ਕਿੰਗ ਚਾਰਲਸ ਦੀ ਨਵੇਂ ਸਾਲ ਦੀ ਸਨਮਾਨ ਸੂਚੀ 'ਚ ਕਿਹੜੇ ਪੰਜਾਬੀ ਸ਼ਾਮਲ, ਕਿਸ ਨੂੰ ਮਿਲਦਾ ਹੈ ਇਹ ਸਨਮਾਨ

ਤਸਵੀਰ ਸਰੋਤ, Gian Powar
ਕਿੰਗ ਚਾਰਲਸ ਦੀ ਨਵੇਂ ਸਾਲ ਦੀ ਸਨਮਾਨ ਸੂਚੀ ਵਿੱਚ ਖੇਡ, ਸਿਹਤ ਸੰਭਾਲ, ਸਿਖਿਆ ਅਤੇ ਸਵੈਇੱਛੁਕ ਸੇਵਾਵਾਂ ਸਣੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਬਦਲੇ 1,200 ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਬਰਤਾਨਵੀ ਸਰਕਾਰ ਵੱਲੋਂ 30 ਦਸੰਬਰ ਨੂੰ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਹੋਰ ਦੇਸ਼ਾਂ ਦੇ ਨਾਲ-ਨਾਲ ਭਾਰਤ ਤੇ ਸ਼੍ਰੀਲੰਕਾ ਮੂਲ ਦੀਆਂ ਵੀ ਕਈ ਅਹਿਮ ਸ਼ਖ਼ਸੀਅਤਾਂ ਨੇ ਆਪਣੀ ਥਾਂ ਬਣਾਈ।
ਕਰੀਬ 30 ਭਾਰਤੀ ਮੂਲ ਦੇ ਲੋਕ ਇਸ ਵਰ੍ਹੇ ਉਨ੍ਹਾਂ ਵਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਕੰਮਾਂ ਬਦਲੇ ਬਰਤਾਨੀਆਂ ਦਾ ਇਹ ਵੱਕਰੀ ਸਨਮਾਨ ਹਾਸਲ ਕਰਨਗੇ। ਇਸ ਸੂਚੀ ਵਿੱਚ ਕਈ ਪੰਜਾਬੀ ਵੀ ਸ਼ਾਮਲ ਹਨ।

ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਨਮਾਨ ਸੂਚੀ ਵਿੱਚ ਸ਼ਾਮਲ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਇੱਕ ਐਕਸ ਉੱਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ, "ਹਰ ਰੋਜ਼ ਆਮ ਲੋਕ ਅਪਣੇ ਭਾਈਚਾਰਿਆਂ ਲਈ ਅਸਾਧਾਰਨ ਕੰਮ ਕਰਦੇ ਹਨ।"
"ਉਹ ਸਾਡੇ ਵਿੱਚੋਂ ਸਭ ਤੋਂ ਉੱਤਮ ਅਤੇ ਸੇਵਾ ਦੇ ਮੂਲ ਮੁੱਲ ਨੂੰ ਦਰਸਾਉਂਦੇ ਹਨ, ਇਸੇ ਨੂੰ ਹੀ ਮੈਂ ਇਸ ਸਰਕਾਰ ਵਲੋਂ ਕੀਤੇ ਜਾਣ ਵਾਲੇ ਹਰ ਕੰਮ ਦੇ ਕੇਂਦਰ ਵਿੱਚ ਰੱਖਦਾ ਹਾਂ।"
