ਦਿਲਜੀਤ ਦੀ ਫ਼ਿਲਮ 'ਸਰਦਾਰ ਜੀ 3' ਵਿੱਚ ਹਾਨੀਆ ਆਮਿਰ 'ਤੇ ਵਿਵਾਦ ਮਗਰੋਂ ਫ਼ਿਲਮ ਦੇ ਬਾਈਕਾਟ ਦੀ ਮੰਗ, ਜਾਣੋ ਫ਼ਿਲਮ ਦੇ ਨਿਰਮਾਤਾ ਕੀ ਕਹਿ ਰਹੇ

ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਸਰਦਾਰ ਜੀ 3' ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਲਗਾਤਾਰ ਵਿਵਾਦਾਂ 'ਚ ਘਿਰੇ ਹੋਏ ਹਨ। ਇਸਦਾ ਕਾਰਨ ਹਨ, ਟਰੇਲਰ 'ਚ ਨਜ਼ਰ ਆਏ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ।

ਭਾਰਤ ਦੇ ਕਈ ਹਿੱਸਿਆਂ ਵਿੱਚ ਫ਼ਿਲਮ ਅਤੇ ਦਿਲਜੀਤ ਦੌਸਾਂਝ ਦੇ ਬਾਈਕਾਟ ਦੀ ਮੰਗ ਜ਼ੋਰ ਫ਼ੜ ਰਹੀ ਹੈ।

ਫ਼ਿਲਮ ਵਰਕਰਜ਼ ਯੂਨੀਅਨ, ਮੁੰਬਈ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਮਪਲਾਈਜ਼ (ਐੱਫ਼ਡਬਲਿਊਵੀਆਈਐੱਸਓਆਰ) ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ਦਾ ਭਾਰਤ ਵਿੱਚ ਮੁਕੰਮਲ ਤੌਰ 'ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਯੂਨੀਅਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਕਿਹਾ, "ਦਿਲਜੀਤ ਦੋਸਾਂਝ ਹਮੇਸ਼ਾਂ ਸਾਡੀ ਇੰਡਸਟਰੀ ਦੇ ਕਾਨੂੰਨਾਂ ਦੀ ਮੁਖ਼ਾਲਫ਼ਤ ਕਰਨ ਵਾਲਾ ਰਿਹਾ ਹੈ। ਉਸ ਨੇ ਹਮੇਸ਼ਾਂ ਪਾਕਿਸਤਾਨੀ ਅਦਾਕਾਰਾਂ, ਗਾਇਕਾਂ ਨੂੰ ਪ੍ਰੋਤਸਾਹਿਤ ਕੀਤਾ ਹੈ।"

"ਇੰਡਸਟਰੀ ਉਸ ਨੂੰ ਅਪੀਲ ਕਰ ਰਹੀ ਹੈ ਜਦੋਂਕਿ ਇਹ ਰਾਸ਼ਟਰੀ ਹਿੱਤਾਂ ਦਾ ਮਾਮਲਾ ਹੈ।"

ਯੂਨੀਅਨ ਦੇ ਪ੍ਰਧਾਨ ਬੀਐੱਨ ਤਿਵਾੜੀ ਨੇ ਦਿਲਜੀਤ ਦੋਸਾਂਝ ਅਤੇ ਫ਼ਿਲਮ ਦੇ ਨਿਰਮਾਤਾ ਦਾ ਬਾਈਕਾਟ ਕਰਨ ਦੀ ਗੱਲ ਆਖੀ।

ਜ਼ਿਕਰਯੋਗ ਹੈ ਕਿ ਹਾਨੀਆ ਆਮਿਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਰੀਲਾਂ ਅਕਸਰ ਰੀਲੀਜ਼ ਪੰਜਾਬੀ ਜਾਂ ਬਾਲੀਵੁੱਡ ਦੇ ਗਾਣਿਆਂ ਉੱਤੇ ਬਣੀਆਂ ਦੇਖੀਆਂ ਜਾ ਸਕਦੀਆਂ ਸਨ।

