ਅਮਰੀਕਾ ਵਿੱਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮਾਂ 'ਤੇ ਪਹਿਲੀ ਵਾਰ ਬੋਲੇ ਪੀਐੱਮ ਮੋਦੀ

ਅਮਰੀਕਾ ਵਿੱਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ।

ਪੀਐੱਮ ਦੀ ਮੋਦੀ ਨੇ ਇਲਜ਼ਾਮਾਂ ਬਾਰੇ ਕਿਹਾ ਕਿ ਜੇ ਸਬੂਤ ਮਿਲਣਗੇ ਤਾਂ ਉਹ 'ਦੇਖਣਗੇ' ਪਰ 'ਕੁਝ ਘਟਨਾਵਾਂ' ਕਾਰਨ ਅਮਰੀਕਾ ਅਤੇ ਭਾਰਤ ਦੇ ਰਿਸ਼ਤੇ 'ਤੇ ਅਸਰ ਨਹੀਂ ਪੈ ਸਕਦਾ ਹੈ।

ਇਸ ਦਾ ਜ਼ਿਕਰ ਉਨ੍ਹਾਂ ਨੇ ਫਾਈਨੈਂਸ਼ੀਅਲ ਟਾਈਮਜ਼ ਨਾਲ ਇੱਕ ਇੰਟਰਵਿਊ ਦੌਰਾਨ ਕੀਤਾ।

ਦਰਅਸਲ, ਨਵੰਬਰ ਦੇ ਅਖੀਰਲੇ ਹਫ਼ਤੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਸਿੱਖ ਵੱਖਵਾਦੀ ਆਗੂ ਦੇ ਕਤਲ ਦੀ ਕਥਿਤ ਸਾਜ਼ਿਸ ਰਚੀ ਗਈ ਸੀ ਅਤੇ ਉਨ੍ਹਾਂ ਇਸ ਯੋਜਨਾ ਪਿੱਛੇ ਕਿਸੇ ਭਾਰਤੀ ਅਧਿਕਾਰੀ ਤੇ ਇੱਕ ਭਾਰਤੀ ਨਿਖਿਲ ਗੁਪਤਾ ਦਾ ਹੱਥ ਹੋਣ ਦੇ ਇਲਜ਼ਾਮ ਲਾਏ ਸਨ।

ਭਾਰਤ ਨੇ ਇਸ ਮਾਮਲੇ ਦੀ ਇੱਕ ਕਮੇਟੀ ਬਣਾ ਕੇ ਜਾਂਚ ਕਰਨ ਦੀ ਗੱਲ ਕੀਤੀ ਸੀ।

ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਖ਼ਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ।

ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।

ਪੀਐੱਮ ਮੋਦੀ ਕੀ ਬੋਲੇ

ਫਾਇਨੈਨਸ਼ੀਅਲ ਟਾਈਮਜ਼ ਨਾਲ ਗੱਲਬਾਤ ਵਿੱਚ ਮੋਦੀ ਨੇ ਅੱਗੇ ਕਿਹਾ, "ਜੇਕਰ ਸਾਨੂੰ ਕੋਈ ਜਾਣਕਾਰੀ ਦਿੰਦਾ ਹੈ ਤਾਂ ਅਸੀਂ ਯਕੀਨੀ ਤੌਰ 'ਤੇ ਇਸ ਦੀ ਜਾਂਚ ਕਰਾਂਗੇ। ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ, ਤਾਂ ਅਸੀਂ ਇਸ ਦੀ ਜਾਂਚ ਕਰਨ ਲਈ ਤਿਆਰ ਹਾਂ। ਕਾਨੂੰਨ ਦੇ ਰਾਜ ਪ੍ਰਤੀ ਸਾਡੀ ਪੂਰੀ ਵਚਨਬੱਧਤਾ ਹੈ।"

ਮੋਦੀ ਨੇ ਕਿਹਾ ਕਿ ਭਾਰਤ 'ਵਿਦੇਸ਼ਾਂ 'ਚ ਸਥਿਤ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਬਹੁਤ ਚਿੰਤਤ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਇਹ ਤੱਤ, ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਵਿੱਚ, ਧਮਕਾਉਣ ਅਤੇ ਹਿੰਸਾ ਨੂੰ ਭੜਕਾਉਣ ਵਿੱਚ ਲੱਗੇ ਹੋਏ ਹਨ।"

ਇਸ ਕਾਰਨ ਭਾਰਤ-ਅਮਰੀਕਾ ਦੇ ਰਿਸ਼ਤੇ ਬਾਰੇ ਬੋਲਦਿਆਂ ਮੋਦੀ ਨੇ ਕਿਹਾ, "ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਦੋ-ਪੱਖੀ ਮਜ਼ਬੂਤ ਸਮਰਥਨ ਹੈ, ਜੋ ਇੱਕ ਪਰਿਪੱਕ ਅਤੇ ਸਥਿਰ ਸਾਂਝੇਦਾਰੀ ਦਾ ਸਪੱਸ਼ਟ ਸੰਕੇਤ ਹੈ।"

