ਕਿੰਗ ਚਾਰਲਸ ਦੇ ਜਨਮ ਦਿਨ ਮੌਕੇ ਸਨਮਾਨਿਤ ਹੋਣ ਵਾਲਿਆਂ ’ਚ ਕੁਝ ਪੰਜਾਬੀ ਵੀ, ਕਿਨ੍ਹਾਂ ਸੇਵਾਵਾਂ ਲਈ ਮਿਲਦਾ ਹੈ ਸਨਮਾਨ

ਤਸਵੀਰ ਸਰੋਤ, Getty Images
ਕਿੰਗ ਚਾਰਲਸ III ਦੇ ਜਨਮ ਦਿਨ ਮੌਕੇ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸਖਸ਼ੀਅਤਾਂ ਦੀ ਸੂਚੀ ਵਿੱਚ 40 ਤੋਂ ਵੱਧ ਭਾਰਤੀ ਮੂਲ ਦੇ ਡਾਕਟਰ, ਕਾਰੋਬਾਰੀ ਆਗੂ ਅਤੇ ਭਾਈਚਾਰੇ ਲਈ ਕੰਮ ਕਰਨ ਵਾਲੇ ਸ਼ਾਮਿਲ ਹਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਮੌਕੇ ਕੁੱਲ 1,171 ਲੋਕ ਸਨਮਾਨ ਪ੍ਰਾਪਤ ਕਰਨਗੇ।
ਇਨ੍ਹਾਂ ਵਿੱਚੋਂ 52 ਫੀਸਦ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਲਈ ਸਵੈ ਇੱਛਾਂ ਨਾਲ ਸ਼ਾਨਦਾਰ ਕੰਮ ਕੀਤਾ ਹੈ ਜਦਕਿ 11 ਫੀਸਦ ਨਸਲੀ ਘੱਟ ਗਿਣਤੀ ਪਿਛੋਕੜ ਤੋਂ ਆਉਂਦੇ ਹਨ।
ਬ੍ਰਿਟੇਨ ਦੀ ਸਰਕਾਰ ਨੇ ਹਾਲ ਹੀ ਵਿੱਚ ਇਹਨਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ।

ਤਸਵੀਰ ਸਰੋਤ, PA
ਸਨਮਾਨਿਤ ਹੋਣ ਵਾਲੇ ਮੁੱਖ ਭਾਰਤੀ ਤੇ ਪੰਜਾਬੀ ਲੋਕ ਕੌਣ ਹਨ?
ਜਾਣਕਾਰੀ ਆਨੁਸਾਰ ਸਨਮਾਨਿਤ ਕੀਤੇ ਜਾਣ ਵਾਲਿਆਂ ਦੀ ਸੂਚੀ ਵਿੱਚ ਡਾਕਟਰ ਪਰਵਿੰਦਰ ਕੌਰ ਆਲੀ ਦਾ ਨਾਮ ਸ਼ਾਮਿਲ ਹੈ।
ਉਹਨਾਂ ਨੂੰ ਆਕਸਫੋਰਡ ਵੈਕਸੀਨ ਗਰੁੱਪ, ਯੂਨੀਵਰਸਿਟੀ ਆਫ ਆਕਸਫੋਰਡ ਗਲੋਬਲ ਆਪਰੇਸ਼ਨਜ਼ ਨੂੰ ਕੋਵਿਡ-19 ਦੌਰਾਨ ਟੀਕਾਕਰਨ ਲਈ ਕੀਤੀਆਂ ਸੇਵਾਵਾਂ ਲਈ ਅਫ਼ਸਰ ਆਫ਼ ਦਿ ਆਰਡਰ ਆਫ ਬ੍ਰਿਟਿਸ਼ ਐਂਪਾਇਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪ੍ਰੋਫੈਸਰ ਪ੍ਰੋਕਰ ਦਾਸਗੁਪਤਾ, ਫਾਊਂਡੇਸ਼ਨ ਪ੍ਰੋਫੈਸਰ ਆਫ਼ ਸਰਜਰੀ, ਕਿੰਗਜ਼ ਹੈਲਥ ਪਾਰਟਨਰਜ਼ ਅਤੇ ਕਿੰਗਜ਼ ਕਾਲਜ ਲੰਡਨ ਵਿੱਚ ਰੋਬੋਟਿਕ ਸਰਜਰੀ ਅਤੇ ਯੂਰੋਲੋਜੀਕਲ ਇਨੋਵੇਸ਼ਨ ਨੂੰ ਸਰਜਰੀ ਅਤੇ ਵਿਗਿਆਨ ਦੀਆਂ ਸੇਵਾਵਾਂ ਲਈ ਬੀਓਈ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਵੇਲਜ਼ ’ਚ ਔਰਤਾਂ ਦੀ ਸਿਹਤ ਅਤੇ ਭਲਾਈ ਲਈ ਸੇਵਾਵਾਂ ਲਈ ਸਲਾਹਕਾਰ ਗਾਇਨੀਕੋਲੋਜਿਸਟ ਅੰਜੂ ਕੁਮਾਰ ਲਈ ਓਬੀਈ, ਲੰਡਨ ਵਿੱਚ ਕਾਨੂੰਨ ਅਤੇ ਵਿਵਸਥਾ ਲਈ ਸੇਵਾਵਾਂ ਲਈ ਜ਼ਿਲ੍ਹਾ ਕਰਾਊਨ ਪ੍ਰੌਸੀਕਿਊਟਰ ਵਰਿੰਦਰ ਹੇਅਰ ਸ਼ਾਮਿਲ ਹਨ।
