ਯੂਰਪ ਦਾ 'ਮੋਸਟ ਵਾਂਟਡ' ਸ਼ਖ਼ਸ, ਜਿਸ ਨੇ ਕੀਤੀ ਹਜ਼ਾਰਾਂ ਪਰਵਾਸੀਆਂ ਦੀ ਤਸਕਰੀ

ਬਰਜ਼ਾਨ ਮਜੀਦ
ਤਸਵੀਰ ਕੈਪਸ਼ਨ, ਬਰਜ਼ਾਨ ਮਜੀਦ
    • ਲੇਖਕ, ਸੂ ਮਿਸ਼ੇਲ ਅਤੇ ਬੈਨ ਮਿਲਨੇ
    • ਰੋਲ, ਬੀਬੀਸੀ ਨਿਊਜ਼

ਮੈਂ ਇਰਾਕ ਦੇ ਇੱਕ ਸ਼ਾਪਿੰਗ ਮਾਲ ਵਿੱਚ ਬੈਠਾ ਹਾਂ। ਮੇਰੇ ਸਾਹਮਣੇ ਯੂਰਪ ਦਾ ਸਭ ਤੋਂ ਬਦਨਾਮ ਮਨੁੱਖੀ ਤਸਕਰ ਬੈਠਾ ਹੈ।

ਉਨ੍ਹਾਂ ਦਾ ਨਾਮ ਬਰਜ਼ਾਨ ਮਜੀਦ ਹੈ, ਉਨ੍ਹਾਂ ਦੀ ਭਾਲ ਵਿੱਚ ਬ੍ਰਿਟੇਨ ਸਮੇਤ ਕਈ ਦੇਸਾਂ ਦੀ ਪੁਲਿਸ ਉਨ੍ਹਾਂ ਦੇ ਪਿੱਛੇ ਹੈ।

ਸਾਡੀ ਗੱਲਬਾਤ ਦੌਰਾਨ ਅਤੇ ਅਗਲੇ ਦਿਨ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਹ ਨਹੀਂ ਜਾਣਦੇ ਕਿ ਕਿੰਨੇ ਜਣਿਆਂ ਨੂੰ ਇੰਗਲਿਸ਼ ਚੈਨਲ ਪਾਰ ਕਰਾ ਚੁੱਕੇ ਹਨ।

ਉਨ੍ਹਾਂ ਨੇ ਦਿਮਾਗ ਉੱਤੇ ਜ਼ੋਰ ਪਾ ਕੇ ਕਿਹਾ, “ਸ਼ਾਇਦ ਇੱਕ ਹਜ਼ਾਰ ਜਾਂ ਸ਼ਾਇਦ 10,000 ਮੈਂ ਗਿਣੇ ਨਹੀਂ।”

ਇਹ ਮੁਲਾਕਾਤ ਕਈ ਮਹੀਨਿਆਂ ਦੀ ਉਸ ਮਿਹਨਤ ਦਾ ਨਤੀਜਾ ਹੈ। ਮੈਨੂੰ ਲਗਦਾ ਸੀ ਇਹ ਮੁਲਾਕਾਤ ਨਹੀਂ ਹੋ ਸਕੇਗੀ।

ਰਿਫਿਊਜ਼ੀਆਂ ਨਾਲ ਕੰਮ ਕਰ ਚੁੱਕੇ ਸਾਬਕਾ ਫ਼ੌਜੀ ਰੌਬ ਲੌਰੀ ਨਾਲ ਮਿਲ ਕੇ ਮੈਂ ਸਕੌਰਪੀਅਨ ਦੇ ਨਾਮ ਨਾਲ ਜਾਣੇ ਜਾਂਦੇ ਇਸ ਵਿਅਕਤੀ ਨੂੰ ਲੱਭਣ ਅਤੇ ਮਿਲਣ ਦੀ ਯੋਜਨਾ ਬਣਾਈ ਸੀ।

ਕਈ ਸਾਲਾਂ ਤੱਕ ਸਕੌਰਪੀਅਨ ਅਤੇ ਉਨ੍ਹਾਂ ਦੇ ਗਿਰੋਹ ਦਾ ਮਨੁੱਖੀ ਤਸਕਰੀ ਦੇ ਕਾਰੋਬਾਰ ਉੱਤੇ ਦਬਦਬਾ ਰਿਹਾ ਹੈ। ਉਹ ਇਹ ਕੰਮ ਇੰਗਲਿਸ਼ ਚੈਨਲ ਦੇ ਖੇਤਰ ਵਿੱਚ ਲਾਰੀਆਂ ਅਤੇ ਕਿਸ਼ਤੀਆਂ ਰਾਹੀਂ ਕਰਦੇ ਸਨ।

ਸਾਲ 2018 ਤੋਂ ਲੈ ਕੇ 70 ਤੋਂ ਜ਼ਿਆਦਾ ਪਰਵਾਸੀਆਂ ਦੀ ਇੰਗਲਿਸ਼ ਚੈਨਲ ਪਾਰ ਕਰਨ ਦੌਰਾਨ ਮੌਤ ਹੋ ਚੁੱਕੀ ਹੈ।

ਪਿਛਲੇ ਮਹੀਨੇ ਫਰੈਂਚ ਕੋਸਟ ਉੱਤੇ ਪੰਜ ਜਣੇ ਜਿਨ੍ਹਾਂ ਵਿੱਚ ਇੱਕ ਸੱਤ ਸਾਲ ਦੀ ਬੱਚੀ ਵੀ ਸ਼ਾਮਲ ਸੀ ਮਾਰੇ ਗਏ ਸਨ।

ਹਰ ਸਾਲ ਹਜ਼ਾਰਾਂ ਪਰਵਾਸੀ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਖ਼ਤਰਨਾਕ ਸਫ਼ਰ ਹੈ ਪਰ ਤਸਕਰਾਂ ਲਈ ਇਹ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।

ਪਰਵਾਸੀ

ਤਸਵੀਰ ਸਰੋਤ, EPA

ਕਿਸ਼ਤੀ ਰਾਹੀਂ ਜਾਣ ਦੇ ਉਹ ਹਰੇਕ ਜਣੇ ਤੋਂ 6000 ਪੌਂਡ ਤੱਕ ਵਸੂਲ ਸਕਦੇ ਹਨ। ਸਾਲ 2023 ਦੌਰਾਨ ਲਗਭਗ 30,000 ਲੋਕਾਂ ਨੇ ਇਹ ਕੋਸ਼ਿਸ਼ ਕੀਤੀ, ਤਾਂ ਤੁਸੀਂ ਸਮਝ ਸਕਦੇ ਹੋ ਕਿ ਮੁਨਾਫ਼ਾ ਹੋਣ ਦੀ ਕਿੰਨੀ ਵੱਡੀ ਸੰਭਾਵਨਾ ਹੈ।

ਸਕੌਰਪੀਅਨ ਵਿੱਚ ਸਾਡੀ ਦਿਲਚਸਪੀ ਉੱਤਰੀ ਫਰਾਂਸ ਦੇ ਕਲਾਇਸ ਵਿੱਚ ਇੱਕ ਛੋਟੀ ਪਰਵਾਸੀ ਬੱਚੀ ਨੂੰ ਮਿਲਣ ਤੋਂ ਬਾਅਦ ਪੈਦਾ ਹੋਈ।