"ਨਵੇਂ ਸਾਲ ਦੀ ਸਨਮਾਨ ਸੂਚੀ 'ਚ ਇਨ੍ਹਾਂ ਗੁੰਮਨਾਮ ਨਾਇਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਮੈਂ ਉਨ੍ਹਾਂ ਦਾ ਇਸ ਸ਼ਾਨਦਾਰ ਯੋਗਦਾਨ ਲਈ ਧੰਨਵਾਦ ਕਰਦਾ ਹਾਂ।"
ਉਨ੍ਹਾਂ ਪੰਜਾਬੀਆਂ ਬਾਰੇ ਜਾਣਦੇ ਹਾਂ ਜਿਹੜੇ ਇਹ ਸਨਮਾਨ ਹਾਸਿਲ ਕਰ ਰਹੇ ਹਨ।

ਤਸਵੀਰ ਸਰੋਤ, Iceland
ਪ੍ਰਮੁੱਖ ਕਾਰੋਬਾਰੀ- ਤਰਸੇਮ ਧਾਲੀਵਾਲ
ਤਰਸੇਮ ਸਿੰਘ ਧਾਲੀਵਾਲ ਆਈਸਲੈਂਡ ਫ਼ੂਡਸ ਨਾਮ ਦੀ ਕੰਪਨੀ ਨੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਹਨ। ਉਨ੍ਹਾਂ ਨੂੰ ਇਹ ਸਨਮਾਨ ਵੈਲਥ ਇਕਾਨੋਮੀ, ਰੀਟੇਲ ਅਤੇ ਚੈਰੀਟੀ ਵਿੱਚ ਨਿਭਾਈ ਗਈਆਂ ਸੇਵਾਵਾਂ ਬਦਲੇ ਮਿਲ ਰਿਹਾ ਹੈ।
ਉਨ੍ਹਾਂ ਦੀ ਕੰਪਨੀ ਦਾ ਸਲਾਨਾ ਟਰਨਓਵਰ 400 ਕਰੋੜ ਯੂਕੇ ਪੌਂਡ ਦਾ ਹੈ ਅਤੇ ਕੰਪਨੀ ਵਿੱਚ 30 ਹਜ਼ਾਰ ਤੋਂ ਵੱਧ ਕਰਮਚਾਰੀ ਹਨ।
1963 ਵਿੱਚ ਭਾਰਤ ਵਿੱਚ ਜਨਮੇ ਤਰਸੇਮ ਆਪਣੇ ਪਰਿਵਾਰ ਨਾਲ 3 ਸਾਲ ਦੀ ਉਮਰ ਵਿੱਚ 1966 ਵਿੱਚ ਯੂਕੇ ਚਲੇ ਗਏ ਸਨ।
ਆਪਣੇ ਪਿਤਾ ਤੋਂ ਕਾਰੋਬਾਰ ਦੇ ਗੁਰ ਸਿੱਖਣ ਵਾਲੇ ਤਰਸੇਮ ਨੇ 1985 ਵਿੱਚ ਇੱਕ ਟਰੇਨੀ ਅਕਾਉਂਟਟੈਂਟ ਵਜੋਂ ਆਈਸਲੈਂਡ ਕੰਪਨੀ ਨੂੰ ਜੁਆਇਨ ਕੀਤਾ ਸੀ।

ਤਸਵੀਰ ਸਰੋਤ, Gian Powar
ਮਾਨਸਿਕ ਸਿਹਤ ਪ੍ਰਤੀ ਜਾਗਰੁਕ ਕਰਨ ਵਾਲੇ- ਗਿਆਨ ਪਾਵਰ
ਗਿਆਨ ਪਾਵਰ ਇੱਕ ਨੌਜਵਾਨ ਪੰਜਾਬੀ ਹਨ ਜਿਨ੍ਹਾਂ ਨੂੰ 2025 ਦੀ ਕਿੰਗ ਚਾਰਲਸ ਦੀ ਸੂਚੀ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਕੰਮ ਕਰਨ ਬਦਲੇ ਸ਼ਾਮਲ ਕੀਤਾ ਗਿਆ ਹੈ।
