ਕਿਸਾਨ ਅੰਦੋਲਨ ’ਚ ਨੌਜਵਾਨ ਨੇ ਅੱਖ ਗੁਆਈ, ‘ਮੇਰੇ ਪੁੱਤ ਦਾ ਪੰਜਾਬ ’ਚ ਹੀ ਨੌਕਰੀ ਕਰਨ ਦਾ ਸੁਪਨਾ ਸੀ’

- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਸ਼ੰਭੂ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਗਏ ਦਵਿੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਸਰਕਾਰੀ ਨੌਕਰੀ ਹਾਸਲ ਕਰਕੇ ਪੰਜਾਬ ਵਿੱਚ ਹੀ ਰਹੇਗਾ।
ਪਰਿਵਾਰ ਮੁਤਾਬਕ 13 ਫਰਵਰੀ ਨੂੰ ਅੰਦੋਲਨ ਦੇ ਦੌਰਾਨ ਹੀ ਉਨ੍ਹਾਂ ਦੀ ਖੱਬੀ ਅੱਖ ਉੱਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਹੈ।
ਦਵਿੰਦਰ ਸਿੰਘ ਦੀ ਉਮਰ 22 ਸਾਲ ਹੈ।
ਦਵਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਿਹਰੇ 'ਤੇ ਪਲਾਸਟਿਕ ਦੀ ਗੋਲੀ ਅਤੇ ਅੱਥਰੂ ਗੈਸ ਦੇ ਗੋਲੇ ਲੱਗਣ ਨਾਲ ਦਵਿੰਦਰ ਕਥਿਤ ਤੌਰ 'ਤੇ ਗੰਭੀਰ ਜ਼ਖਮੀ ਹੋ ਗਿਆ ਸੀ।
ਇਸ ਤੋਂ ਬਾਅਦ ਦਵਿੰਦਰ ਨੂੰ ਪਟਿਆਲਾ ਜ਼ਿਲ੍ਹੇ ਦੇ ਸਥਾਨਕ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ।
ਫਿਰ ਉਸਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ ਨਾਲ ਸਬੰਧਤ ਮਨਜੀਤ ਸਿੰਘ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਦਵਿੰਦਰ ਦੀ 15 ਫਰਵਰੀ ਨੂੰ ਸਰਜਰੀ ਹੋਈ ਅਤੇ ਉਸ ਦੀ ਖੱਬੀ ਅੱਖ ਕੱਢ ਦਿੱਤੀ ਗਈ ਹੈ ।

ਉਨ੍ਹਾਂ ਨੇ ਭਾਵੁਕ ਹੁੰਦਿਆਂ ਦੱਸਿਆ, “ਮੇਰਾ ਪੁੱਤਰ ਵਿਦੇਸ਼ ਨਹੀਂ ਗਿਆ ਕਿਉਂਕਿ ਉਹ ਪੰਜਾਬ ਵਿੱਚ ਹੀ ਰਹਿਣਾ ਚਾਹੁੰਦਾ ਸੀ ਅਤੇ ਖੇਤੀ ਦੇ ਨਾਲ-ਨਾਲ ਸਰਕਾਰੀ ਨੌਕਰੀ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਿਹਾ ਸੀ।”
ਉਹ ਦੱਸਦੇ ਹਨ ਕਿ ਦਵਿੰਦਰ ਨੇ ਸਾਲ 2020-21 ਦੌਰਾਨ ਹੋਏ ਪਿਛਲੇ ਕਿਸਾਨ ਧਰਨੇ ਵਿੱਚ ਵੀ ਸਰਗਰਮੀ ਨਾਲ ਹਿੱਸਾ ਲਿਆ।
ਉਨ੍ਹਾਂ ਅੱਗੇ ਦੱਸਿਆ, “ਮੇਰੇ ਪੁੱਤਰ ਦੇ ਚਿਹਰੇ 'ਤੇ ਪਲਾਸਟਿਕ ਦੀ ਗੋਲੀ ਲੱਗੀ, ਜਿਸ ਕਾਰਨ ਉਸ ਦੀ ਖੱਬੀ ਅੱਖ ਖ਼ਰਾਬ ਹੋ ਗਈ ਹੈ। "
ਮਨਜੀਤ ਸਿੰਘ ਦਾ ਕਹਿਣਾ ਹੈ, “ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਦਵਿੰਦਰ ਨੂੰ ਸਹਾਇਤਾ ਦਿੱਤੀ ਜਾਵੇ ਕਿਉਂਕਿ ਉਸ ਦਾ ਭਵਿੱਖ ਬਿਲਕੁਲ ਧੁੰਦਲਾ ਹੋ ਗਿਆ ਹੈ।”
ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਮੀਡੀਆ ਨੂੰ ਦੱਸਿਆ, "ਘੱਟੋ-ਘੱਟ ਤਿੰਨ ਕਿਸਾਨਾਂ ਦੀ ਅੱਖਾਂ ਦੀ ਰੌਸ਼ਨੀ ਗਈ ਹੈ, ਉਨ੍ਹਾਂ ਵਿੱਚੋਂ ਇੱਕ ਚੰਡੀਗੜ੍ਹ ਦੇ 32 ਸੈਕਟਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਹੈ।”
ਉਨ੍ਹਾਂ ਅੱਗੇ ਕਿਹਾ, "ਅਸੀਂ ਉਨ੍ਹਾਂ ਦੀ ਜਾਂਚ ਕਰਵਾਈ ਅਤੇ ਉਨ੍ਹਾਂ ਦੀਆਂ ਅੱਖਾਂ ਬਚਾਈਆਂ ਨਹੀਂ ਜਾ ਸਕੀਆਂ।"
15 ਫਰਵਰੀ ਤੱਕ 74 ਕਿਸਾਨ ਜ਼ਖ਼ਮੀ ਹੋਏ
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪੈਰੇ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ 15 ਫਰਵਰੀ ਤੱਕ ਕਰੀਬ 74 ਕਿਸਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ 10-12 ਕਿਸਾਨ ਗੰਭੀਰ ਜ਼ਖ਼ਮੀ ਹੋਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਰਾਜਪੁਰਾ ਸ਼ਹਿਰ ਦੇ ਸਿਵਲ ਹਸਪਤਾਲ ਅਤੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਹੈ।
ਜਦੋ ਬੀਬੀਸੀ ਪੰਜਾਬੀ ਨੇ ਰਾਜਪੁਰਾ ਦੇ ਸਿਵਲ ਹਸਪਤਾਲ 'ਚ 15 ਫਰਵਰੀ ਦੀ ਦੁਪਹਿਰ ਨੂੰ ਦੇਖਿਆ ਕਿ ਐਮਰਜੈਂਸੀ ਵਾਰਡ ਜ਼ਖਮੀ ਕਿਸਾਨਾਂ ਨਾਲ ਭਰ ਹੋਇਆ ਸੀ ਅਤੇ ਡਾਕਟਰ ਉਨ੍ਹਾਂ ਦੇ ਇਲਾਜ 'ਚ ਰੁੱਝੇ ਹੋਏ ਸਨ ਅਤੇ ਜ਼ਿਆਦਾਤਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਸਰਕਾਰੀ ਰਾਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਚੱਲ ਰਹੇ ਕਿਸਾਨੀ ਧਰਨੇ ਦੌਰਾਨ ਜ਼ਖ਼ਮੀ ਹੋਏ ਕਿਸਾਨ ਜ਼ੇਰੇ ਇਲਾਜ ਹਨ।
ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਉਹਨਾਂ ਦੀ ਦੇਖ ਭਾਲ ਕਰ ਰਹੇ ਸਨ।
ਜ਼ਖਮੀ ਕਿਸਾਨ ਚੜ੍ਹਦੀ ਕਲਾ ਵਿੱਚ ਜਾਪਦੇ ਸਨ ਅਤੇ ਧਰਨੇ ਦੀਆਂ ਤਾਜ਼ਾ ਖ਼ਬਰਾਂ ਬਾਰੇ ਗੱਲ ਕਰ ਰਹੇ ਸਨ ਜਦੋਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਣਾਅ ਅਤੇ ਕੁਝ ਚਿੰਤਤ ਸਨ।

ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਮੁੱਖ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਦੀ ਸਰਹੱਦ 'ਤੇ ਪਟਿਆਲਾ ਦੇ ਸ਼ੰਭੂ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਖਨੌਰੀ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਕਿਸਾਨ ਯੂਨੀਅਨ ਦੇ ਇਸ ਧੜੇ ਨੇ 13 ਫਰਵਰੀ ਨੂੰ “ਦਿੱਲੀ ਚਲੋ” ਦਾ ਸੱਦਾ ਦਿੱਤਾ ਹੈ ਪਰ ਹਰਿਆਣਾ ਨੇ ਪੰਜਾਬ ਰਾਜ ਨਾਲ ਲੱਗਦੀ ਆਪਣੀ ਸਰਹੱਦ ਨੂੰ ਨਾਕਾਬੰਦੀ ਕਰਕੇ ਪੁਲਿਸ ਅਤੇ ਨੀਮ ਫੌਜੀ ਬਲਾਂ ਦੀ ਭਾਰੀ ਤਾਇਨਾਤੀ ਨਾਲ ਸੀਲ ਕਰ ਦਿੱਤਾ ਹੈ।