ਇੱਕ ਹਵਾ ਵਾਲੀ ਕਿਸ਼ਤੀ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਉਹ ਮਰਦੇ-ਮਰਦੇ ਬਚੀ ਸੀ।

ਇਹ ਕਿਸ਼ਤੀ ਸਸਤੀ ਸੀ ਅਤੇ ਸਮੁੰਦਰ ਦੇ ਲਾਇਕ ਨਹੀਂ ਸੀ। ਇਸ ਨੂੰ ਬੈਲਜੀਅਨ ਤੋਂ ਸੈਂਕਡ ਹੈਂਡ ਖ਼ਰੀਦਿਆਂ ਗਿਆ ਸੀ। ਇਸ ਵਿੱਚ 19 ਜਣੇ ਸਵਾਰ ਸਨ ਜਿਨ੍ਹਾਂ ਨੇ ਕੋਈ ਜਾਨ ਬਚਾਊ ਜੈਕਟ ਨਹੀਂ ਪਾਈ ਹੋਈ ਸੀ।

ਕੌਣ ਇਸ ਤਰ੍ਹਾਂ ਲੋਕਾਂ ਨੂੰ ਸਮੁੰਦਰ ਵਿੱਚ ਭੇਜ ਸਕਦਾ ਹੈ?

ਜਦੋਂ ਬ੍ਰਿਟੇਨ ਵਿੱਚ ਪੁਲਿਸ ਗੈਰ-ਕਾਨੂੰਨੀ ਪਰਵਾਸੀਆਂ ਨੂੰ ਫੜਦੀ ਹੈ ਤਾਂ ਉਹ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਕਰਦੀ ਹੈ।

ਸਾਲ 2016 ਤੋਂ ਲਗਾਤਾਰ ਇੱਕ ਹੀ ਨੰਬਰ ਉੱਪਰ ਆ ਰਿਹਾ ਸੀ।

ਕਈ ਵਾਰ ਇਸ ਨੂੰ ਸਕੌਰਪੀਅਨ ਦੇ ਨਾਮ ਥੱਲੇ ਸੇਵ ਕੀਤਾ ਹੁੰਦਾ ਤਾਂ ਕਈ ਵਾਰ ਉਸ ਦੀ ਤਸਵੀਰ ਨਾਲ।

ਬ੍ਰਿਟੇਨ ਦੇ ਕੌਮੀ ਅਪਰਾਧ ਏਜੰਸੀ (ਐੱਨਸੀਏ) ਦੇ ਸੀਨੀਅਰ ਜਾਂਚ ਅਧਿਕਾਰੀ ਮਾਰਟਿਨ ਕਲਾਰਕ ਨੇ ਸਾਨੂੰ ਦੱਸਿਆ ਕਿ ਜਾਂਚ ਅਧਿਕਾਰੀਆਂ ਨੂੰ ਲੱਗਣ ਲੱਗ ਪਿਆ ਸੀ ਕਿ “ਸਕੌਰਪੀਅਨ” ਕਿਸੇ ਕੁਰਦ ਇਰਾਕੀ ਬੰਦੇ ਬਰਜ਼ਾਨ ਮਜੀਦ ਦਾ ਦੂਜਾ ਨਾਮ ਹੈ।

ਸਾਲ 2006 ਵਿੱਚ 20 ਸਾਲ ਦੀ ਉਮਰ ਵਿੱਚ ਮਜੀਦ ਨੂੰ ਖ਼ੁਦ ਇੱਕ ਟਰੱਕ ਵਿੱਚ ਲੱਦ ਕੇ ਬ੍ਰਿਟੇਨ ਤਸਕਰੀ ਰਾਹੀਂ ਭੇਜਿਆ ਗਿਆ ਸੀ।

ਹਾਲਾਂਕਿ ਅਗਲੇ ਸਾਲ ਉਸ ਨੂੰ ਜਾਣ ਲਈ ਕਹਿ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਉਹ ਕਈ ਹੋਰ ਸਾਲ ਬ੍ਰਿਟੇਨ ਵਿੱਚ ਰਿਹਾ। ਜ਼ਿਆਦਾਤਰ ਸਮਾਂ ਉਹ ਨਸ਼ੇ ਅਤੇ ਬੰਦੂਕ ਨਾਲ ਜੁੜੇ ਅਪਰਾਧਾਂ ਦੇ ਸਿਲਸਿਲੇ ਵਿੱਚ ਜੇਲ੍ਹ ਦੇ ਅੰਦਰ ਰਿਹਾ।

ਆਖਰ ਸਾਲ 2015 ਵਿੱਚ ਉਸ ਨੂੰ ਡਿਪੋਰਟ ਕਰਕੇ ਇਰਾਕ ਭੇਜ ਦਿੱਤਾ ਗਿਆ। ਮੰਨਿਆ ਜਾਂਦਾ ਹੈ ਕਿ ਇਸ ਤੋ ਕੁਝ ਸਮੇਂ ਬਾਅਦ ਹੀ ਉਸ ਨੇ ਆਪਣੇ ਵੱਡੇ ਭਰਾ ਦਾ ਮਨੁੱਖੀ ਤਸਕਰੀ ਦਾ ਕਾਰੋਬਾਰ ਸੰਭਾਲ ਲਿਆ, ਜੋ ਕਿ ਉਸ ਸਮੇਂ ਬੈਲਜੀਅਮ ਦੀ ਜੇਲ੍ਹ ਵਿੱਚ ਬੰਦ ਸੀ।

ਮਜੀਦ ਸਕੌਰਪੀਅਨ ਵਜੋਂ ਜਾਣਿਆ ਜਾਣ ਲੱਗਿਆ।

ਮੰਨਿਆ ਜਾਂਦਾ ਹੈ ਕਿ ਸਾਲ 2016 ਤੋਂ 2021 ਦੌਰਾਨ ਸਕੌਰਪੀਅਨ ਦੇ ਗਿਰੋਹ ਨੇ ਹੀ ਯੂਰਪ ਅਤੇ ਯੂਕੇ ਵਿਚਕਾਰ ਹੋਣ ਵਾਲੇ ਮਨੁੱਖੀ ਤਸਕਰੀ ਦੇ ਕਾਰੋਬਾਰ ਨੂੰ ਕੰਟਰੋਲ ਕੀਤਾ।

ਗੈਰ-ਮੌਜੂਦਗੀ ਵਿੱਚ ਸੁਣਾਈ ਗਈ ਸਜ਼ਾ

ਬਰਾਜ਼ ਮਜੀਦ

ਤਸਵੀਰ ਸਰੋਤ, Facebook

ਤਸਵੀਰ ਕੈਪਸ਼ਨ, ਸਾਲ 2012 ਵਿੱਚ ਮਜੀਦ, ਨੌਟਿੰਘਮ ਵਿੱਚ ਇੱਕ ਕਾਰ ਮਕੈਨਿਕ ਵਜੋਂ

ਦੋ ਸਾਲ ਦੀ ਪੁਲਿਸ ਜਾਂਚ ਤੋਂ ਬਾਅਦ ਗਿਰੋਹ ਦੇ 26 ਮੈਂਬਰਾਂ ਨੂੰ ਯੂਕੇ, ਫਰਾਂਸ ਅਤੇ ਬੈਲਜੀਅਮ ਵਿੱਚ ਸਜ਼ਾ ਸੁਣਾਈ ਗਈ।

