You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਕੇਲੇ ਦੀ ਖੇਤੀ: ਗੁਰਦਾਸਪੁਰ ਦੇ ਇਸ ਕਿਸਾਨ ਨੇ ਕਿਵੇਂ ਬਣਾਇਆ ਇਸ ਨੂੰ ਲਾਹੇਵੰਦ, ਜਾਣੋ ਇਸ ਦੇ ਨਫ਼ੇ ਤੇ ਨੁਕਸਾਨ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਕਈ ਅਗਾਂਹ ਵਧੂ ਕਿਸਾਨ ਹੁਣ ਰਵਾਈਤੀ ਫਸਲਾਂ ਦੇ ਬਦਲ ਅਪਣਾ ਰਹੇ ਹਨ। ਉਹ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਵੱਲ ਰੁੱਖ ਕਰ ਰਹੇ ਹਨ।
ਅਜਿਹਾ ਹੀ ਇੱਕ ਵੱਡਾ ਬਦਲਾਅ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਸਤਨਾਮ ਸਿੰਘ ਨੇ ਵੀ ਅਪਣਾਇਆ।
ਸਤਨਾਮ ਸਿੰਘ ਵੱਲੋਂ ਆਪਣੇ 5 ਏਕੜ ਖੇਤੀ ਰਕਬੇ ਦੇ ਮਹਿਜ਼ ਇਕ ਏਕੜ ਵਿੱਚ ਕਣਕ ਜਾਂ ਬਾਸਮਤੀ ਦੀ ਬਿਜਾਈ ਕੀਤੀ ਗਈ ਜੋ ਕਿ ਆਪਣੇ ਘਰ ਲਈ ਹੈ, ਜਦਕਿ ਬਾਕੀ ਤਿੰਨ ਏਕੜ 'ਚ ਕੇਲੇ ਦੇ ਬੂਟੇ ਲਗਾਏ ਗਏ ਅਤੇ ਇਕ ਏਕੜ 'ਚ ਹਲਦੀ ਦੀ ਕਾਸ਼ਤ ਕੀਤੀ ਗਈ ਹੈ।
ਗੁਰਦਾਸਪੁਰ ਸ਼ਹਿਰ ਤੋਂ ਕੁਝ ਹੀ ਦੂਰੀ 'ਤੇ ਇਹ ਫਾਰਮ ਨੇੜਲੇ ਇਲਾਕੇ ਦੀਆਂ ਫਸਲਾਂ ਤੋਂ ਬਿਲਕੁਲ ਵੱਖਰਾ ਹੀ ਦਿਖਾਈ ਦਿੰਦਾ ਹੈ। ਦੂਰੋਂ ਹੀ ਇਸ ਫਾਰਮ ਦੀ ਪਹਿਚਾਣ ਹੋ ਜਾਂਦੀ ਹੈ ਅਤੇ ਪਤਾ ਲੱਗਦਾ ਹੈ ਕਿ ਇੱਥੇ ਕੁਝ ਅਲੱਗ ਤਰ੍ਹਾਂ ਦੀ ਖੇਤੀ ਕੀਤੀ ਜਾ ਰਹੀ ਹੈ।
ਤਿੰਨ ਏਕੜ 'ਚ ਲੱਗੇ ਕੇਲਿਆਂ ਦੇ ਬੂਟੇ ਹੁਣ ਪੂਰੀ ਤਰ੍ਹਾਂ ਫਲਦਾਰ ਹੋ ਗਏ ਹਨ। ਇਸ ਫਾਰਮ ਦੇ ਮਾਲਕ ਕਿਸਾਨ ਸਤਨਾਮ ਸਿੰਘ ਦੀ ਉਮਰ 60 ਸਾਲ ਹੈ। ਉਹ ਦੱਸਦੇ ਹਨ ਕਿ ਪਹਿਲਾਂ ਉਹ ਵੀ ਹੋਰਨਾਂ ਕਿਸਾਨਾਂ ਵਾਂਗ ਕਣਕ ਝੋਨੇ ਦੀ ਬਿਜਾਈ ਕਰਦੇ ਸਨ। ਪਰ ਪਿਛਲੇ ਸਾਲ ਹੀ ਉਹਨਾਂ ਨੇ ਆਪਣੀ ਖੇਤੀ 'ਚ ਬਦਲਾਅ ਕਰਦੇ ਹੋਏ ਕੇਲੇ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।
