ਸਰਬੱਤ ਖਾਲਸਾ ਦੇ ਮੁੱਦੇ 'ਤੇ ਅਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ ਮਿਲਿਆ ਪੰਥਕ ਜਥੇਬੰਦੀਆਂ ਦਾ ਸਾਥ

- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ ਬੁੱਧਵਾਰ ਸ਼ਾਮੀ ਜਾਰੀ ਬਿਆਨ ਰਾਹੀਂ 12 ਤੋਂ 15 ਅਪ੍ਰੈਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿੱਚ ਵਿਸਾਖੀ ਮੌਕੇ 4 ਦਿਨਾਂ ਦਾ ਗੁਰਮਤਿ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ।
ਵਿਸਾਖੀ ਮੌਕੇ ਗੁਰਮਤਿ ਸਮਾਗਮ ਕਰਵਾਉਣ ਦੇ ਬਿਆਨ ਦਾ ਸਪੱਸ਼ਟ ਅਰਥ ਹੈ ਕਿ ਜਥੇਦਾਰ ਅਕਾਲ ਤਖ਼ਤ ਹਰਪ੍ਰੀਤ ਸਿੰਘ ਹਾਲ ਦੀ ਘੜੀ, ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ ਜਥੇਬੰਦੀ’ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਦੀ ‘ਸਰਬੱਤ ਖਾਲਸਾ’ ਬੁਲਾਉਣ ਦੀ ਮੰਗ ਨੂੰ ਹੁੰਗਾਰਾ ਦੇਣ ਨੂੰ ਤਿਆਰ ਨਹੀਂ ਹਨ।
‘ਸਰਬੱਤ ਖਾਲਸਾ’ ਤੋਂ ਭਾਵ ਉਹ ਇਕੱਠ ਹੈ ਜਿੱਥੇ ਸਿੱਖਾਂ ਦੇ ਜਿੰਨੇ ਵੀ ਵਰਗ ਹਨ, ਉਹ ਆਪਸੀ ਮਤਭੇਦ ਭੁਲਾ ਕੇ ਭਾਈਚਾਰੇ ਦੇ ਸਾਂਝੇ ਮੁੱਦਿਆਂ ਲਈ ਇਕੱਠੇ ਹੋਣ।
ਜਾਣਕਾਰਾਂ ਮੁਤਾਬਕ, “ਜੇਕਰ ਇੱਕ ਧੜਾ ਇਕੱਠ ਦਾ ਸੱਦਾ ਦਿੰਦਾ ਹੈ ਤਾਂ ਉਸ ਨੂੰ ਸਰਬੱਤ ਖ਼ਾਲਸਾ ਨਹੀਂ ਆਖਿਆ ਜਾ ਸਕਦਾ। ਇਸ ਦੇ ਵਿੱਚ ਸਿੱਖ ਪੰਥ ਦੇ ਸਾਰੇ ਧੜਿਆਂ ਨੂੰ ਸੱਦਣਾ ਜ਼ਰੂਰੀ ਹੈ।”
18 ਮਾਰਚ ਤੋਂ ਫਰਾਰ ਦੱਸੇ ਜਾ ਰਹੇ ਅਮ੍ਰਿਤਪਾਲ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀਡੀਓ ਸੰਦੇਸ਼ ਰਾਹੀਂ ਵਿਸਾਖੀ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਉੱਤੇ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਕੀਤੀ ਸੀ।
