ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੇ ਕਿਉਂ ਕਿਹਾ, ਅਮਰੀਕਾ ਕਾਰਨ ਭਾਰਤ ਦੇ ਸੁਰ ਬਦਲੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਬਾਰੇ ਇੱਕ ਵਾਰ ਫਿਰ ਆਪਣੇ ਦੇਸ਼ ਵਿੱਚ ਗੱਲ ਕੀਤੀ ਹੈ।

ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕਾ ਦੀ ਧਰਤੀ 'ਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤੀ ਨਾਗਰਿਕ ਦਾ ਨਾਂ ਆਉਣ ਤੋਂ ਬਾਅਦ ਕੈਨੇਡਾ ਪ੍ਰਤੀ ਭਾਰਤ ਦਾ ਰੁਖ਼ ਨਰਮ ਹੋ ਗਿਆ ਹੈ।

ਟਰੂਡੋ ਨੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, "ਮੈਨੂੰ ਲੱਗਦਾ ਹੈ ਕਿ ਇੱਕ ਸਮਝ ਬਣਨ ਦੀ ਇੱਕ ਸ਼ੁਰੂਆਤ ਹੋਈ ਹੈ। ਭਾਰਤ ਇਹ ਸਮਝਣ ਲੱਗਾ ਹੈ ਕਿ ਉਹ ਇਸ ਤਰ੍ਹਾਂ ਅੱਗੇ ਨਹੀਂ ਵਧ ਸਕਦਾ। ਹੁਣ ਸਹਿਯੋਗ ਵਿੱਚ ਇੱਕ ਕਿਸਮ ਦਾ ਖੁੱਲ੍ਹਾਪਣ ਹੈ, ਇਸ ਤੋਂ ਪਹਿਲਾਂ ਉਹ ਇੰਨੇ ਖੁੱਲ੍ਹੇ ਨਹੀਂ ਸਨ।"

ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਲੱਗਦਾ ਹੈ ਕਿ ਭਾਰਤ ਸਰਕਾਰ ਹੁਣ ਨਿਮਰਤਾ ਵਾਲਾ ਰਵੱਈਆ ਅਪਣਾਉਣ ਲਈ ਤਿਆਰ ਹੈ।

ਟਰੂਡੋ ਨੇ ਕਿਹਾ, "ਸ਼ਾਇਦ ਹੁਣ ਇਹ ਸਮਝ ਆ ਗਈ ਹੈ ਕਿ ਅਸੀਂ ਸਿਰਫ਼ ਕੈਨੇਡਾ 'ਤੇ ਹਮਲਾ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਪਾ ਸਕਦੇ।"

ਜਸਟਿਨ ਟਰੂਡੋ ਨੇ ਕਿਹਾ, "ਅਸੀਂ ਇਸ ਵੇਲੇ ਭਾਰਤ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਸਥਿਤੀ ਵਿੱਚ ਨਹੀਂ ਪੈਣਾ ਚਾਹੁੰਦੇ। ਅਸੀਂ ਇਸ 'ਤੇ ਕੰਮ ਕਰਨਾ ਚਾਹੁੰਦੇ ਹਾਂ।"

"ਅਸੀਂ ਇੰਡੋ-ਪੈਸੀਫਿਕ (ਹਿੰਦ-ਪ੍ਰਸ਼ਾਂਤ) ਰਣਨੀਤੀ 'ਤੇ ਅੱਗੇ ਵਧਣਾ ਚਾਹੁੰਦੇ ਹਾਂ, ਪਰ ਲੋਕਾਂ ਦੇ ਅਧਿਕਾਰਾਂ, ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੇ ਰਾਜ ਲਈ ਖੜ੍ਹੇ ਹੋਣਾ ਕੈਨੇਡਾ ਲਈ ਮਹੱਤਵਪੂਰਨ ਹੈ। ਇਹੀ ਅਸੀਂ ਕਰਨ ਜਾ ਰਹੇ ਹਾਂ।"

