ਆਈ ਫਲੂ: ਅਚਾਨਕ ਇਸਦੇ ਮਾਮਲੇ ਕਿਉਂ ਵਧ ਰਹੇ ਹਨ, ਕੀ ਹਨ ਲੱਛਣ ਅਤੇ ਬਚਾਅ ਦੇ ਤਰੀਕੇ

ਹੜ੍ਹਾਂ ਜਾਂ ਮੀਂਹ ਦਾ ਪਾਣੀ ਭਰਨ ਤੋਂ ਬਾਅਦ ਅਕਸਰ ਹੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਵਧ ਜਾਂਦਾ ਹੈ।

ਇਨ੍ਹੀਂ ਦਿਨੀਂ ਮਲੇਰੀਆ, ਡੇਂਗੂ ਆਦਿ ਦੇ ਜੋਖਮ ਦੇ ਨਾਲ-ਨਾਲ ਆਈ ਫਲੂ ਵੀ ਤੇਜ਼ੀ ਨਾਲ ਫੈਲ ਰਿਹਾ ਹੈ।

ਆਈ ਫਲੂ, ਅੱਖਾਂ ਨਾਲ ਸਬੰਧਿਤ ਇੱਕ ਪ੍ਰਕਾਰ ਦੀ ਲਾਗ ਹੈ, ਜਿਸ ਵਿੱਚ ਅੱਖਾਂ ਵਿੱਚ ਸੋਜਸ਼ ਆ ਜਾਂਦੀ ਹੈ, ਰੜਕ ਪੈਂਦੀ ਹੈ, ਖੁਜਲੀ ਹੁੰਦੀ ਅਤੇ ਕਈ ਵਾਰ ਦਰਦ ਵੀ ਹੁੰਦਾ ਹੈ।

ਇਸ ਨੂੰ 'ਪਿੰਕ ਆਈ' ਅਤੇ ਕੰਨਜਕਟਿਵਾਇਟਿਸ ਵੀ ਕਿਹਾ ਜਾਂਦਾ ਹੈ।

ਰਾਜਧਾਨੀ ਦਿੱਲੀ ਅਤੇ ਪੰਜਾਬ ਵਿੱਚ ਵੀ ਹਾਲ ਦੇ ਦਿਨਾਂ ਵਿੱਚ ਆਈ ਫਲੂ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਆਈ ਫਲੂ ਦੇ ਕੀ ਕਾਰਨ ਹਨ, ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ, ਇਸ ਦੇ ਲੱਛਣ ਕੀ ਹਨ, ਇਹ ਕਿਵੇਂ ਫੈਲਦਾ ਹੈ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਜਾਣਦੇ ਹਾਂ...

ਆਈ ਫਲੂ ਜਾਂ ਕੰਨਜਕਟਿਵਾਇਟਿਸ ਦੇ ਮੁੱਖ ਕਾਰਨ

ਅਮੈਰੀਕਨ ਅਕੈਡਮੀ ਆਫ਼ ਓਪਥੈਲਮੋਲਾਜੀ ਅਤੇ ਅਪੋਲੋ ਫਾਰਮੈਸੀ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਇਹ ਵਾਇਰਸ, ਬੈਕਟੀਰੀਆ ਜਾਂ ਐਲਰਜੀ ਕਾਰਨ ਹੋ ਸਕਦਾ ਹੈ।

ਬੈਕਟੀਰੀਆ ਅਤੇ ਵਾਇਰਸ ਤੋਂ ਹੋਣ ਵਾਲਾ ਆਈ ਫਲੂ ਆਸਾਨੀ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਜਾਂਦਾ ਹੈ। ਜਦਕਿ ਐਲਰਜੀ ਵਾਲਾ ਫਲੂ ਇਸ ਤਰ੍ਹਾਂ ਨਹੀਂ ਫੈਲਦਾ।