ਕਿਵੇਂ ਹੋਈ ਕੇਲੇ ਦੇ ਫਾਰਮ ਦੀ ਸ਼ੁਰੂਆਤ
ਕਿਸਾਨ ਸਤਨਾਮ ਸਿੰਘ ਦੱਸਦੇ ਹਨ ਕਿ ਉਹ ਬਹੁਤ ਸਮਾਂ ਪਹਿਲਾਂ ਇੱਕ ਨਰਸਰੀ ਚਲਾ ਰਹੇ ਸਨ ਅਤੇ ਉਸ ਦੌਰਾਨ ਉਹਨਾਂ ਨੇ ਵੱਡੇ ਪੱਧਰ ਉੱਤੇ ਫੁੱਲਾਂ ਦੀ ਖੇਤੀ ਕੀਤੀ।
ਕਰੀਬ 17 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕੀਤੀ ਇਸ ਖੇਤੀ ਤੋਂ ਉਨ੍ਹਾਂ ਨੇ ਵਧੀਆ ਮੁਨਾਫ਼ਾ ਕਮਾਇਆ ਪਰ ਫਿਰ ਫੁੱਲਾਂ ਦੀ ਖੇਤੀ ਵੀ ਛੱਡ ਦਿੱਤੀ ਅਤੇ ਇਸ ਜ਼ਮੀਨ 'ਤੇ ਕਣਕ ਝੋਨੇ ਦੀ ਬਿਜਾਈ ਕਰਨੀ ਸ਼ੁਰੂ ਕੀਤੀ।
ਇਸੇ ਵਿਚਾਲੇ ਉਹਨਾਂ ਨੇ ਆਪਣਾ ਸ਼ੌਂਕ ਪੁਗਾਉਂਦਿਆਂ ਕਰੀਬ ਤਿੰਨ ਸਾਲ ਪਹਿਲਾਂ ਨਰਸਰੀ ਵਾਲੀ ਥਾਂ 'ਤੇ ਕੇਲੇ ਦੇ ਮਹਿਜ਼ 4 ਬੂਟੇ ਲਾਏ ਸਨ। ਉਨ੍ਹਾਂ ਦੇਖਿਆ ਕਿ ਜਸ ਦਾ ਝਾੜ ਵੀ ਸਹੀ ਹੋਇਆ ਅਤੇ ਫਲ ਵੀ ਬਹੁਤ ਚੰਗਾ ਆ ਰਿਹਾ ਸੀ।
ਇਸ ਮਗਰੋਂ ਉਨ੍ਹਾਂ ਨੇ ਕੇਲੇ ਦੀ ਖੇਤੀ ਬਾਰੇ ਹੋਰ ਡੂੰਘਾਈ ਨਾਲ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਹੋਰਨਾਂ ਜ਼ਿਲ੍ਹਿਆਂ, ਲੁਧਿਆਣਾ ਅਤੇ ਰੋਪੜ ਵੱਲ ਦੇ ਕੁਝ ਕਿਸਾਨ ਜੋ ਇਹ ਖੇਤੀ ਕਰ ਰਹੇ ਸਨ, ਉਨ੍ਹਾਂ ਤੋਂ ਇਸ ਦੇ ਲਾਭ ਅਤੇ ਨੁਕਸਾਨ ਬਾਰੇ ਜਾਣਕਾਰੀ ਲਈ।
ਸਭ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਦਿੱਲੀ ਤੋਂ ਟਿਸ਼ੂ ਕਲਚਰ ਰਾਹੀਂ ਤਿਆਰ ਕੀਤੇ ਕੇਲੇ ਦੇ ਬੂਟੇ ਲਿਆ ਕੇ ਜੂਨ ਮਹੀਨੇ 'ਚ ਆਪਣੇ ਫਾਰਮ ਵਿੱਚ ਲਗਾਏ।
