ਤੁਰਕੀ ਵਿੱਚ ਹਜ਼ਾਰਾਂ ਲੋਕ ਸੜਕਾਂ ਉੱਤੇ ਪ੍ਰਦਰਸ਼ਨ ਕਿਉਂ ਕਰ ਰਹੇ ਹਨ, ਪੂਰਾ ਮਾਮਲਾ ਸਮਝੋ

    • ਲੇਖਕ, ਲਾਰਾ ਓਵੇਨ
    • ਰੋਲ, ਬੀਬੀਸੀ ਨਿਊਜ਼

ਤੁਰਕੀ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਮੁਜ਼ਾਹਰੇ ਬੀਤੇ ਇੱਕ ਹਫ਼ਤੇ ਤੋਂ ਕੀਤੇ ਜਾ ਰਹੇ ਹਨ। ਹੁਣ ਤੱਕ 1400 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਵਿਦਿਆਰਥੀ, ਪੱਤਰਕਾਰ ਤੇ ਵਕੀਲ ਸ਼ਾਮਲ ਹਨ।

ਮਨੁੱਖੀ ਹੱਕਾਂ ਦੇ ਕਾਰਕੁਨ ਤੇ ਸੰਯੁਕਤ ਰਾਸ਼ਟਰ ਵੱਲੋਂ ਇਨ੍ਹਾਂ ਗ੍ਰਿਫ਼ਤਾਰੀਆਂ ਤੇ ਮੁਜ਼ਾਹਰਾਕਾਰੀਆਂ ਖਿਲਾਫ਼ ਤਾਕਤ ਦੇ ਇਸਤੇਮਾਲ ਨੂੰ ਨਜ਼ਾਇਜ਼ ਠਹਿਰਾਇਆ ਦੱਸਿਆ ਜਾ ਰਿਹਾ ਹੈ।

ਇਮਾਮੋਗਲੂ, ਵਿਰੋਧੀ ਰਿਪਬਲਿਕਨ ਪੀਪਲਜ਼ ਪਾਰਟੀ (ਸੀਐੱਚਪੀ) ਵਿੱਚ ਇੱਕ ਮੋਹਰੀ ਆਗੂ ਹਨ।

ਉਹ ਇਸਤਾਂਬੁਲ ਦੇ ਮੇਅਰ ਹਨ ਪਰ ਨਾਲ ਹੀ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਸਭ ਤੋਂ ਸ਼ਕਤੀਸ਼ਾਲੀ ਵਿਰੋਧੀ ਵਜੋਂ ਦੇਖਿਆ ਜਾਂਦਾ ਰਿਹਾ ਹੈ।

23 ਮਾਰਚ ਨੂੰ ਉਨ੍ਹਾਂ 'ਤੇ ਰਸਮੀ ਤੌਰ 'ਤੇ ਭ੍ਰਿਸ਼ਟਾਚਾਰ ਅਤੇ ਇੱਕ ਅੱਤਵਾਦੀ ਸਮੂਹ ਦੀ ਸਹਾਇਤਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਜਿਹੜੇ ਲੋਕ ਸੜਕਾਂ 'ਤੇ ਉਤਰੇ ਹਨ, ਉਹ ਇਮਾਮੋਗਲੂ ਦੀ ਹਿਰਾਸਤ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਸਮਝਦੇ ਹਨ।

ਸੋਸ਼ਲ ਮੀਡੀਆ 'ਤੇ ਇਮਾਮੋਗਲੂ ਨੇ ਲਿਖਿਆ, "ਇਹ ਲੋਕਾਂ ਦੀ ਇੱਛਾ ਲਈ ਇੱਕ ਸੱਟ ਹੈ।"

ਉਨ੍ਹਾਂ ਨੇ ਕਿਹਾ, "ਸੈਂਕੜੇ ਪੁਲਿਸ ਅਧਿਕਾਰੀ ਮੇਰੇ ਦਰਵਾਜ਼ੇ 'ਤੇ ਆ ਗਏ ਹਨ। ਮੈਂ ਆਪਣੇ ਆਪ ਨੂੰ ਲੋਕਾਂ ਹਵਾਲੇ ਕਰਦਾ ਹਾਂ।"

