ਆਈਪੀਐੱਲ 2023: ਧੋਨੀ ਟੀਮ ਵਿੱਚ ਇਹ ਜਜ਼ਬਾ ਕਿਵੇਂ ਭਰਦੇ ਹਨ, ‘ਚੱਲੋ ਕਪਤਾਨ ਲਈ ਕਰੀਏ’

    • ਲੇਖਕ, ਸੁਰੇਸ਼ ਮੇਨਨ
    • ਰੋਲ, ਖੇਡ ਪੱਤਰਕਾਰ

ਜਦੋਂ ਅੱਜ ਤੋਂ ਲਗਭਗ 15 ਸਾਲ ਪਹਿਲਾਂ ਇੱਕ 38 ਸਾਲਾ ਕਪਤਾਨ ਨੇ ਆਪਣੀ ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ, ਆਈਪੀਐਲ ਦੇ ਪਹਿਲੇ ਐਡੀਸ਼ਨ ’ਚ ਖਿਤਾਬ ਜਿਤਾਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਸੀ ਕਿ ਉਹ ਗੱਲ ਸਹੀ ਹੈ ਕਿ, ‘ਇਹ ਉਹ ਮਹਾਨ ਖਿਡਾਰੀ ਸਨ ਜੋ ਕਿ ਆਪਣੇ ਦੇਸ਼ ਦੀ ਟੀਮ ਦੇ ਕਦੇ ਵੀ ਕਪਤਾਨ ਨਹੀਂ ਬਣੇ ਸਨ।’

ਸ਼ੇਨ ਵਾਰਨ ਨੇ ਉਸ ਤਰ੍ਹਾਂ ਨਾਲ ਸੋਚਿਆ ਹੋਵੇ ਜਾਂ ਫਿਰ ਨਹੀਂ, ਪਰ ਬਤੌਰ ਕਪਤਾਨ ਰਾਜਸਥਾਨ ਰਾਇਲਜ਼ ਦੀ ਉਸ ਜਿੱਤ ’ਚ ਉਨ੍ਹਾਂ ਨੇ ਦੋਹਰੀ ਭੂਮਿਕਾ ਨਿਭਾਈ ਸੀ।

ਇੱਕ ਤਾਂ ਰਣਨੀਤੀਘਾੜੇ ਵੱਜੋਂ ਅਤੇ ਦੂਜਾ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਵਾਲੇ ਵੱਜੋਂ ।

ਹਾਲਾਂਕਿ ਆਸਟ੍ਰੇਲੀਆ ਨੇ ਉਨ੍ਹਾਂ ਨੂੰ ਕਦੇ ਵੀ ਕਪਤਾਨ ਵੱਜੋਂ ਨਹੀਂ ਵੇਖਿਆ ਪਰ ਫਰੈਂਚਾਇਜ਼ੀ ਨੇ ਅਜਿਹਾ ਜ]ਰੂਰ ਵੇਖਿਆ ਅਤੇ ਉਨ੍ਹਾਂ ਨੇ ਵੀ ਉਸ ਭਰੋਸੇ ਨੂੰ ਟੁੱਟਣ ਨਾ ਦਿੱਤਾ ਅਤੇ ਟਰਾਫੀ ਜਿੱਤ ਕੇ ਉਸ ਵਿਸ਼ਵਾਸ ਦਾ ਬਰਾਬਰ ਮਾਣ ਰੱਖਿਆ।

ਇਹ ਉਹੀ ਕਪਤਾਨੀ ਦਾ ਅਹੁਦਾ ਜਾਂ ਕਿਰਦਾਰ ਹੈ ਜਿਸ ਨੂੰ ਮਹਿੰਦਰ ਸਿੰਘ ਧੋਨੀ ਨੇ ਬਹੁਤ ਹੀ ਬਾਖ਼ੂਬੀ ਅਤੇ ਸੰਜੀਦਗੀ ਨਾਲ ਨਿਭਾਇਆ ਹੈ।

ਆਪਣੇ 250ਵੇਂ ਆਈਪੀਐਲ ਮੈਚ ’ਚ, ਜੋ ਕਿ ਇਸ ਹਫ਼ਤੇ ਖੇਡਿਆ ਗਿਆ ਜੋ ਫਾਈਨਲ ਮੈਚ ਵੀ ਸੀ, ਧੋਨੀ ਮੈਦਾਨ ’ਚ ਚੇਨਈ ਸੁਪਰ ਕਿੰਗਜ਼ ਦੇ ਸਭ ਤੋਂ ਵੱਡੇ ਰਣਨੀਤੀਘਾੜੇ ਰਹੇ ਹਨ।

