You’re viewing a text-only version of this website that uses less data. View the main version of the website including all images and videos.
ਭਾਰਤ ਤੇ ਚੀਨ ਦੇ ਫੌਜੀਆਂ ਵਿਚਾਲੇ ਅਰੁਣਾਚਲ 'ਚ ਝੜਪ, ਫੌਜੀਆਂ ਦੇ ਜਖ਼ਮੀ ਹੋਣ ਦੀਆਂ ਖ਼ਬਰਾਂ
ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਹੈ।
ਭਾਰਤੀ ਫੌਜ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਝੜਪ 9 ਦਸੰਬਰ ਨੂੰ ਹੋਈ ਹੈ।
ਅਸਮ ਦੇ ਤੇਜ਼ਪੁਰ ਸਥਿਤ ਡਿਫੈਂਸ ਪੀਆਰਓ ਨੇ ਬੀਬੀਸੀ ਨੂੰ ਦੱਸਿਆ ਕਿ 9 ਦਸੰਬਰ ਨੂੰ ਪੀਐਲਏ ਦੇ ਫੌਜੀ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਵੜੇ। ਜਿਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ।
ਇਸ ਝੜਪ ਵਿੱਚ ਦੋਵਾਂ ਪਾਸਿਆਂ ਦੇ ਫੌਜੀਆਂ ਨੂੰ ਕੁਝ ਸੱਟਾਂ ਲੱਗੀਆਂ ਹਨ।
ਭਾਰਤੀ ਫੌਜ ਮੁਤਾਬਕ ਦੋਵਾਂ ਮੁਲਕਾਂ ਦੇ ਫੌਜੀ ਤੁਰੰਤ ਘਟਨਾ ਵਾਲੀ ਥਾਂ ਤੋਂ ਪਿੱਛੇ ਹਟ ਗਏ ਹਨ।
ਦਿ ਹਿੰਦੂ ਅਖ਼ਬਾਰ ਨੇ ਭਾਰਤੀ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਰੁਣਾਚਲ ਦੇ ਤਵਾਂਗ ਵਿੱਚ ਹੋਈ ਝੜਪ ਵਿੱਚ ਭਾਰਤੀ ਫੌਜ ਦੇ ਮੁਕਾਬਲੇ ਚੀਨੀ ਫੌਜੀ ਵਧੇਰੇ ਗਿਣਤੀ ਵਿੱਚ ਜ਼ਖਮੀ ਹੋਏ ਹਨ।
15 ਜੂਨ 2020 ਵਿੱਚ ਲੱਦਾਖ ਦੀ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਉਸ ਸਮੇਂ 20 ਭਾਰਤੀ ਜਵਾਨ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ।
ਦਿ ਟ੍ਰਿਬਿਊਨ ਅਖ਼ਬਾਰ ਨੇ ਲਿਖਿਆ ਹੈ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਭਾਰਤੀ ਅਤੇ ਚੀਨੀ ਫੌਜੀ ਆਹਮੋ-ਸਾਹਮਣੇ ਹੁੰਦੇ ਰਹੇ ਹਨ।
ਹਾਲਾਂਕਿ ਭਾਰਤ ਸਰਕਾਰ ਦੀ ਇਸ ਮਾਮਲੇ ਵਿੱਚ ਕੋਈ ਅਧਿਕਾਰਿਤ ਟਿੱਪਣੀ ਨਹੀਂ ਆਈ ਹੈ।
ਚੀਨ ਨੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ।
ਤਵਾਂਗ ਵਿੱਚ ਹੋਈ ਝੜਪ ਬਾਰੇ ਜੋ ਕੁਝ ਪਤਾ
- 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਹੋਈ
- ਭਾਰਤੀ ਫੌਜ ਨੇ ਇਸ ਝੜਪ ਦੀ ਪੁਸ਼ਟੀ ਕੀਤੀ ਹੈ
- ਝੜਪ ਵਿੱਚ ਦੋਵਾਂ ਪਾਸਿਆਂ ਦੇ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ
- ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਉੱਤੇ ਸਵਾਲ ਚੁੱਕ ਰਹੀ ਹੈ
- ਭਾਰਤੀ ਫੌਜ ਮੁਤਾਬਕ ਚੀਨ ਦੇ ਇਸ ਹਮਲੇ ਉੱਤੇ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਹੈ
ਭਾਰਤੀ ਫੌਜ ਦਾ ਕੀ ਕਹਿਣਾ ਹੈ?
ਭਾਰਤੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਤਵਾਂਗ ਸੈਕਟਰ ਵਿੱਚ ਐਲਏਸੀ ਦੇ ਨਾਲ-ਨਾਲ ਕੁਝ ਖੇਤਰਾਂ ਵਿੱਚ ਵੱਖੋ-ਵੱਖਰੀਆਂ ਧਾਰਨਾਵਾਂ ਦੇ ਖੇਤਰ ਹਨ।
ਇੱਥੇ ਦੋਵੇਂ ਧਿਰਾਂ ਆਪਣੇ ਦਾਅਵੇ ਦੀਆਂ ਲਾਈਨਾਂ ਤੱਕ ਖੇਤਰ ਵਿੱਚ ਗਸ਼ਤ ਕਰਦੀਆਂ ਹਨ।
ਸਾਲ 2006 ਤੋਂ ਇਹ ਰੁਝਾਨ ਰਿਹਾ ਹੈ।
“9 ਦਸੰਬਰ 2022 ਨੂੰ ਪੀਐਲਏ ਦੀਆਂ ਟੁੱਕੜੀਆਂ ਤਵਾਂਗ ਸੈਕਟਰ ਵਿੱਚ ਐਲਏਸੀ ਦੇ ਸੰਪਰਕ ਵਿੱਚ ਆਈਆਂ। ਜਿਸਦਾ ਆਪਣੇ ਫੌਜੀਆਂ ਵੱਲੋਂ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਗਿਆ। ਆਹਮੋ-ਸਾਹਮਣੇ ਹੋਣ ਕਾਰਨ ਦੋਵਾਂ ਪਾਸਿਆਂ ਦੇ ਕੁਝ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ।”
“ਦੋਵੇਂ ਮੁਲਕਾਂ ਦੇ ਫੌਜੀਆਂ ਨੂੰ ਤੁਰੰਤ ਇੱਕ-ਦੂਜੇ ਤੋਂ ਵੱਖ ਕੀਤਾ ਗਿਆ। ਘਟਨਾ ਦੀ ਪੈਰਵੀ ਲਈ ਕਮਾਂਡਰ ਨੇ ਸ਼ਾਂਤੀ ਅਤੇ ਸ਼ਾਂਤੀ ਬਹਾਲ ਲਈ ਚਰਚਾ ਕਰਨ ਲਈ ਆਪਣੇ ਹਮਰੁਤਬਾ ਨਾਲ ਫਲੈਗ ਮੀਟਿੰਗ ਕੀਤੀ।”
ਝੜਪ ਉੱਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ
ਤਵਾਂਗ ਵਿੱਚ ਚੀਨੀ ਫੌਜੀਆਂ ਦੇ ਨਾਲ ਝੜਪ ਦੀਆਂ ਖ਼ਬਰਾਂ ਉੱਤੇ ਕਾਂਗਰਸ ਨੇ ਭਾਜਪਾ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਢਿੱਲਾ ਰਵੱਈਆ ਛੱਡਣ ਲਈ ਕਿਹਾ ਹੈ।
ਕਾਂਗਰਸ ਨੇ ਟਵੀਟ ਕੀਤਾ,’’ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਭਾਰਤ-ਚੀਨ ਵਿਚਾਲੇ ਝੜਪ ਦੀ ਖ਼ਬਰ ਹੈ। ਵੇਲਾ ਆ ਗਿਆ ਹੈ ਕਿ ਸਰਕਾਰ ਢਿੱਲਾ ਰਵੱਈਆ ਛੱਡ ਕੇ ਸਖ਼ਤ ਲਹਿਜ਼ੇ ਵਿੱਚ ਚੀਨ ਨੂੰ ਸਮਝਾਵੇ ਕਿ ਉਸਦੀ ਇਹ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।‘’