ਭਾਰਤ ਦੇ ਵਿੱਚ ਵੀ ਉਨ੍ਹਾਂ ਦੇ ਕਾਫੀ ਫੈਨਜ਼ ਹਨ।

ਜਦੋਂ ਦਿਲਜੀਤ ਦੋਸਾਂਝ ਨੇ ਆਪਣੀ ਲਾਈਵ ਕਾਨਸਰਟ ਦੌਰਾਨ ਹਾਨੀਆ ਆਮਿਰ ਨੂੰ ਸਟੇਜ ਉੱਤੇ ਸੱਦਾ ਦਿੱਤਾ ਸੀ ਤਾਂ ਇਸ ਦੀ ਕਾਫੀ ਚਰਚਾ ਹੋਈ ਸੀ।

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ, ਦੋਹਾਂ ਸਰਕਾਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕਈ ਸਖ਼ਤ ਕਦਮ ਚੁੱਕੇ ਗਏ। ਜਿਨ੍ਹਾਂ ਵਿੱਚ ਸਿੰਧੂ ਜਲ ਸਮਝੌਤਾ ਰੱਦ ਕਰਨਾ, ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਵੀਜ਼ੇ ਰੱਦ ਕਰਨਾ ਅਤੇ ਭਾਰਤ ਦਾ ਏਅਰ ਸਪੇਸ ਪਾਕਿਸਤਾਨੀ ਜਹਾਜ਼ਾਂ ਲਈ ਬੰਦ ਕਰਨਾ ਸ਼ਾਮਲ ਹੈ।

ਪਰ ਇਸ ਤਣਾਅ ਦਾ ਅਸਰ ਮਨੋਰੰਜਨ ਜਗਤ 'ਤੇ ਵੀ ਸਪਸ਼ਟ ਦੇਖਣ ਨੂੰ ਮਿਲਿਆ ਹੈ।

ਇਸੇ ਸਿਲਸਿਲੇ 'ਚ ਪਾਕਿਸਤਾਨੀ ਸਿਨੇਮਾ ਨਾਲ ਜੁੜੀਆਂ ਕਈ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਭਾਰਤ ਵਿੱਚ ਬੰਦ ਕਰ ਦਿੱਤੇ ਗਏ।

ਸੋਸ਼ਲ ਮੀਡੀਆ 'ਤੇ ਲੋਕ ਇਸ ਗੱਲ ਦੀ ਵੀ ਚਰਚਾ ਕਰ ਰਹੇ ਸਨ ਕਿ ਹੁਣ ਭਾਰਤੀ ਕਲਾਕਾਰਾਂ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ।

ਇੱਥੋਂ ਤੱਕ ਕਿ ਦਿ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤ ਖ਼ਿਲਾਫ਼ ਕੀਤੀਆਂ ਟਿੱਪਣੀਆਂ 'ਤੇ ਸਖਤ ਰੁੱਖ ਅਪਣਾਉਂਦਿਆਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕੋਈ ਵੀ ਭਾਰਤੀ ਕਲਾਕਾਰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰੇਗਾ।

ਦੇਸ਼-ਵਾਸੀਆਂ ਦੀਆਂ ਭਾਵਨਾਵਾਂ ਫ਼ਿਲਮ ਨਾਲੋਂ ਜ਼ਿਆਦਾ ਅਹਿਮ- ਗੁਨਬੀਰ ਸਿੰਘ ਸਿੱਧੂ

ਸਰਦਾਰ ਜੀ 3 ਫ਼ਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਨਵਜੋਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਨਾਲ ਖੜ੍ਹੇ ਹਾਂ, ਇਸੇ ਕਰਕੇ ਅਸੀਂ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕਰ ਰਹੇ।"

