You’re viewing a text-only version of this website that uses less data. View the main version of the website including all images and videos.
ਅਤੀਕ ਅਹਿਮਦ ਤੇ ਉਸ ਦੇ ਭਰਾ ਦਾ ਪੁਲਿਸ ਹਿਰਾਸਤ ’ਚ ਗੋਲ਼ੀਆਂ ਮਾਰ ਕੇ ਕਤਲ
- ਲੇਖਕ, ਅਨੰਤ ਝਣਾਣੇ
- ਰੋਲ, ਬੀਬੀਸੀ ਪੱਤਰਕਾਰ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸਾਬਕਾ ਸੰਸਦ ਮੈਂਬਰ ਅਤੇ ਬਾਹੁਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੂਬਾ ਪੁਲਿਸ ਨੇ ਇਸ ਕਤਲ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਮੁਤਾਬਕ, ਹਮਲਾਵਰ ਪੱਤਰਕਾਰ ਬਣ ਕੇ ਆਏ ਸਨ ਅਤੇ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲਾਵਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਅਤੀਕ ਅਹਿਮਦ ਉੱਤਰ ਪ੍ਰਦੇਸ਼ ਤੋਂ ਪੰਜ ਵਾਰ ਵਿਧਾਇਕ ਤੇ ਇੱਕ ਵਾਰ ਸਾਂਸਦ ਰਹੇ ਹਨ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਰਮਿਤ ਸ਼ਰਮਾ ਨੇ ਕਿਹਾ, "ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੈਡੀਕਲ ਲਈ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਇਹ ਘਟਨਾ ਵਾਪਰੀ ਹੈ।"
ਪੁਲਿਸ ਕਮਿਸ਼ਨਰ ਅਨੁਸਾਰ, "ਪੱਤਰਕਾਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਨਾਲ ਗੱਲ ਕਰ ਰਹੇ ਸਨ, ਇਸੇ ਦੌਰਾਨ ਪੱਤਰਕਾਰ ਬਣ ਕੇ ਆਏ ਹਮਲਾਵਰਾਂ ਨੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ। ਤਿੰਨੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"
ਇਹ ਹਮਲਾ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ ਅਤੇ ਇਸ ਦੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਇਨ੍ਹਾਂ ਵੀਡੀਓਜ਼ ਵਿੱਚ ਅਤੀਕ ਅਤੇ ਉਸ ਦੇ ਭਰਾ ਅਸ਼ਰਫ਼ ਦੁਆਲੇ ਸੁਰੱਖਿਆ ਦਾ ਘੇਰਾ ਦਿਖਾਈ ਦਿੰਦਾ ਹੈ ਪਰ ਫਿਰ ਅਚਾਨਕ ਹਮਲਾਵਰ ਅਤੀਕ ਦੇ ਬਿਲਕੁਲ ਨੇੜੇ ਆ ਕੇ ਉਸ ਦੇ ਸਿਰ ਵਿੱਚ ਗੋਲ਼ੀ ਮਾਰਦਾ ਹੈ ਅਤੇ ਫਿਰ ਉਸ ਦੇ ਭਰਾ 'ਤੇ ਵੀ ਗੋਲ਼ੀਆਂ ਚਲਾਈਆਂ ਜਾਂਦੀਆਂ ਹਨ।