ਗਿਆਨ ਪਾਵਰ ਨੇ ਖ਼ੁਦ ਦੀ ਵੈੱਬਸਾਈਟ 'ਤੇ ਆਪਣੇ ਜ਼ਿੰਦਗੀ ਦੇ ਟੀਚਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ,"ਮੈਂ ਕਹਾਣੀ ਸੁਣਾਉਣ ਦੀ ਕਲਾ ਜ਼ਰੀਏ ਕੰਮ ਵਾਲੀਆਂ ਥਾਵਾਂ ਨੂੰ ਮਨੁੱਖੀ ਕਦਰਾਂ-ਕੀਮਤਾਂ ਦੇ ਅਨੁਕੂਲ ਬਣਾਉਣ ਦੇ ਮਿਸ਼ਨ 'ਤੇ ਹਾਂ।"
ਗਿਆਨ ਟੀਐੱਲਸੀ ਲਾਇਨਜ਼ ਨਾਮ ਦੀ ਸੰਸਥਾ ਦੇ ਸੰਸਾਥਪਕ ਹਨ ਜੋ ਹੁਣ ਤੱਕ ਕੰਮ ਪ੍ਰਤੀ ਮਨੁੱਖੀ ਪਹੁੰਚ ਅਪਣਾਉਣ ਲਈ 2 ਲੱਖ ਤੋਂ ਵੱਧ ਕਰਮਚਾਰੀਆਂ ਤੱਕ ਪਹੁੰਚ ਕਰ ਚੁੱਕੀ ਹੈ।
ਗਿਆਨ ਆਪਣੀ ਵੈੱਬਸਾਈਟ ਉੱਤੇ ਦੱਸਦੇ ਹਨ, "13 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ, ਮੈਂ ਬਾਅਦ ਵਿੱਚ ਇੱਕ ਬੈਂਕ ਵਿੱਚ ਕੰਮ ਕੀਤਾ ਅਤੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੇ ਮੁੱਦਿਆਂ ਨਾਲ ਪਹਿਲੀ ਵਾਰ ਰੁਬਰੂ ਹੋਇਆ। ਇੱਥੋਂ ਹੀ ਕਾਰਪੋਰੇਟ ਜਗਤ ਵਿੱਚ ਸਿਹਤ ਸਮੱਸਿਆਵਾਂ ਨਾਲ ਸਹੀ ਤਰੀਕੇ ਨਾਲ ਨਜਿੱਠਣ ਦੀ ਲੋੜ ਬਾਰੇ ਸਮਝ ਬਣੀ।"
"2015 ਵਿੱਚ 23 ਸਾਲ ਦੀ ਉਮਰ ਵਿੱਚ, ਪਰਿਵਾਰ ਇੱਕ ਅਚਨਚੇਤੀ ਵਾਪਰੇ ਦੁਖਾਂਤ ਵਿੱਚੋਂ ਲੰਘਿਆ, ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੇਰੇ ਪਿਤਾ ਦਾ ਭਾਰਤ ਵਿੱਚ ਕਤਲ ਕਰ ਦਿੱਤਾ ਗਿਆ।"
"ਕੰਮ 'ਤੇ ਵਾਪਸ ਪਰਤਣ ਤੋਂ ਬਾਅਦ ਮੈਂ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰ ਸਕਣ ਦੀ ਤਾਕਤ ਨੂੰ ਸਮਝਿਆ ਅਤੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਸਮਝ ਵੀ ਬਣੀ।"
ਮੈਂ ਇਹ ਜਾਣਿਆ ਕਿ ਹਰ ਕਿਸੇ ਦੀ ਕੋਈ ਕਹਾਣੀ ਹੁੰਦੀ ਹੈ, ਮੈਂ ਦੂਜਿਆਂ ਨੂੰ ਉਨ੍ਹਾਂ ਦੀਆਂ ਕਹਾਣੀਆਂ ਸਾਂਝਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ।"

