ਲਾਲੂ ਯਾਦਵ ਦੇ ਪਰਿਵਾਰ ’ਚ ਅੰਦਰੂਨੀ ਕਲੇਸ਼ ਕਿੰਨਾ ਵੱਧ ਚੁੱਕਿਆ ਹੈ, ਇਸ ਦਾ ਪਿਛੋਕੜ ਕੀ ਹੈ

ਤਸਵੀਰ ਸਰੋਤ, @RohiniAcharya
- ਲੇਖਕ, ਸੀਟੂ ਤਿਵਾੜੀ
- ਰੋਲ, ਬੀਬੀਸੀ ਪੱਤਰਕਾਰ
ਰਾਸ਼ਟਰੀ ਜਨਤਾ ਦਲ (ਆਰਜੇਡੀ) ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਰਾਰੀ ਹਾਰ ਤੋਂ ਉੱਭਰ ਵੀ ਨਹੀਂ ਸਕਿਆ ਸੀ ਕਿ ਪਾਰਟੀ ਦੀ ਫ਼ਸਟ ਫ਼ੈਮਿਲੀ (ਲਾਲੂ ਪਰਿਵਾਰ) ਵਿੱਚ ਮਤਭੇਦ ਦੀਆਂ ਖ਼ਬਰਾਂ ਬਾਹਰ ਆਉਣ ਲੱਗੀਆਂ ਹਨ।
ਇੰਝ ਲੱਗਦਾ ਹੈ ਕਿ ਇਸ ਪਰਿਵਾਰ ਵਿੱਚ 'ਤੇਜਸਵੀ ਬਨਾਮ ਸਾਰੇ' ਵਾਲੀ ਸਥਿਤੀ ਪੈਦਾ ਹੋ ਗਈ ਹੈ।
ਲਾਲੂ ਪ੍ਰਸਾਦ ਯਾਦਵ ਨੂੰ ਗੁਰਦਾ ਦਾਨ ਕਰਕੇ ਸੁਰਖੀਆਂ ਵਿੱਚ ਆਈ ਰੋਹਿਣੀ ਆਚਾਰੀਆ ਨੇ ਸਿਆਸਤ ਅਤੇ ਪਰਿਵਾਰ ਛੱਡਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪਰਿਵਾਰ ਵਿੱਚ ਉਨ੍ਹਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਸੀ।
ਰੋਹਿਣੀ ਆਚਾਰੀਆ ਨੇ ਇਲਜ਼ਾਮ ਲਗਾਇਆ, "ਮੇਰਾ ਕੋਈ ਪਰਿਵਾਰ ਨਹੀਂ ਹੈ। ਹੁਣ ਤੁਸੀਂ ਤੇਜਸਵੀ, ਸੰਜੇ ਅਤੇ ਰਮੀਜ਼ ਤੋਂ ਪੁੱਛੋ ਕਿ ਪਾਰਟੀ ਇਸ ਹਾਲਤ ਵਿੱਚ ਕਿਉਂ ਪਹੁੰਚ ਗਈ ਹੈ? ਮੈਨੂੰ ਮਾਰਨ ਲਈ ਚੱਪਲਾਂ ਚੁੱਕੀਆਂ ਗਈਆਂ ਅਤੇ ਗਾਲਾਂ ਕੱਢੀਆਂ ਗਈਆਂ।"
ਰੋਹਿਣੀ ਦੇ ਇਸ ਬਿਆਨ ਨੇ 18ਵੀਂ ਵਿਧਾਨ ਸਭਾ ਯਾਨੀ ਨਵੀਂ ਸਰਕਾਰ ਦੇ ਗਠਨ ਵਿੱਚ ਰੁੱਝੇ ਹੋਏ ਬਿਹਾਰ ਵਿੱਚ ਖ਼ਬਰਾਂ ਦਾ ਇੱਕ ਹੋਰ ਮੋਰਚਾ ਖੋਲ੍ਹ ਦਿੱਤਾ ਹੈ।