ਸਕੌਰਪੀਅਨ ਇਸ ਤੋਂ ਬਚ ਨਿਕਲਿਆ ਅਤੇ ਭਗੌੜਾ ਹੋ ਗਿਆ।

ਉਸ ਦੀ ਗੈਰ ਮੌਜੂਦਗੀ ਵਿੱਚ ਹੀ ਬੈਲਜੀਅਮ ਦੀ ਇੱਕ ਅਦਾਲਤ ਵਿੱਚ ਉਸ ਉੱਤੇ ਮੁਕੱਦਮਾ ਚੱਲਿਆ ਅਤੇ 121 ਜਣਿਆਂ ਦੀ ਤਸਕਰੀ ਵਿੱਚ ਮੁਜਰਮ ਸਾਬਤ ਹੋਇਆ। ਉਸ ਨੂੰ ਇੱਕ ਕਰੋੜ ਪੌਂਡ ਦਾ ਜੁਰਮਾਨਾ ਅਤੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਉਦੋਂ ਤੋਂ ਹੀ ਸਕੌਰਪੀਅਨ ਕਿੱਥੇ ਹੈ, ਕਿੱਥੇ ਨਹੀਂ ਕੋਈ ਨਹੀਂ ਜਾਣਦਾ। ਇਹ ਇੱਕ ਰਹੱਸ ਸੀ ਜਿਸ ਨੂੰ ਅਸੀਂ ਬੇਪਰਦ ਕਰਨਾ ਸੀ।

ਰੌਬ ਦੇ ਇੱਕ ਸੂਤਰ ਨੇ ਸਾਨੂੰ ਇੱਕ ਇਰਾਨੀ ਵਿਅਕਤੀ ਨਾਲ ਮਿਲਾਇਆ। ਜਿਸਨੇ ਕਿਹਾ ਕਿ ਉਸਨੇ ਸਕੌਰਪੀਅਨ ਨਾਲ ਕੰਮ ਕੀਤਾ ਹੈ। ਉਸਦਾ ਕਹਿਣਾ ਸੀ ਕਿ ਸਕੌਰਪੀਅਨ ਹੁਣ ਤੁਰਕੀ ਵਿੱਚ ਹੈ ਅਤੇ ਉੱਥੋਂ ਹੀ ਕਾਰੋਬਾਰ ਸੰਭਾਲ ਰਿਹਾ ਸੀ।

ਬੈਲਜੀਅਮ ਵਿੱਚ ਅਸੀਂ ਮਜੀਦ ਦੇ ਵੱਡੇ ਭਰਾ ਨੂੰ ਲੱਭਿਆ- ਜੋ ਹੁਣ ਰਿਹਾ ਹੋ ਚੁੱਕਿਆ ਸੀ। ਉਸ ਨੇ ਵੀ ਕਿਹਾ ਕਿ ਸਕੌਰਪੀਅਨ ਤੁਰਕੀ ਵਿੱਚ ਹੀ ਹੋ ਸਕਦਾ ਹੈ।

'ਇਹ ਸੱਚ ਨਹੀਂ ਹੈ, ਇਹ ਸਿਰਫ਼ ਮੀਡੀਆ ਹੈ'

ਸਕੌਰਪੀਅਨ (ਚਿਹਰਾ ਢਕਿਆ ਨਹੀਂ ਗਿਆ) ਆਪਣੇ ਭਰਾਵਾਂ ਨਾਲ- ਤਸਵੀਰ ਦੀ ਥਾਂ ਅਤੇ ਤਰੀਕ ਬਾਰੇ ਜਾਣਕਾਰੀ ਨਹੀਂ ਹੈ।
ਤਸਵੀਰ ਕੈਪਸ਼ਨ, ਸਕੌਰਪੀਅਨ (ਚਿਹਰਾ ਢਕਿਆ ਨਹੀਂ ਗਿਆ) ਆਪਣੇ ਭਰਾਵਾਂ ਨਾਲ- ਤਸਵੀਰ ਦੀ ਥਾਂ ਅਤੇ ਤਰੀਕ ਬਾਰੇ ਜਾਣਕਾਰੀ ਨਹੀਂ ਹੈ।

ਬ੍ਰਿਟੇਨ ਆਉਣ ਵਾਲੇ ਜ਼ਿਆਦਾਤਰ ਪਰਵਾਸੀਆਂ ਲਈ ਤੁਰਕੀ ਇੱਕ ਅਹਿਮ ਟਿਕਾਣਾ ਹੈ। ਆਪਣੇ ਪਰਵਾਸ ਕਾਨੂੰਨਾਂ ਕਰਕੇ ਅਫਰੀਕਾ, ਏਸ਼ੀਆ ਅਤੇ ਮਿਡਲ ਈਸਟ ਦੇਸਾਂ ਤੋਂ ਤੁਰਕੀ ਦਾ ਵੀਜ਼ਾ ਮਿਲਣਾ ਸੌਖਾ ਹੈ।

ਇੱਕ ਸੁਰਾਗ ਦਾ ਪਿੱਛਾ ਕਰਦੇ ਅਸੀਂ ਇਸਤਾਂਬੁਲ ਪਹੁੰਚੇ। ਲੋਕਾਂ ਤੋਂ ਸ਼ੁਰੂਆਤੀ ਪੁੱਛਗਿੱਛ ਵਿੱਚ ਕੁਝ ਹੱਥ ਨਹੀਂ ਲੱਗਿਆ।

ਅਸੀਂ ਇੱਥੇ ਇੱਕ ਕੈਫੇ ਦੇ ਮੈਨੇਜਰ ਨੂੰ ਪੁੱਛਿਆ ਕਿ ਕੀ ਉਹ ਸਾਨੂੰ ਕਾਰੋਬਾਰ ਬਾਰੇ ਕੁਝ ਦੱਸ ਸਕਦਾ ਹੈ। ਕੈਫ਼ੇ ਵਿੱਚ ਜਿਵੇਂ ਸੁੰਨ ਫੈਲ ਗਈ।

ਜਲਦੀ ਹੀ ਇੱਕ ਜਣਾ ਸਾਡੇ ਮੇਜ਼ ਦੇ ਕੋਲੋਂ ਲੰਗਿਆ ਅਤੇ ਸਾਨੂੰ ਆਪਣੀ ਜੈਕਟ ਖੋਲ੍ਹ ਕੇ ਦਿਖਾਈ ਕਿ ਉਸ ਕੋਲ ਪਿਸਤੌਲ ਹੈ। ਇਹ ਇੱਕ ਚੇਤਾਵਨੀ ਸੀ ਕਿ ਅਸੀਂ ਖ਼ਤਰਨਾਕ ਲੋਕਾਂ ਵਿਚਕਾਰ ਸੀ।

