You’re viewing a text-only version of this website that uses less data. View the main version of the website including all images and videos.
ਜੱਗੀ ਜੌਹਲ ਨੂੰ ਮੋਗਾ ਦੀ ਅਦਾਲਤ ਨੇ ਟਾਰਗੇਟ ਕਿਲਿੰਗ ਦੇ ਜਿਸ ਮਾਮਲੇ ਵਿੱਚ ਬਰੀ ਕੀਤਾ, ਉਹ ਪੂਰਾ ਕੇਸ ਹੈ ਕੀ
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਮੋਗਾ ਦੀ ਅਦਾਲਤ ਨੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਟਾਰਗੇਟ ਕਿਲਿੰਗ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ।
ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਗੁਰਦੀਪ ਸਿੰਘ ਦੇ ਸਬੰਧ ਵਿੱਚ ਟਾਰਗੇਟ ਕਿਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਵਿੱਚ ਹੀ ਜਗਤਾਰ ਸਿੰਘ ਜੱਗੀ ਸਣੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਕੀ ਹੈ ਪੂਰਾ ਮਾਮਲਾ
ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਸ ਦੀ ਪੈਰਵੀ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਸਾਲ 2016 ਦਾ ਬਾਘਾ ਪੁਰਾਣਾ ਥਾਣੇ ਦਾ ਕੇਸ ਹੈ ਅਤੇ ਇਸ ਮਾਮਲੇ ਵਿੱਚ ਯੂਏਪੀਏ ਦੀ ਧਾਰਾ ਵੀ ਜੁੜੀ ਹੋਈ ਸੀ।
''ਜਿਸ ਵਿੱਚ ਗੁਰਦੀਪ ਸਿੰਘ ਦੇ ਕਤਲ ਕੇਸ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਇੱਕ ਨੌਜਵਾਨ ਤਿਰਲੋਕ ਸਿੰਘ ਲਾਡੀ ਨੂੰ ਰਿਮਾਂਡ ʼਤੇ ਲੈ ਕੇ ਅਤੇ ਇੱਕ ਐੱਫਆਈਆਰ ਦੇ ਵਿੱਚ ਇੱਕ ਰਿਕਵਰੀ (ਹਥਿਆਰਾਂ ਦੀ) ਦਿਖਾ ਕੇ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ।''
ਉਨ੍ਹਾਂ ਮੁਤਾਬਕ, "ਬਾਅਦ ਵਿੱਚ ਉਸ ਨਾਲ ਪੁੱਛਗਿੱਛ ਮਗਰੋਂ ਉਸ ਦੇ ਯੂਕੇ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਦਲਜੀਤ ਸਿੰਘ ਜਿੰਮੀ ਨੂੰ ਨਾਮਜ਼ਦ ਕੀਤਾ ਗਿਆ। 2017 ਵਿੱਚ ਜਦੋਂ 31 ਅਕਤੂਬਰ ਨੂੰ ਜਿੰਮੀ ਭਾਰਤ ਆਇਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"
"ਜਦੋਂ ਉਸ ਤੋਂ ਪੁੱਛਗਿੱਛ ਹੋਈ ਤਾਂ ਜਗਤਾਰ ਸਿੰਘ ਜੱਗੀ ਜੌਹਲ ਅਤੇ ਹੋਰ ਬੰਦਿਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। 2017 ਤੋਂ ਚੱਲਦੇ ਆ ਰਹੇ ਇਸ ਕੇਸ ਦਾ ਅੱਜ ਯਾਨਿ 4 ਮਾਰਚ ਨੂੰ ਫ਼ੈਸਲਾ ਐਡੀਸ਼ਨਲ ਸ਼ੈਸ਼ਨ ਜੱਜ ਅਤੇ ਯੂਏਪੀਏ ਦੇ ਸਪੈਸ਼ਲ ਜੱਜ (ਮੋਗਾ) ਹਰਜੀਤ ਸਿੰਘ ਦੀ ਅਦਾਲਤ ਨੇ ਕੀਤਾ।"
