ਚਾਰਲਸ ਸ਼ੋਭਰਾਜ ਦਾ ਤਿਹਾੜ ਜੇਲ੍ਹ ʼਚ ਕਿੰਨਾ ਦਬਦਬਾ ਸੀ? ਜੇਲ੍ਹ 'ਚੋਂ ਫਰਾਰ ਹੋਣ ਦੀ ਕਹਾਣੀ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

8 ਮਈ, 1981 ਨੂੰ, ਤਿਹਾੜ ਜੇਲ੍ਹ ਦੇ ਬੁਲਾਰੇ ਅਤੇ ਕਾਨੂੰਨੀ ਸਲਾਹਕਾਰ ਸੁਨੀਲ ਕੁਮਾਰ ਗੁਪਤਾ, ਏਐੱਸਪੀ ਵਜੋਂ ਆਪਣਾ ਨਿਯੁਕਤੀ ਪੱਤਰ ਲੈ ਕੇ ਜੇਲ੍ਹ ਸੁਪਰਡੈਂਟ ਬੀਐੱਲ ਵਿਜ ਦੇ ਦਫ਼ਤਰ ਪਹੁੰਚੇ।

ਤਿਹਾੜ ਵਿੱਚ ਨੌਕਰੀ ਮਿਲਦਿਆਂ ਹੀ ਉਨ੍ਹਾਂ ਨੇ ਉੱਤਰੀ ਰੇਲਵੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 24 ਸਾਲ ਸੀ।

ਰੇਲਵੇ ਨੇ ਉਨ੍ਹਾਂ ਨੂੰ 7 ਮਈ ਨੂੰ ਫਾਰਗ਼ ਕਰ ਦਿੱਤਾ ਅਤੇ ਅਗਲੇ ਹੀ ਦਿਨ ਉਹ ਆਪਣੀ ਨਵੀਂ ਨੌਕਰੀ 'ਤੇ ਜੁਆਇਨ ਕਰਨ ਲਈ ਤਿਹਾੜ ਜੇਲ੍ਹ ਪਹੁੰਚ ਗਏ।

ਸੁਨੀਲ ਗੁਪਤਾ ਯਾਦ ਕਰਦੇ ਹਨ, "ਜੇਲ੍ਹ ਸੁਪਰਡੈਂਟ ਬੀਐੱਲ ਵਿਜ ਨੇ ਮੇਰੇ ਵੱਲ ਇੱਕ ਨਜ਼ਰ ਮਾਰੀ ਅਤੇ ਕਿਹਾ, ਇੱਥੇ ਏਐੱਸਪੀ ਦੀ ਕੋਈ ਨੌਕਰੀ ਨਹੀਂ ਹੈ। ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ। ਮੈਂ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਹੱਥ ਵਿੱਚ ਨਿਯੁਕਤੀ ਪੱਤਰ ਹੈ।"

"ਉਨ੍ਹਾਂ ਨੇ ਉਲਟਾ ਮੈਨੂੰ ਕਿਹਾ ਕਿ ਤੁਹਾਨੂੰ ਰੇਲਵੇ ਦੀ ਨੌਕਰੀ ਛੱਡਣ ਤੋਂ ਪਹਿਲਾਂ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਸੀ। ਮੈਂ ਬਾਹਰ ਚਲਾ ਗਿਆ। ਮੈਂ ਬਾਹਰ ਬੈਠ ਕੇ ਸੋਚ ਰਿਹਾ ਸੀ ਕਿ ਕੀ ਕਰਨਾ ਹੈ।"

ਉਹ ਕਹਿੰਦੇ ਹਨ ਕਿ ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਕੋਟ ਅਤੇ ਟਾਈ ਪਹਿਨੇ ਇੱਕ ਆਦਮੀ 'ਤੇ ਪਈ। ਸੁਨੀਲ ਗੁਪਤਾ ਨੂੰ ਉਨ੍ਹਾਂ ਦਾ ਨਾਮ ਨਹੀਂ ਪਤਾ ਸੀ, ਪਰ ਉਨ੍ਹਾਂ ਦੀ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਹ ਉਨ੍ਹਾਂ ਨੂੰ ਵੇਖਦੇ ਹੀ ਖੜ੍ਹੇ ਹੋ ਜਾਂਦੇ ਸਨ।

ਸੁਨੀਲ ਗੁਪਤਾ ਅੱਗੇ ਕਹਿੰਦੇ ਹਨ, "ਉਨ੍ਹਾਂ ਨੇ ਮੈਨੂੰ ਅੰਗਰੇਜ਼ੀ ਵਿੱਚ ਪੁੱਛਿਆ ਕਿ ਮੇਰੇ ਉੱਥੇ ਆਉਣ ਦਾ ਕੀ ਮਕਸਦ ਹੈ। ਮੈਂ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ। ਉਨ੍ਹਾਂ ਨੇ ਕਿਹਾ, ਚਿੰਤਾ ਨਾ ਕਰੋ। ਮੈਂ ਤੁਹਾਡੀ ਮਦਦ ਕਰਾਂਗਾ। ਇਹ ਕਹਿ ਕੇ ਉਹ ਵਿਜ ਦੇ ਦਫ਼ਤਰ ਦੇ ਅੰਦਰ ਚਲੇ ਗਏ।"

"ਇੱਕ ਘੰਟੇ ਬਾਅਦ ਉਹ ਇੱਕ ਪੱਤਰ ਲੈ ਕੇ ਬਾਹਰ ਆਏ, ਜਿਸ ਵਿੱਚ ਲਿਖਿਆ ਸੀ ਕਿ ਮੈਨੂੰ ਤਿਹਾੜ ਵਿੱਚ ਏਐੱਸਪੀ ਨਿਯੁਕਤ ਕੀਤਾ ਗਿਆ ਹੈ। ਇਹ ਪੱਤਰ ਮੈਨੂੰ ਸੌਂਪ ਦਿੱਤਾ ਅਤੇ ਉਹ ਚਲੇ ਗਏ।"

"ਮੈਂ ਜਾਣਨਾ ਚਾਹੁੰਦਾ ਸੀ ਕਿ ਇਹ ਪ੍ਰਭਾਵਸ਼ਾਲੀ ਵਿਅਕਤੀ ਕੌਣ ਸੀ। ਮੈਂ ਇੱਕ ਵਿਅਕਤੀ ਨੂੰ ਉਨ੍ਹਾਂ ਬਾਰੇ ਪੁੱਛਿਆ, ਉਸਦਾ ਜਵਾਬ ਸੀ, ਇਹ ਚਾਰਲਸ ਸ਼ੋਭਰਾਜ ਹੈ। ਜੇਲ੍ਹ ਦਾ ਸੁਪਰ ਆਈਜੀ। ਇੱਥੇ ਸਭ ਕੁਝ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੁੰਦਾ ਹੈ।"

ਅਸ਼ੋਕਾ ਹੋਟਲ ਵਿੱਚ ਗਹਿਣਿਆਂ ਦੀ ਦੁਕਾਨ ਵਿੱਚ ਚੋਰੀ

ਚਾਰਲਸ ਸ਼ੋਭਰਾਜ ਦਾ ਜਨਮ 6 ਅਪ੍ਰੈਲ, 1944 ਨੂੰ ਵੀਅਤਨਾਮ ਦੇ ਸੇਗੇਨ ਵਿੱਚ ਹੋਇਆ ਸੀ।

ਉਨ੍ਹਾਂ ਦੀ ਮਾਂ ਵੀਅਤਨਾਮੀ ਮੂਲ ਦੀ ਸੀ, ਜਦੋਂ ਕਿ ਪਿਤਾ ਭਾਰਤੀ ਸਿੰਧੀ ਸਨ। ਉਨ੍ਹਾਂ ਦੇ ਪਿਤਾ ਨੇ ਚਾਰਲਸ ਅਤੇ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਦੇ ਹਾਲ ʼਤੇ ਛੱਡ ਦਿੱਤਾ ਸੀ।