ਜੱਜਾਂ ਨੇ ਪੀਕੇਕੇ ਦੀ ਸਹਾਇਤਾ ਕਰਨ ਦੇ ਇਲਜ਼ਾਮਾਂ ਵਿੱਚ ਉਨ੍ਹਾਂ ਦੇ ਵਿਰੁੱਧ ਦੂਜਾ ਗ੍ਰਿਫ਼ਤਾਰੀ ਵਾਰੰਟ ਜਾਰੀ ਨਾ ਕਰਨ ਦਾ ਫ਼ੈਸਲਾ ਕੀਤਾ।

ਪੀਕੇਕੇ ਕੁਰਦਿਸ਼ ਰਾਸ਼ਟਰਵਾਦੀ ਸੰਗਠਨ ਹੈ ਜੋ 1980 ਦੇ ਦਹਾਕੇ ਤੋਂ ਤੁਰਕੀ ਰਾਜ ਵਿਰੁੱਧ ਲੜ ਰਿਹਾ ਹੈ।

ਤੁਰਕੀ, ਅਮਰੀਕਾ ਅਤੇ ਯੂਕੇ ਇਸ ਨੂੰ ਇੱਕ ਅੱਤਵਾਦੀ ਸੰਗਠਨ ਮੰਨਦੇ ਹਨ ਅਤੇ ਇਸ 'ਤੇ ਪਾਬੰਦੀ ਲਗਾਉਂਦੇ ਹਨ।

ਤੁਰਕੀ ਮੁਜ਼ਾਹਰਾਕਾਰੀ ਕੌਣ ਹਨ?

ਇਮਾਮੋਗਲੂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਮੁਜ਼ਾਹਰੇ 'ਤੇ ਸਰਕਾਰੀ ਪਾਬੰਦੀ ਦੀ ਉਲੰਘਣਾ ਕੀਤੀ ਹੈ। ਸੋਮਵਾਰ ਨੂੰ ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਕਿਹਾ ਕਿ ਕੁੱਲ 1,133 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਬਹੁਤ ਸਾਰੇ ਮੁਜ਼ਾਹਰਾਕਾਰੀ, ਉਹ ਵਿਦਿਆਰਥੀ ਹਨ ਜਿਨ੍ਹਾਂ ਨੂੰ ਸਿਰਫ਼ ਇੱਕ ਆਦਮੀ ਦੇ ਰਾਜ ਬਾਰੇ ਪਤਾ ਹੈ ਤੇ ਉਹ ਹੈ ਰਾਸ਼ਟਰਪਤੀ ਏਰਦੋਗਨ।

ਉਹ 22 ਸਾਲਾਂ ਤੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੋਵਾਂ ਵਜੋਂ ਹੀ ਸੱਤਾ ਵਿੱਚ ਹਨ।

ਮੁਜ਼ਾਹਰਾਕਾਰੀ ਗ੍ਰਿਫ਼ਤਾਰੀ ਦੀਆਂ ਧਮਕੀਆਂ ਅਤੇ ਪੁਲਿਸ ਨਾਲ ਝੜਪਾਂ ਦੇ ਬਾਵਜੂਦ ਸੜਕਾਂ 'ਤੇ ਕਾਇਮ ਹਨ।

ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਯੇਰਲੀਕਾਇਆ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੇ ਰੋਸ ਮੁਜ਼ਾਹਰੇ ਵਿੱਚ ਰੋਸ-ਮੁਜ਼ਾਹਰੇ ਦੇ ਅਧਿਕਾਰ ਦੀ "ਦੁਰਵਰਤੋਂ" ਕੀਤੀ ਗਈ ਹੈ। ਮੁਜ਼ਹਰਾਕਾਰੀਆਂ ਤੇ "ਜਨਤਕ ਵਿਵਸਥਾ ਨੂੰ ਭੰਗ ਕਰਨ, ਸੜਕਾਂ 'ਤੇ ਲੋਕਾਂ ਨੂੰ ਭੜਕਾਉਣ ਅਤੇ ਪੁਲਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ" ਦਾ ਇਲਜ਼ਾਮ ਲਗਾਇਆ ਗਿਆ ਹੈ।

ਫਰਾਂਸੀਸੀ ਨਿਊਜ਼ ਏਜੰਸੀ ਏਐੱਫਪੀ ਦੇ ਅੰਕੜਿਆਂ ਅਨੁਸਾਰ, ਤੁਰਕੀ ਦੇ 81 ਸੂਬਿਆਂ ਵਿੱਚੋਂ ਘੱਟੋ-ਘੱਟ 55, ਜਾਂ ਦੇਸ਼ ਦੇ ਦੋ-ਤਿਹਾਈ ਤੋਂ ਵੱਧ ਹਿੱਸਿਆਂ ਵਿੱਚ ਰੈਲੀਆਂ ਹੋਈਆਂ ਹਨ।

