ਕੋਰੋਨਾਵਾਇਰਸ ਲਈ ਬਣਾਈ ਗਈ ਵੈਕਸੀਨ ਐਸਟ੍ਰਾਜ਼ੈਨਿਕਾ ਨੇ ਵਾਪਸ ਲਈ, ਇਹ ਕਾਰਨ ਦੱਸਿਆ

    • ਲੇਖਕ, ਜੇਮਜ਼ ਗੈਲਘਰ
    • ਰੋਲ, ਵਿਗਿਆਨ ਅਤੇ ਸਿਹਤ ਪੱਤਰਕਾਰ

ਤਿੰਨ ਅਰਬ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਉਣ ਤੋਂ ਬਾਅਦ, ਆਕਸਫੋਰਡ- ਐਸਟ੍ਰਾਜੈਨਿਕਾ ਕੋਵਿਡ ਵੈਕਸੀਨ ਨੂੰ ਵਾਪਸ ਲਿਆ ਜਾ ਰਿਹਾ ਹੈ।

ਐਸਟ੍ਰਾਜੈਨਿਕਾ ਨੇ ਕਿਹਾ ਕਿ ਇਹ ਵੈਕਸੀਨ 'ਤੇ ‘ਅਵਿਸ਼ਵਾਸ਼ਯੋਗ ਮਾਣ’ ਸੀ, ਪਰ ਉਨ੍ਹਾਂ ਨੇ ਇੱਕ ਵਪਾਰਕ ਫੈਸਲਾ ਲਿਆ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਨਵੇਂ ਕੋਰੋਨਾਵਾਇਰਸ ਰੂਪਾਂ ਦੇ ਵਧਣ ਦਾ ਮਤਲਬ ਹੈ ਕਿ ਹੁਣ ਮੰਗ ਨਵੀਆਂ ਅਪਡੇਟ ਕੀਤੀਆਂ ਵੈਕਸੀਨਾਂ ਦੀ ਹੋਵੇਗੀ।

ਇਸ ਦੇ ਟੀਕੇ ਨੇ ਮਹਾਂਮਾਰੀ ਦੌਰਾਨ ਲੱਖਾਂ ਜਾਨਾਂ ਬਚਾਉਣ ਦਾ ਅੰਦਾਜ਼ਾ ਲਗਾਇਆ ਸੀ, ਪਰ ਇਹ ਦੁਰਲੱਭ, ਅਤੇ ਕਈ ਵਾਰ ਘਾਤਕ ਖੂਨ ਦੇ ਥੱਕੇ ਵੀ ਪੈਦਾ ਕਰਦੀ ਸੀ।

ਰਿਕਾਰਡ ਸਮੇਂ ਵਿੱਚ ਬਣਿਆ ਟੀਕਾ

ਵਿਸ਼ਵ ਨੂੰ ਮਹਾਂਮਾਰੀ ਦੌਰਾਨ ਲੌਕਡਾਊਨ ਤੋਂ ਬਾਹਰ ਕੱਢਣ ਦੀ ਦੌੜ ਵਿੱਚ, ਕੋਵਿਡ ਵੈਕਸੀਨ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਰਿਕਾਰਡ ਸਮੇਂ ਵਿੱਚ ਤਿਆਰ ਕੀਤਾ ਸੀ।

ਇੱਕ ਪ੍ਰਕਿਰਿਆ ਜਿਸ ਵਿੱਚ ਆਮ ਤੌਰ 'ਤੇ 10 ਸਾਲ ਲੱਗਦੇ ਹਨ ਨੂੰ ਤਕਰੀਬਨ 10 ਮਹੀਨਿਆਂ ਵਿੱਚ ਮੁਕੰਮਲ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਗਈ ਸੀ।

ਨਵੰਬਰ 2020 ਵਿੱਚ, ਇਸਨੂੰ ‘ਸੰਸਾਰ ਲਈ ਇੱਕ ਟੀਕਾ’ ਵਜੋਂ ਐਲਾਨਿਆ ਗਿਆ ਸੀ ਕਿਉਂਕਿ ਇਹ ਹੋਰ ਕੋਵਿਡ ਤੋਂ ਰੋਕਥਾਮ ਲਈ ਬਣੇ ਟੀਕਿਆਂ ਨਾਲੋਂ ਬਹੁਤ ਸਸਤਾ ਸੀ ਅਤੇ ਸਟੋਰ ਕਰਨਾ ਵੀ ਆਸਾਨ ਸੀ।

ਫਾਰਮਾਸਿਊਟੀਕਲ ਕੰਪਨੀ ਐਸਟ੍ਰਜੈਨਿਕਾ ਨੇ ਇਸ ਨੂੰ ਵੱਡੇ ਪੱਧਰ 'ਤੇ ਬਣਾਉਣ ਲਈ ਸਹਿਮਤੀ ਦਿੱਤੀ ਸੀ।

ਸ਼ੁਰੂ ਵਿੱਚ ਲਾਕਡਾਊਨ ਤੋਂ ਬਾਹਰ ਨਿਕਲਣ ਦਾ ਰਾਹ ਯੂਕੇ ਕੋਲ ਵੱਡੀ ਪੱਧਰ ਉੱਤੇ ਟੀਕਾਕਰਨ ਕਰਨਾ ਸੀ ਅਤੇ ਇਹ ਵੈਕਸੀਨ ਉਸ ਦੀਆਂ ਯੋਜਨਾਵਾਂ ਦਾ ਆਧਾਰ ਸੀ।