ਉਨ੍ਹਾਂ ਦੀ ਜਿੰਨੀ ਪਕੜ ਕ੍ਰਿਕਟ ’ਤੇ ਹੈ, ਉਨ੍ਹੀ ਹੀ ਸਮਝ ਉਹ ਆਪਣੇ ਖਿਡਾਰੀਆਂ ਦੀ ਯੋਗਤਾ, ਕਾਬਲੀਅਤ ਨੂੰ ਸਮਝਣ ਦੀ ਵੀ ਰੱਖਦੇ ਹਨ।

ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਕਦੋਂ ਸਕੁਆਇਰ ਲੇਗ ’ਤੇ ਖੜ੍ਹੇ ਫੀਲਡਰ ਨੂੰ ਉਸ ਦੇ ਖੱਬੇ ਪਾਸੇ ਵੱਲ ਖਿਸਕਾਉਣਾ ਹੈ ਅਤੇ ਕਦੋਂ ਕਿਸੇ ਖਿਡਾਰੀ ਨੂੰ ਨਜ਼ਰਅੰਦਾਜ਼ ਕਰਨਾ ਹੈ ਜਾਂ ਉਸ ਨੂੰ ਸਖ਼ਤ ਚਿਹਰਾ ਭਾਵ ਗੁੱਸਾ ਵਿਖਾਉਣਾ ਹੈ।

ਦੀਪਕ ਚਾਹਰ ਨੇ ਫਾਈਨਲ ਮੈਚ ਦੇ ਸ਼ੁਰੂਆਤੀ ਓਵਰਾਂ ’ਚ ਹੀ ਜਦੋਂ ਸ਼ੁਭਮਨ ਗਿੱਲ ਦਾ ਕੈਚ ਛੱਡ ਦਿੱਤਾ ਤਾਂ ਧੋਨੀ ਨੇ ਸਿਰਫ ਸਟੰਪ ਦੇ ਪਿੱਛੇ ਆਪਣੀ ਥਾਂ ’ਤੇ ਜਾ ਕੇ ਉੱਥੋਂ ਹੀ ਤਾੜੀ ਮਾਰ ਕੇ ਗੇਂਦਬਾਜ਼ ਦੀ (ਅਤੇ ਸੰਭਾਵੀ ਤੌਰ ’ਤੇ ਦੌੜ ਰੋਕਣ ਲਈ ਫੀਲਡਰ ਦੀ) ਤਾਰੀਫ਼ ਕੀਤੀ।

ਧੋਨੀ ਦੇ ਨਜ਼ਰੀਏ ਦਾ ਸਨਾਮਨ

41 ਸਾਲ ਦੀ ਉਮਰ ਅਤੇ 538 ਕੌਮਾਂਤਰੀ ਮੈਚਾਂ ਦੇ ਕਾਰਨ ਧੋਨੀ ਦੀ ਉਮਰ ਅਤੇ ਉਨ੍ਹਾਂ ਦੇ ਤਜਰਬੇ ਦਾ ਸਨਮਾਨ ਕੀਤਾ ਜਾਣਾ ਤਾਂ ਸੁਭਾਵਿਕ ਹੀ ਸੀ।

ਪਰ ਉਨ੍ਹਾਂ ਦੇ ਨਜ਼ਰੀਏ ਦਾ ਸਨਮਾਨ ਉਸ ਮਾਨਸਿਕਤਾ ਦੇ ਕਾਰਨ ਆਇਆ ਹੈ, ਜਿਸ ਨੇ ਖੇਡ ਨੂੰ ਅਹਿਮ ਤਾਂ ਮੰਨਿਆ ਪਰ ਜ਼ਿੰਦਗੀ-ਮੌਤ ਦੇ ਸਵਾਲ ਦੀ ਤਰ੍ਹਾਂ ਨਹੀਂ।