13 ਅਤੇ 14 ਫਰਵਰੀ ਨੂੰ ਜਦੋਂ ਕਿਸਾਨ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ 'ਤੇ ਹਰਿਆਣਾ ਪੁਲਿਸ ਵਲੋਂ ਕਥਿਤ ਤੌਰ ਉੱਤੇ ਅੱਥਰੂ ਗੈਸ ਦੇ ਗੋਲੇ ਅਤੇ ਪੇਲੈਟ ਗੋਲੀਆਂ ਦਾਗੀਆਂ ਗਈਆਂ ਸਨ।
'ਠੀਕ ਹੋ ਕੇ ਫਿਰ ਧਰਨੇ ਉੱਤੇ ਜਾਵਾਂਗਾ'
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਆਂ ਦਾ ਰਹਿਣ ਵਾਲੇ ਬਲਵਿੰਦਰ ਸਿੰਘ 13 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਜ਼ਖਮੀ ਹੋ ਗਏ ਸਨ।
ਉਨ੍ਹਾਂ ਦੇ ਸਰੀਰ ਦੇ ਉਪਰਲੇ ਹਿੱਸੇ 'ਤੇ ਪੇਲੈਟ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।
ਬਲਵਿੰਦਰ ਦੱਸਦੇ ਹਨ, "ਅਸੀਂ 13 ਫਰਵਰੀ ਨੂੰ ਨੌਜਵਾਨਾਂ ਨੂੰ ਹਰਿਆਣਾ ਵੱਲੋਂ ਬੈਰੀਕੇਡਿੰਗ ਵੱਲ ਜਾਣ ਤੋਂ ਰੋਕ ਰਹੇ ਸੀ ਕਿ ਅਚਾਨਕ ਉਨ੍ਹਾਂ ਨੇ ਸਾਡੇ 'ਤੇ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾ ਦਿੱਤੀਆਂ, ਜੋ ਮੇਰੇ ਸਰੀਰ 'ਤੇ ਲੱਗੀਆਂ।"
ਉਨ੍ਹਾਂ ਕਿਹਾ, "ਜਦੋਂ ਅਸੀਂ ਪੰਜਾਬ ਤੇ ਹਰਿਆਣਾ ਦੀ ਸਰਹੱਦ 'ਤੇ ਸ਼ਾਂਤੀ ਨਾਲ ਖੜ੍ਹੇ ਸੀ ਤਾਂ ਹਰਿਆਣਾ ਪੁਲਿਸ ਨੇ ਸਾਡੇ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਮੈਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਮੌਕੇ 'ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।"

ਬਲਵਿੰਦਰ ਸਿੰਘ ਜੋ ਕਿ ਇੱਕ ਛੋਟਾ ਕਿਸਾਨ ਹੈ, ਨੇ ਕਿਹਾ, "ਮੈਂ ਇੱਥੋਂ ਹੀ ਧਰਨੇ ਵਿੱਚ ਜਾਵਾਂਗਾ ਭਾਵੇਂ ਮੈਂ ਉੱਥੇ ਮਰ ਕਿਉਂ ਨਾ ਜਾਵਾਂ"।
ਉਨ੍ਹਾਂ ਕਿਹਾ, “ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਲੜ ਰਹੇ ਹਾਂ।”
ਬਲਵਿੰਦਰ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਰਨੂ ਦਾ ਬਿਕਰਮਜੀਤ ਸਿੰਘ ਵੀ ਧਰਨੇ ਵਿੱਚ ਹਿੱਸਾ ਲੈਣ ਲਈ ਖਨੌਰੀ ਬਾਰਡਰ ਗਏ ਸਨ।
ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਅੱਥਰੂ ਗੈਸ ਦੇ ਗੋਲੇ ਕਾਰਨ ਉਨ੍ਹਾਂ ਦੀ ਖੱਬੀ ਲੱਤ ਵਿੱਚ ਵੱਡਾ ਫਰੈਕਚਰ ਹੋ ਗਿਆ ਸੀ।