"ਅਸੀਂ ਫਿਲਮ ਨੂੰ ਫ਼ਰਵਰੀ ਮਹੀਨੇ ਸ਼ੂਟ ਕੀਤਾ ਸੀ, ਉਸ ਵੇਲੇ ਭਾਰਤ-ਪਾਕਿਸਤਾਨ ਵਿਚਾਲੇ ਕੋਈ ਤਣਾਅ ਦਾ ਮਾਹੌਲ ਨਹੀਂ ਸੀ।"

ਸਿੱਧੂ ਨੇ ਕਿਹਾ, "ਹਾਨੀਆ ਆਮਿਰ ਨਾਲ ਫਿਲਮ ਪੂਰੀ ਸ਼ੂਟ ਹੋ ਚੁੱਕੀ ਸੀ, ਉਨ੍ਹਾਂ ਨੂੰ ਬਦਲਣ ਦਾ ਸਾਡੇ ਕੋਲ ਕੋਈ ਰਾਹ ਨਹੀਂ ਸੀ। ਸਾਰੀ ਫ਼ਿਲਮ ਵਿੱਚ ਹਾਨੀਆ ਦੇ ਚਿਹਰੇ ਨੂੰ ਬਦਲਣ ਵਾਲੀ ਕੋਈ ਤਕਨੀਕ ਅਜੇ ਤੱਕ ਨਹੀਂ ਆਈ ਜੋ ਅਸੀਂ ਵਰਤ ਸਕੀਏ।"

"ਭਾਰਤ ਵਿੱਚ ਫਿਲਮ ਰਿਲੀਜ਼ ਨਾ ਕਰਨ ਦਾ ਸਾਡਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਦੇਸ਼ ਦੇ ਨਾਲ ਖੜ੍ਹੇ ਹਾਂ। ਅਤੇ ਉਦੋਂ ਤੱਕ ਅਸੀਂ ਇਹ ਫ਼ਿਲਮ ਰਿਲੀਜ਼ ਨਹੀਂ ਕਰਾਂਗੇ ਜਦੋਂ ਤੱਕ ਭਾਰਤ ਵਿੱਚ ਪਾਕਿਸਤਾਨ ਨੂੰ ਲੈ ਕੇ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ।"

"ਭਾਰਤ ਵਿੱਚ ਫ਼ਿਲਮ ਦਾ ਕੋਈ ਵੀ ਟ੍ਰੇਲਰ, ਟੀਜ਼ਰ ਜਾਂ ਪ੍ਰੋਮੋ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਇਸ ਦਾ ਕਾਰਨ ਇਹ ਹੀ ਹੈ ਕਿ ਅਸੀਂ ਭਾਰਤ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਅਤੇ ਫ਼ਿਲਮ ਦੀ ਭਾਰਤ ਵਿੱਚ ਰਿਲੀਜ਼ ਨੂੰ ਅਣਮਿੱਥੇ ਸਮੇਂ ਤੱਕ ਮੁਅੱਤਲ ਕੀਤਾ ਹੈ।"

"ਅਸੀਂ ਭਾਰਤ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰਾਂਗੇ।"

ਫ਼ਿਲਮ ਭਾਰਤ ਵਿੱਚ ਰਿਲੀਜ਼ ਨਾ ਕੀਤੇ ਜਾਣ ਦੀ ਸਥਿਤੀ ਵਿੱਚ ਹੋਣ ਵਾਲੇ ਸੰਭਾਵਿਤ ਵਿੱਤੀ ਘਾਟੇ ਬਾਰੇ ਉਨ੍ਹਾਂ ਕਿਹਾ, "ਸਾਡੇ ਲਈ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਵੱਡਾ ਕੋਈ ਨੁਕਸਾਨ ਨਹੀਂ ਹੈ।"

ਉਨ੍ਹਾਂ ਕਿਹਾ, "ਜਿਸ ਤਰੀਕੇ ਦਿਲਜੀਤ ਦੋਸਾਂਝ ਬਾਰੇ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਉਹ ਗ਼ਲਤ ਹੈ। ਸਾਡੇ ਲਈ ਆਪਣਾ ਦੇਸ਼ ਪਹਿਲਾਂ ਹੈ।"