ਬਾਵਾ ਸਿੰਘ ਢੱਲੂ ਕੌਂਸਲਰ ਨੂੰ ਰਾਜਨੀਤਿਕ ਸੇਵਾਵਾਂ ਅਤੇ ਰੀਤੂ ਖੁਰਾਣਾ ਨੂੰ ਪ੍ਰਸਾਰਣ ਸੇਵਾਵਾਂ ਲਈ ਐੱਮਬੀਈ ਸਨਮਾਨ ਪ੍ਰਾਪਤ ਹੋਇਆ ਹੈ।
ਬ੍ਰਿਟਿਸ਼ ਐਂਪਾਇਰ ਮੈਡਲ ਪ੍ਰਾਪਤਕਰਤਾਵਾਂ ਵਿੱਚ ਸੁਪਰ ਕੂਲ ਫਰੈਂਡਜ਼ ਚੈਰਿਟੀ ਦੇ ਸੰਸਥਾਪਕ ਬਲਵੀਰ ਮੋਹਨ ਭੱਲਾ ਅਤੇ ਪਿਆਨੋਵਾਦਕ ਤੇ ਸੰਗੀਤਕਾਰ ਰਾਕੇਸ਼ ਚੌਹਾਨ ਦੇ ਨਾਮ ਸ਼ਾਮਿਲ ਹਨ।

ਤਸਵੀਰ ਸਰੋਤ, HUGO BURNAND/ ROYAL HOUSEHOLD 2023
ਸਨਮਾਨ ਲਈ ਨਾਵਾਂ ਦੀ ਚੋਣ ਕਿਵੇਂ ਹੁੰਦੀ ਹੈ?
ਜਿਆਦਾਤਰ ਸਨਮਾਨਾਂ ਦਾ ਐਲਾਨ ਨਵੇਂ ਸਾਲ ਜਾਂ ਫਿਰ ਰਾਜੇ ਦੇ ਜਨਮ ਦਿਨ ਮੌਕੇ ਹੁੰਦਾ ਹੈ।
ਇਹ ਅਵਾਰਡ ਰਾਜੇ ਵੱਲੋਂ ਪ੍ਰਧਾਨ ਮੰਤਰੀ ਜਾਂ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਸਿਫਾਰਿਸ਼ ’ਤੇ ਦਿੱਤੇ ਜਾਂਦੇ ਹਨ।
ਜਨਤਾ ਦੇ ਨੁਮਾਇੰਦੇ ਵੀ ਐਵਾਰਡ ਲਈ ਲਿਖ ਸਕਦੇ ਹਨ। ਇਸ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੇ ਜਨਤਕ ਜੀਵਨ ਵਿੱਚ ਪ੍ਰਾਪਤੀਆਂ ਕੀਤੀਆਂ ਹਨ ਜਾਂ ਬ੍ਰਿਟੇਨ ਦੀ ਸੇਵਾ ਅਤੇ ਸਹਾਇਤਾ ਕਰਨ ਲਈ ਦ੍ਰਿੜ ਹੋਣ।

ਬ੍ਰਿਟੇਨ ਦੇ ਸਨਮਾਨਾਂ ਬਾਰੇ ਖਾਸ ਗੱਲਾਂ:
- ਕਿੰਗ ਚਾਰਲਸ III ਦੇ ਜਨਮ ਦਿਨ ਮੌਕੇ ਕੁੱਲ 1,171 ਲੋਕ ਸਨਮਾਨ ਪ੍ਰਾਪਤ ਕਰਨਗੇ।
- ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਦੀ ਸੂਚੀ ਵਿੱਚ 40 ਤੋਂ ਵੱਧ ਭਾਰਤੀ ਲੋਕ ਸ਼ਾਮਿਲ ਹਨ।
- ਇਹਨਾਂ ਨੂੰ ਡਾਕਟਰੀ, ਕਾਰੋਬਾਰ ਅਤੇ ਭਾਈਚਾਰੇ ਲਈ ਕੰਮ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ।
- ਐਵਾਰਡ ਰਾਜੇ ਵੱਲੋਂ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਸਿਫਾਰਿਸ਼ ’ਤੇ ਦਿੱਤੇ ਜਾਂਦੇ ਹਨ।

ਕੀ ਨਾਮਜ਼ਦ ਵਿਅਕਤੀਆਂ ਦੀ ਜਾਂਚ ਕੀਤੀ ਜਾਂਦੀ ਹੈ?
