ਰੂਸ-ਯੂਕਰੇਨ ਜੰਗ ਵਿੱਚ ਮਾਰੇ ਗਏ ਭਾਰਤੀਆਂ ਦੇ ਵਾਰਿਸਾਂ ਨੂੰ ਮੁਆਵਜ਼ਾ ਤੇ ਨਾਗਰਿਕਤਾ ਦੇਵੇਗਾ ਰੂਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ-ਯੂਕਰੇਨ ਜੰਗ ਦੇ ਪੀੜਤ ਭਾਰਤੀਆਂ ਨੂੰ ਰੂਸ ਦੇਵੇਗਾ ਮੁਆਵਜ਼ਾ ਅਤੇ ਨਾਗਰਿਕਤਾ
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਹਿੰਦੀ

ਯੂਕਰੇਨ ਦੇ ਖਿਲਾਫ਼ ਚੱਲ ਰਹੀ ਰੂਸ ਦੀ ਜੰਗ ਵਿੱਚ ਧੋਖੇ ਦਾ ਸ਼ਿਕਾਰ ਹੋਏ ਅਤੇ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਲਈ ਰੂਸ ਨੇ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਅਜਿਹੇ ਹੀ ਦੋ ਪਰਿਵਾਰਾਂ ਨੇ ਬੀਬੀਸੀ ਹਿੰਦੀ ਦੇ ਨਾਲ ਗੱਲਬਾਤ ਦੌਰਾਨ ਇਸ ਦੀ ਪੁਸ਼ਟੀ ਕੀਤੀ।

ਇਥੋਂ ਤੱਕ ਕਿ ਇਨ੍ਹਾਂ ਵਿੱਚੋਂ ਇੱਕ ਪਰਿਵਾਰ ਨੇ ਰੂਸ ਦੀ ਨਾਗਰਿਕਤਾ ਸਵੀਕਾਰ ਕਰਨ 'ਤੇ ਸਹਿਮਤੀ ਵੀ ਦੇ ਦਿੱਤੀ ਹੈ।

ਗੁਜਰਾਤ ਦੇ ਅਸ਼ਵਿਨ ਭਾਈ ਮੰਗੂਕੀਆ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ, "ਉਨ੍ਹਾਂ ਨੇ ਮੇਰੇ ਖਾਤੇ ਵਿੱਚ 45 ਲੱਖ ਰੁਪਏ ਪਹਿਲਾਂ ਹੀ ਜਮ੍ਹਾ ਕਰ ਦਿੱਤੇ ਹਨ। 1.3 ਕਰੋੜ ਰੁਪਏ ਦੇ ਮੁਆਵਜ਼ੇ ਦੀ ਰਹਿੰਦੀ ਰਕਮ ਅਜੇ ਦਿੱਤੀ ਜਾਵੇਗੀ। ਸੰਭਵ ਹੈ ਕਿ ਇਸ ਮਹੀਨੇ ਦੀ 15 ਜਾਂ 20 ਤਾਰੀਕ ਨੂੰ ਇਹ ਰਕਮ ਵੀ ਮਿਲ ਜਾਵੇ।"

ਰੂਸ-ਯੂਕਰੇਨ ਜੰਗ ਕਰਕੇ ਹੋਈ ਤਬਾਹੀ ਦਾ ਦ੍ਰਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਜੰਟਾਂ ਨੇ ਰੂਸੀ ਫ਼ੌਜ 'ਚ ਸਹਾਇਕ ਦੀ ਨੌਕਰੀ ਦਾ ਵਾਅਦਾ ਕਰਕੇ ਕਈ ਭਾਰਤੀਆਂ ਤੋਂ ਕਰੀਬ ਤਿੰਨ ਲੱਖ ਰੁਪਏ ਵਸੂਲੇ

ਅਸ਼ਵਿਨ ਭਾਈ ਮੰਗੂਕੀਆ ਦੇ ਪੁੱਤ ਹੇਮਿਲ ਦੀ 21 ਫਰਵਰੀ ਨੂੰ ਹੋਏ ਮਿਸਾਇਲ ਹਮਲੇ ਵਿਚ ਮੌਤ ਹੋ ਗਈ ਸੀ। ਉਹ 23 ਸਾਲ ਦਾ ਸੀ। ਉਹ ਇੱਕ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਗਿਆ ਸੀ।

ਏਜੰਟ ਨੇ ਉਸ ਨੂੰ ਰੂਸੀ ਫ਼ੌਜ ਵਿੱਚ ਸਹਾਇਕ ਦੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ।

