ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਚੁੱਕੇ ਗਏ ਇਹ 5 ਕਦਮ ਕੰਮ ਕਿਉਂ ਨਹੀਂ ਆਏ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਪੁਲਿਸ ਨੇ ਖ਼ਾਲਿਸਤਾਨ ਹਮਾਇਤੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਅਪਰੇਸ਼ਨ 18 ਮਾਰਚ ਨੂੰ ਸ਼ੁਰੂ ਕੀਤਾ ਸੀ।
23 ਫ਼ਰਵਰੀ ਨੂੰ ਅਜਨਾਲਾ ਥਾਣੇ ਦੇ ਘਿਰਾਓ ਵੇਲੇ ਹੋਈ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਤਹਿਤ ਪੁਲਿਸ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ।
ਪਰ ਇਹ ਰਿਪੋਰਟ ਲਿਖੇ ਜਾਣ ਤੱਕ ਉਹ ਪੁਲਿਸ ਦੇ ਹੱਥ ਨਹੀਂ ਆਇਆ ਹੈ, ਹਾਲਾਂਕਿ ਪੁਲਿਸ ਲਗਾਤਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਉਹ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੇ ਬਹੁਤ ਨਜ਼ਦੀਕ ਹੈ।
ਪੁਲਿਸ ਦੇ ਇਸ ਦਾਅਵੇ ਦੇ ਬਾਵਜੂਦ ਅਮ੍ਰਿਤਪਾਲ ਕਿਸੇ ਅਣਦੱਸੀ ਥਾਂ ਤੋਂ ਦੋ ਵੀਡੀਓ ਪਾ ਕੇ ਪੁਲਿਸ ਦੀ ਪਹੁੰਚ ਤੋਂ ਦੂਰ ਹੋਣ ਦੀ ਗੱਲ ਕਹਿ ਚੁੱਕੇ ਹਨ।
ਅਮ੍ਰਿਤਪਾਲ ਕਿੱਥੇ ਹੈ, ਉਹ ਪੰਜਾਬ ਵਿੱਚ ਹੈ ਜਾਂ ਪੰਜਾਬ ਤੋਂ ਬਾਹਰ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਵੱਖ ਵੱਖ ਮੀਡੀਆ ਅਦਾਰਿਆਂ ਨੇ ਤਸਵੀਰਾਂ ਅਤੇ ਸੀਸੀਟੀਵੀ ਫੂਟੇਜ਼ ਰਾਹੀ ਉਸ ਦੇ ਟਿਕਾਣੇ ਬਦਲਣ ਦੇ ਦਾਅਵੇ ਕੀਤੇ ਹਨ।
ਇਨ੍ਹਾਂ ਦਾਅਵਿਆਂ ਦੀ ਪੁਲਿਸ ਨੇ ਜਨਤਕ ਤੌਰ ਉੱਤੇ ਕਦੇ ਵੀ ਪੁਸ਼ਟੀ ਨਹੀਂ ਕੀਤੀ, ਪੰਜਾਬ ਪੁਲਿਸ ਦੇ ਡੀਆਈਜੀ ਸਵਪਨ ਸ਼ਰਮਾਂ ਦੇ ਸ਼ਬਦਾਂ ਵਿੱਚ ਇਹ ‘‘ਚੋਰ-ਸਿਪਾਹੀ ਦਾ ਖੇਡ ਹੈ’’, ਜੋ ਅਜੇ ਵੀ ਜਾਰੀ ਹੈ।
ਪੁਲਿਸ ਨੇ ਅਮ੍ਰਿਤਪਾਲ ਸਿੰਘ ਨੂੰ ਫੜਨ ਲਈ ਕੀ-ਕੀ ਕੀਤਾ ਹੈ। ਅਸੀਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਅਤੇ ਕੁਝ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਜਾਣਕਾਰੀ ਇਕੱਠੀ ਕੀਤੀ ਹੈ।

ਗ੍ਰਿਫ਼ਤਾਰੀ ਲਈ ਸਿੱਧੀ ਕਾਰਵਾਈ