ਇੱਕ ਨੌਜਵਾਨ ਔਰਤ ਮੁਜ਼ਹਰਾਕਾਰੀ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਇਹ ਅਧਿਕਾਰ ਹੈ ਕਿ ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ, ਉਸਨੂੰ ਚੁਣ ਸਕਦੇ ਹਾਂ ਪਰ ਉਹ (ਰਾਸ਼ਟਰਪਤੀ ਏਰਦੋਗਨ) ਅੱਜ ਸਾਡੇ ਤੋਂ ਇਹ ਅਧਿਕਾਰ ਖੋਹ ਰਹੇ ਹਨ।"

ਇੱਕ ਨੌਜਵਾਨ ਨੇ ਅੱਗੇ ਕਿਹਾ, "ਅਸੀਂ ਲੋਕਤੰਤਰ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਲੋਕ ਉਨ੍ਹਾਂ ਲੋਕਾਂ ਨੂੰ ਚੁਣਨ ਜਿਨ੍ਹਾਂ ਨੂੰ ਉਹ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹ ਚੁਣਨ ਦੀ ਆਜ਼ਾਦੀ ਹੋਵੇ ਕਿ ਅਸੀਂ ਕਿਸ ਨੂੰ ਚਾਹੁੰਦੇ ਹਾਂ, ਬਿਨਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟੇ।"

ਮੁਜ਼ਾਹਰੇ ਵੱਡੇ ਪੱਧਰ 'ਤੇ ਸ਼ਾਂਤਮਈ ਰਹੇ ਹਨ, ਮੁਜ਼ਾਹਰਾਕਾਰੀਆਂ ਨੇ ਰਾਸ਼ਟਰਪਤੀ ਦਾ ਮਜ਼ਾਕ ਉਡਾਉਣ ਵਾਲੀਆਂ ਜਾਂ ਨਿਆਂ ਦੀ ਮੰਗ ਕਰਨਾ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਹਨ।

ਪਰ ਐਤਵਾਰ ਰਾਤ ਨੂੰ ਦੇਸ਼ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਅਸ਼ਾਂਤੀ ਦੇਖਣ ਨੂੰ ਮਿਲੀ। ਸੁਰੱਖਿਆ ਬਲਾਂ ਨੇ ਮੁਜ਼ਹਰਾਕਾਰੀਆਂ ਵਿਰੁੱਧ ਅੱਥਰੂ ਗੈਸ, ਮਿਰਚ ਸਪਰੇਅ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ।

ਬਹੁਤ ਸਾਰੇ ਕਾਮਿਆਂ ਨੇ ਆਪਣੀ ਰੱਖਿਆ ਲਈ ਆਪਣੇ ਚਿਹਰਿਆਂ 'ਤੇ ਐੱਨ95 ਮਾਸਕ ਜਾਂ ਸਕਾਰਫ਼ ਪਹਿਨੇ ਹੋਏ ਸਨ।

ਏਕਰੇਮ ਇਮਾਮੋਗਲੂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ?

ਨਿਰੀਖਕਾਂ ਦਾ ਕਹਿਣਾ ਹੈ ਕਿ ਮੁੱਖ ਵਿਰੋਧੀ ਪਾਰਟੀ ਦੀ ਆਉਣ ਵਾਲੀ ਪ੍ਰਾਇਮਰੀ ਲੀਡਰਸ਼ਿਪ ਚੋਣ ਕਾਰਨ ਇਮਾਮੋਗਲੂ ਦੀ ਗ੍ਰਿਫ਼ਤਾਰੀ ਹੋਈ ਹੈ।

ਸੀਐੱਚਪੀ ਦੀ ਚੋਣ 23 ਮਾਰਚ ਨੂੰ ਹੋਣੀ ਸੀ। 2028 ਵਿੱਚ ਰਾਸ਼ਟਰਪਤੀ ਏਰਦੋਗਨ ਦੇ ਖ਼ਿਲਾਫ਼ ਚੋਣ ਲੜਨ ਲਈ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਵਿਰੋਧੀ ਉਮੀਦਵਾਰ ਵਜੋਂ ਚੁਣੇ ਜਾਣ ਦੀ ਉਮੀਦ ਸੀ ਕਿਉਂਕਿ ਉਹ ਬੈਲਟ 'ਤੇ ਇਕਲੌਤਾ ਉਮੀਦਵਾਰ ਸੀ।

ਐਤਵਾਰ ਰਾਤ ਤੱਕ, 15 ਮਿਲੀਅਨ ਲੋਕ ਇਮਾਮੋਗਲੂ ਦੇ ਸਮਰਥਨ ਵਿੱਚ ਪ੍ਰਤੀਕਾਤਮਕ ਵੋਟ ਪਾਉਣ ਲਈ ਲਾਈਨਾਂ ਵਿੱਚ ਖੜ੍ਹੇ ਸਨ। ਇਹ ਉਦੋਂ ਹੋਇਆ ਜਦੋਂ ਉਹ ਪ੍ਰੀ-ਟ੍ਰਾਇਲ ਹਿਰਾਸਤ ਵਿੱਚ ਸਨ।

ਰਾਸ਼ਟਰਪਤੀ ਲਈ ਉਨ੍ਹਾਂ ਦੀ ਉਮੀਦਵਾਰੀ ਦੀ ਪੁਸ਼ਟੀ ਅਜੇ ਵੀ ਇੱਕ ਅਧਿਕਾਰਤ ਪ੍ਰਕਿਰਿਆ ਰਾਹੀਂ ਹੋਣੀ ਬਾਕੀ ਹੈ।

ਇਸਤਾਂਬੁਲ ਵਿੱਚ ਇੱਕ ਰੈਲੀ ਵਿੱਚ ਬੋਲਦੇ ਹੋਏ, ਸੀਐੱਚਪੀ ਨੇਤਾ ਓਜ਼ਗੁਰ ਓਜ਼ਲ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਲਗਭਗ 1.6 ਮਿਲੀਅਨ ਵੋਟਾਂ ਪਾਰਟੀ ਮੈਂਬਰਾਂ ਵੱਲੋਂ ਆਈਆਂ ਸਨ, ਜਦਕਿ ਬਾਕੀ ਏਕਤਾ ਤਹਿਤ ਪਾਈਆਂ ਗਈਆਂ ਸਨ।

ਬੀਬੀਸੀ ਇਨ੍ਹਾਂ ਅੰਕੜਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਦਾ।

ਇਮਾਮੋਗਲੂ ਪਿਛਲੀਆਂ ਸਾਲ ਨਗਰ ਨਿਗਮ ਚੋਣਾਂ ਵਿੱਚ ਇਸਤਾਂਬੁਲ ਦੇ ਮੇਅਰ ਚੁਣੇ ਗਏ ਸਨ, ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਇਹ ਉਨ੍ਹਾਂ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਿਲ ਕੀਤੀ।

ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਸੀਐੱਚਪੀ ਦੀ ਅਗਵਾਈ ਸੰਭਾਲਣ ਵੱਲ ਇਹ ਇੱਕ ਪਹਿਲਾ ਕਦਮ ਹੈ।

ਪਾਰਟੀ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਆਲੋਚਨਾ "ਅਗਲੇ ਰਾਸ਼ਟਰਪਤੀ ਵਿਰੁੱਧ ਤਖ਼ਤਾਪਲਟ ਦੀ ਕੋਸ਼ਿਸ਼" ਵਜੋਂ ਕੀਤੀ ਹੈ।

ਰਾਸ਼ਟਰਪਤੀ ਏਰਦੋਗਨ ਦੀ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਮਾਮੋਗਲੂ ਦੀ ਗ੍ਰਿਫ਼ਤਾਰੀ ਸਿਆਸਤ 'ਤੇ ਪ੍ਰੇਰਿਤ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਤੁਰਕੀ ਦੀਆਂ ਅਦਾਲਤਾਂ ਸੁਤੰਤਰ ਹਨ।

ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਅਦਾਲਤ ਨੇ ਇਮਾਮੋਗਲੂ ਨੂੰ ਇਲਜ਼ਾਮਾਂ ਦੀ ਇੱਕ ਲੰਬੀ ਸੂਚੀ ਦੇ ਕਾਰਨ ਹਿਰਾਸਤ ਵਿੱਚ ਲੈਣ ਦਾ ਫ਼ੈਸਲਾ ਕੀਤਾ, ਜਿਸ ਵਿੱਚ ਇੱਕ ਅਪਰਾਧਿਕ ਸੰਗਠਨ ਚਲਾਉਣਾ, ਰਿਸ਼ਵਤ ਲੈਣਾ, ਜਬਰੀ ਵਸੂਲੀ ਕਰਨਾ, ਨਿੱਜੀ ਡੇਟਾ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਰਿਕਾਰਡ ਕਰਨਾ ਅਤੇ ਧੋਖਾਧੜੀ ਸ਼ਾਮਲ ਹੈ।