ਕਿਸਾਨ ਸਤਨਾਮ ਸਿੰਘ ਮੁਤਾਬਕ ਜਦ ਉਨ੍ਹਾਂ ਨੇ ਕੇਲੇ ਦੀ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਪਰਿਵਾਰ ਨੇ ਤਾਂ ਸਾਥ ਦਿੱਤਾ ਪਰ ਲੋਕ ਮਖੌਲ ਕਰਦੇ ਸਨ। ਅਤੇ ਅੱਜ ਉਹੀ ਲੋਕ ਪੁੱਛਦੇ ਹਨ ਕਿ ਇਹ ਖੇਤੀ ਕਿਵੇਂ ਅਪਣਾਉਣੀ ਹੈ।
ਸਤਨਾਮ ਸਿੰਘ ਨੇ ਕਿਹਾ ਕਿ ਇਸ ਫਾਰਮ ਦੀ ਸ਼ੁਰੂਆਤ ਕਰਨ ਲਈ ਉਹਨਾਂ ਦੇ ਪਰਿਵਾਰ ਅਤੇ ਦੋਵੇਂ ਪੁੱਤਾਂ ਨੇ ਬਹੁਤ ਉਤਸ਼ਾਹਿਤ ਕੀਤਾ। ਉਹਨਾਂ ਦੇ ਪੁੱਤ ਵਿਦੇਸ਼ 'ਚ ਰਹਿੰਦੇ ਹਨ।
ਕੇਲੇ ਦੀ ਖੇਤੀ ਲਈ ਵੱਧ ਸੰਭਾਲ ਦੀ ਲੋੜ
ਕਿਸਾਨ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਇਸ ਖੇਤੀ 'ਚ ਲੇਬਰ ਦੀ ਬਹੁਤੀ ਲੋੜ ਨਹੀਂ ਹੈ ਪਰ ਇਹ ਇੱਕ ਤਕਨੀਕੀ ਖੇਤੀ ਹੈ ਅਤੇ ਇਸ ਨੂੰ ਸਾਂਭ ਸੰਭਾਲ ਦੀ ਬੇਹੱਦ ਲੋੜ ਹੈ।
ਇਸ ਗੱਲ ਦਾ ਉਹਨਾਂ ਨੂੰ ਵੀ ਉਸ ਸਮੇਂ ਅਹਿਸਾਸ ਹੋਇਆ ਜਦ ਸਰਦੀਆਂ ਦੇ ਦਿਨਾਂ ਦੌਰਾਨ ਉਹਨਾਂ ਦਾ ਇਹ ਪੂਰਾ ਬਾਗ਼ ਇੱਕ ਤਰ੍ਹਾਂ ਨਾਲ ਸੜ ਹੀ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਉਹ ਇਹ ਸਭ ਦੇਖ ਕੇ ਚਿੰਤਤ ਸਨ ਉਥੇ ਹੀ ਲੋਕ ਮਖੌਲ ਕਰਦੇ ਸਨ ਕਿ ਤੈਨੂੰ ਤਾਂ ਆਖਿਆ ਸੀ ਕਿ ਪੰਜਾਬ 'ਚ ਕੇਲੇ ਨਹੀਂ ਹੁੰਦੇ।
ਸਤਨਾਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਇਸ ਮਗਰੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਸੰਪਰਕ ਕੀਤਾ, ਜਿੱਥੇ ਮਾਹਰਾਂ ਦੀ ਟੀਮ ਵੱਲੋਂ ਦਿੱਤੇ ਸੁਝਾਅ ਉਨ੍ਹਾਂ ਨੇ ਆਪਣਾਏ ਅਤੇ ਅੱਜ ਇਹ ਸਫ਼ਲ ਨਤੀਜਾ ਨਿਕਲਿਆ।
ਉਨ੍ਹਾਂ ਦੇ ਕਰੀਬ ਸਾਰੇ ਬੂਟੇ ਫਲਦਾਰ ਹਨ ਅਤੇ ਹੁਣ ਇੱਕ ਮਹੀਨੇ ਦੇ ਅੰਦਰ ਇਹ ਬਜ਼ਾਰ 'ਚ ਵਿਕਣ ਲਈ ਤਿਆਰ ਹੋਵੇਗਾ ਜਿਸ ਨਾਲ ਉਹਨਾਂ ਨੂੰ ਚੰਗਾ ਮੁਨਾਫ਼ਾ ਹੋਣ ਦੀ ਉਮੀਦ ਹੈ।