ਮੁਫ਼ਤ ਡਾਰਕਟੀ ਸੇਵਾਵਾਂ ਨੂੰ ਸਮਰਪਿਤ - ਜਸਵਿੰਦਰ ਕੁਮਾਰ
ਜਸਵਿੰਦਰ ਕੁਮਾਰ ਇੱਕ ਸਰਜਨ ਹਨ ਅਤੇ ਪਿਛਲੇ 15 ਸਾਲਾਂ ਤੋਂ ਉਨ੍ਹਾਂ ਨੇ ਆਪਣੀ ਮੈਡੀਕਲ ਮੁਹਾਰਤ ਨੂੰ ਸਮਾਜ ਸੇਵਾ ਲੇਖੇ ਲਾਇਆ।
ਬੀਬੀਸੀ ਪੱਤਰਕਾਰ ਨੇਵ ਗੌਰਡਨ-ਫ਼ਰਲੇਹ ਦੀ ਰਿਪੋਰਟ ਮੁਤਾਬਕ ਜਸਵਿੰਦਰ ਕੁਮਾਰ ਨੂੰ ਬੈੱਡਫੋਰਡ ਇਲਾਕੇ ਵਿੱਚ ਚੈਰੀਟੇਬਲ ਸੇਵਾਵਾਂ ਨਿਭਾਉਣ ਬਦਲੇ ਬ੍ਰਿਟਿਸ਼ ਐਂਪਾਇਰ ਮੈਡਲ ਦਿੱਤਾ ਗਿਆ ਹੈ।
ਜਸਵਿੰਦਰ ਲੋਕਾਂ ਦੀ ਮਦਦ ਕਰਨ ਲਈ ਹਫ਼ਤਾਵਾਰੀ ਮੁਫ਼ਤ ਸਰਜਰੀ ਕੈਂਪ ਲਾਉਂਦੇ ਹਨ।
ਇਹ ਸਨਮਾਨ ਹਾਸਿਲ ਕਰਨ 'ਤੇ ਉਨ੍ਹਾਂ ਕਿਹਾ, "ਮੈਂ ਖੁਸ਼ ਹਾਂ ਅਤੇ ਇਸ ਸਨਮਾਨ ਨੂੰ ਸੱਚੀਓਂ ਦਿਲੋਂ ਨਿਮਰਤਾ ਨਾਲ ਸਵਿਕਾਰਿਆ ਹੈ। ਮੈਨੂੰ ਕਦੇ ਵੀ ਇਸ ਪੁਰਸਕਾਰ ਦੀ ਆਸ ਨਹੀਂ ਸੀ।"
ਜਸਵਿੰਦਰ ਸਿੰਘ ਸ੍ਰੀ ਗੁਰੂ ਰਵਿਦਾਸ ਸਭਾ, ਬੈਡਫੋਰਡ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵੀ ਹਨ।
ਜਸਵਿੰਦ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਪ੍ਰੇਰਨਾਸਰੋਤ ਬਣਨ ਦੀ ਇੱਛਾ ਲਈ ਇਹ ਮੈਡਲ ਆਪਣੇ ਘਰ ਵਿੱਚ ਲਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ, "ਜਦੋਂ ਤੁਸੀਂ ਦੂਜਿਆਂ ਦੀ ਇਮਾਨਦਾਰੀ ਨਾਲ ਸੇਵਾ ਕਰਦੇ ਹੋ, ਤਾਂ ਤੁਹਾਨੂੰ ਉਸ ਦਾ ਨਤੀਜਾ ਵਾਪਸ ਮਿਲਦਾ ਹੈ।"

ਤਸਵੀਰ ਸਰੋਤ, Mandeep Kaur Sanghera OBE/Linkdin
ਔਰਤ ਸਸ਼ਕਤੀਕਰਨ ਤੇ ਬਰਾਬਰੀ ਲਈ ਕੰਮ ਕਰਨ ਵਾਲੇ- ਮਨਦੀਪ ਕੌਰ ਸੰਘੇੜਾ