ਉਨ੍ਹਾਂ ਨੇ ਦੱਸਿਆ ਕਿ ਫ਼ੈਸਲੇ ਮੁਤਾਬਕ ਸਾਰੇ ਇਲਜ਼ਾਮਾਂ ਤੋਂ ਜਗਤਾਰ ਸਿੰਘ ਜੌਹਲ ਨੂੰ ਬਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਿਰਫ਼ ਤਿੰਨ ਜਣਿਆ ਨੂੰ ਦੋਸ਼ੀ ਐਲਾਨਿਆ ਗਿਆ ਹੈ, ਉਨ੍ਹਾਂ ਲਈ ਵੀ ਉਹ ਹਾਈ ਕੋਰਟ ਜਾਣਗੇ ਕਿਉਂਕਿ ਅਦਾਲਤ ਵਿੱਚ ਸਬੂਤ ਪੇਸ਼ ਨਹੀਂ ਹੋਏ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜੌਹਲ ਉੱਤੇ ਬਾਕੀ ਜਿਹੜੇ 8 ਕੇਸ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਜੌਹਲ ਨੂੰ ਜ਼ਮਾਨਤ ਮਿਲੀ ਹੋਈ ਹੈ।
ਪਰਿਵਾਰ ਦੀ ਪ੍ਰਤੀਕਿਰਿਆ
ਫ਼ੈਸਲੇ ਤੋਂ ਬਾਅਦ ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ, "ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਥੋੜ੍ਹੀ ਤੇਜ਼ ਹੋ ਗਈ ਹੈ।''
ਜੌਹਲ ਦੀ ਕਾਨੂੰਨੀ ਟੀਮ ਨੇ ਹੁਣ ਤੱਕ ਉਨ੍ਹਾਂ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਸਬੂਤਾਂ 'ਤੇ ਵੀ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤੇ ਗਏ ਸਨ ਅਤੇ ਇਹ ਮਾਮਲਾ ਭਰੋਸੇਯੋਗ ਗਵਾਹਾਂ ਦੀ ਗਵਾਹੀ 'ਤੇ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਕੁਝ ਨੇ ਉਨ੍ਹਾਂ ਦੇ ਖ਼ਿਲਾਫ਼ ਸਿਰਫ਼ ਇਸ ਲਈ ਬਿਆਨ ਦਿੱਤੇ ਸਨ ਕਿ ਬਾਅਦ ਵਿੱਚ ਅਦਾਲਤ ਵਿੱਚ ਇਨ੍ਹਾਂ ਨੂੰ ਵਾਪਸ ਲੈ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਜੌਹਲ ਦੇ ਖ਼ਿਲਾਫ਼ ਕਈ ਗਵਾਹਾਂ ਨੂੰ ਕਾਰਵਾਈ ਦੌਰਾਨ "ਖੁੰਦਸੀ" ਐਲਾਨ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ 'ਤੇ ਖਰਾ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਇਸਤਗਾਸਾ ਪੱਖ ਹੋਰ ਗਵਾਹਾਂ ਨੂੰ ਪੂਰੀ ਤਰ੍ਹਾਂ ਪੇਸ਼ ਕਰਨ ਵਿੱਚ ਅਸਫਲ ਰਿਹਾ।
ਉਧਰ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੇ ਸਹੁਰਾ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੱਜ ਦੇ ਫ਼ੈਸਲੇ ਨਾਲ ਤਸੱਲੀ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਜੱਗੀ ਜੌਹਲ ਬਿਲਕੁਲ ਬੇਦਾਗ਼ ਸੀ ਇਸ ਲਈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਅਤੇ ਉਹ ਫ਼ੈਸਲੇ ਦਾ ਸਵਾਗਤ ਕਰਦੇ ਹਨ।