18 ਮਾਰਚ ਨੂੰ ਪੰਜਾਬ ਪੁਲਿਸ ਨੇ ਜਲੰਧਰ ਦੇ ਸ਼ਾਹਕੋਟ ਕਸਬੇ ਵਿੱਚ ਭਾਰੀ ਨਾਕੇਬੰਦੀ ਕਰਕੇ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ ਕੀਤੀ।
ਉਸ ਵੇਲੇ ਉਹ ਆਪਣੇ ਪਿੰਡ ਜੱਲੂਪੁਰ ਖੇੜਾ ਤੋਂ ਮੋਗਾ ਵੱਲ ਕਾਫ਼ਲੇ ਦੇ ਰੂਪ ਵਿੱਚ ਜਾ ਰਹੇ ਸਨ, ਉਨ੍ਹਾਂ ਦਾ ਇਰਾਦਾ ਸੀ 19 ਮਾਰਚ ਤੋਂ ਮਾਲਵੇ ਤੋਂ ਖਾਲਸਾ ਵਹੀਰ ਦੀ ਸ਼ੁਰੂਆਤ ਕਰਨਾ ਜੋ ਮੁਕਤਸਰ ਸ਼ੁਰੂ ਕੀਤੀ ਜਾਣੀ ਸੀ।
ਪੁਲਿਸ ਦੇ ਦਾਅਵੇ ਮੁਤਾਬਕ ਉਸ ਦਿਨ ਪੁਲਿਸ ਨੇ ਉਨ੍ਹਾਂ ਦੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਉਹ ਭੱਜਣ ਵਿੱਚ ਸਫ਼ਲ ਰਿਹਾ।
ਪੁਲਿਸ ਨੂੰ ਸ਼ੱਕ ਸੀ ਕਿ ਉਹ ਇੱਥੇ ਕਿਸੇ ਗੁਰਦੁਆਰੇ ਜਾਂ ਪਿੰਡ ਵਿੱਚ ਲੁਕਿਆ ਹੋ ਸਕਦਾ ਹੈ, ਇਸ ਲਈ ਪੁਲਿਸ ਨੇ ਕਈ ਦਿਨ ਘੇਰਾਬੰਦੀ ਕਰੀ ਰੱਖੀ ਪਰ ਅਮ੍ਰਿਤਪਾਲ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿਣ ਵਿੱਚ ਸਫ਼ਲ ਰਿਹਾ।
ਭਾਵੇਂ ਕਿ ਉਨ੍ਹਾਂ ਦੀ ਜਥੇਬੰਦੀ ਦੀ ਤਰਫੋਂ ਹਾਈਕੋਰਟ ਵਿੱਚ ਬੰਦੀ ਛੁਡਾਓ ਅਰਜੀ ਪਾ ਕੇ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹ ਪੁਲਿਸ ਹਿਰਾਸਤ ਵਿੱਚ ਹੈ, ਤੇ ਪੁਲਿਸ ਇਸ ਬਾਰੇ ਨਹੀਂ ਦੱਸ ਰਹੀ।
ਅਦਾਲਤ ਵਿੱਚ ਪੁਲਿਸ ਨੇ ਸਾਫ਼ ਕੀਤਾ ਕਿ ਅਮ੍ਰਿਤਪਾਲ ਉਸ ਕੋਲ ਨਹੀਂ ਹੈ, ਬਾਅਦ ਵਿੱਚ ਅਮ੍ਰਿਤਪਾਲ ਨੇ ਅਣਦੱਸੀਂ ਥਾਂ ਤੋਂ ਵੀਡੀਓ ਪਾ ਕੇ ਖ਼ੁਦ ਦੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ।
ਲੁੱਕ ਆਊਟ ਸਰਕੂਲਰ (ਐੱਲਓਸੀ)
ਅਮ੍ਰਿਤਪਾਲ ਨੂੰ ਭਾਰਤ ਤੋਂ ਬਾਹਰ ਭੱਜਣ ਤੋਂ ਰੋਕਣ ਲਈ ਪੁਲਿਸ ਨੇ ਭਾਰਤ ਸਰਕਾਰ ਨੂੰ ਲੁੱਕ ਆਊਟ ਸਰਕੂਲਰ ਜਾਰੀ ਕਰਨ ਲਈ ਲਿਖਿਆ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਐੱਸਐੱਸਪੀ (ਦਿਹਾਤੀ) ਸਤਿੰਦਰ ਸਿੰਘ ਨੇ ਡਿਪਟੀ ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ, ਕੇਂਦਰੀ ਗ੍ਰਹਿ ਮੰਤਰਾਲੇ ਨੂੰ ਐੱਲਓਸੀ ਜਾਰੀ ਕਰਨ ਲਈ ਲਿਖਿਆ ਸੀ, ਤਾਂ ਜੋ ਉਹ ਮੁਲਜ਼ਮ ਦੇਸ਼ ਛੱਡ ਕੇ ਵਿਦੇਸ਼ ਨਾ ਜਾ ਸਕੇ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਸ ਦੀ ਇਸ ਬੇਨਤੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਐੱਲਓਸੀ ਜਾਰੀ ਕਰ ਦਿੱਤਾ ਹੈ।