ਪਰ ਹੈਮਿਲ ਨੂੰ ਹੋਰ ਕਈ ਭਾਰਤੀਆਂ ਦੀ ਤਰ੍ਹਾਂ ਫਰੰਟ 'ਤੇ ਭੇਜ ਦਿੱਤਾ ਗਿਆ। ਏਜੰਟਾਂ ਨੇ ਇਨ੍ਹਾਂ ਲੋਕਾਂ ਤੋਂ ਰੂਸ ਵਿੱਚ ਚੰਗੀ ਤਨਖਾਹ ਵਾਲੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਧੋਖੇ ਨਾਲ ਯੂਕਰੇਨ ਦੇ ਖਿਲਾਫ਼ ਚੱਲ ਰਹੀ ਰੂਸ ਦੀ ਜੰਗ ਵਿੱਚ ਲੜ੍ਹਨ ਲਈ ਛੱਡ ਦਿੱਤਾ ਸੀ।

ਪੰਜਾਬ ਅਤੇ ਹਰਿਆਣਾ ਦੇ ਵੀ ਕਈ ਨੌਜਵਾਨ ਇਸੇ ਤਰ੍ਹਾਂ ਧੋਖ਼ੇ ਦਾ ਸ਼ਿਕਾਰ ਹੋ ਕੇ ਰੂਸ ਦੀ ਫੌਜ ਵਲੋਂ ਜੰਗ ਦੇ ਮੈਦਾਨ ਵਿੱਚ ਘਿਰੇ ਹੋਏ ਹਨ।

ਅੰਮ੍ਰਿਤਸਸਰ ਦੇ ਰਹਿਣ ਵਾਲੇ ਅਜਿਹੇ ਹੀ ਇੱਕ ਨੌਜਵਾਨ ਦੀ ਰੂਸ ਵਿੱਚ ਮੌਤ ਵੀ ਹੋ ਚੁੱਕੀ ਹੈ।

ਜੋ ਉੱਥੇ ਫਸੇ ਹੋਏ ਹਨ, ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਵਾਪਸ ਲਿਆਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੌਰੇ ਦੌਰਾਨ ਇਹ ਮਸਲਾ ਰੂਸੀ ਰਾਸਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਸਮੇਂ ਉਠਾਇਆ ਸੀ। ਜਿਨ੍ਹਾਂ ਇਹ ਮਸਲਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਇਹ ਵੀ ਪੜ੍ਹੋ-

ਏਜੰਟਾਂ ਵੱਲੋਂ ਹੁੰਦੀ ਧੋਖਾਧੜੀ

ਸਧਾਰਨ ਜਿਹੇ ਪਰਿਵਾਰਾਂ ਤੋਂ ਆਉਣ ਵਾਲੇ ਘੱਟੋ-ਘੱਟ 50 ਭਾਰਤੀਆਂ ਨੇ ਚੰਗੀ ਨੌਕਰੀ ਦੀ ਉਮੀਦ ਵਿੱਚ ਏਜੰਟਾਂ ਨੂੰ ਵੱਡੀ ਰਕਮ ਅਦਾ ਕੀਤੀ ਸੀ।

ਏਜੰਟਾਂ ਨੇ ਰੂਸੀ ਫ਼ੌਜ ਵਿੱਚ ਸਹਾਇਕ ਦੀ ਨੌਕਰੀ ਦਾ ਵਾਅਦਾ ਕਰਕੇ ਇਨ੍ਹਾਂ ਲੋਕਾਂ ਤੋਂ ਕਰੀਬ ਤਿੰਨ ਲੱਖ ਰੁਪਏ ਵਸੂਲੇ ਸਨ।

ਰੂਸ ਜਾਣ ਵਾਲੇ ਇਨ੍ਹਾਂ ਸਾਰੇ ਭਾਰਤੀ ਨੌਜਵਾਨਾਂ ਦੀ ਉਮਰ 22 ਸਾਲ ਤੋਂ 31 ਸਾਲ ਦੇ ਵਿੱਚ ਹੈ।

ਉਨ੍ਹਾਂ ਦਾ ਮਾਂ-ਪਿਓ ਜਾਂ ਭਰਾ-ਭੈਣ ਕੋਈ ਛੋਟਾ-ਮੋਟਾ ਕੰਮ ਕਰਦੇ ਸਨ, ਕੁਝ ਰਿਕਸ਼ਾ ਚਲਾਉਂਦੇ ਸਨ ਜਾਂ ਫਿਰ ਠੇਲੇ 'ਤੇ ਚਾਹ ਵੇਚਦੇ ਸਨ।

