ਜਲੰਧਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਲਈ ਕਿਵੇਂ ਬਣੀ ਵੱਕਾਰ ਦਾ ਸਵਾਲ

ਤਸਵੀਰ ਸਰੋਤ, Facebook
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਸਿਆਸੀ ਅਖਾੜਾ ਤਿਆਰ ਹੈ।
ਇਸ ਵਿੱਚ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤਾਂ ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਅਕਾਲੀ ਦਲ-ਬਸਪਾ ਦੇ ਗਠਜੋੜ ਵੱਲੋਂ ਅਜੇ ਆਪਣਾ ਉਮੀਦਵਾਰ ਐਲਾਨੇ ਜਾਣਾ ਬਾਕੀ ਹੈ।
ਅਕਾਲੀ ਦਲ ਤੇ ਬਸਪਾ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਹ ਜ਼ਰੂਰ ਕਿਹਾ ਗਿਆ ਕਿ ਸੀਟ ਤੋਂ ਅਕਾਲੀ ਦਲ ਦੇ ਚੋਣ ਨਿਸ਼ਾਨ ਉੱਤੇ ਚੋਣ ਲੜੀ ਜਾਵੇਗੀ ਅਤੇ ਅਕਾਲੀ ਦਲ - ਬਸਪਾ ਦਾ ਸਾਂਝਾ ਉਮੀਦਵਾਰ ਮੈਦਾਨ ਵਿੱਚ ਹੋਵੇਗਾ।
ਭਾਜਪਾ ਨੇ ਵੀ ਅਜੇ ਇਸ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨੇ ਜਾਣਾ ਬਾਕੀ ਹੈ।
ਜਲੰਧਰ ਦੀ ਸੀਟ ਕਾਂਗਰਸ ਦੇ ਮਰਹੂਮ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਦੇ ਦੇਹਾਂਤ ਮਗਰੋਂ ਖਾਲੀ ਹੋਈ ਹੈ।
ਇਸ ਸਾਲ 14 ਜਨਵਰੀ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਹਿੱਸਾ ਲੈਂਦੇ ਹੋਏ ਸੰਤੋਖ ਚੌਧਰੀ ਨੂੰ ਫਿਲੌਰ ਵਿੱਚ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਕਰਮਜੀਤ ਕੌਰ ਚੌਧਰੀ ਦੀ ਦਾਅਵੇਦਾਰੀ ਕਿੰਨੀ ਮਜ਼ਬੂਤ ਹੈ

ਤਸਵੀਰ ਸਰੋਤ, Karamjit Kaur/FB
ਕਾਂਗਰਸ ਨੇ ਕਾਫੀ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਸੰਤੋਖ ਚੌਧਰੀ ਦੇ ਦੇਹਾਂਤ ਮਗਰੋਂ ਖਾਲੀ ਹੋਈ ਸੀਟ ਲਈ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਚੋਣ ਮੈਦਾਨ ਵਿੱਚ ਉਤਰਨਗੇ।
ਜਲੰਧਰ ਤੋਂ ਲਗਾਤਾਰ ਦੋ ਵਾਰ ਲੋਕ ਸਭਾ ਵਿੱਚ ਗਏ ਮਰਹੂਮ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਨੇ ਸਿਆਸਤ ਵਿੱਚ ਚੰਗਾ ਨਾਮਣਾ ਖੱਟਿਆ ਸੀ। ਉਨ੍ਹਾਂ ਦੇ ਦੇਹਾਂਤ ਮਗਰੋਂ ਹੁਣ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਮੈਦਾਨ ਵਿੱਚ ਹਨ।
