ਭਾਰਤ- ਚੀਨ ਵਿਵਾਦ : ਐੱਲਏਸੀ ਉੱਤੇ ਚੀਨੀ ਸਰਗਰਮੀਆਂ ਤੋਂ ਅਮਰੀਕਾ ਚਿੰਤਤ

ਅਮਰੀਕਾ ਦੇ ਉੱਚ ਜਰਨਲ ਚਾਰਲਸ ਏ ਫਲਿਨ ਨੇ ਬੁੱਧਵਾਰ ਨੂੰ ਆਖਿਆ ਹੈ ਕਿ ਲੱਦਾਖ ਖੇਤਰ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ ((ਭਾਰਤ ਚੀਨ ਸਰਹੱਦ) ਦੇ ਦੂਜੇ ਪਾਸੇ ਚੀਨੀ ਗਤੀਵਿਧੀਆਂ ਹੈਰਾਨ ਕਰਨ ਵਾਲੀਆਂ ਹਨ।

ਉਨ੍ਹਾਂ ਨੇ ਆਖਿਆ ਕਿ ਚੀਨੀ ਫੌਜ ਜੋ ਕਰ ਰਹੀ ਹੈ, ਉਹ ਕਾਫੀ ਚਿੰਤਾਜਨਕ ਵੀ ਹੈ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਚਾਰਲਸ ਏ ਫਲਿਨ ਨੇ ਚੀਨ ਦੇ ਹਾਲਾਤ ਉੱਪਰ ਸਵਾਲਾਂ ਦੇ ਜਵਾਬ ਦਿੱਤੇ।

ਯੂਨਾਈਟਿਡ ਸਟੇਟਸ ਆਰਮੀ ਪੈਸਫਿਕ ਦੇ ਕਮਾਂਡਿੰਗ ਜਨਰਲ ਚਾਰਲਸ ਏ ਫਲਿਨ ਨੇ ਆਖਿਆ,"ਗਤੀਵਿਧੀਆਂ ਦਾ ਪੱਧਰ ਹੈਰਾਨ ਕਰਨ ਵਾਲਾ ਹੈ। ਚੀਨੀ ਫ਼ੌਜ ਫੌਜ ਵੱਲੋਂ ਪੱਛਮੀ ਥਿਏਟਰ ਕਮਾਂਡ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਚਿੰਤਾ ਦਾ ਕਾਰਨ ਹਨ। ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਚੀਨੀ ਫੌਜ ਅਜਿਹਾ ਕਿਉਂ ਕਰ ਰਹੀ ਹੈ ਅਤੇ ਉਨ੍ਹਾਂ ਦੇ ਇਰਾਦੇ ਕੀ ਹਨ।"

ਮਈ 2020 ਦੀ ਸ਼ੁਰੂਆਤ ਤੋਂ ਹੀ ਭਾਰਤ ਅਤੇ ਚੀਨ ਦਰਮਿਆਨ ਸਰਹੱਦ ਨੂੰ ਲੈ ਕੇ ਵਿਵਾਦ ਜਾਰੀ ਹੈ।

ਉਧਰ ਭਾਰਤੀ ਫ਼ੌਜ ਦੇ ਫੌਜੀ ਅਭਿਆਨ ਦੇ ਮਹਾਨਿਰਦੇਸ਼ਕ ਲੈਫਟੀਨੈਂਟ ਜਨਰਲ ਵਿਨੋਦ ਭਾਟੀਆ(ਰਿਟਾਇਰਡ) ਨੇ ਆਖਿਆ ਕਿ ਚੀਨ ਕੋਲ ਤਿੱਬਤ ਵਿੱਚ ਲੰਬੇ ਸਮੇਂ ਤੋਂ ਆਧੁਨਿਕ ਸਾਮਾਨ ਮੌਜੂਦ ਹੈ ਅਤੇ ਆਪਣੀਆਂ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚੀਨ ਲਗਾਤਾਰ ਇਸ ਨੂੰ ਵਧਾ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਅਖਬਾਰ ਮੁਤਾਬਕ ਉਨ੍ਹਾਂ ਨੇ ਕਿਹਾ," ਸਰਹੱਦ ਦੇ ਸਵਾਲ 'ਤੇ ਸਾਡੇ ਦਰਮਿਆਨ ਗੰਭੀਰ ਮਤਭੇਦ ਹਨ। ਇਨ੍ਹਾਂ ਨੂੰ ਰਾਜਨੀਤਕ ਕੂਟਨੀਤਿਕ ਅਤੇ ਫ਼ੌਜਾਂ ਦਰਮਿਆਨ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ਹੈ।"ਇਨ੍ਹਾਂ ਹਾਲਤਾਂ ਨੂੰ ਸੁਧਾਰਨ ਲਈ ਭਾਰਤੀ ਅਤੇ ਚੀਨੀ ਫ਼ੌਜ ਦਰਮਿਆਨ 15 ਵਾਰ ਬੈਠਕ ਹੋਈ ਹੈ।