ਪੀੜਤਾਂ ਅਤੇ ਉਨ੍ਹਾਂ ਨੇ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਲੋਕ ਰੂਸ ਪਹੁੰਚੇ ਤਾਂ ਉਨ੍ਹਾਂ ਨੇ ਘੱਰ ਭੇਜੇ ਗਏ ਆਪਣੇ ਵੀਡੀਓ ਸੰਦੇਸ਼ ਵਿੱਚ ਇਹ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸਿਖਲਾਈ ਦੇ ਨਾਮ 'ਤੇ ਜੰਗ ਵਿੱਚ ਭੇਜ ਦਿੱਤਾ ਗਿਆ ਹੈ।

ਮੋਹੰਮਦ ਅਫ਼ਸਾਨ ਦੇ ਭਰਾ ਮੋਹੰਮਦ ਇਮਰਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਹੰਮਦ ਇਮਰਾਨ, ਰੂਸ-ਯੂਕਰੇਨ ਜੰਗ 'ਚ ਮਾਰੇ ਗਏ ਆਪਣੇ ਭਰਾ ਮੋਹੰਮਦ ਅਫ਼ਸਾਨ ਦੀ ਤਸਵੀਰ ਨਾਲ

ਹੇਮਿਲ ਦੀ ਕਹਾਣੀ ਹੈਦਰਾਬਾਦ (ਤਿਲੰਗਾਨਾ), ਕਰਨਾਟਕ, ਉੱਤਰ ਪ੍ਰਦੇਸ਼, ਕਸ਼ਮੀਰ, ਪੰਜਾਬ ਜਾਂ ਕੋਲਕਾਤਾ ਤੋਂ ਰੂਸ ਗਏ ਨੌਜਵਾਨਾਂ ਦੀ ਕਹਾਣੀ ਤੋਂ ਕੋਈ ਵੱਖਰੀ ਨਹੀਂ ਹੈ।

ਹੇਮਿਲ ਅਤੇ ਹੈਦਰਾਬਾਦ ਦੇ ਮੁਹੰਮਦ ਅਫ਼ਸਾਨ ਦੀ ਮੌਤ ਤੋਂ ਬਾਅਦ ਇਨ੍ਹਾਂ ਵਿੱਚੋਂ ਕਈ ਪੀੜਤ ਪਰਿਵਾਰਾਂ ਨੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਈ ਕਿ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਹੇਮਿਲ ਅਤੇ ਅਫ਼ਸਾਨ ਦੀਆਂ ਮ੍ਰਿਤਕ ਦੇਹਾਂ ਭਾਰਤ ਲਿਆਂਦੀਆਂ ਗਈਆਂ ਪਰ ਰੂਸ ਵਿੱਚ ਅਜੇ ਵੀ ਦੋ ਭਾਰਤੀ ਲਾਪਤਾ ਹਨ।

ਚੰਗੇ ਪੈਸੇ ਵਾਲੀ ਨੌਕਰੀ ਦੇ ਚਾਅ ਵਿੱਚ ਰੂਸ ਜਾਣ ਵਾਲੇ ਭਾਰਤੀਆਂ 'ਚ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੂੰ ਤਨਖ਼ਾਹ ਵੀ ਨਹੀਂ ਮਿਲੀ।

ਹਾਲਾਂਕਿ ਹੇਮਿਲ ਨੂੰ ਤਨਖ਼ਾਹ ਮਿਲੀ ਸੀ ਅਤੇ ਰੂਸ ਵਿੱਚ ਦੋ ਮਹੀਨੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਤਨਖ਼ਾਹ ਦੇ ਤੌਰ 'ਤੇ 2.2 ਲੱਖ ਰੁਪਏ ਘਰ ਭੇਜੇ ਸਨ।