ਇਸ ਦੌਰਾਨ ਪੁਲਿਸ ਵੱਲੋਂ ਕੋਈ ਕਾਰਵਾਈ ਹੁੰਦੀ ਨਹੀਂ ਦਿਖਾਈ ਦੇ ਰਹੀ।
ਅਤੀਕ ਅਹਿਮਦ ਅਤੇ ਅਸ਼ਰਫ ਡਾਕਟਰੀ ਜਾਂਚ ਲਈ ਕੋਲਵਿਨ ਹਸਪਤਾਲ ਲਿਆਂਦਾ ਜਾ ਰਿਹਾ ਸੀ, ਜਦੋਂ ਇਹ ਹਮਲਾ ਹੋਇਆ।
ਪੱਤਰਕਾਰਾਂ ਦੇ ਰੂਪ ਵਿੱਚ ਆਏ ਹਮਲਾਵਰਾਂ ਨੇ ਹਸਪਤਾਲ ਦੇ ਬਿਲਕੁਲ ਨੇੜੇ ਪੁਲਿਸ ਦੇ ਘੇਰੇ 'ਚ ਚੱਲ ਰਹੇ ਅਤੀਕ ਅਤੇ ਅਸ਼ਰਫ 'ਤੇ ਨੇੜਿਓਂ ਗੋਲ਼ੀਆਂ ਚਲਾਈਆਂ ਅਤੇ ਉਸ ਦੀ ਮੌਤ ਤੋਂ ਬਾਅਦ ਧਾਰਮਿਕ ਨਾਅਰੇਬਾਜ਼ੀ ਕੀਤੀ।
ਪੁਲਿਸ ਅਨੁਸਾਰ, ਇਸ ਘਟਨਾ ਵਿੱਚ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਅਤੇ ਇੱਕ ਪੱਤਰਕਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲਿਸ ਮੁਤਾਬਕ, ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਹਮਲੇ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਉੱਚ ਪੱਧਰੀ ਬੈਠਕ ਕੀਤੀ ਹੈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਵੀ ਐਲਾਨ ਕੀਤਾ ਗਿਆ ਹੈ।
ਇਸ ਹਮਲੇ ਤੋਂ ਬਾਅਦ ਪੁਲਿਸ ਨੇ ਹਸਪਤਾਲ ਦੇ ਆਲੇ-ਦੁਆਲੇ ਦੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ।
ਕਤਲ ਕਿਵੇਂ ਹੋਇਆ?
ਅਤੀਕ ਅਹਿਮਦ ਨੂੰ ਪੁਲੀਸ ਸੁਰੱਖਿਆ ਹੇਠ ਕਾਰ ਵਿੱਚੋਂ ਬਾਹਰ ਕੱਢ ਕੇ ਡਾਕਟਰੀ ਜਾਂਚ ਲਈ ਲੈ ਕੇ ਜਾਇਆ ਜਾ ਰਿਹਾ ਸੀ। ਅਤੀਕ ਅਤੇ ਉਸ ਦੇ ਭਰਾ ਦੇ ਹੱਥ ਹੱਥਕੜੀਆਂ ਨਾਲ ਬੰਨ੍ਹੇ ਹੋਏ ਸਨ।
ਪੱਤਰਕਾਰ ਅਤੀਕ ਅਤੇ ਉਸ ਦੇ ਭਰਾ ਨਾਲ ਗੱਲ ਕਰ ਰਹੇ ਸਨ, ਜਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਤੇਜ਼ੀ ਨਾਲ ਵਾਪਰੇ ਘਟਨਾਕ੍ਰਮ 'ਚ ਦੋਵੇਂ ਭਰਾ ਮਾਰੇ ਗਏ।
ਇਸ ਘਟਨਾ ਦੀ ਵੀਡੀਓ 'ਚ ਅਤੀਕ ਆਪਣੇ ਭਰਾ ਨਾਲ ਪੁਲਿਸ ਵਾਲਿਆਂ ਵਿਚਾਲੇ ਤੁਰਦਾ ਨਜ਼ਰ ਆ ਰਿਹਾ ਹੈ। ਇੱਕ ਪੱਤਰਕਾਰ ਅਤੀਕ ਨੂੰ ਸਵਾਲ ਕਰਦਾ ਹੈ, ਜਿਵੇਂ ਹੀ ਉਹ ਬੋਲਣਾ ਸ਼ੁਰੂ ਕਰਦਾ ਹੈ ਤਾਂ ਕੈਮਰੇ ਦੇ ਸਾਹਮਣੇ ਇਕ ਪਿਸਤੌਲ ਦਿਖਾਈ ਦਿੰਦੀ ਹੈ। ਅਤੀਕ ਨੇ ਬੇਹੱਦ ਨੇੜਿਓਂ ਗੋਲ਼ੀ ਮਾਰੀ ਗਈ।
