ਸਤਲੁਜ ਤੇ ਰਾਵੀ ਨੇ ਜ਼ਮੀਨਾਂ ਨਿਗਲੀਆਂ, 'ਜਿਹੜੀ ਚੀਜ਼ ਦਾ ਆਸਰਾ ਸੀ ਦਰਿਆ ਰੋੜ੍ਹ ਕੇ ਲੈ ਗਿਆ', 'ਮੁੰਡਿਆਂ ਨੂੰ ਕੋਈ ਰਿਸ਼ਤਾ ਨਹੀਂ ਹੋ ਰਿਹਾ'

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਮੁੰਡਿਆਂ ਦੇ ਵਿਆਹ ਵਾਸਤੇ ਜਦੋਂ ਕੋਈ ਰਿਸ਼ਤਾ ਆਉਂਦਾ ਹੈ, ਤਾਂ ਹਾਲਾਤ ਦੇਖ ਕੇ ਵਾਪਸ ਮੁੜ ਜਾਂਦਾ ਹੈ।"

ਇਹ ਬੇਵੱਸ ਬਾਪ ਅਤੇ ਬਜ਼ੁਰਗ ਕਿਸਾਨ ਬਖ਼ਸ਼ੀਸ਼ ਸਿੰਘ ਦਾ ਦਰਦ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਅਤੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਚਿੰਤਾ ਵਿੱਚ ਹੈ। 58 ਸਾਲਾ ਬਖ਼ਸ਼ੀਸ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਦੀਨੇ ਕੇ ਪਿੰਡ ਦੇ ਵਸਨੀਕ ਹਨ।

ਹੁਣ ਹੜ੍ਹਾਂ ਦੇ ਪਾਣੀ ਉੱਤਰੇ ਨੂੰ ਭਾਵੇਂ ਕਾਫੀ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਨੂੰ ਆਪਣੀ ਜ਼ਮੀਨ ਦੇ ਆਬਾਦ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਜਿੱਥੇ ਉਨ੍ਹਾਂ ਦੀ ਜ਼ਮੀਨ ਸੀ, ਉੱਥੇ ਹੁਣ ਸਤਲੁਜ ਦਰਿਆ ਵੱਗ ਰਿਹਾ ਹੈ। ਇਹ ਜ਼ਮੀਨ ਉਨ੍ਹਾਂ ਦੀ ਆਮਦਨ ਦਾ ਇਕਲੌਤਾ ਸਾਧਨ ਸੀ।

ਅਗਸਤ-ਸਤੰਬਰ ਮਹੀਨੇ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਕਈ ਕਿਸਾਨਾਂ ਦੀ ਜ਼ਮੀਨ ਦਰਿਆ ਵੱਲੋਂ ਰਸਤਾ ਬਦਲਣ ਕਾਰਨ ਜਾਂ ਜ਼ਮੀਨ ਨਾਲ ਵਹਾ ਲਏ ਜਾਣ ਕਾਰਨ ਦਰਿਆ ਬੁਰਦ ਹੋ ਗਈ ਹੈ।

ਪੀੜ੍ਹਤ ਕਿਸਾਨਾਂ ਮੁਤਾਬਕ ਉਨ੍ਹਾਂ ਕੋਲ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ।

ਕਿੱਥੇ ਕਿੰਨੀ ਜ਼ਮੀਨ ਦਰਿਆ ਬੁਰਦ ਹੋਈ

ਬੀਬੀਸੀ ਵੱਲੋਂ ਜ਼ਮੀਨੀ ਹਕੀਕਤ ਜਾਣਨ ਲਈ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਗੱਲ ਕੀਤੀ ਗਈ।

ਇਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਮੁਤਾਬਕ ਦੋਵਾਂ ਜ਼ਿਲ੍ਹਿਆਂ ਵਿੱਚ ਹੀ ਲਗਭਗ 1708 ਏਕੜ ਜ਼ਮੀਨ ਦਰਿਆ ਬੁਰਦ ਹੋ ਗਈ ਹੈ।

