ਅਤੀਕ ਅਹਿਮਦ: ਮੁਕੱਦਮਿਆਂ ’ਚ ਘਿਰੇ ਬਾਹੂਬਲੀ ਦੀ ਪਤਨੀ, ਭਰਾ ਅਤੇ ਪੁੱਤਾਂ ਦੇ ‘ਜੁਰਮ’ ਦੀ ਪੂਰੀ ਦਾਸਤਾਨ

    • ਲੇਖਕ, ਅਨੰਤ ਝਣਾਣੇ
    • ਰੋਲ, ਬੀਬੀਸੀ ਪੱਤਰਕਾਰ, ਲਖਨਊ

ਉਮੇਸ਼ ਪਾਲ ਕਤਲ ਮਾਮਲੇ ’ਚ ਉੱਤਰ ਪ੍ਰਦੇਸ਼ ਦੀ ਐੱਸਟੀਐੱਫ ਨੇ ਅਤੀਕ ਅਹਿਮਦ ਦੇ ਪੁੱਤਰ ਅਸਦ ਅਤੇ ਇੱਕ ਹੋਰ ‘ਸ਼ੂਟਰ’ ਗ਼ੁਲਾਮ ਨੂੰ ਵੀਰਵਾਰ ਦੁਪਹਿਰ ਨੂੰ ਝਾਂਸੀ ਵਿਖੇ ਹੋਈ ਮੁਠਭੇੜ ’ਚ ਢੇਰ ਕਰ ਦਿੱਤਾ।

ਉੱਤਰ ਪ੍ਰਦੇਸ਼ ਪੁਲਿਸ ਨੇ ਉਮੇਸ਼ ਪਾਲ ਦੇ ਕਤਲ ਮਾਮਲੇ ਨਾਲ ਸਬੰਧਤ ਆਪਣੀ ਜਾਂਚ ’ਚ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ।

ਪਰ ਅਤੀਕ ਅਹਿਮਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅਪਰਾਧਿਕ ਇਤਿਹਾਸ ਕੀ ਹੈ ਅਤੇ ਕਿਵੇਂ ਇਸ ਮਾਹੌਲ ’ਚ ਉਨ੍ਹਾਂ ਦਾ ਪਰਿਵਾਰ ਮੁਕੱਦਮਿਆਂ ਅਤੇ ਇਲਜ਼ਾਮਾਂ ’ਚ ਘਿਰਿਆ ਨਜ਼ਰ ਆ ਰਿਹਾ ਹੈ।

ਇਸ ਬਾਰੇ ਬੀਬੀਸੀ ਨੇ ਦਸਤਾਵੇਜ਼ਾਂ, ਵਕੀਲਾਂ ਅਤੇ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਅਸਦ ਅਹਿਮਦ, ਅਤੀਕ ਅਹਿਮਦ ਦਾ ਤੀਜਾ ਪੁੱਤਰ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸਦ ਅਹਿਮਦ ਦੀ, ਜਿਸ ਨੂੰ ਐੱਸਟੀਐੱਫ ਨੇ ਝਾਂਸੀ ’ਚ ਇੱਕ ਮੁੱਠਭੇੜ ਦੌਰਾਨ ਢੇਰ ਕਰ ਦਿੱਤਾ। ਅਸਦ ਅਤੀਕ ਅਹਿਮਦ ਦੇ ਤੀਜੇ ਪੁੱਤਰ ਸਨ।

ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ਅਸਦ ਦੇ ਖਿਲਾਫ਼ ਇੱਕ ਹੀ ਮੁਕੱਦਮਾ ਦਰਜ ਸੀ ਅਤੇ ਉਹ ਸੀ ਉਮੇਸ਼ ਪਾਲ ਅਤੇ ਉਨ੍ਹਾਂ ਦੇ ਦੋ ਗੰਨਮੈਨਾਂ ਦੇ ਕਤਲ ਦਾ ਮਾਮਲਾ, ਜਿਸ ’ਚ ਉਹ ਘਟਨਾ ਤੋਂ ਬਾਅਦ ਹੀ ਫਰਾਰ ਸੀ।