ਤੁਸੀਂ ਗਲਤੀ ਕਰਦੇ ਹੋ, ਕੈਚ ਛੱਡਦੇ ਹੋ, ਤੁਹਾਡੀ ਗਲਤੀ ਦੇ ਕਾਰਨ ਤੁਹਾਡਾ ਸਾਥੀ ਖਿਡਾਰੀ ਰਨ ਆਊਟ ਹੋ ਵੀ ਜਾਂਦਾ ਹੈ… ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ ਪਰ ਜੇਕਰ ਇਹ ਸਭ ਬਿਨਾਂ ਸੋਚੇ ਸਮਝੇ ਹੋਵੇ ਤਾਂ ਕਪਤਾਨ ਤੁਹਾਨੂੰ ਕੁਝ ਕਹਿ ਵੀ ਸਕਦਾ ਹੈ।

ਨਹੀਂ ਤਾਂ ਉਹ ਇਸ ਵੱਲ ਵਧੇਰੇ ਧਿਆਨ ਹੀ ਨਹੀਂ ਦਿੰਦਾ ਅਤੇ ਅੱਗੇ ਵੱਧ ਜਾਂਦਾ ਹੈ। ਖੇਡ ਦੌਰਾਨ ਜਦੋਂ ਧੋਨੀ ਅਜਿਹੀ ਸਥਿਤੀ ’ਚ ਅੱਗੇ ਵੱਧ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਟੀਮ ਵੀ ਅਜਿਹਾ ਹੀ ਕਰਦੀ ਹੈ। ਪੋਸਟਮਾਰਟਮ ਮੈਚ ਦੌਰਾਨ ਨਹੀਂ ਸਗੋਂ ਮੈਚ ਤੋਂ ਬਾਅਦ ਲਈ ਛੱਡ ਦਿੱਤਾ ਜਾਂਦਾ ਹੈ।

ਜਦੋਂ ਧੋਨੀ ਨੇ ਪਹਿਲੀ ਵਾਰ ਸੀਐੱਸਕੇ ਦੇ ਨਾਮ ਆਈਪੀਐੱਲ ਟਰਾਫੀ ਕੀਤੀ ਸੀ ਤਾਂ ਉਹ ਉਸ ਸਮੇਂ 28 ਸਾਲ ਦੇ ਸਨ। ਉਹ ਆਈਪੀਐੱਲ ਦਾ ਤੀਜਾ ਐਡੀਸ਼ਨ ਸੀ।

ਉਸ ਤੋਂ ਇੱਕ ਸਾਲ ਪਹਿਲਾਂ 38 ਸਾਲਾ ਐਡਮ ਗਿਲਕ੍ਰਿਸਟ ਨੇ ਹੈਦਰਾਬਾਦ ਦੀ ਟੀਮ ਡੇਕਨ ਚਾਰਜਰਜ਼ ਦੇ ਲਈ ਇਹ ਟਰਾਫੀ ਜਿੱਤੀ ਸੀ।

ਤਾਂ ਫਿਰ ਕੀ ਆਈਪੀਐੱਲ ਦੀ ਕਪਤਾਨੀ ਮਹਾਨ ਅਤੇ ਤਜਰਬੇਕਾਰ ਕ੍ਰਿਕਟਰਾਂ ਦੇ ਲਈ ਛੱਡ ਦੇਣੀ ਚਾਹੀਦੀ ਹੈ ਜੋ ਕਿ ਇਸ ਤੇਜ਼ੀ ਨਾਲ ਬਦਲਦੀ ਖੇਡ ਨੂੰ ਹਰ ਪਾਸੇ ਤੋਂ ਵੇਖ ਸਕਦੇ ਹਨ?

ਤਾਂ ਕੀ ਬਤੌਰ ਕਪਤਾਨ ਕਿਸੇ ਕ੍ਰਿਸ਼ਮਈ ਵਿਅਕਤੀ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਡਗਆਊਟ ’ਚ ਵੈਸੇ ਵੀ ਵੱਡੀ ਰਕਮ ’ਤੇ ਰੱਖੇ ਗਏ ਸਾਬਕਾ ਖਿਡਾਰੀਆਂ ਵੱਲੋਂ ਰਣਨੀਤੀ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ?