ਨਵੀਂ ਆਬਕਾਰੀ ਨੀਤੀ ਨਾਲ ਸ਼ਰਾਬ ਦੀਆਂ ਕੀਮਤਾਂ ਵਿੱਚ ਹੋ ਸਕਦੀ ਹੈ ਕਮੀ

ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਕੀਤੀ ਗਈ ਕੈਬਨਿਟ ਬੈਠਕ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨ ਕੀਤਾ ਗਿਆ ਹੈ।

ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਨਵੀਂ ਆਬਕਾਰੀ ਨੀਤੀ ਨਾਲ ਸ਼ਰਾਬ ਦੀਆਂ ਕੀਮਤਾਂ ਵਿੱਚ 35-60 ਫ਼ੀਸਦ ਕਮੀ ਹੋ ਸਕਦੀ ਹੈ।

ਇਸ ਦੇ ਨਾਲ ਹੀ ਠੇਕਿਆਂ ਦੀ ਨੀਲਾਮੀ ਡਰਾਅ ਦੀ ਜਗ੍ਹਾ ਈ ਟ੍ਰੇਡਿੰਗ ਨਾਲ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ 1 ਜੁਲਾਈ 2022 ਤੋਂ ਕੀਮਤਾਂ ਘਟ ਜਾਣਗੀਆਂ।

ਨਵੀਂ ਆਬਕਾਰੀ ਨੀਤੀ ਤਹਿਤ ਪੰਜਾਬ ਸਰਕਾਰ ਵੱਲੋਂ ਤਕਰੀਬਨ 9650 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਹ ਨੀਤੀ 9 ਮਹੀਨੇ ਤੱਕ ਲਾਗੂ ਰਹੇਗੀ।

ਇਹ ਵੀ ਪੜ੍ਹੋ:

ਖ਼ਬਰ ਮੁਤਾਬਕ ਨਵੀਂ ਆਬਕਾਰੀ ਨੀਤੀ ਨਾਲ ਪੰਜਾਬ ਵਿੱਚ ਕੌਮਾਂਤਰੀ ਪੱਧਰ ਦੇ ਸ਼ਰਾਬ ਦੇ ਥੋਕ ਵਿਕਰੇਤਾਵਾਂ ਦੇ ਆਉਣ ਦੀ ਸੰਭਾਵਨਾ ਹੈ ।

ਜਿਸ ਨਾਲ ਸ਼ਰਾਬ ਵਿੱਚ ਮਿਲਾਵਟ ਘਟੇਗੀ। ਇਸ ਦੇ ਨਾਲ ਹੀ ਪੰਜਾਬ ਵਿੱਚ ਗੁਆਂਢੀ ਸੂਬਿਆਂ ਤੋਂ ਆਉਂਦੀ ਸ਼ਰਾਬ ਦੀ ਤਸਕਰੀ ਰੋਕਣ ਵਿੱਚ ਵੀ ਸਹਾਇਤਾ ਮਿਲੇਗੀ।

ਮਾਸਕ ਨਾ ਪਾਉਣ ਵਾਲੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਜਾ ਸਕਦਾ ਹੈ-ਡੀਜੀਸੀਏ

ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਵੱਲੋਂ ਬੁੱਧਵਾਰ ਨੂੰ ਕੋਵਿਡ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਜਹਾਜ਼ਾਂ ਤੇ ਹਵਾਈ ਅੱਡਿਆਂ ਲਈ ਨਵੇਂ ਨਿਯਮਾਂ ਮੁਤਾਬਕ ਯਾਤਰੀਆਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ।

ਇਹ ਵੀ ਆਖਿਆ ਗਿਆ ਹੈ ਕਿ ਜੇ ਕੋਈ ਯਾਤਰੀ ਵਾਰ-ਵਾਰ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਜਹਾਜ਼ ਤੋਂ ਉਤਾਰਿਆ ਵੀ ਜਾ ਸਕਦਾ ਹੈ।

ਇਨ੍ਹਾਂ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਨੂੰ 'ਨੋ ਫਲਾਈ ਲਿਸਟ' ਵਿੱਚ ਵੀ ਪਾਇਆ ਜਾ ਸਕਦਾ ਹੈ।

ਇਸ ਸੂਚੀ ਵਿੱਚ ਸ਼ਾਮਲ ਯਾਤਰੀ ਹਵਾਈ ਯਾਤਰਾ ਨਹੀਂ ਕਰ ਸਕਦੇ। ਨਿਯਮਾਂ ਮੁਤਾਬਕ ਕੁਝ ਖਾਸ ਅਤੇ ਚੋਣਵੇਂ ਹਾਲਾਤਾ ਵਿਚ ਯਾਤਰੀ ਕੁਝ ਸਮੇਂ ਲਈ ਮਾਸਕ ਉਤਾਰ ਸਕਦਾ ਹੈ।

ਖ਼ਬਰ ਮੁਤਾਬਕ ਇਹ ਨਵੇਂ ਨਿਯਮ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਤਰਜ਼ 'ਤੇ ਬਣਾਏ ਗਏ ਹਨ।

ਜਿਸ ਵਿੱਚ ਮਹਾਂਮਾਰੀ ਦੇ ਸਮੇਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਯਾਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਆਖੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)