਨਾਲ ਬਿਮਾਰੀਆਂ ਫੈਲਣ ਦਾ ਵੱਧ ਖਤਰਾ ਹੈ।

ਡਾ. ਐਲੀ ਹਿਬੀ ਆਈਸੀਏਐੱਮ ਦੇ ਡਾਇਰੈਕਟਰ ਹਨ। ਉਹ ਕਹਿੰਦੇ ਹਨ,“ਇਹ ਕਾਫੀ ਮਹਿੰਗਾ ਤਰੀਕਾ ਹੈ ਤੇ ਇਸ ਦੇ ਅਸਫਲ ਹੋਣ ਦੀ ਸੰਭਾਵਨਾ ਹੈ।”

ਉਹ ਇਹ ਵੀ ਸੋਚਦੇ ਹਨ ਕਿ ਇਸ ਨਾਲ ਸ਼ੈਲਟਰ ਬਹੁਤ ਜਲਦੀ ਭਰ ਜਾਣਗੇ।

ਇਸ ਨਵੇਂ ਕਾਨੂੰਨ ਵਿਰੁੱਧ ਤੁਰਕੀ ਤੇ ਹੋਰ ਦੇਸ਼ਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਅਸੀਂ ਤੁਰਕੀ ਅਧਿਕਾਰੀਆਂ ਦਾ ਪੱਖ ਲੈਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਪਰ ਇਸ ਲੇਖ ਦੇ ਪ੍ਰਕਾਸ਼ਿਤ ਹੋਣ ਤੱਕ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

ਡਾ. ਹਿਬੀ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਸ਼ੁਰੂਆਤੀ ਉਮਰ ਵਿੱਚ ਉਨ੍ਹਾਂ ਦੀ ਗਿਣਤੀ ਨੂੰ ਘਟਾਉਣਾ ਜਾਂ ਕੰਟਰੋਲ ਕਰਨਾ ਜ਼ਰੂਰੀ ਹੈ।

ਇਸ ਤਰ੍ਹਾਂ ਉਹ ਆਪਣੀ ਨਸਲ ਨਹੀਂ ਵਧਾ ਸਕਦੇ। ਜੇ ਕੋਈ ਪਾਲਤੂ ਕੁੱਤਾ ਗੁਆਚ ਜਾਵੇ ਜਾਂ ਛੱਡ ਦਿੱਤਾ ਜਾਵੇ ਤਾਂ ਵੀ ਇਹ ਦੁਬਾਰਾ ਪੈਦਾ ਨਹੀਂ ਹੋ ਸਕਣਗੇ। ਇਸ ਨਾਲ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋ ਸਕੇਗਾ।

ਉਨ੍ਹਾਂ ਦਾ ਕਹਿਣਾ ਹੈ,“ਆਵਾਰਾ ਕੁੱਤਿਆਂ ਦੀ ਅਗਲੀ ਪੀੜ੍ਹੀ ਦੇ ਸਵਾਲ ਦਾ ਜਵਾਬ ਲੱਭੇ ਬਿਨਾਂ ਸੜਕਾਂ ਤੋਂ ਆਵਾਰਾਂ ਕੁੱਤਿਆਂ ਨੂੰ ਹਟਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ।”

ਆਵਾਰਾ ਕੁੱਤੇ ਜਨਮ ਦਿੰਦੇ ਰਹਿੰਦੇ ਹਨ। ਇੱਕ ਆਵਾਰਾ ਕੁੱਤਾ ਇੱਕ ਸਾਲ ਵਿੱਚ 20 ਕਤੂਰਿਆਂ ਨੂੰ ਜਨਮ ਦਿੰਦਾ ਹੈ।

ਉਹ ਕਹਿੰਦੇ ਹਨ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਚੁੱਕਣਾ (ਉਨ੍ਹਾਂ ਨੂੰ ਮਾਰਨਾ ਜਾਂ ਉਨ੍ਹਾਂ ਨੂੰ ਪਨਾਹਗਾਹਾਂ ਵਿੱਚ ਰੱਖਣਾ) ਉਨ੍ਹਾਂ ਦੀ ਗਿਣਤੀ ਨੂੰ ਲੰਬੇ ਸਮੇਂ ਲਈ ਨਹੀਂ ਘਟਾ ਸਕਦਾ।