ਪੰਜਾਬ ਅਦਾਕਾਰ ਸੁਨੀਤਾ ਧੀਰ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਨਵਦੀਪ ਕੌਰ ਨਾਲ ਗੱਲ ਕਰਦਿਆਂ ਕਿਹਾ, "ਜੇਕਰ ਸਾਡੇ ਅਦਾਕਾਰ ਹਾਲੀਵੁੱਡ-ਬਾਲੀਵੁੱਡ ਨਾਲ ਕੰਮ ਕਰ ਸਕਦੇ ਹਨ ਤਾਂ ਸਾਡੇ ਅਦਾਕਾਰ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਿਉਂ ਨਹੀਂ ਕਰ ਸਕਦੇ। ਉਹ ਇੰਨੇ ਵਧੀਆ ਅਦਾਕਾਰ ਹਨ। ਉਹ ਚੰਗੀ ਭਾਵਨਾ ਨਾਲ ਸਾਡੇ ਨਾਲ ਕੰਮ ਕਰਦੇ ਹਨ ਜੋ ਵਧੀਆ ਗੱਲ ਹੈ।"

ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਦਿਲਜੀਤ ਦਾ ਕੀ ਕਸੂਰ ਹੈ, ਉਹ ਤਾਂ ਇੱਕ ਕੁੜੀ ਨੇ ਇੱਛਾ ਜ਼ਾਹਰ ਕੀਤੀ ਸੀ ਕਿ "ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹਾਂ ਅਤੇ ਦਿਲਜੀਤ ਨੇ ਉਸ ਨੂੰ ਇੱਕ ਮੌਕਾ ਦਿੱਤਾ।"

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿ ਇਫ਼ਤਿਖ਼ਾਰ ਠਾਕੁਰ ਨੇ ਜੋ ਭਾਰਤ ਬੋਲਿਆ, "ਉਹ ਮੈਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੂੰ ਤਾਂ ਅਮਰਿੰਦਰ ਗਿੱਲ ਨੇ ਇੰਨੇ ਮੌਕੇ ਦਿੱਤੇ ਸਨ।"

ਦਿਲਜੀਤ ਦੀ ਫਿਲਮ 'ਚ ਹਾਨੀਆ ਨੂੰ ਦੇਖ ਭੜਕੇ ਫੈਨਜ਼

ਇਹ ਚਰਚਾ ਪਹਿਲਾਂ ਹੀ ਚੱਲ ਰਹੀ ਸੀ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ, ਦਿਲਜੀਤ ਦੋਸਾਂਝ ਦੀ ਅਗਲੀ ਫ਼ਿਲਮ 'ਚ ਨਜ਼ਰ ਆ ਸਕਦੇ ਹਨ ਪਰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਤਾਂ ਇਸ ਗੱਲ ਦੀ ਸੰਭਾਵਨਾ ਕੁਝ ਘੱਟਦੀ ਜਾਪੀ ਸੀ।

ਲੰਘੀ 22 ਜੂਨ ਨੂੰ ਜਦੋਂ 'ਸਰਦਾਰ ਜੀ 3' ਫਿਲਮ ਦਾ ਟ੍ਰੇਲਰ ਆਇਆ ਤਾਂ ਉਸ 'ਚ ਹਾਨੀਆ ਵੀ ਨਜ਼ਰ ਆਏ। ਭਾਰਤ ਵਿੱਚ ਕਈ ਸਿਨੇਮਾ ਪ੍ਰਸ਼ੰਸਕ ਇਸ ਨੂੰ ਲੈ ਕੇ ਗੁੱਸੇ ਵਿੱਚ ਹਨ ਅਤੇ ਸੋਸ਼ਲ ਮੀਡੀਆ 'ਤੇ ਦਿਲਜੀਤ ਅਤੇ ਹਾਨੀਆ ਨੂੰ ਖਾਸਾ ਟ੍ਰੋਲ ਕੀਤਾ ਜਾ ਰਿਹਾ ਹੈ।