ਬਲਜਿੰਦਰ ਸਿੰਘ ਨੇ ਕਿਹਾ, "ਜਦੋਂ ਜੱਗੀ ਜੌਹਲ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਛੇ ਮਹੀਨੇ ਇੱਥੇ ਰਹਿ ਕੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਸਨ। ਇਸੇ ਅਰਸੇ ਦੌਰਾਨ ਉਨ੍ਹਾਂ ਦੀ ਮੰਗਣੀ ਹੋਈ ਅਤੇ ਵਿਆਹ ਹੋਇਆ।"
"ਜੇਕਰ ਉਨ੍ਹਾਂ ਨੂੰ ਇਹ ਪਤਾ ਹੁੰਦਾ ਕਿ ਜੱਗੀ ਜੌਹਲ ਖ਼ਿਲਾਫ਼ ਕੋਈ ਗ਼ੈਰ-ਕਾਨੂੰਨੀ ਮਾਮਲੇ ਦਰਜ ਹੋ ਸਕਦੇ ਹਨ ਤਾਂ ਉਹ ਆਪਣੀ ਧੀ ਦਾ ਵਿਆਹ ਹੀ ਨਾ ਕਰਦੇ।"
ਬਲਜਿੰਦਰ ਸਿੰਘ ਨੇ ਕਿਹਾ ਕਿ ਬਿਲਕੁਲ ਪੁਲਿਸ ਨੇ ਸਾਰੇ ਮਾਮਲਿਆਂ ਵਿੱਚ ਜੱਗੀ ਜੌਹਲ ਨੂੰ ਝੂਠਾ ਫਸਾਇਆ ਹੈ ਅਤੇ ਇੱਕ ਦਿਨ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।
ਜੱਗੀ ਜੌਹਲ ਦਾ ਪੁਰਾਣਾ ਮਾਮਲਾ
ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ।
ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ 'ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਘੜਨ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ।
ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ 'ਦਹਿਸ਼ਤਗਰਦੀ ਗਿਹੋਰ' ਦੇ ਮੈਂਬਰ ਸਨ।
ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ 1980 ਦੇ ਦਹਾਕੇ ਵਿੱਚ ਪੰਜਾਬ ਖੇਤਰ ਵਿੱਚ ਸਿੱਖਾਂ ਵਿਰੁੱਧ ਅਪਰਾਧਾਂ ਅਤੇ ਅੱਤਿਆਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਵਿੱਚ ਉਨ੍ਹਾਂ ਦੀ ਸਰਗਰਮੀ ਸੀ ਅਤੇ ਉਹ ਇੱਕ ਅਨੁਚਿਤ ਕਾਨੂੰਨੀ ਪ੍ਰਕਿਰਿਆ ਦਾ ਸ਼ਿਕਾਰ ਹੋਏ ਹਨ।
ਹਾਲਾਂਕਿ, ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਜੌਹਲ ਨਾਲ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ ਅਤੇ ਕਿਹਾ ਗਿਆ ਕਿ ਉਨ੍ਹਾਂ ਵਿਰੁੱਧ ਕੇਸ ਵਿੱਚ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਜੌਹਲ ਖ਼ਿਲਾਫ਼ ਅੱਠ ਹੋਰ ਮਾਮਲੇ ਅਜੇ ਬਾਕੀ ਹਨ।
ਇਨ੍ਹਾਂ ਦੀ ਸੁਣਵਾਈ ਦਿੱਲੀ ਦੀਆਂ ਅਦਾਲਤਾਂ ਵਿੱਚ ਕੀਤੀ ਜਾਵੇਗੀ ਅਤੇ ਜਾਂਚ ਭਾਰਤ ਸਰਕਾਰ ਦੀ ਅੱਤਵਾਦ ਵਿਰੋਧੀ ਸ਼ਾਖਾ, ਰਾਸ਼ਟਰੀ ਜਾਂਚ ਏਜੰਸੀ ਵੱਲੋ ਕੀਤੀ ਜਾ ਰਹੀ ਹੈ।
ਜੱਗੀ ਜੌਹਲ ਦਾ ਕੀ ਹੈ ਪਿਛੋਕੜ