ਅਮ੍ਰਿਤਪਾਲ ਸਿੰਘ ਕੌਣ ਹਨ
- ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
- ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
- ਪਰ ਉਹ ਆਪਣੀ ਗ਼ਰਮਸੁਰ ਵਾਲੇ ਭਾਸ਼ਣਾਂ ਕਰਕੇ ਅਲੋਚਣਾ ਦਾ ਸਾਹਮਣਾ ਕਰਦੇ ਰਹੇ ਹਨ।
- ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਅਮ੍ਰਿਤਪਾਲ ਸਿੰਘ ਵਿਵਾਦਾਂ ਵਿੱਚ ਆ ਗਏ।
- ਪੁਲਿਸ 18 ਮਾਰਚ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।
- ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਨੂੰ ਖ਼ਤਰਾ ਹੈ।

ਗ਼ੈਰ-ਜ਼ਮਾਨਤੀ ਵਾਰੰਟ
ਅਮ੍ਰਿਤਪਾਲ ਸਿੰਘ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।
ਇਸ ਬਾਬਤ ਅੰਮ੍ਰਿਤਸਰ ਦੇ ਜੁਡੀਸ਼ੀਅਲ ਮੈਜਿਸਟਰੇਟ ਨੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਜੁਡੀਸ਼ੀਅਲ ਮੈਜਿਸਟਰੇਟ ਨੂੰ ਰਿਪੋਰਟ ਭੇਜੀ ਹੋਈ ਹੈ।
ਮੈਜਿਸਟਰੇਟ ਨੇ ਜਿਸ ਐਕਟ ਦੇ ਤਹਿਤ ਇਹ ਕੀਤਾ ਹੈ, ਉਸ ਵਿੱਚ ਕਿਹਾ ਗਿਆ ਹੈ, ''ਜੇਕਰ ਕਿਸੇ ਅਧਿਕਾਰੀ ਕੋਲ ਇਹ ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਕੋਈ ਵਿਅਕਤੀ, ਜਿਸ ਲਈ ਨਜ਼ਰਬੰਦੀ ਦਾ ਹੁਕਮ ਜਾਰੀ ਕੀਤਾ ਗਿਆ ਹੋਵੇ ਉਹ ਫ਼ਰਾਰ ਹੋ ਗਿਆ ਹੈ ਜਾਂ ਆਪਣੇ ਆਪ ਨੂੰ ਛੁਪਾ ਰਿਹਾ ਹੈ ਤਾਂ ਅਧਿਕਾਰੀ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਰਿਪੋਰਟ ਭੇਜ ਸਕਦਾ ਹੈ।
ਰੌਲ਼ਾ-ਰੱਪਾ ਨੋਟਿਸ
ਇੱਕ ਅਧਿਕਾਰੀ ਨੇ ਦੱਸਿਆ ਕਿ ਅਮ੍ਰਿਤਪਾਲ ਸਿੰਘ ਦੇ ਟਿਕਾਣੇ ਬਾਰੇ ਹਯੂ ਐਂਡ ਕਰਾਈ ਯਾਨੀ ਅਜਿਹਾ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਰੌਲਾ ਪਾਇਆ ਜਾ ਸਕੇ ਕਿ ਅਮ੍ਰਿਤਪਾਲ ਪੁਲਿਸ ਤੋਂ ਭੱਜਿਆ ਹੋਇਆ ਹੈ ਤਾਂ ਜੋ ਉਸ ਨੂੰ ਫੜਾਉਣ ਵਿੱਚ ਲੋਕ ਪੁਲਿਸ ਦੀ ਮਦਦ ਕਰ ਸਕਣ।