ਕਰਮਜੀਤ ਕੌਰ ਚੌਧਰੀ ਸਿੱਖਿਆ ਦੇ ਖੇਤਰ ਨਾਲ ਜੁੜੇ ਰਹੇ ਹਨ। ਸਿਆਸਤ ਵਿੱਚ ਉਨ੍ਹਾਂ ਨੰ ਐਕਟਿਵ ਰੋਲ ਵਿੱਚ ਨਹੀਂ ਵੇਖਿਆ ਗਿਆ ਹੈ।
ਆਪਣੀ ਉਮੀਦਵਾਰੀ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਰਮਜੀਤ ਚੌਧਰੀ ਨੇ ਆਪਣੇ ਪੁੱਤਰ ਅਤੇ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ।
ਕਰਮਜੀਤ ਦਾ ਕਹਿਣਾ ਹੈ ਕਿ ਸਿੱਖਿਆ ਖੇਤਰ ਵਿੱਚ ਸੁਧਾਰ ਕਰਨਾ ਉਨ੍ਹਾਂ ਦਾ ਮੁੱਖ ਫੋਕਸ ਹੋਵੇਗਾ। ਕਰਮਜੀਤ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਉੱਚ ਸਿੱਖਿਆ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾਈ ਅਤੇ ਪਬਲਿਕ ਇੰਸਟ੍ਰਕਸ਼ਨ (ਕਾਲਜ) ਦੇ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ।
ਉਹ ਖੁਦ ਯੋਗਤਾ ਪ੍ਰਾਪਤ ਹਨ ਅਤੇ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ.ਏ ਅੰਗਰੇਜ਼ੀ ਅਤੇ ਐੱਮਏ ਇਤਿਹਾਸ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਫਿਲ ਅੰਗਰੇਜ਼ੀ ਕੀਤੀ ਹੈ।
ਉਨ੍ਹਾਂ ਦੀ ਪਾਰਟੀ ਹਲਕੇ ਵਿੱਚ ਮਹਿਲਾ ਵੋਟਰਾਂ ਵੱਲ ਵੀ ਖ਼ਾਸ ਧਿਆਨ ਦੇ ਰਹੇ ਹਨ।
ਕਰਮਜੀਤ ਜਿੱਥੇ ਵੀ ਜਾਂਦੇ ਹਨ, ਉਹ ਸੰਤੋਖ ਸਿੰਘ ਚੌਧਰੀ ਵੱਲੋਂ ਕੀਤੇ ‘ਚੰਗੇ ਕੰਮ’ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ। ਉਹ ਜਲੰਧਰ ਦੇ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਉਹੀ ਦੇਖਭਾਲ ਮਿਲਦੀ ਰਹੇਗੀ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਤੋਂ ਮਿਲਦੀ ਸੀ।
ਜਲੰਧਰ ਤੋਂ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਕਹਿੰਦੇ ਹਨ, “ਭਾਵੇਂ ਕਰਮਜੀਤ ਕੌਰ ਚੌਧਰੀ ਸਿਆਸਤ ਵਿੱਚ ਐਕਟਿਵ ਭੂਮਿਕਾ ਵਿੱਚ ਨਹੀਂ ਸਨ ਪਰ ਉਹ ਆਪਣੇ ਪਤੀ ਸੰਤੋਖ ਚੌਧਰੀ ਨਾਲ ਚੋਣਾਂ ਜਾਂ ਹੋਰ ਪ੍ਰੋਗਰਾਮਾਂ ਵਿੱਚ ਐਕਟਿਵ ਨਜ਼ਰ ਆਉਂਦੇ ਸਨ।”
“ਸਿਆਸਤ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਚੰਗੀ ਸਾਂਝ ਹੈ। ਉਨ੍ਹਾਂ ਵਿੱਚ ਸਿਆਸਤ ਬਾਰੇ ਚੰਗੀ ਸਮਝ ਨਜ਼ਰ ਆਉਂਦੀ ਹੈ।”