ਅਗਲੇ ਟਿਕਾਣੇ ਉੱਤੇ ਸਾਨੂੰ ਕੁਝ ਨਤੀਜੇ ਮਿਲੇ। ਸਾਨੂੰ ਦੱਸਿਆ ਗਿਆ ਕਿ ਮਜੀਦ ਨੇ ਹਾਲ ਹੀ ਵਿੱਚ ਦੋ ਲੱਖ ਪੌਂਡ ਨੇੜੇ ਹੀ ਇੱਕ ਮਨੀ ਐਕਸਚੇਂਜ ਵਿੱਚ ਜਮ੍ਹਾਂ ਕਰਵਾਏ ਸਨ। ਅਸੀਂ ਆਪਣਾ ਨੰਬਰ ਉੱਥੇ ਛੱਡ ਦਿੱਤਾ ਅਤੇ ਅੱਧੀ ਰਾਤ ਨੂੰ ਰੌਬ ਦਾ ਫੋਨ ਵੱਜਿਆ।

ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਬਰਜ਼ਾਨ ਮਜੀਦ ਹੈ।

ਰਾਤ ਬਹੁਤ ਸੀ ਅਤੇ ਅਸੀਂ ਇਸ ਲਈ ਤਿਆਰ ਵੀ ਨਹੀਂ ਸੀ ਇਸ ਲਈ ਅਸੀਂ ਕਾਲ ਨੂੰ ਸ਼ੁਰੂ ਵਿੱਚ ਰਿਕਾਰਡ ਨਹੀਂ ਕਰ ਸਕੇ। ਰੌਬ ਨੂੰ ਯਾਦ ਹੈ ਕਿ ਦੂਜੇ ਪਾਸੇ ਤੋਂ ਆ ਰਹੀ ਅਵਾਜ਼ ਨੇ ਕਿਹਾ ਸੀ, “ਮੈਂ ਸੁਣਿਆ ਹੈ ਤੁਸੀਂ ਮੈਨੂੰ ਲੱਭ ਰਹੇ ਹੋ। ਅਤੇ ਮੈਂ ਕਿਹਾ, ਤੁਸੀਂ ਕੌਣ ਹੋ? ਸਕੌਰਪੀਅਨ? ਹਾਂ ਤੁਸੀਂ ਮੈਨੂੰ ਇਹੀ ਬੁਲਾਉਣਾ ਚਾਹੁੰਦੇ ਹੋ? ਠੀਕ ਹੈ।”

ਇਹ ਦੱਸਣ ਦਾ ਕੋਈ ਢੰਗ ਨਹੀਂ ਸੀ ਕਿ ਇਹੀ ਅਸਲੀ ਬਰਜ਼ਾਨ ਸੀ। ਜਦਕਿ ਜੋ ਕੁਝ ਉਹ ਦੱਸ ਰਿਹਾ ਸੀ ਉਹ ਜੋ ਸਾਨੂੰ ਪਤਾ ਸੀ ਉਸ ਨਾਲ ਮੇਲ ਖਾ ਰਹੇ ਸਨ।

ਉਸ ਨੇ ਕਿਹਾ ਕਿ ਉਹ 2015 ਵਿੱਚ ਡਿਪੋਰਟ ਕੀਤੇ ਜਾਣ ਤੱਕ ਨੌਟਿੰਘਮ ਵਿੱਚ ਰਿਹਾ ਸੀ। ਹਾਲਾਂਕਿ ਉਸਨੇ ਤਸਕਰੀ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ।

ਉਸਨੇ ਵਿਰੋਧ ਕੀਤਾ,“ਇਹ ਸੱਚ ਨਹੀਂ ਹੈ। ਇਹ ਸਿਰਫ਼ ਮੀਡੀਆ ਹੈ।”

ਸਾਡੇ ਵਾਰ-ਵਾਰ ਪੁੱਛਣ 'ਤੇ ਵੀ ਉਸ ਨੇ ਕੋਈ ਸੁਰਾਗ ਨਹੀਂ ਦਿੱਤਾ।

12 ਜਣਿਆਂ ਦੀ ਕਿਸ਼ਤੀ ਵਿੱਚ 100 ਤੋਂ ਜ਼ਿਆਦਾ ਲੋਕ

ਤੁਰਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟੇਨ ਆਉਣ ਵਾਲੇ ਜ਼ਿਆਦਾਤਰ ਪਰਵਾਸੀਆਂ ਲਈ ਤੁਰਕੀ ਇੱਕ ਅਹਿਮ ਟਿਕਾਣਾ ਹੈ

ਸਾਨੂੰ ਕੁਝ ਪਤਾ ਨਹੀਂ ਸੀ ਕਿ ਉਹ ਕਦੋਂ ਦੁਬਾਰਾ ਫੋਨ ਕਰੇਗਾਂ ਜਾਂ ਕਰੇਗਾ ਵੀ ਜਾਂ ਨਹੀਂ। ਇਸੇ ਦੌਰਾਨ ਰੌਬ ਦੇ ਇੱਕ ਸਥਾਨਕ ਸੂਤਰ ਨੇ ਸਾਨੂੰ ਦੱਸਿਆ ਕਿ ਸਕੌਰਪੀਅਨ ਹੁਣ ਪਰਵਾਸੀਆਂ ਦੀ ਤੁਰਕੀ ਤੋਂ ਗਰੀਸ ਅਤੇ ਇਟਲੀ ਦੀ ਤਸਕਰੀ ਵਿੱਚ ਸ਼ਾਮਿਲ ਹੈ।

ਜੋ ਅਸੀਂ ਸੁਣਿਆ ਉਹ ਪ੍ਰੇਸ਼ਾਨ ਕਰਨ ਵਾਲਾ ਸੀ। 100 ਤੋਂ ਜ਼ਿਆਦਾ ਮਰਦ, ਔਰਤਾਂ ਅਤੇ ਬੱਚੇ ਨੂੰ ਯਾਟਸ ਵਿੱਚ ਭਰਿਆ ਜਾ ਰਿਹਾ ਸੀ, ਜਿਨ੍ਹਾਂ ਵਿੱਚ ਸਿਰਫ਼ 12 ਜਣੇ ਬਿਠਾਉਣ ਦੀ ਆਗਿਆ ਸੀ।

ਯਾਟਸ ਨੂੰ ਅਕਸਰ ਜਹਾਜ਼ਰਾਨੀ ਦਾ ਤਜਰਬਾ ਰੱਖਣ ਵਾਲੇ ਤਸਕਰ ਹੀ ਚਲਾਉਂਦੇ ਸਨ। ਉਹ ਤਟ ਰਕਸ਼ਕਾਂ ਤੋਂ ਬਚਣ ਲਈ ਛੋਟੇ-ਛੋਟੇ ਟਾਪੂਆਂ ਦਾ ਖ਼ਤਰਨਾਕ ਰਸਤਾ ਅਪਣਾਉਂਦੇ ਸਨ।

ਮੋਟਾ ਪੈਸਾ ਬਣਾਇਆ ਜਾਣਾ ਸੀ। ਯਾਤਰੀਆਂ ਨੂੰ ਕਿਸੇ ਕਿਸ਼ਤੀ ਵਿੱਚ ਥਾਂ ਲੈਣ ਲਈ 10,000 ਯੂਰੋ ਦੇਣ ਲਈ ਕਿਹਾ ਗਿਆ ਸੀ।

