ਆਈਪੀਐੱਲ ਫਾਈਨਲ 2024: ਹੈਦਰਾਬਾਦ ਟੀਮ ਦਾ ਕੀ ਹੈ ਆਸਟ੍ਰੇਲੀਆਈ ਕਨੈਕਸ਼ਨ, ਜੋ ਜਿੱਤ ਦੀ ਬਣ ਸਕਦਾ ਹੈ ਪੌੜੀ

    • ਲੇਖਕ, ਆਸ਼ੈ ਯੇਡਗੇ
    • ਰੋਲ, ਬੀਬੀਸੀ ਪੱਤਰਕਾਰ

ਆਈਪੀਐੱਲ 2024 ਦਾ ਫਾਈਨਲ ਮੈਚ 26 ਮਈ, ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਚੇੱਨਈ ਦੇ ਚੇਪੌਕ ਮੈਦਾਨ 'ਤੇ ਖੇਡਿਆ ਜਾਵੇਗਾ।

ਇਨ੍ਹਾਂ ਦੋਵਾਂ ਟੀਮਾਂ ਦਾ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਜ਼ਬਰਦਸਤ ਪ੍ਰਦਰਸ਼ਨ ਰਿਹਾ ਹੈ। ਜਿੱਥੇ ਇਕ ਪਾਸੇ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਪੂਰੇ ਆਈਪੀਐੱਲ 'ਚ ਕਾਫੀ ਦੌੜਾਂ ਬਣਾਈਆਂ ਹਨ, ਉੱਥੇ ਹੀ ਕੋਲਕਾਤਾ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ 'ਚ ਦਮਦਾਰ ਖੇ਼ਡ ਦਾ ਮੁਜ਼ਾਹਰਾ ਕਰਦੇ ਹੋਏ ਆਈਪੀਐੱਲ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।

ਇੱਕ ਪਾਸੇ ਜਿੱਥੇ ਨੌਜਵਾਨ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਕੋਲਕਾਤਾ ਦੀ ਟੀਮ 17ਵਾਂ ਆਈਪੀਐਲ ਕੱਪ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਦੇ ਵਿਸ਼ਵ ਜੇਤੂ ਕਪਤਾਨ ਦੀ ਅਗਵਾਈ ਵਿੱਚ ਹੈਦਰਾਬਾਦ ਦੀ ਟੀਮ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਮੈਦਾਨ ਵਿੱਚ ਉਤਰੇਗੀ।

ਕੋਲਕਾਤਾ ਨੇ ਇਸ ਤੋਂ ਪਹਿਲਾਂ ਦੋ ਵਾਰ ਟੂਰਨਾਮੈਂਟ ਜਿੱਤਿਆ ਹੈ ਜਦਕਿ ਸਨਰਾਈਜ਼ਰਜ਼ ਇੱਕ ਵਾਰ ਜਿੱਤ ਚੁੱਕੀ ਹੈ। ਹੈਦਰਾਬਾਦ ਦੀ ਨੁਮਾਇੰਦਗੀ ਕਰਨ ਵਾਲੀ ਡੈਕਨ ਚਾਰਜਰਜ਼ ਨੇ ਵੀ ਇੱਕ ਵਾਰ ਆਈਪੀਐੱਲ ਦਾ ਖਿਤਾਬ ਜਿੱਤਿਆ ਹੈ।

ਇਸੇ ਤਰ੍ਹਾਂ ਦੋਵੇਂ ਟੀਮਾਂ ਪੰਜ-ਪੰਜ ਵਾਰ ਆਈਪੀਐੱਲ ਜਿੱਤਣ ਵਾਲੀਆਂ ਟੀਮਾਂ ਅਤੇ ਵੱਡੇ ਖਿਡਾਰੀਆਂ ਵਾਲੀਆਂ ਟੀਮਾਂ ਨੂੰ ਹਰਾ ਕੇ ਆਈਪੀਐੱਲ ਦੇ ਫਾਈਨਲ ਵਿੱਚ ਪਹੁੰਚੀਆਂ ਹਨ।

ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ 26 ਮਈ ਨੂੰ ਹੋਣ ਵਾਲੇ ਫਾਈਨਲ 'ਚ ਕੀ ਹੋਵੇਗਾ? ਇਕ ਪਾਸੇ ਸ਼੍ਰੇਅਸ ਅਈਅਰ ਅਤੇ ਗੌਤਮ ਗੰਭੀਰ ਦੀ ਕਪਤਾਨ-ਕੋਚ ਜੋੜੀ ਅਤੇ ਦੂਜੇ ਪਾਸੇ ਪੈਟ ਕਮਿੰਸ ਅਤੇ ਡੇਨੀਅਲ ਵਿਟੋਰੀ ਦੀ ਜੋੜੀ ਆਈਪੀਐੱਲ ਜਿੱਤਣ ਲਈ ਮੈਦਾਨ ਵਿੱਚ ਉਤਰੇਗੀ।

ਹੁਣ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਿਹਾ?

ਆਈਪੀਐੱਲ 2024 ਦੀ ਸ਼ੁਰੂਆਤ ਵਿੱਚ, ਬਹੁਤ ਘੱਟ ਪ੍ਰਸ਼ੰਸਕਾਂ ਅਤੇ ਕ੍ਰਿਕਟ ਮਾਹਰਾਂ ਨੇ ਅੰਦਾਜ਼ਾ ਲਗਾਇਆ ਹੋਵੇਗਾ ਕਿ ਫਾਈਨਲ ਮੈਚ ਹੈਦਰਾਬਾਦ ਅਤੇ ਕੋਲਕਾਤਾ ਵਿਚਾਲੇ ਖੇਡਿਆ ਜਾਵੇਗਾ।

ਇਨ੍ਹਾਂ ਸਾਰੀਆਂ ਭਵਿੱਖਬਾਣੀਆਂ ਨੂੰ ਝੂਠਾ ਕਰਦੇ ਹੋਏ ਹੈਦਰਾਬਾਦ ਅਤੇ ਕੋਲਕਾਤਾ ਦੀਆਂ ਟੀਮਾਂ ਨੇ ਆਈਪੀਐੱਲ ਵਿੱਚ ਚੋਟੀ ਦੀਆਂ ਟੀਮਾਂ ਨੂੰ ਆਸਾਨੀ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਇਹ ਦੋਵੇਂ ਟੀਮਾਂ ਆਈਪੀਐੱਲ 2024 ਦੇ ਨਾਕ-ਆਊਟ ਮੈਚਾਂ ਵਿੱਚ ਆਹਮੋ-ਸਾਹਮਣੇ ਹੋਣ।

ਇਸ ਤੋਂ ਪਹਿਲਾਂ ਕੁਆਲੀਫਾਇਰ-1 ਵਿੱਚ ਕੋਲਕਾਤਾ ਨੇ ਹੈਦਰਾਬਾਦ ਨੂੰ ਹਰਾ ਕੇ ਸਿੱਧੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।

ਇਸ ਤੋਂ ਬਾਅਦ ਪੈਟ ਕਮਿੰਸ ਦੀ ਹੈਦਰਾਬਾਦ ਨੇ ਇਸ ਦਾ ਫਾਇਦਾ ਚੁੱਕਦਿਆਂ ਹੋਇਆ ਕੁਆਲੀਫਾਇਰ-2 'ਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਫਾਈਨਲ 'ਚ ਪਹੁੰਚ ਗਈ।