ਪਰ ਇਸ ਮੰਗ ਨੂੰ ਨਾ ਹੀ ਪੰਥਕ ਹਲਕਿਆਂ ਵਿੱਚ ਹੁੰਗਾਰਾ ਮਿਲਿਆ ਨਾ ਹੀ, ਜਥੇਦਾਰ ਨੇ ਇਸ ਮੰਗ ਮੁਤਾਬਕ ਹਾਲੇ ਤੱਕ ਕੋਈ ਇਕੱਠ ਕਰਨ ਦਾ ਐਲਾਣ ਕੀਤਾ ਹੈ।
ਪੁਲਿਸ ਅਮ੍ਰਿਤਪਾਲ ਸਿੰਘ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀ ਹੈ।
23 ਫ਼ਰਵਰੀ ਨੂੰ ਅਜਨਾਲਾ ਥਾਣੇ ਦੇ ਘਿਰਾਓ ਵੇਲੇ ਹੋਈ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਤਹਿਤ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ ਪਰ ਕਾਮਯਾਬ ਨਹੀਂ ਹੋ ਸਕੀ।
ਸੋਸ਼ਲ ਮੀਡੀਆ ਉੱਤੇ ਅਮ੍ਰਿਤਪਾਲ ਸਿੰਘ ਨੂੰ ਕਾਫ਼ੀ ਹੁੰਗਾਰਾ ਮਿਲਦਾ ਰਿਹਾ ਹੈ, ਉਨ੍ਹਾਂ ਦੀ ‘ਸਰਬੱਤ ਖਾਲਸਾ’ ਸੱਦਣ ਦੀ ਮੰਗ ਦਾ ਵੀ ਕੁਝ ਲੋਕ ਸੋਸ਼ਲ ਮੀਡੀਆ ਉੱਤੇ ਸਮਰਥਨ ਕਰਦੇ ਦੇਖੇ ਗਏ, ਪਰ ਫ਼ਿਰ ਵੀ ਅਜਿਹੇ ਕੀ ਕਾਰਨ ਹਨ ਕਿ ਅਮ੍ਰਿਤਪਾਲ ਸਿੰਘ ਨੂੰ ਇਸ ਮਸਲੇ ਉੱਤੇ ਸਿੱਖ ਜਥੇਬੰਦੀਆਂ ਦਾ ਹੁੰਗਾਰਾ ਨਹੀਂ ਮਿਲਿਆ।
ਇਸੇ ਸਵਾਲ ਦਾ ਜਵਾਬ ਲੱਭਣ ਦੀ ਅਸੀਂ ਇਸ ਰਿਪੋਰਟ ਵਿੱਚ ਕੋਸ਼ਿਸ਼ ਕਰਾਂਗੇ। ਪਰ ਇਸ ਤੋਂ ਪਹਿਲਾਂ ਸਮਝਦੇ ਹਾਂ ਕਿ ਸਰਬੱਤ ਖਾਲਸਾ ਕੀ ਹੁੰਦਾ ਹੈ।

ਤਸਵੀਰ ਸਰੋਤ, Getty Images
ਸਰਬੱਤ ਖਾਲਸਾ ਕੀ ਹੁੰਦਾ ਹੈ
‘ਸਰਬੱਤ’ ਦਾ ਸ਼ਾਬਦਿਕ ਅਰਥ ਹੈ ‘ਸਾਰੇ’। ਸਰਬੱਤ ਖਾਲਸਾ ਤੋਂ ਭਾਵ ਹੈ ਸਿੱਖਾਂ ਦੇ ਜਿੰਨੇ ਵੀ ਵਰਗ ਹਨ, ਉਹ ਆਪਸੀ ਮਤਭੇਦ ਭੁਲਾ ਕੇ ਭਾਈਚਾਰੇ ਦੇ ਸਾਂਝੇ ਮੁੱਦਿਆਂ ਲਈ ਇਕੱਠੇ ਹੋਣ।
ਇਸ ਨੂੰ ਸਿੱਖ ਭਾਈਚਾਰੇ ਦਾ ਇੱਕ ਇਕੱਠ ਵੀ ਆਖਿਆ ਜਾ ਸਕਦਾ ਹੈ। ਸਰਬੱਤ ਖ਼ਾਲਸਾ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਸਿੱਖ ਭਾਈਚਾਰੇ ਦੇ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ।