ਟਰੂਡੋ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਮਰੀਕਾ ਵੱਲੋਂ ਲਗਾਏ ਗਏ ਇਲਜ਼ਾਮਾਂ ਨੇ ਭਾਰਤ ਸਰਕਾਰ ਨੂੰ ਜ਼ਿਆਦਾ ਸ਼ਾਂਤ ਰੁਖ਼ ਅਪਣਾਉਣ ਲਈ ਰਾਜ਼ੀ ਕਰ ਲਿਆ ਹੈ।

ਅਜਿਹਾ ਅਹਿਸਾਸ ਹੈ ਕਿ ਸ਼ਾਇਦ ਕੈਨੇਡਾ ਵਿਰੁੱਧ ਲਗਾਤਾਰ ਹਮਲੇ ਕਰਨ ਨਾਲ ਇਹ ਸਮੱਸਿਆ ਹੱਲ ਨਹੀਂ ਹੋਣ ਵਾਲੀ।

ਟਰੂਡੋ ਨੇ ਸਤੰਬਰ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ ਨੂੰ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਇੱਕ ਭਾਰਤੀ ਏਜੰਟ ਦੀ ‘ਸੰਭਵ’ ਸ਼ਮੂਲੀਅਤ ਦੇ ਇਲਜ਼ਾਮ ਲਾਏ ਸਨ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਸੀ।

ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਸਨ। ਭਾਰਤ ਨੇ 2020 ਵਿੱਚ ਨਿੱਝਰ ਨੂੰ ਅੱਤਵਾਦੀ ਐਲਾਨ ਦਿੱਤਾ ਸੀ।

ਅਮਰੀਕਾ ਨੇ ਕੀ ਕਿਹਾ?

ਇਸ ਸਾਲ ਨਵੰਬਰ ਮਹੀਨੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਨਿਊਯਾਰਕ ਵਿੱਚ ਇੱਕ ਸਿੱਖ ਆਗੂ ਦੇ ਕਤਲ ਲਈ ਇੱਕ ਵਿਅਕਤੀ ਨੂੰ ਕਰੀਬ 83 ਲੱਖ ਰੁਪਏ ਦਾ ਠੇਕਾ ਦਿੱਤਾ ਸੀ।

ਅਮਰੀਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ, "ਨਿਖਿਲ ਗੁਪਤਾ ਨੂੰ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਤੋਂ ਨਿਰਦੇਸ਼ ਮਿਲੇ ਸਨ।" ਹਾਲਾਂਕਿ, ਇਸ ਕਰਮਚਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

ਇਸ ਮਾਮਲੇ ਵਿੱਚ ਭਾਰਤ ਨੇ ਉੱਚ ਪੱਧਰੀ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਅਮਰੀਕਾ ਨੇ ਭਾਰਤ ਦੇ ਇਸ ਕਦਮ ਦਾ ਸਵਾਗਤ ਕੀਤਾ ਸੀ।

ਭਾਵੇਂ ਵੱਖਵਾਦੀ ਸਿੱਖ ਆਗੂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਕੁਝ ਮੀਡੀਆ ਰਿਪੋਰਟਾਂ ਵਿੱਚ ਉਸ ਨੂੰ ਗੁਰਪਤਵੰਤ ਸਿੰਘ ਪੰਨੂ ਦੱਸਿਆ ਗਿਆ ਹੈ।

ਅਮਰੀਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਨਿਖਿਲ ਗੁਪਤਾ ਨੂੰ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਤੋਂ ਹਦਾਇਤਾਂ ਮਿਲੀਆਂ ਸਨ। ਮੀਡੀਆ ਰਿਪੋਰਟਾਂ 'ਚ ਨਿਖਿਲ ਗੁਪਤਾ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ।