ਜੇਕਰ ਇਸ ਸੀਜ਼ਨ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਇਹ ਦੋਵੇਂ ਟੀਮਾਂ ਇੱਕ-ਦੂਜੇ ਖ਼ਿਲਾਫ਼ ਦੋ-ਦੋ ਮੈਚ ਖੇਡੀਆਂ ਹਨ। ਇਨ੍ਹਾਂ ਦੋਵਾਂ ਮੈਚਾਂ ਵਿੱਚ ਕੋਲਕਾਤਾ ਦੀ ਟੀਮ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਹੈ।

ਲੀਗ ਰਾਊਂਡ ਦੇ ਪਹਿਲੇ ਮੈਚ ਵਿੱਚ ਕੋਲਕਾਤਾ ਨੇ ਹੈਦਰਾਬਾਦ ਨੂੰ ਚਾਰ ਦੌੜਾਂ ਨਾਲ ਹਰਾਇਆ ਅਤੇ ਕੋਲਕਾਤਾ ਨੇ ਕੁਆਲੀਫਾਇਰ-1 ਵੀ ਜਿੱਤ ਲਿਆ ਹੈ।

ਜੇਕਰ ਆਈਪੀਐੱਲ 'ਚ ਕੋਲਕਾਤਾ ਅਤੇ ਹੈਦਰਾਬਾਦ ਵਿਚਾਲੇ ਹੁਣ ਤੱਕ ਖੇਡੇ ਗਏ ਮੁਕਾਬਲਿਆਂ ‘ਤੇ ਝਾਤ ਮਾਰੀਏ ਤਾਂ ਇਹ ਦੋਵੇਂ ਟੀਮਾਂ ਇੱਕ-ਦੂਜੇ ਖ਼ਿਲਾਫ਼ 27 ਮੈਚ ਖੇਡ ਚੁੱਕੀਆਂ ਹਨ। ਕੋਲਕਾਤਾ ਦੀ ਟੀਮ ਨੇ 18 ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਦਕਿ ਹੈਦਰਾਬਾਦ ਦੀ ਟੀਮ ਨੇ 9 ਮੈਚਾਂ 'ਚ ਜਿੱਤ ਦਰਜ ਕੀਤੀ ਹੈ।

ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕੋਲਕਾਤਾ ਦੀ ਟੀਮ ਬੇਸ਼ੱਕ ਭਾਰੀ ਜਾਪਦੀ ਹੈ ਪਰ ਪੈਟ ਕਮਿੰਸ ਕਾਫੀ ਹਮਲਾਵਰ ਕਪਤਾਨ ਹਨ ਅਤੇ ਉਨ੍ਹਾਂ ਕੋਲ ਨਾਕਆਊਟ ਮੈਚਾਂ 'ਚ ਆਪਣੀ ਟੀਮ ਲਈ ਮੈਚ ਜਿੱਤਣ ਦਾ ਤਜਰਬਾ ਹੈ।

ਇਸ ਦੇ ਨਾਲ ਹੀ ਹੈਦਰਾਬਾਦ ਦੀ ਟੀਮ ਇਸ ਟੂਰਨਾਮੈਂਟ ਵਿੱਚ ਦੌੜਾਂ ਦੇ ਪਹਾੜ ਬਣਾ ਰਹੀ ਹੈ।

ਬੇਸ਼ੱਕ ਇਹ ਟੀਮ ਭਾਵੇਂ ਕੁਝ ਮੈਚਾਂ ਵਿੱਚ ਪੂਰੀ ਤਰ੍ਹਾਂ ਪਛੜਦੀ ਨਜ਼ਰ ਆਈ ਹੈ ਪਰ ਫਾਈਨਲ ਮੈਚ ਵਿੱਚ ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲਾ ਹੋ ਸਕਦਾ ਹੈ।