ਆਵਾਰਾ ਕੁੱਤਿਆਂ ਨੂੰ ਮਾਰਨਾ (ਕਈ ਵਾਰ ਕੁੱਤਿਆਂ ਨੂੰ ਜਨਤਕ ਮਾਰਨਾ ਜਾਂ ਵਿਸ਼ੇਸ਼ ਸ਼ੈਲਟਰਾਂ ਵਿੱਚ ਮਰਨ ਲਈ ਛੱਡ ਦੇਣਾ) ਲੋਕਾਂ ਵੱਲੋਂ ਬੇਰਹਿਮ ਮੰਨਿਆ ਜਾਂਦਾ ਹੈ।

ਇਹ ਉਨ੍ਹਾਂ ਲੋਕਾਂ ਲਈ ਦੁਖਦਾਈ ਹੋ ਸਕਦਾ ਹੈ ਜੋ ਕੁੱਤਿਆਂ ਨੂੰ ਗੋਲੀ ਮਾਰਦੇ ਜਾਂ ਜ਼ਹਿਰ ਦਿੰਦਿਆਂ ਨੂੰ ਦੇਖਦੇ ਹਨ।

ਡੇਬੀ ਵਿਲਸਨ ਇੱਕ ਮਨੋਵਿਗਿਆਨੀ ਅਤੇ ਮਾਨਸਿਕ ਸਿਹਤ ਦੇ ਨਰਸ ਹਨ। ਉਨ੍ਹਾਂ ਨੇ “ਬੱਚਿਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਦਾ ਮਤਲਬ ਜਾਨਵਰਾਂ ਦੇ ਅਧਿਕਾਰਾਂ ਦੀ ਵੀ ਵਕਾਲਤ ਕਰਨਾ ਹੈ” ਸਿਰਲੇਖ ਹੇਠ ਯੂਨੀਵਰਸਿਟੀ ਆਫ ਹਡਰਸਫੀਲਡ, ਇੰਗਲੈਂਡ ਤੋਂ ਆਪਣੀ ਪੀਐੱਚਡੀ ਕੀਤੀ ਹੈ।

ਉਨ੍ਹਾਂ ਨੇ ਜਾਨਵਰਾਂ ਨਾਲ ਵਿਵਹਾਰ ਤੇ ਬੱਚਿਆਂ ਦੇ ਪਾਲਣ ਪੋਸ਼ਣ ਸਬੰਧੀ ਅਹਿਮ ਮੁੱਦਾ ਉਠਾਇਆ ਹੈ।

ਉਹ ਕਹਿੰਦੇ ਹਨ,“ਜਦੋਂ ਬੱਚੇ ਜਾਨਵਰਾਂ ’ਤੇ ਹੁੰਦੀ ਬੇਰਹਿਮੀ ਨੂੰ ਦੇਖਦੇ ਹਨ ਤਾਂ ਉਨ੍ਹਾਂ ਵਿੱਚ ਹਮਦਰਦੀ ਦੀ ਭਾਵਨਾ ਘੱਟ ਜਾਂਦੀ ਹੈ। ਨਾਲ ਹੀ ਜਦੋਂ ਉਹ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਵਿੱਚ ਹੋਰ ਲੋਕਾਂ ਅਤੇ ਜਾਨਵਰਾਂ ਪ੍ਰਤੀ ਬੇਰਹਿਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।”

ਬਾਲ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਵਿੱਚ ਕਿਹਾ ਗਿਆ ਹੈ ਕਿ ਜਾਨਵਰਾਂ ’ਤੇ ਹੋ ਰਹੇ ਅਤਿਆਚਾਰ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾਵੇ। ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

ਆਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਵਿੱਚ ਇੱਕ ਵਿਸ਼ਵਵਿਆਪੀ ਸਫ਼ਲਤਾ

ਆਖਿਰ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਕਿਵੇਂ ਰੋਕਿਆ ਜਾਂ ਕੰਟਰੋਲ ਕੀਤਾ ਜਾਵੇ?