ਏਆਈਐਮਆਈਐਮ ਚੀਫ਼ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸਰਕਾਰ ਉੱਤੇ ਸਵਾਲ ਚੁੱਕਿਆ ਹੈ ਕਿ ਸਰਕਾਰ ਨੇ ਇੰਨੇ ਦਿਨਾਂ ਤੱਕ ਝੜਪ ਦੀ ਖ਼ਬਰ ਕਿਉਂ ਲੁਕਾਈ ਜਦਕਿ ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ।
ਉਨ੍ਹਾਂ ਨੇ ਲਿਖਿਆ,’’ਅਰੁਣਾਚਲ ਪ੍ਰਦੇਸ਼ ਤੋਂ ਜੋ ਖ਼ਬਰ ਆ ਰਹੀ ਹੈ ਉਹ ਚਿੰਤਾਜਨਕ ਹੈ। ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਵੱਡੀ ਝੜਪ ਹੋਈ ਹੈ ਅਤੇ ਸਰਕਾਰ ਨੇ ਦੇਸ਼ ਨੂੰ ਕਈ ਦਿਨਾਂ ਤੱਕ ਹਨੇਰੇ ਵਿੱਚ ਰੱਖਿਆ। ਜਦੋਂ ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ ਤਾਂ ਸੰਸਦ ਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਗਿਆ?’’
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਝੜਪ ਦੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਸਪੱਸ਼ਟ ਨਹੀਂ ਹੈ। ਓਵੈਸੀ ਨੇ ਪੁੱਛਿਆ,’’ਝੜਪ ਦਾ ਕਾਰਨ ਕੀ ਸੀ? ਕੀ ਗੋਲੀਆਂ ਚੱਲੀਆਂ ਜਾਂ ਫਿਰ ਇਹ ਗਲਵਾਨ ਦੀ ਤਰ੍ਹਾਂ ਸੀ? ਉਨ੍ਹਾਂ ਦੀ ਸਥਿਤੀ ਕੀ ਸੀ? ਕਿੰਨੇ ਫੌਜੀ ਜ਼ਖ਼ਮੀ ਹੋਏ? ਸੰਸਦ ਚੀਨ ਨੂੰ ਸਖ਼ਤ ਸੰਦੇਸ਼ ਦੇਣ ਲਈ ਆਪਣੇ ਫੌਜੀਆਂ ਦਾ ਸਾਥ ਕਿਉਂ ਨਹੀਂ ਦੇ ਸਕਦੀ?
ਓਵੈਸੀ ਨੇ ਕਿਹਾ, "ਫੌਜ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ। ਮੋਦੀ ਦੀ ਅਗਵਾਈ ਵਿੱਚ ਇਹ ਕਮਜ਼ੋਰ ਨੁਮਾਇੰਦਗੀ ਹੀ ਹੈ ਜਿਸ ਕਾਰਨ ਭਾਰਤ ਨੂੰ ਚੀਨ ਦੇ ਸਾਹਮਣੇ ਬੇਇੱਜ਼ਤ ਹੋਣਾ ਪਿਆ। ਸੰਸਦ ਵਿੱਚ ਇਸ ਉੱਤੇ ਤਤਕਾਲ ਚਰਚਾ ਦੀ ਲੋੜ ਹੈ। ਮੈਂ ਕੱਲ ਇਸ ਮੁੱਦੇ ਉੱਤੇ ਸੰਸਦ ਵਿੱਚ ਪ੍ਰਸਤਾਵ ਪੇਸ਼ ਕਰਾਂਗਾ।‘’
ਗਲਵਾਨ ਵਿੱਚ ਕੀ ਹੋਇਆ ਸੀ?