ਮਹਿੰਦਰ ਸਿੰਘ ਧੋਨੀ ਇੱਕ ਕਪਤਾਨ ਦੀ ਕਾਮਯਾਬੀ ਦੀ ਕਹਾਣੀ

  • 41 ਸਾਲ ਦੀ ਉਮਰ ਅਤੇ 538 ਅੰਤਰਰਾਸ਼ਟਰੀ ਮੈਚਾਂ ਦੇ ਕਾਰਨ ਧੋਨੀ ਦੀ ਉਮਰ ਅਤੇ ਉਨ੍ਹਾਂ ਦੇ ਤਜ਼ਰਬੇ ਦਾ ਸਨਮਾਨ ਕੀਤਾ ਜਾਣਾ ਤਾਂ ਸੁਭਾਵਿਕ ਹੀ ਸੀ।
  • ਧੋਨੀ ਨੇ ਆਪਣਾ ਪਹਿਲਾ ਕੌਮਾਂਤਰੀ ਮੈਚ 2004 ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ
  • ਧੋਨੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਪਤਾਨ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਗ਼ੈਰ ਜ਼ਰੂਰੀ ਬਣਾਉਣ ਲਈ ਕੰਮ ਕਰਦਾ ਹੈ, ਤਾਂ ਜੋ ਉਨ੍ਹਾਂ ਦੀ ਟੀਮ ਖੇਡ ਸਕੇ
  • ਧੋਨੀ 35 ਸਾਲ ਦੀ ਉਮਰ ਤੋਂ ਬਾਅਦ ਆਪਣੀ ਟੀਮ ਦੀ ਝੋਲੀ ’ਚ ਤਿੰਨ ਟਰਾਫੀਆਂ ਪਾ ਚੁੱਕੇ ਹਨ।
  • ਜਦੋਂ ਧੋਨੀ ਨੇ ਪਹਿਲੀ ਵਾਰ ਸੀਐਸਕੇ ਦੇ ਨਾਮ ਆਈਪੀਐਲ ਟਰਾਫੀ ਕੀਤੀ ਸੀ ਤਾਂ ਉਹ ਉਸ ਸਮੇਂ 28 ਸਾਲ ਦੇ ਸਨ।

“ਚਲੋ ਇਹ ਕਪਤਾਨ ਲਈ ਕਰੀਏ…”

ਧੋਨੀ 35 ਸਾਲ ਦੀ ਉਮਰ ਤੋਂ ਬਾਅਦ ਆਪਣੀ ਟੀਮ ਦੀ ਝੋਲੀ ’ਚ ਤਿੰਨ ਟਰਾਫੀਆਂ ਪਾ ਚੁੱਕੇ ਹਨ। ਟੀ-20 ਨੌਜਵਾਨਾਂ ਦੀ ਖੇਡ ਹੋ ਸਕਦੀ ਹੈ, ਪਰ ਇਸ ’ਚ ਪੁਰਾਣੇ ਕ੍ਰਿਕਟਰ ਦਾ ਬਤੌਰ ਕਪਤਾਨ ਹੋਣਾ ਫਾਇਦੇਮੰਦ ਰਿਹਾ ਹੈ। ਕੋਈ ਅਜਿਹਾ ਜਿਸ ਵੱਲ ਸਾਰੇ ਖਿਡਾਰੀ ਵੇਖਦੇ ਹਨ ਅਤੇ ਉਸ ਦੇ ਲਈ ਖੇਡਦੇ ਹਨ।

“ਚਲੋ ਇਹ ਕਪਤਾਨ ਲਈ ਕਰੀਏ..”, ਇਹ ਇੱਕ ਵਧੀਆ ਟੀਮ ਨੀਤੀ ਹੈ ਜੋ ਕਿ ਖੁੱਲ੍ਹੇਆਮ ਪ੍ਰਚਾਰ ਕਰਨ ਵਾਲੇ ਗੁਣ ਟੀਮਵਰਕ ਜਾਂ ਮਿਲ ਕੇ ਕੰਮ ਕਰਨ ਦੇ ਗੁਣ ਨੂੰ ਦਰਸਾਉਂਦੀ ਹੈ।

ਚੰਗੇ ਕਪਤਾਨ ਖਿਡਾਰੀਆਂ ਨਾਲ ਵਧੀਆ ਵਤੀਰਾ ਕਰਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਕਰਕੇ ਇੱਕ ਔਸਤਨ ਟੀਮ ਨੂੰ ਵੀ ਜੇਤੂ ਬਣਾ ਸਕਦੇ ਹਨ। ਇਸ ਦੇ ਨਾਲ ਹੀ ਇਹ ਸੁਨੇਹਾ ਵੀ ਦਿੰਦੇ ਹਨ ਕਿ ਉਹ ਉਨ੍ਹਾਂ ਦੇ ਇੱਕ ਪਾਸੇ ਹਨ।