ਮਹਾਂਮਾਰੀ ਤੋਂ ਬਾਹਰ ਕੱਢਣ ਵਾਲਾ

ਬ੍ਰਿਸਟਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਡਮ ਫਿਨ ਦਾ ਕਹਿਣਾ ਹੈ, "ਸੱਚਾਈ ਇਹ ਹੈ ਕਿ ਇਸਨੇ ਇੱਕ ਬਹੁਤ ਵੱਡਾ ਫਰਕ ਲਿਆਂਦਾ ਹੈ, ਇਹ ਉਹ ਸੀ ਜਿਸਨੇ ਸਾਨੂੰ ਉਸ ਤਬਾਹੀ ਤੋਂ ਬਾਹਰ ਕੱਢਿਆ ਜੋ ਉਸ ਸਮੇਂ ਫਾਈਜ਼ਰ ਦੇ ਦੂਜੇ ਟੀਕਿਆਂ ਨਾਲ ਸਾਹਮਣੇ ਆ ਰਹੀ ਸੀ।"

ਹਾਲਾਂਕਿ, ਵੈਕਸੀਨ ਦੇ ਇੱਕ ਦੁਰਲੱਭ ਮਾੜੇ ਪ੍ਰਭਾਵ ਅਸਾਧਾਰਨ ਖੂਨ ਦੇ ਥੱਕੇ ਬਣਨ ਦੇ ਰੂਪ ਵਿੱਚ ਸਾਹਮਣੇ ਆਉਣ ਕਾਰਨ ਇਸ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਅਤੇ ਯੂਕੇ ਵਿਕਲਪਾਂ ਦੀ ਤਲਾਸ਼ ਵੱਲ ਮੁੜਿਆ।

ਐਸਟ੍ਰਾਜੈਨਿਕਾ ਨੇ ਕੀ ਕਿਹਾ

ਇੱਕ ਬਿਆਨ ਵਿੱਚ, ਐਸਟ੍ਰਾਜੈਨਿਕਾ ਨੇ ਕਿਹਾ,"ਸੁਤੰਤਰ ਅਨੁਮਾਨਾਂ ਦੇ ਅਨੁਸਾਰ, ਇਕੱਲੇ ਵਰਤੋਂ ਦੇ ਪਹਿਲੇ ਸਾਲ ਵਿੱਚ 65 ਲੱਖ ਤੋਂ ਵੱਧ ਜਾਨਾਂ ਬਚਾਈਆਂ ਗਈਆਂ ਸਨ।”

"ਸਾਡੀਆਂ ਕੋਸ਼ਿਸ਼ਾਂ ਨੂੰ ਦੁਨੀਆ ਭਰ ਦੀਆਂ ਸਰਕਾਰਾਂ ਵੱਲੋਂ ਮਾਨਤਾ ਦਿੱਤੀ ਗਈ ਹੈ ਅਤੇ ਇਸ ਨੂੰ ਵਿਆਪਕ ਤੌਰ 'ਤੇ ਵਿਸ਼ਵਵਿਆਪੀ ਮਹਾਂਮਾਰੀ ਨੂੰ ਖ਼ਤਮ ਕਰਨ ਦਾ ਇੱਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ।"

ਇਸ ਵਿੱਚ ਕਿਹਾ ਗਿਆ ਹੈ ਕਿ ਨਵੇਂ ਟੀਕਿਆਂ ਦਾ ਵਿਕਾਸ ਜੋ ਕੋਵਿਡ ਦੇ ਪਰਿਵਰਤਿਤ ਰੂਪਾਂ ਨਾਲ ਲੜਨ ਦੀ ਤਾਕਤ ਰੱਖਦਾ ਹੈ ਉਹ ਵੀ ‘ਉਪਲੱਬਧ ਅੱਪਡੇਟ ਕੀਤੇ ਟੀਕਿਆਂ ਦਾ ਸਰਪਲੱਸ’ ਸੀ, ਜਿਸ ਨਾਲ ਇਸਦੇ ਟੀਕੇ ਦੀ ‘ਮੰਗ ਵਿੱਚ ਗਿਰਾਵਟ’ ਆਈ ਜੋ ‘ਹੁਣ ਕਾਬੂ ਨਹੀਂ ਕੀਤੀ ਜਾ ਸਕਦੀ ਹੈ’।

ਪ੍ਰੋਫੈਸਰ ਫ਼ਿਨ ਨੇ ਅੱਗੇ ਕਿਹਾ, “ਮੈਨੂੰ ਲੱਗਦਾ ਹੈ ਕਿ ਵੈਕਸੀਨ ਨੂੰ ਵਾਪਸ ਲੈਣਾ ਇਹ ਦਰਸਾਉਂਦਾ ਹੈ ਕਿ ਇਹ ਹੁਣ ਉਪਯੋਗੀ ਨਹੀਂ ਹੈ।"

"ਇਹ ਪਤਾ ਲੱਗਿਆ ਹੈ ਕਿ ਇਹ ਵਾਇਰਸ ਬਹੁਤ ਚੁਸਤ ਹੈ ਅਤੇ ਅਸਲ ਟੀਕਿਆਂ ਦੀ ਪਕੜ ਤੋਂ ਬਾਹਰ ਦੇ ਵੱਖਰੇ ਰੂਪ ਵਿੱਚ ਵਿਕਸਤ ਹੋਇਆ ਹੈ, ਇਸ ਲਈ ਮੌਜੂਦ ਟੀਕੇ ਹੁਣ ਇਸ ਦੇ ਇਲਾਜ ਲਈ ਕਾਫ਼ੀ ਨਹੀਂ ਹਨ ਤੇ ਅਪ੍ਰਸੰਗਿਕ ਹੋ ਗਏ ਹਨ ਅਤੇ ਹੁਣ ਸਿਰਫ ਸੁਧਾਰ ਕੀਤੇ ਟੀਕੇ ਹੀ ਵਰਤੇ ਜਾਣ ਦੀ ਸੰਭਾਵਨਾ ਹੈ।"

ਆ(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)