ਨਾਲ ਹੀ ਦਿਲਜੀਤ ਦੋਸਾਂਝ ਦੇ ਸੋਸ਼ਲ ਮੀਡੀਆ ਪੋਸਟ ਉੱਤੇ ਦੱਸਿਆ ਗਿਆ ਕਿ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ 'ਚ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਫਿਲਹਾਲ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ।

ਭਾਰਤ ਵਿੱਚ ਹਾਨੀਆ ਬਾਰੇ ਨਾਰਾਜ਼ਗੀ ਸਿਰਫ ਇਸ ਲਈ ਨਹੀਂ ਹੈ ਕਿਉਂਕਿ ਉਹ ਪਾਕਿਸਤਾਨੀ ਅਦਾਕਾਰਾ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਤੋਂ ਬਾਅਦ ਉਨ੍ਹਾਂ ਨੂੰ ਇਸ ਫਿਲਮ 'ਚ ਦੇਖੇ ਜਾਣ ਦੀ ਉਮੀਦ ਨਹੀਂ ਸੀ, ਸਗੋਂ ਭਾਰਤ ਦੇ ਲੋਕ ਹਾਨੀਆ ਦੇ ਉਸ ਬਿਆਨ ਤੋਂ ਵੀ ਨਾਰਾਜ਼ ਹਨ ਜੋ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਦਿੱਤਾ ਸੀ।

ਭਾਰਤੀ ਫ਼ਿਲਮਾਂ 'ਚ ਪਾਕਿਸਤਾਨੀ ਕਲਾਕਾਰ

ਭਾਰਤੀ ਫ਼ਿਲਮਾਂ 'ਚ ਪਾਕਿਸਤਾਨੀ ਕਲਾਕਾਰਾਂ ਦਾ ਨਜ਼ਰ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਜੋ ਤਣਾਅ ਦੋਵਾਂ ਦੇਸ਼ ਵਿਚਕਾਰ ਚੱਲ ਰਿਹਾ, ਉਸ ਦੌਰਾਨ ਦੋਵੇਂ ਦੇਸ਼ਾਂ ਦੇ ਕਲਾਕਾਰਾਂ ਦਾ ਇੱਕੋ ਫਿਲਮ 'ਚ ਨਜ਼ਰ ਆਉਣਾ ਜ਼ਰੂਰ ਲੋਕਾਂ ਨੂੰ ਰਾਸ ਨਹੀਂ ਆ ਰਿਹਾ।

ਖਾਸ ਤੌਰ 'ਤੇ ਭਾਰਤੀ ਪੰਜਾਬ 'ਚ ਬਣਨ ਵਾਲੀਆਂ ਫ਼ਿਲਮਾਂ 'ਚ ਅਕਸਰ ਹੀ ਪਾਕਿਸਤਾਨੀ ਕਲਾਕਾਰ ਕੰਮ ਕਰਦੇ ਹਨ।

ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਰਿਪੋਰਟਾਂ ਸਨ ਕਿ ਕੁਝ ਪੰਜਾਬੀ ਫ਼ਿਲਮਾਂ ਇਸੇ ਕਾਰਨ ਅਟਕ ਗਈਆਂ ਹਨ ਕਿ ਉਨ੍ਹਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਦੀ ਵੀ ਸ਼ਮੂਲੀਅਤ ਹੈ। ਇਨ੍ਹਾਂ ਫ਼ਿਲਮਾਂ ਵਿੱਚੋਂ ਇੱਕ 'ਸਰਦਾਰ ਜੀ 3' ਵੀ ਦੱਸੀ ਜਾ ਰਹੀ ਸੀ।