ਠੀਕ ਉਸੇ ਸਮੇਂ ਇੱਕ ਗੋਲੀ ਅਸ਼ਰਫ਼ ਨੂੰ ਲੱਗੀ। ਇਸ ਤੋਂ ਬਾਅਦ ਤੇਜ਼ ਗੋਲੀਬਾਰੀ ਹੋਈ। ਦੋਵੇਂ ਭਰਾ ਜ਼ਮੀਨ 'ਤੇ ਡਿੱਗ ਪਏ।
ਜਿਸ ਸਮੇਂ ਦੋਵਾਂ ਦਾ ਕਤਲ ਹੋਇਆ, ਉਸ ਸਮੇਂ ਅਤੀਕ ਅਹਿਮਦ ਦੇ ਵਕੀਲ ਵਿਜੇ ਮਿਸ਼ਰਾ ਵੀ ਘਟਨਾ ਸਥਾਨ ਦੇ ਨੇੜੇ ਹੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਅਤੀਕ ਅਹਿਮਦ ਅਤੇ ਅਸ਼ਰਫ਼ ਨੂੰ ਕਾਰ 'ਚੋਂ ਬਾਹਰ ਕੱਢ ਕੇ ਲੈ ਕੇ ਜਾਇਆ ਜਾ ਰਿਹਾ ਸੀ, ਉਦੋਂ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਗੋਲ਼ੀ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਉਸੇ ਸਮੇਂ ਕਾਬੂ ਕਰ ਲਿਆ। ਹਫੜਾ-ਦਫੜੀ ਮਚ ਗਈ।"
ਦੋ ਦਿਨ ਪਹਿਲਾਂ ਪੁੱਤਰ ਦਾ ਐਨਕਾਊਂਟਰ
ਅਤੀਕ ਅਤੇ ਉਸ ਦੇ ਭਰਾ 'ਤੇ ਹੋਏ ਇਸ ਹਮਲੇ ਤੋਂ ਦੋ ਦਿਨ ਪਹਿਲਾਂ, ਵੀਰਵਾਰ ਨੂੰ ਅਤੀਕ ਅਹਿਮਦ ਦੇ ਪੁੱਤਰ ਅਸਦ ਅਤੇ ਉਨ੍ਹਾਂ ਦੇ ਸਾਥੀ ਗੁਲਾਮ ਮੁਹੰਮਦ ਨੂੰ ਝਾਂਸੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦੁਆਰਾ ਕਥਿਤ ਤੌਰ 'ਤੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।
ਅਸਦ, ਅਤੀਕ ਦਾ ਤੀਜਾ ਪੁੱਤਰ ਸੀ।
ਅਸਦ ਅਤੇ ਗੁਲਾਮ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਹੀ ਪ੍ਰਯਾਗਰਾਜ 'ਚ ਹੋਇਆ।
ਯੂਪੀ ਪੁਲਿਸ ਅਨੁਸਾਰ, ਉਮੇਸ਼ ਪਾਲ ਦੇ ਕਤਲ ਵਿੱਚ ਅਸਦ ਅਤੇ ਗੁਲਾਮ ਲੋੜੀਂਦੇ ਸਨ ਅਤੇ ਦੋਵਾਂ 'ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਅਤੀਕ ਅਹਿਮਦ ਅਤੇ ਪੁੱਤਰ ਅਸਦ ਬਾਰੇ ਮੁੱਖ ਗੱਲਾਂ
- 1979 ’ਚ ਅਤੀਕ ਅਹਿਮਦ ਖ਼ਿਲਾਫ਼ ਪਹਿਲਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸੀ।
- 1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
- 25 ਜਨਵਰੀ, 2005 ਨੂੰ ਬਸਪਾ ਵਿਧਾਇਕ ਰਾਜੂ ਪਾਲ ਦੇ ਕਾਫ਼ਲੇ ’ਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।
- 24 ਫ਼ਰਵਰੀ, 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਰਾਜੂ ਪਾਲ ਕਤਲਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ।
