You’re viewing a text-only version of this website that uses less data. View the main version of the website including all images and videos.
ਸ਼ਾਹਰੁਖ਼ ਖਾਨ ਤੇ ਦੀਪਕਾ ਪਾਦੂਕੌਨ ਦੀ ਪਠਾਨ ਫਿਲਮ ਦੇ ਗਾਣੇ ਬੇਸ਼ਰਮ ਰੰਗ ਉੱਤੇ ਕੀ ਉੱਠਿਆ ਵਿਵਾਦ
ਸ਼ੁਰੂ ਤੋਂ ਹੀ ਵਿਵਾਦਾਂ 'ਚ ਰਹੀ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਪਠਾਨ' ਇਕ ਵਾਰ ਫ਼ਿਰ ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ।
ਅਸਲ ’ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਵਾਲੀ ਫ਼ਿਲਮ ਪਠਾਨ ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੁੰਦੇ ਸਾਰ ਹੀ ਵਾਇਰਲ ਹੋ ਗਿਆ ਪਰ ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਫਿਲਮ ਦੇ ਬਾਈਕਾਟ ਦੀ ਮੰਗ ਵੀ ਉੱਠਣ ਲੱਗੀ।
ਗੀਤ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ’ਤੇ ਫ਼ਿਲਮਾਇਆ ਗਿਆ ਹੈ ਜਿਸ ਵਿੱਚ ਇੱਕ ਜਗ੍ਹਾ 'ਤੇ ਦੀਪਿਕਾ ਨੇ ਭਗਵੇਂ ਰੰਗ ਦੀ ਬਿਕਨੀ ਪਾਈ ਹੋਈ ਹੈ।
ਕੁਝ ਲੋਕਾਂ ਨੇ ਇਸ ਗੀਤ ਨੂੰ ਅਸ਼ਲੀਲ ਕਿਹਾ ਤੇ ਕੁਝ ਨੇ ਇਸ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ।
ਲੋਕਾਂ ਦਾ ਕਹਿਣਾ ਹੈ ਕਿ ਦੀਪਿਕਾ ਦੇ ਕੱਪੜਿਆਂ ਦਾ ਰੰਗ ਭਗਵਾ ਹੈ ਅਤੇ ਜਿਸ ਗੀਤ 'ਚ ਇਹ ਸੀਨ ਹੈ, ਉਸ ਦਾ ਨਾਂ 'ਬੇਸ਼ਰਮ ਰੰਗ' ਹੈ। ਭਗਵਾ ਰੰਗ ਅਕਸਰ ਹਿੰਦੂ ਧਰਮ ਦਾ ਪ੍ਰਤੀਕ ਸਮਝਿਆ ਜਾਂਦਾ ਹੈ।
ਟਵਿੱਟਰ ’ਤੇ ਦੀਪਿਕਾ ਦੀ ਅਦਾਕਾਰੀ ਦਾ ਵਿਰੋਧ
ਟਵਿੱਟਰ ਯੂਜ਼ਰਸ ਕਹਿ ਰਹੇ ਹਨ ਕਿ ਫ਼ਿਲਮ ਪਠਾਨ ਦਾ ਇਹ ਗੀਤ ਬਾਲੀਵੁੱਡ 'ਚ ਚਲਾਏ ਜਾ ਰਹੇ ਧਾਰਮਿਕ ਏਜੰਡੇ ਦੀ ਮਿਸਾਲ ਹੈ। ਕੁਝ ਯੂਜ਼ਰਸ ਦੀਪਿਕਾ ਪਾਦੂਕੋਣ ਨੂੰ ਜੇਐੱਨਯੂ ਗੈਂਗ ਦਾ ਮੈਂਬਰ ਵੀ ਕਹਿ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ, "ਬਾਲੀਵੁੱਡ ਫ਼ਿਲਮ ਪਠਾਨ ਦੀ ਅਦਾਕਾਰਾ ਜੇਐੱਨਯੂ ਗੈਂਗ ਦੀ ਮੈਂਬਰ ਦੀਪਿਕਾ ਪਾਦੁਕੋਣ ਅਤੇ ਸ਼ਾਹਰੁਖ ਖਾਨ, ਦੀਪਿਕਾ ਦੇ ਕੱਪੜਿਆਂ ਦਾ ਰੰਗ ਭਗਵਾ ਹੈ ਅਤੇ ਗੀਤ ਦਾ ਨਾਮ ਬੇਸ਼ਰਮ ਰੰਗ ਹੈ। ਇਸ ਲਈ ਮੈਂ ਫਿਲਮ ਦਾ ਬਾਈਕਾਟ ਕਰਦਾ ਹਾਂ।"