ਅਸ਼ਵਿਨ ਭਾਈ ਮੰਗੂਕੀਆ ਸੂਰਤ ਦੇ ਕਪੜਾ ਬਜ਼ਾਰ ਵਿੱਚ ਕੰਮ ਕਰਦੇ ਹਨ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਨੇ ਦੱਸਿਆ, "ਮੈਂ ਜੋ ਵੀ ਕਮਾਉਂਦਾ ਹਾਂ ਉਹ ਸਭ ਘਰ ਦੇ ਗੁਜ਼ਾਰੇ 'ਚ ਖ਼ਤਮ ਹੋ ਜਾਂਦਾ ਹੈ। ਮੇਰਾ ਦੂਜਾ ਪੁੱਤ ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਿਹਾ ਹੈ। ਮੈਂ ਰੂਸ ਦੀ ਨਾਗਰਿਕਤਾ ਸਵੀਕਾਰ ਕਰ ਲਵਾਂਗਾ।"

ਉਹ ਰੂਸ ਦੀ ਨਾਗਰਿਕਤਾ ਕਿਉਂ ਲੈਣਾ ਚਾਹੁੰਦੇ ਹਨ, ਇਹ ਸਵਾਲ ਪੁੱਛਣ 'ਤੇ ਅਸ਼ਵਿਨ ਭਾਈ ਮੰਗੂਕੀਆ ਕਹਿੰਦੇ ਹਨ, "ਸਾਡੇ ਦੇਸ਼ ਵਿੱਚ ਦਿੱਕਤ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਨਹੀਂ ਕਮਾ ਪਾਉਂਦੇ। ਭ੍ਰਿਸ਼ਟਾਚਾਰੀ ਦੇਸ਼ ਹੈ ਸਾਡਾ।"

ਰੂਸ ਜਾ ਕੇ ਫਸ ਜਾਣ ਵਾਲੇ ਬਦਕਿਸਮਤ ਲੋਕਾਂ ਵਿੱਚ ਅਹਿਮਦਾਬਾਦ ਦੇ ਸ਼ੇਖ਼ ਮੋਹੰਮਦ ਤਾਹਿਰ ਦੀ ਕਹਾਣੀ ਇੱਕ ਵੱਖਰਾ ਕੇਸ ਹੈ। ਜੰਗ ਦੇ ਮੋਰਚੇ 'ਤੇ ਭੇਜੇ ਜਾਣ ਵਾਲੇ ਉਹ ਪਹਿਲੇ ਸਨ, ਜੋ ਮਾਸਕੋ ਤੋਂ ਭੱਜਣ ਵਿੱਚ ਕਾਮਯਾਬ ਰਹੇ ਸਨ।

ਪ੍ਰਧਾਨ ਮੰਤਰੀ ਮੋਦੀ ਤੋਂ ਉਮੀਦਾਂ ਵਧੀਆਂ

ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੌਰੇ 'ਤੇ ਸਨ। ਉੱਥੇ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ।

ਇਸ ਦੌਰਾਨ ਉਨ੍ਹਾਂ ਨੇ ਰੂਸ ਦੀ ਫੌਜ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਦਾ ਵੀ ਮੁੱਦਾ ਚੁੱਕਿਆ। ਫਿਰ ਭਾਰਤ ਸਰਕਾਰ ਦਾ ਅਧਿਕਾਰਤ ਬਿਆਨ ਆਇਆ ਕਿ ਰੂਸ ਨੇ ਇਨ੍ਹਾਂ ਭਾਰਤੀਆਂ ਦੀ ਘਰ ਵਾਪਸੀ ਦਾ ਵਾਅਦਾ ਕੀਤਾ ਹੈ।

ਹੈਦਰਾਬਾਦ ਦੇ ਰਹਿਣ ਵਾਲੇ ਮੋਹੰਮਦ ਅਫ਼ਸਾਨ ਦੇ ਭਰਾ ਮੋਹੰਮਦ ਇਮਰਾਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਅਫ਼ਸਾਨ ਦੇ ਪਰਿਵਾਰ ਨੂੰ ਵੀ ਮੁਆਵਜ਼ਾ ਅਤੇ ਰੂਸ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ, "ਸਾਨੂੰ ਕਾਗਜ਼ੀ ਕਾਰਵਾਈ ਲਈ ਉਥੇ ਜਾਣ ਦੀ ਲੋੜ ਹੈ। ਅਫ਼ਸਾਨ ਦੀ ਪਤਨੀ ਅਤੇ ਦੋ ਬੱਚਿਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਅਫ਼ਸਾਨ ਦਾ ਦੋ ਸਾਲ ਦਾ ਪੁੱਤ ਅਤੇ ਸਾਲ ਕੁ ਦੀ ਇੱਕ ਧੀ ਹੈ।"