ਪੁਲਿਸ ਮੁਤਾਬਕ ਉਮੇਸ਼ ਪਾਲ ਦੇ ਕਤਲ ਨਾਲ ਸਬੰਧਤ ਸੀਸੀਟੀਵੀ ਫੁਟੇਜ ’ਚ ਅਸਦ ਨੂੰ ਗੋਲੀ ਚਲਾਉਂਦਿਆਂ ਵੇਖਿਆ ਜਾ ਸਕਦਾ ਹੈ।

ਪੁਲਿਸ ਅਨੁਸਾਰ ਅਸਦ ਦਾ ਜਨਮ ਸਤੰਬਰ 2003 ’ਚ ਹੋਇਆ ਸੀ ਅਤੇ ਉਹ ਮਹਿਜ 19 ਸਾਲਾਂ ਦੇ ਹੀ ਸਨ।

ਅਸਦ ਨੇ ਆਪਣੀ ਮੁਢਲੀ ਪੜ੍ਹਾਈ ਪ੍ਰਯਾਗਰਾਜ ਤੋਂ ਕੀਤੀ ਅਤੇ ਬਾਅਦ ’ਚ ਲਖਨਊ ਦੇ ਇੱਕ ਨਿੱਜੀ ਸਕੂਲ ਤੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ।

ਅਤੀਕ ਅਹਿਮਦ ਦੇ ਵਕੀਲ ਵਿਜੇ ਮਿਸ਼ਰਾ ਅਨੁਸਾਰ ਅਸਦ ਵਿਦੇਸ਼ ’ਚ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ, ਜਿਸ ਲਈ ਉਨ੍ਹਾਂ ਨੇ ਪਾਸਪੋਰਟ ਲਈ ਅਰਜ਼ੀ ਵੀ ਦਿੱਤੀ ਹੋਈ ਸੀ। ਪਰ ਅਸਦ ਦੇ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਦੌਰਾਨ ਨੈਗੇਟਿਵ ਰਿਪੋਰਟ ਆਉਣ ਦੇ ਕਾਰਨ ਉਨ੍ਹਾਂ ਦਾ ਪਾਸਪੋਰਟ ਨਹੀਂ ਬਣ ਸਕਿਆ ਅਤੇ ਉਹ ਵਿਦੇਸ਼ ਪੜ੍ਹਣ ਲਈ ਨਾ ਜਾ ਸਕੇ।

ਮੁਠਭੇੜ ਤੋਂ ਬਾਅਦ ਅਸਦ ਦਾ ਪੋਸਟਮਾਰਟਮ ਝਾਂਸੀ ’ਚ ਕਰਾਇਆ ਜਾ ਰਿਹਾ ਹੈ।

ਅਤੀਕ ਅਹਿਮਦ ਅਤੇ ਪੁੱਤਰ ਅਸਦ ਬਾਰੇ ਮੁੱਖ ਗੱਲਾਂ

  • 1979 ’ਚ ਅਤੀਕ ਅਹਿਮਦ ਖ਼ਿਲਾਫ਼ ਪਹਿਲਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।
  • 1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
  • 25 ਜਨਵਰੀ, 2005 ਨੂੰ ਬਸਪਾ ਵਿਧਾਇਕ ਰਾਜੂ ਪਾਲ ਦੇ ਕਾਫ਼ਲੇ ’ਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।
  • 24 ਫ਼ਰਵਰੀ, 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਰਾਜੂ ਪਾਲ ਕਤਲਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ।
  • ਇਸ ਮਾਮਲੇ ਵਿੱਚ ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਜਿਸ ਦਿਨ ਉਮੇਸ਼ ਯਾਦਵ ਦਾ ਕਤਲ ਹੋਇਆ ਉਸ ਦਿਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ਗੁੱਡੂ ਮੁਸਲਿਮ, ਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ।
  • 13 ਅਪ੍ਰੈਲ 2023 ਨੂੰ ਅਤੀਕ ਅਹਿਮਦ ਅਦਾਲਤ ’ਚ ਪੇਸ਼ੀ ਲਈ ਪਹੁੰਚੇ ਤੇ ਇਸੇ ਦੌਰਾਨ ਉਨ੍ਹਾਂ ਦੇ ਬੇਟੇ ਅਸਦ ਅਹਿਮਦ ਦੀ ਝਾਂਸੀ ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।