ਬੋਸਨੀਆ-ਹਰਜ਼ੇਗੋਵਿਨਾ ਅਤੇ ਥਾਈਲੈਂਡ ਦੋਵਾਂ ਨੇ ਹਾਲ ਹੀ ਵਿੱਚ ਸੀਐੱਨਵੀਆਰ (ਕਲੈਕਟ, ਨਿਊਟਰ, ਵੈਕਸੀਨੇਟ, ਰਿਟਰਨ) ਵਿਧੀ ਦੀ ਵਰਤੋਂ ਕਰਦੇ ਹੋਏ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਘਟਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਡੌਗਸ ਟਰੱਸਟ ਵਰਲਡਵਾਈਡ ਫਾਊਂਡੇਸ਼ਨ ਬੋਸਨੀਆ ਮੁਤਾਬਕ ਉਨ੍ਹਾਂ ਨੇ ਬੋਸਨੀਆ ਦੀ ਰਾਜਧਾਨੀ ਸਾਰਾਜੇਵੋ ਵਿੱਚ

ਆਵਾਰਾ ਕੁੱਤਿਆਂ ਦੀ ਗਿਣਤੀ ਨੂੰ 85 ਫ਼ੀਸਦ ਤੱਕ ਘਟਾ ਦਿੱਤਾ ਹੈ। ਉਨ੍ਹਾਂ ਨੂੰ ਫੜ ਕੇ, ਨਸਬੰਦੀ ਤੇ ਟੀਕਾਕਰਨ ਕਰਨ ਉਨ੍ਹਾਂ ਨੂੰ ਸੜਕਾਂ ’ਤੇ ਛੱਡ ਦਿੱਤਾ ਗਿਆ ਹੈ।

ਇਹ ਸਫਲਤਾ 2012 ਤੋਂ 2023 ਦਰਮਿਆਨ ਹਾਸਲ ਕੀਤੀ ਗਈ ਹੈ।

ਰਾਜਧਾਨੀ ਸਾਰਾਜੇਵੋ ਕੈਂਟਨ ਸਣੇ ਸ਼ਹਿਰਾਂ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ 70 ਫੀਸਦੀ ਤੱਕ ਘੱਟ ਗਈ ਹੈ।

ਵੈਟਰਨਰੀ ਵਿਭਾਗ ਦੀ ਕਾਰਗੁਜ਼ਾਰੀ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਵਿੱਚ ਅਹਿਮ ਮੰਨੀ ਜਾਂਦੀ ਹੈ।

ਆਵਾਰਾ ਕੁੱਤਿਆਂ ਦੀ ਸਮੁੱਚੀ ਗਿਣਤੀ ਨੂੰ ਘਟਾਉਣ ਲਈ ਨਸਬੰਦੀ ਦੀ ਦਰ 70 ਫ਼ੀਸਦ ਤੋਂ ਵੱਧ ਹੋਣੀ ਚਾਹੀਦੀ ਹੈ।

ਬੋਸਨੀਆ ਨੇ ਇਸ ਪੱਧਰ ਤੱਕ ਪਹੁੰਚਣ ਲਈ ਅਵਾਰਾ ਕੁੱਤਿਆਂ ਦੀ ਸਮੁੱਚੀ ਸੰਖਿਆ ਨੂੰ ਘਟਾਉਣ ਲਈ, ਉਹਨਾਂ ਦੇ ਨਸ਼ਟ ਹੋਣ ਦੀ ਦਰ 70 ਪ੍ਰਤੀਸ਼ਤ ਤੋਂ ਵੱਧ ਹੋਣੀ ਚਾਹੀਦੀ ਹੈ। ਬੋਸਨੀਆ ਨੂੰ ਨਸਬੰਦੀ ਦੇ ਇਸ ਪੱਧਰ ਤੱਕ ਪਹੁੰਚਣ ਲਈ ਪਸ਼ੂਆਂ ਦੇ ਡਾਕਟਰਾਂ ਨੂੰ ਸਿਖਲਾਈ ਦੇਣੀ ਪਈ।

ਇੱਕ ਚੈਰੀਟੇਬਲ ਸੰਸਥਾ ਡੌਗਸ ਟਰੱਸਟ ਨੇ ਕੁੱਤਿਆਂ ਦੇ ਮਾਲਕਾਂ ਵਿੱਚ ਨਸਬੰਦੀ ਕਰਨ ਨਾਲ ਹੋਣ ਵਾਲੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ।

ਦੇਸ਼ ਵਿੱਚ ਵੈਟਰਨਰੀ ਹਸਪਤਾਲਾਂ ਜਾਂ ਕਲੀਨਿਕਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਗਈ ਸੀ। ਇਸ ਨਾਲ ਘਰੇਲੂ ਤੇ ਆਵਾਰਾ ਕੁੱਤਿਆਂ ਨੂੰ ਬਿਹਤਰ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।