ਕਰਮਜੀਤ ਕੌਰ ਦੀਆਂ ਚੋਣ ਜਿੱਤਣ ਦੀਆਂ ਉਮੀਦਾਂ ਬਾਰੇ ਰਾਕੇਸ਼ ਸ਼ਾਂਤੀਦੂਤ ਕਹਿੰਦੇ ਹਨ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦੀ ਅਤੇ ਪਾਰਟੀ ਦੇ ਵਰਕਰਾਂ ਦੀ ਹਮਦਰਦੀ ਤਾਂ ਕਰਮਜੀਤ ਕੌਰ ਨਾਲ ਰਹਿ ਸਕਦੀ ਹੈ।”
“ਪਾਰਟੀ ਵਿਚਾਲੇ ਫੁੱਟ ਤੋਂ ਵੀ ਉਨ੍ਹਾਂ ਦਾ ਬਚਾਅ ਰਿਹਾ ਹੈ। ਭਾਵੇਂ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਹਨ ਪਰ ਅਜਿਹਾ ਨਹੀਂ ਸੀ ਉਹ ਟਿਕਟ ਲਈ ਪਾਰਟੀ ਵਿੱਚ ਬਗਾਵਤ ਕਰ ਰਹੇ ਸੀ। ਇਸ ਦੇ ਨਾਲ ਹੀ ਸੰਤੋਖ ਚੌਧਰੀ ਦੀ ਪਕੜ ਵੀ ਉਨ੍ਹਾਂ ਦੇ ਕੰਮ ਆ ਸਕਦੀ ਹੈ।”
“ਸੰਤੋਖ ਚੌਧਰੀ ਭਾਵੇਂ ਇੱਕ ਰਾਖਵੀਂ ਸੀਟ ਤੋਂ ਜਿੱਤ ਕੇ ਆਏ ਸੀ ਪਰ ਫਿਰ ਵੀ ਸ਼ਹਿਰੀ ਖੇਤਰਾਂ ਵਿੱਚ ਉਹ ਇੱਕ ਖਾਸ ਭਾਈਚਾਰੇ ਦੇ ਨੇਤਾ ਵਜੋਂ ਨਹੀਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਪਰਿਵਾਰ ਦਾ ਸਮਾਜਿਕ ਮੇਲ-ਜੋਲ ਹਰ ਭਾਈਚਾਰੇ ਵਿੱਚ ਹੈ।”
ਕੀ ਸੁਸ਼ੀਲ ਰਿੰਕੂ ਚੁਣੌਤੀ ਦੇ ਸਕਣਗੇ?

ਤਸਵੀਰ ਸਰੋਤ, Sushil Rinku/FB
ਲੰਬੇ ਚਿਰ ਤੱਕ ਕਾਂਗਰਸ ਵਿੱਚ ਰਹੇ ਸੁਸ਼ੀਲ ਰਿੰਕੂ ਜਿਵੇਂ ਹੀ 5 ਅਪ੍ਰੈਲ ਨੂੰ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ, ਉਸ ਦੇ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਪਾਰਟੀ ਨੇ ਜ਼ਿਮਨੀ ਚੋਣ ਦਾ ਉਮੀਦਵਾਰ ਐਲਾਨ ਦਿੱਤਾ।
ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਫੇਸਬੁੱਕ ਖਾਤੇ ਦੀ ਕਵਰ ਈਮੇਜ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨਜ਼ਰ ਆ ਰਹੇ ਹਨ।
ਜੇ ਉਨ੍ਹਾਂ ਦੀਆਂ ਪੁਰਾਣੀਆਂ ਪੋਸਟਾਂ ਨੂੰ ਫਰੋਲ ਲਈਏ ਤਾਂ 26 ਮਾਰਚ ਦੀ ਉਨ੍ਹਾਂ ਦੀ ਪੋਸਟ ਵਿੱਚ ਉਹ ਰਾਹੁਲ ਗਾਂਧੀ ਲਈ ਸੱਤਿਆਗ੍ਰਿਹ ਕਰਦੇ ਹੋਏ ਨਜ਼ਰ ਆ ਰਹੇ ਸੀ।
ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਸਥਾਨਕ ਡੀਏਵੀ ਕਾਲਜ ਤੋਂ ਕੀਤੀ। 47 ਸਾਲਾ ਰਿੰਕੂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਕਾਫ਼ੀ ਸਰਗਰਮ ਹਨ। ਉਹ ਐੱਨਐੱਸਯੂਆਈ ਦੇ ਸਰਗਰਮ ਮੈਂਬਰ ਸਨ।
ਅਤੇ 2006 ਵਿੱਚ ਉਹ ਜਲੰਧਰ ਨਗਰ ਨਿਗਮ ਦੇ ਕੌਂਸਲਰ ਚੁਣੇ ਗਏ ਸਨ।
