You’re viewing a text-only version of this website that uses less data. View the main version of the website including all images and videos.
ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਨਰਾਇਣ ਸਿੰਘ ਚੌੜਾ ਦੀ ਜ਼ਮਾਨਤ ਮਨਜ਼ੂਰ, ਜੱਜ ਨੇ ਸੁਣਵਾਈ ਵੇਲੇ ਕੀ ਕਿਹਾ
ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਨਰਾਇਣ ਸਿੰਘ ਚੌੜਾ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈ।
ਉਨ੍ਹਾਂ ਦੀ ਜ਼ਮਾਨਤ ਦੀ ਪੁਸ਼ਟੀ ਉਨ੍ਹਾਂ ਨੇ ਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਕੀਤੀ ਹੈ।
ਇਸ ਹਮਲੇ ਦੀ ਕੋਸ਼ਿਸ਼ 4 ਦਸੰਬਰ, 2024 ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਊਢੀ ਦੇ ਬਾਹਰ ਹੋਈ ਸੀ, ਜਦੋਂ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸਨ।
ਸ਼ੈਸਨਜ਼ ਕੋਰਟ ਨੇ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦੇ ਇਰਾਦਾ ਕਤਲ ਕੇਸ ਵਿੱਚ ਚੌੜਾ ਦੀ ਜ਼ਮਾਨਤ ਦੀ ਸੁਣਵਾਈ ਕਰਦਿਆਂ ਸੁਮਿਤ ਘਈ, ਵਧੀਕ ਸੈਸ਼ਨਜ਼ ਜੱਜ ਨੇ ਸਫਾਈ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ।
ਇਸ ਦੇ ਨਾਲ ਹੀ ਦਲ ਖ਼ਾਲਸਾ ਵੱਲੋਂ ਵੀ ਅਦਾਲਤ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਗਿਆ ਸੀ।
ਜੱਜ ਨੇ ਕੀ ਕਿਹਾ
ਇਹ ਮਾਮਲਾ ਥਾਣਾ ਈ ਡਿਵੀਜ਼ਨ ਅੰਮ੍ਰਿਤਸਰ ਵਿਖੇ ਦਰਜ ਹੋਇਆ ਸੀ। ਉਸ ਮਾਮਲੇ ਦੇ ਵਿੱਚ ਲਗਭਗ 12 ਦਿਨ ਤੱਕ ਚੌੜਾ ਨੂੰ ਪੁਲਿਸ ਰਿਮਾਂਡ ਉੱਤੇ ਵੀ ਰੱਖਿਆ ਗਿਆ ਸੀ।
ਇਸ ਤੋਂ ਬਾਅਦ ਰੋਪੜ ਦੀ ਜੇਲ੍ਹ ਵਿੱਚ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।
ਜਸਟਿਸ ਸੁਮਿਤ ਘਈ ਨੇ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰਦਿਆਂ ਕਿਹਾ ਕਿ ਨਰਾਇਣ ਸਿੰਘ ਚੌੜਾ ਸੀਨੀਅਰ ਸਿਟੀਜਨ ਹਨ ਅਤੇ ਉਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਹੈ।
"ਪਿਛਲੇ ਚਾਰ ਮਹੀਨੇ ਤੋਂ ਉਹ ਕਸਟਡੀ ਦੇ ਵਿੱਚ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ।"