ਡੇਵਿਡ ਮੋਰੀਸੀ ਸ਼ੋਭਰਾਜ ਦੀ ਜੀਵਨੀ 'ਦਿ ਬਿਕਨੀ ਕਿਲਰ' ਵਿੱਚ ਲਿਖਦੇ ਹਨ "ਇੱਕ ਅਣਸੁਖਾਵੇਂ ਬਚਪਨ ਤੋਂ ਬਾਅਦ, ਚਾਰਲਸ ਦੀ ਮੁਲਾਕਾਤ ਪੈਰਿਸ ਦੀ ਇੱਕ ਔਰਤ ਚੈਂਟਲ ਕੰਪੈਗਨਨ ਨਾਲ ਹੋਈ।"

"ਜਿਸ ਦਿਨ ਉਨ੍ਹਾਂ ਦਾ ਵਿਆਹ ਚੈਂਟਲ ਨਾਲ ਹੋਣ ਵਾਲਾ ਸੀ, ਉਸੇ ਦਿਨ ਉਨ੍ਹਾਂ ਨੂੰ ਚੋਰੀ ਦੀ ਇੱਕ ਕਾਰ ਚਾਲਉਣ ਦੇ ਇਲਜ਼ਾਮ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।"

ਭਾਰਤ ਵਿੱਚ ਚਾਰਲਸ ਦੀ ਗ੍ਰਿਫ਼ਤਾਰੀ ਪਹਿਲੀ ਵਾਰ 1971 ਵਿੱਚ ਮੁੰਬਈ ਵਿੱਚ ਹੋਈ ਸੀ। ਦਿੱਲੀ ਵਿੱਚ ਉਨ੍ਹਾਂ ਨੇ ਅਸ਼ੋਕਾ ਹੋਟਲ ਦੀ ਗਹਿਣਿਆਂ ਦੀ ਦੁਕਾਨ ʼਚੋਂ ਕੀਮਤੀ ਰਤਨ ਚੋਰੀ ਕੀਤੇ ਸਨ।

ਉਹ ਵਾਰਦਾਤ ਉਨ੍ਹਾਂ ਨੇ ਅਸ਼ੋਕਾ ਹੋਟਲ ਵਿੱਚ ਉਦੋਂ ਕੀਤੀ ਸੀ, ਜਦੋਂ ਅਮਰੀਕਾ ਦੇ ਤਤਕਾਲੀ ਵਿਦੇਸ਼ ਮੰਤਰੀ ਹੇਨਰੀ ਕਿਸਿੰਜਰ ਭਾਰਤ ਆਏ ਹੋਏ ਸਨ ਅਤੇ ਅਸ਼ੋਕਾ ਹੋਟਲ ਵਿੱਚ ਰੁਕੇ ਹੋਏ ਸਨ।

ਚਾਰਲਸ ਨੂੰ ਗ੍ਰਿਫ਼ਤਾਰ ਕਰਨ ਵਾਲੇ ਮਧੂਕਰ ਜ਼ੇਂਡੇ ਕਹਿੰਦੇ ਹਨ, "ਚਾਰਲਸ ਨੇ ਉੱਥੇ ਕੈਬਰੇ ਡਾਂਸਰ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਸ ਨੇ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੂੰ ਕਿਹਾ ਕਿ ਉਹ ਨੇਪਾਲ ਦਾ ਰਾਜਕੁਮਾਰ ਹੈ।"

"ਤੁਸੀਂ ਆਪਣੇ ਰਤਨਾਂ ਨੂੰ ਦਿਕਾਉਣ ਲਈ ਮੇਰੇ ਕਮਰੇ ਵਿੱਚ ਭੇਜੋ। ਜਦੋਂ ਉਨ੍ਹਾਂ ਦਾ ਆਦਮੀ ਕਮਰੇ ਵਿੱਚ ਆਇਆ ਤਾਂ ਉਸ ਨੇ ਉਸ ਦੀ ਕਾਫੀ ਵਿੱਚ ਨਸ਼ੀਲੀ ਦਵਾਈ ਮਿਲਾ ਦਿੱਤੀ ਅਤੇ ਉਸ ਨੂੰ ਬੇਹੋਸ਼ ਕਰ ਦਿੱਤਾ।"

"ਫਿਰ ਉਹ ਸਾਰੇ ਹੀਰੇ ਲੈ ਕੇ ਭੱਜ ਗਿਆ। ਜਦੋਂ ਦੁਕਾਨ ਮਾਲਕ ਨੇ ਦੇਖਿਆ ਕਿ ਉਸਦਾ ਆਦਮੀ ਕਾਫ਼ੀ ਸਮੇਂ ਤੋਂ ਵਾਪਸ ਨਹੀਂ ਆਇਆ, ਤਾਂ ਉਹ ਉੱਪਰ ਆਇਆ। ਉੱਥੇ ਉਸਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਸੀ।"

"ਜਦੋਂ ਦੁਕਾਨ ਦੇ ਮਾਲਕ ਨੇ ਡੁਪਲੀਕੇਟ ਚਾਬੀ ਲੈ ਕੇ ਹੋਟਲ ਦਾ ਕਮਰਾ ਖੋਲ੍ਹਿਆ ਤਾਂ ਹੀਰਿਆਂ ਦੀ ਦੁਕਾਨ ਵਾਲਾ ਆਦਮੀ ਬੇਹੋਸ਼ ਪਿਆ ਮਿਲਿਆ। ਚਾਰਲਸ ਗ਼਼ਲਤੀ ਨਾਲ ਆਪਣਾ ਪਾਸਪੋਰਟ ਭੁੱਲ ਗਿਆ ਸੀ, ਜਿਸ 'ਤੇ ਚਾਰਲਸ ਸ਼ੋਭਰਾਜ ਦਾ ਨਾਮ ਲਿਖਿਆ ਹੋਇਆ ਸੀ।"

ਤਿਹਾੜ ਜੇਲ੍ਹ ਵਿੱਚ ਸ਼ੋਭਰਾਜ ਦਾ ਸਾਮਰਾਜ

ਚਾਰਲਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਦਿੱਲੀ ਪੁਲਿਸ ਬਹੁਤ ਦਿਨਾਂ ਤੱਕ ਚਾਲਰਸ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਰੱਖ ਸਕੀ।

ਉਨ੍ਹਾਂ ਨੇ ਪੇਟ ਦਰਦ ਦਾ ਨਾਟਕ ਕੀਤਾ ਅਤੇ ਪੁਲਿਸ ਨੂੰ ਚਕਮਾ ਦੇ ਕੇ ਵੈਲਿੰਗਟਨ ਹਸਪਤਾਲ ਤੋਂ ਫਰਾਰ ਹੋ ਗਏ।

ਚਾਰਲਸ ਨੂੰ ਆਖ਼ਰਕਾਰ 1976 ਵਿੱਚ ਗ੍ਰਿਫਤਾਰ ਕੀਤਾ ਗਿਆ, ਜਦੋਂ ਉਨ੍ਹਾਂ ਨੇ ਦਿੱਲੀ ਦੇ ਵਿਕਰਮ ਹੋਟਲ ਵਿੱਚ ਫਰਾਂਸੀਸੀ ਸੈਲਾਨੀਆਂ ਨੂੰ ਉਨ੍ਹਾਂ ਦੇ ਪਾਸਪੋਰਟ ਚੋਰੀ ਕਰਨ ਦੇ ਇਰਾਦੇ ਨਾਲ ਨਸ਼ੀਲਾ ਪਦਾਰਥ ਪਿਲਾਇਆ।

ਉਨ੍ਹਾਂ ਦੀ ਯੋਜਨਾ ਕੰਮ ਨਹੀਂ ਕਰ ਸਕੀ ਅਤੇ ਫਰਾਂਸੀਸੀ ਸੈਲਾਨੀ ਸਮੇਂ ਤੋਂ ਪਹਿਲਾਂ ਹੀ ਹੋਸ਼ ਵਿੱਚ ਆ ਗਏ। ਚਾਰਲਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਲਿਆਂਦਾ ਗਿਆ।

ਤਿਹਾੜ ਭਾਰਤ ਦੀਆਂ ਸਭ ਤੋਂ ਬਦਨਾਮ ਜੇਲ੍ਹਾਂ ਵਿੱਚੋਂ ਇੱਕ ਸੀ। ਜਲਦੀ ਹੀ ਚਾਰਲਸ ਸ਼ੋਭਰਾਜ ਨੇ ਇਸ ਜੇਲ੍ਹ ਵਿੱਚ ਆਪਣਾ ਸਾਮਰਾਜ ਸਥਾਪਿਤ ਕਰ ਲਿਆ।