- ਇਸ ਮਾਮਲੇ ਵਿੱਚ ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਜਿਸ ਦਿਨ ਉਮੇਸ਼ ਯਾਦਵ ਦਾ ਕਤਲ ਹੋਇਆ ਉਸ ਦਿਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ਗੁੱਡੂ ਮੁਸਲਿਮ, ਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ।
- 13 ਅਪ੍ਰੈਲ 2023 ਨੂੰ ਅਤੀਕ ਅਹਿਮਦ ਅਦਾਲਤ ’ਚ ਪੇਸ਼ੀ ਲਈ ਪਹੁੰਚਿਆ ਤੇ ਇਸੇ ਦੌਰਾਨ ਉਸ ਦੇ ਬੇਟੇ ਅਸਦ ਅਹਿਮਦ ਦੀ ਝਾਂਸੀ ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।
- ਇਸ ਤੋਂ ਦੋ ਦਿਨ ਬਾਅਦ, 15 ਅਪ੍ਰੈਲ ਦੀ ਰਾਤ ਅਟੈਕ ਅਤੇ ਉਸ ਦੇ ਭਰਾ ਨੂੰ ਸਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਸਿਆਸੀ ਪ੍ਰਤੀਕਿਰਿਆਵਾਂ
ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਅਸ਼ਰਫ ਨੂੰ ਪੁਲਿਸ ਸੁਰੱਖਿਆ ਵਿਚਕਾਰ ਪ੍ਰਯਾਗਰਾਜ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਪੁਲਿਸ ਨੇ ਅਜੇ ਤੱਕ ਅਤੀਕ ਅਤੇ ਅਸ਼ਰਫ ਦੇ ਕਤਲ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਅਤੀਕ ਅਤੇ ਅਸ਼ਰਫ ਦਾ ਕਤਲ ਕੈਮਰੇ 'ਚ ਰਿਕਾਰਡ ਹੋ ਗਿਆ ਹੈ ਅਤੇ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਵੀਡੀਓ 'ਚ ਪੁਲਿਸ ਹਮਲਾਵਰਾਂ 'ਤੇ ਜਵਾਬੀ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ ਹੈ।
ਇਸ ਕਤਲੇਆਮ 'ਤੇ ਸਵਾਲ ਚੁੱਕਦੇ ਹੋਏ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵਿੱਟਰ 'ਤੇ ਲਿਖਿਆ, ''ਉੱਤਰ ਪ੍ਰਦੇਸ਼ 'ਚ ਅਪਰਾਧ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ ਅਤੇ ਅਪਰਾਧੀਆਂ ਦਾ ਮਨੋਬਲ ਉੱਚਾ ਹੈ, ਜੇਕਰ ਪੁਲਿਸ ਦੇ ਸੁਰੱਖਿਆ ਘੇਰੇ 'ਚ ਸਰੇਆਮ ਗੋਲ਼ੀਆਂ ਮਾਰ ਕੇ ਕਿਸੇ ਦਾ ਕਤਲ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਕੀ? ਇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਕੁਝ ਲੋਕ ਜਾਣਬੁੱਝ ਕੇ ਅਜਿਹਾ ਮਾਹੌਲ ਬਣਾ ਰਹੇ ਹਨ।''