1. ਵਾਇਰਲ ਆਈ ਫਲੂ

ਵਾਇਰਲ ਕੰਨਜਕਟਿਵਾਇਟਿਸ ਇਸ ਫਲੂ ਦੀ ਸਭ ਤੋਂ ਆਮ ਕਿਸਮ ਹੈ। ਇਸ ਸੌਖਿਆਂ ਹੀ ਫੈਲ ਸਕਦਾ ਹੈ ਅਤੇ ਅਕਸਰ ਸਕੂਲਾਂ ਅਤੇ ਹੋਰ ਭੀੜ ਵਾਲੀਆਂ ਥਾਵਾਂ ਰਾਹੀਂ ਫੈਲਦਾ ਹੈ।

ਇਸ ਵਿੱਚ ਆਮ ਤੌਰ 'ਤੇ ਅੱਖਾਂ ਵਿਚੋਂ ਪਾਣੀ ਨਿਕਲਣਾ, ਜਲਣ ਹੋਣਾ ਅਤੇ ਅੱਖਾਂ ਦੇ ਲਾਲ ਹੋਣ ਵਰਗੀਆਂ ਦਿੱਕਤਾਂ ਆਉਂਦੀਆਂ ਹਨ।

ਇਹ ਆਮ ਤੌਰ 'ਤੇ ਉਸੇ ਵਾਇਰਸ ਕਾਰਨ ਹੁੰਦਾ ਹੈ ਜੋ ਆਮ ਜ਼ੁਕਾਮ ਵਾਲੇ ਲੋਕਾਂ ਵਿੱਚ ਵਗਦੇ ਨੱਕ ਅਤੇ ਗਲੇ ਵਿੱਚ ਖਰਾਸ਼ ਦਾ ਕਾਰਨ ਬਣਦਾ ਹੈ।

2. ਬੈਕਟੀਰੀਅਲ ਆਈ ਫਲੂ

ਬੈਕਟੀਰੀਅਲ ਕੰਨਜਕਟਿਵਾਇਟਿਸ ਵੀ ਛੂਤ ਵਾਲਾ ਹੁੰਦਾ ਹੈ ਅਤੇ ਇਸ ਵਿੱਚ ਵੀ ਅੱਖਾਂ ਲਾਲ ਹੋਣ ਦੀ ਸ਼ਿਕਾਇਤ ਹੁੰਦੀ ਹੈ।

ਇਸ ਨਾਲ ਪੀੜਤ ਹੋਣ 'ਤੇ ਅੱਖ ਵਿੱਚ ਬਹੁਤ ਜ਼ਿਆਦਾ ਚਿਪਚਿਪਾ ਪੀਲਾ-ਹਰਾ ਜਿਹਾ ਪਾਣੀ ਨਿਕਲਦਾ ਹੈ ਅਤੇ ਦਰਦ ਹੁੰਦਾ ਹੈ।

ਮੀਂਹ ਦੇ ਮੌਸਮ ਵਿੱਚ ਵਿਰਲਾਂ ਅਤੇ ਬੈਕਟੀਰੀਆ ਵਾਲੇ ਆਈ ਫਲੂ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।

3. ਐਲਰਜੀ ਵਾਲਾ ਆਈ ਫਲੂ

ਐਲਰਜੀ ਕੰਨਜਕਟਿਵਾਇਟਿਸ ਜਾਂ ਆਈ ਫਲੂ ਐਲਰਜੀ ਕਾਰਨ ਹੁੰਦਾ ਹੈ। ਇਹ ਸਿਗਰਟ ਦੇ ਧੂੰਏਂ, ਕਾਰ ਦੇ ਧੂੰਏਂ ਜਾਂ ਧੂੜ ਆਦਿ ਸਣੇ ਕਈ ਚੀਜ਼ਾਂ ਨਾਲ ਹੋ ਸਕਦਾ ਹੈ, ਜਿਨ੍ਹਾਂ ਤੋਂ ਕਿਸੇ ਵਿਅਕਤੀ ਨੂੰ ਐਲਰਜੀ ਹੋਵੇ।