ਹਮਲੇ ਦੀ ਕੋਸ਼ਿਸ਼ ਦੌਰਾਨ ਕੀ ਹੋਇਆ
ਦਰਅਸਲ, 2 ਦਸੰਬਰ 2024 ਨੂੰ ਅਕਾਲ ਤਖ਼ਤ ਵੱਲੋਂ ਸੁਖਬੀਰ ਸਿੰਘ ਬਾਦਲ ਸਣੇ ਕਈ ਅਕਾਲੀ ਆਗੂਆਂ ਨੂੰ ਤਨਖ਼ਾਹ ਲਗਾਈ ਗਈ ਸੀ।
ਸੁਖਬੀਰ ਸਿੰਘ ਬਾਦਲ ਨੂੰ ਲੱਗੀ ਸੱਟ ਕਾਰਨ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਬਜ਼ੁਰਗ ਹੋਣ ਕਾਰਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨੂੰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਦਰਬਾਰ ਸਾਹਿਬ ਦੇ ਦੁਆਰ ʼਤੇ ਇੱਕ ਘੰਟੇ ਦੀ ਸੇਵਾ ਨਿਭਾਉਣ ਲਈ ਕਿਹਾ ਸੀ।
ਉਹ ਦੂਜੇ ਦਿਨ ਯਾਨਿ 4 ਦਸੰਬਰ ਨੂੰ ਦਰਸ਼ਨੀ ਡਿਊਢੀ ਦੇ ਬਾਹਰ ਸੇਵਾਦਾਰ ਦਾ ਚੋਲ਼ਾ ਪਾ ਕੇ ਬਰਛਾ ਲੈ ਕੇ ਪਹਿਰਾ ਦੇ ਰਹੇ ਸਨ।
ਮੌਕੇ ਦੀ ਵੀਡੀਓ ਫੁਟੇਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਵੀਲ੍ਹ ਚੇਅਰ ਉੱਤੇ ਬੈਠੇ ਹੋਏ ਸਨ ਅਤੇ ਇਸੇ ਦੌਰਾਨ ਹੀ ਉਨ੍ਹਾਂ ʼਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ।
ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਤੈਨਾਤ ਸੁਰੱਖਿਆ ਮੁਲਾਜ਼ਮਾਂ ਨੇ ਗੋਲ਼ੀ ਚਲਾਉਣ ਵੇਲੇ ਹਮਲਾਵਰ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ। ਹਮਲਾਵਰ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਸੀ।
ਨਰਾਇਣ ਸਿੰਘ ਚੌੜਾ ਕੌਣ ਹਨ
4 ਅਪ੍ਰੈਲ 1956 ਨੂੰ ਜਨਮੇਂ ਨਰਾਇਣ ਸਿੰਘ ਦਾ ਸਬੰਧ ਡੇਰਾ ਬਾਬਾ ਨਾਨਕ ਕਸਬੇ ਦੇ ਚੌੜਾ ਪਿੰਡ ਨਾਲ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਪੇਸ਼ੇ ਵਜੋਂ ਵਕੀਲ ਹਨ।
ਨਰਾਇਣ ਸਿੰਘ ਚੌੜਾ “ਖ਼ਾਲਿਸਤਾਨ ਵਿਰੁੱਧ ਸਾਜਿਸ਼” ਕਿਤਾਬ ਦੇ ਲੇਖਕ ਵੀ ਹਨ।
ਚੌੜਾ ਦੀ ਕਿਤਾਬ ਵਿੱਚ ਉਨ੍ਹਾਂ ਬਾਰੇ ਦਿੱਤੀ ਨਿੱਜੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਬਾਣੀ ਦੀ ਕਥਾ ਅਤੇ ਲੈਕਚਰ ਕਰਨ ਦੀ ਸਿੱਖਿਆ ਹਾਸਿਲ ਕੀਤੀ ਹੈ।
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਸਿੱਖਿਆ ਵਿੱਚ ਡਿਪਲੋਮਾ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਾਜਨੀਤੀ ਸ਼ਾਸਤਰ ਵਿੱਚ ਅਤੇ ਪੰਜਾਬੀ ਵਿੱਚ ਐੱਮਏ ਦੀਆਂ ਦੋ ਡਿਗਰੀਆਂ ਲਈਆਂ ਹਨ।