ਸੁਸ਼ੀਲ ਰਿੰਕੂ ਦੇ ਪਿਤਾ ਲੰਬੇ ਸਮੇਂ ਤੱਕ ਕਾਂਗਰਸ ਦੇ ਕੌਂਸਲਰ ਰਹੇ ਸਨ। ਉਸ ਤੋਂ ਬਾਅਦ ਸੁਸ਼ੀਲ ਰਿੰਕੂ ਵੀ ਦੋ ਵਾਰ ਕੌਂਸਲਰ ਰਹੇ ਤੇ ਇੱਕ ਵਾਰ ਉਨ੍ਹਾਂ ਦੀ ਪਤਨੀ ਵੀ ਕੌਂਸਲਰ ਰਹੀ।
ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਤੋਂ ਸੁਸ਼ੀਲ ਰਿੰਕੂ ਨੇ ਪਹਿਲੀ ਵਾਰ ਚੋਣ ਲੜੀ ਸੀ। ਇਹ ਸੀਟ ਉੱਤੇ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਕੇਪੀ ਚੋਣ ਲੜਿਆ ਕਰਦੇ ਸਨ।

ਜਲੰਧਰ ਜ਼ਿਮਨੀ ਚੋਣ ਕਦੋਂ ਹੋਣੀ ਹੈ
- ਜਲੰਧਰ ਜ਼ਿਮਨੀ ਚੋਣ ਲਈ 13 ਅਪ੍ਰੈਲ ਨੂੰ ਨੋਟੀਫੀਕੇਸ਼ਨ ਜਾਰੀ ਹੋਵੇਗਾ।
- ਨਾਮਜ਼ਦਗੀ ਭਰਨ ਦੀ ਆਖਰੀ ਤਾਰੀਖ 20 ਅਪ੍ਰੈਲ ਹੋਵੇਗੀ।
- ਨਾਮਜ਼ਦਗੀ 20 ਅਪ੍ਰੈਲ ਤੱਕ ਵਾਪਸ ਲਈ ਜਾ ਸਕੇਗੀ।
- 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ।
- 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਟਿਕਟ ਬਦਲ ਕੇ ਇਹ ਸੀਟ ਸੁਸ਼ੀਲ ਰਿੰਕੂ ਨੂੰ ਦਿੱਤੀ ਗਈ ਸੀ। ਸੁਸ਼ੀਲ ਰਿੰਕੂ ਨੇ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਚੁੰਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਪਾਲ ਭਗਤ ਨੂੰ ਹਰਾ ਕੇ ਜਿੱਤੀ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਤੋਂ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਸੁਸ਼ੀਲ ਰਿੰਕੂ ਨੂੰ ਹਰਾਇਆ ਸੀ।
ਸ਼ੀਤਲ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ।
ਸੁਸ਼ੀਲ ਨੂੰ ਹੀ ਆਮ ਆਦਮੀ ਪਾਰਟੀ ਨੇ ਟਿਕਟ ਕਿਉਂ ਦਿੱਤੀ ਇਹ ਵੀ ਇੱਕ ਸਵਾਲ ਹੈ ਜੋ ਪੁੱਛਿਆ ਜਾ ਰਿਹਾ ਹੈ।
ਰਾਕੇਸ਼ ਕਹਿੰਦੇ ਹਨ, “ਜਲੰਧਰ ਵਿੱਚ ਆਮ ਆਦਮੀ ਪਾਰਟੀ ਕੋਲ ਚੋਣ ਲੜਨ ਲਈ ਕੋਈ ਵੱਡਾ ਚਿਹਰਾ ਨਹੀਂ ਸੀ। ਭਾਵੇਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪਾਰਟੀ ਕੋਲ ਅਜੇ ਮਜ਼ਬੂਤ ਢਾਂਚਾ ਮੌਜੂਦ ਨਹੀਂ ਹੈ। ਇਸ ਲਈ ਉਨ੍ਹਾਂ ਕੋਲ ਕੋਈ ਖਾਸਾ ਵਿਕਲਪ ਨਹੀਂ ਸਨ।”

ਤਸਵੀਰ ਸਰੋਤ, Akali Dal/FB
ਇੰਦਰ ਇਕਬਾਲ ਸਿੰਘ ਅਟਵਾਲ ਦਿਵਾਉਗੇ ਭਾਜਪਾ ਨੂੰ ਜਿੱਤ?
ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਵਾਲੇ ਇੰਦਰ ਇਕਬਾਲ ਅਟਵਾਲ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ। ਚਰਨਜੀਤ ਅਟਵਾਲ 2004 ਤੋਂ 2009 ਤੱਕ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਅਤੇ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਹਨ।
ਇੰਦਰ 2002 ਵਿੱਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੁਧਿਆਣਾ ਦੇ ਕੂੰਮ ਕਲਾਂ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਅਟਵਾਲ 2007 ਅਤੇ 2017 ਵਿੱਚ ਦੋ ਚੋਣਾਂ ਹਾਰ ਗਏ ਸਨ।
ਇੰਦਰ ਇਕਬਾਲ ਅਟਵਾਲ ਕੁਝ ਹਫ਼ਤੇ ਪਹਿਲਾਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀਆਂ ਅਮਿਤ ਸ਼ਾਹ ਅਤੇ ਹਰਦੀਪ ਪੁਰੀ, ਮਨਜਿੰਦਰ ਸਿਰਸਾ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਏ।
ਇੰਦਰ ਦੇ ਭਾਜਪਾ ਵਿਚ ਜਾਣ ਤੋਂ ਤਿੰਨ ਦਿਨ ਬਾਅਦ, ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ।
ਚਰਨਜੀਤ ਅਟਵਾਲ ਨੇ 2019 ਵਿੱਚ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਵਿਰੁਧ ਅਕਾਲੀ-ਭਾਜਪਾ ਉਮੀਦਵਾਰ ਵਜੋਂ ਜਲੰਧਰ ਤੋਂ ਲੋਕ ਸਭਾ ਚੋਣ ਲੜੀ ਸੀ। ਚਰਨਜੀਤ ਅਟਵਾਲ ਚੋਣ ਹਾਰ ਗਏ ਸਨ।
ਕੁਝ ਪਾਰਟੀਆਂ ਦਾਅਵਾ ਕਰਦੀਆਂ ਹਨ ਕਿ ਭਾਜਪਾ ਨੂੰ ਪੰਜਾਬ ਵਿੱਚ ਜ਼ਮੀਨੀ ਪੱਧਰ 'ਤੇ ਕੋਈ ਸਮਰਥਨ ਨਹੀਂ ਹੈ। 'ਆਪ' ਨੇ ਇਲਜ਼ਾਮ ਲਾਇਆ ਹੈ ਕਿ ਇੰਦਰ ਇਕਬਾਲ ਅਟਵਾਲ 'ਬਾਹਰੋਂ' ਆਏ ਹਨ ਅਤੇ ਜਲੰਧਰ ਦੇ ਮੁੱਦਿਆਂ ਤੋਂ ਜਾਣੂ ਵੀ ਨਹੀਂ ਹਨ।
ਉਸ ਵੇਲੇ ਦਾਇਰ ਕੀਤੇ ਉਨ੍ਹਾਂ ਦੇ ਹਲਫਨਾਮੇ ਮੁਤਾਬਕ, ਉਨ੍ਹਾਂ ਦੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਹੈ।
ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਿਆਸਤ ਦੇ ਨਾਲ-ਨਾਲ ਉਹ ਕਾਰੋਬਾਰੀ ਵੀ ਹਨ।
ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