ਹੈਦਰਾਬਾਦ ਅਤੇ ਆਸਟ੍ਰੇਲੀਆਈ ਕਪਤਾਨਾਂ ਵਿਚਕਾਰ ਰਿਸ਼ਤਾ

ਸਨਰਾਈਜ਼ਰਜ਼ ਹੈਦਰਾਬਾਦ ਤੋਂ ਪਹਿਲਾਂ ਹੈਦਰਾਬਾਦ ਸ਼ਹਿਰ ਦੀ ਡੈਕਨ ਚਾਰਜਰਜ਼ ਨਾਂ ਦੀ ਟੀਮ ਨੇ ਆਈਪੀਐੱਲ ਵਿੱਚ ਹਿੱਸਾ ਲਿਆ ਸੀ।

2008 ਵਿੱਚ ਆਈਪੀਐੱਲ ਦੇ ਪਹਿਲੇ ਐਡੀਸ਼ਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਆਈਪੀਐੱਲ ਭਾਰਤ ਤੋਂ ਬਾਹਰ ਖੇਡਿਆ ਗਿਆ ਸੀ। ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਐਡਮ ਗਿਲਕ੍ਰਿਸਟ ਨੇ ਡੈਕਨ ਚਾਰਜਰਜ਼ ਨੂੰ ਆਈਪੀਐੱਲ ਦਾ ਜੇਤੂ ਬਣਾਇਆ ਸੀ।

ਗਿਲਕ੍ਰਿਸਟ ਦੀ ਟੀਮ ਨੇ ਦੱਖਣੀ ਅਫ਼ਰੀਕਾ 'ਚ ਹੋਏ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਹਰਾ ਕੇ ਆਈਪੀਐੱਲ ਟਰਾਫੀ ਜਿੱਤੀ ਅਤੇ ਫਿਰ 2013 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਵਿੱਚ ਐਂਟਰੀ ਹੋਈ।

2016 ਆਈਪੀਐੱਲ ਵਿੱਚ, ਇੱਕ ਵਾਰ ਫਿਰ ਇੱਕ ਆਸਟ੍ਰੇਲੀਆਈ ਖਿਡਾਰੀ ਨੇ ਹੈਦਰਾਬਾਦ ਨੂੰ ਆਈਪੀਐੱਲ ਖਿਤਾਬ ਦਿਵਾਇਆ। ਉਸ ਸੀਜ਼ਨ ਵਿੱਚ ਹੈਦਰਾਬਾਦ ਨੇ ਫਾਈਨਲ ਮੈਚ ਵਿੱਚ ਬੰਗਲੌਰ ਨੂੰ 8 ਦੌੜਾਂ ਨਾਲ ਹਰਾਇਆ ਸੀ।

ਬਾਅਦ ਦੇ ਟੂਰਨਾਮੈਂਟਾਂ ਵਿੱਚ ਸਨਰਾਈਜ਼ਰਜ਼ ਨੇ ਕਈ ਕਪਤਾਨ ਬਦਲੇ।

ਕੇਨ ਵਿਲੀਅਮਸਨ, ਭੁਵਨੇਸ਼ਵਰ ਕੁਮਾਰ, ਮਨੀਸ਼ ਪਾਂਡੇ, ਏਡੇਨ ਮਾਰਕਰਮ ਵਰਗੇ ਖਿਡਾਰੀਆਂ ਨੇ ਹੈਦਰਾਬਾਦ ਟੀਮ ਦੀ ਅਗਵਾਈ ਕੀਤੀ ਪਰ ਉਹ ਖਿਤਾਬ ਨਹੀਂ ਜਿੱਤਾ ਸਕੇ।

2023 ਦੇ ਟੂਰਨਾਮੈਂਟ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਹੈਦਰਾਬਾਦ ਟੀਮ ਦੇ ਮਾਲਕਾਂ ਨੇ ਨਿਊਜ਼ੀਲੈਂਡ ਦੇ ਡੇਨੀਅਲ ਵਿਟੋਰੀ ਨੂੰ ਆਪਣਾ ਕੋਚ ਨਿਯੁਕਤ ਕੀਤਾ ਅਤੇ ਇੱਕ ਵਾਰ ਫਿਰ ਟੀਮ ਦੀ ਕਮਾਨ ਆਸਟ੍ਰੇਲੀਆਈ ਖਿਡਾਰੀ ਨੂੰ ਸੌਂਪ ਦਿੱਤੀ।