ਕੁਝ ਹੀ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਦੇ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆਂ ਪੰਜਾਬੀ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਚੰਦਰ ਕੰਬੋਜ ਨੇ ਦਾਅਵਾ ਕੀਤਾ ਸੀ ਕਿ "ਮੌਜੂਦਾ ਸਮੇਂ ਬਣ ਚੁੱਕੀਆਂ 6 ਫ਼ਿਲਮਾਂ ਤੋਂ ਇਲਾਵਾ ਦਰਜਨ ਤੋਂ ਵੱਧ ਫ਼ਿਲਮਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਕਾਸਟ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਜਾਂ ਤਾਂ ਸ਼ੂਟ ਹੋ ਰਹੀਆਂ ਹਨ ਜਾਂ ਉਨ੍ਹਾਂ ਦੀ ਐਡੀਟਿੰਗ ਦਾ ਕੰਮ ਅਜੇ ਚਲ ਰਿਹਾ।"

ਉਨ੍ਹਾਂ ਕਿਹਾ ਸੀ, "ਇਨ੍ਹਾਂ ਵਿੱਚ ਜ਼ਿਆਦਾ ਚਰਚਾ ਵਿੱਚ ਚੱਲ ਮੇਰਾ ਪੁੱਤ-4 ਅਤੇ ਸਰਦਾਰ ਜੀ-3 ਹੀ ਹਨ। ਚੱਲ ਮੇਰਾ ਪੁੱਤ-4 ਵਿੱਚ ਜ਼ਿਆਦਾਤਰ ਪਾਕਿਸਤਾਨੀ ਅਦਾਕਾਰ ਹਨ ਅਤੇ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਕਾਰਾ ਹਾਨੀਆ ਆਮਿਰ ਸੀ।"

"ਪਰ ਇਨ੍ਹਾਂ ਦੋਵਾਂ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਕਰਕੇ ਸੈਂਸਰ ਦੀ ਮੁਸ਼ਕਲ ਆ ਸਕਦੀ ਸੀ। ਇਸ ਕਰਕੇ ਸਰਦਾਰ ਜੀ-3 ਬਾਰੇ ਤਾਂ ਇਹ ਸਾਫ਼ ਹੋ ਹੀ ਗਿਆ ਸੀ ਕਿ ਹਾਨੀਆ ਆਮਿਰ ਨੂੰ ਹੁਣ ਨਹੀਂ ਲਿਆ ਜਾ ਰਿਹਾ ਪਰ ਚੱਲ ਮੇਰਾ ਪੁੱਤ-4 ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਦੇ ਵਿੱਚ ਜ਼ਿਆਦਾਤਰ ਅਦਾਕਾਰ ਪਾਕਿਸਤਾਨੀ ਹਨ।"

ਚੰਦਰ ਕੰਬੋਜ ਨੇ ਇਸ ਦੌਰਾਨ ਕਿਹਾ ਸੀ ਕਿ 'ਸਰਦਾਰ ਜੀ 3' ਵਿੱਚ ਹਾਨੀਆ ਆਮਿਰ ਦੇ ਹੋਣ ਬਾਰੇ ਅਜੇ ਵੀ ਸਸਪੈਂਸ ਹੈ, ਲੱਗ ਹੀ ਰਿਹਾ ਹੈ ਕਿ ਫਿਲਮ ਵਿੱਚ ਹਾਨੀਆ ਆਮਿਰ ਵਾਲਾ ਹਿੱਸਾ ਦੋਬਾਰਾ ਸ਼ੂਟ ਕੀਤਾ ਗਿਆ ਹੈ, ਦੁਬਾਰਾ ਸ਼ੂਟ ਤੋਂ ਬਾਅਦ ਹੀ ਫਿਲਮ ਰਿਲੀਜ਼ ਕੀਤੀ ਜਾਵੇਗੀ।"

ਹਾਲਾਂਕਿ ਫਿਲਮ ਦੇ ਟਰੇਲਰ ਤੋਂ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਹਾਨੀਆ ਆਮਿਰ ਅਜੇ ਵੀ ਫਿਲਮ ਦਾ ਹਿੱਸਾ ਹਨ।

ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਅਤੇ ਕਹਾਣੀਕਾਰ ਰਾਕੇਸ਼ ਧਵਨ ਨੇ ਵੀ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ, "ਮੈਨੂੰ ਲੱਗਦਾ ਹੈ ਕਿ ਦਿਲਜੀਤ ਦੁਸਾਂਝ ਦੀ ਫਿਲਮ 'ਸਰਦਾਰ ਜੀ 3' ਵਿੱਚ ਹੁਣ ਵੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਜ਼ਰ ਆ ਸਕਦੇ ਹਨ, ਕਿਉਂਕਿ ਇੱਕ ਫਿਲਮ ਉੱਤੇ 25 ਕਰੋੜ ਲੱਗਿਆ ਤਾਂ ਉਸ ਨੂੰ ਦੁਬਾਰਾ ਸ਼ੂਟ ਕਰਨਾ ਬਹੁਤ ਔਖਾ ਹੈ। ਬਾਕੀ ਇਹ ਪ੍ਰੋਡਿਊਸਰ ਦਾ ਫੈਸਲਾ ਹੈ।"

ਰਾਕੇਸ਼ ਧਵਨ ਕਹਿੰਦੇ ਹਨ ਕਿ ਇਹ ਉਹ ਫ਼ਿਲਮਾਂ ਹਨ ਜਿਨ੍ਹਾਂ ਦਾ ਸ਼ੂਟ ਬਹੁਤ ਸਮਾਂ ਪਹਿਲਾਂ ਹੋ ਚੁੱਕਿਆ ਹੈ, ਤੇ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਪੈਦਾ ਹੋਇਆ ਤਾਂ ਫ਼ਿਲਮਾਂ ਬਣ ਕੇ ਤਿਆਰ ਹੋ ਚੁੱਕੀਆਂ ਸਨ।

ਰਾਕੇਸ਼ ਧਵਨ ਮੁਤਾਬਕ, "ਅਸੀਂ ਫ਼ਿਲਮਾਂ ਬਣਾਉਣ ਵਾਲਿਆਂ ਨੇ ਦੇਸ ਦੇ ਖਿਲਾਫ ਜਾ ਕੇ ਕੋਈ ਵੀ ਕੰਮ ਨਹੀਂ ਕੀਤਾ, ਹਾਲਾਤ ਫ਼ਿਲਮਾਂ ਸ਼ੂਟ ਹੋਣ ਤੋਂ ਬਾਅਦ ਹਾਲਾਤ ਬਦਲੇ ਹਨ, ਇਸ ਕਰਕੇ ਫ਼ਿਲਮਾਂ ਨੂੰ ਉਵੇਂ ਹੀ ਰਿਲੀਜ਼ ਕੀਤਾ ਜਾਵੇਗਾ। ਸ਼ੂਟ ਕੀਤੀਆਂ ਫ਼ਿਲਮਾਂ ਘਰੇ ਨਹੀਂ ਰੱਖੀਆਂ ਜਾ ਸਕਦੀਆਂ, ਹੋ ਸਕਦਾ ਹੈ ਕਿ ਲੋਕ ਪੰਜਾਬੀ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਦੇਖ ਕੇ ਨਾਰਾਜ਼ ਵੀ ਹੋਣ ਪਰ ਪ੍ਰੋਡਿਊਸਰ ਕੀ ਕਰਨ, ਫ਼ਿਲਮਾਂ ਵਿੱਚ ਕਰੋੜਾਂ ਦਾ ਘਾਟਾ ਖਾਣਾ ਕੋਈ ਛੋਟੀ ਗੱਲ ਨਹੀਂ ਹੈ।"

ਸੋਸ਼ਲ ਮੀਡੀਆ 'ਤੇ ਦਿਲਜੀਤ ਅਤੇ ਹਾਨੀਆ ਦੀ ਟ੍ਰੋਲਿੰਗ

ਫਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਭਾਰਤ 'ਚ ਲੋਕ ਦਿਲਜੀਤ ਦੋਸਾਂਝ ਅਤੇ ਹਾਨੀਆ ਆਮਿਰ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।