ਸਮਝਿਆ ਜਾਂਦਾ ਹੈ ਕਿ ਪਿਛਲੇ 10 ਸਾਲਾਂ ਦੌਰਾਨ 7,20,000 ਤੋਂ ਜ਼ਿਆਦਾ ਲੋਕਾਂ ਨੇ ਪੂਰਬੀ ਮੈਡੀਟਰੇਨੀਅਨ ਰਾਹੀਂ ਯੂਰਪ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਕਰੀਬ 2500 ਜਣਿਆਂ ਦੀ ਮੌਤ ਹੋ ਗਈ ਸੀ। ਜ਼ਿਆਦਾਤਰ ਦੀ ਮੌਤ ਡੁੱਬਣ ਕਰਕੇ ਹੋਈ ਸੀ।

ਜੁਲੀਆ ਸ਼ੈਪਰਮੇਅਰ ਐੱਸਓਐੱਸ ਮੈਡੀਟਰੇਨੀਅਨ ਨਾਲ ਸਬੰਧਤ ਹਨ। ਉਹ ਕਹਿੰਦੇ ਹਨ ਕਿ ਤਸਕਰ ਲੋਕਾਂ ਦੀਆਂ ਜਾਨਾਂ ਨੂੰ ਗੰਭੀਰ ਖ਼ਤਰੇ ਵਿੱਚ ਪਾਉਂਦੇ ਹਨ, “ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੂੰ ਲੋਕਾਂ ਦੇ ਮਰਨ ਜਾਂ ਜਿਉਣ ਨਾਲ ਕੋਈ ਫਰਕ ਪੈਂਦਾ ਹੈ।”

ਇਸ ਵਾਰ ਸਾਡੇ ਕੋਲ ਸਕੌਰਪੀਅਨ ਨੂੰ ਸਿੱਧਾ ਸਵਾਲ ਕਰਨ ਦਾ ਮੌਕਾ ਸੀ। ਅਚਾਨਕ ਉਸ ਨੇ ਸਾਨੂੰ ਦੋਬਾਰਾ ਫੋਨ ਕੀਤਾ।

'ਕਈ ਵਾਰ ਤੁਹਾਡੀ ਵੀ ਗਲਤੀ ਹੁੰਦੀ ਹੈ'

ਫਰਵਰੀ 2023 ਵਿੱਚ ਕਿਸ਼ਤੀ ਰਾਹੀਂ ਤੁਰਕੀ ਤੋਂ ਇਟਲੀ ਜਾਣ ਵਾਲੇ ਘੱਟੋ-ਘੱਟ 95 ਪਰਵਾਸੀ ਮਾਰੇ ਗਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਵਰੀ 2023 ਵਿੱਚ ਕਿਸ਼ਤੀ ਰਾਹੀਂ ਤੁਰਕੀ ਤੋਂ ਇਟਲੀ ਜਾਣ ਵਾਲੇ ਘੱਟੋ-ਘੱਟ 95 ਪਰਵਾਸੀ ਮਾਰੇ ਗਏ

ਇੱਕ ਵਾਰ ਫਿਰ ਉਸ ਨੇ ਆਪਣੇ ਤਸਕਰ ਹੋਣ ਤੋਂ ਇਨਕਾਰ ਕੀਤਾ। ਹਾਲਾਂਕਿ ਉਸ ਦੀ ਪਰਿਭਾਸ਼ਾ ਮੁਤਾਬਕ ਲੱਗਿਆ ਕਿ ਤਸਕਰ ਉਹ ਹੈ ਜੋ ਨਿੱਜੀ ਰੂਪ ਵਿੱਚ ਇਹ ਕੰਮ ਕਰ ਰਿਹਾ ਹੈ, ਨਾ ਕਿ ਉਹ ਜੋ ਡੋਰਾਂ ਖਿੱਚ ਰਿਹਾ ਹੈ।

“ਤੁਹਾਨੂੰ ਉੱਥੇ ਹੋਣਾ ਪਵੇਗਾ, ਹੁਣ ਵੀ ਮੈਂ ਉੱਥੇ ਨਹੀਂ ਹਾਂ।”

ਉਸ ਨੇ ਕਿਹਾ ਕਿ ਉਹ ਤਾਂ ਸਿਰਫ਼ “ਮਨੀ ਮੈਨ” ਹੈ।

ਇਸ ਤਰ੍ਹਾਂ ਵੀ ਲੱਗਿਆ ਕਿ ਉਹ ਡੁੱਬਣ ਵਾਲੇ ਪਰਵਾਸੀਆਂ ਨਾਲ ਕੁਝ ਹਮਦਰਦੀ ਵੀ ਦਿਖਾ ਰਿਹਾ ਸੀ।

“ਰੱਬ (ਲਿਖਦਾ ਹੈ) ਕਿ ਤੁਸੀਂ ਕਦੋਂ ਮਰੋਗੇ ਪਰ ਕਦੇ-ਕਦੇ ਇਹ ਤੁਹਾਡੀ ਗਲਤੀ ਹੁੰਦੀ ਹੈ”। ਉਸਨੇ ਕਿਹਾ, “ਰੱਬ ਕਦੇ ਨਹੀਂ ਕਹਿੰਦਾ ਇਸ ਕਿਸ਼ਤੀ ਵਿੱਚ ਜਾਓ।”

ਸਾਡਾ ਅਗਲਾ ਟਿਕਾਣਾ ਮਾਰਮਾਰਿਸ ਦਾ ਇੱਕ ਰਿਜ਼ੌਰਟ ਸੀ, ਜਿੱਥੇ ਤੁਰਕੀ ਦੀ ਪੁਲਿਸ ਮੁਤਾਬਕ ਸਕੌਰਪੀਅਨ ਦਾ ਇੱਕ ਵਿਲਾ ਹੈ। ਅਸੀਂ ਆਲੇ-ਦੁਆਲੇ ਪੁੱਛਿਆ ਅਤੇ ਇੱਕ ਫੋਨ ਕਾਲ ਆਈ, ਸਾਹਮਣਿਓਂ ਕਿਸੇ ਨੇ ਕਿਹਾ ਕਿ ਉਹ ਸਕੌਰਪੀਅਨ ਦੀ ਦੋਸਤ ਸੀ।

ਮੰਨਿਆਂ ਜਾਦਾ ਹੈ ਕਿ ਤੁਰਕੀ ਦੇ ਇੱਕ ਰਿਜ਼ੌਰਟ ਵਿੱਚ ਸਕੌਰਪੀਅਨ ਦੀ ਵਿਲਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਨਿਆਂ ਜਾਦਾ ਹੈ ਕਿ ਤੁਰਕੀ ਦੇ ਇੱਕ ਰਿਜ਼ੌਰਟ ਵਿੱਚ ਸਕੌਰਪੀਅਨ ਦੀ ਵਿਲਾ ਹੈ

ਉਹ ਜਾਣਦੀ ਸੀ ਕਿ ਮਜੀਦ ਮਨੁੱਖੀ-ਤਸਕਰੀ ਵਿੱਚ ਸ਼ਾਮਿਲ ਸੀ। ਉਸ ਨੇ ਕਿਹਾ ਕਿ ਭਾਵੇਂ ਇਸ ਨਾਲ ਉਸ ਨੂੰ ਤਣਾਅ ਹੁੰਦਾ ਹੈ ਪਰ ਉਸਦੀ ਚਿੰਤਾ ਪੈਸੇ ਬਾਰੇ ਹੁੰਦੀ ਹੈ, ਨਾ ਕਿ ਪਰਵਾਸੀਆਂ ਦੀ ਹੋਣੀ ਬਾਰੇ।

ਉਸ ਨੇ ਕਿਹਾ, “ਉਹ ਉਨ੍ਹਾਂ ਦੀ ਫਿਕਰ ਨਹੀਂ ਕਰਦਾ। ਇਹ ਵਾਕਈ ਦੁੱਖਦਾਈ ਹੈ, ਨਹੀਂ?”