ਅੰਮ੍ਰਿਤਸਰ ਦੇ ਐੱਸਐੱਸਪੀ (ਦਿਹਾਤੀ) ਨੇ ਦੇਸ਼ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਇਸ ਬਾਰੇ ਨੋਟਿਸ ਭੇਜਿਆ ਹੈ।
ਉਕਤ ਨੋਟਿਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਇਸ ਦੇ ਆਲੇ-ਦੁਆਲੇ ਜਨਤਕ ਥਾਵਾਂ 'ਤੇ ਵੀ ਜਾਰੀ ਕੀਤਾ ਗਿਆ ਹੈ।
ਪੁਲਿਸ ਟੀਮਾਂ ਦੀ ਛਾਪੇਮਾਰੀ
ਅਮ੍ਰਿਤਪਾਲ ਸਿੰਘ ਨੂੰ ਫੜਨ ਅਤੇ ਹਿਰਾਸਤ ਵਿੱਚ ਲੈਣ ਲਈ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਹੈ।
ਇੱਕ ਪੁਲਿਸ ਅਧਿਕਾਰੀ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਕਈ ਟੀਮਾਂ ਨੇ ਅਮ੍ਰਿਤਪਾਲ ਸਿੰਘ ਦੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।
ਇਸ ਸਬੰਧੀ ਕੇਸ ਡਾਇਰੀਆਂ ਵੀ ਦਰਜ ਕਰ ਲਈਆਂ ਗਈਆਂ ਹਨ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਦੇ ਬਾਵਜੂਦ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।
ਇਸ ਦੌਰਾਨ ਪੁਲਿਸ ਨੇ ਕਈ ਡੇਰਿਆਂ ਦੇ ਗੁਰਦੁਆਰਿਆਂ ਦੇ ਦਰਵਾਜ਼ੇ ਖੜਕਾਏ ਤੇ ਕਦੇ ਪਿੰਡਾਂ ਵਿੱਚ ਜਾ ਕੇ ਘਰ ਘਰ ਤਲਾਸ਼ੀ ਲਈ ਹੈ।
ਪੁਲਿਸ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਕਈ ਅਹਿਮ ਸੁਰਾਗ ਤਾਂ ਮਿਲੇ ਹਨ ਪਰ ਅਮ੍ਰਿਤਪਾਲ ਤੱਕ ਉਹ ਨਹੀਂ ਪਹੁੰਚ ਸਕੀ ਹੈ।
ਬੀਤੇ ਐਤਵਾਰ ਨੂੰ ਸੂਬਾ ਪੁਲਿਸ ਦੀ ਇੱਕ ਟੀਮ ਯੂਪੀ ਦੇ ਪੀਲੀਭੀਤ ਵੀ ਅਮ੍ਰਿਤਪਾਲ ਦੀ ਭਾਲ ਵਿੱਚ ਪੁੱਜੀ ਸੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਅਮ੍ਰਿਤਪਾਲ ਦੀ ਭਾਲ ਦੇ ਦੌਰਾਨ ਪੁਲਿਸ ਨੂੰ ਫਗਵਾੜਾ ਨੇੜੇ ਇੱਕ ਗੱਡੀ ਲੱਭੀ ਸੀ।
ਇਸ ਗੱਡੀ ਦਾ ਰਜਿਸਟਰੇਸ਼ਨ ਨੰਬਰ ਉੱਤਰਾਖੰਡ ਦਾ ਸੀ। ਇਸੇ ਸਿਲਸਿਲੇ ਵਿੱਚ ਪੁਲਿਸ ਦੀ ਟੀਮ ਪੀਲੀਭੀਤ ਦੇ ਗੁਰਦੁਆਰੇ ਪੁੱਜੀ ਕਿਉਂਕਿ ਗੱਡੀ ਇੱਥੋਂ ਦੇ ਮੁਖੀ ਦੇ ਹੀ ਨਾਂ 'ਤੇ ਦਰਜ ਸੀ।

ਗੁਰਦੁਆਰੇ ਦੇ ਮੁਖੀ ਮੋਹਨ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਤਿੰਨ ਪੁਲਿਸ ਵਾਲੇ ਪੰਜਾਬ ਤੋਂ ਪੁੱਛਗਿੱਛ ਲਈ ਆਏ ਸਨ।