ਇਸ ਪ੍ਰੋਗਰਾਮ ਦੇ ਸਾਰਾਜੇਵੋ ਸ਼ਹਿਰ ਵਿੱਚ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ 2015 ਵਿੱਚ ਇਸ ਸਕੀਮ ਨੂੰ ਬਾਕੀ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਗਿਆ।

ਪਿਛਲੇ ਸਾਲ ਸੋਈ ਡੌਗ ਫਾਊਂਡੇਸ਼ਨ ਨੇ ਥਾਈਲੈਂਡ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਕੀਤੀ। ਇਹ ਸੰਸਥਾ ਪਿਛਲੇ 20 ਸਾਲਾਂ ਵਿੱਚ 10 ਲੱਖ ਆਵਾਰਾ ਕੁੱਤਿਆਂ ਜਾਂ ਜਾਨਵਰਾਂ ਦੀ ਨਸਬੰਦੀ ਅਤੇ ਟੀਕਾਕਰਨ ਕਰਨ ਵਾਲੀ ਇਤਿਹਾਸ ਦੀ ਪਹਿਲੀ ਸੰਸਥਾ ਬਣ ਗਈ ਹੈ।

ਇਕੱਲੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ 500,000 ਤੋਂ ਵੱਧ ਆਵਾਰਾ ਕੁੱਤੇ ਫੜੇ ਗਏ। ਇਹ ਪ੍ਰਕਿਰਿਆ 2003 ਵਿੱਚ ਫੁਕੇਟ ਟਾਪੂ ਉੱਤੇ ਬਹੁਤ ਛੋਟੇ ਪੈਮਾਨੇ ਵਿੱਚ ਸ਼ੁਰੂ ਕੀਤੀ ਗਈ ਸੀ।

ਡਾ. ਐਲਿਕਸਾ ਦਾ ਕਹਿਣਾ ਹੈ,“ਇਹ ਸਥਾਨਕ ਭਾਈਚਾਰੇ ਵਿੱਚ ਭਰੋਸਾ ਪੈਦਾ ਕਰਨ ਨਾਲ ਸ਼ੁਰੂ ਹੁੰਦਾ ਹੈ।”

ਡਾ. ਐਲਿਕਸਾ ਸੋਈ ਡੌਗ ਫਾਊਂਡੇਸ਼ਨ ਵਿੱਚ ਪਸ਼ੂ ਭਲਾਈ ਦੇ ਕੌਮਾਂਤਰੀ ਨਿਰਦੇਸ਼ਕ ਵਜੋਂ ਕੰਮ ਕਰਦੇ ਹਨ।

ਉਨ੍ਹਾਂ ਦੀ ਟੀਮ ਫੁਕੇਟ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ 80 ਹਜ਼ਾਰ ਤੋਂ ਘਟਾ ਕੇ 6 ਹਜ਼ਾਰ ਕਰਨ ਵਿੱਚ ਕਾਮਯਾਬ ਰਹੀ। ਇਸ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਬੈਂਕਾਕ ਵਿੱਚ ਇਸ ਵਿਧੀ ਨੂੰ ਲਾਗੂ ਕੀਤਾ। ਬੈਂਕਾਕ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ।

ਪਰ ਇਹ ਰਾਹ ਆਸਾਨ ਨਹੀਂ ਸੀ। ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਕਈ ਮੁਸ਼ਕਲਾਂ ਆਈਆਂ।

ਥਾਈਲੈਂਡ ਦੀ ਸਰਕਾਰ ਨੇ ਲਗਭਗ ਪੰਜ ਸਾਲ ਪਹਿਲਾਂ ਇੱਕ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਅਨੁਸਾਰ ਹਰ ਆਵਾਰਾ ਕੁੱਤੇ ਨੂੰ ਉਨ੍ਹਾਂ ਲਈ ਬਣਾਏ ਵਿਸ਼ੇਸ਼ ਸ਼ੈਲਟਰ ਵਿੱਚ ਸ਼ਿਫਟ ਕੀਤਾ ਜਾਵੇਗਾ। ਇਹ ਯੋਜਨਾ ਤੁਰਕੀ ਸਰਕਾਰ ਦੀ ਨਵੀਂ ਨੀਤੀ ਦੇ ਸਮਾਨ ਸੀ।

ਪਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਯੋਜਨਾ ਵਿਹਾਰਕ ਨਹੀਂ ਹੈ ਕਿਉਂਕਿ ਇਨ੍ਹਾਂ ਵਿਸ਼ੇਸ਼ ਸ਼ੈਲਟਰਾਂ ਵਿੱਚ ਕੁੱਤਿਆਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ ਸੀ।

ਡਾ. ਹਿਬੀ ਨੇ ਕਿਹਾ ਕਿ ਥਾਈਲੈਂਡ ਅਤੇ ਬੋਸਨੀਆ ਵਿੱਚ ਇਨ੍ਹਾਂ ਪ੍ਰੋਜੈਕਟਾਂ ਨੇ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਲਿਆਂਦੀ ਹੈ। ਇਸ ਦੇ ਨਾਲ ਹੀ ਉਥੇ ਰੇਬੀਜ਼ ਅਤੇ ਕੁੱਤਿਆਂ ਦੇ ਕੱਟਣ ਦੇ ਮਾਮਲੇ ਵੀ ਘਟੇ ਹਨ।

ਇਸ ਨਾਲ ਆਵਾਰਾ ਕੁੱਤਿਆਂ ਦੇ ਜੀਵਨ ਪੱਧਰ ’ਚ ਵੀ ਸੁਧਾਰ ਹੋਇਆ ਹੈ।

ਕਈ ਦੇਸ਼ ਆਵਾਰਾ ਕੁੱਤਿਆਂ ਦੀ ਆਬਾਦੀ ਦਾ ਸਾਹਮਣਾ ਕਰ ਰਹੇ ਹਨ

ਉੱਤਰੀ ਅਫ਼ਰੀਕੀ ਦੇਸ਼ ਮੋਰੋਕੋ ਦੇ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਵੱਡੀ ਗਿਣਤੀ ’ਚ ਆਵਾਰਾ ਕੁੱਤਿਆਂ ਨੂੰ ਮਾਰਨਾ ਸ਼ੁਰੂ ਕੀਤਾ ਹੈ।

ਬੇਸ਼ੱਕ ਮੋਰੋਕੋ ਸਰਕਾਰ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਹੈ।

ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਇਸ ਲਈ ਕੀਤਾ ਗਿਆ ਹੈ ਕਿ ਕਿਉਂਕਿ ਅਫ਼ਰੀਕਾ ਕੱਪ ਆਫ ਨੇਸ਼ਨਜ਼ 2025 ਮੋਰੋਕੋ ਵਿੱਚ ਕਰਵਾਇਆ ਜਾ ਰਿਹਾ ਹੈ। ਨਾਲ ਹੀ ਮੋਰੋਕੋ ਫੀਫਾ 2030 ਵਿਸ਼ਵ ਕੱਪ ਲਈ ਮੇਜ਼ਬਾਨ ਦੇਸ਼ਾਂ ਵਿੱਚੋਂ ਇੱਕ ਹੈ।

ਅਲੀ ਏਜ਼ਦੀਨ ਮੋਰੋਕੋ ਦੀ ਮਨੁੱਖੀ ਸੁਸਾਇਟੀ ਦੇ ਸੰਸਥਾਪਕ ਹਨ। ਇਸ ਦੇ ਨਾਲ ਹੀ ਉਹ ਮੋਰੋਕੋ ਦੇ ਪਸ਼ੂ ਐਸੋਸੀਏਸ਼ਨਾਂ ਦੇ ਕੋਆਰਡੀਨੇਟਰ ਹਨ। ਉਹ ਕਹਿੰਦੇ ਹਨ ਕਿ ਮੋਰੋਕੋ ਵਿੱਚ ਕੋਈ ਟੀਐੱਨਵੀਆਰ (ਇਲਾਜ, ਨਸਬੰਦੀ, ਟੀਕਾਕਰਨ ਅਤੇ ਰਿਲੀਜ਼) ਪ੍ਰੋਗਰਾਮ ਨਹੀਂ ਹੈ।

ਮੋਰੋਕੋ ਦੀ ਹਿਊਮਨ ਸੁਸਾਇਟੀ ਦਾ ਅੰਦਾਜ਼ਾ ਹੈ ਕਿ ਦੇਸ਼ ਵਿੱਚ 30 ਲੱਖ ਆਵਾਰਾ ਕੁੱਤੇ ਹਨ ਅਤੇ ਹਰ ਸਾਲ 50 ਲੱਖ ਆਵਾਰਾ ਕੁੱਤੇ ਮਾਰੇ ਜਾਂਦੇ ਹਨ।