ਕੁਝ ਸੋਸ਼ਲ ਮੀਡੀਆ ਯੂਜ਼ਰ ਲਿਖ ਰਹੇ ਹਨ ਕਿ ਦਿਲਜੀਤ ਦੇਸ਼ ਦੀ ਬਜਾਏ ਪੈਸੇ ਨੂੰ ਮਹੱਤਵ ਦੇ ਰਹੇ ਹਨ ਅਤੇ ਕੁਝ ਹਾਨੀਆ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਕੁਝ ਲੋਕ ਮੀਮ ਬਣਾ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਦੇਖੋ ਕੁਝ ਅਜਿਹੇ ਹੀ ਕੁਮੈਂਟ:

ਕੌਣ ਹਨ ਹਾਨੀਆ ਆਮਿਰ

ਹਾਨੀਆ ਆਮਿਰ ਇੱਕ ਪਾਕਿਸਤਾਨੀ ਅਦਾਕਾਰਾ ਹਨ ਜੋ ਪੰਜਾਬੀ ਅਤੇ ਉਰਦੂ ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਹਾਨੀਆ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2016 ਵਿੱਚ ਕਾਮੇਡੀ ਫਿਲਮ 'ਜਾਨ' ਨਾਲ ਕੀਤੀ ਸੀ।

ਆਈਐਮਬੀਡੀ ਦੀ ਵੈਬਸਾਈਟ ਮੁਤਾਬਕ, ਸਾਲ 2017 ਵਿੱਚ ਉਨ੍ਹਾਂ ਨੇ ਰੋਮਾਂਟਿਕ ਡਰਾਮਾ 'ਤਿਤਲੀ' ਨਾਲ ਟੈਲੀਵਿਜ਼ਨ ਡੈਬਿਊ ਕੀਤਾ। ਉਨ੍ਹਾਂ ਨੇ ਟੀਵੀ ਸੀਰੀਜ਼ 'ਐਨਾ', ਫ਼ਿਲਮਾਂ 'ਨਾ ਮਾਲੂਮ ਅਫਰਾਦ 2', ਅਤੇ 'ਪਰਵਾਜ਼ ਹੈ ਜੁਨੂਨ' ਵਿੱਚ ਵੀ ਕੰਮ ਕੀਤਾ ਹੈ।

ਉਹ ਕਈ ਵੱਡੇ ਫੈਸ਼ਨ ਤੇ ਮੇਕਅਪ ਬ੍ਰਾਂਡਾਂ ਨਾਲ ਜੁੜੇ ਹੋਏ ਹਨ ਅਤੇ ਪਾਕਿਸਤਾਨ ਵਿੱਚ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

ਹਾਨੀਆ ਨੂੰ ਰੋਮਾਂਟਿਕ ਡਰਾਮਾ 'ਇਸ਼ਕੀਆ' ਤੋਂ ਖਾਸੀ ਪ੍ਰਸਿੱਧੀ ਮਿਲੀ। ਉਨ੍ਹਾਂ ਦੀ ਸੀਰੀਜ਼ 'ਮੇਰੇ ਹਮਸਫ਼ਰ' ਵੀ ਬਹੁਤ ਪਸੰਦ ਕੀਤੀ ਗਈ।

ਤਣਾਅ ਤੋਂ ਪਹਿਲਾਂ ਤੱਕ ਹਾਨੀਆ ਨੂੰ ਭਾਰਤ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਰਿਹਾ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਭਾਰਤੀ ਗਾਣਿਆਂ ਆਦਿ ਵਾਲੀਆਂ ਰੀਲਾਂ ਪਾਉਂਦੇ ਰਹੇ ਹਨ, ਜਿਨ੍ਹਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਸਨ।

ਹਾਲਾਂਕਿ ਜਦੋਂ ਤੋਂ ਭਾਰਤ 'ਚ ਉਨ੍ਹਾਂ ਦੇ ਅਕਾਊਂਟ ਬੈਨ ਹੋਏ ਹਨ, ਇਹ ਸਿਲਸਿਲਾ ਵੀ ਰੁਕ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)