ਹਾਲਾਂਕਿ, ਇਸ ਸਾਲ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲਾਲੂ-ਰਾਬਰੀ ਪਰਿਵਾਰ ਦੇ ਕਿਸੇ ਮੈਂਬਰ ਨੇ ਜਨਤਕ ਤੌਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਕੁਝ ਮਹੀਨੇ ਪਹਿਲਾਂ ਹੀ ਤੇਜ ਪ੍ਰਤਾਪ ਯਾਦਵ ਨੂੰ ਆਰਜੇਡੀ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਛੇ ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ ਸੀ ਅਤੇ ਪਰਿਵਾਰ ਤੋਂ ਵੀ ਬੇਦਖ਼ਲ ਕਰ ਦਿੱਤਾ ਗਿਆ ਸੀ।
ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਪਹਿਲਾਂ ਵੀ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ।
2019 ਵਿੱਚ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਨਾਲ ਬਦਸਲੂਕੀ ਦੇ ਇਲਜ਼ਾਮ ਸਾਹਮਣੇ ਆਏ ਸਨ। ਆਰਜੇਡੀ ਦੇ ਸ਼ਾਸਨ ਦੌਰਾਨ, ਸਾਧੂ ਅਤੇ ਸੁਭਾਸ਼ ਯਾਦਵ ਕਾਰਨ ਲਾਲੂ ਪਰਿਵਾਰ ਦੇ ਅੰਦਰ ਵੀ ਅਸ਼ਾਂਤੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।
ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਵਾਦ

ਤਸਵੀਰ ਸਰੋਤ, ANI
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਰੋਹਿਣੀ ਆਚਾਰੀਆ ਨੇ ਕਿਹਾ, "ਰੋਹਿਣੀ ਜੋ ਵੀ ਬੋਲਦੀ ਹੈ, ਉਹ ਸੱਚ ਬੋਲਦੀ ਹੈ। ਜੋ ਵੀ ਮੇਰੀ ਗੱਲ ਦਾ ਖੰਡਨ ਕਰਨਾ ਚਾਹੁੰਦਾ ਹੈ, ਉਸਨੂੰ ਮੇਰੇ ਸਾਹਮਣੇ ਆ ਕੇ ਇਹ ਕਰਨਾ ਚਾਹੀਦਾ ਹੈ। ਮੇਰੇ ਮਾਪੇ ਰੋ ਰਹੇ ਸਨ। ਮੇਰੀਆਂ ਭੈਣਾਂ ਰੋ ਰਹੀਆਂ ਸਨ। ਰੱਬ ਨੇ ਮੈਨੂੰ ਅਜਿਹੇ ਮਾਪੇ ਹੋਣ ਦਾ ਸੁਭਾਗ ਦਿੱਤਾ ਹੈ।"
"ਉਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਰੱਬ ਨਾ ਕਰੇ ਕਿ ਕਿਸੇ ਦੀ ਵੀ ਰੋਹਿਣੀ ਵਰਗੀ ਭੈਣ ਜਾਂ ਧੀ ਹੋਵੇ। ਧੀ ਸਾਰੀਆਂ ਕੁਰਬਾਨੀਆਂ ਦਿੰਦੀ ਹੈ ਅਤੇ ਜਦੋਂ ਉਹ ਸਵਾਲ ਪੁੱਛਦੀ ਹੈ, ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਸਹੁਰੇ ਘਰ ਜਾਵੇ, ਤੂੰ ਵਿਆਹੀ ਹੋਈ ਹੈਂ।"
ਰੋਹਿਣੀ ਨੇ ਐਕਸ 'ਤੇ ਇਹ ਵੀ ਲਿਖਿਆ, "ਮੈਨੂੰ ਦੱਸਿਆ ਗਿਆ ਸੀ ਕਿ ਮੈਂ ਗੰਦੀ ਹਾਂ, ਮੇਰਾ ਗੁਰਦਾ ਗੰਦਾ ਹੈ। ਮੈਂ ਕਰੋੜਾਂ ਰੁਪਏ ਲਏ, ਟਿਕਟ ਖਰੀਦੀ।"
ਹੁਣ ਤੱਕ, ਇਸ ਮਾਮਲੇ ਵਿੱਚ ਲਾਲੂ ਪਰਿਵਾਰ ਦੇ ਕਿਸੇ ਹੋਰ ਮੈਂਬਰ, ਰਾਜ ਸਭਾ ਮੈਂਬਰ ਸੰਜੇ ਯਾਦਵ, ਰਮੀਜ਼ (ਜਿਸਦਾ ਨਾਮ ਰੋਹਿਣੀ ਲੈ ਰਹੀ ਹੈ) ਵੱਲੋਂ ਕੋਈ ਟਿੱਪਣੀ ਨਹੀਂ ਆਈ ਹੈ।
ਪਰ ਪਾਰਟੀ ਦੇ ਬੁਲਾਰੇ ਮ੍ਰਿਤੁੰਜੈ ਤਿਵਾੜੀ ਨੇ ਇਸ 'ਤੇ ਇੱਕ ਛੋਟਾ ਜਿਹਾ ਜਵਾਬ ਦਿੱਤਾ ਹੈ ਅਤੇ ਕਿਹਾ ਹੈ, "ਇਹ ਇੱਕ ਪਰਿਵਾਰਕ ਮਾਮਲਾ ਹੈ ਜਿਸ 'ਤੇ ਪਰਿਵਾਰਕ ਮੈਂਬਰ ਗੱਲ ਕਰਨਗੇ।"
ਸੰਜੇ ਯਾਦਵ ਤੋਂ ਨਾਰਾਜ਼ ਰੋਹਿਣੀ ਅਚਾਰੀਆ ਅਤੇ ਤੇਜ ਪ੍ਰਤਾਪ

ਤਸਵੀਰ ਸਰੋਤ, ANI
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੋਹਿਣੀ ਆਚਾਰੀਆ ਸੰਜੇ ਯਾਦਵ ਤੋਂ ਨਾਰਾਜ਼ ਹੋਏ ਹਨ। ਚੋਣਾਂ ਤੋਂ ਪਹਿਲਾਂ, ਬਿਹਾਰ ਅਧਿਕਾਰ ਯਾਤਰਾ ਦੌਰਾਨ, ਸੰਜੇ ਯਾਦਵ ਬੱਸ ਦੀ ਫਰੰਟ ਸੀਟ 'ਤੇ ਬੈਠ ਗਏ ਸਨ ਜਿੱਥੇ ਤੇਜਸਵੀ ਯਾਦਵ ਦੀ ਥਾਂ ਸੀ। ਰੋਹਿਣੀ ਨੇ ਇਸ ਉੱਤੇ ਆਪਣੀ ਅਸਹਿਮਤੀ ਪ੍ਰਗਟ ਕੀਤੀ ਸੀ।
ਤੇਜ ਪ੍ਰਤਾਪ ਯਾਦਵ ਵੀ ਸੰਜੇ ਯਾਦਵ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਰਹਿੰਦੇ ਹਨ।
ਇਸ ਘਟਨਾ ਤੋਂ ਬਾਅਦ ਤੇਜ ਪ੍ਰਤਾਪ ਯਾਦਵ ਨੇ ਰੋਹਿਣੀ ਦੇ ਸਮਰਥਨ ਵਿੱਚ ਕਿਹਾ, "ਮੈਂ ਆਪਣੇ ਨਾਲ ਹੋਏ ਅਪਮਾਨ ਨੂੰ ਬਰਦਾਸ਼ਤ ਕਰ ਲਿਆ ਪਰ ਭੈਣ ਦਾ ਅਪਮਾਨ ਕਰਨਾ ਕਿਸੇ ਵੀ ਹਾਲਤ ਵਿੱਚ ਅਸਹਿ ਹੈ। ਕੁਝ ਚਿਹਰਿਆਂ ਨੇ ਤੇਜਸਵੀ ਦੀ ਬੁੱਧੀ 'ਤੇ ਪਰਦਾ ਪਾ ਦਿੱਤਾ ਹੈ।"
ਕੁਝ ਮਹੀਨੇ ਪਹਿਲਾਂ, ਤੇਜ ਪ੍ਰਤਾਪ ਯਾਦਵ ਨੂੰ ਵੀ ਇੱਕ ਸੋਸ਼ਲ ਮੀਡੀਆ ਪੋਸਟ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਜਿਸ ਵਿੱਚ ਉਹ ਇੱਕ ਮਹਿਲਾ ਦੋਸਤ ਨਾਲ ਦਿਖਾਈ ਦਿੱਤੇ ਸਨ।
ਆਪਣੀ ਬਰਖਾਸਤਗੀ ਤੋਂ ਬਾਅਦ ਕੁਝ ਦਿਨਾਂ ਤੱਕ, ਤੇਜ ਪ੍ਰਤਾਪ ਯਾਦਵ ਪਾਰਟੀ ਅਤੇ ਆਪਣੇ ਪਰਿਵਾਰ ਬਾਰੇ ਚੁੱਪ ਰਹੇ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਦੇ ਬਿਆਨ ਪਾਰਟੀ ਅਤੇ ਤੇਜਸਵੀ ਪ੍ਰਤੀ ਹੋਰ ਵੀ ਤਲਖ਼ੀ ਭਰੇ ਹੋ ਗਏ।
ਚੋਣਾਂ ਤੋਂ ਪਹਿਲਾਂ, ਉਨ੍ਹਾਂ ਨੇ ਜਨਸ਼ਕਤੀ ਜਨਤਾ ਦਲ ਨਾਮ ਦੀ ਇੱਕ ਪਾਰਟੀ ਬਣਾਈ ਅਤੇ 43 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ।
ਤੇਜ ਪ੍ਰਤਾਪ ਖ਼ੁਦ ਮਹੂਆ ਵਿਧਾਨ ਸਭਾ ਸੀਟ ਹਾਰ ਗਏ ਅਤੇ ਉਨ੍ਹਾਂ ਦੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਹੁਣ, ਤੇਜ ਪ੍ਰਤਾਪ ਜਨਤਾ ਦਲ (ਜਨਤਾ ਜਨਤਾ ਦਲ) ਵੱਲੋਂ ਐਨਡੀਏ ਨੂੰ ਨੈਤਿਕ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਹਨ।
ਜਦੋਂ ਐਸ਼ਵਰਿਆ ਰਾਏ 2019 ਵਿੱਚ ਰਾਬੜੀ ਦੇ ਘਰੋਂ ਰੋਂਦੇ ਹੋਏ ਨਿਕਲੀ

ਸਤੰਬਰ 2019 ਵਿੱਚ, ਲਾਲੂ ਪ੍ਰਸਾਦ ਯਾਦਵ ਦੀ ਵੱਡੀ ਨੂੰਹ ਐਸ਼ਵਰਿਆ ਰਾਏ ਰਾਬੜੀ ਦੇਵੀ ਦੀ ਰਿਹਾਇਸ਼ ਤੋਂ ਰੋਂਦੀ ਹੋਈ ਬਾਹਰ ਨਿਕਲੀ ਸੀ।