ਦਰਿਆਵਾਂ ਵੱਲੋਂ ਜ਼ਮੀਨਾਂ ਨਿਗਲਣ ਨੂੰ ਜ਼ਮੀਨਾਂ ਦੇ ਦਰਿਆਬੁਰਦ ਹੋਣਾ ਆਖਿਆ ਜਾਂਦਾ ਹੈ।

ਦਰਿਆਵਾਂ ਵੱਲੋਂ ਰਸਤਾ ਬਦਲਣ ਜਾਂ ਜ਼ਮੀਨਾਂ ਨੂੰ ਨਾਲ ਵਹਾਅ ਕੇ ਲੈ ਜਾਣ ਕਾਰਨ ਜ਼ਮੀਨਾਂ ਦਰਿਆ ਬੁਰਦ ਹੁੰਦੀਆਂ ਹਨ।

ਇਕੱਲੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 1225 ਏਕੜ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 483 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ।

ਫ਼ਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਅਧੀਨ ਲਗਭਗ 1062 ਏਕੜ, ਗੁਰੂਹਰਸਹਾਏ ਅਧੀਨ 153.4 ਏਕੜ ਅਤੇ ਫ਼ਿਰੋਜ਼ਪੁਰ ਤਹਿਸੀਲ ਅਧੀਨ ਆਉਂਦੀ 10 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਵਿੱਚ 221 ਏਕੜ, ਲੋਪੋਕੇ ਤਹਿਸੀਲ ਵਿੱਚ 54 ਏਕੜ ਅਤੇ ਅਜਨਾਲਾ ਤਹਿਸੀਲ ਵਿੱਚ 208 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ।

ਰੋਜ਼ੀ ਰੋਟੀ ਲਈ ਜੱਦੋ-ਜਹਿਦ

ਬਖ਼ਸ਼ੀਸ ਸਿੰਘ ਦੋ ਮਹੀਨੇ ਪਹਿਲਾਂ ਖੇਤੀਬਾੜੀ ਕਰਕੇ ਆਪਣਾ ਪਰਿਵਾਰ ਪਾਲਦੇ ਸਨ ਪਰ ਹੁਣ ਉਹ ਬੇਜ਼ਮੀਨੇ ਹੋ ਚੁੱਕੇ ਹਨ।

ਬਖ਼ਸ਼ੀਸ਼ ਦੀ ਆਪਣੀ ਦੋ ਏਕੜ ਅਤੇ ਉਨ੍ਹਾਂ ਦੇ ਤਿੰਨ ਭਰਾਵਾਂ ਦੀ ਛੇ ਏਕੜ ਜ਼ਮੀਨ ਦਰਿਆ ਬੁਰਦ ਹੋ ਚੁੱਕੀ ਹੈ। ਸਾਰੀ ਜ਼ਮੀਨ ਦਰਿਆ ਬੁਰਦ ਹੋਣ ਕਰਕੇ ਉਹ ਹੁਣ ਪਸ਼ੂ ਚਾਰ ਕੇ ਅਤੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ। ਪਸ਼ੂਆਂ ਦਾ ਚਾਰਾ ਬੀਜਣ ਲਈ ਵੀ ਉਨ੍ਹਾਂ ਕੋਲ ਜ਼ਮੀਨ ਨਹੀਂ ਹੈ।

ਉਹ ਕਹਿੰਦੇ ਹਨ, "ਅਸੀਂ ਚਾਰ ਭਰਾ ਅੱਠਾਂ ਕਿੱਲਿਆਂ ਦੇ ਮਾਲਕ ਸੀ। ਹੁਣ ਅਸੀਂ ਚਾਰੇ ਬੇਜ਼ਮੀਨੇ ਹੋ ਗਏ ਹਾਂ। ਦੋ-ਦੋ ਕਿੱਲੇ ਜ਼ਮੀਨ ਆਉਂਦੀ ਸੀ। ਸਾਰੀ ਦਰਿਆ ਰੋੜ੍ਹ ਕੇ ਲੈ ਗਿਆ।"