ਸ਼ਨੀਵਾਰ ਨੂੰ, ਇਸਤਾਂਬੁਲ ਸਿਟੀ ਹਾਲ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਮਾਮੋਗਲੂ ਨੇ ਆਪਣੇ ਖ਼ਿਲਾਫ਼ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ, ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਤੁਰਕੀ ਦੇ ਅਕਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।

ਕੀ ਇਮਾਮੋਗਲੂ ਅਜੇ ਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ?

ਇਹ ਗ੍ਰਿਫ਼ਤਾਰੀ ਇਮਾਮੋਗਲੂ ਦੀ ਉਮੀਦਵਾਰੀ ਅਤੇ ਰਾਸ਼ਟਰਪਤੀ ਵਜੋਂ ਚੋਣ ਨੂੰ ਨਹੀਂ ਰੋਕਦੀ।

ਪਰ, ਜੇਕਰ ਉਹ ਆਪਣੇ ਵਿਰੁੱਧ ਲੱਗੇ ਕਿਸੇ ਵੀ ਇਲਜ਼ਾਮ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਹ ਚੋਣ ਨਹੀਂ ਲੜ ਸਕਣਗੇ।

18 ਮਾਰਚ ਨੂੰ ਇਸਤਾਂਬੁਲ ਯੂਨੀਵਰਸਿਟੀ ਨੇ ਉਨ੍ਹਾਂ ਦੀ ਡਿਗਰੀ ਰੱਦ ਕਰ ਦਿੱਤੀ, ਇਹ ਇੱਕ ਅਜਿਹਾ ਫ਼ੈਸਲਾ ਹੈ, ਜਿਸਨੂੰ ਬਰਕਰਾਰ ਰੱਖਿਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਲੜਨ ਤੋਂ ਰੋਕਿਆ ਜਾਵੇਗਾ।

ਤੁਰਕੀ ਦੇ ਸੰਵਿਧਾਨ ਦੇ ਅਨੁਸਾਰ, ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਉੱਚ ਸਿੱਖਿਆ ਪੂਰੀ ਕਰਨੀ ਲਾਜ਼ਮੀ ਹੈ।

ਬੀਬੀਸੀ ਨਿਊਜ਼ ਤੁਰਕੀ ਮਾਹਿਰ ਸੇਲਿਨ ਗਿਰਿਤ ਦਾ ਕਹਿਣਾ ਹੈ ਕਿ ਇਸਤਾਂਬੁਲ ਯੂਨੀਵਰਸਿਟੀ ਦੇ ਇਸ ਕਦਮ ਨੇ ਵਿਦਿਆਰਥੀਆਂ ਦੀਆਂ ਆਪਣੇ ਭਵਿੱਖ ਬਾਰੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।

ਤੁਰਕੀ ਦੀ ਸੁਪਰੀਮ ਇਲੈਕਟੋਰਲ ਕੌਂਸਲ ਇਹ ਫ਼ੈਸਲਾ ਕਰੇਗੀ ਕਿ ਕੀ ਇਮਾਮੋਗਲੂ ਉਮੀਦਵਾਰ ਬਣਨ ਦੇ ਯੋਗ ਹਨ।

ਏਰਦੋਗਨ 2023 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਤੀਜਾ ਕਾਰਜਕਾਲ ਸੁਰੱਖਿਅਤ ਕਰਨਾ ਚਾਹੁੰਦੇ ਹਨ।

ਸੰਵਿਧਾਨ ਦੇ ਅਨੁਸਾਰ, ਉਹ 2028 ਤੋਂ ਬਾਅਦ ਰਾਸ਼ਟਰਪਤੀ ਵਜੋਂ ਸੱਤਾ ਵਿੱਚ ਰਹਿਣ ਦੇ ਯੋਗ ਨਹੀਂ ਹਨ। ਪਰ ਉਨ੍ਹਾਂ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਵਜੋਂ ਇੱਕ ਹੋਰ ਕਾਰਜਕਾਲ ਦੀ ਸੰਭਾਲਣ ਲਈ ਸੰਵਿਧਾਨ ਨੂੰ ਬਦਲ ਸਕਦੇ ਹਨ।

ਅਗਲੀਆਂ ਰਾਸ਼ਟਰਪਤੀ ਚੋਣਾਂ 2028 ਵਿੱਚ ਹੋਣੀਆਂ ਹਨ, ਪਰ ਜਲਦੀ ਚੋਣਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਤੁਰਕੀ ਵਿੱਚ ਹੋਰ ਕਿਸ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ?