ਸਤਨਾਮ ਸਿੰਘ ਮੁਤਾਬਕ ਇੱਕ ਵਾਰ ਲਾਇਆ ਬੂਟਾ ਚਾਹੇ ਇੱਕ ਸਾਲ ਹੀ ਫਲ ਦਿੰਦਾ ਹੈ ਪਰ ਅਗਲੇ ਸਾਲ ਲਈ ਉਸ ਦੇ ਨਾਲ ਹੀ ਛੋਟਾ ਬੂਟਾ ਵੀ ਤਿਆਰ ਹੋ ਜਾਂਦਾ ਹੈ ਅਤੇ ਇਸੇ ਤਰ੍ਹਾ ਤਿੰਨ ਸਾਲ ਤੱਕ ਫਲ ਮਿਲਦਾ ਰਹਿੰਦਾ ਹੈ।
ਇੱਕ ਏਕੜ 'ਚ ਕਰੀਬ ਇਕ ਲੱਖ ਰੁਪਏ ਦੀ ਕੁੱਲ ਲਾਗਤ ਹੈ ਅਤੇ ਉਨ੍ਹਾਂ ਨੂੰ ਕਰੀਬ 6 ਲੱਖ ਰੁਪਏ ਦੀ ਆਮਦਨ ਹੋਣ ਦੀ ਪੂਰੀ ਉਮੀਦ ਹੈ।
ਸਤਨਾਮ ਸਿੰਘ ਨੇ ਦੱਸਿਆ ਕੀ ਇਹ ਬੂਟੇ ਇੱਕ ਤਕਨੀਕ ਨਾਲ ਲਗਾਏ ਜਾਂਦੇ ਹਨ। ਇਸ ਨਾਲ ਇੱਕ ਏਕੜ 'ਚ ਕਰੀਬ 1600 ਬੂਟਾ ਲਗਾਇਆ ਜਾ ਸਕਦਾ ਹੈ।
ਖਰਚੇ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬੂਟੇ ਲਗਾਉਣ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ 12 ਮਹੀਨਿਆਂ 'ਚ ਇੱਕ ਏਕੜ ਪਿੱਛੇ ਉਨ੍ਹਾਂ ਦਾ ਇੱਕ ਲੱਖ ਰੁਪਏ ਦਾ ਖਰਚਾ ਆਇਆ ਹੈ।
ਸਤਨਾਮ ਸਿੰਘ ਦੱਸਦੇ ਹਨ ਕਿ ਜਿਸ ਹਿਸਾਬ ਨਾਲ ਫਲ ਹੋਇਆ ਹੈ ਅਤੇ ਇੱਕ ਏਕੜ 'ਚੋਂ ਜੋ ਫਲ ਦਾ ਝਾੜ ਆਵੇਗਾ ਉਸ ਤੋਂ ਉਹਨਾਂ ਨੂੰ 6 ਲੱਖ ਰੁਪਏ ਦੇ ਕਰੀਬ ਆਮਦਨ ਹੋਣ ਦੀ ਉਮੀਦ ਹੈ।
ਇਸ ਖੇਤੀ ਤੋਂ ਲਾਭ ਜਾਂ ਨੁਕਸਾਨ? ਮਾਹਰ ਕੀ ਕਹਿੰਦੇ
ਮੰਡੀਕਰਨ ਬਾਰੇ ਗੱਲ ਕਰਦਿਆਂ ਸਤਨਾਮ ਸਿੰਘ ਦੇ ਦੱਸਿਆ ਕਿ ਅੱਜ ਪੰਜਾਬ ਭਰ 'ਚ ਹਰ ਮਹੀਨੇ ਹਜ਼ਾਰਾਂ ਟਨ ਕੇਲੇ ਦਾ ਫਲ ਦੂਸਰੇ ਸੂਬਿਆਂ ਤੋਂ ਆਉਂਦਾ ਹੈ, ਜਦਕਿ ਪੰਜਾਬ 'ਚ ਇਸ ਦੀ ਖੇਤੀ ਬਹੁਤ ਛੋਟੇ ਪੱਧਰ 'ਤੇ ਬਲਕਿ ਨਾ ਦੇ ਬਰਾਬਰ ਹੀ ਕੀਤੀ ਜਾਂਦੀ ਹੈ ਅਤੇ ਇਸ ਲਈ ਉਹਨਾਂ ਨੂੰ ਇਸ ਦੇ ਮੰਡੀਕਰਨ ਦੀ ਦਿੱਕਤ ਨਹੀਂ ਹੋਵੇਗੀ।