ਦੂਜੇ ਪਾਸੇ, ਉੱਤਰ ਪ੍ਰਦੇਸ਼ ਸਰਕਾਰ ਦੇ ਜਲਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ ਨੇ ਇੱਕ ਟਵੀਟ ਵਿੱਚ ਲਿਖਿਆ ਹੈ, "ਪੁੰਨ ਅਤੇ ਪਾਪ ਦਾ ਹਿਸਾਬ ਇਸੇ ਜਨਮ 'ਚ ਹੁੰਦਾ ਹੈ...।''
ਲੋਕ ਸਭਾ ਮੈਂਬਰ ਅਤੇ ਏਆਈਐਮਆਈਐਮ ਆਗੂ ਅਸਦੁਦੀਨ ਓਵੈਸੀ ਨੇ ਵੀ ਯੂਪੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।
ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, "ਐਨਕਾਊਂਟਰ ਰਾਜ ਦਾ ਜਸ਼ਨ ਮਨਾਉਣ ਵਾਲੇ ਵੀ ਇਸ ਕਤਲ ਦੇ ਜ਼ਿੰਮੇਵਾਰ ਹਨ।"
ਅਤੀਕ ਅਹਿਮਦ: 100 ਤੋਂ ਵੀ ਵੱਧ ਮੁਕੱਦਮੇ
ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ’ਚ ਨਜ਼ਰਬੰਦ ਰੱਖਿਆ ਗਿਆ ਸੀ ਅਤੇ ਉਸ ਖਿਲਾਫ਼ ਐੱਮਪੀ/ਐੱਮਐੱਲਏ ਅਦਾਲਤ ’ਚ ਚੱਲ ਰਹੇ 50 ਤੋਂ ਵੱਧ ਮਾਮਲਿਆਂ ਦੀ ਕਾਰਵਾਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾ ਰਹੀ ਸੀ।
ਪਰ ਅਤੀਕ ਅਹਿਮਦ ਦੇ ਅਪਰਾਧਿਕ ਇਤਿਹਾਸ ’ਚ 100 ਤੋਂ ਵੀ ਵੱਧ ਮਾਮਲੇ ਦਰਜ ਹਨ।
ਪ੍ਰਯਾਗਰਾਜ ਦੇ ਸਰਕਾਰੀ ਅਧਿਕਾਰੀਆਂ ਅਨੁਸਾਰ, ਅਤੀਕ ਅਹਿਮਦ ਖਿਲਾਫ਼ 1996 ਤੋਂ ਹੁਣ ਤੱਕ 50 ਮਾਮਲੇ ਵਿਚਾਰ ਅਧੀਨ ਸਨ।
ਸਰਕਾਰੀ ਧਿਰ ਦਾ ਕਹਿਣਾ ਹੈ ਕਿ 12 ਮੁਕੱਦਮਿਆਂ ’ਚ ਅਤੀਕ ਅਤੇ ਉਨ੍ਹਾਂ ਦੇ ਭਰਾ ਅਸ਼ਰਫ਼ ਦੇ ਵਕੀਲਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਸ ਕਰਕੇ ਮਾਮਲੇ ’ਚ ਇਲਜ਼ਾਮ ਤੈਅ ਨਹੀਂ ਹੋ ਪਾਏ।
ਅਤੀਕ ਅਹਿਮਦ, ਬਸਪਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮੁੱਖ ਦੋਸ਼ੀ ਸੀ। ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਸੀ। ਪਰ 15 ਅਪ੍ਰੈਲ ਦੀ ਰਾਤ ਅਤੀਕ ਅਤੇ ਉਸ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਸਾਲ 28 ਮਾਰਚ ਨੂੰ ਪ੍ਰਯਾਗਰਾਜ ਦੀ ਐੱਮਪੀਐੱਮਐੱਲਏ ਅਦਾਲਤ ਨੇ ਅਤੀਕ ਅਹਿਮਦ ਨੂੰ 2006 ’ਚ ਉਮੇਸ਼ ਪਾਲ ਨੂੰ ਅਗਵਾ ਕਰਨ ਦੇ ਇਲਜ਼ਾਮ ’ਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਉਮੇਸ਼ ਪਾਲ, ਰਾਜੂ ਪਾਲ ਕਤਲ ਮਾਮਲੇ ਦੇ ਸ਼ੁਰੂਆਤੀ ਗਵਾਹ ਸਨ, ਪਰ ਬਾਅਦ ’ਚ ਮਾਮਲੇ ਦੀ ਜਾਂਚ ਸੰਭਾਲ ਰਹੀ ਸੀਬੀਆਈ ਨੇ ਉਨ੍ਹਾਂ ਨੂੰ ਗਵਾਹ ਨਹੀਂ ਬਣਾਇਆ ਸੀ।