ਸੁਨੀਲ ਗੁਪਤਾ ਯਾਦ ਕਰਦੇ ਹਨ, "ਚਾਰਲਸ ਨੂੰ ਕਦੇ ਵੀ ਕਿਸੇ ਕੋਠੜੀ ਵਿੱਚ ਨਹੀਂ ਰੱਖਿਆ ਗਿਆ ਸੀ। ਉਸ ਨੂੰ ਅਕਸਰ ਪ੍ਰਸ਼ਾਸਕੀ ਦਫ਼ਤਰ ਵਿੱਚ ਬੈਠਾ ਦੇਖਿਆ ਜਾਂਦਾ ਸੀ। ਮੇਰੇ ਦੋਸਤ ਅਕਸਰ ਮੈਨੂੰ ਉਸ ਦੇ ਕਾਰਨਾਮਿਆਂ ਬਾਰੇ ਦੱਸਦੇ ਸਨ।"

"ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਵੀ ਉਸ ਕਾਰਨ ਇੱਕ ਵਾਰ ਫਾਇਦਾ ਹੋਇਆ ਸੀ।"

"ਉਹ ਜਿੱਥੇ ਚਾਹੁੰਦਾ ਜਾ ਸਕਦਾ ਸੀ। ਉਹ ਜੇਲ੍ਹ ਸੁਪਰਡੈਂਟ ਅਤੇ ਆਪਣੇ ਅਧੀਨ ਅਧਿਕਾਰੀਆਂ ਨੂੰ ਆਪਣੇ ਬਰਾਬਰ ਸਮਝਦਾ ਸੀ। ਉਸ ਕੋਲ ਇੱਕ ਟੇਪ ਰਿਕਾਰਡਰ ਸੀ ਜਿਸ ਵਿੱਚ ਉਸ ਨੇ ਜੇਲ੍ਹ ਅਧਿਕਾਰੀਆਂ ਦੀਆਂ ਰਿਸ਼ਵਤ ਮੰਗਣ ਦੀਆਂ ਬੇਨਤੀਆਂ ਰਿਕਾਰਡ ਕੀਤੀਆਂ ਸਨ।"

'ਚਾਰਲਸ ਸਾਹਬ' ਦੇ ਨਾਮ ਨਾਲ ਮਸ਼ਹੂਰ

ਚਾਰਲਸ ਦੀ ਜੇਲ੍ਹ ਬਾਰੇ ਦੱਸਦੇ ਹੋਏ ਸੁਨੀਲ ਗੁਪਤਾ ਦੱਸਦੇ ਹਨ, "ਸ਼ੋਭਰਾਜ 10 ਗੁਣਾ 12 ਫੁੱਟ ਦੀ ਜੇਲ੍ਹ ਵਿੱਚ ਇਕੱਲੇ ਰਹਿੰਦੇ ਸਨ। ਉਸ ਨੂੰ ਜੇਲ੍ਹ ਵਿੱਚ ਸੀ ਕਲਾਸ ਦੇ ਕੈਦੀ ਨੌਕਰ ਵਜੋਂ ਮਿਲੇ ਹੋਏ ਸਨ ਜੋ ਉਸ ਦੀ ਮਾਲਸ਼ ਕਰਦੇ, ਉਸ ਦੇ ਕੱਪੜੇ ਧੋਂਦੇ ਅਤੇ ਉਸ ਦਾ ਖਾਣਾ ਤੱਕ ਬਣਾਉਂਦੇ ਸਨ।"

"ਉਸ ਦੇ ਸੈੱਲ ਵਿੱਚ ਕਿਤਾਬਾਂ ਨਾਲ ਭਰੀ ਸ਼ੈਲਫ ਸੀ। ਉਸ ਨੂੰ ਇੱਕ ਮੰਜੀ, ਮੇਜ ਅਤੇ ਬੈਠਣ ਲਈ ਕੁਰਸੀ ਵੀ ਦਿੱਤੀ ਗਈ ਸੀ। ਉਸ ਦਾ ਸੈੱਲ ਇੱਕ, ਸਟੂਡੀਓ ਅਪਾਰਮੈਂਟ ਵਾਂਗ ਲੱਗਦਾ ਸੀ। ਉਹ ਕੈਦੀਆਂ ਅਤੇ ਜੇਲ੍ਹ ਸਟਾਫ ਵਾਂਗ ਪਟੀਸ਼ਨਾਂ ਲਿਖਦਾ ਹੁੰਦਾ ਸੀ।"

"ਉਸ ਵੱਲੋਂ ਲਿਖੀਆਂ ਗਈਆਂ ਪਟੀਸ਼ਨਾਂ ਦਾ ਅਸਲ ਵਕੀਲਾਂ ਵੱਲੋਂ ਲਿਖੀਆਂ ਗਈਆਂ ਪਟੀਸ਼ਨਾਂ ਨਾਲੋਂ ਜ਼ਿਆਦਾ ਪ੍ਰਭਾਵ ਹੁੰਦਾ ਸੀ। ਜੇਕਰ ਕੈਦੀਆਂ ਨੂੰ ਪੈਸੇ ਦੀ ਲੋੜ ਹੁੰਦੀ, ਤਾਂ ਸ਼ੋਭਰਾਜ ਉਨ੍ਹਾਂ ਨੂੰ ਪੈਸੇ ਦਿੰਦਾ ਸੀ। ਇਹੀ ਕਾਰਨ ਸੀ ਕਿ ਉਹ ਆਪਣੇ-ਆਪ ਨੂੰ ਕੈਦੀਆਂ ਅਤੇ ਜੇਲ੍ਹ ਸਟਾਫ਼ ਦੋਵਾਂ ਦਾ ਆਗੂ ਸਮਝਦਾ ਸੀ।"

ਤਿਹਾੜ ਵਿੱਚ ਚਾਰਲਸ ਦਾ ਇੰਨਾ ਪ੍ਰਭਾਵ ਸੀ ਕਿ ਲੋਕ ਉਸ ਨੂੰ 'ਚਾਰਲਸ ਸਾਹਬ' ਕਹਿੰਦੇ ਸਨ।

ਜੇਲ੍ਹ ਸੁਪਰਡੈਂਟ ਦੀ ਸ਼ਹਿ

ਇੰਡੀਅਨ ਐਕਸਪ੍ਰੈੱਸ ਨੇ ਸਤੰਬਰ 1981 ਵਿੱਚ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਤਿਹਾੜ ਜੇਲ੍ਹ ਵਿੱਚ ਚਾਰਲਸ ਸ਼ੋਭਰਾਜ ਦਾ ਸਿੱਕਾ ਚੱਲਦਾ ਹੈ।

ਉਸੇ ਸਾਲ, ਪੀਪਲਜ਼ ਯੂਨੀਅਨ ਆਫ਼ ਸਿਵਲ ਲਿਬਰਟੀਜ਼ (ਪੀਯੂਸੀਐੱਲ) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸ਼ੋਭਰਾਜ ਅਤੇ ਉਨ੍ਹਾਂ ਦੇ ਦੋਸਤਾਂ ਨੇ ਜੇਲ੍ਹ ਦੇ ਅੰਦਰ ਆਪਣੇ ਅੱਡੇ ਬਣਾਏ ਹੋਏ ਹਨ ਜਿੱਥੋਂ ਉਹ ਆਪਣੇ ਕੰਮਕਾਜ ਕਰਦੇ ਹਨ।

"ਜੇਕਰ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਤਾਂ ਸ਼ੋਭਰਾਜ ਅਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਕੁੱਟਣ ਤੋਂ ਵੀ ਨਹੀਂ ਪਿੱਛੇ ਹੱਟਦੇ ਸਨ। ਸ਼ੋਭਰਾਜ ਦੇ ਦੋਸਤਾਂ ਵਿੱਚ ਬੈਂਕ ਲੁਟੇਰੇ ਸੁਨੀਲ ਬੱਤਰਾ, ਵਿਪਿਨ ਜੱਗੀ ਅਤੇ ਰਵੀ ਕਪੂਰ ਸ਼ਾਮਲ ਸਨ। ਉਹ ਸਾਰੇ ਚੰਗੇ ਪਰਿਵਾਰਾਂ ਤੋਂ ਆਏ ਸਨ ਅਤੇ ਪੜ੍ਹੇ-ਲਿਖੇ ਸਨ।"