ਉਨ੍ਹਾਂ ਨੇ ਕਿਹਾ ਕਿ “ਇਹ ਗੱਡੀ ਹੈ ਤਾਂ ਸਾਡੀ ਹੀ ਪਰ ਇੱਕ ਸੇਵਾਦਾਰ ਸਾਡੇ ਤੋਂ ਇਹ ਗੱਡੀ ਲਗਭਗ ਤਿੰਨ ਮਹੀਨੇ ਪਹਿਲਾਂ ਲੈ ਗਿਆ ਸੀ।”
ਇਹ ਪੁੱਛਣ 'ਤੇ ਕੀ ਅਮ੍ਰਿਤਪਾਲ ਉੱਥੇ ਆਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਤਾਂ ਅਮ੍ਰਿਤਪਾਲ ਨੂੰ ਜਾਣਦੇ ਹਾਂ, ਨਾ ਹੀ ਮਿਲੇ ਹਾਂ ਤੇ ਉਹ ਕਦੀ ਇਥੇ ਇੱਥੇ ਆਇਆ ਵੀ ਨਹੀਂ ਹੈ।
ਮੋਹਨ ਸਿੰਘ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਭਰੋਸਾ ਦਵਾਇਆ ਹੈ ਕਿ ਜੇ ਕੋਈ ਜਾਣਕਾਰੀ ਮਿਲੇਗੀ ਉਹ ਪੁਲਿਸ ਨਾਲ ਜ਼ਰੂਰ ਸਾਂਝੀ ਕਰਨਗੇ।
ਅਮ੍ਰਿਤਪਾਲ 18 ਮਾਰਚ ਨੂੰ ਜਲੰਧਰ ਜ਼ਿਲ੍ਹੇ ਦੇ ਮਹਿਤਪੁਰ ਕਸਬੇ ਤੋਂ ਫ਼ਰਾਰ ਹੋ ਗਿਆ ਸੀ ਜਦੋਂ ਪੁਲਿਸ ਨੇ ਉਸ ਅਤੇ ਉਸ ਦੇ ਸਮਰਥਕਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ।
ਪੁਲਿਸ ਮਤਾਬਿਕ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਅਮ੍ਰਿਤਪਾਲ ਇੱਕ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਰਣੀਆਂ ਕਲਾਂ ਵਿਖੇ ਸੀ।
ਪੁਲਿਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਉੱਥੋਂ ਵੀ ਪੁਲਿਸ ਨੂੰ ਚਕਮਾ ਦੇਣ ਵਿੱਚ ਸਫ਼ਲ ਹੋ ਗਿਆ ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਘਰ-ਘਰ ਜਾ ਕੇ ਤਲਾਸ਼ੀ ਵੀ ਲਈ, ਜੋ ਦੋ ਦਿਨ ਤੱਕ ਚੱਲਦੀ ਰਹੀ।
ਯੂਪੀ ਤੋਂ ਇਲਾਵਾ ਪੰਜਾਬ ਪੁਲਿਸ ਹਰਿਆਣਾ, ਹਿਮਾਚਲ ਤੇ ਕਈ ਸੂਬਿਆਂ ਵਿੱਚ ਭਾਲ ਤੇ ਤਫ਼ਤੀਸ਼ ਕਰਦੀ ਆ ਰਹੀ ਹੈ।
ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਮੀ ਕਿੱਥੇ ਰਹਿ ਗਈ

ਤਸਵੀਰ ਸਰੋਤ, Getty Images
ਪੁਲਿਸ ਵਲੋਂ ਸੰਭਵ ਕੋਸ਼ਿਸ਼ ਕੀਤੀ ਜਾਪਦੀ ਹੈ, ਸੂਬੇ ਵਿੱਚ ਥਾਂ-ਥਾਂ ਨਾਕੇ ਲਗਾਕੇ ਪਹਿਰੇਦਾਰੀ ਵੀ ਕੀਤੀ ਜਾ ਰਹੀ ਹੈ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਅਮ੍ਰਿਤਪਾਲ ਸਿੰਘ ਤਿੰਨ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿਣ ਵਿੱਚ ਕਾਮਯਾਬ ਕਿਵੇਂ ਹੋ ਗਏ?