ਬਿਕਰਮਜੀਤ ਸਿੰਘ ਦੇ ਜੀਜਾ ਅੰਗਰੇਜ ਸਿੰਘ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਬਿਕਰਮਜੀਤ ਕੋਲ 3 ਏਕੜ ਜ਼ਮੀਨ ਸੀ ਅਤੇ 2020 ਦੇ ਕਿਸਾਨ ਪ੍ਰਦਰਸ਼ਨ ਤੋਂ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦਾ ਸਰਗਰਮ ਮੈਂਬਰ ਸੀ।
ਅੰਗਰੇਜ ਸਿੰਘ ਨੇ ਦੱਸਿਆ ਕਿ ਬਿਕਰਮ ਖਨੌਰੀ ਵਿਖੇ ਖੜ੍ਹਾ ਸੀ, ਜਿੱਥੇ ਅੱਥਰੂ ਗੈਸ ਦਾ ਗੋਲਾ ਉਸ ਦੀ ਲੱਤ 'ਤੇ ਵੱਜਿਆ, ਜਿਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ 15 ਫਰਵਰੀ ਨੂੰ ਉਸ ਦਾ ਆਪ੍ਰੇਸ਼ਨ ਹੋਇਆ।
ਬਿਕਰਮਜੀਤ ਸਿੰਘ ਲਗਾਤਾਰ ਹਸਪਤਾਲ ਦੇ ਬਿਸਤਰੇ 'ਤੇ ਪਿਆ ਹੋਇਆ ਕਿਸਾਨੀ ਧਰਨੇ ਬਾਰੇ ਤਾਜ਼ਾ ਜਾਣਕਾਰੀਆਂ ਜਾਣਨ ਲਈ ਫੋਨ ਕਰ ਰਿਹਾ ਸੀ।

ਅੰਗਰੇਜ ਸਿੰਘ ਨੇ ਕਿਹਾ ਕਿ ਬਿਕਰਮਜੀਤ ਸਿੰਘ ਠੀਕ ਹੋਣ ਤੋਂ ਬਾਅਦ ਦੋਬਾਰਾ ਧਰਨਾ ਦੇਣ ਦੀ ਗੱਲ ਕਹਿ ਰਿਹਾ ਹੈ।
ਰਾਜਿੰਦਰਾ ਹਸਪਤਾਲ ਦੇ ਆਰਥੋਪੈਡਿਕਸ ਵਿਭਾਗ ਦੇ ਮੁਖੀ, ਡਾਕਟਰ ਗਿਰੀਸ਼ ਸਾਹਨੀ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਬਿਕਰਮਜੀਤ ਸਿੰਘ ਦੀ ਖੱਬੀ ਲੱਤ ਵਿੱਚ ਪੂਰੀ ਤਰ੍ਹਾਂ ਹੱਡੀ ਟੁੱਟ ਗਈ ਹੈ ਅਤੇ ਉਸ ਦਾ ਆਪਰੇਸ਼ਨ ਕੀਤਾ ਹੈ ਅਤੇ ਉਸ ਦੀ ਲੱਤ ਵਿੱਚ ਇੰਟਰ-ਲਾਕ ਰਾਡ ਪਾ ਦਿਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਿਕਰਮਜੀਤ ਸਿੰਘ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਲਗਭਗ 4 ਹਫਤਿਆਂ ਦਾ ਸਮਾਂ ਲੱਗੇਗਾ ਅਤੇ ਜਲਦੀ ਹੀ ਉਸਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੀ ਕਿਹਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਜ਼ਖਮੀ ਕਿਸਾਨਾਂ ਦਾ ਹਾਲ-ਚਾਲ ਪੁੱਛਿਆ।
ਕੁਲਤਾਰ ਸਿੰਘ ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ।
ਉਨ੍ਹਾਂ ਕਿਹਾ, “ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਲਈ ਲੜ ਰਹੇ ਹਾਂ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਹੀ ਘੱਟੋ-ਘੱਟ ਸਮਰਥਨ ਮੁੱਲ ਮਿਲ ਰਿਹਾ ਹੈ ਪਰ ਅਸੀਂ ਪੂਰੇ ਦੇਸ਼ ਦੇ ਮਜ਼ਬੂਤ ਕਿਸਾਨ ਚਾਹੁੰਦੇ ਹਾਂ।”
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਜਲਦੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸਰਹੱਦਾਂ 'ਤੇ ਰੋਕਣ ਲਈ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ।