ਅਤੀਕ ਅਹਿਮਦ: 100 ਤੋਂ ਵੀ ਵੱਧ ਮੁਕੱਦਮੇ

ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ’ਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ਼ ਐੱਮਪੀਐੱਮਐੱਲਏ ਅਦਾਲਤ ’ਚ ਚੱਲ ਰਹੇ 50 ਤੋਂ ਵੱਧ ਮਾਮਲਿਆਂ ਦੀ ਕਾਰਵਾਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾ ਰਹੀ ਹੈ।

ਪਰ ਅਤੀਕ ਅਹਿਮਦ ਦੇ ਅਪਰਾਧਿਕ ਇਤਿਹਾਸ ’ਚ 100 ਤੋਂ ਵੀ ਵੱਧ ਮਾਮਲੇ ਦਰਜ ਹਨ।

ਪ੍ਰਯਾਗਰਾਜ ਦੇ ਸਰਕਾਰੀ ਅਧਿਕਾਰੀਆਂ ਅਨੁਸਾਰ ਅਤੀਕ ਅਹਿਮਦ ਖਿਲਾਫ਼ 1996 ਤੋਂ ਹੁਣ ਤੱਕ 50 ਮਾਮਲੇ ਵਿਚਾਰ ਅਧੀਨ ਹਨ।

ਸਰਕਾਰੀ ਧਿਰ ਦਾ ਕਹਿਣਾ ਹੈ ਕਿ 12 ਮੁਕੱਦਮਿਆਂ ’ਚ ਅਤੀਕ ਅਤੇ ਉਨ੍ਹਾਂ ਦੇ ਭਰਾ ਅਸ਼ਰਫ਼ ਦੇ ਵਕੀਲਾਂ ਨੇ ਅਰਜ਼ੀਆਂ ਦਿੱਤੀਆਂ ਹਨ, ਜਿਸ ਕਰਕੇ ਮਾਮਲੇ ’ਚ ਇਲਜ਼ਾਮ ਤੈਅ ਨਹੀਂ ਹੋ ਪਾਏ ਹਨ।

ਅਤੀਕ ਅਹਿਮਦ ਬਸਪਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮੁੱਖ ਦੋਸ਼ੀ ਹਨ। ਇਸ ਮਾਮਲੇ ਦੀ ਜਾਂਚ ਹੁਣ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ।

ਇਸ ਸਾਲ 28 ਮਾਰਚ ਨੂੰ ਪ੍ਰਯਾਗਰਾਜ ਦੀ ਐੱਮਪੀਐੱਮਐੱਲਏ ਅਦਾਲਤ ਨੇ ਅਤੀਕ ਅਹਿਮਦ ਨੂੰ 2006 ’ਚ ਉਮੇਸ਼ ਪਾਲ ਨੂੰ ਅਗਵਾ ਕਰਨ ਦੇ ਇਲਜ਼ਾਮ ’ਚ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਉਮੇਸ਼ ਪਾਲ ਰਾਜੂ ਪਾਲ ਕਤਲ ਮਾਮਲੇ ਦੇ ਸ਼ੁਰੂਆਤੀ ਗਵਾਹ ਸਨ, ਪਰ ਬਾਅਦ ’ਚ ਮਾਮਲੇ ਦੀ ਜਾਂਚ ਸੰਭਾਲ ਰਹੀ ਸੀਬੀਆਈ ਨੇ ਉਨ੍ਹਾਂ ਨੂੰ ਗਵਾਹ ਨਹੀਂ ਬਣਾਇਆ ਸੀ।

ਸ਼ਾਇਸਤਾ ਪਰਵੀਨ, ਅਤੀਕ ਅਹਿਮਦ ਦੀ ਪਤਨੀ

ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਵੀ ਉਮੇਸ਼ ਪਾਲ ਕਤਲ ਮਾਮਲੇ ’ਚ ਨਾਮਜ਼ਦ ਮੁਲਜ਼ਮ ਹਨ।

ਸ਼ਾਇਸਤਾ ਪਰਵੀਨ ਦੇ ਖਿਲਾਫ਼ 2009 ’ਚ ਪ੍ਰਯਾਗਰਾਜ ਦੇ ਕਰਨਲਗੰਜ ’ਚ ਧੋਖਾਧੜੀ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਸਨ ਜੋ ਕਿ ਅੱਜ ਵੀ ਅਦਾਲਤ ’ਚ ਵਿਚਾਰ ਅਧੀਨ ਹਨ।