ਉਸ ਨੇ ਅੱਗੇ ਕਿਹਾ, “ਇਹ ਕੁਝ ਅਜਿਹਾ ਹੈ ਜੋ ਮੈਂ ਯਾਦ ਕਰਦੀ ਹਾਂ ਅਤੇ ਸ਼ਰਮ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਅਜਿਹੀਆਂ ਚੀਜ਼ਾਂ ਸੁਣਦੀ ਹਾਂ ਜੋ ਮੈਂ ਜਾਣਦੀ ਸੀ ਕਿ ਚੰਗੀਆਂ ਨਹੀਂ ਸਨ।”

ਉਸ ਨੇ ਦੱਸਿਆ ਕਿ ਹਾਲ ਫਿਲਹਾਲ ਵਿੱਚ ਤਾਂ ਉਸ ਨੇ ਮਜੀਦ ਨੂੰ ਵਿਲਾ ਵਿੱਚ ਨਹੀਂ ਦੇਖਿਆ ਹਾਲਾਂਕਿ ਕੁਝ ਲੋਕਾਂ ਨੇ ਉਸ ਨੂੰ ਦੱਸਿਆ ਹੈ ਉਹ ਇਰਾਕ ਵਿੱਚ ਹੋ ਸਕਦਾ ਹੈ।

ਇਸ ਦੀ ਪੁਸ਼ਟੀ ਇੱਕ ਹੋਰ ਸੂਤਰ ਨੇ ਕੀਤੀ ਜਿਸ ਨੇ ਦੱਸਿਆ ਕਿ ਉਨ੍ਹਾਂ ਨੇ ਸਕੌਰਪੀਅਨ ਨੂੰ ਇਰਾਕ ਦੇ ਕੁਰਦਿਸ਼ ਇਲਾਕੇ ਦੀ ਇੱਕ ਮਨੀ ਅਕਸਚੈਂਜ ਵਿੱਚ ਦੇਖਿਆ ਹੈ।

ਅਸੀਂ ਰਵਾਨਾ ਹੋ ਗਏ ਪਰ ਅਸੀਂ ਸਕੌਰਪੀਅਨ ਨੂੰ ਲੱਭ ਨਹੀਂ ਸਕੇ। ਸਾਨੂੰ ਲੱਗਿਆ ਕਿ ਸਾਨੂੰ ਉਮੀਦ ਛੱਡ ਦੇਣੀ ਚਾਹੀਦੀ ਹੈ।

'ਤੁਸੀਂ ਕਿੱਥੇ ਹੋ?'

ਇਸੇ ਦੌਰਾਨ ਰੌਬ ਦਾ ਸੰਪਰਕ ਉਸ ਨਾਲ ਰਾਬਤਾ ਕਰਨ ਵਿੱਚ ਕਾਮਯਾਬ ਹੋ ਗਿਆ।

ਕਿਸੇ ਨਾ ਕਿਸੇ ਤਰ੍ਹਾਂ ਅਸੀਂ ਉਸ ਨੂੰ ਫੜ ਕੇ ਵਾਪਸ ਯੂਰਪ ਲਿਜਾਣ ਦੀ ਯੋਜਨਾ ਬਣਾ ਲਈ।

ਪਹਿਲਾਂ ਰੌਬ ਦੇ ਸੰਪਰਕ ਅਤੇ ਫਿਰ ਸਿੱਧੇ ਰੌਬ ਨਾ ਬਹੁਤ ਸਾਰੇ ਸੁਨੇਹੇ ਆਏ ਅਤੇ ਗਏ। ਸਕੌਰਪੀਅਨ ਨੇ ਕਿਹਾ ਕਿ ਉਹ ਸਾਨੂੰ ਮਿਲ ਸਕਦਾ ਹੈ। ਬਸ਼ਰਤੇ ਕਿ ਥਾਂ ਦੀ ਚੋਣ ਉਸ ਨੂੰ ਕਰਨ ਦਿੱਤੀ ਜਾਵੇ। ਇਸ ਤੋਂ ਅਸੀਂ ਇਨਕਾਰ ਕਰ ਦਿੱਤਾ, ਕਿ ਉਹ ਸਾਨੂੰ ਫਸਾ ਰਿਹਾ ਹੋ ਸਕਦਾ ਹੈ।

ਫਿਰ ਇੱਕ ਟੈਕਸਟ ਮੈਸਜ ਆਇਆ, “ਤੁਸੀਂ ਕਿੱਥੇ ਹੋ?”

ਅਸੀਂ ਕਿਹਾ ਕਿ ਅਸੀਂ ਨਜ਼ਦੀਕੀ ਮਾਲ ਵੱਲ ਜਾ ਰਹੇ ਸੀ। ਸਕੌਰਪੀਅਨ ਨੇ ਸਾਨੂੰ ਉੱਥੇ ਪਹਿਲੀ ਮੰਜ਼ਿਲ ਉੱਤੇ ਇੱਕ ਕੌਫ਼ੀ ਸ਼ੌਪ ਵਿੱਚ ਮਿਲਣ ਨੂੰ ਕਿਹਾ।

ਆਖਰ ਅਸੀਂ ਉਸ ਨੂੰ ਦੇਖਿਆ।

ਸੂਅ ਅਤੇ ਰੌਬ ਦੀ ਸਕੌਰਪੀਅਨ ਨਾਲ ਮੁਲਾਕਾਤ ਨੂੰ ਉਨ੍ਹਾਂ ਦੇ ਡਰਾਈਵਰ ਨੇ ਚੋਰੀ-ਛੁੱਪੇ ਫਿਲਮਾਇਆ।

ਸੂਅ ਅਤੇ ਰੌਬ ਦੀ ਸਕੌਰਪੀਅਨ ਨਾਲ ਮੁਲਾਕਾਤ
ਤਸਵੀਰ ਕੈਪਸ਼ਨ, ਸੂਅ ਅਤੇ ਰੌਬ ਦੀ ਸਕੌਰਪੀਅਨ ਨਾਲ ਮੁਲਾਕਾਤ

ਬਰਜ਼ਾਨ ਮਜੀਦ ਇੱਕ ਰਈਸ ਗੌਲਫ ਖਿਡਾਰੀ ਵਰਗਾ ਲੱਗ ਰਿਾਹ ਸੀ। ਉਸ ਨੇ ਵਧੀਆ ਕੱਪੜੇ ਪਾਏ ਹੋਏ ਸਨ। ਉਸ ਨੇ ਨਵੀਂ ਕਾਲੀ ਜੀਨ, ਹਲਕੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਇੱਕ ਕਾਲੀ ਅੱਧੀਆਂ ਬਾਹਾਂ ਦੀ ਜੈਕਟ ਪਾਈ ਹੋਈ ਸੀ।