ਦਿੱਲੀ ਹਾਈ ਕੋਰਟ ਨੇ ਰਾਕੇਸ਼ ਕੌਸ਼ਿਕ ਮਾਮਲੇ ਵਿੱਚ ਚਾਰਲਸ ਸ਼ੋਭਰਾਜ ਦਾ ਨਾਮ ਲਏ ਬਿਨਾਂ, ਇੱਕ ਵਿਦੇਸ਼ੀ ਕੈਦੀ ਦਾ ਜ਼ਿਕਰ ਕੀਤਾ ਸੀ ਜੋ ਇੰਟਰਪੋਲ ਨੂੰ ਲੋੜੀਂਦਾ ਸੀ।

ਹਾਈ ਕੋਰਟ ਨੇ ਕਿਹਾ, "ਇਸ ਵਿਦੇਸ਼ੀ ਨੂੰ ਜੇਲ੍ਹ ਸੁਪਰਡੈਂਟ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਦੀ ਸ਼ਹਿ ਮਿਲੀ ਹੋਈ ਹੈ। ਉਸ ਨੂੰ ਹਰ ਰੋਜ਼ ਉਨ੍ਹਾਂ ਦੇ ਦਫ਼ਤਰ ਦੇ ਨਾਲ ਲੱਗਦੇ ਕਮਰਿਆਂ ਵਿੱਚ ਬਾਹਰੀ ਲੋਕਾਂ ਨੂੰ ਮਿਲਦੇ ਦੇਖਿਆ ਜਾ ਸਕਦਾ ਹੈ।"

"ਡਿਪਟੀ ਸੁਪਰਡੈਂਟ ਇਸ ਕੈਦੀ ਨੂੰ ਆਪਣੇ ਕਮਰੇ ਵਿੱਚ ਜਿਣਸੀ ਸਬੰਧ ਬਣਾਉਣ ਦੀ ਆਗਿਆ ਵੀ ਦੇ ਦਿੰਦੇ ਹਨ।"

"ਜ਼ਾਹਿਰ ਹੈ ਕਿ ਇਸੇ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਜੇਲ੍ਹ ਸੁਪਰਡੈਂਟ ਅਤੇ ਉਨ੍ਹਾਂ ਦੇ ਅਧੀਨ ਅਧਿਕਾਰੀ ਇਸ ਕੈਦੀ ਤੋਂ ਭਾਰੀ ਕੀਮਤ ਵਸੂਲਦੇ ਹਨ। ਇਹ ਵਿਦੇਸ਼ੀ ਕੈਦੀ ਆਪਣੀਆਂ ਦੋ ਕਿਤਾਬਾਂ ਦੇ ਪ੍ਰਕਾਸ਼ਨ ਤੋਂ ਬਾਅਦ ਹੋਰ ਵੀ ਅਮੀਰ ਹੋ ਗਿਆ ਹੈ।"

ਗਿਆਨੀ ਜ਼ੈਲ ਸਿੰਘ ਨੇ ਤਿਹਾੜ 'ਚ ਸ਼ੋਭਰਾਜ ਨਾਲ ਮੁਲਾਕਾਤ ਕੀਤੀ

ਉਸ ਸਮੇਂ, ਸ਼ਿਰੀਨ ਵਾਕਰ ਚਾਰਲਸ ਸ਼ੋਭਰਾਜ ਦੀ ਪ੍ਰੇਮਿਕਾ ਹੁੰਦੀ ਸੀ। ਉਨ੍ਹਾਂ ਨੇ ਉਸ ਨੂੰ ਭਾਰਤ ਬੁਲਾਇਆ ਹੋਇਆ ਸੀ। ਜਦੋਂ ਵੀ ਉਹ ਦਿੱਲੀ ਹੁੰਦੀ ਸੀ, ਉਹ ਇੱਥੇ ਇੱਕ ਪੰਜ ਤਾਰਾ ਹੋਟਲ ਵਿੱਚ ਰੁਕਦੀ ਸੀ।

ਪੀਯੂਸੀਐੱਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 'ਸ਼ਿਰੀਨ ਵਾਕਰ ਨੇ ਲਗਾਤਾਰ ਛੇ ਦਿਨਾਂ ਤੱਕ ਪੁਲਿਸ ਸੁਪਰਡੈਂਟ ਦੇ ਕਮਰੇ ਵਿੱਚ ਘੰਟਿਆਂਬੱਧੀ ਚਾਰਲਸ ਸ਼ੋਭਰਾਜ ਨਾਲ ਮੁਲਾਕਾਤ ਕੀਤੀ।ʼ

ਜਦੋਂ ਇੰਡੀਅਨ ਐਕਸਪ੍ਰੈੱਸ ਵਿੱਚ ਸ਼ੋਭਰਾਜ ਬਾਰੇ ਖ਼ਬਰ ਛਪੀ, ਤਾਂ ਤਤਕਾਲੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਅਚਾਨਕ ਦੇਰ ਰਾਤ ਤਿਹਾੜ ਜੇਲ੍ਹ ਜਾਣ ਦਾ ਫ਼ੈਸਲਾ ਕੀਤਾ।

ਸੁਨੀਲ ਗੁਪਤਾ ਯਾਦ ਕਰਦੇ ਹਨ, "1 ਸਤੰਬਰ ਨੂੰ, ਸ਼ਾਮ 7.30 ਵਜੇ, ਇੱਕ ਗਾਰਡ ਭੱਜਦਾ ਹੋਇਆ ਆਇਆ ਅਤੇ ਮੈਨੂੰ ਦੱਸਿਆ ਕਿ ਗ੍ਰਹਿ ਮੰਤਰੀ ਆ ਗਏ ਹਨ। ਕੀ ਮੈਂ ਉਨ੍ਹਾਂ ਨੂੰ ਅੰਦਰ ਆਉਣ ਦਿਆਂ?"

"ਅੱਜ ਇਹ ਗੱਲ ਹਾਸੋਹੀਣੀ ਲੱਗ ਸਕਦੀ ਹੈ ਪਰ ਇਹ ਦਰਸਾਉਂਦਾ ਹੈ ਕਿ ਤਿਹਾੜ ਜੇਲ੍ਹ ਦੇ ਹਰ ਗਾਰਡ ਨੂੰ ਇਹ ਸਮਝਾਇਆ ਗਿਆ ਸੀ ਕਿ ਜੇਲ੍ਹ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਜੇਲ੍ਹ ਦੇ ਅੰਦਰ ਨਹੀਂ ਆਉਣਾ ਚਾਹੀਦਾ। ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ। ਇਹ ਹੈਰਾਨੀ ਵਾਲੀ ਗੱਲ ਸੀ ਕਿ ਉਸ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਬਾਹਰ ਉਡੀਕ ਕਰਨ ਲਈ ਕਹਿ ਦਿੱਤਾ ਹੈ।"

ਉਹ ਅੱਗੇ ਕਹਿੰਦੇ ਹਨ, "ਮੈਂ ਗੇਟ ਵੱਲ ਭੱਜਿਆ। ਗ੍ਰਹਿ ਮੰਤਰੀ ਨੇ ਮੈਨੂੰ ਕਿਹਾ ਮੈਂ ਉਨ੍ਹਾਂ ਨੂੰ ਚਾਰਲਸ ਸ਼ੋਭਰਾਜ ਦੀ ਕੋਠੜੀ ਵਿੱਚ ਲੈ ਜਾਵਾਂ। ਜਿਵੇਂ ਹੀ ਉਹ ਸ਼ੋਭਰਾਜ ਨੂੰ ਮਿਲਦੇ ਹਨ, ਉਨ੍ਹਾਂ ਨੇ ਉਸਨੂੰ ਹਿੰਦੀ ਵਿੱਚ ਪੁੱਛਿਆ, ਤੁਸੀਂ ਕਿਵੇਂ ਹੋ? ਕੀ ਤੁਹਾਨੂੰ ਇੱਥੇ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਹੈ?"

