ਯੂਕੇ : ਵਿਵਾਦਤ ਬਿਆਨ ਜਿਨ੍ਹਾਂ ਕਰਕੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰਾਵਰਮਨ ਦੀ ਸੂਨਕ ਨੇ ਛੁੱਟੀ ਕੀਤੀ

ਯੂਕੇ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰਾਵਰਮਨ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਅਹੁਦੇ ਉੱਤੋਂ ਹਟਾ ਦਿੱਤਾ ਗਿਆ ਹੈ।

ਸੁਏਲਾ ਬ੍ਰਾਵਰਮਨ ਨੂੰ ਹਟਾਉਣ ਪਿੱਛੇ ਉਨ੍ਹਾਂ ਪ੍ਰਤੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਉੱਤੇ ਪੈ ਰਿਹਾ ਸਿਆਸੀ ਤੇ ਸਮਾਜਿਕ ਦਬਾਅ ਦੱਸਿਆ ਜਾ ਰਿਹਾ ਹੈ।

ਸੁਏਲਾ ਉੱਤੇ ਸਿਰਫ਼ ਵਿਰੋਧੀ ਪਾਰਟੀਆਂ ਹੀ ਨਹੀਂ ਉਨ੍ਹਾਂ ਦੀ ਆਪਣੀ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਕਾਫ਼ੀ ਆਗੂ ਨਰਾਜ਼ ਚੱਲ ਰਹੇ ਸਨ।

ਸੁਏਲਾ ਦੇ ਪਰਵਾਸੀਆਂ, ਬੇਘਰਿਆ ਅਤੇ ਫਲਸਤੀਨ ਪੱਖ਼ੀਆਂ ਬਾਰੇ ਬਿਆਨਾਂ ਉੱਤੇ ਕਾਫ਼ੀ ਵਿਵਾਦ ਚੱਲ ਰਹੇ ਸਨ।

ਸੁਏਲਾ ਬ੍ਰਾਵਰਮਨ ਵੱਲੋਂ ਕੁਝ ਦਿਨ ਪਹਿਲਾਂ ਹੀ ਆਪਣੇ ਇੱਕ ਲੇਖ ਵਿੱਚ ਪੁਲਿਸ ‘ਤੇ ਫਲਸਤੀਨੀ ਪੱਖੀ ਪ੍ਰਦਰਸ਼ਨਕਾਰੀਆਂ ਉੱਤੇ ਨਰਮੀ ਵਰਤਣ ਦੇ ਇਲਜ਼ਾਮ ਲਾਏ ਗਏ ਸਨ। ਇਸ ਮਗਰੋਂ ਯੂਕੇ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।

ਸੁਏਲਾ ਦੇ ਮਾਤਾ ਪਿਤਾ ਭਾਰਤੀ ਮੂਲ ਦੇ ਹਨ।

ਗ੍ਰਹਿ ਮੰਤਰੀ ਦੇ ਅਹੁਦੇ ਉੱਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਕਿਹਾ, “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਸੀ।”

ਇਸ ਵੇਲੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਯੂਕੇ ਦੇ ਪੰਜ ਦਿਨਾਂ ਦੇ ਦੌਰੇ ਉੱਤੇ ਹਨ, ਕੈਬਨਿਟ ਵਿੱਚ ਵੱਡੇ ਬਦਲਾਅ ਦਾ ਫ਼ੈਸਲਾ ਇਸ ਦੌਰੇ ਤੋਂ ਠੀਕ ਪਹਿਲਾਂ ਲਿਆ ਗਿਆ ਸੀ।

ਸੁਏਲਾ ਬ੍ਰਾਵਰਮਨ ਬਾਰੇ ਖ਼ਾਸ ਗੱਲਾਂ

ਬ੍ਰਾਵਰਮਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੀ ਅਗਲੀ ਆਗੂ ਬਣਨ ਦੀ ਚਾਹ ਰੱਖਦੇ ਹਨ।

ਉਹ 2022 ਵਿੱਚ ਬੋਰਿਸ ਜੌਹਨਸਨ ਦੇ ਬਦਲ ਲਈ ਹੋਏ ਮੁਕਾਬਲੇ ਵਿੱਚੋਂ ਬਾਹਰ ਹੋ ਗਏ ਪਰ ਉਨ੍ਹਾਂ ਦੀ ਪਾਰਟੀ ਵਿੱਚ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਸਮਰਥਨ ਹਾਸਲ ਹੈ।