ਐਸ਼ਵਰਿਆ ਰਾਏ ਅਤੇ ਤੇਜ ਪ੍ਰਤਾਪ ਯਾਦਵ ਦਾ ਤਲਾਕ ਦਾ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਉਸ ਸਮੇਂ ਐਸ਼ਵਰਿਆ ਰਾਏ ਨੇ ਰਾਬੜੀ ਦੇਵੀ ਅਤੇ ਹੋਰ ਪਰਿਵਾਰਕ ਮੈਂਬਰਾਂ 'ਤੇ ਦੁਰਵਿਵਹਾਰ ਦਾ ਇਲਜ਼ਾਮ ਲਗਾਇਆ ਸੀ।
ਹਾਲਾਂਕਿ, ਬਾਅਦ ਵਿੱਚ ਸੁਲ੍ਹਾ ਹੋ ਗਈ ਅਤੇ ਐਸ਼ਵਰਿਆ ਰਾਏ ਰਾਬੜੀ ਦੇਵੀ ਦੇ ਘਰ ਵਾਪਸ ਆ ਗਈ। ਹਾਲਾਂਕਿ, ਇਹ ਸੁਲ੍ਹਾ ਜ਼ਿਆਦਾ ਦੇਰ ਨਹੀਂ ਚੱਲੀ।
ਕਦੀ ਰਾਬੜੀ ਦੇਵੀ ਦੇ ਭਰਾਵਾਂ ਕਾਰਨ ਵਿਵਾਦਾਂ ਵਿੱਚ ਘਿਰਿਆ ਪਰਿਵਾਰ

ਤਸਵੀਰ ਸਰੋਤ, Getty Images
ਰਾਬੜੀ ਦੇਵੀ ਦੇ ਭਰਾਵਾਂ ਸਾਧੂ ਅਤੇ ਸੁਭਾਸ਼ ਯਾਦਵ ਕਾਰਨ ਵੀ ਆਰਜੇਡੀ ਦਾ ਸ਼ਾਸ਼ਨਕਾਲ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ।
ਸੀਨੀਅਰ ਪੱਤਰਕਾਰ ਮਹੇਸ਼ ਸਿਨਹਾ, ਜੋ ਵਾਰਤਾ (ਯੂਐੱਨਆਈ ਦੀ ਹਿੰਦੀ ਸੇਵਾ) ਦੇ ਪਟਨਾ ਬਿਊਰੋ ਚੀਫ਼ ਸਨ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਲਾਲੂ ਯਾਦਵ ਦੇ ਜੇਲ੍ਹ ਜਾਣ ਅਤੇ ਰਾਬੜੀ ਦੇਵੀ ਦੇ ਸੱਤਾ ਸੰਭਾਲਣ ਤੋਂ ਬਾਅਦ ਸਾਧੂ ਅਤੇ ਸੁਭਾਸ਼ ਕਾਫ਼ੀ ਸ਼ਕਤੀਸ਼ਾਲੀ ਹੋ ਗਏ।"
ਉਸ ਸਮੇਂ ਰਾਬੜੀ ਦੇਵੀ ਦਾ ਕੀ ਰੁਖ਼ ਸੀ, ਇਸਦਾ ਜ਼ਿਕਰ ਨੀਲਮ ਨੀਲਕਮਲ ਦੀ ਕਿਤਾਬ 'ਲਾਲੂ ਪ੍ਰਸਾਦ ਯਾਦਵ: ਇੱਕ ਕਰਿਸ਼ਮਈ ਆਗੂ' ਵਿੱਚ ਕੀਤਾ ਗਿਆ ਹੈ।
ਨੀਲਮ ਨੀਲਕਮਲ ਮੁਜ਼ੱਫਰਪੁਰ ਵਿੱਚ ਜਨਤਾ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੀ।