ਆਖਰੀ ਦੋ ਗੇਂਦਾਂ ’ਤੇ 10 ਦੌੜਾਂ ਬਣਾ ਕੇ ਸੀਐਸਕੇ ਨੂੰ ਟਰਾਫੀ ਦਿਵਾਉਣ ਵਾਲੇ ਰਵਿੰਦਰ ਜਡੇਜਾ ਨੇ ਕਿਹਾ ਕਿ ‘ ਇਹ ਖਿਤਾਬ ਧੋਨੀ ਦੇ ਲਈ ਹੈ’।

ਹਾਰਦਿਕ ਨੂੰ ਧੋਨੀ ਤੋਂ ਹਾਰਨ ਦਾ ਦੁੱਖ ਜਾਂ ਪਛਤਾਵਾ ਨਹੀਂ

ਵਿਰੋਧੀ ਟੀਮ ਦੇ ਕਪਤਾਨ ਦੀਆਂ ਗੱਲਾਂ ਕੁਝ ਹੋਰ ਹੀ ਦੱਸ ਰਹੀਆਂ ਹਨ, “ਮੈਂ ਧੋਨੀ ਲਈ ਬਹੁਤ ਖੁਸ਼ ਹਾਂ।”

ਇਹ ਗੱਲ ਹਾਰਦਿਕ ਪਾਂਡੇ ਉਸ ਸਮੇਂ ਕਹਿੰਦੇ ਹਨ ਜਦੋਂ ਫਾਈਨਲ ਮੈਚ ਦਾ ਫ਼ੈਸਲਾ ਤੀਜੇ ਦਿਨ ਸਵੇਰੇ 1:30 ਵਜੇ ਆਇਆ (ਮੀਂਹ ਦੇ ਕਾਰਨ ਪਹਿਲੇ ਦਿਨ ਮੈਚ ਨਹੀਂ ਖੇਡਿਆ ਗਿਆ ਸੀ) ਅਤੇ ਦੋ ਮਹੀਨੇ ਦੀ ਮਿਹਨਤ ਤੋਂ ਬਾਅਦ ਉਹ ਇਸ ਫਾਈਨਲ ’ਚ ਪਹੁੰਚੇ ਸਨ ਅਤੇ ਜਿਸ ਨੂੰ ਉਹ ਹਾਰ ਚੁੱਕੇ ਸਨ।

ਹਾਰਦਿਕ ਨੇ ਕਿਹਾ, “ਉਨ੍ਹਾਂ ਤੋਂ ਹਾਰਨ ਦਾ ਕੋਈ ਪਛਤਾਵਾ ਨਹੀਂ ਹੈ। ਮੈਂ ਜਿੰਨੇ ਵੀ ਲੋਕਾਂ ਨੂੰ ਮਿਲਿਆ ਹਾਂ ਉਹ ਸਭ ਤੋਂ ਵਧੀਆ ਵਿਅਕਤੀ ਹਨ।”

ਵਾਰਨ ਅਤੇ ਧੋਨੀ ਦੋਵੇਂ ਹੀ ਬਾਹਰੋਂ ਭਾਵੇਂ ਨਰਮ ਵਿਖਾਈ ਦਿੰਦੇ ਹਨ ਪਰ ਅਸਲ ’ਚ ਉਹ ਮਜਬੂਤ ਅਤੇ ਦ੍ਰਿੜ ਸ਼ਖਸੀਅਤ ਦੇ ਮਾਲਕ ਹਨ। ਉਹ ਖਿਡਾਰੀਆਂ ਦੇ ਤਹਿਸ-ਨਹਿਸ ਹੋਏ ਮਨੋਬਲ, ਹਿੰਮਤ ਨੂੰ ਮੁੜ ਉੱਚਾ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਬਲਬੂਤੇ ਸਫਲਤਾ ਹਾਸਲ ਕਰਨ ਲਈ ਛੱਡ ਦਿੰਦੇ ਹਨ।