ਹਾਲ ਹੀ 'ਚ ਵਨਡੇ ਵਿਸ਼ਵ ਕੱਪ ਜਿੱਤਣ ਵਾਲੇ ਪੈਟ ਕਮਿੰਸ ਨੇ ਪਹਿਲੇ ਮੈਚ ਤੋਂ ਹੀ ਟੀਮ ਦਾ ਸਫ਼ਲ ਅਗਵਾਈ ਕੀਤੀ ਅਤੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਆਸਟ੍ਰੇਲੀਆਈ ਕਪਤਾਨ ਦਾ ਕੁਨੈਕਸ਼ਨ ਹੈਦਰਾਬਾਦ ਟੀਮ ਲਈ ਸਫ਼ਲ ਕੁਨੈਕਸ਼ਨ ਹੈ।

ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਕੋਲਕਾਤਾ ਦੀ ਟੀਮ ਇਸ ਮਿੱਥ ਨੂੰ ਤੋੜਦੀ ਹੈ ਜਾਂ ਕੀ ਕੋਈ ਆਸਟ੍ਰੇਲੀਆਈ ਖਿਡਾਰੀ ਹੈਦਰਾਬਾਦ ਦੇ ਪ੍ਰਸ਼ੰਸਕਾਂ ਨੂੰ ਇਸ ਟੂਰਨਾਮੈਂਟ ਵਿੱਚ ਜਸ਼ਨ ਮਨਾਉਣ ਦਾ ਮੌਕਾ ਦਿੰਦਾ ਹੈ।

ਕੀ ਇਹ 'ਕੋਰਬੋ, ਲੋਰਬੋ, ਜਿਤਬੋ' ਹੋਵੇਗਾ?

ਪਹਿਲੇ ਸੀਜ਼ਨ ਤੋਂ ਹੀ ਸ਼ਾਹਰੁਖ ਖਾਨ ਦੀ ਟੀਮ ਆਈਪੀਐੱਲ ਦੇ ਕ੍ਰਿਕਟ ਪ੍ਰਸ਼ੰਸਕਾਂ ਦੀ ਪਸੰਦ ਰਹੀ ਹੈ।

2008 ਦੇ ਪਹਿਲੇ ਟੂਰਨਾਮੈਂਟ ਵਿੱਚ, ਕੋਲਕਾਤਾ ਨੇ ਸੌਰਵ ਗਾਂਗੁਲੀ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ। ਉਨ੍ਹਾਂ ਦੀ ਟੀਮ ਵਿੱਚ ਕਈ ਮਹਾਨ ਖਿਡਾਰੀ ਸਨ ਪਰ ਟੀਮ ਪਹਿਲੇ ਚਾਰ ਆਈਪੀਐੱਲ ਸੀਜ਼ਨਾਂ ਵਿੱਚ ਫਾਈਨਲ ਵਿੱਚ ਪਹੁੰਚਣ ਵਿੱਚ ਅਸਫ਼ਲ ਰਹੀ।

2011 ਦੀ ਹਾਰ ਤੋਂ ਬਾਅਦ ਕੋਲਕਾਤਾ ਪ੍ਰਬੰਧਨ ਨੇ ਟੀਮ 'ਚ ਵੱਡੇ ਬਦਲਾਅ ਕੀਤੇ ਹਨ। 2011 ਵਿਸ਼ਵ ਕੱਪ ਵਿੱਚ ਭਾਰਤ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਗੌਤਮ ਗੰਭੀਰ ਨੇ ਟੀਮ ਦੀ ਕਮਾਨ ਸੰਭਾਲੀ ਅਤੇ ਕੋਲਕਾਤਾ ਟੀਮ ਦੀ ਕਿਸਮਤ ਹੀ ਬਦਲ ਦਿੱਤੀ।