ਜਗਤਾਰ ਸਿੰਘ ਜੌਹਲ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਕਾਰਕੁਨ ਸਨ, ਉਹ ਅਕਤੂਬਰ 2017 ਨੂੰ ਭਾਰਤ ਵਿੱਚ ਵਿਆਹ ਕਰਵਾਉਣ ਲਈ ਆਏ ਸਨ।
ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੀ ਉਮਰ ਕਰੀਬ 38 ਸਾਲ ਹੈ।
ਸਾਲ 2022 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਯਾਦ ਕਰਦਿਆਂ ਦੱਸਿਆ ਸੀ, "ਇਹ ਸਾਡੇ ਲਈ ਖ਼ੁਸ਼ੀ ਭਰਿਆ ਦਿਨ ਸੀ, ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ।"
ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਉਸ ਦੇ ਬਾਅਦ ਤੋਂ ਉਹ ਜੇਲ੍ਹ ਵਿਚ ਬੰਦ ਹਨ।
ਸਕੌਟਲੈਂਡ ਵਾਸੀ ਉਨ੍ਹਾਂ ਦੇ ਭਰਾ ਗੁਰਪ੍ਰੀਤ ਦੱਸਿਆ ਸੀ, "ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।"
"ਮੈਂ ਮੰਨਦਾ ਹਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਬੜਬੋਲਾ ਸੀ। ਮੈਂ ਮੰਨਦਾ ਹਾਂ ਕਿ ਉਹ ਮਸੂਮ ਹੈ ਅਤੇ ਜਦੋਂ ਇੱਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਤ ਹੋ ਜਾਵੇਗਾ।"
ਉਨ੍ਹਾਂ ਨੇ ਕਿਹਾ ਸੀ, "ਪਰਿਵਾਰ ਨੂੰ ਡਰ ਹੈ ਕਿ ਝੂਠੇ ਇਲਜ਼ਾਮ ਝੂਠੇ ਦੋਸ਼ ਬਣ ਗਏ ਹਨ ਅਤੇ ਤੈਅ ਵੀ ਹੋ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਮੌਤ ਦੀ ਸਜ਼ਾ ਹੋ ਸਕਦੀ ਹੈ।"
ਉਨ੍ਹਾਂ ਕਿਹਾ ਸੀ ਕਿ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਬੋਰਿਸ ਜੌਨਸਨ ਅਤੇ ਥੈਰੇਸਾ ਮੇਅ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ 'ਤੇ ਚਰਚਾ ਕੀਤੀ ਸੀ।
ਗੁਰਪ੍ਰੀਤ ਜੌਹਲ ਨੇ ਕਿਹਾ ਸੀ, "ਲਗਭਗ ਛੇ ਸਾਲ ਬੀਤ ਚੁੱਕੇ ਹਨ, ਜਗਤਾਰ ਦੇ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਸਿਰਫ ਉਸ 'ਤੇ ਲਗਾਏ ਗਏ ਇਲਜ਼ਾਮ ਹਨ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਿਤ ਨਹੀਂ ਹੁੰਦਾ, ਉਸ ਨੂੰ ਬੇਕਸੂਰ ਮੰਨਿਆ ਜਾਵੇ।''
ਜੇਲ੍ਹ 'ਚ ਤਸ਼ੱਦਦ ਦੇ ਇਲਜ਼ਾਮ
ਸਾਲ 2021 ਵਿੱਚ ਜੇਲ੍ਹ ਤੋਂ ਇੱਕ ਵਰਚੁਅਲ ਮੀਟਿੰਗ ਦੌਰਾਨ ਬੀਬੀਸੀ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਵਕੀਲ ਰਾਹੀਂ ਹਾਸਲ ਕੀਤੇ ਗਏ ਸਨ।