15 ਜੂਨ 2020 ਨੂੰ ਪੂਰਬੀ ਲੱਦਾਖ ਦੇ ਗਲਵਾਨ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਖੂਨੀ ਝੜਪ ਹੋਈ ਸੀ।
ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਮਾਰੇ ਗਏ ਸਨ।
ਭਾਰਤ ਨੇ ਕਿਹਾ ਸੀ ਕਿ ਗਲਵਾਨ ਵਿੱਚ ਚੀਨੀ ਫੌਜੀ ਵੀ ਵੱਡੀ ਗਿਣਤੀ ਵਿੱਚ ਮਾਰੇ ਗਏ ਸਨ। ਪਰ ਚੀਨ ਨੇ ਸਿਰਫ਼ ਚਾਰ ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਫ਼ਰਵਰੀ 2022 ਵਿੱਚ ਆਸਟਰੇਲੀਆ ਦੇ ਇੱਕ ਅਖ਼ਬਾਰ 'ਦ ਕਲੈਕਸਨ' ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਗਲਵਾਨ ਵਿੱਚ ਚਾਰ ਚੀਨੀ ਸੈਨਿਕ ਨਹੀਂ ਸਗੋਂ ਕਈ ਗੁਣਾ ਵੱਧ ਯਾਨੀ ਘੱਟੋ-ਘੱਟ 38 ਪੀਐਲਏ ਸੈਨਿਕ ਮਾਰੇ ਗਏ ਸਨ।
ਗਲਵਾਨ ਝੜਪ ਵਿੱਚ ਹਿੱਸਾ ਲੈਣ ਵਾਲੇ ਇੱਕ ਕਮਾਂਡਰ ਨੂੰ ਚੀਨ ਨੇ ਇਸ ਸਾਲ ਚੀਨੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਵਿੱਚ ਮਹਿਮਾਨ ਵਜੋਂ ਬੁਲਾਇਆ ਸੀ।
ਭਾਰਤ ਅਤੇ ਚੀਨ ਵਿਚਕਾਰ ਸਾਲ 2020 ਵਿੱਚ ਗੰਭੀਰ ਸਥਿਤੀ ਪੈਦਾ ਹੋ ਗਈ ਸੀ।
1 ਮਈ, 2020 ਨੂੰ ਪੂਰਬੀ ਲੱਦਾਖ ਵਿੱਚ ਪੈਂਗੋਂਗ ਤਸੋ ਝੀਲ ਦੇ ਉੱਤਰੀ ਕੰਢੇ 'ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਝੜਪ ਹੋਈ ਸੀ।
ਇਸ ਵਿੱਚ ਦੋਵਾਂ ਪਾਸਿਆਂ ਦੇ ਦਰਜਨਾਂ ਜਵਾਨ ਜ਼ਖ਼ਮੀ ਹੋ ਗਏ।
15 ਜੂਨ ਨੂੰ ਗਲਵਾਨ ਘਾਟੀ 'ਚ ਇੱਕ ਵਾਰ ਫਿਰ ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ।
ਇਸ ਬਾਰੇ 16 ਜੂਨ ਨੂੰ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਕਿਹਾ ਗਿਆ ਸੀ, "ਝੜਪ ਵਾਲੀ ਥਾਂ 'ਤੇ ਡਿਊਟੀ 'ਤੇ ਮੌਜੂਦ 17 ਸੈਨਿਕਾਂ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ। ਇਸ ਸੰਘਰਸ਼ ਵਿੱਚ ਮਰਨ ਵਾਲੇ ਸੈਨਿਕਾਂ ਦੀ ਗਿਣਤੀ ਵਧ ਕੇ 20 ਹੋ ਗਈ ਹੈ।"
ਚੀਨ ਨੇ ਵੀ ਇੱਕ ਬਿਆਨ ਜਾਰੀ ਕੀਤਾ ਸੀ ਪਰ ਇਹ ਸਪੱਸ਼ਟ ਨਹੀਂ ਕੀਤੀ ਕਿ ਉਹਨਾਂ ਦੇ ਕਿੰਨੇ ਸੈਨਿਕ ਮਾਰੇ ਗਏ ਹਨ।
ਫ਼ਰਵਰੀ 2021 ਵਿੱਚ ਚੀਨ ਨੇ ਗਲਵਾਨ ਘਾਟੀ ਦੀ ਝੜਪ ਵਿੱਚ ਮਾਰੇ ਗਏ ਆਪਣੇ ਚਾਰ ਸੈਨਿਕਾਂ ਨੂੰ ਮਰਨ ਉਪਰੰਤ ਮੈਡਲ ਦੇਣ ਦਾ ਐਲਾਨ ਕੀਤਾ ਸੀ।