ਸ਼ਾਇਸਤਾ ਪਰਵੀਨ ਫਿਲਹਾਲ ਫਰਾਰ ਹਨ। ਉਨ੍ਹਾਂ ਨੇ ਮਾਣਯੋਗ ਅਦਾਲਤ ਤੋਂ ਅਗਾਊਂ ਜ਼ਮਾਨਤ ਦੀ ਵੀ ਮੰਗ ਕੀਤੀ, ਪਰ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ।

ਇਸ ਸਾਲ ਜਨਵਰੀ ਮਹੀਨੇ ਬਸਪਾ ਨੇ ਉਨ੍ਹਾਂ ਨੂੰ ਨਗਰ ਨਿਗਮ ਚੋਣਾਂ ’ਚ ਆਪਣਾ ਉਮੀਦਵਾਰ ਐਲਾਨਿਆ ਸੀ, ਪਰ ਕੁਝ ਦਿਨ ਪਹਿਲਾਂ ਮਾਇਆਵਤੀ ਨੇ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਅਤੇ ਨਾਲ ਹੀ ਐਲਾਨ ਕੀਤਾ ਕਿ ਉਹ ਇੰਨ੍ਹਾਂ ਚੋਣਾਂ ’ਚ ਅਤੀਕ ਅਹਿਮਦ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਾਰਟੀ ਵੱਲੋਂ ਉਮੀਦਵਾਰ ਨਹੀਂ ਬਣਾਉਣਗੇ।

ਉਮਰ ਅਹਿਮਦ, ਅਤੀਕ ਅਹਿਮਦ ਦਾ ਸਭ ਤੋਂ ਵੱਡਾ ਪੁੱਤਰ

ਅਤੀਕ ਅਹਿਮਦ ਦੇ ਸਭ ਤੋਂ ਵੱਡੇ ਪੁੱਤਰ ਉਮਰ ਅਹਿਮਦ ਲਖਨਊ ਦੇ ਇੱਕ ਵਪਾਰੀ ਮੋਹਿਤ ਜੈਸਵਾਲ ਦੇ ਅਗਵਾ ਮਾਮਲੇ ’ਚ ਮੁੱਖ ਮੁਲਜ਼ਮਾਂ ’ਚੋਂ ਇੱਕ ਹਨ।

ਉਨ੍ਹਾਂ ਨੇ ਅਗਸਤ 2022 ’ਚ ਲਖਨਊ ’ਚ ਆਤਮ ਸਮਰਪਣ ਕੀਤਾ ਸੀ।

ਦਰਅਸਲ ਅਤੀਕ ਅਹਿਮਦ ਅਤੇ ਉਮਰ ਅਹਿਮਦ ’ਤੇ ਸਾਲ 2018 ’ਚ ਮੋਹਿਤ ਜੈਸਵਾਲ ਨੂੰ ਅਗਵਾ ਕਰਨ ਦਾ ਇਲਜ਼ਾਮ ਲੱਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਮੋਹਿਤ ਜੈਸਵਾਲ ਨੂੰ ਲਖਨਊ ਤੋਂ ਅਗਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕੰਪਨੀਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।

ਜਦੋਂ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਸੰਭਾਲੀ ਤਾਂ ਉਮਰ ਅਹਿਮਦ ਨੂੰ ਇਸ ਮਾਮਲੇ ’ਚ ਮੁਲਜ਼ਮ ਬਣਾਇਆ ਗਿਆ।

ਉਮਰ ਅਹਿਮਦ ਨੇ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ। ਫਿਲਹਾਲ ਉਮਰ ਲਖਨਊ ਜੇਲ੍ਹ ’ਚ ਬੰਦ ਹੈ ਅਤੇ ਮੁਕੱਦਮਾ ਲਖਨਊ ਦੀ ਸੀਬੀਆਈ ਅਦਾਲਤ ’ਚ ਵਿਚਾਰ ਅਧੀਨ ਹੈ।