ਉਹ ਉਪਰੋਕਤ ਦੋ ਕਿਸਮਾਂ ਵਾਂਗ ਛੂਤਕਾਰੀ ਨਹੀਂ ਹੈ। ਹਾਲਾਂਕਿ ਇਸ ਵਿੱਚ ਵੀ ਅੱਖਾਂ ਲਾਲ ਹੋ ਜਾਂਦੀਆਂ ਹਨ, ਪਾਣੀ ਨਿਕਲਦਾ ਹੈ ਅਤੇ ਖੁਜਲੀ ਹੁੰਦੀ ਹੈ।

ਫਲੂ ਦੇ ਇਨ੍ਹਾਂ ਤਿੰਨ ਪ੍ਰਕਾਰ ਤੋਂ ਇਲਾਵਾ ਲੰਮੇ ਸਮੇਂ ਤੱਕ ਅੱਖਾਂ 'ਚ ਲੈਂਸ ਪਾਉਣ ਕਾਰਨ ਅਤੇ ਸਵਿਮਿੰਗ ਪੂਲ ਆਦਿ 'ਚ ਤੈਰਾਕੀ ਕਾਰਨ ਵੀ ਅੱਖਾਂ ਦਾ ਫਲੂ ਹੋ ਸਕਦਾ ਹੈ।

ਤੁਹਾਨੂੰ ਇਸ ਦੀ ਲਾਗ ਕਿਵੇਂ ਲੱਗ ਸਕਦੀ ਹੈ

ਬੈਕਟੀਰੀਆ ਅਤੇ ਵਾਇਰਲ ਵਾਲਾ ਆਈ ਫਲੂ ਬਹੁਤ ਛੂਤਕਾਰੀ ਹੋ ਸਕਦਾ ਹੈ ਅਤੇ ਇਸ ਦੀ ਲਾਗ ਦੇ ਮੁੱਖ ਕਾਰਨ ਹਨ:

  • ਕਿਸੇ ਲਾਗ ਵਾਲੇ ਵਿਅਕਤੀ ਦੇ ਸਰੀਰਿਕ ਤਰਲ ਪਦਾਰਥਾਂ ਨਾਲ ਸਿੱਧਾ ਸੰਪਰਕ, ਆਮ ਤੌਰ 'ਤੇ ਹੱਥ-ਤੋਂ-ਅੱਖਾਂ ਦੇ ਸੰਪਰਕ ਰਾਹੀਂ
  • ਵਿਅਕਤੀ ਦੇ ਆਪਣੇ ਨੱਕ ਅਤੇ ਸਾਈਨਸ ਵਿੱਚ ਰਹਿਣ ਵਾਲੇ ਬੈਕਟੀਰੀਆ ਤੋਂ ਲਾਗ ਦਾ ਫੈਲਣਾ
  • ਕਾਂਟੈਕਟ ਲੈਂਸਾਂ ਨੂੰ ਠੀਕ ਤਰ੍ਹਾਂ ਨਾਲ ਸਾਫ਼ ਨਾ ਕਰਨਾ, ਮਾੜੀ ਫਿਟਿੰਗ ਵਾਲੇ ਕੰਟੈਕਟ ਲੈਂਸਾਂ ਆਦਿ ਦੀ ਵਰਤੋਂ ਨਾਲ
  • ਸਕੂਲਾਂ ਅਤੇ ਦੇ-ਕੇਅਰ ਸੈਂਟਰਾਂ ਆਦਿ ਵਿੱਚ, ਜਿੱਥੇ ਭੀੜ ਹੋਵੇ (ਬੱਚੇ ਅਕਸਰ ਸਾਫ਼-ਸਫਾਈ ਦਾ ਵਧੇਰੇ ਧਿਆਨ ਵੀ ਨਹੀਂ ਰੱਖਦੇ

ਕੀ ਹਨ ਆਈ ਫਲੂ ਦੇ ਲੱਛਣ

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਪ੍ਰਿਵੈਂਸ਼ਨ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਆਈ ਫਲੂ ਦੇ ਲੱਛਣ ਇਸ ਪ੍ਰਕਾਰ ਹੋ ਸਕਦੇ ਹਨ:

  • ਅੱਖਾਂ ਦੇ ਚਿੱਟੇ ਹਿੱਸੇ ਵਿੱਚ ਲਾਲੀ ਆਉਣਾ ਜਾਂ ਗੁਲਾਬੀ ਰੰਗ ਹੋਣਾ
  • ਕੰਨਜਕਟਿਵਾ (ਉਹ ਪਤਲੀ ਪਰਤ ਜੋ ਅੱਖ ਦੇ ਸਫੇਦ ਹਿੱਸੇ ਅਤੇ ਪਲਕ ਦੇ ਅੰਦਰਲੇ ਹਿੱਸੇ ਨੂੰ ਵੱਖ ਕਰਦੀ ਹੈ) ਅਤੇ/ਜਾਂ ਪਲਕਾਂ 'ਚ ਸੋਜਸ਼
  • ਅੱਖਾਂ ਤੋਂ ਵਧੇਰੇ ਪਾਣੀ ਵਗਣਾ
  • ਅੱਖਾਂ ਵਿੱਚ ਅਸਹਿਜ ਮਹਿਸੂਸ ਕਰਨਾ ਅਤੇ ਵਾਰ-ਵਾਰ ਅੱਖਾਂ ਰਗੜਨ ਦੀ ਇੱਛਾ ਹੋਣਾ
  • ਅੱਖਾਂ ਵਿੱਚ ਖੁਜਲੀ ਜਾਂ ਜਲਨ ਹੋਣਾ
  • ਡਿਸਚਾਰਜ (ਪਸ ਜਾਂ ਗਾੜ੍ਹਾ ਪੀਲਾ ਪਦਾਰਥ ਨਿਕਲਣਾ)
  • ਅੱਖਾਂ ਜਾਂ ਪਲਕਾਂ ਦਾ ਚਿਪਕੇ ਹੋਣਾ, ਖਾਸ ਕਰਕੇ ਸਵੇਰ ਵੇਲੇ
  • ਕਾਂਟੈਕਟ ਲੈਂਸ ਨਾਲ ਪ੍ਰੇਸ਼ਾਨੀ ਮਹਿਸੂਸ ਹੋਣਾ

ਹਾਲਾਂਕਿ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਲੱਛਣ ਵੀ ਹੋ ਸਕਦੇ ਹਨ

ਮੀਂਹ ਵੇਲੇ ਕਿਉਂ ਵਧ ਜਾਂਦੀ ਹੈ ਇਹ ਸਮੱਸਿਆ

ਦਰਅਸਲ, ਮੀਂਹ ਦੇ ਮੌਸਮ 'ਚ ਹੁੰਮਸ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਵਾਇਰਸ ਨੂੰ ਫੈਲਣ ਚ ਮਦਦ ਮਿਲਦੀ ਹੈ।

ਹਵਾ ਵਿੱਚ ਨਮੀ ਹੋਣ ਕਾਰਨ ਇਹ ਲਾਗ ਲੰਮੇ ਸਮੇਂ ਤੱਕ ਰਹਿੰਦੀ ਹੈ।

ਸਾਨੂੰ ਵਾਰ-ਵਾਰ ਪਸੀਨਾ ਆਉਂਦਾ ਹੈ ਅਤੇ ਇਸ ਕਾਰਨ ਅਸੀਂ ਆਪਣਾ ਚਿਹਰਾ ਪੂੰਝਦੇ ਰਹਿੰਦੇ ਹਾਂ ਅਤੇ ਇਸੇ ਦੌਰਾਨ ਅੱਖਾਂ ਨੂੰ ਵੀ ਹੱਥ ਲੱਗਦੇ ਰਹਿੰਦੇ ਹਨ।