ਦਿੱਲੀ ਵਿੱਚ ਸਥਿਤ ਗੁਰਮਤਿ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਅਤੇ ਸਿੱਖ ਮਾਮਲਿਆਂ ਦੇ ਜਾਣਕਾਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਬੱਤ ਖਾਲਸੇ ਲਈ ਸਿੱਖ ਭਾਈਚਾਰੇ ਦੇ ਸਾਰੇ ਵਰਗਾਂ ਨੂੰ ਬੁਲਾਉਣਾ ਜ਼ਰੂਰੀ ਹੈ।
ਉਹ ਕਹਿੰਦੇ ਹਨ, “ਜੇਕਰ ਇੱਕ ਧੜਾ ਇਕੱਠ ਦਾ ਸੱਦਾ ਦਿੰਦਾ ਹੈ ਤਾਂ ਉਸ ਨੂੰ ਸਰਬੱਤ ਖ਼ਾਲਸਾ ਨਹੀਂ ਆਖਿਆ ਜਾ ਸਕਦਾ। ਇਸ ਦੇ ਵਿੱਚ ਸਿੱਖ ਪੰਥ ਦੇ ਸਾਰੇ ਧੜਿਆਂ ਨੂੰ ਸੱਦਣਾ ਜ਼ਰੂਰੀ ਹੈ।”
ਅਮ੍ਰਿਤਪਾਲ ਦੀ ਮੰਗ ਅਤੇ ਸਿਧਾਂਤਕ ਸਵਾਲ
ਅਮ੍ਰਿਤਪਾਲ ਸਿੰਘ ਦੀ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਨੂੰ ਪੰਥਕ ਜਾਂ ਸਿੱਖ ਜਥੇਬੰਦੀਆਂ ਵਲੋਂ ਸਮਰਥਨ ਨਾ ਮਿਲਣ ਪਿੱਛੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿਧਾਂਤਕ ਮਸਲਿਆਂ ਦੀ ਗੱਲ ਕਰਦੇ ਹਨ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ, ਸਰਬੱਤ ਖਾਲਸਾ ਹਮੇਸ਼ਾ ਪੰਥ ਨੂੰ ਦਰਪੇਸ਼ ਮੁੱਦਿਆਂ ਉੱਤੇ ਸੱਦਿਆ ਜਾਂਦਾ ਹੈ, ਇਸ ਨੂੰ ਕੋਈ ਨਿੱਜੀ ਵਿਅਕਤੀ ਜਾਂ ਜਥੇਬੰਦੀ ਨਹੀਂ ਬੁਲਾ ਸਕਦੀ।
ਜਗਤਾਰ ਸਿੰਘ 1978 ਤੋਂ ਪੰਜਾਬ ਅਤੇ ਪੰਥਕ ਸਿਆਸਤ ਨੂੰ ਕਵਰ ਕਰਦੇ ਰਹੇ ਹਨ।
ਉਹ ਦੱਸਦੇ ਹਨ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ਼ ਦੋ ਇਕੱਠ ਹੋਏ ਹਨ, ਜਿਨ੍ਹਾਂ ਨੂੰ ਸਰਬੱਤ ਖਾਲਸਾ ਦਾ ਨਾਂ ਦਿੱਤਾ ਗਿਆ ਸੀ।
ਪਹਿਲਾ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹੋਈ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬਾਅਦ 26 ਜੂਨ 1986 ਨੂੰ ਦਮਦਮੀ ਟਕਸਾਲ ਦੇ ਸੱਦੇ ਉੱਤੇ ‘ਸਰਬੱਤ ਖਾਲਸਾ’ ਦੇ ਨਾਂ ਹੇਠ ਪੰਥਕ ਇਕੱਤਰਤਾ ਸੱਦੀ ਗਈ ਸੀ।