ਸਨਮਾਨ ਲਈ ਲਾਈਨ ਵਿੱਚ ਲੱਗੇ ਲੋਕਾਂ ਦੀ ਆਨਰਜ਼ ਅਤੇ ਅਪੌਇੰਟਮੈਂਟ ਸਕੱਤਰੇਤ ਵੱਲੋਂ ਜਾਂਚ ਕੀਤੀ ਜਾਂਦੀ ਹੈ।
ਇਹ ਕੈਬਨਿਟ ਦਫ਼ਤਰ (ਇੱਕ ਸਰਕਾਰੀ ਵਿਭਾਗ) ਦਾ ਹਿੱਸਾ ਹੈ।
ਕੈਬਨਿਟ ਦਫ਼ਤਰ ਦੇ ਦੂਜੇ ਸਰਕਾਰੀ ਵਿਭਾਗਾਂ ਨਾਲ ਸਮਝੌਤੇ ਹਨ ਕਿ ਇਸ ਨੂੰ ਨਾਮਜ਼ਦ ਵਿਅਕਤੀਆਂ ਬਾਰੇ ਗੁਪਤ ਜਾਣਕਾਰੀ ਲੈਣ ਦੀ ਇਜਾਜ਼ਤ ਹੋਵੇਗੀ।
ਹਾਉਸ ਆਫ ਲਾਰਡਸ ਅਪੌਇੰਟਮੈਂਟ ਕਮਿਸ਼ਨ ਵੱਲੋਂ ਪੀਰੇਜ਼ ਦੀ ਜਾਂਚ ਕੀਤੀ ਜਾਂਦੀ ਹੈ।
ਇੱਕ ਸੰਸਦੀ ਅਤੇ ਰਾਜਨੀਤਿਕ ਸੇਵਾਵਾਂ ਦੀ ਕਮੇਟੀ ਸਿਆਸਤਦਾਨਾਂ ਅਤੇ ਰਾਜਨੀਤਿਕ ਸੇਵਾਵਾਂ ਲਈ ਸਨਮਾਨਾਂ ਨੂੰ ਮਾਨਤਾ ਦਿੰਦੀ ਹੈ।
ਹਾਲ ਹੀ ਦੇ ਸਾਲਾਂ ਵਿੱਚ, ਕੁਝ ਨਾਮਜ਼ਦ ਵਿਅਕਤੀਆਂ ਵੱਲੋਂ ਦਿੱਤੇ ਗਏ ਸਿਆਸੀ ਦਾਨ ਦੀ ਜਾਂਚ ਕੀਤੀ ਗਈ ਹੈ।
ਕੀ ਤੁਸੀਂ ਸਨਮਾਨ ਲੈਣ ਤੋਂ ਮਨਾ ਕਰ ਸਕਦੇ ਹੋ?
ਜਦੋਂ ਕਿਸੇ ਨੂੰ ਗੈਰ ਰਸਮੀ ਤੌਰ 'ਤੇ ਸਨਮਾਨ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਪੱਤਰ ਭੇਜਿਆ ਜਾਂਦਾ ਹੈ ਕਿ ਕੀ ਉਹ ਇਸ ਨੂੰ ਸਵੀਕਾਰ ਕਰਨਗੇ?