ਇਨ੍ਹਾਂ ਸਾਰੇ ਕਾਰਨਾਂ ਕਰਕੇ ਹੀ ਅੱਖਾਂ 'ਚ ਇਨਫੈਕਸ਼ਨ ਹੋ ਜਾਂਦਾ ਹੈ ਅਤੇ ਆਈ ਫਲੂ ਦਾ ਕਾਰਨ ਬਣਦਾ ਹੈ।

ਆਈ ਫਲੂ ਤੋਂ ਕਿਵੇਂ ਬਚਿਆ ਜਾਵੇ

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਪ੍ਰਿਵੈਂਸ਼ਨ ਮੁਤਾਬਕ, ਚੰਗੀ ਸਫਾਈ ਅਤੇ ਕੁਝ ਸਧਾਰਨ ਕਦਮਾਂ ਦੀ ਪਾਲਣਾ ਕਰਕੇ ਆਈ ਫਲੂ ਫੈਲਣ ਦੇ ਜੋਖਮ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਨੂੰ ਆਈ ਫਲੂ ਹੋ ਗਿਆ ਹੈ ਤਾਂ...

  • ਜੇ ਤੁਹਾਨੂੰ ਕੰਨਜਕਟਿਵਾਇਟਿਸ ਜਾਂ ਆਈ ਫਲੂ ਹੋ ਗਿਆ ਹੈ, ਤਾਂ ਤੁਸੀਂ ਇਨ੍ਹਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ ਤਾਂ ਜੋ ਇਹ ਲਾਗ ਹੋਰ ਲੋਕਾਂ ਤੱਕ ਨਾ ਫੈਲੇ:
  • ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਗਰਮ ਪਾਣੀ ਨਾਲ ਘੱਟੋ-ਘੱਟ 20 ਸਕਿੰਟਾਂ ਲਈ ਧੋਵੋ।
  • ਅੱਖਾਂ ਵਿੱਚ ਡ੍ਰਾਪਸ ਆਦਿ ਪਾਉਣ ਤੋਂ ਬਾਅਦ ਜਾਂ ਉਨ੍ਹਾਂ ਨੂੰ ਸਾਫ਼ ਕਰਨ ਤੋਂ ਬਾਅਦ ਹੱਥ ਜ਼ਰੂਰ ਧੋਵੋ
  • ਜੇਕਰ ਸਾਬਣ ਅਤੇ ਪਾਣੀ ਉਪਲੱਭਧ ਨਹੀਂ ਹਨ, ਤਾਂ ਹੱਥਾਂ ਨੂੰ ਸਾਫ਼ ਕਰਨ ਲਈ ਅਲਕੋਹਲ-ਅਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ ਜਿਸ ਵਿੱਚ ਘੱਟੋ-ਘੱਟ 60% ਅਲਕੋਹਲ ਹੋਵੇ
  • ਆਪਣੀਆਂ ਅੱਖਾਂ ਨੂੰ ਵਾਰ-ਵਾਰ ਛੂਹਣ ਜਾਂ ਰਗੜਨ ਤੋਂ ਬਚੋ, ਇਸ ਨਾਲ ਲਾਗ ਇੱਕ ਅੱਖ ਤੋਂ ਦੂਜੀ 'ਚ ਫੇਲ ਸਕਦੀ ਹੈ
  • ਅੱਖਾਂ ਨੂੰ ਸਾਫ਼ ਗਿੱਲੇ ਕੱਪੜੇ ਜਾਂ ਰੂੰ ਨਾਲ ਸਾਫ਼ ਕਰਦੇ ਰਹੋ ਅਤੇ ਰੂੰ ਨੂੰ ਸੁੱਟ ਦੇਵੋ, ਕੱਪੜੇ ਨੂੰ ਗਰਮ ਪਾਣੀ 'ਤੇ ਸਾਬਣ ਨਾਲ ਧੋਵੋ
  • ਲਾਗ ਵਾਲੀਆਂ ਅੱਖਾਂ ਅਤੇ ਗੈਰ-ਸੰਕਰਮਿਤ ਅੱਖਾਂ ਲਈ ਇੱਕੋ ਆਈ ਡਰਾਪ ਡਿਸਪੈਂਸਰ/ਬੋਤਲ ਦੀ ਵਰਤੋਂ ਨਾ ਕਰੋ
  • ਸਿਰਹਾਣੇ, ਚਾਦਰਾਂ, ਧੋਣ ਵਾਲੇ ਕੱਪੜੇ ਅਤੇ ਤੌਲੀਏ ਅਕਸਰ ਗਰਮ ਪਾਣੀ ਅਤੇ ਡਿਟਰਜੈਂਟ ਵਿੱਚ ਧੋਵੋ
  • ਡਾਕਟਰ ਦੇ ਕਹਿਣ ਤੋਂ ਪਹਿਲਾਂ, ਅੱਖਾਂ ਵਿੱਚ ਲੈਂਸ ਨਾ ਪਹਿਨੋ
  • ਐਨਕਾਂ ਨੂੰ ਸਾਫ਼ ਕਰੋ, ਸਾਵਧਾਨ ਰਹੋ ਕਿ ਉਨ੍ਹਾਂ ਚੀਜ਼ਾਂ ਨੂੰ ਗੰਦਾ ਨਾ ਕਰਨ ਜੋ ਹੋਰ ਲੋਕਾਂ ਦੁਆਰਾ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ
  • ਆਪਣੀਆਂ ਨਿੱਜੀ ਵਸਤੂਆਂ, ਖਾਸ ਕਰ ਚਿਹਰੇ ਲਈ ਇਸਤੇਮਾਲ ਹੋਣ ਵਾਲੀਆਂ ਵਸਤੂਆਂ ਹੋਰ ਨਾਲ ਸਾਂਝੀਆਂ ਨਾ ਕਰੋ
  • ਇਸ ਦੌਰਾਨ ਸਵੀਮਿੰਗ ਪੂਲ 'ਚ ਤੈਰਾਕੀ ਨਾ ਕਰੋ