ਅਮ੍ਰਿਤਪਾਲ ਸਿੰਘ ਦਾ ਫ਼ਰਾਰ ਹੋਣਾ ਤੇ ਸਰਬੱਤ ਖਾਲਸਾ ਦੀ ਅਪੀਲ
- ਖਾਲਿਸਤਾਨ ਹਮਾਇਤੀ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਫਰਾਰ ਹਨ।
- ਇਸੇ ਦੌਰਾਨ ਉਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥਕ ਮਸਲਿਆਂ ਉੱਤੇ ‘ਸਰਬੱਤ ਖ਼ਾਲਸਾ’ ਸੱਦਣ ਦੀ ਮੰਗ ਕੀਤੀ।
- ਅਮ੍ਰਿਤਪਾਲ ਨੇ ਇਹ ਇਕੱਠ ਵਿਸਾਖੀ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੱਦਣ ਦੀ ਅਪੀਲ ਕੀਤੀ ਸੀ।
- ਅਕਾਲ ਤਖਤ ਸਕਤਰੇਤ ਨੇ ਵਿਸਾਖੀ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਰਵਾਇਤੀ ਦੀਵਾਨ ਸੱਦੇ ਜਾਣ ਦਾ ਹੀ ਸੱਦਾ ਦਿੱਤਾ ਹੈ ਤੇ ਸਰਬੱਤ ਖਾਲਸਾ ਸੱਦੇ ਜਾਣ ਬਾਰੇ ਕੋਈ ਵੀ ਜ਼ਿਕਰ ਉਨ੍ਹਾਂ ਵਲੋਂ ਨਹੀਂ ਕੀਤਾ ਗਿਆ।

ਇਸੇ ਤਰ੍ਹਾਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੁਝ ਧਿਰਾਂ ਨੇ ਅਮ੍ਰਿਤਸਰ ਦੇ ਚੱਬੇਵਾਲ ਪਿੰਡ ਵਿੱਚ ਇਕੱਠ ਕੀਤਾ ਸੀ।
ਜਗਤਾਰ ਸਿੰਘ ਕਹਿੰਦੇ ਹਨ, ‘‘ਇੱਕ ਵਾਰ ਹੋਰ ਵੀ ਅਜਿਹਾ ਹੋਇਆ ਸੀ। ਵਿਸਾਖੀ ਮੌਕੇ 1978 ਵਿੱਚ ਨਿਰੰਕਾਰੀ ਕਾਂਡ ਤੋਂ ਬਾਅਦ ਮਈ ਮਹੀਨੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਹੀ ਸਿੱਖ ਵਿਵਦਾਨਾਂ ਅਤੇ ਬੁੱਧੀਜੀਵੀਆਂ ਨੂੰ ਬੁਲਾਇਆ ਗਿਆ ਸੀ।”
“ਮੈਂ ਇਸ ਇਕੱਠ ਨੂੰ ਸਰਬੱਤ ਖਾਲਸਾ ਕਹਿ ਸਕਦਾ ਹਾਂ ਕਿਉਂਕਿ ਇਸ ਇਕੱਠ ਨੇ ਤਤਕਾਲੀ ਜਥੇਦਾਰ ਸਾਧੂ ਸਿੰਘ ਭੌਰ ਨੂੰ ਮਤਾ ਪਾਸ ਕਰਕੇ ਦਿੱਤਾ ਸੀ ਕਿ ਉਹ ਨਿਰੰਕਾਰੀਆਂ ਨੂੰ ਸਿੱਖ ਪੰਥ ਵਿੱਚੋਂ ਛੇਕਣ।’’
ਸੋ ਪੁਰਾਤਨ ਇਤਿਹਾਸ ਵੱਲ ਵੀ ਝਾਤ ਮਾਰੀਏ ਤਾਂ ਕਿਹਾ ਜਾ ਸਕਦਾ ਹੈ, ਕਿ ਜਦੋਂ ਵੀ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ ਤਾਂ ਉਹ ਕਿਸੇ ਮੁੱਦੇ ਉੱਤੇ ਹੀ ਬੁਲਾਇਆ ਜਾਂਦਾ ਹੈ।