"ਸੁਰੱਖਿਆ ਅਤੇ ਦਹਿਸ਼ਤ ਵਿਰੋਧੀ ਸਹਿਯੋਗ ਸਾਡੀ ਸਾਂਝੇਦਾਰੀ ਦਾ ਮੁੱਖ ਹਿੱਸਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਨੂੰ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਜੋੜਨਾ ਉਚਿਤ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, "ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਅਸੀਂ ਬਹੁਪੱਖਵਾਦੀ ਦੌਰ 'ਚ ਰਹਿ ਰਹੇ ਹਾਂ। ਦੁਨੀਆਂ ਇੱਕ ਦੂਜੇ ਨਾਲ ਜੁੜੀ ਹੋਈ ਹੈ ਅਤੇ ਨਾਲ ਹੀ ਇੱਕ ਦੂਜੇ 'ਤੇ ਨਿਰਭਰ ਵੀ ਹੈ। ਇਹ ਹਕੀਕਤ ਸਾਨੂੰ ਇਹ ਮੰਨਣ ਲਈ ਮਜਬੂਰ ਕਰਦੀ ਹੈ ਕਿ ਸਾਰੇ ਮਾਮਲਿਆਂ 'ਤੇ ਪੂਰਨ ਸਮਝੌਤਾ ਸਹਿਯੋਗ ਲਈ ਜ਼ਰੂਰੀ ਨਹੀਂ ਹੋ ਸਕਦਾ।"

ਅਮਰੀਕਾ ਨੇ ਕੀ ਇਲਜ਼ਾਮ ਲਗਾਏ ਸਨ

ਅਮਰੀਕਾ ਨੇ ਇਸ ਸੰਬੰਧ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਇਲਜ਼ਾਮ ਲਾਇਆ ਗਿਆ ਸੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਕਿ ਨਿਖਿਲ ਗੁਪਤਾ ਨੂੰ ਅਜਿਹਾ ਕਰਨ ਲਈ ਕਿਸੇ ਭਾਰਤੀ ਅਧਿਕਾਰੀ ਨੇ ਹੁਕਮ ਦਿੱਤੇ ਸਨ।

ਉਸ 'ਤੇ ਸਾਜ਼ਿਸ਼ ਮੁਤਾਬਕ ਫਿਰੌਤੀ ਲੈ ਕੇ ਕਤਲ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਸਰਕਾਰੀ ਵਕੀਲਾਂ ਨੇ ਕਿਹਾ ਕਿ ਸਾਜ਼ਿਸ਼ ਭਾਰਤ ਵਿੱਚ ਰਚੀ ਗਈ ਸੀ।

ਅਦਾਲਤ ਦੇ ਦਸਤਾਵੇਜ਼ਾਂ ਵਿੱਚ ਹਾਲਾਂਕਿ ਉਸ ਕਥਿਤ ਸਿੱਖ ਵੱਖਵਾਦੀ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ ਹੈ ਜਿਸ ਦਾ ਕਤਲ ਕੀਤਾ ਜਾਣਾ ਸੀ।

ਪਰ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਉਹ ਹਰਦੀਪ ਸਿੰਘ ਨਿੱਝਰ ਦਾ ਸਾਥੀ ਸੀ। ਜ਼ਿਕਰਯੋਗ ਹੈ ਨਿੱਝਰ ਦਾ ਕੈਨੇਡਾ ਵਿੱਚ 18 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ।

ਭਾਰਤ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਅਮਰੀਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ‘ਚਿੰਤਾਜਨਕ’ ਹੈ, ਇਸਦੀ ਜਾਂਚ ਕਮੇਟੀ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਹੈ।

ਭਾਰਤ ਨੇ ਕਿਹਾ ਕਿ ਅਜਿਹੀ ਸਾਜ਼ਿਸ਼ ਉਨ੍ਹਾਂ ਦੀ ਸਰਕਾਰੀ ਨੀਤੀ ਨਹੀਂ ਹੈ ਅਤੇ ਉਹ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਨਹੀਂ ਬਣਾ ਰਹੇ।

ਕੈਨੇਡਾ ਦੇ ਇਲਜ਼ਾਮ

ਕੈਨੇਡਾ ਵਿੱਚ ਜੂਨ 2023 ਨੂੰ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਤ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਾਏ ਸਨ ਕਿ ਭਾਰਤ ਸਰਕਾਰ ਦੇ ਏਜੰਟਾਂ ਦੀ ਸਰੀ ’ਚ ਨਿੱਝਰ ਦੇ ਕਤਲ ’ਚ ਸ਼ਮੂਲੀਅਤ ਹੋ ਸਕਦੀ ਹੈ।

ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਇਹ ਕਿਹਾ ਸੀ ਟਰੂਡੋ ਸਰਕਾਰ ਨੂੰ ਕੈਨੇਡਾ ਵਿੱਚ ਅੱਤਵਾਦੀਆਂ ਤੇ ਸੰਗਠਿਤ ਅਪਰਾਧੀਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਹਾਲਾਂਕਿ, ਇਲਜ਼ਾਮਾਂ ਦਾ ਗੰਭੀਰ ਅਸਰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਦੇਖਣ ਨੂੰ ਮਿਲਿਆ ਹੈ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਕੂਟਨੀਤਕਾਂ ਨੂੰ ਦੇਸ਼ ਛੱਡਣ ਤੱਕ ਲਈ ਕਹਿ ਦਿੱਤਾ ਸੀ।

ਅਮਰੀਕਾ ਨੇ ਜਦੋਂ ਖਾਲਿਸਤਾਨੀ ਆਗੂ ਦੇ ਕਤਲ ਦੀ ਕੋਸ਼ਿਸ਼ ਵਿੱਚ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ ਸੀ ਤਾਂ ਭਾਰਤ ਨੇ ਇਸ ਨੂੰ ਚਿੰਤਾਜਨਕ ਦੱਸਿਆ ਸੀ।

ਪਰ ਜਦੋਂ ਸਤੰਬਰ ਮਹੀਨੇ ਵਿੱਚ ਕੈਨੇਡਾ ਨੇ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਭੂਮਿਕਾ ਹੋਣ ਦਾ ਇਲਜ਼ਾਮ ਲਾਇਆ ਸੀ ਤਾਂ ਭਾਰਤ ਨੇ ਇਸ ਨੂੰ ‘ਬੇਬੁਨਿਆਦ’ ਦੱਸਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)