ਕਿਤਾਬ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਮੁੱਖ ਪਰਿਵਾਰਕ ਕਿੱਤਾ ਖੇਤੀਬਾੜੀ ਹੀ ਰਿਹਾ ਹੈ।
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਮੁਤਾਬਕ ਨਰਾਇਣ ਸਿੰਘ ਚੌੜਾ ਦਾ ਸਬੰਧ ਅਕਾਲ ਫੈਡਰੇਸ਼ਨ ਗਰੁੱਪ ਨਾਲ ਹੈ। ਉਹ ਪਹਿਲਾਂ ਉਸ ਦੇ ਕਾਰਜਕਾਰੀ ਕਨਵੀਨਰ ਰਹੇ ਸਨ ਅਤੇ ਫਿਰ ਕਨਵੀਨਰ ਨਿਯੁਕਤ ਹੋਏ।
ਨਰਾਇਣ ਸਿੰਘ ਚੌੜਾ ਕੁਝ ਸਾਲਾਂ ਤੱਕ ਸ਼੍ਰੋਮਣੀ ਗੁਰਦੁਾਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਚਾਰਕ ਵੀ ਰਹੇ ਹਨ।
ਬੁੜੈਲ ਜੇਲ੍ਹ ਬਰੇਕ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਊਰਾ, ਜਗਤਾਰ ਸਿੰਘ ਤਾਰਾ ਤੇ ਇੱਕ ਹੋਰ ਕੇਸਾਂ ਦੇ ਕੈਦੀ ਦੇਵੀ ਸਿੰਘ ਫਰਾਰ ਹੋ ਗਏ ਸਨ, ਵਿੱਚ ਵੀ ਨਰਾਇਣ ਸਿੰਘ ਚੌੜਾ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਦੇ ਰਹੇ ਹਨ।
ਕਿਤਾਬ ਵਿੱਚ ਦਿੱਤੀ ਜਾਣਕਾਰੀ ਮੁਤਾਬਕ, ਉਹ ਸਤੰਬਰ 1995 ਤੋਂ ਜੁਲਾਈ 1997, ਜਨਵਰੀ 2004 ਤੋਂ ਅਪ੍ਰੈਲ 2005 ਤੱਕ, ਫਰਵਰੀ 2013 ਤੋਂ ਅਗਸਤ 2018 ਤੱਕ, ਅੰਮ੍ਰਿਤਸਰ, ਜਲੰਧਰ, ਨਾਭਾ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਵੱਖ-ਵੱਖ ਕੇਸਾਂ ਤਹਿਤ ਬੰਦ ਵੀ ਰਹੇ ਹਨ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਮੁਤਾਬਕ ਨਰਾਇਣ ਸਿੰਘ ਚੌੜਾ ਉੱਤੇ ਵੱਖ ਵੱਖ ਧਰਾਵਾਂ ਤਹਿਤ 21 ਤੋਂ ਜ਼ਿਆਦਾ ਕੇਸ ਦਰਜ ਹਨ।
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕਰੀਬ ਸਾਥੀ ਪਪਲਪ੍ਰੀਤ ਸਿੰਘ ਦੇ ਯੂ ਟਿਊਬ ਚੈਨਲ ਉੱਤੇ ਉਨ੍ਹਾਂ ਦੀਆਂ ਕਈ ਇੰਟਰਵਿਊ ਅਜੇ ਵੀ ਮੌਜੂਦ ਹਨ ਜਿਸ ਵਿੱਚ ਉਹ ਖ਼ਾਲਿਸਤਾਨ ਲਹਿਰ ਅਤੇ ਆਪਣੇ ਅਤੀਤ ਬਾਰੇ ਜਾਣਕਾਰੀ ਦਿੰਦੇ ਦਿਖਾਈ ਦੇ ਰਹੇ ਹਨ।
2023 ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲੇ ਤੋਂ ਬਾਅਦ ਨਰਾਇਣ ਸਿੰਘ ਚੌੜਾ ਨੇ ਆਪਣੇ ਸਾਥੀ ਦਲਜੀਤ ਸਿੰਘ ਬਿੱਟੂ ਨਾਲ ਬਕਾਇਦਾ ਜਲੰਧਰ ਵਿੱਚ ਪ੍ਰੈਸ ਕਾਨਫ਼ਰੰਸ ਕਰ ਕੇ ਇਸ ਘਟਨਾ ਲਈ ਅੰਮ੍ਰਿਤਪਾਲ ਸਿੰਘ ਦੀ ਅਲੋਚਨਾ ਵੀ ਕੀਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