"ਮੈਂ ਅਨੁਵਾਦ ਕਰ ਕੇ ਸ਼ੋਭਰਾਜ ਨੂੰ ਦੱਸ ਦਿੱਤਾ। ਸ਼ੋਭਰਾਜ ਨੇ ਅੰਗਰੇਜ਼ੀ ਵਿੱਚ ਜਵਾਬ ਦਿੱਤਾ ਕਿ ਉਹ ਬਿਲਕੁਲ ਠੀਕ ਹੈ ਅਤੇ ਉਸ ਨੂੰ ਕੋਈ ਸ਼ਿਕਾਇਤ ਨਹੀਂ ਹੈ।"

ਸੁਨੀਲ ਗੁਪਤਾ ਦੀ ਮੁਅੱਤਲੀ

ਸੁਨੀਲ ਗੁਪਤਾ ਕਹਿੰਦੇ ਹਨ, "ਜਦੋਂ ਮੈਂ ਗਿਆਨੀ ਜੀ ਨੂੰ ਅਗਲੇ ਵਾਰਡ ਵਿੱਚ ਲੈ ਗਿਆ, ਤਾਂ ਉੱਥੇ ਦੋ ਕੈਦੀ, ਭੱਜੀ ਅਤੇ ਦੀਨਾ, ਅਚਾਨਕ 'ਚਾਚਾ ਨਹਿਰੂ ਜ਼ਿੰਦਾਬਾਦ' ਚੀਕਣ ਲੱਗੇ।

"ਜਦੋਂ ਗਿਆਨੀ ਜੀ ਦੇ ਸਕੱਤਰ ਉਹਨਾਂ ਨੂੰ ਇੱਕ ਪਾਸੇ ਲੈ ਗਏ ਤਾਂ ਉਨ੍ਹਾਂ ਨੇ ਕਿਹਾ, 'ਇੱਥੇ ਸਭ ਕੁਝ ਮਿਲਦਾ ਹੈ, ਨਸ਼ੇ, ਸ਼ਰਾਬ ਅਤੇ ਜੋ ਕੁਝ ਵੀ ਕੋਈ ਚਾਹੁੰਦਾ ਹੈʼ।"

"ਅਗਲੇ ਦਿਨ, ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਕੈਦੀਆਂ ਨੇ ਮੰਤਰੀ ਦੇ ਸਕੱਤਰ ਨੂੰ ਇੱਕ ਖਾਲੀ ਸ਼ਰਾਬ ਦੀ ਬੋਤਲ ਦਿਖਾਈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਇਸਨੂੰ ਇੱਥੇ ਹਾਸਲ ਕਰਨਾ ਕਿੰਨਾ ਆਸਾਨ ਸੀ।"

"ਇਸ ਘਟਨਾ ਤੋਂ ਦੋ ਦਿਨ ਬਾਅਦ, ਗ੍ਰਹਿ ਮੰਤਰਾਲੇ ਨੇ ਤਿਹਾੜ ਜੇਲ੍ਹ ਦੇ ਛੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਮੈਂ ਉਨ੍ਹਾਂ ਵਿੱਚੋਂ ਇੱਕ ਸੀ। ਜਦੋਂ ਮੈਂ ਵਿਰੋਧ ਕੀਤਾ ਕਿ ਮੰਤਰੀ ਦੇ ਸਾਹਮਣੇ ਪੇਸ਼ ਹੋਣ ਵਾਲੇ ਕੈਦੀਆਂ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ, ਤਾਂ ਮੈਨੂੰ ਡੇਢ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ। ਬਾਅਦ ਵਿੱਚ, ਮੈਨੂੰ ਮੇਰੀ ਨੌਕਰੀ 'ਤੇ ਬਹਾਲ ਕਰ ਦਿੱਤਾ ਗਿਆ।"

ਸੁਨੀਲ ਗੁਪਤਾ ਦੀ ਮੁਅੱਤਲੀ ਦੌਰਾਨ, ਚਾਰਲਸ ਸ਼ੋਭਰਾਜ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਰਹੇ। ਉਨ੍ਹਾਂ ਨੇ ਉਸਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ, ਜਿਸ ਨੂੰ ਗੁਪਤਾ ਨੇ ਸਵੀਕਾਰ ਨਹੀਂ ਕੀਤਾ।

ਤਿਹਾੜ ਜੇਲ੍ਹ ਤੋਂ ਫਰਾਰ

ਐਤਵਾਰ, 16 ਮਾਰਚ, 1986 ਨੂੰ, ਚਾਰਲਸ ਸ਼ੋਭਰਾਜ ਜੇਲ੍ਹ ਦੇ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਤਿਹਾੜ ਜੇਲ੍ਹ ਤੋਂ ਫਰਾਰ ਹੋ ਗਏ।

ਕਾਂਸਟੇਬਲ ਆਨੰਦ ਪ੍ਰਕਾਸ਼ ਨੇ ਇਸ ਬਾਰੇ ਸਭ ਤੋਂ ਪਹਿਲਾਂ ਸ਼ੋਰ ਮਚਾਇਆ। ਜਦੋਂ ਉਹ ਜੇਲ੍ਹ ਦੇ ਨੇੜੇ ਕੁਆਰਟਰਾਂ 'ਤੇ ਪਹੁੰਚੇ, ਤਾਂ ਉਨ੍ਹਾਂ ਨੇ ਆਪਣਾ ਮੂੰਹ ਇੱਕ ਮੋਟੇ ਕੱਪੜੇ ਨਾਲ ਢੱਕਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਡਿਪਟੀ ਸੁਪਰਡੈਂਟ ਦੇ ਦਫ਼ਤਰ ਦੀ ਘੰਟੀ ਵਜਾਈ ਤਾਂ ਉਨ੍ਹਾਂ ਦੇ ਮੂੰਹੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ ਸੀ।

ਉਸ ਦੇ ਮੂੰਹੋਂ ਸਿਰਫ਼ ਇਹੀ ਸ਼ਬਦ ਨਿਕਲੇ - ਭੱਜ ਜਾਓ, ਤੁਰੰਤ।

ਬਾਅਦ ਵਿੱਚ ਜੇਲ੍ਹ ਨੰਬਰ ਤਿੰਨ ਦੇ ਸਹਾਇਕ ਸਬ ਇੰਸਪੈਕਟਰ ਵੀਡੀ ਪੁਸ਼ਕਰਨਾ ਨੇ ਦੱਸਿਆ, "ਜੇਲ੍ਹ ਦੇ ਸਾਰੇ ਗੇਟ ਖੁੱਲ੍ਹੇ ਹੋਏ ਸਨ। ਪੂਰਾ ਜੇਲ੍ਹ ਸਟਾਫ, ਜਿਨ੍ਹਾਂ ਵਿੱਚ ਗੇਟਕੀਪਰ, ਸੁਰੱਖਿਆ ਗਾਰਡ ਅਤੇ ਇੱਥੋਂ ਤੱਕ ਕਿ ਡਿਊਟੀ ਅਫ਼ਸਰ ਸ਼ਿਵਾਰਜ ਯਾਦਵ ਜਾਂ ਤਾਂ ਸੁੱਤੇ ਹੋਏ ਸਨ ਜਾਂ ਹੈਰਾਨ ਖੜ੍ਹੇ ਹੋਏ ਸਨ। ਜੇਲ੍ਹ ਗੇਟ ਦੀਆਂ ਚਾਬੀਆਂ ਆਪਣੇ ਨਿਰਧਾਰਿਤ ਸਥਾਨ ʼਤੇ ਨਹੀਂ ਸਨ।"

ਤਿਹਾੜ ਜੇਲ੍ਹ ਵਿੱਚ ਤਾਮਿਲਨਾਡੂ ਪੁਲਿਸ ਦੇ ਕਰਮਚਾਰੀ ਤੈਨਾਤ ਕੀਤੇ ਗਏ ਸਨ ਤਾਂ ਜੋ ਉਹ ਉੱਤਰੀ ਭਾਰਤੀ ਅਪਰਾਧੀਆਂ ਨਾਲ ਜ਼ਿਆਦਾ ਮੇਲਜੋਲ ਨਾ ਵਧਾਉਣ ਪਰ ਉਹ ਵੀ ਬੇਹੋਸ਼ ਪਏ ਹੋਏ ਸਨ।