ਨਵੰਬਰ ਦੇ ਅਖੀਰ ਵਿੱਚ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਲਜ਼ਾਮਾਂ ਵਿੱਚ ਕਿਸੇ ਵੀ ਭਾਰਤੀ ਅਧਿਕਾਰੀ ਦਾ ਨਾਮ ਨਹੀਂ ਲਿਆ ਗਿਆ ਸੀ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, "ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਮਰੀਕਾ ਨਾਲ ਦੁਵੱਲੇ ਸੁਰੱਖਿਆ ਸਹਿਯੋਗ 'ਤੇ ਗੱਲਬਾਤ ਦੌਰਾਨ, ਅਮਰੀਕੀ ਪੱਖ ਨੇ ਕੁਝ ਇਨਪੁਟ ਸਾਂਝੇ ਕੀਤੇ ਸਨ ਜੋ ਸੰਗਠਿਤ ਅਪਰਾਧੀਆਂ, ਅੱਤਵਾਦੀਆਂ, ਹਥਿਆਰਾਂ ਦੇ ਵਪਾਰੀਆਂ ਅਤੇ ਹੋਰਾਂ ਬਾਰੇ ਵੀ ਸਨ।"

"ਭਾਰਤ ਨੇ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਹੈ।"

ਅਮਰੀਕਾ ਦੇ ਜਿਸ ਨਿਖਿਲ ਗੁਪਤਾ ਨੂੰ ਮੁਲਜ਼ਮ ਬਣਾਇਆ, ਉਨ੍ਹਾਂ ਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ 'ਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ।

ਨਿਖਿਲ ਗੁਪਤਾ ਦੇ ਪਰਿਵਾਰ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਜਾਵੇ।

ਨਿਖਿਲ ਗੁਪਤਾ ਜੂਨ ਤੋਂ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਹਿਰਾਸਤ ਵਿੱਚ ਹੈ।

ਪੀਐੱਮ ਮੋਦੀ ਇਸ ਬਾਰੇ ਕੀ ਬੋਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਵੱਖਵਾਦੀ ਸਿੱਖ ਆਗੂ ਦੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮਾਂ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ।

ਪੀਐੱਮ ਨੇ ਕਿਹਾ ਕਿ ਉਹ ਸਬੂਤ ਦੇਖਣਗੇ ਪਰ ਕੁਝ ਘਟਨਾਵਾਂ ਭਾਰਤ-ਅਮਰੀਕਾ ਦੇ ਸਬੰਧਾਂ 'ਤੇ ਅਸਰ ਨਹੀਂ ਪਾ ਸਕਦੀਆਂ।

ਪੀਐੱਮ ਮੋਦੀ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਜੇਕਰ ਕੋਈ ਸਾਨੂੰ ਕਿਸੇ ਕਿਸਮ ਦੀ ਜਾਣਕਾਰੀ ਦਿੰਦਾ ਹੈ, ਤਾਂ ਅਸੀਂ ਇਸ 'ਤੇ ਇਸ ਜ਼ਰੂਰ ਗ਼ੌਰ ਕਰਾਂਗੇ। ਜੇਕਰ ਸਾਡੇ ਨਾਗਰਿਕਾਂ ਵਿੱਚੋਂ ਕਿਸੇ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ ਤਾਂ ਅਸੀਂ ਉਸ ਨੂੰ ਦੇਖਣ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਪ੍ਰਤੀ ਹੈ।"

ਗੁਰਪਤਵੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ ਦੇ ਮੁਖੀ ਹਨ। ਭਾਰਤ ਨੇ ਇਸ ਸੰਗਠਨ ਨੂੰ 'ਅੱਤਵਾਦੀ' ਸੰਗਠਨ ਐਲਾਨਿਆ ਹੋਇਆ ਹੈ।

ਪੀਐੱਮ ਮੋਦੀ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਹ ਭਾਰਤ ਤੋਂ ਬਾਹਰ ਵੱਖਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਬੇਹੱਦ ਚਿੰਤਤ ਹਨ।

ਉਨ੍ਹਾਂ ਕਿਹਾ, "ਇਹ ਵੱਖਵਾਦੀ ਤੱਤ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਧਮਕੀਆਂ ਦਿੰਦੇ ਹਨ ਅਤੇ ਹਿੰਸਾ ਲਈ ਭੜਕਾਉਂਦੇ ਹਨ।"

ਅਮਰੀਕਾ ਅਤੇ ਭਾਰਤ ਦੇ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, "ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਸਾਡੀ ਸਾਂਝੇਦਾਰੀ ਦੇ ਮਹੱਤਵਪੂਰਨ ਪਹਿਲੂ ਹਨ।"

ਪੀਐੱਮ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਨੂੰ ਦੋ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ।"

ਕੈਨੇਡਾ ਨੇ ਕੀ ਇਲਜ਼ਾਮ ਲਗਾਏ ਸਨ?