ਤਸਵੀਰ ਸਰੋਤ, BJP Punjab/FB
ਡਾ. ਸੁਖਵਿੰਦਰ ਸੁੱਖੀ ਹੋਣਗੇ ਅਕਾਲੀ-ਬਸਪਾ ਦੇ ਸਾਝੇ ਉਮੀਦਵਾਰ
ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਸਾਂਝੇ ਉਮੀਦਵਾਰ ਹੋਣਗੇ।"
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਅਕਾਲੀ ਦਲ-ਬਸਪਾ) ਨੇ 62 ਸਾਲਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਡਾਕਟਰ ਸੁੱਖੀ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਤਿੰਨ ਵਿਧਾਇਕਾਂ ਵਿੱਚੋਂ ਇੱਕ ਹੈ।
ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਸਪਾ ਨਾਲ ਕੀਤੀ ਅਤੇ 2009 ਦੀਆਂ ਸੰਸਦੀ ਚੋਣਾਂ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਵਜੋਂ ਲੜੀਆਂ।
ਉਹ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ।
ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਤ, ਉਹ 2017 ਅਤੇ 2022 ਵਿੱਚ ਬੰਗਾ ਤੋਂ ਜਿੱਤੇ। ਉਨ੍ਹਾਂ ਦੀ ਵਿਧਾਨ ਸਭਾ ਸੀਟ ਜਲੰਧਰ ਤੋਂ ਬਾਹਰ ਆਨੰਦਪੁਰ ਸਾਹਿਬ ਸੰਸਦੀ ਹਲਕੇ ਵਿੱਚ ਪੈਂਦੀ ਹੈ। ਇੱਕ ENT ਸਪੈਸ਼ਲਿਸਟ, ਉਹ ਨਵਾਂਸ਼ਹਿਰ ਵਿੱਚ ਆਪਣਾ ਹਸਪਤਾਲ ਚਲਾਉਂਦੇ ਹਨ।
ਉਨ੍ਹਾਂ ਤੋਂ ਪਹਿਲਾਂ ਪਾਰਟੀ ਨੇ ਜਲੰਧਰ ਦੀ ਟਿਕਟ ਲਈ ਹੋਰ ਨਾਵਾਂ ਬਾਰੇ ਸੋਚਿਆ ਸੀ ਪਰ ਅਕਾਲੀ ਦਲ ਤੇ ਬਸਪਾ ਵਿਚਾਲੇ ਉਨ੍ਹਾਂ ਤੋਂ ਇਲਾਵਾ ਕੋਈ ਸਹਿਮਤੀ ਨਹੀਂ ਬਣ ਸਕੀ ਸੀ।
ਡਾ. ਸੁੱਖੀ ਕਿਸਾਨਾਂ, ਦਲਿਤਾਂ, ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਇਨਸਾਫ਼ ਤੋਂ ਇਲਾਵਾ ਅਮਨ-ਕਾਨੂੰਨ ਅਤੇ ਭਾਈਚਾਰਕ ਸਾਂਝ ਦੇ ਮੁੱਦੇ ਉਠਾਉਂਦੇ ਰਹੇ ਹਨ।
ਡਾ. ਸੁੱਖੀ ਨੇ ਪੰਜਾਬ ਵਿੱਚ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇੰਨੀ ਕੁ ਤਨਖਾਹ ਤਾਂ ਸ਼ਗਨ ਪਾਉਣ ਵਿੱਚ ਚਲੀ ਜਾਂਦੀ ਹੈ।

ਤਸਵੀਰ ਸਰੋਤ, Pradeep Sharma/BBC
ਜ਼ਿਮਨੀ ਚੋਣ ਕਿਹੜੇ ਮੁੱਦਿਆਂ ਉੱਤੇ ਲੜੀ ਜਾ ਸਕਦੀ ਹੈ