"ਹੁਣ ਕੁੱਝ ਨਹੀਂ ਬਚਿਆ। ਬਸ ਮੱਝਾਂ ਉੱਤੇ ਗੁਜ਼ਾਰਾ ਚੱਲ ਰਿਹਾ ਹੈ। ਪਰ 14-15 ਕਿੱਲੋ ਦੁੱਧ ਨਾਲ ਵੀ ਕਿੱਥੇ ਗੁਜ਼ਾਰਾ ਹੁੰਦਾ ਹੈ। ਬੱਚਿਆਂ ਦੇ ਵਿਆਹ ਵੀ ਕਰਨੇ ਹਨ। ਪਰ ਕੋਈ ਹੱਲ ਨਜ਼ਰ ਨਹੀਂ ਆਉਂਦਾ। ਅੱਗੇ ਜ਼ਮੀਨ ਦਾ ਆਸਰਾ ਸੀ। ਖਾਣ ਜੋਗੇ ਦਾਣੇ ਹੋ ਜਾਂਦੇ ਸਨ।"

ਜ਼ਮੀਨਾਂ ਆਬਾਦ ਹੋਣ ਦੀ ਉਮੀਦ ਛੱਡੀ

ਬਖ਼ਸ਼ੀਸ਼ ਸਿੰਘ ਨੇ ਹੁਣ ਜ਼ਮੀਨ ਆਬਾਦ ਹੋਣ ਦੀ ਉਮੀਦ ਛੱਡ ਦਿੱਤੀ ਹੈ। ਉਹ ਕਹਿੰਦੇ ਹਨ ਕਿ ਇੱਕ ਤਾਂ ਹੁਣ ਇਹ ਦਰਿਆ ਉੱਤੇ ਨਿਰਭਰ ਕਰਦਾ ਹੈ, ਦੂਸਰਾ ਉਹਨਾਂ ਕੋਲ ਕੋਈ ਸਾਧਨ ਵੀ ਨਹੀਂ ਹਨ। ਇਸ ਅਗਸਤ-ਸਤੰਬਰ ਮਹੀਨੇ ਆਏ ਹੜ੍ਹਾਂ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਹੜ੍ਹਾਂ ਦੀ ਮਾਰ ਪੈਂਦੀ ਰਹੀ ਹੈ।

ਪਹਿਲਾਂ ਖੇਤਾਂ ਵਿੱਚ ਸਿਰਫ਼ ਰੇਤਾ ਅਤੇ ਮਿੱਟੀ ਇਕੱਠੀ ਹੁੰਦੀ ਸੀ ਅਤੇ ਉਹ ਸਖ਼ਤ ਮਿਹਨਤ ਮਗਰੋਂ ਆਬਾਦ ਕਰ ਲੈਂਦੇ ਸਨ।

ਉਹ ਦੱਸਦੇ ਹਨ, "ਹੁਣ ਅਸੀਂ ਉਮੀਦ ਛੱਡ ਦਿੱਤੀ ਹੈ। ਹੁਣ ਸਾਡੇ ਤੋਂ ਇਹ ਜ਼ਮੀਨ ਕਦੀ ਵੀ ਆਬਾਦ ਨਹੀਂ ਹੋਣੀ। ਅਸੀਂ ਜ਼ਮੀਨਾਂ ਬਣਾ-ਬਣਾ ਥੱਕ ਗਏ ਹਾਂ। ਪਹਿਲਾਂ ਵੀ ਪਾਣੀ ਆਉਂਦਾ ਸੀ। ਫ਼ਸਲਾਂ ਮਰ ਜਾਂਦੀਆਂ ਸੀ ਪਰ ਜ਼ਮੀਨਾਂ ਬੱਚ ਜਾਂਦੀਆਂ ਸਨ।"