ਉਨ੍ਹਾਂ ਨੇ ਪਰਵਾਸੀਆਂ ਅਤੇ ਬੇਘਰਿਆਂ ਬਾਰੇ ਵੀ ਕਈ ਵਿਵਾਦਤ ਬਿਆਨ ਦਿੱਤੇ ਹਨ।

ਸੁਏਲਾ ਦੇ ਪੁਲਿਸ ਬਾਰੇ ਕਿਹੜੇ ਬਿਆਨ ‘ਤੇ ਛਿੜਿਆ ਸੀ ਵਿਵਾਦ

ਬ੍ਰਾਵਰਮਨ ਨੇ ਹਾਲ ਹੀ ਵਿੱਚ ‘ਟਾਈਮਜ਼’ ਅਖ਼ਬਾਰ ਵਿੱਚ ਛਪੇ ਆਪਣੇ ਲੇਖ ਵਿੱਚ ਮੈਟ੍ਰੋਪੌਲਿਟਨ ਪੁਲਿਸ ਉੱਤੇ ਪ੍ਰਦਰਸ਼ਨਕਾਰੀਆਂ ਨਾਲ ਨਾ-ਬਰਾਬਰੀ ਵਾਲਾ ਵਤੀਰਾ ਅਪਣਾਉਣ ਦੇ ਇਲਜ਼ਾਮ ਲਾਏ ਸਨ।

ਉਨ੍ਹਾਂ ਕਿਹਾ ਸੀ ਕਿ ਸੱਜੇ ਪੱਖੀ ਪ੍ਰਦਰਸ਼ਨਕਾਰੀਆਂ ਪ੍ਰਤੀ ਪੁਲਿਸ ਦਾ ਵਤੀਰਾ ਬਹੁਤ ਸਖ਼ਤ ਸੀ ਜਦਕਿ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਉੱਤੇ ਨਰਮੀ ਵਰਤੀ ਗਈ ਸੀ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਕਾਟਲੈਂਡ ਦੇ ਚੋਟੀ ਦੇ ਸਿਆਸਤਦਾਨ ਹਮਜ਼ਾ ਯੂਸਫ਼ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।

ਉਨ੍ਹਾਂ ਕਿਹਾ ਸੀ ਕਿ ਬ੍ਰਾਵਰਮਨ ਦੇ ਬਿਆਨ ਸਮਾਜ ਵਿੱਚ ਧੜ੍ਹੇਬੰਦੀ ਨੂੰ ਹੁਲਾਰਾ ਦੇਣ ਵਾਲੇ ਹਨ, ਉਨ੍ਹਾਂ ਕਿਹਾ ਕਿ ਸੁਏਲਾ ਆਪਣੇ ਬਿਆਨ ਨੂੰ ਜਾਇਜ਼ ਨਹੀਂ ਠਹਿਰਾ ਸਕਦੇ।

ਪਰਵਾਸੀਆਂ ਨੂੰ ਰਵਾਂਡਾ ਭੇਜਣ ਬਾਰੇ

ਬ੍ਰਾਵਰਮਨ ਨੇ ਯੂਕੇ ਵਿੱਚ ਸ਼ਰਨ ਲੈਣ ਲਈ ਆਉਣ ਵਾਲੇ ਪਰਵਾਸੀਆਂ ਨੂੰ ਰਵਾਂਡਾ ਭੇਜਣ ਦੀ ਯੋਜਨਾ ਦਾ ਭਰਵਾਂ ਸਮਰਥਨ ਕੀਤਾ ਸੀ।

ਉਨ੍ਹਾਂ ਕਿਹਾ ਸੀ ਕਿ ਇਹ ਯੂਕੇ ਵਿੱਚ ਹੁੰਦੇ ਗੈਰ ਕਾਨੂੰਨੀ ਪਰਵਾਸ ਨੂੰ ਰੋਕਣ ਵਿੱਚ ਸਹਾਈ ਹੋਵੇਗਾ।