ਹਾਲੀਆ ਗ੍ਰਿਫ਼ਤਾਰੀਆਂ ਨੂੰ ਵਿਰੋਧੀ ਅਤੇ ਅਸਹਿਮਤੀ ਵਾਲੀਆਂ ਆਵਾਜ਼ਾਂ 'ਤੇ ਕਾਰਵਾਈ ਵਿੱਚ ਵਾਧੇ ਵਜੋਂ ਦੇਖਿਆ ਜਾ ਰਿਹਾ ਹੈ।

ਸੋਮਵਾਰ ਨੂੰ, ਪੁਲਿਸ ਨੇ ਇਸਤਾਂਬੁਲ ਅਤੇ ਇਜ਼ਮੀਰ ਸ਼ਹਿਰਾਂ ਵਿੱਚ ਸਵੇਰ ਦੇ ਛਾਪੇਮਾਰੀ ਦੌਰਾਨ ਕਈ ਵਕੀਲਾਂ ਅਤੇ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ।

ਮੀਡੀਆ ਮਾਨੀਟਰ ਐੱਮਐੱਲਐੱਸਏ ਦੇ ਅਨੁਸਾਰ, ਛਾਪੇਮਾਰੀ ਦੌਰਾਨ ਰੋਸ-ਮੁਜ਼ਾਹਰੇ ਨੂੰ ਕਵਰ ਕਰਨ ਵਾਲੇ ਦਸ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚ ਪੁਰਸਕਾਰ ਜੇਤੂ ਫੋਟੋਗ੍ਰਾਫਰ ਬੁਲੇਂਟ ਕਿਲਿਕ ਅਤੇ ਏਐੱਫਪੀ ਫੋਟੋਗ੍ਰਾਫਰ ਯਾਸੀਨ ਅਕਗੁਲ ਸ਼ਾਮਲ ਹਨ।

ਤੁਰਕੀ ਦੇ ਪ੍ਰਸਾਰਣ ਅਥਾਰਟੀ ਨੇ ਮੀਡੀਆ ਨੂੰ ਅਧਿਕਾਰਤ ਬਿਆਨਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਨਹੀਂ ਤਾਂ ਨਤੀਜੇ ਵਜੋਂ ਲਾਇਸੈਂਸ ਵੀ ਰੱਦ ਹੋ ਸਕਦੇ ਹਨ।

ਹਫ਼ਤੇ ਦੇ ਅੰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੇ ਕਿਹਾ ਕਿ ਉਹ 700 ਤੋਂ ਵੱਧ ਅਕਾਊਂਟਸ ਨੂੰ ਬਲਾਕ ਕਰਨ ਦੇ ਤੁਰਕੀ ਦੀ ਅਦਾਲਤ ਦੇ ਆਦੇਸ਼ ਖ਼ਿਲਾਫ਼ ਅਪੀਲ ਕਰੇਗਾ, ਇਸ ਕਦਮ ਨੂੰ "ਗ਼ੈਰ-ਕਾਨੂੰਨੀ" ਦੱਸਿਆ ਹੈ।

ਸੋਮਵਾਰ ਨੂੰ, ਸੀਐੱਚਪੀ ਨੇਤਾ ਓਜ਼ਗੁਰ ਓਜ਼ਲ ਨੇ ਨੇ ਐਕਸ 'ਤੇ ਪੋਸਟ ਕੀਤਾ, "ਅੱਜ ਉਹ ਸੋਸ਼ਲ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

"ਤੁਸੀਂ ਹੁਣ ਇਸ ਨੂੰ ਸਵੀਕਾਰ ਕਰੋ ਤੈਯਪ (ਰਾਸ਼ਟਰਪਤੀ ਏਰਦੋਗਨ), ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ।"

ਉਨ੍ਹਾਂ ਨੇ ਵੱਖਰੇ ਤੌਰ 'ਤੇ ਉਨ੍ਹਾਂ ਮੀਡੀਆ ਅਦਾਰਿਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਜੋ ਵੱਡੇ ਪੱਧਰ 'ਤੇ ਹੋਏ ਰੋਸ ਮੁਜ਼ਾਹਰਿਆਂ ਦੀ ਰਿਪੋਰਟ ਕਰਨ ਵਿੱਚ ਅਸਫ਼ਲ ਰਹਿੰਦੇ ਹਨ।