"ਇਸ ਵਾਰ ਆਇਆ ਪਾਣੀ ਜ਼ਮੀਨ ਨਾਲ ਰੋੜ੍ਹ ਕੇ ਲੈ ਗਿਆ ਹੈ। ਜਿੱਥੇ ਪਹਿਲਾਂ ਜ਼ਮੀਨ ਸੀ। ਹੁਣ ਉੱਥੇ ਪਾਣੀ ਵੱਗ ਰਿਹਾ ਹੈ। ਹੁਣ ਇਹ ਜ਼ਮੀਨ ਸਾਡੇ ਤੋਂ ਕਦੀ ਵੀ ਆਬਾਦ ਨਹੀਂ ਹੋਣੀ। ਜ਼ਿੰਦਗੀ ਇਸ ਤਰ੍ਹਾਂ ਹੀ ਲੰਗ ਜਾਣੀ ਹੈ।"

ਬੱਚਿਆਂ ਦੇ ਵਿਆਹ ਦੀ ਚਿੰਤਾ

ਬਖਸ਼ੀਸ ਨੂੰ ਆਪਣੇ ਬੱਚਿਆਂ ਦੇ ਵਿਆਹ ਦਾ ਫ਼ਿਕਰ ਹੈ। ਉਹ ਕਹਿੰਦੇ ਹਨ ਕਿ ਜ਼ਮੀਨ ਦਰਿਆ ਬੁਰਦ ਹੋਣ ਕਰਕੇ ਅਤੇ ਹਰ ਵਾਰੀ ਹੜ੍ਹਾਂ ਦੀ ਮਾਰ ਪੈਣ ਕਰਕੇ, ਉਨ੍ਹਾਂ ਦੇ ਬੱਚਿਆਂ ਨੂੰ ਰਿਸ਼ਤੇ ਨਹੀਂ ਹੋ ਰਹੇ।

ਉਹ ਦੱਸਦੇ ਹਨ, "ਦੋ ਮੇਰੇ ਵੱਡੇ ਭਰਾ ਦੇ, ਦੋ ਛੋਟੇ ਭਰਾ ਦੇ, ਦੋ ਮੇਰੇ ਅਤੇ ਇੱਕ ਚੌਥੇ ਭਰਾ ਦਾ ਮੁੰਡਾ ਹੈ। ਸਾਡੇ ਸੱਤੇ ਮੁੰਡੇ 25 ਤੋਂ 27 ਸਾਲ ਦੀ ਉਮਰ ਟੱਪ ਚੁੱਕੇ ਹਨ ਪਰ ਕੋਈ ਰਿਸ਼ਤਾ ਨਹੀਂ ਹੋ ਰਿਹਾ।"

"ਮੁੰਡਿਆਂ ਦੇ ਵਿਆਹ ਵਾਸਤੇ ਜਦੋਂ ਕੋਈ ਰਿਸ਼ਤਾ ਆਉਂਦਾ ਹੈ ਤਾਂ ਹਾਲਾਤ ਦੇਖ ਕੇ ਵਾਪਸ ਮੁੜ ਜਾਂਦਾ ਹੈ। ਮੇਰੇ ਵੱਡੇ ਅਤੇ ਛੋਟੇ ਮੁੰਡੇ ਨੂੰ ਵੀ ਰਿਸ਼ਤੇ ਆਉਂਦੇ ਹਨ ਪਰ ਉਨ੍ਹਾਂ ਨੂੰ ਜਦੋਂ ਕੁਝ ਨਜ਼ਰ ਨਹੀਂ ਆਉਂਦਾ। ਉਹ ਵਾਪਸ ਮੁੜ ਜਾਂਦੇ ਹਨ।"

ਉਹ ਕਹਿੰਦੇ ਹਨ, "ਰਿਸ਼ਤੇਦਾਰ ਸਾਡੀ ਕੀ ਮਦਦ ਕਰਨਗੇ। ਮੇਰੀਆਂ ਭੈਣਾਂ ਵੀ ਗਰੀਬ ਹਨ। ਪਰ ਉਹ ਫਿਰ ਵੀ ਮਦਦ ਕਰਨਗੀਆਂ, ਜੇਕਰ ਕੁਝ ਹੁੰਦਾ ਹੈ।"

