ਵਰਿੰਦਰ ਘੁੰਮਣ ਨਹੀਂ ਰਹੇ, ਕਦੇ ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੇ ਮਸ਼ਹੂਰ ਬੌਡੀ ਬਿਲਡਰ ਤੇ ਅਦਾਕਾਰ ਨੇ ਕਿਹੜੇ ਵੱਡੇ ਮੁਕਾਮ ਹਾਸਲ ਕੀਤੇ

ਸਲਮਾਨ ਖ਼ਾਨ ਅਤੇ ਸ਼ਾਹਰੁਖ਼ ਖ਼ਾਨ ਨਾਲ ਟਾਈਗਰ-3 ਵਿੱਚ ਨਜ਼ਰ ਆਏ ਪੰਜਾਬ ਦੇ ਮਸ਼ਹੂਰ ਬੌਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦੇਹਾਂਤ ਹੋ ਗਿਆ ਹੈ।

ਅੰਮ੍ਰਿਤਸਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਸਰਜਰੀ ਕਰਵਾਉਣ ਵੇਲੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਕਰੀਬ 42 ਸਾਲਾ ਦੇ ਵਰਿੰਦਰ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਨਾਲ ਹੈ। ਉਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੂਗਲਾ ਵਿੱਚ ਹੋਇਆ ਸੀ ਅਤੇ ਉਹ ਸਾਲ 1988 ਜਲੰਧਰ ਦੇ ਘਈ ਨਗਰ (ਮਾਡਲ ਹਾਊਸ) ਵਿੱਚ ਰਹਿਣ ਲਈ ਆ ਗਏ ਸਨ।

ਉਨ੍ਹਾਂ ਨੇ ਲਾਇਲਪੁਰ ਖਾਲਸਾ ਕਾਲਜ ਤੋਂ ਐੱਮਬੀਏ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਦੇ ਪਿਤਾ ਨਾਮ ਉਭਪਿੰਦਰ ਸਿੰਘ ਹੈ ਅਤੇ ਮਾਤਾ ਦਾ ਦੇਹਾਂਤ ਹੋ ਗਿਆ ਹੈ।

ਇਹ ਦੋ ਭਰਾ ਸਨ ਅਤੇ ਉਨ੍ਹਾਂ ਦੇ ਇੱਕ ਭਰਾ ਭਗਵੰਤ ਸਿੰਘ ਦਾ ਪਹਿਲਾ ਹੀ ਦੇਹਾਂਤ ਹੋ ਗਿਆ ਸੀ।

ਵਰਿੰਦਰ ਘੁੰਮਣ ਦੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਰਹਿ ਗਏ ਹਨ। ਉਨ੍ਹਾਂ ਦੇ ਦੋ ਬੇਟੇ ਤੇ ਇੱਕ ਬੇਟੀ ਹਨ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਅੰਮ੍ਰਿਤਸਰ ਦੇ ਫੌਰਟਿਸ ਹਸਪਤਾਲ ਵਿੱਚ ਮੋਢੇ ਦਾ ਇਲਾਜ ਕਰਵਾਉਣ ਗਏ ਸਨ ਅਤੇ ਸ਼ਾਮੀਂ ਕਰੀਬ 6 ਵਜੇ ਖ਼ਬਰ ਆਈ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਵਰਿੰਦਰ ਸਿੰਘ ਘੁੰਮਣ ਕਿਰਸਾਨੀ ਅਤੇ ਡੇਅਰੀ ਫਾਰਮਿੰਗ ਖਿੱਤੇ ਨਾਲ ਜੁੜੇ ਹੋਏ ਸੀ।

ਬੌਡੀ ਬਿਲਡਿੰਗ ਦਾ ਸ਼ੌਕ

ਵਰਿੰਦਰ ਘੁੰਮਣ ਨੂੰ ਛੋਟੇ ਹੁੰਦਿਆਂ ਤੋਂ ਸਿਹਤ ਬਣਾਉਣ ਦਾ ਸ਼ੌਕ ਪੈ ਗਿਆ ਸੀ। ਉਨ੍ਹਾਂ ਨੇ ਆਪਣੇ ਘਰ ਦੇ ਨੇੜੇ ਵੀ ਜਿਮ ਵੀ ਖੋਲ੍ਹਿਆ ਹੋਇਆ ਹੈ।