ਮਨਦੀਪ ਕੌਰ ਸੰਘੇੜਾ ਨੇ ਆਪਣੇ ਪ੍ਰੋਗਰਾਮ 'ਫ਼ਾਂਈਡ ਯੂਅਰ ਮੋਜੋ' ਰਾਹੀਂ ਦੂਜਿਆਂ ਨੂੰ ਸਸ਼ਕਤੀਕਰਨ ਅਤੇ ਪ੍ਰੇਰਿਤ ਕਰਨ ਲਈ ਪੂਰੀ ਦੁਨੀਆ ਦੇ ਕਈ ਦੇਸ਼ਾਂ ਦਾ ਸਫ਼ਰ ਕੀਤਾ।
ਦੁਨੀਆਂ ਮਨਦੀਪ ਕੌਰ ਸੰਘੇੜਾ ਨੂੰ ਮੈਂਡੀ ਨਾਮ ਨਾਲ ਜਾਣਦੀ ਹੈ।
ਉਹ ਵਿਸ਼ਵ ਪੱਧਰ 'ਤੇ ਮਨੁੱਖੀ ਅਧਿਕਾਰਾਂ, ਲਿੰਗ ਬਰਾਬਰਤਾ ਅਤੇ ਸਮਾਜਿਕ ਨਿਆਂ ਦੇ ਖੇਤਰਾਂ ਵਿੱਚ ਨਵੀਨਤਾ, ਰਣਨੀਤਕ ਭਾਈਵਾਲੀ ਬਣਾਉਣ, ਐਡਵੋਕੇਸੀ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੇ ਹਨ।
ਮੈਂਡੀ ਇੱਕ ਕੌਮਾਂਤਰੀ ਮੋਟੀਵੇਸ਼ਨਲ ਸਪੀਕਰ ਹਨ ਜਿਨ੍ਹਾਂ ਨੇ ਦੂਜਿਆਂ ਨੂੰ ਆਪਣਾ ਮਕਸਦ ਲੱਭਣ ਅਤੇ ਕਿਸੇ ਕਿਸਮ ਦੇ ਸਦਮੇ ਵਿੱਚੋਂ ਉਭਰਣ ਦੀ ਕਲਾ ਤੋਂ ਜਾਣੂ ਕਰਵਾਉਣ ਲਈ ਕੰਮ ਕੀਤਾ।
ਪਿਛਲੇ 27 ਸਾਲਾਂ ਵਿੱਚ ਮੈਂਡੀ ਨੇ ਸੈਂਕੜੇ ਵਿਅਕਤੀਆਂ ਦੀ ਮਦਦ ਕੀਤੀ ਹੈ ਅਤੇ ਹੁਣ ਸੋਸ਼ਲ ਮੀਡੀਆ ਅਤੇ ਟੀਵੀ ਪ੍ਰੋਗਰਾਮਾਂ ਅਤੇ ਜਨਤਕ ਸਮਾਗਮਾਂ ਜ਼ਰੀਏ ਉਨ੍ਹਾਂ ਦੀ ਹਜ਼ਾਰਾਂ ਲੋਕਾਂ ਤੱਕ ਪਹੁੰਚ ਹੈ।
ਮੈਂਡੀ ਨਾਬਾਲਗ ਅਤੇ ਜ਼ਬਰਦਸਤੀ ਵਿਆਹਾਂ ਖ਼ਿਲਾਫ਼ ਆਵਾਜ਼ ਚੁੱਕਣ ਵਿੱਚ ਮੋਹਰੀ ਰਹੇ ਹਨ।
1995 ਵਿੱਚ ਬੀਜਿੰਗ ਕਾਨਫਰੰਸ ਦੇ ਨਤੀਜਿਆਂ ਤੋਂ ਪ੍ਰੇਰਿਤ, ਮੈਂਡੀ ਇੱਕ ਨਾਰੀਵਾਦੀ ਹਨ ਅਤੇ ਆਪਣੇ ਕਰੀਅਰ ਦੌਰਾਨ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਦੇ ਹੱਕ ਦੀ ਗੱਲ ਕਰਦੇ ਰਹੇ ਹਨ।

ਤਸਵੀਰ ਸਰੋਤ, Jet Bhujhangy/YT
ਬਲਬੀਰ ਸਿੰਘ ਖਾਨਪੁਰ
ਬਲਬੀਰ ਸਿੰਘ ਖਾਨਪੁਰ ਭੁਝੰਗੀ ਇੱਕ ਉੱਘੇ ਪੰਜਾਬੀ ਸੰਗੀਤਕਾਰ ਹਨ। ਉਨ੍ਹਾਂ ਨੇ 1967 ਵਿੱਚ ਸਮੈਥਵਿਕ ਵਿੱਚ ਭੁਝੰਗੀ ਮਿਊਜ਼ਿਕ ਗਰੁੱਪ ਦੀ ਸਥਾਪਨਾ ਕੀਤੀ ਸੀ।