ਜ਼ਮੀਨ ਦੋ ਹਿੱਸਿਆਂ ਵਿੱਚ ਵੰਡੀ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟ ਗੁਰਬਖਸ਼ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੀ ਜ਼ਮੀਨ ਭਾਰਤ-ਪਾਕਿਸਤਾਨ ਸਰਹੱਦ ਕੋਲ ਕੰਡਿਆਲੀ ਤਾਰ ਤੋਂ ਪਾਰ ਹੈ।

ਸੁਰਜੀਤ ਦੇ ਚਾਰ ਭਰਾਵਾਂ ਅਤੇ ਉਨ੍ਹਾਂ ਦੇ ਤਾਏ ਦੇ ਪੰਜ ਮੁੰਡਿਆਂ ਕੋਲ 100 ਏਕੜ ਜ਼ਮੀਨ ਹੈ। ਪਰਿਵਾਰ ਮੁਤਾਬਕ ਉਹਨਾਂ ਦੀ 25 ਏਕੜ ਜ਼ਮੀਨ ਰਾਵੀ ਦਰਿਆ ਰੋੜ੍ਹ ਕੇ ਲੈ ਗਿਆ ਹੈ ਜਦਕਿ ਬਾਕੀ 75 ਏਕੜ ਵਿੱਚ ਰੇਤ ਅਤੇ ਮਿੱਟੀ ਜਮ੍ਹਾਂ ਹੋ ਗਈ ਹੈ।

ਸੁਰਜੀਤ ਸਿੰਘ ਕਹਿੰਦੇ ਹਨ ਕਿ ਰਾਵੀ ਨੇ ਉਨ੍ਹਾਂ ਦੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡ ਦਿੱਤੀ ਹੈ। ਵਿਚਾਲੇ ਦਰਿਆ ਵੱਗ ਰਿਹਾ ਹੈ। ਜਿਹੜੇ 75 ਏਕੜ ਦਰਿਆ ਬੁਰਦ ਹੋਣੋਂ ਬਚੇ ਹਨ, ਹੁਣ ਉਹ ਵੀ ਕਈ ਮਹੀਨਿਆਂ ਤੱਕ ਆਬਾਦ ਨਹੀਂ ਹੋ ਸਕਣਗੇ। ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਵਿਚੋਂ ਰੇਤਾ ਅਤੇ ਮਿੱਟੀ ਕੱਢਣਾ ਬਹੁਤ ਔਖਾ ਕੰਮ ਹੈ।

ਸੁਰਜੀਤ ਕਹਿੰਦੇ ਹਨ, "ਸਾਡੀ 25 ਏਕੜ ਤੋਂ ਵੱਧ ਜ਼ਮੀਨ ਦਰਿਆ ਰੋੜ੍ਹ ਕੇ ਲੈ ਗਿਆ ਹੈ। ਜਿਹੜੀ ਬਚੀ ਹੈ, ਉਹ ਦਰਿਆ ਦੇ ਉਸ ਪਾਰ ਹੋ ਗਈ ਹੈ। ਹੁਣ ਉਹ ਜ਼ਮੀਨ ਬੇਚਿਰਾਗ ਹੀ ਹੈ। ਉਧਰ ਲੰਗਣ ਦਾ ਸਾਡੇ ਕੋਲ ਕੋਈ ਸਾਧਨ ਨਹੀਂ ਹੈ। ਨਾ ਹੀ ਅਸੀਂ ਉੱਥੇ ਕੋਈ ਜ਼ਮੀਨ ਬੀਜ ਸਕਣੀ ਹੈ।"