ਇਸੇ ਲਈ ਅਮ੍ਰਿਤਪਾਲ ਸਿੰਘ ਦਾ ਸਰਬੱਤ ਖਾਲਸਾ ਸੱਦਣ ਦੀ ਮੰਗ ਕਰਨਾ ਸਰਬੱਤ ਖਾਲਸਾ ਦੇ ਸਕੰਲਪ ਨਾਲ ਮੇਲ ਨਹੀਂ ਖਾਂਦਾ ਸੀ। ਇਸੇ ਲਈ ਪੰਥਕ ਜਾਂ ਸਿੱਖ ਜਥੇਬੰਦੀਆਂ ਨੇ ਇਸ ਮੰਗ ਦਾ ਪੱਖ਼ ਨਹੀਂ ਪੂਰਿਆ।
ਅਮ੍ਰਿਤਪਾਲ ਦਾ ਖੁਸਿਆ ਸਿਆਸੀ ਵੱਕਾਰ
ਅਮ੍ਰਿਤਪਾਲ ਸਿੰਘ ਸਿਤੰਬਰ 2022 ਵਿੱਚ ਪੰਜਾਬ ਆਇਆ ਸੀ। ਉਸ ਨੇ ਸੂਬੇ ਵਿੱਚ ਈਸਾਈ, ਮੁਸਲਿਮ ਘੱਟ ਗਿਣਤੀਆਂ ਅਤੇ ਪਰਵਾਸੀ ਮਜ਼ਦੂਰਾਂ ਖਿਲਾਫ਼ ਗਰਮਸੁਰ ਵਾਲੀ ਬਿਆਨਬਾਜ਼ੀ ਕਰਨੀ ਸ਼ੁਰੂ ਕੀਤੀ ਸੀ।
ਇਸ ਦੇ ਨਾਲ ਹੀ ਜਦੋਂ ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਮੰਗ ਖੁੱਲ੍ਹ ਕੇ ਕਰਨ ਲੱਗੇ ਤਾਂ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਨੇ ਉਨ੍ਹਾਂ ਉੱਤੇ ਉਲਟੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ।
ਇਸੇ ਦੌਰਾਨ ਗੁਰਦੁਆਰਿਆਂ ਵਿਚੋਂ ਬਜ਼ੁਰਗਾਂ ਅਤੇ ਅਪਾਹਜਾਂ ਲਈ ਰੱਖੇ ਬੈਂਚ ਚੁੱਕ ਕੇ ਸਾੜਨ ਦੀਆਂ ਘਟਨਾਵਾਂ ਨੇ ਉਨ੍ਹਾਂ ਖਿਲਾਫ਼ ਬਿਰਤਾਂਤ ਘੜ੍ਹ ਕੀਤਾ।
ਪਰ 22 ਫ਼ਰਵਰੀ ਨੂੰ ਅਜਨਾਲਾ ਥਾਣੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਇੱਕ ਅੱਧੀ ਪੰਥਕ ਧਿਰ ਨੂੰ ਛੱਡ ਕੇ ਲਗਭਗ ਸਾਰੀਆਂ ਹੀ ਧਿਰਾਂ ਨੇ ਨਾਰਾਜ਼ਗੀ ਪ੍ਰਗਟਾਈ।
ਅਮ੍ਰਿਤਪਾਲ ਸਿੰਘ ਇੱਕ ਨਿੱਜੀ ਝਗੜੇ ਦੇ ਇਲਜ਼ਾਮਾਂ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀ ਲਵਪ੍ਰੀਤ ਸਿੰਘ ਦੀ ਰਿਹਾਈ ਕਰਵਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਥਾਣੇ ਪਹੁੰਚੇ ਸਨ। ਇਸ ਦੌਰਾਨ ਮਾਹੌਲ ਹਿੰਸਕ ਵੀ ਹੋ ਗਿਆ ਸੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਇਸ ਘਟਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਰ ਦਿੱਤਾ ਸੀ।
ਭਾਵੇਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਈ ਪੰਥਕ ਧਿਰਾਂ ਦੀ ਮੰਗ ਦੇ ਬਾਵਜੂਦ ਇਸ ਬਾਬਤ ਕੋਈ ਕਾਰਵਾਈ ਨਹੀਂ ਕੀਤੀ।
ਇਸ ਤਰ੍ਹਾਂ ਹੌਲ਼ੀ-ਹੌਲ਼ੀ ਕੁਝ ਹੀ ਮਹੀਨਿਆਂ ਵਿੱਚ ਅਮ੍ਰਿਤਪਾਲ ਨੇ ਸਿਆਸੀ ਅਤੇ ਪੰਥਕ ਧਿਰਾਂ ਵਿੱਚੋਂ ਆਪਣਾ ਵੱਕਾਰ ਗੁਆ ਲਿਆ।
18 ਮਾਰਚ ਨੂੰ ਜਦੋਂ ਪੁਲਿਸ ਨੇ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਖਿਲਾਫ਼ ਕਾਰਵਾਈ ਕਰਨੀ ਸ਼ੁਰੂ ਕੀਤੀ ਤਾਂ ਅਮ੍ਰਿਤਪਾਲ ਦੇ ਹੱਕ ਵਿੱਚ ਬਹੁਤੀਆਂ ਆਵਾਜ਼ਾਂ ਨਹੀਂ ਉੱਠੀਆਂ ਤੇ ਉਨ੍ਹਾਂ ਕਿਸੇ ਧੜ ਦਾ ਕੋਈ ਖ਼ਾਸ ਸਮਰਥਨ ਨਹੀਂ ਮਿਲਿਆ।
ਦਲ ਖਾਲਸਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦਮਦਮਾ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਉੱਤੇ ਹੀ ਸਵਾਲ ਖੜੇ ਕੀਤੇ ਸਨ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਸਮਾਂ ਤੇ ਜ਼ਮੀਨੀ ਹਾਲਾਤ ਇਸ ਲਈ ਢੁਕਵੇਂ ਨਹੀਂ ਹਨ।
ਉਨ੍ਹਾਂ ਕਿਹਾ, 2015 ਦੇ ਸਰਬੱਤ ਖਾਲਸਾ ਦੇ ਨਾਂ ਉੱਤੇ ਕੀਤੇ ਗਏ ਇਕੱਠ ਨੇ ਪੰਥ ਵਿੱਚ ਸਿੱਧਾ ਪਾੜਾ ਪਾ ਦਿੱਤਾ। ਅੱਜ ਵੀ ਸਿੱਖ ਭਾਈਚਾਰਾ ਵੰਡਿਆ ਹੋਇਆ ਹੈ, ਇਹ ਵੰਡੀਆਂ ਸਿਆਸਤ, ਸਮਾਜਿਕ ਅਤੇ ਧਾਰਮਿਕ ਹਰ ਪੱਧਰ ਉੱਤੇ ਹਨ।
ਅਜਿਹੇ ਸਮੇਂ ਵਿੱਚ ਸਰਬੱਤ ਖਾਲਸਾ ਬੁਲਾਉਣਾ ਵੰਡੀਆਂ ਅਤੇ ਵਿਵਾਦਾਂ ਨੂੰ ਹੋਰ ਵਧਾ ਸਕਦਾ ਹੈ।

ਤਸਵੀਰ ਸਰੋਤ, Getty Images
ਮਾਨ ਦਲ ਦਾ ਸਰਬੱਤ ਖਾਲਸਾ ਉੱਤੇ ਸਟੈਂਡ