ਸਾਲ 1951 ਅਤੇ 1999 ਵਿਚਕਾਰ 277 ਲੋਕਾਂ ਨੇ ਸਨਮਾਨ ਠੁਕਰਾ ਦਿੱਤੇ ਸਨ। ਬਾਅਦ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ। ਇਹ ਜਾਣਕਾਰੀ ਬੀਬੀਸੀ ਦੀ ਸੂਚਨਾ ਦੀ ਆਜ਼ਾਦੀ ਤਹਿਤ ਜਨਤਕ ਕੀਤੀ ਗਈ ਸੀ।
ਇਹਨਾਂ ਵਿੱਚ ਲੇਖਕ ਰੋਲਡ ਡਾਹਲ, ਜੇਜੀ ਬੈਲਾਰਡ ਅਤੇ ਐਲਡੌਸ ਹਕਸਲੇ, ਚਿੱਤਰਕਾਰ ਫਰਾਂਸਿਸ ਬੇਕਨ, ਲੂਸੀਅਨ ਫਰਾਉਡ ਅਤੇ ਐਲਐਸ ਲੋਰੀ ਦੇ ਨਾਮ ਸ਼ਾਮਲ ਸਨ।
ਹੋਰ ਲੋਕ ਜਿਨ੍ਹਾਂ ਨੇ ਹਾਲ ਹੀ ਵਿੱਚ ਸਨਮਾਨ ਨੂੰ ਲੈਣ ਤੋਂ ਮਨਾ ਕੀਤਾ, ਉਹਨਾਂ ਵਿੱਚ ਡੇਵਿਡ ਬੋਵੀ, ਨਿਗੇਲਾ ਲਾਸਨ, ਡਾਨ ਫ੍ਰੈਂਚ ਅਤੇ ਜੈਨੀਫਰ ਸੌਂਡਰਸ ਸ਼ਾਮਲ ਹਨ।
ਕਿਹੜੇ-ਕਿਹੜੇ ਸਨਮਾਨ ਦਿੱਤੇ ਜਾਂਦੇ ਹਨ?
ਨਾਈਟਸ ਅਤੇ ਡੈਮਜ਼: ਨਾਈਟਹੁੱਡ ਦਾ ਸਨਮਾਨ ਮੱਧਯੁੱਗੀ ਬਹਾਦਰੀ ਦੇ ਦਿਨਾਂ ਤੋਂ ਦਿੱਤਾ ਜਾਂਦਾ ਹੈ।
ਨਾਈਟ ਨੂੰ "ਸਰ" ਅਤੇ ਉਹਨਾਂ ਦੀਆਂ ਪਤਨੀਆਂ ਨੂੰ "ਲੇਡੀ" ਕਿਹਾ ਜਾਂਦਾ ਹੈ।
ਸਨਮਾਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ "ਡੇਮ" ਕਿਹਾ ਜਾਂਦਾ ਹੈ ਪਰ ਪ੍ਰਸ਼ੰਸਾ ਨਹੀਂ ਮਿਲਦੀ।
ਇਹ ਸਨਮਾਨ ਗਤੀਵਿਧੀ ਦੇ ਕਿਸੇ ਵੀ ਖੇਤਰ ਵਿੱਚ ਉੱਘੇ ਯੋਗਦਾਨ ਲਈ ਦਿੱਤਾ ਜਾਂਦਾ ਹੈ।
ਬ੍ਰਿਟਿਸ਼ ਸਾਮਰਾਜ ਦੇ ਆਦੇਸ਼: ਕਿੰਗ ਜਾਰਜ ਪੰਜਵੇਂ ਨੇ ਇਹ ਸਨਮਾਨ ਪਹਿਲੇ ਵਿਸ਼ਵ ਯੁੱਧ ਦੌਰਾਨ ਘਰੇਲੂ ਨਾਗਰਿਕਾਂ ਅਤੇ ਸਹਾਇਤਾ ਅਹੁਦਿਆਂ 'ਤੇ ਸੇਵਾ ਵਾਲੇ ਕਰਮਚਾਰੀਆਂ ਵੱਲੋਂ ਜੰਗ ਲਈ ਸੇਵਾਵਾਂ ਵਾਸਤੇ ਇਨਾਮ ਲਈ ਬਣਾਏ ਸਨ।
ਇਹਨਾਂ ਵਿੱਚ ਕਮਾਂਡਰ (ਸੀਬੀਈ), ਅਫ਼ਸਰ (ਓਬੀਈ), ਅਤੇ ਮੈਂਬਰ (ਐੱਮਬੀਆ) ਸ਼ਾਮਿਲ ਹਨ।