ਜਦੋਂ ਪਰਵਾਸੀਆਂ ਨੂੰ ਰਵਾਂਡਾ ਭੇਜਣ ਵਾਲੇ ਹਵਾਈ ਜਹਾਜ਼ ਉੱਤੇ ਯੂਰਪੀਅਨ ਕੋਰਟ ਔਫ ਹਿਊਮਨ ਰਾਈਟਸ ਵੱਲੋਂ ਰੋਕ ਲਾਈ ਗਈ ਸੀ ਤਾਂ ਉਨ੍ਹਾਂ ਨੇ ਇਸ ਫ਼ੈਸਲੇ ਨੂੰ ‘ਨਾ ਕਬੂਲਣਯੋਗ’ ਦੱਸਿਆ ਸੀ।

ਬੇਘਰਿਆਂ ਬਾਰੇ ਕੀ ਕਿਹਾ ਸੀ

ਸੁਏਲਾ ਬ੍ਰਾਵਰਮਨ ਨੇ ਆਪਣੇ ਐਕਸ ਅਕਾਊਂਟ ਉੱਤੇ ਇਹ ਦਾਅਵਾ ਕੀਤਾ ਕਿ ਸੜਕਾਂ ਉੱਤੇ ਰਹਿਣ ਵਾਲੇ ਕੁਝ ਲੋਕ ਆਪਣੀ ਮਰਜ਼ੀ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਬੇਘਰੇ ਲੋਕਾਂ ਨੂੰ ਤੰਬੂ ਦਿੱਤੇ ਜਾਣ ਉੱਤੇ ਰੋਕ ਲਾਉਣ ਲਈ ਕਿਹਾ ਸੀ।

ਉਨ੍ਹਾਂ ਦੇ ਇਸ ਬਿਆਨ ਦਾ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਕੰਜ਼ਰਵੇਟਿਵ ਪਾਰਟੀਆਂ ਦੇ ਆਗੂਆਂ ਅਤੇ ਸੰਸਥਾਵਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ।

2018 ਵਿੱਚ ਕਰਵਾਇਆ ਸੀ ਵਿਆਹ

ਸੁਏਲਾ ਦਾ ਜਨਮ ਉੱਤਰ-ਪੱਛਮੀ ਲੰਡਨ ਦੇ ਹੈਰੌ ਵਿੱਚ ਹੋਇਆ ਅਤੇ ਉਨ੍ਹਾਂ ਦਾ ਸ਼ੁਰੂਆਤੀ ਸਮਾਂ ਵੈਂਬਲੇ ਦੇ ਨੇੜਲੇ ਇਲਾਕੇ ਵਿੱਚ ਲੰਘਿਆ।

ਉਨ੍ਹਾਂ ਦੇ ਭਾਰਤੀ ਮੂਲ ਦੇ ਪਿਤਾ ਕੀਨੀਆ ਤੋਂ ਲੰਡਨ ਆਏ ਸਨ ਜਦਕਿ ਉਨ੍ਹਾਂ ਦੀ ਮਾਂ ਮੌਰੇਸ਼ੀਅਸ ਤੋਂ ਆਏ ਸਨ।

ਉਨ੍ਹਾਂ ਦੀ ਮਾਂ ਇਕ ਨੈਸ਼ਨਲ ਹੈਲਥ ਸਰਵਿਸਸ ਵਿੱਚ ਨਰਸ ਸਨ ਅਤੇ ਐੱਮਪੀ ਦੀਆਂ ਚੋਣਾਂ ਵਿੱਚ ਵੀ ਲੜ ਚੁੱਕੇ ਹਨ

ਸੁਏਲਾ ਨੇ 2018 ਵਿੱਚ ਰੇਅਲ ਬ੍ਰਾਵਰਮਨ ਨਾਲ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਸੈਮ ਫ੍ਰਾਂਸਿਸ ਦੀ ਰਿਪੋਰਟ ਮੁਤਾਬਕ ਸੁਏਲਾ ਦਾ ਜਨਮ ਵੇਲੇ ਨਾਂਅ ਸੁਏ ਏਲਨ ਫਰਨਾਂਨਡਜ਼ ਰੱਖਿਆ ਗਿਆ ਸੀ। ਉਨ੍ਹਾਂ ਦਾ ਜਨਮ ਅਪ੍ਰੈਲ 1980 ਵਿੱਚ ਹੋਇਆ ਸੀ।