ਜਦੋਂ ਉਸ ਨੇ ਆਪਣੇ ਹੱਥ ਮੇਜ਼ ਉੱਤੇ ਰੱਖੇ ਤਾਂ ਮੈਂ ਦੇਖਿਆ ਉਸਦੇ ਨਹੁੰ ਸੰਵਾਰੇ ਹੋਏ ਸਨ।

ਇਸੇ ਦੌਰਾਨ ਤਿੰਨ ਹੋਰ ਜਾਣੇ ਸਾਡੇ ਨੇੜੇ ਇੱਕ ਹੋਰ ਮੇਜ਼ ਉੱਤੇ ਆ ਕੇ ਬੈਠ ਗਏ। ਇਹ ਸ਼ਾਇਦ ਉਸਦੀ ਸੁਰੱਖਿਆ ਟੀਮ ਵਾਲੇ ਸਨ।

ਇੱਕ ਵਾਰ ਫਿਰ ਉਸ ਨੇ ਕਿਸੇ ਅਪਰਾਧਿਕ ਸੰਗਠਨ ਦਾ ਸਰਗਨਾ ਹੋਣ ਤੋਂ ਇਨਕਾਰ ਕੀਤਾ। ਉਸ ਨੇ ਕਿਹਾ ਕਿ ਦੂਜੇ ਗੈਂਗ ਮੈਂਬਰਾਂ ਨੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ।

“ਕੁਝ ਲੋਕ ਫੜੇ ਜਾਣ ਤਾਂ ਕਹਿੰਦੇ ਹਨ ਕਿ ਅਸੀਂ ਉਸ ਲਈ ਕੰਮ ਕਰ ਰਹੇ ਹਾਂ। ਉਹ ਆਪਣੀ ਸਜ਼ਾ ਘਟਾਉਣਾ ਚਾਹੁੰਦੇ ਹਨ।”

ਉਸ ਨੇ ਕੁਝ ਕੁੜੱਤਣ ਨਾਲ ਕਿਹਾ ਕਿ ਕੁਝ ਹੋਰ ਤਸਕਰਾਂ ਨੂੰ ਬ੍ਰਿਟਿਸ਼ ਪਾਸਪੋਰਟ ਦਿੱਤਾ ਗਿਆ ਅਤੇ ਉਨ੍ਹਾਂ ਨੇ ਕੰਮ ਵੀ ਜਾਰੀ ਰੱਖਿਆ।

ਉਸ ਨੇ ਕਿਹਾ, “ਤਿੰਨ ਦਿਨਾਂ ਦੇ ਅੰਦਰ, ਇੱਕ ਜਣੇ ਨੇ 170 ਤੋਂ 180 ਜਣੇ ਤੁਰਕੀ ਤੋਂ ਇਟਲੀ ਭੇਜੇ। ਉਸ ਕੋਲ ਅਜੇ ਵੀ ਬ੍ਰਿਟਿਸ਼ ਪਾਸਪੋਰਟ ਹੈ। ਮੈਂ ਕੰਮ ਕਰਨ ਲਈ ਕਿਸੇ ਹੋਰ ਦੇਸ ਜਾਣਾ ਚਾਹੁੰਦਾ ਹਾਂ। ਮੈਂ ਨਹੀਂ ਜਾ ਸਕਦਾ।”

'ਮੈਂ ਕਿਸੇ ਨੂੰ ਕਿਸ਼ਤੀ ਵਿੱਚ ਨਹੀਂ ਬਿਠਾਇਆ'

ਅਸੀਂ ਪਰਵਾਸੀਆਂ ਦੀ ਮੌਤ ਦੀ ਜ਼ਿੰਮੇਵਾਰੀ ਸਵੀਕਾਰ ਕਰਨ ਲਈ ਉਸ ਉੱਤੇ ਦਬਾਅ ਪਾਇਆ। ਉਸ ਨੇ ਜੋ ਫ਼ੌਨ ਉੱਤੇ ਕਿਹਾ ਸੀ ਉਹੀ ਦੁਹਰਾਇਆ ਕਿ – ਉਸ ਨੇ ਤਾਂ ਸਿਰਫ਼ ਪੈਸੇ ਲੈ ਕੇ ਥਾਂ ਬੁੱਕ ਕੀਤੀ ਸੀ।

ਉਸ ਲਈ ਤਸਕਰ ਤਾਂ ਉਹ ਹੈ ਜਿਸ ਨੇ ਲੋਕਾਂ ਨੂੰ ਕਿਸ਼ਤੀਆਂ ਅਤੇ ਲਾਰੀਆਂ ਵਿੱਚ ਲੱਦਿਆ ਅਤੇ ਉਨ੍ਹਾਂ ਨੂੰ ਟਰਾਂਸਪੋਰਟ ਕੀਤਾ।

ਉਸ ਨੇ ਕਿਹਾ, “ਮੈਂ ਕਦੇ ਕਿਸੇ ਨੂੰ ਕਿਸ਼ਤੀ ਵਿੱਚ ਨਹੀਂ ਬਿਠਾਇਆ ਅਤੇ ਮੈਂ ਕਦੇ ਕਿਸੇ ਨੂੰ ਨਹੀਂ ਮਾਰਦਾ।”

ਗੱਲਬਾਤ ਖ਼ਤਮ ਹੋ ਗਈ ਪਰ ਸਕੌਰਪੀਅਨ ਨੇ ਰੌਬ ਨੂੰ ਸੁਲੇਮਾਨੀਆ ਵਿੱਚ ਉਹ ਮਨੀ ਅਕਸਚੈਂਜ ਦੇਖਣ ਦਾ ਸੱਦਾ ਦਿੱਤਾ ਜਿੱਥੋਂ ਉਹ ਕੰਮ ਕਰਦਾ ਸੀ।

ਇਹ ਇੱਕ ਛੋਟਾ ਜਿਹਾ ਦਫ਼ਤਰ ਸੀ। ਖਿੜਕੀ ਉੱਤੇ ਅਰਬੀ ਵਿੱਚ ਕੁਝ ਲਿਖਿਆ ਹੋਇਆ ਸੀ ਅਤੇ ਕੁਝ ਫੋਨ ਨੰਬਰ ਲਿਖੇ ਸਨ।

ਲੋਕ ਇੱਥੇ ਲੰਘਾਉਣ ਲਈ ਪੈਸੇ ਦੇਣ ਆਉਂਦੇ ਸਨ। ਰੌਬ ਨੇ ਕਿਹਾ ਕਿ ਉੱਥੇ ਕਿਸੇ ਜਣੇ ਨੂੰ ਨਗਦੀ ਦਾ ਭਰਿਆ ਡੱਬਾ ਲੈ ਕੇ ਜਾਂਦੇ ਦੇਖਿਆ।

ਇਸ ਦੌਰਾਨ ਸਕੌਰਪੀਅਨ ਨੇ ਦੱਸਿਆ ਕਿ ਉਹ ਸਾਲ 2016 ਵਿੱਚ ਇਸ ਕਾਰੋਬਾਰ ਵਿੱਚ ਕਿਵੇਂ ਆਇਆ, ਜਦੋਂ ਹਜ਼ਾਰਾਂ ਲੋਕ ਯੂਰਪ ਜਾ ਰਹੇ ਸਨ।