ਅਤੀਕ ਦੇ ਭਰਾ ਖਿਲਾਫ ਮੁਕੱਦਮੇ
ਅਤੀਕ ਦੇ ਭਰਾ ਅਸ਼ਰਫ ਉਰਫ਼ ਖਾਲਿਦ ਆਜ਼ਮੀ ਦੇ ਖਿਲਾਫ਼ 52 ਮੁਕੱਦਮੇ ਦਰਜ ਸਨ। ਇਨ੍ਹਾਂ ’ਚ ਕਤਲ, ਕਤਲ ਦੀ ਕੋਸ਼ਿਸ਼, ਦੰਗਾ ਭੜਕਾਉਣ ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਸਨ।
ਤੁਹਾਨੂੰ ਦੱਸ ਦੇਈਏ ਕਿ ਅਸ਼ਰਫ ਨੂੰ ਉਮੇਸ਼ ਪਾਲ ਦੇ ਕਤਲ ਮਾਮਲੇ ’ਚ ਵੀ ਦੋਸ਼ੀ ਬਣਾਇਆ ਗਿਆ ਸੀ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਮੇਸ਼ ਪਾਲ ਦੇ ਅਗਵਾ ਮਾਮਲੇ ਦੇ ਫੈਸਲੇ ’ਚ ਅਸ਼ਰਫ ਨੂੰ ਬੇਕਸੂਰ ਕਰਾਰ ਦਿੱਤਾ ਗਿਆ ਸੀ। ਇਸੇ ਮਾਮਲੇ ’ਚ ਅਤੀਕ ਅਹਿਮਦ ਅਤੇ ਦੋ ਹੋਰਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ 6 ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਸੀ।
ਅਸ਼ਰਫ ਬਸਪਾ ਵਿਧਾਇਕ ਰਾਜੂ ਪਾਲ ਦੇ ਸਾਲ 2005 ’ਚ ਹੋਏ ਕਤਲ ਦਾ ਵੀ ਮੁਲਜ਼ਮ ਸੀ ਅਤੇ ਇਹ ਮਾਮਲਾ ਲਖਨਊ ਦੀ ਸੀਬੀਆਈ ਅਦਾਲਤ ’ਚ ਚੱਲ ਰਿਹਾ ਸੀ।
ਅਸ਼ਰਫ ਨੂੰ ਬਰੇਲੀ ਜੇਲ੍ਹ ’ਚ ਰੱਖਿਆ ਗਿਆ ਸੀ ਅਤੇ ਪੇਸ਼ੀ ਦੇ ਲਈ ਉਸ ਨੂੰ ਪ੍ਰਯਾਗਰਾਜ ਲਿਆਇਆ ਜਾਂਦਾ ਸੀ।
ਸ਼ਾਇਸਤਾ ਪਰਵੀਨ, ਅਤੀਕ ਅਹਿਮਦ ਦੀ ਪਤਨੀ
ਅਤੀਕ ਅਹਿਮਦ ਦੇ ਪਤਨੀ ਸ਼ਾਇਸਤਾ ਪਰਵੀਨ ਵੀ ਉਮੇਸ਼ ਪਾਲ ਕਤਲ ਮਾਮਲੇ ’ਚ ਨਾਮਜ਼ਦ ਮੁਲਜ਼ਮ ਹਨ।
ਸ਼ਾਇਸਤਾ ਪਰਵੀਨ ਖਿਲਾਫ਼ 2009 ’ਚ ਪ੍ਰਯਾਗਰਾਜ ਦੇ ਕਰਨਲਗੰਜ ’ਚ ਧੋਖਾਧੜੀ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਸਨ ਜੋ ਕਿ ਅੱਜ ਵੀ ਅਦਾਲਤ ’ਚ ਵਿਚਾਰ ਅਧੀਨ ਹਨ।
ਸ਼ਾਇਸਤਾ ਪਰਵੀਨ ਫਿਲਹਾਲ ਫਰਾਰ ਹਨ। ਉਨ੍ਹਾਂ ਨੇ ਮਾਣਯੋਗ ਅਦਾਲਤ ਤੋਂ ਅਗਾਊਂ ਜ਼ਮਾਨਤ ਦੀ ਵੀ ਮੰਗ ਕੀਤੀ, ਪਰ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ।
ਇਸ ਸਾਲ ਜਨਵਰੀ ਮਹੀਨੇ ਵਿੱਚ ਬਸਪਾ ਨੇ ਉਨ੍ਹਾਂ ਨੂੰ ਨਗਰ ਨਿਗਮ ਚੋਣਾਂ ’ਚ ਆਪਣਾ ਉਮੀਦਵਾਰ ਐਲਾਨਿਆ ਸੀ, ਪਰ ਕੁਝ ਦਿਨ ਪਹਿਲਾਂ ਮਾਇਆਵਤੀ ਨੇ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਅਤੇ ਨਾਲ ਹੀ ਐਲਾਨ ਕੀਤਾ ਕਿ ਉਹ ਇੰਨ੍ਹਾਂ ਚੋਣਾਂ ’ਚ ਅਤੀਕ ਅਹਿਮਦ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਾਰਟੀ ਵੱਲੋਂ ਉਮੀਦਵਾਰ ਨਹੀਂ ਬਣਾਉਣਗੇ।