ਸਾਲ 2024 ਵਿੱਚ ਇੱਕ ਨਿੱਜੀ ਯੂਟਿਊਬ ਚੈਨਲ ਨਾਲ ਗੱਲ ਕਰਦਿਆਂ ਵਰਿੰਦਰ ਨੇ ਦੱਸਿਆ ਸੀ ਕਿ ਉਹ ਸ਼ੁੱਧ ਸ਼ਾਕਾਹਾਰੀ ਹਨ ਅਤੇ ਉਨ੍ਹਾਂ ਨੇ ਕਦੇ ਆਂਡਾ ਵੀ ਨਹੀਂ ਖਾਂਦਾ ਸੀ ਕਿਉਂਕਿ ਉਹ ਇੱਕ ਨਾਮਧਾਰੀ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਸਨ। ਇੰਸਟਾਗ੍ਰਾਮ ਉਪਰ ਉਨ੍ਹਾਂ ਦੇ 1 ਮਿਲੀਅਨ ਯਾਨੀ 10 ਲੱਖ ਫੌਲੋਅਰਜ਼ ਹਨ।

ਵਰਿੰਦਰ ਨੇ ਸਾਲ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਬੌਡੀ ਬਿਲਡਿੰਗ ਵਿੱਚ ਏਸ਼ੀਆ ਪੱਧਰ ’ਤੇ ਵੀ ਨਾਮਣਾ ਖੱਟਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸਾਲ 2012 ਵਿੱਚ ਪੰਜਾਬੀ ਫਿਲਮ ਕਬੱਡੀ ਵਨਸ ਅਗੇਨ ਨਾਲ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

ਉਸ ਤੋਂ ਉਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਨਾਲ-ਨਾਲ ਦੱਖਣੀ ਭਾਰਤ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਪਰ ਉਨ੍ਹਾਂ ਨੇ ਫਿਲਮਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਫਿਲਮ ਦੀ ਸਕਰੀਨ ਲਈ ਆਪਣੇ-ਆਪ ਨੂੰ ਢੁਕਵਾਂ ਨਹੀਂ ਮੰਨਦੇ ਸਨ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਨੇ ਕਿਹਾ ਕਈ ਡਾਇਰੈਕਟਰ ਉਨ੍ਹਾਂ ਨੂੰ ਕਹਿੰਦੇ ਸਨ ਕਿ ਭਾਰ ਘਟਾਓ ਪਰ ਆਪਣੇ ਅੰਦਰ ਐਥਲੀਟ ਨੂੰ ਨਹੀਂ ਛੱਡਣਾ ਚਾਹੁੰਦੇ ਸਨ।

ਉਨ੍ਹਾਂ ਨੇ ਕਿਹਾ, "ਮੈਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹਾਂ ਅਤੇ ਕੋਈ ਵੀ ਫਰਕ ਨਹੀਂ ਪੈਂਦਾ ਜੇ ਮੈਂ 2-4 ਫਿਲਮਾਂ ਘੱਟ ਕਰ ਲਵਾਂ। ਇਸ ਖੇਡ ਵਿੱਚ ਵੀ ਮੈਨੂੰ ਓਨੀ ਪ੍ਰਸਿੱਧੀ ਮਿਲ ਰਹੀ ਹੈ, ਜਿੰਨੀ ਫਿਲਮਾਂ ਵਿੱਚ। ਜਦੋਂ ਤੱਕ ਮੈਂ ਜਿਉਂਦਾ ਰਹਾਂਗਾ ਮੈਂ ਇਸੇ ਪਛਾਣ ਵਿੱਚ ਰਹਾਂਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਜਾਣ ਮਗਰੋਂ ਵੀ ਲੋਕ ਮੈਨੂੰ ਇੱਕ ਐਥਲੀਟ ਅਤੇ ਇੱਕ ਬੌਡੀ ਬਿਲਡਰ ਵਜੋਂ ਹੀ ਪਛਾਨਣ।"

ਜੂਨ 2025 ਵਿੱਚ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਸਿਆਸਤ ਵਿੱਚ ਆਉਣ ਦੀ ਇੱਛਾ ਵੀ ਪ੍ਰਗਟਾਈ ਸੀ ਕਿ ਉਹ ਸਕਾਰਾਤਮਕ ਸਿਆਸਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਕੱਪੜਿਆਂ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਮੁੰਬਈ ਅਤੇ ਜਲੰਧਰ ਵਿੱਚ ਆਪਣੇ ਡਿਜ਼ਾਈਨਰ ਹਨ ਜੋ ਉਨ੍ਹਾਂ ਦੇ ਸਾਈਜ਼ ਦੇ ਹਿਸਾਬ ਨਾਲ ਕੱਪੜੇ ਤਿਆਰ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)