ਇਸ ਸਾਲ ਸਤੰਬਰ 'ਚ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਨੇ ਦੇਸ਼ ਦੀ ਸੰਸਦ 'ਚ ਭਾਰਤ 'ਤੇ ਗੰਭੀਰ ਇਲਜ਼ਾਮ ਲਗਾਏ ਸਨ।

ਟਰੂਡੋ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੀ ਗੱਲ ਕੀਤੀ ਸੀ।

ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ-ਇੱਕ ਕਰਕੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ ਸੀ। ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ।

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਦੱਸਿਆ ਸੀ ਕਿ ਕੈਨੇਡਾ ਨੇ ਆਪਣੇ ਇਲਜ਼ਾਮਾਂ ਦੇ ਸਮਰਥਨ ਵਿੱਚ ਭਾਰਤ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ।

ਅਮਰੀਕਾ ਵਿਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਜਦੋਂ ਭਾਰਤ ਦਾ ਨਾਂ ਆਇਆ ਤਾਂ ਭਾਰਤ ਸਰਕਾਰ ਦਾ ਪ੍ਰਤੀਕਰਮ ਵੱਖਰਾ ਨਜ਼ਰ ਆਇਆ।

ਭਾਰਤ ਨੇ ਇਸ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਹੈ। ਇਸ ਤੋਂ ਇਲਾਵਾ ਕਈ ਅਮਰੀਕਾ ਦੇ ਕਈ ਮੋਹਰੀ ਅਧਿਕਾਰੀ ਇਸ ਮਹੀਨੇ ਭਾਰਤ ਦਾ ਦੌਰਾ ਕਰ ਚੁੱਕੇ ਹਨ।

ਦੋਵਾਂ ਦੇਸ਼ਾਂ ਦੇ ਪ੍ਰਤੀ ਰੁਖ਼ ਵਿਚ ਅੰਤਰ ਨੂੰ ਸਪੱਸ਼ਟ ਕਰਦੇ ਹੋਏ ਐੱਸ ਜੈਸ਼ੰਕਰ ਨੇ ਕਿਹਾ ਸੀ, "ਕੈਨੇਡਾ ਅਤੇ ਅਮਰੀਕਾ ਦੇ ਮਾਮਲੇ ਵੱਖ-ਵੱਖ ਹਨ। ਅਮਰੀਕਾ ਨੇ ਸਾਨੂੰ ਸਬੂਤ ਮੁਹੱਈਆ ਕਰਵਾਏ ਹਨ।"

ਪਿਛਲੇ ਹਫ਼ਤੇ, ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ 'ਭਾਰਤ 'ਤੇ ਦਬਾਅ ਪਾਉਣ' ਅਤੇ ਕੈਨੇਡਾਈ ਜ਼ਮੀਨ 'ਤੇ ਭਵਿੱਖ ਵਿੱਚ ਅਜਿਹੇ ਹਮਲਿਆਂ ਨੂੰ ਰੋਕਣ ਲਈ ਕਈ ਦਿਨਾਂ ਤੱਕ ਕੀਤੇ ਗਏ ਕੂਟਨੀਤਕ ਯਤਨਾਂ ਵਿੱਚ ਅਸਫ਼ਲ ਰਹਿਣ ਮਗਰੋਂ, ਭਾਰਤ 'ਤੇ ਜਨਤਕ ਤੌਰ 'ਤੇ ਇਲਜ਼ਾਮ ਲਗਾਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)