ਮਾਸਕੋ ਯਾਤਰਾ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਦੇ ਨਾਲ ਗੱਲਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਨ੍ਹਾਂ ਭਾਰਤੀ ਨੌਜਵਾਨਾਂ ਦਾ ਮੁੱਦਾ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਦੀ ਉਮੀਦ ਅਚਾਨਕ ਵੱਧ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀੜਤ ਪਰਿਵਾਰਾਂ ਦੀ ਪ੍ਰਧਾਨ ਮੰਤਰੀ ਮੋਦੀ ਤੋਂ ਉਮੀਦ ਵਧੀ

ਰੂਸ ਦੇ ਲਈ ਲੜ ਰਹੇ ਕਰਨਾਟਕ ਦੇ ਕਲਬੁਰਗੀ ਦੇ ਸਮੀਰ ਅਹਮਦ ਦੇ ਪਰਿਵਾਰ ਨੇ ਬੀਬੀਸੀ ਹਿੰਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮਾਸਕੋ ਯਾਤਰਾ ਤੋਂ ਬਹੁਤ ਉਮੀਦਾਂ ਹਨ।

ਸਮੀਰ ਅਹਮਦ ਦੇ ਰਿਸ਼ਤੇਦਾਰ ਮੁਹੰਮਦ ਮੁਸਤਫ਼ਾ ਕਹਿੰਦੇ ਹਨ, "ਉਹ ਦੋ ਜਾਂ ਤਿੰਨ ਦਿਨਾਂ ਵਿੱਚ ਇੱਕ ਵਾਰ ਮੇਰੇ ਨਾਲ ਗੱਲ ਕਰ ਲੈਂਦਾ ਹੈ। ਸਾਨੂੰ ਬਹੁਤ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਸਭ ਲੋਕਾਂ ਨੂੰ ਭਾਰਤ ਲਿਆਉਣ ਲਈ ਕੁਝ ਕਰਨਗੇ। 15 ਦਿਸੰਬਰ ਨੂੰ ਜਦੋਂ ਤੋਂ ਉਹ ਗਿਆ ਹੈ, ਅਸੀਂ ਉਮੀਦ 'ਚ ਹੀ ਜੀਅ ਰਹੇ ਹਾਂ।"

ਇਸ ਵਿਚਾਲੇ ਦਿੱਲੀ ਸਥਿਤ ਰੂਸੀ ਦੂਤਾਵਾਸ ਨੇ ਕਿਹਾ ਕਿ ਰੂਸ ਦੀ ਫ਼ੌਜ ਵਿਚ ਕੰਮ ਕਰ ਰਹੇ ਜ਼ਿਆਦਾਤਰ ਭਾਰਤੀਆਂ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਹਨ।

ਰੂਸ ਦੇ ਚਾਰਜ ਡੀ ਅਫੇਅਰਜ਼ ਰੋਮਨ ਬਾਬੁਸ਼ਿਨ ਮੁਤਾਬਕ, ਰੂਸ ਜਾਣਬੁੱਝ ਕੇ ਆਪਣੀ ਫ਼ੌਜ ਵਿੱਚ ਭਾਰਤੀ ਲੋਕਾਂ ਨੂੰ ਭਰਤੀ ਨਹੀਂ ਕਰਦਾ ਅਤੇ ਇਸ ਸੰਘਰਸ਼ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਦੀ ਮੌਜੂਦਗੀ ਦੇ ਪਿੱਛੇ ਵਪਾਰਕ ਹਿੱਤ ਹਨ। ਰੂਸ ਭਾਰਤ ਸਰਕਾਰ ਦੇ ਨਾਲ ਖੜ੍ਹਾ ਹੈ ਅਤੇ ਇਸ ਮੁਸੀਬਤ ਦੇ ਜਲਦੀ ਹੱਲ ਹੋਣ ਦੀ ਉਮੀਦ ਹੈ।

ਭਾਰਤ-ਰੂਸ ਦੇ ਸਾਲਾਨਾ ਸਿਖਰ ਸੰਮੇਲਨ ਤੋਂ ਬਾਅਦ ਵਿਚ ਰੂਸ ਦੇ ਵੱਲੋਂ ਇਹ ਬਿਆਨ ਆਇਆ ਹੈ।

ਇਸ ਦੇ ਨਾਲ ਹੀ ਭਰਤੀਆਂ ਕਰਨ ਵਾਲੇ ਰੈਕੇਟ ਦੇ ਸਿਲਸਿਲੇ 'ਚ ਕੇਂਦਰੀ ਜਾਂਚ ਬਿਊਰੋ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)