ਪਰਿਵਾਰ ਦੀਆਂ ਫ਼ਿਕਰਾਂ

ਸੁਰਜੀਤ ਸਿੰਘ ਦਾ ਕਹਿਣਾ ਹੈ, "ਇਸੇ ਜ਼ਮੀਨ ਨਾਲ ਹੀ ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਸੀ। ਇਸੇ ਜ਼ਮੀਨ ਨੂੰ ਆਬਾਦ ਕਰਕੇ ਅਸੀਂ ਪੰਜ ਸੋਲਰ ਲਗਾਏ ਸੀ। ਖੇਤਾਂ ਵਿੱਚ ਇੰਜਨ ਵੀ ਸੀ। ਦਰਿਆ ਉਹ ਵੀ ਰੋੜ੍ਹ ਕੇ ਲੈ ਗਿਆ ਹੈ।"

"ਜਿਹੜੀ ਚੀਜ਼ ਦਾ ਆਸਰਾ ਸੀ। ਜਿਸ ਤੋਂ ਆਮਦਨ ਸੀ। ਉਹ ਦਰਿਆ ਰੋੜ੍ਹ ਕੇ ਲੈ ਗਿਆ। ਹੁਣ ਅਸੀਂ ਇੱਕ ਤਰ੍ਹਾਂ ਨਾਲ ਬੇਸਹਾਰਾ ਹੀ ਹਾਂ। ਸਰਕਾਰ ਮਦਦ ਕਰੇ ਤਾਂ ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇਗਾ। "

ਉਹ ਅੱਗੇ ਕਹਿੰਦੇ ਹਨ, "ਮੇਰੇ ਮੁੰਡੇ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਦੋ ਪੋਤਰੇ ਹਨ। ਇੱਕ ਪੋਤਰੀ ਹੈ। ਪੋਤਰੀ ਦਾ ਹਾਲ ਹੀ ਵਿੱਚ ਵਿਆਹ ਕੀਤਾ ਹੈ। ਵੱਡੇ ਪੋਤਰੇ ਨੂੰ ਬੈਂਕ ਤੋਂ 9 ਲੱਖ ਕਰਜ਼ਾ ਲੈ ਕੇ ਦੁਬਈ ਭੇਜਿਆ ਹੈ।"

"ਸਾਡੀ ਆਮਦਨ ਦਾ ਸਾਰਾ ਸਾਧਨ ਤਾਰੋਂ ਪਾਰ ਸੀ। ਉੱਥੋਂ ਅਸੀਂ 3 ਤੋਂ ਚਾਰ ਲੱਖ ਦੀ ਕਣਕ ਵੇਚੀ ਸੀ ਪਰ ਹੁਣ ਸਾਨੂੰ ਪਾਈਆ ਦੀ ਵੀ ਉਮੀਦ ਨਹੀਂ ਹੈ।"

ਸਹਾਇਕ ਧੰਦੇ ਅਪਨਾਉਣ ਦੀ ਸਲਾਹ

ਖੇਤੀਬਾੜੀ ਮਾਹਰਾਂ ਮੁਤਾਬਕ ਹੜ੍ਹਾਂ ਦੌਰਾਨ ਆਪਣੀ ਜ਼ਮੀਨ ਗਵਾਉਣ ਵਾਲੇ ਕਿਸਾਨਾਂ ਨੂੰ ਖੇਤੀਬਾੜੀ ਦੇ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ।

ਉਹ ਇਹ ਵੀ ਕਹਿੰਦੇ ਹਨ ਕਿ ਸਰਕਾਰ ਨੂੰ ਅਜਿਹੇ ਕਿਸਾਨਾਂ ਦੀ ਸਹਾਇਕ ਧੰਦੇ ਸ਼ੁਰੂ ਕਰਨ ਵਾਸਤੇ ਵਿੱਤੀ ਮਦਦ ਕਰਨੀ ਚਾਹੀਦੀ ਹੈ।