“ਕਿਸੇ ਨੇ ਵੀ ਉਨ੍ਹਾਂ ਉੱਤੇ ਦਬਾਅ ਨਹੀਂ ਪਾਇਆ। ਉਹ (ਜਾਣਾ) ਚਾਹੁੰਦੇ ਸਨ।” ‘ਉਹ ਤਸਕਰਾਂ ਦੀਆਂ ਮਿੰਨਤਾਂ ਕਰ ਰਹੇ ਸਨ। ਕਿਰਪਾ ਕਰਕੇ ਸਾਡੇ ਲਈ ਕਰ ਦਿਓ’। ਕਦੇ-ਕਦੇ ਤਸਕਰ ਕਹਿ ਦਿੰਦੇ ਸਨ ‘ਸਿਰਫ਼ ਰੱਬ ਕਰਕੇ ਮੈਂ ਉਨ੍ਹਾਂ ਲਈ ਕਰ ਦਿਆਂਗਾ’। ਫਿਰ ਉਹ ਸ਼ਿਕਾਇਤ ਕਰਦੇ ਹਨ, “ਉਹ ਇਹ ਤੇ ਔਹ... ਨਹੀਂ ਇਹ ਸੱਚ ਨਹੀਂ ਹੈ।”

ਬੈਲਜੀਅਨ ਦੀ ਇੱਕ ਇਨਫਰਮੇਸ਼ਨ ਸ਼ੀਟ
ਤਸਵੀਰ ਕੈਪਸ਼ਨ, ਬੈਲਜੀਅਨ ਦੀ ਇੱਕ ਇਨਫਰਮੇਸ਼ਨ ਸ਼ੀਟ ਜਿੱਥੇ ਸਕੌਰਪੀਅਨ ਉੱਪਰ ਉਸਦੀ ਗੈਰ-ਮੌਜੂਦਗੀ ਵਿੱਚ ਹੀ ਮੁਕੱਦਮਾ ਚੱਲਿਆ ਅਤੇ ਸਜ਼ਾ ਸੁਣਾਈ ਗਈ

ਸਾਲ 2016 ਤੋਂ 2019 ਦੌਰਾਨ ਸਕੌਰਪੀਅਨ ਨੇ ਦੱਸ਼ਿਆ ਕਿ ਉਹ ਬੈਲਜੀਅਮ ਅਤੇ ਫਰਾਂਸ ਵਿੱਚ ਕਾਰੋਬਾਰ ਦੇਖਣ ਵਾਲੇ ਦੋ ਪ੍ਰਮੁੱਖ ਬੰਦਿਆਂ ਵਿੱਚੋਂ ਇੱਕ ਸੀ। ਉਸ ਨੇ ਇਹ ਵੀ ਮੰਨਿਆ ਕਿ ਇਸ ਦੌਰਾਨ ਉਸਨੇ ਕਈ ਲੱਖ ਡਾਲਰ ਇੱਧਰ-ਉੱਧਰ ਕੀਤੇ ਸਨ।

“ਮੈਂ ਉਨ੍ਹਾਂ ਲਈ... ਪੈਸਾ, ਜਗ੍ਹਾ, ਯਾਤਰੀ, ਤਸਕਰਾਂ ਵਰਗੇ ਕੰਮ ਕੀਤੇ... ਮੈਂ ਉਨ੍ਹਾਂ ਸਾਰਿਆਂ ਦੇ ਵਿੱਚ ਸੀ।”

ਹੁਣ ਮਨੁੱਖੀ ਤਸਰਕਰੀ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਪਰ ਉਸਦੇ ਕੰਮ ਉਸਦੇ ਸ਼ਬਦਾਂ ਤੋਂ ਉਲਟ ਬਿਆਨ ਕਰ ਰਹੇ ਸਨ।

ਸਕੌਰਪੀਅਨ ਨੂੰ ਇਸ ਬਾਰੇ ਪਤਾ ਨਹੀਂ ਚੱਲਿਆ ਪਰ ਜਦੋਂ ਉਹ ਆਪਣਾ ਫੋਨ ਦੇਖ ਰਿਹਾ ਸੀ ਤਾਂ ਰੌਬ ਨੇ ਪਿੱਛੇ ਲੱਗੀ ਤਸਵੀਰ ਵਿੱਚ ਫੋਨ ਦਾ ਅਕਸ ਦੇਖਿਆ।

ਰੌਬ ਨੂੰ ਪਾਸਪੋਰਟ ਨੰਬਰਾਂ ਦੀਆਂ ਲਿਸਟਾਂ ਦੇਖ ਸਕਿਆ। ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਤਸਕਰ ਇਨ੍ਹਾਂ ਨੂੰ ਇਰਾਕ ਦੇ ਅਧਿਕਾਰੀਆਂ ਨੂੰ ਭੇਜਦੇ ਹਨ। ਫਿਰ ਉਨ੍ਹਾਂ ਅਧਿਕਾਰੀਆਂ ਨੂੰ ਨਕਲੀ ਵੀਜ਼ਾ ਜਾਰੀ ਕਰਨ ਲਈ ਰਿਸ਼ਵਤ ਦਿੱਤੀ ਜਾਂਦੀ।

ਇਹ ਆਖਰੀ ਵਾਰ ਸੀ ਜਦੋਂ ਅਸੀਂ ਸਕੌਰਪੀਅਨ ਨੂੰ ਦੇਖਿਆ।

ਹਰ ਪੜਾਅ ਉੱਤੇ ਅਸੀਂ ਯੂਕੇ ਅਤੇ ਯੂਰਪ ਵਿੱਚ ਅਧਿਕਾਰੀਆਂ ਨਾਲ ਆਪਣੀ ਜਾਣਕਾਰੀ ਸਾਂਝੀ ਕੀਤੀ।

ਐਨ ਲੁਕੋਵਿਆਕ, ਬੈਲਜੀਅਮ ਵਿੱਚ ਇੱਕ ਸਰਕਾਰੀ ਵਕੀਲ ਹਨ ਜੋ ਸਕੌਰਪੀਅਨ ਨੂੰ ਸਜ਼ਾ ਕਰਾਉਣ ਵਿੱਚ ਸ਼ਾਮਿਲ ਸਨ। ਉਹ ਅਜੇ ਵੀ ਉਮੀਦ ਕਰਦੇ ਹਨ ਕਿ ਸਕੌਰਪੀਅਨ ਨੂੰ ਇਰਾਕ ਤੋਂ ਮੰਗਵਾ ਲਿਆ ਜਾਵੇਗਾ।

ਉਹ ਕਹਿੰਦੇ ਹਨ, “ਸਾਡੇ ਲਈ ਇਹ ਇਸ਼ਾਰਾ ਭੇਜਣਾ ਮਹੱਤਵਪੂਰਨ ਹੈ ਕਿ ਤੁਸੀਂ ਜੋ ਚਾਹੋਂ ਉਹ ਨਹੀਂ ਕਰ ਸਕਦੇ।... ਆਖਰ ਅਸੀਂ ਉਸ ਨੂੰ ਡੇਗ ਲਵਾਂਗੇ”

ਬੈਨ ਮਿਲਨੇ ਦੇ ਸਹਿਯੋਗ ਨਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)