ਪੋਲੀਟੀਕੋ ਦੇ ਅਨੁਸਾਰ, ਪਿਛਲੇ ਹਫ਼ਤੇ ਐਕਸ ਨੇ ਯੂਨੀਵਰਸਿਟੀ ਨਾਲ ਜੁੜੇ ਕਾਰਕੁਨਾਂ ਦੇ ਅਕਾਊਂਟ ਦੀ ਗਤੀਵਿਧੀ ਨੂੰ ਸਸਪੈਂਡ ਕਰ ਦਿੱਤਾ ਸੀ ਜੋ ਵਿਰੋਧ ਦੀ ਜਾਣਕਾਰੀ ਸਾਂਝੀ ਕਰ ਰਹੇ ਸਨ।

ਇਮਾਮੋਗਲੂ ਨੂੰ ਮਰਮਾਰਾ ਜੇਲ੍ਹ ਕਿਉਂ ਭੇਜਿਆ ਗਿਆ?

ਮਰਮਾਰਾ ਨਾਮ ਦੀ ਜਿਸ ਜੇਲ੍ਹ ਵਿੱਚ ਇਮਾਮੋਗਲੂ ਨੂੰ ਭੇਜਿਆ ਗਿਆ ਸੀ ਉਸ ਨੂੰ ਪਹਿਲਾਂ ਬਦਨਾਮ ਸਿਲੀਵਰੀ ਜੇਲ੍ਹ ਵਜੋਂ ਜਾਣਿਆ ਜਾਂਦਾ ਸੀ।

ਇਸ ਨੂੰ ਅਕਸਰ ਯੂਰਪ ਦੀ ਸਭ ਤੋਂ ਵੱਡੀ ਜੇਲ੍ਹ ਕਿਹਾ ਜਾਂਦਾ ਹੈ। ਜਿਸ ਵਿੱਚ 11,000 ਕੈਦੀਆਂ ਨੂੰ ਰੱਖੇ ਜਾਣ ਦੀ ਸਮਰੱਥਾ ਹੈ।

ਹਾਲਾਂਕਿ, ਤੁਰਕੀ ਗ੍ਰੈਂਡ ਨੈਸ਼ਨਲ ਅਸੈਂਬਲੀ ਦੇ ਮਨੁੱਖੀ ਅਧਿਕਾਰ ਜਾਂਚ ਕਮਿਸ਼ਨ ਦੀ ਜੇਲ੍ਹ ਬਾਰੇ 2019 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ 22,781 ਕੈਦੀ ਸਨ।

ਤੁਰਕੀ ਦੇ ਨੌਜਵਾਨਾਂ ਅਤੇ ਸੋਸ਼ਲ ਮੀਡੀਆ 'ਤੇ ਮਜ਼ਾਕ ਵਿੱਚ ਕਿਹਾ ਜਾਂਦਾ ਹੈ, "ਸਿਲੀਵਰੀ ਠੰਢੀ ਹੈ", ਜਿਸਦਾ ਭਾਵ ਇਹ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਇੱਕ ਚੇਤਾਵਨੀ ਹੈ ਜੋ ਸਰਕਾਰ ਦੀ ਆਲੋਚਨਾ ਕਰਦੇ ਹਨ।

ਪਿਛਲੇ ਦਹਾਕੇ ਦੌਰਾਨ, ਪੱਤਰਕਾਰਾਂ, ਵਕੀਲਾਂ ਅਤੇ ਸੰਸਦ ਦੇ ਕਈ ਮੈਂਬਰਾਂ ਦੇ ਨਾਲ-ਨਾਲ ਉੱਚ-ਦਰਜੇ ਦੇ ਤੁਰਕੀ ਫੌਜੀ ਅਧਿਕਾਰੀਆਂ ਨੂੰ ਵੀ ਵੱਖ-ਵੱਖ ਸਮਿਆਂ 'ਤੇ ਉੱਥੇ ਕੈਦ ਕੀਤਾ ਗਿਆ ਹੈ।