ਉਨ੍ਹਾਂ ਨੂੰ ਹੁਣ ਬ੍ਰਿਟਿਸ਼ ਐਮਪਾਇਰ ਮੈਡਲ ਨਾਲ ਨਵਾਜ਼ਿਆ ਜਾਵੇਗਾ।
ਬਲਬੀਰ ਸਿੰਘ ਦਾ ਨਾਮ ਯੂਕੇ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਯਾਨੀ 55 ਸਾਲ ਤੋਂ ਵੀ ਵੱਧ ਸਮੇਂ ਲਈ ਇੱਕ ਭੰਗੜਾ ਕਲਾਕਾਰ ਵਜੋਂ ਸਰਗਰਮ ਰਹਿਣ ਬਦਲੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ।
ਬਲਬੀਰ ਦਾ ਸੰਗੀਤ ਰਵਾਇਤੀ ਪੰਜਾਬੀ ਧੁੰਨਾਂ ਨੂੰ ਆਧੁਨਿਕ ਪੱਛਮੀ ਸਟਾਇਲ ਵਿੱਚ ਪ੍ਰਸਤੁਤ ਕਰਦਾ ਹੈ। ਉਨ੍ਹਾਂ ਨੇ ਯੂਕੇ ਵਿੱਚ ਭੰਗੜੇ ਅਤੇ ਪੰਜਾਬੀ ਸੰਗੀਤ ਨੂੰ ਥਾਂ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਉਨ੍ਹਾਂ ਨੂੰ ਮਿਲਣ ਬਾਰੇ ਸਨਮਾਨ ਬਾਰੇ ਬਲਬੀਰ ਨੇ ਇੱਕ ਨਿੱਜੀ ਮੀਡੀਆ ਚੈਨਲ ਨੂੰ ਕਿਹਾ, "ਭੰਗੜੇ ਨਾਲ ਜੁੜੇ ਸੰਗੀਤ ਵਿੱਚ ਮੇਰੇ ਯੋਗਦਾਨ ਲਈ ਬ੍ਰਿਟਿਸ਼ ਐਮਪਾਇਰ ਮੈਡਲ ਹਾਸਿਲ ਕਰਨਾ ਮੇਰੇ ਲਈ ਇੱਕ ਵੱਡੀ ਸਨਮਾਨ ਵਾਲੀ ਗੱਲ ਹੈ।"
"ਭੰਗੜਾ ਮੇਰੀ ਜ਼ਿੰਦਗੀ ਦਾ ਜਨੂੰਨ ਹੈ ਇਸ ਨੂੰ ਕੌਮਾਂਤਰੀ ਸਟੇਜ ਉੱਤੇ ਦੇਖ ਕੇ ਮੈਨੂੰ ਖੁਸ਼ੀ ਮਿਲਦੀ ਹੈ। ਮੈਂ ਇਹ ਸਨਮਾਨ ਉਨ੍ਹਾਂ ਸਾਰਿਆਂ ਨੂੰ ਸਮਰਪਿਤ ਕਰਦਾ ਹਾਂ ਜਿਨ੍ਹਾਂ ਨੇ ਇਸ ਸਫ਼ਰ ਦੌਰਾਨ ਮੇਰਾ ਸਾਥ ਦਿੱਤਾ।"
ਉਨ੍ਹਾਂ ਆਸ ਜਤਾਈ ਕਿ ਆਉਣ ਵਾਲੀਆਂ ਪੀੜੀਆਂ ਪੰਜਾਬੀ ਸੰਗੀਤ ਨੂੰ ਜਿਉਂਦਾ ਰੱਖਣਗੀਆਂ।
ਇਸ ਤੋਂ ਇਲਾਵਾ ਮਨਿਸਟਰੀ ਆਫ਼ ਡਿਫ਼ੈਂਸ ਵਿੱਚ ਸੇਵਾਵਾਂ ਨਿਭਾਉਣ ਵਾਲੇ ਸਵਰਾਜ ਸਿੰਘ ਸਿੱਧੂ, ਕੰਪੀਟੀਟਿਵ ਲਾਅ ਲਈ ਪ੍ਰੀਤਮ ਸਿੰਘ ਧਨੋਆ ਅਤੇ ਸਤਵੰਤ ਕੌਰ ਦਿਓਲ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