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਇਮਾਨ ਸਿੰਘ ਮਾਨ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਬੱਤ ਖਾਲਸਾ ਹੋਣਾ ਚਾਹਦਾ ਹੈ, ਉਹ ਇਸ ਦਾ ਸਮਰਥਨ ਕਰਦੇ ਹਨ, ਪਰ ਉਸ ਤੋਂ ਪਹਿਲਾਂ ਪੰਥ ਨੂੰ ਦਰਪੇਸ਼ ਅਹਿਮ ਮੁੱਦਿਆਂ ਦੀ ਨਿਸ਼ਾਨਦੇਹੀ ਹੋਈ ਚਾਹੀਦੀ ਹੈ। ਖੁੱਲ੍ਹਾ ਸਰਬੱਤ ਖਾਲਸਾ ਨਹੀਂ ਹੋਣਾ ਚਾਹੀਦਾ।
ਉਹ 328 ਸਰੂਪਾਂ ਦੇ ਗੁੰਮ ਹੋਣ, ਬੇਅਦਬੀ ਦਾ ਮਸਲੇ, ਅਣਪਛਾਤੀਆਂ ਲਾਸ਼ਾਂ ਅਤੇ ਸ਼੍ਰੋਮਣੀ ਕਮੇਟੀ ਵਿੱਚ ਜਮਹੂਰੀਅਤ ਬਹਾਲੀ ਅਤੇ ਕੇਂਦਰ ਦਾ ਦਖ਼ਲ ਬੰਦ ਕਰਵਾਉਣ ਵਰਗੇ ਮਸਲਿਆਂ ਦੀ ਗੱਲ ਕਰਦੇ ਹਨ।
ਇਮਾਨ ਸਿੰਘ ਮਾਨ ਦੀ ਦਲੀਲ ਹੈ ਕਿ ਅਜਿਹੇ ਮਸਲਿਆਂ ਉੱਤੇ ਪਹਿਲਾਂ ਵਿਚਾਰ ਕਰਕੇ ਸਰਬੱਤ ਖਾਲਸਾ ਵਿੱਚ ਮਤੇ ਪਾਸ ਕੀਤੇ ਜਾਣ।
ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੀ ਇੱਕੋ ਇੱਕੋ ਅਜਿਹੀ ਪਾਰਟੀ ਹੈ, ਜਿਹੜੀ ਸਿਧਾਂਤਕ ਤੌਰ ਉੱਤੇ ਅਮ੍ਰਿਤਪਾਲ ਸਿੰਘ ਦਾ ਸਮਰਥਨ ਕਰਦੀ ਰਹੀ ਹੈ।
ਪਾਰਟੀ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਜਥੇਦਾਰ ਅਕਾਲ ਤਖ਼ਤ ਵਲੋਂ 24 ਮਾਰਚ ਨੂੰ ਬੁਲਾਈ ਬੈਠਕ ਦਾ ਸੱਦਾ ਨਾ ਦੇਣ ਉੱਤੇ ਨਰਾਜ਼ਗੀ ਪ੍ਰਗਟਾਈ ਸੀ।
ਇਹ ਬੈਠਕ ਅਮ੍ਰਿਤਪਾਲ ਸਿੰਘ ਤੇ ਸਾਥੀਆਂ ਖਿਲਾਫ਼ ਕਾਰਵਾਈ ਤੋਂ ਬਾਅਦ ਪੈਦਾ ਹੋਏ ਹਾਲਾਤ ਉੱਤੇ ਵਿਚਾਰ ਕਰਨ ਲਈ ਬੁਲਾਈ ਗਈ ਸੀ।
ਪਰ ਇਸ ਵਿੱਚ ਮਾਨ ਦਲ ਸਣੇ ਕਿਸੇ ਵੀ ਸਿਆਸੀ ਪਾਰਟੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ
ਇਸ ਬੈਠਕ ਦੌਰਾਨ ਜਥੇਦਾਰ ਨੇ ਅਮ੍ਰਿਤਪਾਲ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨ ਲ਼ਈ ਕਿਹਾ ਸੀ, ਪਰ ਸਿਰਮਨਜੀਤ ਸਿੰਘ ਮਾਨ ਨੇ ਬਾਅਦ ਵਿੱਚ ਮੀਡੀਆ ਬਿਆਨ ਰਾਹੀ ਉਸ ਨੂੰ ਦੇਸ ਤੋਂ ਬਾਹਰ ਚਲੇ ਜਾਣ ਦੀ ਸਲਾਹ ਦਿੱਤੀ ਸੀ।
ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਦੀ ਕਾਰਜਸ਼ੈਲੀ ਅਤੇ ਅਹਿਮ ਮੁੱਦਿਆਂ ਉੱਤੇ ਸਟੈਂਡ ਨਾ ਲੈਣ ਉੱਤੇ ਸਵਾਲ ਵੀ ਚੁੱਕੇ ਸਨ।
ਇਮਾਨ ਸਿੰਘ ਮਾਨ ਮੁਤਾਬਕ 14 ਅਪ੍ਰੈਲ ਨੂੰ ਦਮਦਮਾ ਸਾਹਿਬ ਵਿੱਚ ਪਾਰਟੀ ਦਾ ਇਕੱਠ ਬੁਲਾਇਆ ਗਿਆ ਹੈ ਜਿਸ ਵਿਚ ਮੌਜੂਦਾ ਹਾਲਾਤ ਉੱਤੇ ਠੋਸ ਪ੍ਰੋਗਰਾਮ ਐਲਾਨਿਆ ਜਾਵੇਗਾ।

ਤਸਵੀਰ ਸਰੋਤ, Simranjit singh Mann
ਸਰਬੱਤ ਖਾਲਸਾ ਬਾਰੇ ਇੱਕ ਹੋਰ ਪੱਖ਼
ਹਰਸਿਮਰਨ ਸਿੰਘ, 1980ਵਿਆਂ ਦੀ ਖਾਲਿਸਤਾਨੀ ਲਹਿਰ ਦੇ ਕਾਰਕੁਨ ਹਨ ਅਤੇ ਪੰਥਕ ਮੁੱਦਿਆਂ ਉੱਤੇ ਕਈ ਕਿਤਾਬਾਂ ਲਿੱਖ ਚੁੱਕੇ ਹਨ।
ਇੱਕ ਇੰਟਰਵਿਊ ਦੌਰਾਨ ਉਹ ਕਹਿੰਦੇ ਹਨ, ‘‘1978 ਤੋਂ ਬਾਅਦ ਅਸੀਂ ਦੇਖਿਆ ਹੈ ਕਿ ਜਦੋਂ ਵੀ ਕੋਈ ਪੰਥਕ ਲਹਿਰ ਜਾਂ ਸਿੱਖ ਆਗੂ ਉੱਭਰਿਆ ਹੈ, ਉਸ ਨੂੰ ਸਰਕਾਰੀ ਏਜੰਸੀਆਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।’’
ਉਹ ਦਲ ਖਾਲਸਾ ਦੇ ਗਠਨ ਅਤੇ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਂ ਕਾਂਗਰਸ ਨਾਲ ਜੋੜੇ ਜਾਣ ਦੀ ਮਿਸਾਲ ਵੀ ਦਿੰਦੇ ਹਨ।
ਹਰਸਿਮਰਨ ਸਿੰਘ ਕਹਿੰਦੇ ਹਨ, ‘‘ਅਮ੍ਰਿਤਪਾਲ ਸਿੰਘ ਨੇ ਪੰਥਕ ਲੀਡਰਸ਼ਿਪ ਵਿੱਚ ਇੱਕ ਖਲਾਅ ਪੂਰਿਆ ਸੀ। ਇਸ ਲਈ ਅਮ੍ਰਿਤਪਾਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’’
ਇਸੇ ਦੌਰਾਨ ਕੌਮੀ ਇਨਸਾਫ਼ ਮੋਰਚੇ ਦੇ ਆਗੂ ਅਤੇ ਅਕਾਲੀ ਦਲ ਯੂਨਾਇਟਿਡ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ 2015 ਦੇ ਸਰਬੱਤ ਖਾਲਸਾ ਨੇ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪ ਦਿੱਤਾ ਸੀ। ਇਸ ਲਈ ਮੌਜੂਦਾ ਜਥੇਦਾਰ ਹਰਪ੍ਰੀਤ ਸਿੰਘ ਕੋਲ ਸਰਬੱਤ ਖਾਲਸਾ ਸੱਦਣ ਦਾ ਅਧਿਕਾਰ ਹੀ ਨਹੀਂ ਹੈ।
