ਉਨ੍ਹਾਂ ਲਿਖਿਆ, "ਇੱਕ ਵਾਰ ਲਾਲੂ ਯਾਦਵ ਨੇ ਇੱਕ ਰਾਸ਼ਟਰੀ ਅਖਬਾਰ ਵਿੱਚ ਬਿਆਨ ਦਿੱਤਾ ਸੀ - ਰਾਬੜੀ ਦੇਵੀ ਰੁਸਲ ਬਾੜੀ, ਮਾਂਗਤ ਬਾਨੀ ਬੈਂਗਣ ਦੀ ਸਬਜ਼ੀ, ਭੇਜਤ ਬਾੜੀ ਟਮਾਟਰ ਦੀ ਚਟਨੀ। (ਰਾਬੜੀ ਦੇਵੀ ਗੁੱਸੇ ਵਿੱਚ ਹੈ, ਮੈਂ ਬੈਂਗਣ ਦੀ ਸਬਜ਼ੀ ਮੰਗ ਰਿਹਾ ਹਾਂ ਅਤੇ ਉਹ ਟਮਾਟਰ ਦੀ ਚਟਨੀ ਭੇਜ ਰਹੀ ਹੈ।) ਰਾਬੜੀ ਦੇਵੀ ਲਾਲੂ ਯਾਦਵ ਤੋਂ ਨਾਰਾਜ਼ ਸੀ ਕਿਉਂਕਿ ਉਹ ਆਪਣੇ ਭਰਾ ਸਾਧੂ ਯਾਦਵ ਲਈ ਵਿਧਾਨ ਸਭਾ ਟਿਕਟ ਚਾਹੁੰਦੀ ਸੀ।"

ਤਸਵੀਰ ਸਰੋਤ, ANI
ਸਾਲ 2015 ਵਿੱਚ, ਲਾਲੂ ਪ੍ਰਸਾਦ ਯਾਦਵ ਦੇ ਦੋਵੇਂ ਪੁੱਤਰ ਤੇਜ ਪ੍ਰਤਾਪ ਅਤੇ ਤੇਜਸਵੀ ਯਾਦਵ ਪਹਿਲੀ ਵਾਰ ਵਿਧਾਇਕ ਬਣੇ।
ਉਸ ਸਮੇਂ, ਤੇਜਸਵੀ ਯਾਦਵ ਦੇ ਕਰੀਬੀ ਮਨੀ ਯਾਦਵ ਅਤੇ ਸੰਜੇ ਯਾਦਵ ਸਨ। 2017 ਤੱਕ, ਮਨੀ ਯਾਦਵ ਬੇਅਸਰ ਹੋ ਗਏ ਸੀ, ਜਦੋਂ ਕਿ ਸੰਜੇ ਯਾਦਵ ਹੋਰ ਸ਼ਕਤੀਸ਼ਾਲੀ ਹੁੰਦੇ ਗਏ ਸਨ।
ਉਹ ਪਾਰਟੀ ਦੇ ਸੋਸ਼ਲ ਮੀਡੀਆ ਸੈੱਲ ਲਈ ਜ਼ਿੰਮੇਵਾਰ ਸਨ, ਇੱਕ ਅਜਿਹੀ ਜ਼ਿੰਮੇਵਾਰੀ ਜਿਸਨੇ ਸੰਜੇ ਯਾਦਵ ਦਾ ਕੱਦ ਉੱਚਾ ਕੀਤਾ ਸੀ।
ਜਦੋਂ ਲਾਲੂ ਪ੍ਰਸਾਦ ਯਾਦਵ ਨੇ ਤੇਜਸਵੀ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ, ਤਾਂ ਪਾਰਟੀ ਵਰਕਰਾਂ ਅਤੇ ਸੀਨੀਅਰ ਆਗੂਆਂ ਨੇ ਉਮੀਦ ਕੀਤੀ ਕਿ ਤੇਜਸਵੀ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਵਾਂਗ ਸੰਪਰਕ ਬਣਾਈ ਰੱਖਣਗੇ।
ਪਰ ਬਹੁਤ ਸਾਰੇ ਵਰਕਰਾਂ ਦਾ ਕਹਿਣਾ ਹੈ ਕਿ ਤੇਜਸਵੀ ਨੇ ਆਪਣੇ ਵਿਸ਼ੇਸ਼ ਸਲਾਹਕਾਰਾਂ ਨਾਲ ਆਪਣੇ ਆਪ ਨੂੰ ਘੇਰ ਲਿਆ ਹੈ, ਜਿਨ੍ਹਾਂ ਵਿੱਚ ਸੰਜੇ ਯਾਦਵ ਅਹਿਮ ਹਨ।
ਆਰਜੇਡੀ ਨੇ ਇੱਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, "ਲਾਲੂ ਯਾਦਵ ਨੇ ਬਹੁਤ ਸੰਘਰਸ਼ ਕਰਕੇ ਪਾਰਟੀ ਬਣਾਈ ਸੀ, ਪਰ ਤੇਜਸਵੀ ਦੇ ਮੌਜੂਦਾ ਸਲਾਹਕਾਰ ਪਾਰਟੀ ਦੇ ਸ਼ੁਭਚਿੰਤਕ ਨਹੀਂ ਹਨ।"