ਇਨ੍ਹਾਂ ’ਚੋਂ ਜ਼ਿਆਦਾਤਰ ਕੁੱਤਿਆਂ ਨੂੰ ਜਨਤਕ ਤੌਰ ’ਤੇ ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਮਾਰਿਆ ਜਾਂਦਾ ਹੈ।

ਪਰ ਇੱਕ ਤਸਵੀਰ ਇਹ ਵੀ ਹੈ ਕਿ ਆਵਾਰਾ ਕੁੱਤਿਆਂ ਨੂੰ ਮਾਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ।

ਏਜ਼ਦੀਨ ਦਾ ਕਹਿਣਾ ਹੈ,“ਆਵਾਰਾ ਕੁੱਤੇ ਵੱਡੀ ਗਿਣਤੀ ਵਿੱਚ ਆਪਣੀ ਨਸਲ ਪੈਦਾ ਕਰਦੇ ਹਨ। ਉਨ੍ਹਾਂ ਦੇ ਜਿਊਣ ਦੀ ਦਰ ਵੀ ਉੱਚੀ ਹੁੰਦੀ ਹੈ। ਨਤੀਜੇ ਵਜੋਂ ਇਹ ਮਾਰੇ ਗਏ ਕੁੱਤਿਆਂ ਦੀ ਥਾਂ ਲੈ ਲੈਂਦੇ ਹਨ।”

ਇਜ਼ਦੀਨ ਦੀ ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਇਹ ਪਤਾ ਲੱਗਾ ਹੈ ਕਿ ਮੋਰੋਕੋ ਵਿੱਚ ਹੋਣ ਵਾਲੇ ਦੋ ਵੱਡੇ ਟੂਰਨਾਮੈਂਟਾਂ ਦੇ ਮੱਦੇਨਜ਼ਰ ਮੋਰੋਕੋ ਸਰਕਾਰ ਨੇ ਆਵਾਰਾ ਕੁੱਤਿਆਂ ਨੂੰ ਮਾਰਨ ਲਈ 30 ਲੱਖ ਘਾਤਕ ਟੀਕੇ ਦੀਆਂ ਖੁਰਾਕਾਂ ਦੇ ਆਰਡਰ ਦਿੱਤੇ ਹਨ।

ਪਰ ਕਿਸੇ ਵੀ ਅਧਿਕਾਰਤ ਸਰੋਤ ਵੱਲੋਂ ਇਸ ਦੀ ਪੁਸ਼ਟੀ ਜਾਂ ਐਲਾਨ ਨਹੀਂ ਕੀਤਾ ਗਿਆ ਹੈ।

ਇਸ ਮਾਮਲੇ ਸਬੰਧੀ ਅਸੀਂ ਮੋਰੋਕੋ ਦੀ ਸਰਕਾਰ, ਕੈਸਾਬਲਾਂਕਾ ਅਤੇ ਮਾਰਾਕੇਸ਼ ਦੀਆਂ ਨਗਰਪਾਲਿਕਾਵਾਂ ਦਾ ਪੱਖ ਜਾਣਨਾ ਚਾਹਿਆ ਪਰ ਲੇਖ ਪ੍ਰਕਾਸ਼ਿਤ ਹੋਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ।

ਡਾ. ਹਿਬੀ ਦਾ ਕਹਿਣਾ ਹੈ ਕਿ ਇਸ ਸਮੇਂ ਦੁਨੀਆਂ ਭਰ ਵਿੱਚ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਲਈ ਸੁਧਾਰ ਕੀਤੇ ਜਾ ਰਹੇ ਹਨ।

ਆਮ ਨਾਗਰਿਕਾਂ ਦੇ ਦਬਾਅ ਪਾਉਣ ਤੋਂ ਬਾਅਦ ਇਹ ਸੁਧਾਰੇ ਕੀਤੇ ਜਾ ਰਹੇ ਹਨ। ਕਿਉਂਕਿ ਲੋਕ ਆਵਾਰਾ ਕੁੱਤਿਆਂ ਦੀ ਆਬਾਦੀ ’ਤੇ ਨਕੇਲ ਕੱਸਣ ਲਈ ਹੋਰ ਮਨੁੱਖੀ ਅਧਿਕਾਰਾਂ ਦੀ ਮੰਗ ਕਰ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)