ਇਹ ਵਾਰਨ ਹੀ ਸਨ, ਜਿਨ੍ਹਾਂ ਨੇ ਰਵਿੰਦਰ ਜਡੇਜਾ ਨੂੰ ‘ਰੌਕਸਟਾਰ’ ਦਾ ਨਾਮ ਦਿੱਤਾ ਸੀ।

ਇਹ ਨਾਮ ਉਨ੍ਹਾਂ ਨੂੰ ਆਲ ਰਾਊਂਡਰ ਕ੍ਰਿਕਟ ਦੀ ਕਾਬਲੀਅਤ ਲਈ ਨਹੀਂ ਬਲਕਿ ਉਨ੍ਹਾਂ ਦੇ ਰਵੱਈਏ ਅਤੇ ਸਮੇਂ ਸਿਰ ਨਾ ਪਹੁੰਚਣ ਦੇ ਕਾਰਨ ਦਿੱਤਾ ਗਿਆ ਸੀ। ਇਹ ਉਸ ਖਿਡਾਰੀ ਨੂੰ ਕਿਸੇ ਵੀ ਤਰ੍ਹਾਂ ਫਿੱਟ ਕਰਦਾ ਹੈ ਅਤੇ ਇਹ ਨਾਮ ਅੱਜ ਵੀ ਬਰਕਰਾਰ ਹੈ।

ਤਾਂ ਜੋ ਟੀਮ ਖੁੱਲ੍ਹ ਕੇ ਖੇਡ ਸਕੇ

ਇੱਕ ਮਹਾਨ ਕਪਤਾਨ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਗੈਰ ਜ਼ਰੂਰੀ ਬਣਾਉਣ ਲਈ ਕੰਮ ਕਰਦਾ ਹੈ ਕਿਉਂਕਿ ਉਸ ਦੀ ਟੀਮ ਦੀਆਂ ਜ਼ਰੂਰਤਾਂ ਨੂੰ ਉਸ ਦੀ ਥਾਂ ਦੇ ਦਿੱਤੀ ਜਾਂਦੀ ਹੈ ਅਤੇ ਖਿਡਾਰੀ ਆਪਣਾ ਕੰਮ ਬਾਖੂਬੀ ਜਾਣਦੇ ਹਨ।

ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਧੋਨੀ ਅਗਲੇ ਸਾਲ ਆਈਪੀਐਲ ’ਚ ਖੇਡਣਗੇ , ਜੇਕਰ ਨਹੀਂ ਤਾਂ ਫਿਰ ਉਨ੍ਹਾਂ ਦੀ ਜਗ੍ਹਾ ਕਪਤਾਨੀ ਕਿਸ ਦੇ ਸਿਰ ਆਵੇਗੀ।

ਇਸ ਦੇ ਲਈ ਰਿਤੂਰਾਜ ਗਾਇਕਵਾੜ ਦੇ ਨਾਮ ਦੀ ਚਰਚਾ ਹੈ ਪਰ ਇਸ ਖਿਡਾਰੀ ਬਾਰੇ ਇਹ ਵੀ ਗੱਲ ਚਰਚਾ ’ਚ ਹੈ ਕਿ ਉਹ ਭਾਰਤੀ ਟੀਮ ’ਚ ਆਪਣੀ ਜਗ੍ਹਾ ਬਣਾਉਣ ਲਈ ਵਧੇਰੇ ਯਤਨਸ਼ੀਲ ਨਹੀਂ ਹੈ।

ਵਾਰਨ ਨੇ ਚਾਰ ਸੀਜ਼ਨਾਂ ਤੋਂ ਬਾਅਦ ਆਈਪੀਐਲ ਛੱਡ ਦਿੱਤਾ ਸੀ।

ਪਰ ਫਿਰ ਉਨ੍ਹਾਂ ਦੀ ਟੀਮ ਨੂੰ ਉਨ੍ਹਾਂ ਵਰਗਾ ਜਾਦੂਈ ਕਪਤਾਨ ਨਹੀਂ ਮਿਲਿਆ ਅਤੇ ਰਾਜਸਥਾਨ ਰਾਇਲਜ਼ ਪਹਿਲੀ ਵਾਰ ਤੋਂ ਬਾਅਦ ਹੁਣ ਤੱਕ ਇਹ ਟਰਾਫੀ ਮੁੜ ਨਹੀਂ ਜਿੱਤ ਸਕੀ ਹੈ। ਇਸ ਲਈ ਇਸ ਪੈਟਰਨ ’ਚ ਜੋ ਵਿਖਾਈ ਦਿੰਦਾ ਹੈ ਉਹ ਵਧੇਰੇ ਜੋਖਮ ਭਰਿਆ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)