ਇਨ੍ਹਾਂ ਜਵਾਬਾਂ ਵਿੱਚ ਜੌਹਲ ਨੇ ਕਿਹਾ ਸੀ ਕਿ ਉਸ ਨੂੰ ਇੱਕ ਕੋਰੇ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਲਈ ਸਰੀਰਕ ਤਸ਼ੱਦਦ ਦਿੱਤੇ ਗਏ ਅਤੇ ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਇਆ ਗਿਆ ਜਿਸ ਨੂੰ ਭਾਰਤੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਗਿਆ ਸੀ।
ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ, "ਉਨ੍ਹਾਂ ਨੇ ਅੰਤਾਂ ਦੇ ਤਸ਼ਦੱਦ ਦੇ ਡਰ 'ਚ ਮੇਰੇ ਤੋਂ ਕੁਝ ਖ਼ਾਲ੍ਹੀ ਕਾਗਜ਼ਾਂ 'ਤੇ ਦਸਤਖ਼ਤ ਕਰਵਾਏ ਅਤੇ ਕੈਮਰੇ ਮੂਹਰੇ ਕੁਝ ਲਾਈਨਾਂ ਬੋਲਣ ਲਈ ਕਿਹਾ।"
ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਥੋੜ੍ਹੀ ਦੇਰ ਬਾਅਦ ਇੱਕ ਹੱਥ ਲਿਖਤ ਪੱਤਰ ਵਿੱਚ ਜੋ ਕਿਹਾ ਸੀ, ਉਸ ਦੀ ਇੱਕ ਕਾਪੀ ਵੀ ਸਾਂਝੀ ਕੀਤੀ ਸੀ। ਇਸ ਪੱਤਰ ਵਿੱਚ ਤਸ਼ੱਦਦ ਕਿਵੇਂ ਵਾਪਰਿਆ ਦੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਸੀ।
ਪੱਤਰ ਮੁਤਾਬਕ, "ਮੇਰੇ ਕੰਨਾਂ ਦੀ ਪੇਪੜੀ, ਨਿੱਪਲਾਂ ਅਤੇ ਅੰਦਰੂਨੀ ਹਿੱਸਿਆਂ 'ਤੇ ਕਰੋਕੋਡਾਈਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ।"
"ਦੋ ਲੋਕ ਮੇਰੀਆਂ ਲੱਤਾਂ ਫ਼ੈਲਾਉਂਦੇ ਸਨ, ਦੂਜਾ ਚਪੇੜ ਮਾਰਦਾ ਅਤੇ ਮੈਨੂੰ ਪਿੱਛੋਂ ਮਾਰਦਾ ਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ।"
"ਕਈ ਸਥਿਤੀਆਂ ਵਿੱਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਅਤੇ ਪੁੱਛਗਿੱਛ ਵਾਲੇ ਕਮਰੇ ਵਿੱਚ ਲੈ ਕੇ ਜਾਣਾ ਪਿਆ।"
ਹਾਲਾਂਕਿ, ਬੀਬੀਸੀ ਤਸ਼ਦੱਦ ਦੇ ਉਨ੍ਹਾਂ ਇਲਜ਼ਾਮਾਂ ਬਾਰੇ ਸੁਤੰਤਰ ਤੌਰ 'ਤੇ ਤਸਦੀਕ ਕਰਨ ਦੇ ਅਸਮਰੱਥ ਰਿਹਾ ਸੀ।
ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ 'ਤੇ ਇਨਕਾਰ ਕੀਤਾ ਸੀ ਅਤੇ ਕਿਹਾ ਸੀ, "ਜਿਸ ਤਰ੍ਹਾਂ ਦੇ ਦੁਰ-ਵਿਵਹਾਰ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ।"
ਗ੍ਰਿਫਤਾਰੀ ਤੋਂ ਬਾਅਦ ਜੌਹਲ ਦੀ ਰਿਹਾਈ ਲਈ ਇੱਕ ਮੁਹਿੰਮ ਚਲਾਈ ਗਈ ਹੈ ਅਤੇ ਉਨ੍ਹਾਂ ਦਾ ਮਾਮਲਾ ਯੂਕੇ ਅਤੇ ਭਾਰਤੀ ਸਰਕਾਰਾਂ ਵਿਚਕਾਰ ਕੂਟਨੀਤਕ ਵਿਚਾਰ-ਵਟਾਂਦਰੇ ਦਾ ਵਿਸ਼ਾ ਰਿਹਾ ਹੈ।
ਮਈ 2022 ਵਿੱਚ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਦੇ ਇੱਕ ਪੈਨਲ ਨੇ ਪਾਇਆ ਕਿ ਉਨ੍ਹਾਂ ਦੀ ਨਜ਼ਰਬੰਦੀ ਮਨਮਾਨੀ ਸੀ, ਕਾਨੂੰਨੀ ਆਧਾਰ ਦੀ ਘਾਟ ਸੀ ਅਤੇ ਉਨ੍ਹਾਂ ਦੇ ਸਿੱਖ ਧਰਮ ਤੋਂ ਪ੍ਰੇਰਿਤ ਸੀ।
ਇਸ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