ਤਿਹਾੜ ਜੇਲ੍ਹ ਦੇ 900 ਕੈਦੀਆਂ ਵਿੱਚੋਂ, ਉਸ ਦਿਨ 12 ਕੈਦੀ ਜੇਲ੍ਹ ਵਿੱਚੋਂ ਫਰਾਰ ਹੋ ਗਏ ਸਨ।

ਮਿਠਾਈ ਵਿੱਚ ਨਸ਼ੀਲੀ ਦਵਾਈ

ਸੁਨੀਲ ਗੁਪਤਾ ਯਾਦ ਕਰਦੇ ਹਨ, "ਉਸ ਦਿਨ ਮੈਂ ਘਰ ਦੂਰਦਰਸ਼ਨ 'ਤੇ ਇੱਕ ਫਿਲਮ ਦੇਖ ਰਿਹਾ ਸੀ। ਫਿਰ ਦੂਰਦਰਸ਼ਨ ਨੇ ਫਿਲਮ ਬੰਦ ਕਰ ਦਿੱਤੀ ਅਤੇ ਐਲਾਨ ਕੀਤਾ ਕਿ ਚਾਰਲਸ ਸ਼ੋਭਰਾਜ ਤਿਹਾੜ ਜੇਲ੍ਹ ਤੋਂ ਫਰਾਰ ਹੋ ਗਿਆ ਹੈ।"

"ਮੈਂ ਤੁਰੰਤ ਜੇਲ੍ਹ ਪਹੁੰਚ ਗਿਆ। ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਹਰ ਬੇਹੋਸ਼ ਸਿਪਾਹੀ ਦੇ ਹੱਥ ਵਿੱਚ 50 ਰੁਪਏ ਦਾ ਨੋਟ ਫਸਿਆ ਪਿਆ ਸੀ।"

"ਇਸ ਨਾਲ ਇਹ ਧਾਰਨਾ ਬਣ ਗਈ ਕਿ ਆਪਣਾ ਜਨਮਦਿਨ ਮਨਾਉਣ ਦੇ ਬਹਾਨੇ, ਸ਼ੋਭਰਾਜ ਨੇ ਪਹਿਲਾਂ ਕਾਂਸਟੇਬਲਾਂ ਨੂੰ 50 ਰੁਪਏ ਦਾ ਲਾਲਚ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਨਸ਼ੀਲੀ ਦਵਾਈ ਵਾਲੀ ਮਠਿਆਈ ਖੁਆਈ।"

ਸੁਨੀਲ ਗੁਪਤਾ ਦੇ ਅਨੁਸਾਰ, "ਦਿੱਲੀ ਦੇ ਡਿਪਟੀ ਪੁਲਿਸ ਕਮਿਸ਼ਨਰ ਅਜੇ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਲੋਕਾਂ ਨੇ ਤਿਹਾੜ ਜੇਲ੍ਹ ਵਿੱਚ ਆ ਕੇ ਇੱਕ ਕੈਦੀ ਦੇ ਜਨਮ ਦਿਨ ਮਨਾਉਣ ਲਈ ਕੈਦੀਆਂ ਵਿਚਾਲੇ ਫ਼ਲ ਅਤੇ ਮਠਿਆਈ ਵੰਡਣ ਦੀ ਬੇਨਤੀ ਕੀਤੀ ਸੀ।"

"ਜਦੋਂ ਵਾਰਡਨ ਸ਼ਿਵਰਾਜ ਯਾਦਵ ਨੇ ਇਹ ਮਨਜ਼ੂਰੀ ਦੇ ਦਿੱਤੀ ਤਾਂ ਉਨ੍ਹਾਂ ਨੇ ਯਾਦਵ ਅਤੇ ਪੰਜ ਹੋਰ ਗਾਰਡਾਂ ਨੂੰ ਦਵਾਈ ਵਾਲੀ ਮਠਿਆਈ ਖੁਆ ਦਿੱਤੀ ਸੀ। ਮਠਿਆਈ ਖਾਂਦੇ ਹੀ ਇਹ ਸਾਰੇ ਬੇਹੋਸ਼ ਹੋ ਗਏ ਸਨ ਅਤੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਹੋਸ਼ ਆਇਆ ਸੀ।"

ਉਹ ਅੱਗੇ ਦੱਸਦੇ ਹਨ, "ਜਾਂਚ ਕਰਨ ʼਤੇ ਪਤਾ ਲੱਗਾ ਕਿ ਇੱਕ ਬ੍ਰਿਟਿਸ਼ ਨਾਗਰਿਕ ਡੇਵਿਡ ਹਾਲ ਨੂੰ ਕੁਝ ਦਿਨ ਪਹਿਲਾਂ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਸ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।"

"ਸ਼ੋਭਰਾਜ ਨਾਲ ਉਸ ਦੀ ਦੋਸਤੀ ਹੋ ਗਈ ਸੀ ਕਿਉਂਕਿ ਸ਼ੋਭਰਾਜ ਨੇ ਉਸ ਦੀ ਜ਼ਮਾਨਤ ਪਟੀਸ਼ਨ ਲਿਖਣ ਵਿੱਚ ਉਸ ਦੀ ਮਦਦ ਕੀਤੀ ਸੀ।"

"ਰਿਕਾਰਡ ਦੀ ਜਾਂਚ ਕਰਨ ਤੋਂ ਪਤਾ ਲੱਗਾ ਕਿ ਸ਼ੋਭਰਾਜ ਦੇ ਭੱਜਣ ਤੋਂ ਪਹਿਲਾਂ ਹਾਲ ਉਸ ਨਾਲ ਮਿਲਿਆ ਸੀ ਅਤੇ ਉਸ ਨੇ ਇੱਕ ਪੈਕੇਟ ਉਨ੍ਹਾਂ ਦੇ ਹਵਾਲੇ ਕੀਤਾ ਸੀ। ਹਾਲ ਨੂੰ ਸਿਰਫ਼ 12 ਹਜ਼ਾਰ ਰੁਪਏ ਵਿੱਚ ਜ਼ਮਾਨਤ ਮਿਲ ਗਈ ਸੀ।"

"ਆਮ ਅਪਰਾਧੀ ਜ਼ਮਾਨਤ ਮਿਲਦੇ ਹੀ ਆਪਣੇ ਘਰ ਦੀ ਰਾਹ ਲੈਂਦੇ ਸਨ ਪਰ ਹਾਲ ਨੇ ਤਿਹਾੜ ਵਾਪਸ ਆ ਕੇ ਸ਼ੋਭਰਾਜ ਦੇ ਭੱਜਣ ਵਿੱਚ ਮਦਦ ਕੀਤੀ।"

"ਤਿਹਾੜ ਜੇਲ੍ਹ ਤੋਂ ਬਾਹਰ ਇੱਕ ਗੱਡੀ ਸ਼ੋਭਰਾਜ ਦਾ ਇੰਤਜ਼ਾਰ ਕਰ ਰਹੀ ਸੀ। ਉਹ ਆਪਣੇ ਨਾਲ ਤਿਹਾੜ ਜੇਲ੍ਹ ਦੇ ਸਿਪਾਹੀ ਨੂੰ ਕਿਡਨੈਪ ਕਰ ਕੇ ਲੈ ਗਏ ਸਨ, ਤਾਂ ਜੋ ਉੱਥੇ ਤੈਨਾਤ ਤਾਮਿਲਨਾਡੂ ਪੁਲਿਸ ਦੇ ਜਵਾਨਾਂ ਨੂੰ ਲੱਗੇ ਕਿ ਪੁਲਿਸ ਦੀ ਸਹਿਮਤੀ ਨਾਲ ਸ਼ੋਭਰਾਜ ਜੇਲ੍ਹ ʼਚੋਂ ਭੱਜਿਆ ਜਾ ਰਿਹਾ ਹੈ।"