ਇਸ ਸਬੰਧ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਕਹਿੰਦੇ ਹਨ, “ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਬਹੁਤ ਮੁਸ਼ਤੈਦੀ ਵਰਤੀ। ਹਰ ਸੰਭਵ ਕਾਨੂੰਨੀ ਸਹਾਇਤਾ ਲਈ, ਲੁੱਕ-ਆਊਟ ਨੋਟਿਸ ਜਾਰੀ ਕਰਵਾਇਆ, ਰਿਯੂ ਐਂਡ ਕਰਾਈ ਜ਼ਰੀਏ ਆਮ ਲੋਕਾਂ ਦੀ ਮਦਦ ਲੈਣ ਦੀ ਵੀ ਕੋਸ਼ਿਸ਼ ਕੀਤੀ।”
“ਫ਼ਿਰ ਵੀ ਅਮ੍ਰਿਤਪਾਲ ਬਚਣ ਵਿੱਚ ਕਾਮਯਾਬਾ ਰਿਹਾ। ਹੁਣ ਪੁਲਿਸ ਨੂੰ ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਕਿ ਆਖ਼ਿਰ ਇਹ ਸੰਭਵ ਕਿਵੇਂ ਹੋਇਆ।”
ਸ਼ਸ਼ੀਕਾਂਤ ਕਹਿੰਦੇ ਹਨ, “ਮੈਂ ਮੰਨਦਾ ਹਾਂ ਕਿ ਉਹ ਚਾਹੇ ਪੰਜਾਬ ਵਿੱਚ ਹੋਵੇ, ਸੂਬੇ ਵਿੱਚ ਜਾਂ ਫ਼ਿਰ ਦੇਸ਼ ਤੋਂ ਹੀ ਕਿਤੇ ਬਾਹਰ ਹੋਵੇ। ਉਸ ਦੇ ਸੰਪਰਕ ਬਹੁਤ ਮਜ਼ਬੂਤ ਹਨ। ਪੁਲਿਸ ਨੂੰ ਇਸ ਨੈੱਟਵਰਕ ਨੂੰ ਤੋੜਨ ਦੀ ਲੋੜ ਹੈ।”
“ਇਸ ਦੇ ਨਾਲ ਹੀ ਸਲੀਪਰਸੈੱਲਜ਼ ਦੀ ਵੀ ਇਸ ਮਾਮਲੇ ਵਿੱਚ ਸਪੱਸ਼ਟ ਤੌਰ ’ਤੇ ਅਹਿਮ ਭੂਮਿਕਾ ਨਜ਼ਰ ਆਉਂਦੀ ਹੈ। ਨਹੀਂ ਤਾਂ ਉਸ ਨੂੰ ਹਰ ਲੋੜੀਂਦੀ ਮਦਦ ਕਿਵੇਂ ਮਿਲ ਸਕਦੀ ਹੈ।”
“ਪੁਲਿਸ ਨੂੰ ਮਹਿਜ਼ ਇੱਕ ਵਿਅਕਤੀ ਸਬੰਧੀ ਕਾਰਵਾਈ ਕਰਨ ਦੀ ਬਜਾਇ ਵਿਆਪਕ ਪੱਧਰ ਉੱਤੇ ਸਲੀਪਰਸੈੱਲਜ਼ ਖ਼ਿਲਾਫ਼ ਕੰਮ ਕਰਨਾ ਚਾਹੀਦਾ ਹੈ। ਉਸ ਤੋਂ ਬਿਨ੍ਹਾਂ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਨਾਮੁਮਕਿਨ ਹੈ।”