ਜੇਕਰ ਤੁਸੀਂ ਲਾਗ ਵਾਲੇ ਵਿਅਕਤੀ ਨੇੜੇ ਹੋ ਤਾਂ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਅਤੇ ਲੱਗ ਵਾਲੇ ਵਿਅਕਤੀ ਦਾ ਸਮਾਨ ਇਸਤੇਮਾਲ ਕਰਨ ਤੋਂ ਬਚੋ, ਉਨ੍ਹਾਂ ਦੇ ਜ਼ਿਆਦਾ ਨੇੜੇ ਨਾ ਰਹੋ ਅਤੇ ਆਪਣੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ।

ਇਸੇ ਤਰ੍ਹਾਂ ਇੱਕ ਵਾਰ ਲੱਗ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰੋ ਜੋ ਤੁਸੀਂ ਲਾਗ ਵੇਲੇ ਵਰਤੀਆਂ ਸਨ। ਜੇ ਕੋਈ ਚੀਜ਼ ਸੁੱਟਣ ਵਾਲੀ ਹੈ ਤਾਂ ਉਸ ਨੂੰ ਸੁੱਟ ਦੇਵੋ ਨਹੀਂ ਤਾਂ ਸੈਨੇਟਾਈਜ਼ਰ ਅਤੇ ਸਾਬਣ ਆਦਿ ਨਾਲ ਸਾਫ ਕਰੋ।

ਅਜਿਹਾ ਕਰਨ ਨਾਲ ਤੁਸੀਂ ਦੂਜੀ ਵਾਰ ਲਾਗ ਹੋਣ ਤੋਂ ਬਚ ਸਕਦੇ ਹੋ।

ਲਾਗ ਹੋਣ 'ਤੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਅਤੇ ਉਨ੍ਹਾਂ ਦੇ ਦੱਸੇ ਮੁਤਾਬਕ ਹੀ ਹੀ ਆਈਡ੍ਰਾਪਸ ਵਰਤ ਜਾਂ ਇਲਾਜ ਕਰਵਾਉ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)