ਗੋਆ ਵਿੱਚ ਗ੍ਰਿਫ਼ਤਾਰੀ

ਇੱਕ ਰਿਪੋਰਟ ਮੁਤਾਬਕ, ਸ਼ੋਭਰਾਜ ਨੇ ʻਲਾਪੋਰਜ਼ʼ (ਨੀਂਦ ਦੀ ਗੋਲੀ) ਦੀ 820 ਗੋਲੀਆਂ ਦੀ ਵਰਤੋਂ ਮਠਿਆਈ ਵਿੱਚ ਮਿਲਾਉਣ ਲਈ ਕੀਤੀ ਸੀ।

ਘਟਨਾ ਤੋਂ ਬਾਅਦ ਦਿੱਲੀ ਦੇ ਉੱਪ ਰਾਜਪਾਲ ਐੱਚਕੇਐੱਲ ਕਪੂਰ ਅਤੇ ਪੁਲਿਸ ਕਮਿਸ਼ਨ ਵੇਦ ਮਾਰਵਾਹ ਨੇ ਤਿਹਾੜ ਜੇਲ੍ਹ ਦਾ ਦੌਰਾ ਕੀਤਾ ਸੀ ਅਤੇ ਵੀਡੀ ਪੁਸ਼ਕਰਨਾ ਅਤੇ ਦੂਜੇ ਪੰਜ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ ਸਨ।

ਪਰ ਸ਼ੋਭਰਾਜ ਸਿਰਫ਼ 23 ਦਿਨ ਹੀ ਤਿਹਾੜ ਜੇਲ੍ਹ ਤੋਂ ਬਾਹਰ ਰਹਿ ਸਕਿਆ। ਉਸ ਨੂੰ ਮੁੰਬਈ ਪੁਲਿਸ ਦੇ ਇੰਸਪੈਕਟਰ ਮਧੁਕਰ ਜ਼ੈਂਡੇ ਨੇ ਗੋਆ ਦੇ ਇੱਕ ਰੈਸਟੋਰੈਂਟ ਵਿੱਚੋਂ ਗ੍ਰਿਫ਼ਤਾਰ ਕਰ ਲਿਆ।

ਉਨ੍ਹਾਂ ਟੈਲੀਫੋਨ ਐਕਸਚੈਂਜ ਰਾਹੀਂ ਸੁਰਾਗ਼ ਮਿਲਿਆ ਕਿ ਸ਼ੋਭਰਾਜ ਇੱਥੋਂ ਓਕੋਕੇਰਾ ਰੈਸਟੋਰੈਂਟ ਵਿੱਚ ਆ ਸਕਦਾ ਹੈ।

ਜ਼ੈਂਡੇ ਯਾਦ ਕਰਦੇ ਹਨ, "ਛੇ ਅਪ੍ਰੈਲ ਦੀ ਰਾਤ ਸਾਢੇ ਦਸ ਵਜੇ ਭਾਰਤ-ਪਾਕਿਸਤਾਨ ਦਾ ਹਾਕੀ ਮੈਚ ਟੀਵੀ ʼਤੇ ਚੱਲ ਰਿਹਾ ਸੀ। ਹੋਟਲ ਦਾ ਵੱਡਾ ਵਿਹੜਾ ਸੀ। ਅੰਦਰ ਇੱਕ ਰੂਮ ਸੀ। ਅਸੀਂ ਇਨਰ ਰੂਮ ਵਿੱਚ ਬੈਠੇ ਹੋਏ ਸੀ।"

"ਮੈਂ ਦੇਖਿਆ ਕਿ ਗੇਟ ਦੇ ਬਾਹਰ ਦੋ ਆਦਮੀ ਟੈਕਸੀ ਤੋਂ ਉਤਰੇ ਹਨ। ਉਨ੍ਹਾਂ ਨੇ ਸਨ ਹੈਟ ਪਹਿਨੀ ਹੋਈ ਸੀ। ਮੈਂ ਸੋਚਿਆ ਇੰਨੀ ਰਾਤ ਵਿੱਚ ਸਨ ਹੈਟ ਕਿਉਂ ਪਹਿਨੀ ਹੋਈ ਹੈ? ਜਦੋਂ ਉਹ ਅੱਗੇ ਆਇਆ ਤਾਂ ਮੈਂ ਦੇਖਿਆ ਕਿ ਇਹ ਤਾਂ ਚਾਰਲਸ ਸ਼ੋਭਰਾਜ ਵਰਗਾ ਲੱਗ ਰਿਹਾ ਹੈ। ਉਸ ਦੇ ਨਾਲ ਉਸ ਦਾ ਦੋਸਤ ਡੇਵਿਡ ਹਾਲ ਸੀ। ਉਸ ਨੂੰ ਦੇਖ ਕੇ ਮੇਰੀ ਛਾਤੀ ਧਕ-ਧਕ ਕਰਨ ਲੱਗੀ।"

ਜ਼ੈਂਡੇ ਅੱਗੇ ਦੱਸਦੇ ਹਨ, "ਮੈਂ ਅਚਾਨਕ ਆਪਣੀ ਥਾਂ ਤੋਂ ਉੱਠਿਆ ਅਤੇ ਪਿੱਛਿਓਂ ਉਸ ਦਾ ਢਿੱਡ ਫੜ੍ਹ ਕੇ ਚੀਰਿਆ, ʻਚਾਰਲਸʼ। ਉਸ ਨੇ ਜਵਾਬ ਦਿੱਤਾ "ਹੂ ਚਾਲਰਸਜ?ʼ ਮੈਂ ਕਿਹਾ, ʻਯੂ ਆਰ ਬਲੱਡੀ ਚਾਰਲਸ ਸ਼ੋਭਰਾਜʼ।"

ਉਸ ਨੇ ਕਿਹਾ, ʻਆਰ ਯੂ ਕ੍ਰੇਜ਼ੀ?ʼ ਮੈਂ ਕਿਹਾ, ʻਆਈ ਐਮ ਸੇਮ ਜ਼ੈਂਡੇ ਹੂ ਕੌਟ ਯੂ ਇਨ 71।ʼ ਇਹ ਬੋਲਣ ਤੋਂ ਬਾਅਦ ਉਸ ਦੀ ਹਿੰਮਤ ਟੁੱਟ ਗਈ।"

"ਅਸੀਂ ਕੋਈ ਹਥਕੜੀ ਵਗੈਰਾ ਨਹੀਂ ਲੈ ਕੇ ਗਏ ਸੀ। ਅਸੀਂ ਹੋਟਲ ਵਾਲੇ ਨੂੰ ਕਿਹਾ ਕਿ ਤੁਹਾਡੇ ਕੋਲ ਜਿੰਨੀਆਂ ਵੀ ਰੱਸੀਆਂ ਵਗੈਰਾ ਹਨ ਸਾਨੂੰ ਦੇ ਦਿਓ। ਅਸੀਂ ਉਸ ਨੂੰ ਰੱਸੀ ਨਾਲ ਬੰਨ੍ਹਾ ਦਿੱਤਾ ਅਤੇ ਕਮਿਸ਼ਨਰ ਨੂੰ ਫੋਨ ਕੀਤਾ ਕਿ ਅਸੀਂ ਚਾਰਲਸ ਨੂੰ ਫੜ੍ਹ ਲਿਆ ਹੈ।"

ਸ਼ੋਭਰਾਜ ਨੂੰ ਹਥਕੜੀਆਂ ਅਤੇ ਸੰਗਲਾਂ ਵਿੱਚ ਰੱਖਿਆ ਗਿਆ

ਜ਼ੈਂਡੇ ਕੋਲੋਂ ਸ਼ੋਭਰਾਜ ਦੀ ਕਸਟਡੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਅਮੋਦ ਕੰਠ ਨੇ ਲਈ ਅਤੇ ਉਹ ਉਨ੍ਹਾਂ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲੈ ਆਏ।

ਜੇਲ੍ਹ ਤੋਂ ਭੱਜਣ ਕਾਰਨ ਸ਼ੋਭਰਾਜ ਦੀ ਜੇਲ੍ਹ ਦੀ ਸਜ਼ਾ ਵਧ ਗਈ। ਉਨ੍ਹਾਂ ਦੀ ਥਾਈਲੈਂਡ ਹਵਾਲਗੀ ਰੁਕ ਗਈ, ਜਿੱਥੇ ਕਤਲਾਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਸ਼ਰਤੀਆ ਮੌਤ ਦੀ ਸਜ਼ਾ ਮਿਲਦੀ।