ਖੇਤੀਬਾੜੀ ਵਿਭਾਗ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਬਲਦੇਵ ਸਿੰਘ ਨੇ ਕਿਹਾ, "ਸਰਕਾਰ ਨੂੰ ਅਜਿਹੇ ਕਿਸਾਨਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਡੇਅਰੀ, ਬੱਕਰੀ ਪਾਲਣ, ਸੂਰ ਪਾਲਣ, ਮੱਖੀ ਪਾਲਣ ਜਾਂ ਮੱਛੀ ਪਾਲਣ ਦੇ ਧੰਦੇ ਸ਼ੁਰੂ ਕਰਨ ਲਈ ਮਾਲੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ।"

ਉਨ੍ਹਾਂ ਕਿਹਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਬੁਰਦ ਹੋਈਆਂ ਹਨ।

"ਸਾਲ 1954, 1988 ਅਤੇ ਹੋਰ ਸਮੇਂ ਦੌਰਾਨ ਆਏ ਹੜ੍ਹਾਂ ਦੌਰਾਨ ਵੀ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਬੁਰਦ ਹੋਈਆਂ ਸਨ। ਜਦੋਂ ਹੜ੍ਹ ਆਉਂਦੇ ਹਨ ਤਾਂ ਦਰਿਆ ਦੇ ਕੰਢੇ ਦੀਆਂ ਜ਼ਮੀਨਾਂ ਦਰਿਆ ਬੁਰਦ ਹੁੰਦੀਆਂ ਹਨ।"

ਅਧਿਕਾਰੀਆਂ ਨੇ ਕੀ ਕਿਹਾ

ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਵਿੰਦਰਜੀਤ ਸਿੰਘ ਨੇ ਕਿਹਾ, "ਜ਼ਿਲ੍ਹੇ ਦੇ ਕਰੀਬ 13 ਪਿੰਡਾਂ ਦੀ 483 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ। ਇਸ ਦਾ ਮੁਲਾਂਕਣ ਅਸੀਂ ਕਰ ਲਿਆ ਹੈ। ਜਲਦੀ ਹੀ ਮੁਆਵਜ਼ੇ ਦੀ ਵੰਡ ਸ਼ੁਰੂ ਕਰ ਦੇਵਾਂਗੇ।"

ਫ਼ਿਰੋਜ਼ਪੁਰ ਦੇ ਮਾਲ ਅਫ਼ਸਰ ਬੀਰ ਕਰਨ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਦਰਿਆ ਬੁਰਦ ਹੋਈਆਂ ਜ਼ਮੀਨਾਂ ਦਾ ਮੁਲਾਂਕਣ ਚੱਲ ਰਿਹਾ ਹੈ। ਮੁਲਾਂਕਣ ਖ਼ਤਮ ਹੋਣ ਮਗਰੋਂ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਨਿਯਮਾਂ ਮੁਤਾਬਕ ਦਰਿਆ ਬੁਰਦ ਜ਼ਮੀਨਾਂ ਵਾਸਤੇ ਕਿਸਾਨਾਂ ਨੂੰ 18,800 ਰੁਪਏ ਮੁਆਵਜ਼ਾ ਮਿਲੇਗਾ।

ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਦਰਿਆ ਰਸਤਾ ਕਿਉਂ ਬਦਲਦੇ ਹਨ

ਮਾਹਰਾਂ ਮੁਤਾਬਕ ਨਦੀਆਂ ਦੋ ਕਾਰਨਾਂ ਕਰਕੇ ਹੀ ਆਪਣਾ ਰਸਤਾ ਬਦਲਦੀਆਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਸਰਚ ਵਿਭਾਗ ਦੇ ਸਾਬਕਾ ਵਧੀਕ ਡਾਇਰੈਕਟਰ ਪ੍ਰੋਫੈਸਰ ਜੀਐੱਸ ਹੀਰਾ ਮੁਤਾਬਕ ਪਹਿਲਾ ਕਾਰਨ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਦੀ ਹਰਕਤ ਹੈ ਅਤੇ ਦੂਜਾ ਕਾਰਨ ਮਨੁੱਖੀ ਦਖਲਅੰਦਾਜ਼ੀ ਹੈ।