ਵਕੀਲ ਹੁਸੈਨ ਏਰਸੋਜ਼ ਦੇ ਕੁਝ ਮੁਵੱਕਿਲ 2008 ਤੋਂ ਸਿਲੀਵਰੀ ਜੇਲ੍ਹ ਵਿੱਚ ਹਨ।

ਉਨ੍ਹਾਂ ਨੇ ਬੀਬੀਸੀ ਨਿਊਜ਼ ਤਰਕਿਸ਼ ਨੂੰ ਦੱਸਿਆ ਕਿ ਗੰਭੀਰ ਮਾਮਲਿਆਂ ਵਿੱਚ ਮੁਕੱਦਮਾ ਚਲਾਏ ਜਾਣ ਵਾਲੇ ਕੈਦੀਆਂ ਨੂੰ ਜੇਲ੍ਹ ਨੰਬਰ 9 ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਕੈਦੀਆਂ ਨੂੰ ਆਮ ਤੌਰ 'ਤੇ ਤਿੰਨ ਤੱਕ ਦੇ ਸਮੂਹਾਂ ਵਿੱਚ ਰੱਖਿਆ ਜਾਂਦਾ ਹੈ।

ਹੁਣ ਕੀ ਕਿਹਾ ਜਾ ਰਿਹਾ ਹੈ?

ਰਾਸ਼ਟਰਪਤੀ ਏਰਦੋਗਨ ਨੇ ਸੋਮਵਾਰ ਸ਼ਾਮ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਇੱਕ ਟੈਲੀਵਿਜ਼ਨ ਬਿਆਨ ਦਿੱਤਾ।

ਉਨ੍ਹਾਂ ਨੇ ਆਉਣ ਵਾਲੇ ਮੁਜ਼ਾਹਰਿਆਂ ਦੀ ਨਿੰਦਾ ਕੀਤੀ ਅਤੇ ਸੀਐੱਚਪੀ 'ਤੇ "ਦੇਸ਼ ਨਾਲ ਕੀਤੇ ਬੁਰੇ ਕੰਮਾਂ" ਦਾ ਇਲਜ਼ਾਮ ਲਗਾਇਆ।

ਇਸ ਦੌਰਾਨ, ਸੀਐੱਚਪੀ ਨੇਤਾ ਓਜ਼ਗੁਰ ਓਜ਼ਲ ਨੇ ਏਰਦੋਗਨ 'ਤੇ ਨਾ ਸਿਰਫ਼ ਇਮਾਮੋਗਲੂ, ਸਗੋਂ ਲੱਖਾਂ ਤੁਰਕ ਲੋਕਾਂ ਦੀ "ਅਣਦੇਖੀ" ਕਰਨ ਦਾ ਇਲਜ਼ਾਮ ਲਗਾਇਆ।

ਪਾਰਟੀ ਨੇ ਸਰਕਾਰ 'ਤੇ "ਤਖਤਾ ਪਲਟ" ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।

ਤੁਰਕੀ ਦੇ ਪੱਛਮੀ ਸਹਿਯੋਗੀ ਇਸ ਅਸ਼ਾਂਤੀ ਬਾਰੇ ਇੰਨੇ ਖੁੱਲ੍ਹ ਕੇ ਨਹੀਂ ਬੋਲ ਰਹੇ ਹਨ।

ਜਰਮਨੀ ਦੇ ਬਾਹਰ ਜਾਣ ਵਾਲੇ ਚਾਂਸਲਰ ਓਲਾਫ ਸਕੋਲਜ਼ ਨੇ ਕੁਝ ਦਿਨ ਪਹਿਲਾਂ ਇਮਾਮੋਗਲੂ ਦੀ ਨਜ਼ਰਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਇਸ ਨੂੰ "ਤੁਰਕੀ ਵਿੱਚ ਲੋਕਤੰਤਰ ਲਈ ਨਿਰਾਸ਼ਾਜਨਕ" ਕਿਹਾ ਸੀ।

ਬਲੂਮਬਰਗ ਦੀ ਰਿਪੋਰਟ ਅਨੁਸਾਰ, ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਨੂੰ ਅੰਦਰੂਨੀ ਮਾਮਲਾ ਦੱਸਿਆ।

ਯੂਰਪੀਅਨ ਕਮਿਸ਼ਨ ਨੇ ਤੁਰਕੀ ਨੂੰ "ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ" ਦੀ ਅਪੀਲ ਕੀਤੀ ਹੈ ਕਿਉਂਕਿ ਇਹ ਯੂਰਪ ਕੌਂਸਲ ਦਾ ਮੈਂਬਰ ਅਤੇ ਯੂਰਪੀ ਸੰਘ ਵਿੱਚ ਸ਼ਾਮਲ ਹੋਣ ਦਾ ਉਮੀਦਵਾਰ ਦੋਵੇਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)