ਹੁਣ ਇਹ ਸਨਮਾਨ ਪ੍ਰਮੁੱਖ ਰਾਸ਼ਟਰੀ ਜਾਂ ਖੇਤਰੀ ਭੂਮਿਕਾਵਾਂ ਅਤੇ ਸਰਗਰਮੀ ਦੌਰਾਨ ਖਾਸ ਖੇਤਰਾਂ ਵਿੱਚ ਵਿਲੱਖਣ ਜਾਂ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।
ਬ੍ਰਿਟਿਸ਼ ਸਾਮਰਾਜ ਮੈਡਲ: ਇਸ ਮੈਡਲ ਦੀ ਸਥਾਪਨਾ 1917 ਵਿੱਚ ਕੀਤੀ ਗਈ ਸੀ। ਇਹ ਨਾਗਰਿਕਾਂ ਜਾਂ ਫੌਜੀ ਕਰਮਚਾਰੀਆਂ ਵੱਲੋਂ "ਚੰਗੀਆਂ" ਕਾਰਵਾਈਆਂ ਲਈ ਦਿੱਤਾ ਜਾਂਦਾ ਸੀ।
ਕੰਜ਼ਰਵੇਟਿਵ ਪ੍ਰਧਾਨ ਮੰਤਰੀ ਜੌਹਨ ਮੇਜਰ ਨੇ 1993 ਵਿੱਚ ਇਸ ਨੂੰ ਰੱਦ ਕੀਤਾ ਸੀ ਪਰ ਬੀਈਐਮ ਸਾਲ 2012 ਵਿੱਚ ਮੁੜ ਸੁਰਜੀਤ ਕਰ ਦਿੱਤਾ ਗਿਆ ਸੀ।
ਰਾਇਲ ਵਿਕਟੋਰੀਅਨ ਮੈਡਲ: ਰਾਇਲ ਵਿਕਟੋਰੀਅਨ ਆਰਡਰ ਨਾਲ ਜੁੜਿਆ ਰਾਇਲ ਵਿਕਟੋਰੀਅਨ ਮੈਡਲ ਹੈ ਜਿਸ ਦੇ ਤਿੰਨ ਗ੍ਰੇਡ ਹਨ: ਸੋਨਾ, ਚਾਂਦੀ ਅਤੇ ਕਾਂਸੀ। ਸਰਕੂਲਰ ਮੈਡਲ ਆਰਡਰ ਦੇ ਰਿਬਨ ਨਾਲ ਜੁੜਿਆ ਹੋਇਆ ਹੈ।
ਰਾਇਲ ਰੈੱਡ ਕਰਾਸ: ਮਹਾਰਾਣੀ ਵਿਕਟੋਰੀਆ ਵੱਲੋਂ 1883 ਵਿੱਚ ਸਥਾਪਿਤ ਕੀਤਾ ਗਿਆ। ਇਹ ਪੁਰਸਕਾਰ ਨਰਸਿੰਗ ਸੇਵਾਵਾਂ ਤੱਕ ਸੀਮਤ ਹੈ।
ਕਿੰਗਜ਼ ਪੁਲਿਸ ਮੈਡਲ: ਪੁਲਿਸ ਫੋਰਸ ਵਿੱਚ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਦਿੱਤਾ ਜਾਂਦਾ ਹੈ।
ਕਿੰਗਜ਼ ਫਾਇਰ ਸਰਵਿਸ ਮੈਡਲ: ਇਹ ਫਾਇਰਫਾਈਟਰਜ਼ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਡਿਊਟੀ ਪ੍ਰਤੀ ਨਿਸ਼ਠਾ ਦਾ ਪ੍ਰਦਰਸ਼ਨ ਕੀਤਾ ਹੈ।
ਕਿੰਗਜ਼ ਐਂਬੂਲੈਂਸ ਸੇਵਾ ਮੈਡਲ: ਇਸ ਨਾਲ ਐਂਬੂਲੈਂਸ ਸੇਵਾ ਵਿੱਚ ਵਿਲੱਖਣ ਸੇਵਾ ਲਈ ਸਨਮਾਨਿਤ ਜਾਂਦਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