ਇਕ ਯੂਜ਼ਰ ਨੇ ਲਿਖਿਆ ਹੈ ਕਿ ਬੇਸ਼ਰਮ ਰੰਗ ਦਾ ਗੀਤ ਦੇਖ ਕੇ ਉਨ੍ਹਾਂ ਨੂੰ ਲੱਗਾ ਕਿ ਦੀਪਿਕਾ ਇਸ ਤੋਂ ਬਿਹਤਰ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਦੀਪਿਕਾ ਗੀਤ 'ਚ ਡਾਂਸ ਮੂਵਜ਼ ਦੇ ਨਾਂ 'ਤੇ ਜੋ ਕਰ ਰਹੀ ਹੈ, ਉਹ ਖੂਬਸੂਰਤ ਨਹੀਂ ਹੈ। ਦੀਪਿਕਾ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਚ ਡਾਂਸ ਕਰ ਚੁੱਕੀ ਹੈ, ਜਿਸ 'ਚ ਉਸ ਨੇ ਘੱਟ ਕੱਪੜੇ ਵੀ ਪਹਿਨੇ ਹਨ ਅਤੇ ਉਹ ਖੂਬਸੂਰਤ ਲੱਗ ਰਹੀ ਹੈ। ਪਰ ਉਸ ਨੇ ਪਠਾਨ ਵਿੱਚ ਜੋ ਕੀਤਾ ਉਹ ਅਸ਼ਲੀਲ ਹੈ।
ਇੱਕ ਯੂਜ਼ਰ ਨੇ ਕਿਹਾ ਹੈ ਕਿ 2020 ਵਿੱਚ ਦੀਪਿਕਾ ਪਾਦੂਕੋਣ ਖੱਬੇਪੱਖੀਆਂ ਦਾ ਸਮਰਥਨ ਕਰਨ ਲਈ ਜੇਐੱਨਯੂ ਗਈ ਸੀ। ਕੋਈ ਦਫ਼ਤਰ ਵਿਚ ਹਵਨ ਪੂਜਾ ਕਰ ਰਿਹਾ ਹੈ ਤਾਂ ਅਤੇ ਕੋਈ ਟਿੱਕਾ ਲਗਾ ਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਰਿਹਾ ਹੈ ਉਹ ਸਭ ਜੋ ਕਿ ਉਨ੍ਹਾਂ ਦੀ ਕਿਤਾਬ ਵਿੱਚ ਵਰਜਿਤ ਹੈ।
ਭਾਜਪਾ ਵਰਕਰ ਅਰੁਣ ਯਾਦਵ ਨੇ ਵੀ ਲਿਖਿਆ ਕਿ ਭਗਵੇਂ ਰੰਗ ਦਾ ਪਹਿਰਾਵਾ ਪਹਿਨਾਈ ਤੇ ਗਾਣੇ ਦਾ ਨਾਂ ਬੇਸ਼ਰਮ ਰੰਗ ਰੱਖਿਆ ਦਿੱਤਾ।
ਸਭਿਆਚਾਰ ਦੇ ਨਾਮ ’ਤੇ ਸਾਫ਼ਟ ਪੋਰਨ ਦਿਖਾਉਣ ਦੇ ਇਲਜ਼ਾਮ
ਸ਼ਾਨਵੀ ਨਾਮ ਦੀ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਬੇਸ਼ਰਮ ਰੰਗ ਗਾਣੇ ਵਿੱਚ ਦੀਪਿਕਾ ਪਾਦੂਕੋਨ ਨੇ ਭੰਗਵਾਂ ਰੰਗ ਦੇ ਕੱਪੜੇ ਪਹਿਨੇ ਹੋਏ ਹਨ ਤੇ ਉਹ ਅਸ਼ਲੀਲ ਹਰਕਤਾਂ ਕਰਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਜਾਣਬੁੱਝ ਕੇ ਹਿੰਦੂ ਧਰਮ ਦੇ ਪਵਿੱਤਰ ਰੰਗ ਦਾ ਮਜ਼ਾਕ ਬਣਾ ਰਿਹਾ ਹੈ।
ਸੌਰਬ ਸਿੰਘ ਨਾਂ ਦੇ ਯੂਜ਼ਰ ਨੇ ਦੋ ਤਸਵੀਰਾਂ ਸ਼ੇਅਰ ਕਰਦਿਆਂ ਦੱਸਿਆ ਹੈ ਕਿ ਪਠਾਨ ਫਿਲਮ 'ਚ ਔਰਤਾਂ ਕਿਵੇਂ ਦਿਖਾਈ ਦਿੰਦੀਆਂ ਹਨ ਅਤੇ ਅਸਲ 'ਚ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਤੁਹਾਨੂੰ ਬਿਲਕੁਲ ਉਲਟ ਚੀਜ਼ਾਂ ਦਿਖਾ ਕੇ ਪੈਸਾ ਕਮਾਉਣਾ ਚਾਹੁੰਦੇ ਹਨ।