ਪ੍ਰੋਫੈਸਰ ਹੀਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਤ ਬਤੌਰ ਸੀਨੀਅਰ ਮਿੱਟੀ ਦੇ ਭੌਤਿਕ ਵਿਗਿਆਨੀ ਵਜੋਂ ਸੇਵਾ ਨਿਭਾਉਂਦੇ ਸਨ।

ਉਹ ਦੱਸਦੇ ਹਨ ਕਿ ਟੈਕਟੋਨਿਕ ਪਲੇਟਾਂ ਧਰਤੀ ਦੀ ਠੋਸ ਬਾਹਰੀ ਪਰਤ ਦਾ ਹਿੱਸਾ ਹਨ।

ਉਨ੍ਹਾਂ ਨੇ ਦੱਸਿਆ, "ਦਰਿਆਵਾਂ ਦਾ ਰਸਤਾ ਮੁੱਖ ਤੌਰ ਉੱਤੇ ਟੈਕਟੋਨਿਕ ਪਲੇਟਾਂ ਦੀ ਹਰਕਤ ਕਾਰਨ ਬਦਲਦਾ ਹੈ। ਇਸ ਪ੍ਰਕਿਰਿਆ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਹਨ।"

"ਦੂਜਾ ਕਾਰਨ ਜ਼ਿਆਦਾਤਰ ਮਨੁੱਖੀ ਦਖ਼ਲਅੰਦਾਜ਼ੀ ਹੁੰਦਾ ਹੈ। ਜਦੋਂ ਦਰਿਆ ਘੱਟ ਸਮੇਂ ਵਿੱਚ ਆਪਣਾ ਰਸਤਾ ਬਦਲਦੇ ਹਨ ਤਾਂ ਜ਼ਿਆਦਾਤਰ ਰੂਪ ਵਿੱਚ ਮਨੁੱਖੀ ਦਖਲਅੰਦਾਜ਼ੀ ਹੀ ਮੁੱਖ ਕਾਰਨ ਹੁੰਦਾ ਹੈ।"

ਉਹ ਅੱਗੇ ਕਹਿੰਦੇ ਹਨ, "ਦਰਿਆ ਨੂੰ ਆਪਣੇ ਨੇੜਿਓਂ ਜਿੱਥੋਂ ਨੀਵਾਂ ਥਾਂ ਮਿਲਦਾ ਹੈ, ਦਰਿਆ ਉੱਥੇ ਵੱਗਣ ਲੱਗ ਪੈਂਦਾ ਹੈ। ਜ਼ਮੀਨ ਦੀ ਖੁਦਾਈ ਵੀ ਜ਼ਮੀਨ ਦੇ ਨੀਵਾਂ ਹੋਣ ਦਾ ਕਾਰਨ ਬਣਦੀ ਹੈ। ਇਸ ਲਈ ਦਰਿਆ ਦੇ ਨੇੜੇ ਦੀ ਜ਼ਮੀਨ ਦੀ ਵਰਤੋਂ ਬਹੁਤ ਹੀ ਧਿਆਨ ਅਤੇ ਮਾਹਰਾਂ ਦੀ ਸਲਾਹ ਮੁਤਾਬਕ ਕਰਨੀ ਚਾਹੀਦੀ ਹੈ।"

ਪ੍ਰੋਫੈਸਰ ਹੀਰਾ ਦੱਸਦੇ ਹਨ ਕਿ ਕੁਦਰਤੀ ਕਾਰਨਾਂ ਕਰਕੇ ਦਰਿਆ ਨੂੰ ਰਸਤਾ ਬਦਲਣ ਵਿੱਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ ਜਦਕਿ ਥੋੜ੍ਹੇ ਸਮੇਂ ਵਿੱਚ ਦਰਿਆ ਸਿਰਫ਼ ਮਨੁੱਖੀ ਕਾਰਨਾਂ ਕਰਕੇ ਹੀ ਰਸਤਾ ਬਦਲਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)