ਅਲੀ ਅਹਿਮਦ, ਅਤੀਕ ਅਹਿਮਦ ਦਾ ਦੂਜਾ ਪੁੱਤਰ

ਅਤੀਕ ਅਹਿਮਦ ਦੇ ਦੂਜੇ ਪੁੱਤਰ ਦਾ ਨਾਮ ਅਲੀ ਅਹਿਮਦ ਹੈ। ਅਲੀ ਅਹਿਮਦ ਖਿਲਾਫ਼ ਪ੍ਰਯਾਗਰਾਜ ’ਚ ਕੁੱਲ ਚਾਰ ਮਾਮਲੇ ਦਰਜ ਹਨ। ਪਰ ਉਨ੍ਹਾਂ ਦੇ ਖਿਲਾਫ਼ ਮੁੱਖ ਮਾਮਲਾ ਪ੍ਰਯਾਗਰਾਜ ’ਚ ਜਬਰੀ ਵਸੂਲੀ ਸਬੰਧੀ ਕੁੱਟਮਾਰ ਦਾ ਹੈ।

ਅਲੀ ’ਤੇ ਪ੍ਰਯਾਗਰਾਜ ’ਚ ਜ਼ੀਸ਼ਾਨ ਨਾਮ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਜਬਰੀ ਪੈਸੇ ਵਸੂਲਣ ਅਤੇ ਉਸ ’ਤੇ ਜਾਨਲੇਵਾ ਹਮਲਾ ਕਰਨ ਦਾ ਇਲਜ਼ਾਮ ਹੈ।

ਇਸ ਇਲਜ਼ਾਮ ਦੇ ਤਹਿਤ ਹੀ ਉਨ੍ਹਾਂ ਖਿਲਾਫ਼ ਦੰਗਾ ਭੜਕਾਉਣ ਅਤੇ ਕਤਲ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ।

ਅਲੀ ਨੇ ਪ੍ਰਯਾਗਰਾਜ ’ਚ ਜੁਲਾਈ 2021 ’ਚ ਆਤਮ ਸਮਰਪਣ ਕੀਤਾ ਸੀ ਅਤੇ ਫ਼ਿਲਹਾਲ ਉਹ ਪ੍ਰਯਾਗਰਾਜ ਦੀ ਨੈਨੀ ਜੇਲ੍ਹ ’ਚ ਹਨ।

ਅਤੀਕ ਦੇ ਦੋ ਨਾਬਾਲਗ ਪੁੱਤਰ

ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਫਰਾਰ ਚੱਲ ਰਹੀ ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਘਰੋਂ ਚੁੱਕ ਕੇ ਕਿਤੇ ਹੋਰ ਰੱਖਿਆ ਹੈ।

ਉਨ੍ਹਾਂ ਨੇ ਦੋਵਾਂ ਪੁੱਤਰਾਂ ਦੇ ਨਾਮ ’ਤੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਪੁਲਿਸ ਨੂੰ ਆਪਣੇ ਦੋਵਾਂ ਪੁੱਤਰਾਂ ਨੂੰ ਆਦਲਤ ’ਚ ਪੇਸ਼ ਕਰਨ ਦੀ ਮੰਗ ਕੀਤੀ ਹੈ।

ਸ਼ਾਇਸਤਾ ਪਰਵੀਨ ਨੇ ਇਲਜ਼ਾਮ ਲਗਾਇਆ ਹੈ ਕਿ 24 ਫ਼ਰਵਰੀ ਦੀ ਸ਼ਾਮ ਨੂੰ ਪੁਲਿਸ ਬਿਨਾਂ ਕਿਸੇ ਮਹਿਲਾ ਪੁਲਿਸ ਮੁਲਾਜ਼ਮ ਦੇ ਜ਼ਬਰਦਸਤੀ ਉਨ੍ਹਾਂ ਦੇ ਘਰ ਵੜ੍ਹ ਆਈ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੂੰ ਲੈ ਗਈ ਅਤੇ ਕਿਸੇ ਅਣਦੱਸੀ ਜਗ੍ਹਾ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਉਨ੍ਹਾਂ ਨੂੰ ਰੱਖਿਆ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਕਰ ਰਹੀ ਹੈ।

ਇਨ੍ਹਾਂ ’ਚੋਂ ਇੱਕ ਪੁੱਤਰ 12ਵੀਂ ਜਮਾਤ ’ਚ ਪੜ੍ਹਦਾ ਹੈ ਅਤੇ ਦੂਜਾ ਪੁੱਤਰ 9ਵੀਂ ਜਮਾਤ ਦਾ ਵਿਦਿਆਰਥੀ ਹੈ।