ਸੌਰਬ ਸਿੰਘ ਕਹਿੰਦੇ ਹਨ ਕਿ ਇਸਲਾਮ ਦੀ ਵਡਿਆਈ ਕਰਨਾ ਅਤੇ ਹਿੰਦੂਆਂ ਦਾ ਮਜ਼ਾਕ ਉਡਾਉਣਾ ਹੁਣ ਕੰਮ ਨਹੀਂ ਕਰੇਗਾ।
ਇਕ ਹੋਰ ਯੂਜ਼ਰ ਨੇ ਦੋਸ਼ ਲਗਾਇਆ ਹੈ ਕਿ ਬਾਲੀਵੁੱਡ ਪਠਾਨ ਦੇ ਜ਼ਰੀਏ ਸਾਫ਼ਟ ਪੋਰਨ ਪਰੋਸਿਆ ਜਾ ਰਿਹਾ ਹੈ।
ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਹੈ ਕਿ ਫ਼ਿਲਮ ਪਠਾਨ ਵਿੱਚ ਹਿੰਦੂ ਕੁੜੀਆਂ ਨੂੰ ਅਸ਼ਲੀਲ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਲਈ ਸੈਂਸਰ ਬੋਰਡ ਨੂੰ ਫ਼ਿਲਮ ਨੂੰ ਪਾਸ ਨਹੀਂ ਕਰਨਾ ਚਾਹੀਦਾ।
ਇਕ ਹੋਰ ਨੇ ਲਿਖਿਆ ਕਿ ਇੱਕ ਪਾਸੇ ਸ਼ਾਹਰੁਖ ਖਾਨ ਮਾਤਾ ਵੈਸ਼ਨੋ ਦੇਵੀ ਜਾ ਰਹੇ ਹਨ, ਦੂਜੇ ਪਾਸੇ ਭਗਵੇਂ ਨੂੰ ਬੇਸ਼ਰਮ ਰੰਗ ਦੱਸਦੇ ਹੋਏ ਅਸ਼ਲੀਲ ਦ੍ਰਿਸ਼ ਫ਼ਿਲਮਾ ਰਹੇ ਹਨ।
ਦੀਪਿਕਾ ਦੇ ਹੱਕ ਵਿੱਚ ਆਈਆਂ ਆਵਾਜ਼ਾਂ
ਕੁਝ ਯੂਜ਼ਰਸ ਅਜਿਹੇ ਹਨ ਜੋ ਦੀਪਿਕਾ ਪਾਦੁਕੋਣ ਦੀ ਆਲੋਚਨਾ ਦੇ ਖਿਲਾਫ ਬੋਲ ਰਹੇ ਹਨ।
ਟਵਿੱਟਰ ਦੇ ਮਸ਼ਹੂਰ ਪੈਰੋਡੀ ਅਕਾਊਂਟ ਨਿਮੋ ਤਾਈ ਨੇ ਲਿਖਿਆ, "ਕਰਨਾਟਕ ਵਿੱਚ ਹਿਜਾਬ ਪਹਿਨਣ ਲਈ ਕੁੜੀਆਂ ਦੀ ਆਲੋਚਨਾ ਹੁੰਦੀ ਹੈ। ਦੀਪਿਕਾ ਪਾਦੂਕੋਣ ਨੂੰ ਬਿਕਨੀ ਪਹਿਨਣ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿੱਚ ਸੰਘੀਆਂ ਨੂੰ ਹਰ ਉਸ ਔਰਤ ਨਾਲ ਸਮੱਸਿਆ ਹੁੰਦੀ ਹੈ, ਜੋ ਆਪਣੇ ਮਰਜ਼ੀ ਨਾਲ ਤੁਰਦੀ ਹੈ।"
ਦੀਪਿਕਾ ਨੂੰ ਜੇਐੱਨਯੂ ਦੇ ਨਾਮ ’ਤੇ ਟ੍ਰੋਲ ਕਿਉਂ ਕੀਤਾ ਗਿਆ
ਜਨਵਰੀ 2020 ਵਿੱਚ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਇਮਾਰਤ ਅੰਦਰ ਕੁਝ ਨਕਾਬਪੋਸ਼ ਲੋਕਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਥੇ ਭੰਨਤੋੜ ਵੀ ਕੀਤੀ।
ਇਸ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵਿਦਿਆਰਥੀਆਂ ਅਤੇ ਮਨੁੱਖੀ ਅਧਿਕਾਰ ਸਮਰਥਕਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਰੋਸ ਪ੍ਰਦਰਸ਼ਨ ਕੀਤੇ।
ਉਸ ਸਮੇਂ ਦੀਪਿਕਾ ਪਾਦੂਕੋਣ ਵੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪਹੁੰਚੀ ਅਤੇ ਹਮਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਲਈ ਆਪਣਾ ਸਮਰਥਨ ਜ਼ਾਹਰ ਕੀਤਾ।