ਰਾਕੇਸ਼ ਸ਼ਾਂਤੀਦੂਤ ਮੰਨਦੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਮੁੱਦਾ ਬਿਜਲੀ ਦੇ ਬਿੱਲ ਮੁਆਫ਼ ਕਰਨ ਹੈ ਜਿਸ ਨੂੰ ਉਹ ਲੈ ਕੇ ਜਨਤਾ ਵਿੱਚ ਜਾ ਸਕਦੀ ਹੈ।
ਉਹ ਕਹਿੰਦੇ ਹਨ, “ਸ਼ਹਿਰੀ ਖੇਤਰਾਂ ਵਿੱਚ ਕਈ ਲੋਕ ਇਹ ਮੰਨਦੇ ਹਨ ਕਿ ਜੋ ਵਾਅਦਾ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਉਸ ਨੂੰ ਪੂਰਾ ਕੀਤਾ ਗਿਆ ਹੈ।”
ਰਾਕੇਸ਼ ਮੰਨਦੇ ਹਨ ਕਿ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਲਈ ਬੇਮੌਸਮੀ ਮੀਂਹ ਕਾਰਨ ਖਰਾਬ ਹੋਈ ਫ਼ਸਲ ਤੇ ਇਸ ਉੱਤੇ ਮਿਲਣ ਵਾਲਾ ਮੁਆਵਾਜ਼ਾ ਚੁਣੌਤੀ ਖੜ੍ਹੀ ਕਰ ਸਕਦਾ ਹੈ।
“ਪੰਜਾਬ ਸਰਕਾਰ ਕਹਿੰਦੀ ਹੈ ਕਿ ਉਹ ਪ੍ਰਤੀ ਏਕੜ ਉੱਤੇ 15 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣਗੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਹਨ ਕਿ ਫਸਲ ਪੂਰੇ ਤਰੀਕੇ ਨਾਲ ਬਰਬਾਦ ਹੋਈ ਹੈ ਇਸ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।”
“ਇਹ ਬਹੁਤ ਵੱਡਾ ਮੁੱਦਾ ਹੈ। ਕੁਝ ਦਿਨਾਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਵੀ ਘਿਰਾਓ ਕੀਤਾ ਸੀ।”
ਇਸ ਚੋਣ ਵਿੱਚ ਕਾਨੂੰਨ ਵਿਵਸਥਾ ਵੀ ਇੱਕ ਮੁੱਦਾ ਹੈ। ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਲਗਾਤਾਰ ਘੇਰੀ ਜਾ ਰਹੀ ਸੀ।
ਅਜਨਾਲਾ ਹਿੰਸਾ ਵਿੱਚ ਮੁਲਜ਼ਮ, ਖਾਲਿਸਤਾਨ ਹਮਾਇਤੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਮੁਖੀ ਅਮ੍ਰਿਤਪਾਲ ਸਿੰਘ ਫਰਾਰ ਹਨ।
18 ਮਾਰਚ ਨੂੰ ਅਮ੍ਰਿਤਪਾਲ ਦੀ ਖਿਲਾਫ਼ ਜੋ ਕਾਰਵਾਈ ਪੰਜਾਬ ਪੁਲਿਸ ਵੱਲੋਂ ਵਿੱਢੀ ਗਈ ਸੀ ਉਸ ਦੀ ਸ਼ੁਰੂਆਤ ਵੀ ਜਲੰਧਰ ਜ਼ਿਲ੍ਹੇ ਵਿੱਚੋਂ ਹੋਈ ਸੀ।
ਰਾਕੇਸ਼ ਕਹਿੰਦੇ ਹਨ, “ਕਾਨੂੰਨ ਵਿਵਸਥਾ ਨਾਲ ਜੁੜੀਆਂ ਹੋਰ ਘਟਨਾਵਾਂ ਜਿਨ੍ਹਾਂ ਲਈ ਵਿਰੋਧੀ ਧਿਰ ਨਿਸ਼ਾਨੇ ਲਗਾ ਰਹੀ ਸੀ ਉਹ ਹੁਣ ਅਮ੍ਰਿਤਪਾਲ ਸਿੰਘ ਦੀ ਫਰਾਰੀ ਕਰਕੇ ਪਿੱਛੇ ਰਹਿ ਰਹੀਆਂ ਹਨ ਪਰ ਫਿਰ ਵੀ ਕਾਨੂੰਨ ਵਿਵਸਥਾ ਇੱਕ ਮੁੱਦਾ ਹੈ।”
ਜਾਤ ਸਮੀਕਰਨ ਵੀ ਇੱਕ ਮੁੱਦਾ ਹੈ