ਸ਼ਾਇਸਤਾ ਪਰਵੀਨ ਦੀ ਮੰਗ ਦੇ ਜਵਾਬ ’ਚ ਥਾਣਾ ਧੂਮਨਗੰਜ ਦੇ ਐੱਸਆਈ ਰਾਜੇਸ਼ ਕੁਮਾਰ ਮੌਰਿਆ ਨੇ ਅਦਾਲਤ ਨੂੰ ਦੱਸਿਆ, “ਉਨ੍ਹਾਂ ਦੋਵਾਂ ਦੇ ਚਕਿਆ ਕਸਾਰੀ ਮਸਾਰੀ ਖੇਤਰ ’ਚ ਮਿਲਣ ਦੀ ਸੂਚਨਾ ’ਤੇ ਜ਼ਿਲ੍ਹੇ ਦੀ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ 2 ਮਾਰਚ ਨੂੰ ਬਾਲ ਸੁਰੱਖਿਆ ਕੇਂਦਰ ਰਾਜਰੂਪਪੁਰ ’ਚ ਦਾਖਲ ਕਰਾਇਆ ਗਿਆ ਹੈ।”

ਪੁਲਿਸ ਨੇ ਸ਼ਾਇਸਤਾ ਪਰਵੀਨ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਹਾਈ ਕੋਰਟ ਨੇ ਅਤੀਕ ਅਹਿਮਦ ਦੇ ਪੁੱਤਰਾਂ ਦੀ ਹੈਬੀਅਸ ਕਾਰਪਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪੁਲਿਸ ਅਨੁਸਾਰ ਉਹ ਦੋਵੇਂ ਬਾਲ ਸੁਰੱਖਿਆ ਕੇਂਦਰ ’ਚ ਹੀ ਮੌਜੂਦ ਹਨ।

ਅਸ਼ਰਫ, ਅਤੀਕ ਅਹਿਮਦ ਦਾ ਭਰਾ

ਅਤੀਕ ਦੇ ਭਰਾ ਅਸ਼ਰਫ ਉਰਫ਼ ਖਾਲਿਦ ਆਜ਼ਮੀ ਦੇ ਖਿਲਾਫ਼ 52 ਮੁਕੱਦਮੇ ਦਰਜ ਹਨ। ਇਨ੍ਹਾਂ ’ਚ ਕਤਲ, ਕਤਲ ਦੀ ਕੋਸ਼ਿਸ਼, ਦੰਗਾ ਭੜਕਾਉਣ ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।

ਤੁਹਾਨੂੰ ਦੱਸ ਦੇਈਏ ਕਿ ਅਸ਼ਰਫ ਨੂੰ ਉਮੇਸ਼ ਪਾਲ ਦੇ ਕਤਲ ਮਾਮਲੇ ’ਚ ਵੀ ਦੋਸ਼ੀ ਬਣਾਇਆ ਗਿਆ ਹੈ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਮੇਸ਼ ਪਾਲ ਦੇ ਅਗਵਾ ਮਾਮਲੇ ਦੇ ਫੈਸਲੇ ’ਚ ਅਸ਼ਰਫ ਨੂੰ ਬੇਕਸੂਰ ਕਰਾਰ ਦਿੱਤਾ ਗਿਆ ਸੀ। ਇਸੇ ਮਾਮਲੇ ’ਚ ਅਤੀਕ ਅਹਿਮਦ ਅਤੇ ਦੋ ਹੋਰਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ 6 ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਸੀ।

ਅਸ਼ਰਫ ਬਸਪਾ ਵਿਧਾਇਕ ਰਾਜੂ ਪਾਲ ਦੇ ਸਾਲ 2005 ’ਚ ਹੋਏ ਕਤਲ ਦੇ ਵੀ ਮੁਲਜ਼ਮ ਹਨ ਅਤੇ ਇਹ ਮਾਮਲਾ ਲਖਨਊ ਦੀ ਸੀਬੀਆਈ ਅਦਾਲਤ ’ਚ ਚੱਲ ਰਿਹਾ ਹੈ।

ਅਸ਼ਰਫ ਨੂੰ ਬਰੇਲੀ ਜੇਲ੍ਹ ’ਚ ਰੱਖਿਆ ਗਿਆ ਹੈ ਅਤੇ ਪੇਸ਼ੀ ਦੇ ਲਈ ਉਨ੍ਹਾਂ ਨੂੰ ਪ੍ਰਯਾਗਰਾਜ ਲਿਆਇਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)