ਦੀਪਿਕਾ ਉਸ ਸਮੇਂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਵੀ ਮਿਲੀ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸਨ।
ਹਾਲਾਂਕਿ ਦੀਪਿਕਾ ਪਾਦੁਕੋਣ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਿਤ ਨਹੀਂ ਕੀਤਾ ਤੇ ਉਹ ਕੁਝ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਵਾਪਸ ਪਰਤ ਗਈ।
ਉਸ ਸਮੇਂ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਰਿਲੀਜ਼ ਹੋਣ ਵਾਲੀ ਸੀ।
ਲੋਕਾਂ ਨੇ ਉਸ ਦੇ ਜੇਐੱਨਯੂ ਪਹੁੰਚਣ ਨੂੰ ਫ਼ਿਲਮ ਦੇ ਪ੍ਰਚਾਰ ਨਾਲ ਜੋੜਿਆ ਅਤੇ ਉਸ ਸਮੇਂ ਫ਼ਿਲਮ ਛਪਾਕ ਦੇ ਬਾਈਕਾਟ ਦੀ ਮੰਗ ਵੀ ਹੋਣ ਲੱਗੀ ਸੀ।
ਉਮਰਾਹ ਤੋਂ ਬਾਅਦ ਸ਼ਾਹਰੁਖ਼ ਖ਼ਾਨ ਵੈਸ਼ਨੋ ਦੇਵੀ ਮੰਦਰ ਪਹੁੰਚੇ ਸਨ
ਆਪਣੀ ਫ਼ਿਲਮ ਪਠਾਨ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਰਹਿਣ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਹਾਲ ਹੀ ਵਿੱਚ ਉਮਰਾਹ ਕਰਨ ਮੱਕਾ ਜਾ ਕੇ ਆਏ ਹਨ।
ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ।
ਇਸ ਤੋਂ ਬਾਅਦ ਕੁਝ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਸ਼ਾਹਰੁਖ ਖ਼ਾਨ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵੀ ਗਏ ਸਨ। ਹਾਲਾਂਕਿ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ 'ਚ ਸ਼ਾਹਰੁਖ ਖਾਨ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਕੁਝ ਸੋਸ਼ਲ ਮੀਡੀਆ ਯੂਜ਼ਰਸ ਸ਼ਾਹਰੁਖ ਦੇ ਉਮਰਾਹ ਅਤੇ ਫ਼ਿਰ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਨੂੰ ਫ਼ਿਲਮ ਦੇ ਪ੍ਰਮੋਸ਼ਨ ਨਾਲ ਜੋੜ ਰਹੇ ਹਨ।
ਸ਼ਾਹਰੁਖ ਖਾਨ ਚਾਰ ਸਾਲ ਬਾਅਦ ਫ਼ਿਲਮ ਪਠਾਨ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਪਠਾਨ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।