2012 ਆਈਪੀਐੱਲ ਵਿੱਚ, ਕੋਲਕਾਤਾ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਅਤੇ ਫਾਈਨਲ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ।

ਫਿਰ 2014 ਵਿੱਚ ਵੀ ਕੋਲਕਾਤਾ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸਖ਼ਤ ਮੈਚ ਵਿੱਚ 3 ਵਿਕਟਾਂ ਨਾਲ ਹਰਾਇਆ ਅਤੇ ਗੌਤਮ ਗੰਭੀਰ ਦੀ ਅਗਵਾਈ ਵਿੱਚ ਸ਼ਾਹਰੁਖ ਖ਼ਾਨ ਦੀ ਟੀਮ ਨੂੰ ਦੂਜੀ ਵਾਰ ਸਫ਼ਲਤਾ ਦਿਵਾਈ।

2014 ਤੋਂ ਬਾਅਦ 2021 ਵਿੱਚ ਈਓਨ ਮੋਰਗਨ ਦੀ ਅਗਵਾਈ ਵਿੱਚ ਕੋਲਕਾਤਾ ਫਾਈਨਲ ਵਿੱਚ ਪਹੁੰਚੀ ਪਰ ਚੇੱਨਈ ਤੋਂ ਹਾਰ ਗਈ।

2024 ਟੂਰਨਾਮੈਂਟ ਤੋਂ ਪਹਿਲਾਂ ਦੋ ਵਾਰ ਖਿਤਾਬ ਜਿੱਤ ਕੇ ਕੋਲਕਾਤਾ ਦੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਾਲੇ ਗੌਤਮ ਗੰਭੀਰ ਕੋਲਕਾਤਾ ਦੀ ਟੀਮ 'ਚ ਨਵੇਂ ਰੂਪ 'ਚ ਆਏ ਹਨ।

ਹਾਲਾਂਕਿ ਲੀਡਰਸ਼ਿਪ ਦੀ ਜ਼ਿੰਮੇਵਾਰੀ ਨੌਜਵਾਨ ਸ਼੍ਰੇਅਸ ਅਈਅਰ ਦੇ ਮੋਢਿਆਂ 'ਤੇ ਹੈ, ਪਰ ਗੌਤਮ ਗੰਭੀਰ ਮੈਦਾਨ ਦੇ ਬਾਹਰ ਡਗਆਊਟ ਤੋਂ ਮੈਚ 'ਚ ਬਰਾਬਰ ਦਾ ਹਿੱਸਾ ਸੀ।

ਹਮਲਾਵਰ ਸੁਨੀਲ ਨਰੇਨ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਣਾ ਹੋਵੇ ਜਾਂ ਵੈਭਵ ਅਰੋੜਾ ਜਾਂ ਹਰਸ਼ਿਤ ਰਾਣਾ ਵਰਗੇ ਨੌਜਵਾਨ ਤੇਜ਼ ਗੇਂਦਬਾਜ਼ਾਂ 'ਤੇ ਜ਼ਿੰਮੇਵਾਰੀ ਪਾਉਣਾ, ਕੋਲਕਾਤਾ ਦੀ ਖੇਡ 'ਤੇ ਇਹ 'ਗੰਭੀਰ' ਅਸਰ ਕੋਲਕਾਤਾ ਦੇ ਤੀਜੇ ਖਿਤਾਬ ਦੇ ਸੁਪਨੇ ਪੂਰਾ ਕਰਦਾ ਹੈ ਜਾਂ ਨਹੀਂ, ਇਸ ਪਤਾ ਫਾਈਨਲ ਮੈਚ ਤੋਂ ਬਾਅਦ ਹੀ ਲੱਗੇਗਾ।

ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ ਬਨਾਮ ਸੁਨੀਲ ਨਰੇਨ, ਵਰੁਣ ਚੱਕਰਵਰਤੀ