ਰੋਹਿਣੀ ਯਾਦਵ ਘਟਨਾ ਤੋਂ ਬਾਅਦ ਸਾਧੂ ਯਾਦਵ ਨੇ ਨੈੱਟਵਰਕ18 ਨੂੰ ਦੱਸਿਆ, "ਲਾਲੂ ਨੂੰ ਕਮਜ਼ੋਰ ਕਰਨ ਲਈ ਸਾਨੂੰ ਜਾਣਬੁੱਝ ਕੇ ਪਰਿਵਾਰ ਵਿੱਚੋਂ ਪਾਸੇ ਕਰ ਦਿੱਤਾ ਗਿਆ ਸੀ।"
ਲਾਲੂ ਯਾਦਵ ਦਾ ਪਰਿਵਾਰ

ਤਸਵੀਰ ਸਰੋਤ, ANI
ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦਾ ਵਿਆਹ 1973 ਵਿੱਚ ਹੋਇਆ ਸੀ। ਉਨ੍ਹਾਂ ਦੇ ਨੌਂ ਬੱਚੇ ਹਨ, ਸੱਤ ਧੀਆਂ ਅਤੇ ਦੋ ਪੁੱਤ।
ਵੱਡੀ ਧੀ ਮੀਸਾ ਭਾਰਤੀ ਹੈ, ਜਿਨ੍ਹਾਂ ਨੇ ਐੱਮਬੀਬੀਐੱਸ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਮੌਜੂਦਾ ਸਮੇਂ ਵਿੱਚ ਪਾਟਲੀਪੁੱਤਰ ਤੋਂ ਸੰਸਦ ਮੈਂਬਰ ਹੈ।
ਮੀਸਾ ਦਾ ਵਿਆਹ ਸ਼ੈਲੇਸ਼ ਕੁਮਾਰ ਨਾਲ ਹੋਇਆ ਹੈ। ਮੀਸਾ ਭਾਰਤੀ ਦਾ ਜਨਮ ਉਦੋਂ ਹੋਇਆ ਸੀ ਜਦੋਂ ਲਾਲੂ ਯਾਦਵ ਨੂੰ ਮੀਸਾ (ਅੰਦਰੂਨੀ ਸੁਰੱਖਿਆ ਰੱਖ-ਰਖਾਅ ਐਕਟ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਲਈ ਉਨ੍ਹਾਂ ਦਾ ਨਾਮ ਮੀਸਾ ਰੱਖਿਆ ਗਿਆ ਸੀ।
ਮੀਸਾ ਭਾਰਤੀ ਤੋਂ ਬਾਅਦ, ਰੋਹਿਣੀ ਆਚਾਰੀਆ ਦਾ ਜਨਮ ਹੋਇਆ। ਫਿਰ ਚੰਦਾ ਸਿੰਘ, ਜਿਨ੍ਹਾਂ ਦਾ ਵਿਆਹ ਪੇਸ਼ੇ ਤੋਂ ਪਾਇਲਟ ਵਿਕਰਮ ਸਿੰਘ ਨਾਲ ਹੋਇਆ। ਚੰਦਾ ਤੋਂ ਬਾਅਦ, ਰਾਗਿਨੀ ਯਾਦਵ, ਹੇਮਾ ਯਾਦਵ ਅਤੇ ਅਨੁਸ਼ਕਾ ਰਾਓ ਦਾ ਜਨਮ ਹੋਇਆ।
ਛੇ ਧੀਆਂ ਦੇ ਜਨਮ ਤੋਂ ਬਾਅਦ, ਤੇਜ ਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਦਾ ਜਨਮ ਹੋਇਆ। ਫਿਰ ਸਭ ਤੋਂ ਛੋਟੀ ਬੱਚੀ, ਰਾਜਲਕਸ਼ਮੀ ਯਾਦਵ ਦਾ ਜਨਮ ਹੋਇਆ।