ਉਹ ਸ਼ੁਰੂ ਤੋਂ ਹੀ ਇੱਕ ਹੁਸ਼ਿਆਰ ਵਿਦਿਆਰਥੀ ਸਨ, ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਦੇ ਨਾਂਅ ਨੂੰ ਛੋਟਾ ਕਰਕੇ ਉਨ੍ਹਾਂ ਨੂੰ ਸੁਏਲਾ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।

ਸਿਆਸੀ ਸਫ਼ਰ

ਸੈਮ ਫ੍ਰਾਂਸਿਸ ਦੀ ਰਿਪੋਰਟ ਮੁਤਾਬਕ ਸੁਏਲਾ ਆਪਣੇ ਮਾਪਿਆਂ ਵੱਲੋਂ ਕੀਤੇ ਸੰਘਰਸ਼ ਬਾਰੇ ਬੋਲ ਚੁੱਕੀ ਹੈ।

ਉਹ ਕਹਿੰਦੇ ਸਨ ਕਿ ਉਨ੍ਹਾਂ ਦੇ ਮਾਪਿਆਂ ਦਾ ਸੰਘਰਸ਼ ਉਨ੍ਹਾਂ ਲਈ ਪ੍ਰੇਰਣਾਮਈ ਸੀ।

ਉਨ੍ਹਾਂ ਨੇ ਯੂਨੀਵਰਸਿਟੀ ਔਫ ਕੈਂਬਰਿਜ ਤੋਂ ਲਾਅ ਦੀ ਪੜ੍ਹਾਈ ਕੀਤੀ।

ਕੈਂਬਰਿਜ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਪੈਰਿਸ ਵਿੱਚ ਵੀ ਪੜ੍ਹਾਈ ਕੀਤੀ ਜਿੱਥੇ ਉਨ੍ਹਾਂ ਨੇ ਯੂਰਪੀਨ ਅਤੇ ਫਰੈਂਸ ਲਾਅ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਹਾਸਲ ਕੀਤੀ।

ਉਹ ਵਕਾਲਤ ਲਈ ਯੂਕੇ ਤੋਂ ਅਮਰੀਕਾ ਗਏ।

ਉਹ ਪਹਿਲੀ ਵਾਰ ਚੋਣਾ ਵਿੱਚ ਲੈਸਟਰ ਈਸਟ ਤੋਂ 2005 ਵਿੱਚ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣਾਂ ਵਿੱਚ ਖੜ੍ਹੇ ਹੋਏ ਪਰ ਹਾਰ ਗਏ ਸਨ।

ਉਹ 2015 ਵਿੱਚ ਮੈਂਬਰ ਪਾਰਲੀਮੈਂਟ ਵਜੋਂ ਚੁਣੇ ਗਏ ਸਨ ਅਤੇ ਜਲਦੀ ਹੀ ਯੂਰਪੀਅਨ ਯੂਨੀਅਨ, ਪ੍ਰਵਾਸ ਅਤੇ ਕਾਨੂੰਨ ਦੀ ਸਥਿਤੀ ਬਾਰੇ ਆਪਣੇ ਰਾਇ ਕਾਰਨ ਛੇਤੀ ਹੀ ਚਰਚਾ ਵਿੱਚ ਆ ਗਏ।

ਯੂਕੇ ਵੱਲੋਂ ਯੂਰਪੀਅਨ ਯੂਨੀਅਨ ਤੋਂ ਬਾਹਰ ਜਾਣ ਲਈ ਕਰਵਾਏ ਗਏ ਰਿਫਰੈਂਡਮ(ਰਾਇਸ਼ੁਮਾਰੀ) ਵੇਲੇ ਉਹ ਬ੍ਰੈਗਜ਼ਿਟ ਦੇ ਮਹਿਕਮੇ ਵਿੱਚ ਜੂਨੀਅਰ ਮੰਤਰੀ ਬਣੇ ਸਨ।

ਲਿਜ਼ ਟਰੱਸ ਵੇਲੇ ਦਿੱਤਾ ਸੀ ਅਸਤੀਫ਼ਾ

ਕੈਨੇਡਾ ਦੀ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਵੱਲੋਂ ਉਨ੍ਹਾਂ ਨੂੰ ਸਤੰਬਰ 2022 ਵਿੱਚ ਪ੍ਰਧਾਨ ਮੰਤਰੀ ਬਣਨ ਉੱਤੇ ਗ੍ਰਹਿ ਮੰਤਰੀ ਬਣਾਇਆ ਗਿਆ ਸੀ।