ਬਾਗਬਾਨੀ ਮਾਹਰ ਅਤੇ ਬਾਗਬਾਨੀ ਵਿਕਾਸ ਅਧਿਕਾਰੀ ਡਾ. ਨਵਦੀਪ ਸਿੰਘ ਦੱਸਦੇ ਹਨ ਕਿ, "ਪੰਜਾਬ 'ਚ ਕੇਲੇ ਦੀ ਖੇਤੀ ਬਹੁਤ ਹੀ ਸੀਮਤ ਕਿਸਾਨ ਕਰ ਰਹੇ ਹਨ। ਮੁੱਖ ਤੌਰ 'ਤੇ ਜੋ ਕਿਸਾਨ ਇਹ ਖੇਤੀ ਕਰ ਰਹੇ ਹਨ ਉਹ ਰੋਪੜ, ਲੁਧਿਆਣਾ ਇਲਾਕੇ ਦੇ ਹਨ।"
ਉਨ੍ਹਾਂ ਕਿਹਾ, "ਜਿੱਥੇ ਕੁਝ ਕਿਸਾਨਾਂ ਨੇ ਵੱਡੇ ਰਕਬੇ 'ਚ ਇਹ ਖੇਤੀ ਕੀਤੀ ਹੈ ਉੱਥੇ ਹੀ ਹੁਣ ਗੁਰਦਾਸਪੁਰ 'ਚ ਵੀ ਕਿਸਾਨਾਂ ਨੇ ਇਸ ਨੂੰ ਅਪਣਾਇਆ ਹੈ।"
ਉੱਥੇ ਹੀ ਡਾ. ਨਵਦੀਪ ਦੱਸਦੇ ਹਨ ਕਿ ਪੰਜਾਬ 'ਚ ਸਰਦੀ ਦੇ ਮੌਸਮ 'ਚ ਕੋਹਰਾ ਇਸ ਬੂਟੇ 'ਤੇ ਬਹੁਤ ਮਾੜਾ ਅਸਰ ਕਰਦਾ ਹੈ ਅਤੇ ਉਦੋਂ ਇਸ ਦੀ ਖੇਤੀ 'ਚ ਨੁਕਸਾਨ ਹੋਣ ਦਾ ਬਹੁਤ ਖ਼ਦਸ਼ਾ ਰਹਿੰਦਾ ਹੈ। ਇਸੇ ਕਾਰਨ ਕਰਕੇ ਕਿਸਾਨ ਇਸ ਵੱਲ ਘੱਟ ਰੁੱਖ ਕਰ ਰਹੇ ਹਨ।
ਉਹ ਅੱਗੇ ਦੱਸਦੇ ਹਨ ਕਿ ਜੇਕਰ ਇਸ ਫ਼ਸਲ ਦੀ ਸਹੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਮਾਹਰਾਂ ਤੋਂ ਸਮੇਂ-ਸਮੇਂ ਨਾਲ ਰਾਇ ਲਈ ਜਾਵੇ ਤਾਂ ਇਸ ਨਾਲ ਇਸ ਖੇਤੀ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ ਅਤੇ ਇਸ ਦਾ ਚੰਗਾ ਲਾਭ ਵੀ ਕਿਸਾਨ ਨੂੰ ਮਿਲੇਗਾ।
ਉੱਥੇ ਹੀ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਵੀ ਇਸ ਖੇਤੀ ਨੂੰ ਸ਼ੁਰੂ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ 'ਤੇ 40 ਫ਼ੀਸਦੀ ਸਬਸੀਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਬਾਗਬਾਨੀ ਨਾਲ ਜੁੜੀਆ ਫਸਲਾਂ ਅਤੇ ਸਬਜ਼ੀਆਂ ਦੇ ਮੰਡੀਕਰਨ ਲਈ ਬਹੁਤ ਗ੍ਰਾਹਕ ਹਨ। ਉਧਰ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡਣ ਵਾਲੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵੀ ਹਰ ਤਰ੍ਹਾਂ ਨਾਲ ਸਰਕਾਰੀ ਸਕੀਮ ਤਹਿਤ ਹਰ ਪੱਖ ਤੋਂ ਜਿੱਥੇ ਮਦਦ ਕਰਦਾ ਹੈ ਉੱਥੇ ਲਾਭ ਵੀ ਦਿੰਦਾ ਹੈ।
ਖੇਤਬਾੜੀ ਯੂਨੀਵਰਸਿਟੀ ਦੀਆਂ ਕੀ ਸਿਫ਼ਾਰਿਸ਼ਾਂ?
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਗਬਾਨੀ ਮਾਹਿਰ ਡਾ ਕਰਨਬੀਰ ਸਿੰਘ ਗਿੱਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ’ਚ ਕੇਲੇ ਦੀ ਖੇਤੀ ਸੰਭਵ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਇਸ ਨੂੰ ਅਪਨਾਇਆ ਵੀ ਹੈ।
ਉਹਨਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਦੇ ਨਤੀਜੇ ਚੰਗੇ ਆ ਰਹੇ ਹਨ।
ਕਰਨਬੀਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨ ਨੂੰ ਇਹ ਜਰੂਰੀ ਧਿਆਨ ਦੇਣਾ ਹੋਵੇਗਾ ਕਿ ਜੇਕਰ ਉਹ ਇਸ ਵੱਲ ਰੁੱਖ ਕਰ ਰਿਹਾ ਹੈ ਤਾਂ ਪਹਿਲਾਂ ਉਹ ਛੋਟੇ ਰਕਬੇ ਤੋਂ ਸ਼ੁਰੂਆਤ ਕਰਨ ਅਤੇ ਯੂਨੀਵਰਸਿਟੀ ਜਾਂ ਮਹਿਰਾਂ ਵਲੋਂ ਸਿਫਾਰਿਸ਼ਾਂ ਨੂੰ ਮੰਨਣਾ।
ਉਹਨਾਂ ਕਿਹਾ ਕਿ ਪੰਜਾਬ ਦੇ ਮੌਸਮ ਅਨੁਕੂਲ ਕਿਸਮ ਦਾ ਬੂਟਾ ਹੀ ਲਗਾਇਆ ਜਾਵੇ ਅਤੇ ਇਸ ਫ਼ਸਲ ਦੇ ਬੂਟਿਆਂ ਦੀ ਸ਼ੁਰੂਆਤ ਯੂਨੀਵਰਸਿਟੀ ਮੁਤਾਬਕ ਫਰਵਰੀ ਮਹੀਨੇ ਦੇ ਆਖਰੀ ਹਫ਼ਤੇ ਅਤੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਕੀਤੀ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