ਇਨ੍ਹਾਂ ਵਿੱਚੋਂ ਤੇਜਸਵੀ, ਤੇਜ ਪ੍ਰਤਾਪ, ਮੀਸਾ ਭਾਰਤੀ ਅਤੇ ਰੋਹਿਣੀ ਆਚਾਰੀਆ ਸਿਆਸਤ ਵਿੱਚ ਸਰਗਰਮ ਹਨ। ਰਾਗਿਨੀ ਯਾਦਵ, ਅਨੁਸ਼ਕਾ ਰਾਓ ਅਤੇ ਰਾਜਲਕਸ਼ਮੀ ਯਾਦਵ ਦੇ ਵਿਆਹਰ ਸਿਆਸੀ ਪਰਿਵਾਰਾਂ ਵਿੱਚ ਹੋਏ ਹਨ।
ਪਰਿਵਾਰ ਹਮਲੇ ਦੇ ਘੇਰੇ ਵਿੱਚ

ਤਸਵੀਰ ਸਰੋਤ, Getty Images
ਰੋਹਿਣੀ ਯਾਦਵ ਦੇ ਪਰਿਵਾਰ ਛੱਡਣ ਤੋਂ ਬਾਅਦ, ਸਾਰੀਆਂ ਐੱਨਡੀਏ ਪਾਰਟੀਆਂ ਵੱਲੋਂ ਪ੍ਰਤੀਕਿਰਿਆਵਾਂ ਆਈਆਂ ਹਨ।
ਜੇਡੀਯੂ ਦੇ ਬੁਲਾਰੇ ਨੀਰਜ ਕੁਮਾਰ ਨੇ ਕਿਹਾ, "ਲਾਲੂ ਯਾਦਵ ਘਰ ਵਿੱਚ ਨਜ਼ਰਬੰਦ ਹਨ, ਇਸ ਲਈ ਉਹ ਰੋਹਿਣੀ ਘਟਨਾ 'ਤੇ ਕੁਝ ਨਹੀਂ ਕਹਿ ਰਹੇ ਹਨ। ਰੋਹਿਣੀ ਨੂੰ ਭਾਸ਼ਾਈ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਲਾਲੂ ਯਾਦਵ ਕੋਲ ਆਪਣੀ ਧੀ ਨੂੰ ਇਨਸਾਫ਼ ਦੇਣ ਦਾ ਸਮਾਂ ਨਹੀਂ ਹੈ।"
ਇਸ ਦੌਰਾਨ ਭਾਜਪਾ ਦੇ ਬੁਲਾਰੇ ਪ੍ਰੇਮ ਰੰਜਨ ਪਟੇਲ ਨੇ ਕਿਹਾ, "ਲਾਲੂ ਪਰਿਵਾਰ ਦੇ ਅੰਦਰ ਚੱਲ ਰਿਹਾ ਹੰਗਾਮਾ ਕਿਸੇ ਤੋਂ ਲੁਕਿਆ ਨਹੀਂ ਹੈ। ਆਰਜੇਡੀ ਦੀ ਹਾਰ ਦਾ ਅਸਲ ਕਾਰਨ ਕੋਈ ਬਾਹਰੀ ਚੁਣੌਤੀ ਨਹੀਂ ਹੈ, ਸਗੋਂ ਤੇਜਸਵੀ ਦੀ ਅਸਫ਼ਲ ਲੀਡਰਸ਼ਿਪ ਯੋਗਤਾ ਹੈ।"
ਲਾਲੂ ਯਾਦਵ ਦੇ ਕਰੀਬੀ ਅਤੇ ਰਾਸ਼ਟਰੀ ਜਨਤਾ ਦਲ ਦਾ ਹਿੱਸਾ ਰਹੇ ਸਿਆਸਤਦਾਨ ਸ਼ਿਵਾਨੰਦ ਤਿਵਾੜੀ ਵੀ ਤੇਜਸਵੀ ਪ੍ਰਤੀ ਹਮਲਾਵਰ ਹਨ।
ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ, "ਸਿਆਸਤ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਕਾਰੋਬਾਰ ਹੈ। ਤੇਜਸਵੀ ਸੁਪਨਿਆਂ ਦੀ ਦੁਨੀਆਂ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਸਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