ਜਿੱਥੋਂ ਤੱਕ ਹੈਦਰਾਬਾਦ ਦਾ ਸਵਾਲ ਹੈ ਤਾਂ ਉਨ੍ਹਾਂ ਕੋਲ ਹਮਲਾਵਰ ਬੱਲੇਬਾਜ਼ਾਂ ਦੀ ਇੱਕ ਮਜ਼ਬੂਤ ਲਾਈਨ-ਅੱਪ ਹੈ।

ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਅਸਲ ਵਿੱਚ ਗੇਂਦਬਾਜ਼ਾਂ ਦੀਆਂ ਵੱਖੀਆਂ ਉਧੇੜ ਦਿੱਤੀਆਂ ਹਨ।

ਇਸ ਤੋਂ ਬਾਅਦ ਹੈਨਰਿਕ ਕਲਾਸੇਨ ਅਤੇ ਏਡਨ ਮਾਰਕਰਾਮ ਵਰਗੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਵੀ ਹਮਲਾਵਰ ਬੱਲੇਬਾਜ਼ੀ ਦਿਖਾਈ।

ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਦੌੜਾਂ ਦਾ ਪਹਾੜ ਖੜ੍ਹਾ ਕੀਤਾ ਹੈ, ਪਰ ਕੁਝ ਮੈਚਾਂ 'ਚ ਦੇਖਿਆ ਗਿਆ ਹੈ ਕਿ ਚੁਣੇ ਹੋਏ ਖ਼ਾਸ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਬਣਾਈਆਂ ਹਨ।

ਇਸ ਲਈ ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਇਹ ਖਿਡਾਰੀ ਫਾਈਨਲ ਮੈਚ ਕਿਵੇਂ ਖੇਡਣਗੇ।

ਕੋਲਕਾਤਾ ਨੇ ਸੁਨੀਲ ਨਰੇਨ ਨੂੰ ਸਲਾਮੀ ਬੱਲੇਬਾਜ਼ ਬਣਾ ਕੇ ਪਿਛਲੇ ਸਾਲ ਦੀ ਸਲਾਮੀ ਬੱਲੇਬਾਜ਼ ਦੀ ਸਮੱਸਿਆ ਹੱਲ ਕਰ ਦਿੱਤੀ ਹੈ।

ਸੁਨੀਲ ਨੇ ਕਪਤਾਨ ਅਤੇ ਕੋਚ ਦੇ ਭਰੋਸੇ ਨੂੰ ਸਹੀ ਠਹਿਰਾਇਆ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਫਾਈਨਲ ਤੋਂ ਪਹਿਲਾਂ 13 ਮੈਚਾਂ 'ਚ 1 ਸੈਂਕੜਾ ਅਤੇ 3 ਅਰਧ ਸੈਂਕੜੇ ਲਗਾਏ ਹਨ।

ਭਾਵੇਂ ਉਨ੍ਹਾਂ ਦਾ ਸਾਥੀ ਫਿਲ ਸਾਲਟ ਘਰ ਪਰਤ ਗਏ ਹਨ, ਪਰ ਕੋਲਕਾਤਾ ਕੋਲ ਮੱਧਕ੍ਰਮ ਵਿੱਚ ਚੰਗੇ ਖਿਡਾਰੀਆਂ ਦੀ ਭਰਮਾਰ ਹੈ। ਕੋਲਕਾਤਾ ਲਈ ਮੱਧਕ੍ਰਮ ਵਿੱਚ ਕਪਤਾਨ ਸ਼੍ਰੇਅਸ ਅਈਅਰ, ਰਿੰਕੂ ਸਿੰਘ, ਆਂਦਰੇ ਰਸੇਲ ਅਤੇ ਨਿਤੀਸ਼ ਰਾਣਾ ਬੱਲੇਬਾਜ਼ੀ ਕਰਨਗੇ।

ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਹੈਦਰਾਬਾਦ ਕੋਲ ਕਪਤਾਨ ਪੈਟ ਕਮਿੰਸ ਦੇ ਨਾਲ-ਨਾਲ ਭੁਵਨੇਸ਼ਵਰ ਕੁਮਾਰ, ਟੀ. ਨਟਰਾਜਨ ਦੇ ਰੂਪ 'ਚ ਚੰਗੇ ਤੇਜ਼ ਗੇਂਦਬਾਜ਼ ਹਨ।

ਦੂਜੇ ਪਾਸੇ, ਕੋਲਕਾਤਾ ਦੇ ਸਪਿਨਰ ਵੀ ਹੈਦਰਾਬਾਦ ਦੇ ਬੱਲੇਬਾਜ਼ਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਦੋਵੇਂ ਸਪਿਨਰਾਂ - ਸੁਨੀਲ ਨਰੇਨ ਅਤੇ ਵਰੁਣ ਚੱਕਰਵਰਤੀ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ।

ਫਾਈਨਲ ਮੈਚ ਤੋਂ ਪਹਿਲਾਂ ਕੋਲਕਾਤਾ ਲਈ ਖੇਡ ਰਹੇ ਮਿਸ਼ੇਲ ਸਟਾਰਕ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ।

ਜਿਸ ਮੈਦਾਨ ‘ਤੇ ਇਹ ਮੈਚ ਖੇਡਿਆ ਜਾਣਾ ਹੈ, ਉੱਥੇ ਸਪਿਨਰਾਂ ਨੂੰ ਕਾਫੀ ਮਦਦ ਮਿਲਦੀ ਹੈ।

ਇਸ ਕਾਰਨ ਕੋਲਕਾਤਾ ਦੇ ਸਪਿਨਰ ਚੇੱਨਈ ਦੇ ਇਸ ਮੈਦਾਨ 'ਤੇ ਪ੍ਰਭਾਵਸ਼ਾਲੀ ਹੋ ਸਕਦੇ ਹਨ ਪਰ ਕੁਆਲੀਫਾਇਰ-2 'ਚ ਰਾਜਸਥਾਨ ਖ਼ਿਲਾਫ਼ ਸ਼ਾਹਬਾਜ਼ ਅਹਿਮਦ ਅਤੇ ਅਭਿਸ਼ੇਕ ਸ਼ਰਮਾ ਦੀ ਗੇਂਦਬਾਜ਼ੀ ਨੂੰ ਦੇਖਦੇ ਹੋਏ ਉਹ ਕੋਲਕਾਤਾ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਆਈਪੀਐੱਲ ਦਾ ਫਾਈਨਲ ਕਿਸੇ ਵੀ ਹੋਰ ਮੁਕਾਬਲੇ ਤੋਂ ਬਹੁਤ ਵੱਖਰਾ ਹੈ। ਫਾਈਨਲ ਮੈਚ ਦਾ ਆਪਣਾ ਹੀ ਦਬਾਅ ਹੈ।

ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕਿਹੜੀ ਟੀਮ ਸਭ ਤੋਂ ਰਣਨੀਤਕ ਪਲਾਂ ਵਿਚ ਸ਼ਾਂਤ ਦਿਮਾਗ਼ ਨਾਲ ਖੇਡਦੀ ਹੈ ਅਤੇ ਕਿਹੜੀ ਟੀਮ ਦੇ ਖਿਡਾਰੀ ਲੋੜ ਪੈਣ 'ਤੇ ਜ਼ਿੰਮੇਵਾਰੀ ਲੈਣ ਲਈ ਅੱਗੇ ਆ ਸਕਦੇ ਹਨ, ਅਜਿਹਾ ਕਰਨ ਵਾਲੀ ਟੀਮ ਹੀ ਇਸ ਸੀਜ਼ਨ ਦੀ ਚੈਂਪੀਅਨ ਬਣੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)