ਉਮਰ ਅਹਿਮਦ, ਅਤੀਕ ਅਹਿਮਦ ਦਾ ਸਭ ਤੋਂ ਵੱਡਾ ਪੁੱਤਰ
ਅਤੀਕ ਅਹਿਮਦ ਦੇ ਸਭ ਤੋਂ ਵੱਡੇ ਪੁੱਤਰ ਉਮਰ ਅਹਿਮਦ ਲਖਨਊ ਦੇ ਇੱਕ ਵਪਾਰੀ ਮੋਹਿਤ ਜੈਸਵਾਲ ਨੂੰ ਅਗਵਾ ਕਰਨ ਦੇ ਮਾਮਲੇ ’ਚ ਮੁੱਖ ਮੁਲਜ਼ਮਾਂ ’ਚੋਂ ਇੱਕ ਹੈ।
ਉਸ ਨੇ ਅਗਸਤ 2022 ’ਚ ਲਖਨਊ ’ਚ ਆਤਮ ਸਮਰਪਣ ਕੀਤਾ ਸੀ।
ਦਰਅਸਲ ਅਤੀਕ ਅਹਿਮਦ ਅਤੇ ਉਮਰ ਅਹਿਮਦ ’ਤੇ ਸਾਲ 2018 ’ਚ ਮੋਹਿਤ ਜੈਸਵਾਲ ਨੂੰ ਅਗਵਾ ਕਰਨ ਦਾ ਇਲਜ਼ਾਮ ਲੱਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਮੋਹਿਤ ਜੈਸਵਾਲ ਨੂੰ ਲਖਨਊ ਤੋਂ ਅਗਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਸੀ।
ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕੰਪਨੀਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।
ਜਦੋਂ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਸੰਭਾਲੀ ਤਾਂ ਉਮਰ ਅਹਿਮਦ ਨੂੰ ਇਸ ਮਾਮਲੇ ’ਚ ਮੁਲਜ਼ਮ ਬਣਾਇਆ ਗਿਆ।
ਉਮਰ ਅਹਿਮਦ ਨੇ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ। ਫਿਲਹਾਲ ਉਮਰ ਲਖਨਊ ਜੇਲ੍ਹ ’ਚ ਬੰਦ ਹੈ ਅਤੇ ਮੁਕੱਦਮਾ ਲਖਨਊ ਦੀ ਸੀਬੀਆਈ ਅਦਾਲਤ ’ਚ ਵਿਚਾਰ ਅਧੀਨ ਹੈ।
ਅਲੀ ਅਹਿਮਦ, ਅਤੀਕ ਅਹਿਮਦ ਦਾ ਦੂਜਾ ਪੁੱਤਰ
ਅਤੀਕ ਅਹਿਮਦ ਦੇ ਦੂਜੇ ਪੁੱਤਰ ਦਾ ਨਾਮ ਅਲੀ ਅਹਿਮਦ ਹੈ। ਅਲੀ ਅਹਿਮਦ ਖਿਲਾਫ਼ ਪ੍ਰਯਾਗਰਾਜ ’ਚ ਕੁੱਲ ਚਾਰ ਮਾਮਲੇ ਦਰਜ ਹਨ। ਪਰ ਉਸ ਦੇ ਖਿਲਾਫ਼ ਮੁੱਖ ਮਾਮਲਾ ਪ੍ਰਯਾਗਰਾਜ ’ਚ ਜਬਰੀ ਵਸੂਲੀ ਸਬੰਧੀ ਕੁੱਟਮਾਰ ਦਾ ਹੈ।
ਅਲੀ ’ਤੇ ਪ੍ਰਯਾਗਰਾਜ ’ਚ ਜ਼ੀਸ਼ਾਨ ਨਾਮ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਜਬਰੀ ਪੈਸੇ ਵਸੂਲਣ ਅਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰਨ ਦਾ ਇਲਜ਼ਾਮ ਹੈ।
ਇਸ ਇਲਜ਼ਾਮ ਦੇ ਤਹਿਤ ਹੀ ਉਨ੍ਹਾਂ ਖਿਲਾਫ਼ ਦੰਗਾ ਭੜਕਾਉਣ ਅਤੇ ਕਤਲ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ।