ਤਿਹਾੜ ਜੇਲ੍ਹ ਵਾਪਸ ਆਉਣ ਮਗਰੋਂ ਉਨ੍ਹਾਂ ਦੀ ਸਾਰੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ।

ਉਨ੍ਹਾਂ ਨੂੰ ਦੂਜੇ ਕੈਦੀਆਂ ਤੋਂ ਵੱਖ ਕਰ ਕੇ ਹਥਕੜੀਆਂ ਅਤੇ ਸੰਗਲਾਂ ਵਿੱਚ ਰੱਖਿਆ ਜਾਣ ਲੱਗਾ ਅਤੇ ਬਿਨਾਂ ਕਿਸੇ ਸੁਰੱਖਿਆ ਕਰਮੀ ਦੇ ਉਨ੍ਹਾਂ ਦੇ ਕਿਤੇ ਜਾਣ ʼਤੇ ਰੋਕ ਲਗਾ ਦਿੱਤੀ।

ਪਰ ਅਦਾਲਤ ਜਾਣ ਵੇਲੇ ਉਹ ਬਾਹਰੀ ਲੋਕਾਂ ਨਾਲ ਅਜੇ ਵੀ ਮਿਲਦੇ ਰਹੇ।

ਇੰਡੀਆ ਟੂਡੇ ਨੇ ਸਤੰਬਰ, 1986 ਦੇ ਅੰਕ ਵਿੱਚ ਲਿਖਿਆ, "ਚਾਰਲਸ ਜ਼ਿਆਦਾ ਤੋਂ ਜ਼ਿਆਦਾ ਸਮਾਂ ਅਦਾਲਤ ਵਿੱਚ ਬਿਤਾਉਣਾ ਚਾਹੁੰਦਾ ਹੈ ਤਾਂ ਜੋ ਉਸ ਨੂੰ ਸੰਗਲ ਪਹਿਨਣ ਤੋਂ ਮੁਕਤੀ ਮਿਸ ਸਕੇ। ਉਹ ਅਦਾਲਤ ਵਿੱਚ ਨਿਆਂਇਕ ਹਿਰਾਸਤ ਦੌਰਾਨ ਆਪਣੀ ਪਸੰਦ ਦਾ ਖਾਣਾ ਖਾਣ ਅਤੇ ਆਪਣੀ ਵਕੀਲ ਸਨੇਹ ਸੈਂਗਰ ਨਾਲ ਮਿਲਣ ਤੇ ਆਪਣੇ ਕੇਸ ਸਬੰਧੀ ਫਾਇਲਾਂ ਨੂੰ ਦੇਖਣ ਦੀ ਮੰਗ ਕਰਦਾ, ਜੋ ਉਸ ਨੂੰ ਮਿਲਦੀ ਹੈ।"

"ਫਿਰ ਉਸ ਦਾ ਧਿਆਨ ਉਸ ਲਈ ਪੋਲੀਥੀਨ ਵਿੱਚ ਲਿਆਂਦੀ ਗਈ ਚਿਕਨ ਬਰਿਆਨੀ ਵੱਲ ਜਾਂਦਾ ਹੈ। ਫਿਰ ਉਹ ਇੱਕ ਵਿਅਕਤੀ ਨੂੰ ਕਹਿੰਦਾ ਹੈ ਕਿ ਉਹ ਉਸ ਲਈ ਲਿਮਕਾ ਲੈ ਕੇ ਆਵੇ।"

ਜੇਲ੍ਹ ਵਿੱਚ ਇੰਨੀ ਵੱਡਾ ਸੁਰੱਖਿਆ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਕੋਲੋਂ ਥੋੜ੍ਹੀ ਮਾਤਰਾ ਵਿੱਚ ਹਸ਼ੀਸ਼ ਬਰਾਮਦ ਹੋਈ ਸੀ। ਉਸ ਨੂੰ ਬ੍ਰੈਡ ਦੀਆਂ ਦੋ ਸਲਾਈਸਾਂ ਵਿੱਚ ਰੱਖ ਕੇ ਲਿਆਂਦਾ ਗਿਆ ਸੀ।

ਇਸ ਲਈ ਦੋ ਸਿਪਾਹੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਸ਼ੋਭਰਾਜ ਕਾਰਨ ਹੋਇਆ ਕਿਰਨ ਬੇਦੀ ਦਾ ਤਬਾਦਲਾ

ਸੁਨੀਲ ਗੁਪਤਾ ਦੱਸਦੇ ਹਨ ਕਿ ਚਾਰਲਸ ਸ਼ੋਭਰਾਜ ਤਿਹਾੜ ਜੇਲ੍ਹ ਆਈਜੀ ਕਿਰਨ ਬੇਦੀ ਦੇ ਤਬਾਦਲੇ ਦਾ ਕਾਰਨ ਬਣਿਆ ਸੀ।

ਕਿਰਨ ਬੇਦੀ ਨੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਦੇ ਲੀਗਲ ਸੈੱਲ ਵਿੱਚ ਅਟੈਚ ਕਰ ਦਿੱਤਾ ਸੀ। ਉਨ੍ਹਾਂ ਨੂੰ ਕੈਦੀਆਂ ਦੀਆਂ ਪਟੀਸ਼ਨਾਂ ਟਾਈਪ ਕਰਨ ਲਈ ਟਾਈਪਰਾਈਟਰ ਦਿੱਤਾ ਗਿਆ ਸੀ।

ਇਸ ਵਿੱਚ ਕੁਝ ਵੀ ਗ਼ੈਰ-ਕਾਨੂੰਨੀ ਨਹੀਂ ਸੀ। ਹਾਲਾਂਕਿ ਤਬਾਦਲੇ ਦਾ ਕਾਰਨ ਦੱਸਿਆ ਗਿਆ ਕਿ ਟਾਈਪਰਾਈਟਰ ਇੱਕ ਲਗਜ਼ਰੀ ਚੀਜ਼ ਹੈ ਅਤੇ ਸ਼ੋਭਰਾਜ ਇਸ ਦੀ ਮਦਦ ਨਾਲ ਕਿਤਾਬਾਂ ਲਿਖ ਕੇ ਆਪਣੇ ਕਾਰਨਾਮਿਆਂ ਦੀ ਵਡਿਆਈ ਕਰ ਰਹੇ ਸਨ।

ਇਹ ਕਹਿ ਕੇ ਮੈਗਸੇਸੇ ਪੁਰਸਕਾਰ ਜੇਤੂ ਕਿਰਨ ਬੇਦੀ ਦਾ ਦੂਜੀ ਥਾਂ ਤਬਾਦਲਾ ਕਰ ਦਿੱਤਾ ਗਿਆ ਸੀ।

ਨੇਪਾਲ ਦੀ ਜੇਲ੍ਹ ਵਿੱਚ ਵੀ ਕੱਟੇ 19 ਸਾਲ

ਤਿਹਾੜ ਜੇਲ੍ਹ ਵਿੱਚ 20 ਕੱਟਣ ਤੋਂ ਬਾਅਦ 17 ਫਰਵਰੀ, 1997 ਨੂੰ ਚਾਰਲਸ ਸ਼ੋਭਰਾਜ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਉਸ ਵੇਲੇ ਉਨ੍ਹਾਂ ਦੀ ਉਮਰ 53 ਸਾਲ ਦੀ ਸੀ।

ਪਰ ਉਨ੍ਹਾਂ ਦੀਆਂ ਕਠਿਨਾਈਆਂ ਦਾ ਉਦੋਂ ਅੰਤ ਨਹੀਂ ਹੋਇਆ ਸੀ। ਉਸ ਨੂੰ ਛੇ ਸਾਲ ਬਾਅਦ 2003 ਵਿੱਚ ਨੇਪਾਲ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ

21 ਦਸੰਬਰ, 2022 ਨੂੰ ਨੇਪਾਲ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦੇ ਦਿੱਤੇ। ਉਨ੍ਹਾਂ ਨੂੰ ਉੱਥੋਂ ਫਰਾਂਸ ਭੇਜ ਦਿੱਤਾ ਗਿਆ ਜਿੱਥੇ ਉਹ ਅੱਜ ਵੀ ਰਹਿ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)