ਉਨ੍ਹਾਂ ਨੇ ਆਪਣੀ ਨਿੱਜੀ ਮੇਲ ਤੋਂ ਸਰਕਾਰੀ ਦਸਤਾਵੇਜ਼ ਕਿਸੇ ਨੂੰ ਭੇਜੇ ਸਨ, ਜੋ ਕਿ ਨਿਯਮਾਂ ਤੋਂ ਉਲਟ ਸੀ।

ਇਸ ਮਗਰੋਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ।

ਉਨ੍ਹਾਂ ਨੇ ਸਰਕਾਰ ਦੀ ਨਿੰਦਾ ਵੀ ਕੀਤੀ ਸੀ। ਉਨ੍ਹਾਂ ਕਿਹਾ ਸੀ, “ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ।”

ਛੇ ਦਿਨਾਂ ਬਾਅਦ ਰਿਸ਼ੀ ਸੂਨਕ ਨੇ ਉਨ੍ਹਾਂ ਨੂੰ ਦੁਬਾਰਾ ਗ੍ਰਹਿ ਮੰਤਰੀ ਬਣਾਇਆ ਸੀ।

ਬੁੱਧ ਧਾਰਮਿਕ ਗ੍ਰੰਥ ਦੀ ਖਾਧੀ ਸੀ ਸਹੁੰ

ਜਿਸ ਵੇਲੇ ਉਹ ਐੱਮਪੀ ਬਣੇ ਤਾਂ ਉਨ੍ਹਾਂ ਨੇ ਬੋਧ ਧਰਮ ਦੇ ਧਾਰਮਿਕ ਗ੍ਰੰਥ ਧਮਾਪਦ ਦੀ ਸਹੁੰ ਖਾਧੀ ਸੀ।

ਬੀਬੀਸੀ ਦੇ ਸਿਆਸੀ ਪੱਤਰਕਾਰ ਸੈਮ ਫ੍ਰਾਂਸਿਸ ਮੁਤਾਬਕ ਉਨ੍ਹਾਂ ਨੇ 2021 ਵਿੱਚ ਇਤਿਹਾਸ ਬਣਾਇਆ ਜਦੋਂ ਉਨ੍ਹਾਂ ਨੇ ਨਵੇਂ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ‘ਮੈਟਰਨਿਟੀ ਲੀਵ’ ਲਈ।

ਬੋਰਿਸ ਜੋਹਨਸਨ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਬ੍ਰਾਵਰਮਨ ਪਹਿਲੀ ਔਰਤ ਸਨ, ਜਿਨ੍ਹਾਂ ਨੇ ਇਹ ਐਲਾਨ ਕੀਤਾ ਕਿ ਉਹ ਵੀ ਪ੍ਰਧਾਨ ਮੰਤਰੀ ਬਣਨ ਦੇ ਮੁਕਾਬਲੇ ਵਿੱਚ ਸ਼ਾਮਲ ਹਨ।

ਕਿਉਂ ਕੱਢਿਆ ਗਿਆ ਕੈਬਨਿਟ ਵਿੱਚੋਂ ਬਾਹਰ

ਬੀਬੀਸੀ ਦੇ ਸਿਆਸੀ ਸੰਪਾਦਕ ਕ੍ਰਿਸ ਮੇਸਨ ਦੀ ਰਿਪੋਰਟ ਮੁਤਾਬਕ, ਰਿਸ਼ੀ ਸੂਨਕ ਦੇ ਨਜ਼ਰੀਏ ਤੋਂ ਵੇਖੀਏ ਤਾਂ ਉਨ੍ਹਾਂ ਨੇ ਇਹ ਫ਼ੈਸਲਾ ਆਪਣੀ ਸੋਚ ਨਾਲ ਮੇਲ ਖਾਂਦੇ ਲੋਕਾਂ ਨੂੰ ਆਪਣੇ ਨਾਲ ਰੱਖਣ ਲਈ ਲਿਆ ਹੋ ਸਕਦਾ ਹੈ।