ਅਲੀ ਨੇ ਪ੍ਰਯਾਗਰਾਜ ’ਚ ਜੁਲਾਈ 2021 ’ਚ ਆਤਮ ਸਮਰਪਣ ਕੀਤਾ ਸੀ ਅਤੇ ਫ਼ਿਲਹਾਲ ਉਹ ਪ੍ਰਯਾਗਰਾਜ ਦੀ ਨੈਨੀ ਜੇਲ੍ਹ ’ਚ ਬੰਦ ਹੈ।
ਅਤੀਕ ਦੇ ਦੋ ਨਾਬਾਲਗ ਪੁੱਤਰ
ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਫਰਾਰ ਚੱਲ ਰਹੀ ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਘਰੋਂ ਚੁੱਕ ਕੇ ਕਿਤੇ ਹੋਰ ਰੱਖਿਆ ਹੈ।
ਉਨ੍ਹਾਂ ਨੇ ਦੋਵਾਂ ਪੁੱਤਰਾਂ ਦੇ ਨਾਮ ’ਤੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਪੁਲਿਸ ਨੂੰ ਆਪਣੇ ਦੋਵਾਂ ਪੁੱਤਰਾਂ ਨੂੰ ਆਦਲਤ ’ਚ ਪੇਸ਼ ਕਰਨ ਦੀ ਮੰਗ ਕੀਤੀ ਹੈ।
ਸ਼ਾਇਸਤਾ ਪਰਵੀਨ ਨੇ ਇਲਜ਼ਾਮ ਲਗਾਇਆ ਹੈ ਕਿ 24 ਫ਼ਰਵਰੀ ਦੀ ਸ਼ਾਮ ਨੂੰ ਪੁਲਿਸ ਬਿਨਾਂ ਕਿਸੇ ਮਹਿਲਾ ਪੁਲਿਸ ਮੁਲਾਜ਼ਮ ਦੇ ਜ਼ਬਰਦਸਤੀ ਉਨ੍ਹਾਂ ਦੇ ਘਰ ਵੜ੍ਹ ਆਈ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੂੰ ਲੈ ਗਈ ਅਤੇ ਕਿਸੇ ਅਣਦੱਸੀ ਜਗ੍ਹਾ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਉਨ੍ਹਾਂ ਨੂੰ ਰੱਖਿਆ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ।
ਇਨ੍ਹਾਂ ’ਚੋਂ ਇੱਕ ਪੁੱਤਰ 12ਵੀਂ ਜਮਾਤ ’ਚ ਪੜ੍ਹਦਾ ਹੈ ਅਤੇ ਦੂਜਾ ਪੁੱਤਰ 9ਵੀਂ ਜਮਾਤ ਦਾ ਵਿਦਿਆਰਥੀ ਹੈ।
ਸ਼ਾਇਸਤਾ ਪਰਵੀਨ ਦੀ ਮੰਗ ਦੇ ਜਵਾਬ ’ਚ ਥਾਣਾ ਧੂਮਨਗੰਜ ਦੇ ਐੱਸਆਈ ਰਾਜੇਸ਼ ਕੁਮਾਰ ਮੌਰਿਆ ਨੇ ਅਦਾਲਤ ਨੂੰ ਦੱਸਿਆ, “ਉਨ੍ਹਾਂ ਦੋਵਾਂ ਦੇ ਚਕਿਆ ਕਸਾਰੀ ਮਸਾਰੀ ਖੇਤਰ ’ਚ ਮਿਲਣ ਦੀ ਸੂਚਨਾ ’ਤੇ ਜ਼ਿਲ੍ਹੇ ਦੀ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ 2 ਮਾਰਚ ਨੂੰ ਬਾਲ ਸੁਰੱਖਿਆ ਕੇਂਦਰ ਰਾਜਰੂਪਪੁਰ ’ਚ ਦਾਖਲ ਕਰਾਇਆ ਗਿਆ ਹੈ।”
ਪੁਲਿਸ ਨੇ ਸ਼ਾਇਸਤਾ ਪਰਵੀਨ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਹਾਈ ਕੋਰਟ ਨੇ ਅਤੀਕ ਅਹਿਮਦ ਦੇ ਪੁੱਤਰਾਂ ਦੀ ਹੈਬੀਅਸ ਕਾਰਪਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪੁਲਿਸ ਅਨੁਸਾਰ, ਉਹ ਦੋਵੇਂ ਬਾਲ ਸੁਰੱਖਿਆ ਕੇਂਦਰ ’ਚ ਹੀ ਮੌਜੂਦ ਹਨ।