ਤਸਵੀਰ ਸਰੋਤ, Karamjit Kaur/FB
ਰਾਕੇਸ਼ ਸ਼ਾਂਤੀਦੂਤ ਇਹ ਮੰਨਦੇ ਹਨ ਕਿ ਕਿਉਂਕਿ ਜਲੰਧਰ ਇੱਕ ਰਾਖਵੀਂ ਸੀਟ ਹੈ ਇਸ ਲਈ ਇੱਥੇ ਜਾਤ ਇੱਕ ਵੱਡਾ ਮੁੱਦਾ ਹੈ।
ਉਹ ਕਹਿੰਦੇ ਹਨ, “ਇਸ ਸੀਟ ਵਿੱਚ ਰਵਿਦਾਸੀ ਭਾਈਚਾਰਾ ਦਾ ਜ਼ੋਰ ਹੈ। ਦੂਜੇ ਨੰਬਰ ਉੱਤੇ ਗਿਣਤੀ ਵਿੱਚ ਮਜ਼ਹਬੀ ਸਿੱਖ ਹਨ। ਜੇ ਚੋਣ ਮੈਦਾਨ ਵਿੱਚ ਇੱਕ ਭਾਈਚਾਰੇ ਤੋਂ ਜ਼ਿਆਦਾ ਉਮੀਦਵਾਰ ਮੈਦਾਨ ਵਿੱਚ ਉਤਰਦੇ ਹਨ ਤਾਂ ਦੂਜੇ ਭਾਈਚਾਰੇ ਲਈ ਧਰੂਵੀਕਰਨ ਦੀ ਨੀਤੀ ਇਸਤੇਮਾਲ ਵਿੱਚ ਲੈ ਕੇ ਆਈ ਜਾ ਸਕਦੀ ਹੈ। ਹੁਣ ਤੋਂ ਹੀ ਜਾਤ ਨੂੰ ਲੈ ਕੇ ਲੋਕਾਂ ਦੇ ਆਪਣਾ ਅਨੁਮਾਨ ਲਗਾਉਣਾ ਸ਼ੁਰੂ ਕਰ ਦਿੱਤਾ ਹੈ।”
ਜਲੰਧਰ ਜ਼ਿਮਨੀ ਚੋਣਾਂ ਆਮ ਆਦਮੀ ਪਾਰਟੀ ਲਈ ‘ਅਗਨੀ ਪ੍ਰੀਖਿਆ’

ਤਸਵੀਰ ਸਰੋਤ, Sushil Rinku/fb
ਪੰਜਾਬ ਵਿੱਚ ਜੋ ਮੌਜੂਦਾ ਹਾਲਾਤ ਬਣੇ ਹਨ, ਉਸ ਵਿੱਚ ਸਭ ਤੋਂ ਵੱਡੀ ਪ੍ਰੀਖਿਆ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ ਦੀ ਹੈ।
“ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ ਸੀ ਤਾਂ ਉਸ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਉਨ੍ਹਾਂ ਦੀ ਵੱਡੀ ਹਾਰ ਹੋਈ।”
“ਅਜਿਹੇ ਵਿੱਚ ਇਹ ਚੋਣ ਆਮ ਆਦਮੀ ਪਾਰਟੀ ਵੱਡੀ ਅਗਨੀ ਪ੍ਰੀਖਿਆ ਹੈ ਤੇ ਵਕਾਰ ਦਾ ਸਵਾਲ ਹੈ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਦੇਸ ਵਿੱਚ ਹਾਸ਼ੀਏ ਉੱਤੇ ਨਜ਼ਰ ਆਉਂਦੀ ਹੈ।”
“ਜੇ ਕਾਂਗਰਸ ਜਲੰਧਰ ਦੀ ਜ਼ਿਮਨੀ ਚੋਣ ਜਿੱਤਦੀ ਹੈ ਤਾਂ ਦੇਸ ਵਿੱਚ ਇਹ ਮੈਸੇਜ ਜਾਵੇਗਾ ਕਿ ਕਾਂਗਰਸ ਮੁੜ ਉਠ ਖੜ੍ਹੀ ਹੋ ਸਕਦੀ ਹੈ।”
“ਦੂਜੇ ਪਾਸੇ ਅਕਾਲੀ ਦਲ-ਬਸਪਾ ਦੇ ਗਠਜੋੜ ਹੋਣ ਤੋਂ ਇੰਨੀਆਂ ਉਮੀਦਾਂ ਨਹੀਂ ਹਨ। 2024 ਵਿੱਚ ਲੋਕ ਸਭਾ ਚੋਣਾਂ ਹਨ ਇਸ ਕਰਕੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਲਈ ਇਹ ਚੋਣਾਂ ਕਾਫੀ ਅਹਿਮ ਹਨ।”
“ਅਸੀਂ ਇਹ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਲਈ ਇਹ ਵੱਕਾਰ ਦਾ ਸਵਾਲ ਹੈ ਤੇ ਬਾਕੀਆਂ ਪਾਰਟੀਆਂ ਲਈ ਇਹ ਅਧਾਰ ਦਾ ਸਵਾਲ ਹੈ।”