ਕੈਬਨਿਟ ਵਿੱਚ ਬਦਲਾਅ ਕਰਕੇ ਉਨ੍ਹਾਂ ਨੇ ਲਿਜ਼ ਟਰੱਸ ਵੇਲੇ ਦੇ ਕਈ ਚਿਹਰੇ ਬਾਹਰ ਕੀਤੇ ਹਨ। ਕ੍ਰਿਸ ਮੇਸਨ ਮੁਤਾਬਕ ਰਿਸ਼ੀ ਸੂਨਕ ਅਤੇ ਡੇਵਿਡ ਕੈਮਰੂਨ ਵਿਚਕਾਰ ਗੱਲਬਾਤ ਹੁੰਦੀ ਰਹੀ ਹੈ।

ਉਹ ਲਿਖਦੇ ਹਨ ਕਿ ਸਰਕਾਰ ਨੇ ਸੁਏਲਾ ਤੋਂ ਛੁਟਕਾਰਾ ਇਸ ਲਈ ਲਿਆ ਕਿਉਂਕਿ ਉਹ ਉਨ੍ਹਾਂ ਤੋਂ ਤੰਗ ਹੋ ਗਏ ਸਨ।

ਸਰਕਾਰੀ ਨੀਤੀਆਂ ਬਾਰੇ ਉਨ੍ਹਾਂ ਦੀ ਰਿਸ਼ੀ ਸੂਨਕ ਨਾਲ ਕਈ ਮਾਮਲਿਆਂ ਬਾਰੇ ਸਹਿਮਤੀ ਸੀ ਪਰ ਉਨ੍ਹਾਂ ਵੱਲੋਂ ਵਰਤੀ ਜਾਂਦੀ ਭਾਸ਼ਾ ਅਤੇ ਇਸ ਬਾਰੇ ਵਿਵਾਦ ਸਰਕਾਰ ਨੂੰ ਠੀਕ ਨਹੀਂ ਲੱਗਦੇ ਸਨ।

ਇਨ੍ਹਾਂ ਵਿੱਚ ਸੁਏਲਾ ਵੱਲੋਂ ਟਾਈਮਜ਼ ਲਈ ਲਿਖਿਆ ਲੇਖ ਵੀ ਸੀ, ਜਿਸ ਬਾਰੇ ਸਰਕਾਰ ਦੀ ਪੂਰੀ ਮਨਜ਼ੂਰੀ ਨਹੀਂ ਸੀ।

ਸਾਬਕਾ ਪ੍ਰਧਾਨ ਮੰਤਰੀ ਦੀ ਵੀ ਹੋਈ ਵਾਪਸੀ

ਸੁਏਲਾ ਬ੍ਰਾਵਰਮਨ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਲਾਹੁਣ ਦੇ ਨਾਲ-ਨਾਲ ਰਿਸ਼ੀ ਸੂਨਕ ਵੱਲੋਂ ਆਪਣੀ ਕੈਬਨਿਟ ਵਿੱਚ ਹੋਰ ਵੀ ਵੱਡੇ ਬਦਲਾਅ ਕੀਤੇ ਗਏ ਹਨ।

ਸੁਏਲਾ ਦੀ ਥਾਂ ਉੱਤੇ ਗ੍ਰਹਿ ਮੰਤਰੀ ਰ ਦੇ ਅਹੁਦੇ ਉੱਤੇ ਜੇਮਸ ਕਲੈਵਰਲੀ ਆਏ ਹਨ।

ਉਨ੍ਹਾਂ ਨੇ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਵੀ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ।

ਡੇਵਿਡ ਕੈਮਰੂਨ ਜੇਮਸ ਕਲੈਵਰਲੀ ਦੀ ਥਾਂ ‘ਤੇ ਆਏ ਹਨ।

ਡੇਵਿਡ ਕੈਮਰੂਨ ਸੱਤ ਸਾਲਾਂ ਬਾਅਦ ਕੈਬਨਿਟ ਵਿੱਚ ਵਾਪਸੀ ਕਰ ਰਹੇ ਹਨ।

ਡੇਵਿਡ ਕੈਮਰੂਨ 1970 ਤੋਂ ਬਾਅਦ ਸਰਕਾਰ ਵਿੱਚ ਵਾਪਸੀ ਕਰਨ ਵਾਲੇ ਪਹਿਲੇ ਸਾਬਕਾ ਪ੍ਰਧਾਨ ਮੰਤਰੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)