ਇਮਰਾਨ ਖ਼ਾਨ: ਗ੍ਰਿਫ਼ਤਾਰੀ ਕਰਨ ਅਤੇ ਰੋਕਣ ਨੂੰ ਲੈ ਕੇ ਝੜਪਾਂ, ਕੀ ਹਨ ਹਾਲਾਤ

  • ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਿਛਲੇ ਕਈ ਘੰਟਿਆਂ ਤੋਂ ਭਾਰੀ ਹੰਗਾਮਾ ਮੱਚਿਆ ਹੋਇਆ ਹੈ।
  • ਇਮਰਾਨ ਖਿਲਾਫ਼ ਇਸਲਾਮਾਬਾਦ ਦੀ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ।
  • ਇਸਲਾਮਾਬਾਦ ਅਤੇ ਲਾਹੌਰ ਪੁਲਿਸ ਦੀਆਂ ਟੀਮਾਂ ਜਦੋਂ ਭਾਰੀ ਫੋਰਸ ਬਲ ਨਾਲ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਪਹੁੰਚੀਆਂ ਤਾਂ ਉਨ੍ਹਾਂ ਨੂੰ ਇਮਰਾਨ ਦੀ ਪਾਰਟੀ ਪੀਟੀਆਈ ਦੇ ਵਰਕਰਾਂ ਦੇ ਭਾਰੀ ਹਿੰਸਕ ਵਿਰੋਧ ਦਾ ਸਾਹਮਣਾ ਕਰਨਾ ਪਿਆ।
  • ਇਮਰਾਨ ਖਾਨ ਦਾ ਘਰ ਲਾਹੌਰ ਦੇ ਜ਼ਮਾਨ ਪਾਰਕ ਇਲਾਕੇ ਵਿੱਚ ਹੈ, ਅਤੇ ਉਨ੍ਹਾਂ ਦੇ ਘਰ ਨੂੰ ਜਾਣ ਵਾਲੇ ਹਰ ਇਲਾਕੇ ਨੂੰ ਪੁਲਿਸ ਨੇ ਸੀਲ ਕੀਤਾ ਹੋਇਆ ਹੈ।
  • ਪਥਰਾਅ ਦੌਰਾਨ ਪੁਲਿਸ ਨੇ ਭਾਰੀ ਫਾਇਰਿੰਗ ਵੀ ਹੋਣ ਦੀਆਂ ਰਿਪੋਰਟਾਂ ਹਨ
  • ਮੌਕੇ ਉੱਤੇ ਮੌਜੂਦ ਬੀਬੀਸੀ ਪੱਤਰਕਾਰ ਤਰਹਬ ਅਸਗਰ ਮੁਤਾਬਕ ਪੁਲਿਸ ਨੇ ਵਰਕਰਾਂ ਨੂੰ ਖਿਡਾਉਣ ਲ਼ਈ ਲਾਠੀਚਾਰਜ ਕੀਤਾ ਤਾਂ ਅੱਗੋਂ ਇਮਰਾਨ ਸਮਰਥਕਾਂ ਨੇ ਪਥਰਾਅ ਕਰ ਦਿੱਤਾ।
  • ਹਾਲਾਤ ਵਿਗੜਦੇ ਦੇਖ ਪਾਕਿਸਤਾਨ ਰੇਜ਼ਰਜ਼ ਨੂੰ ਬੁਲਾ ਲਿਆ ਗਿਆ ਅਤੇ ਪੁਲਿਸ ਇਮਰਾਨ ਖਾਨ ਦੇ ਘਰ ਵਿੱਚ ਦਾਖਲ ਹੋ ਚੁੱਕੀ ਹੈ।
  • ਇਸੇ ਦੌਰਾਨ ਇਮਰਾਨ ਖਾਨ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਆਪਣੇ ਸਮਰਥਕਾਂ ਨੂੰ ਸੰਘਰਸ਼ ਦਾ ਰਾਹ ਨਾ ਛੱਡਣ ਦਾ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।

ਇਸਲਾਮਾਬਾਦ ਦੀ ਇਕ ਅਦਾਲਤ ਨੇ ਤੋਸ਼ਾਖਾਨਾ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।

ਜਿਸ ਉੱਤੇ ਕਾਰਵਾਈ ਕਰਦਿਆਂ ਰਾਜਧਾਨੀ ਇਸਲਾਮਾਬਾਦ ਅਤੇ ਲਾਹੌਰ ਦੀਆਂ ਪੁਲਿਸ ਟੀਮਾਂ ਲਾਹੌਰ ਵਿਚਲੇ ਇਮਰਾਨ ਖਾਨ ਦੇ ਘਰ ਜ਼ਮਾਨ ਪਾਰਕ ਵਿੱਚ ਦਾਖਲ ਹੋਈਆਂ ਹਨ।

ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਮਰਾਨ ਖਾਨ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਸਮਰਥਕਾਂ ਨੂੰ ਸੰਘਰਸ਼ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਇਮਰਾਨ ਖਾਨ ਲਾਹੌਰ ਦੇ ਜ਼ਮਾਨ ਪਾਰਕ ਇਲਾਕੇ 'ਚ ਰਹਿੰਦੇ ਹਨ। ਇੱਕ ਪਾਸੇ ਪੁਲਿਸ ਦਾ ਵੱਡਾ ਜਮਾਵੜਾ ਹੈ ਅਤੇ ਦੂਜੇ ਪਾਸੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ।

ਜ਼ਮਾਨ ਪਾਰਕ ਅੱਗੇ ਪੁਲਿਸ ਅਤੇ ਇਮਰਾਨ ਦੀ ਪਾਰਟੀ ਪੀਟੀਆਈ ਦੇ ਵਰਕਰਾਂ ਵਿਚਾਲੇ ਕਾਫੀ ਖਿੱਚੋਧੂੰਹ ਹੋਈ।

ਵਰਕਰਾਂ ਵਲੋਂ ਪੁਲਿਸ ਉੱਤੇ ਪਥਰਾਅ ਕਰਨ ਅਤੇ ਪੁਲਿਸ ਵਲੋਂ ਗੋਲ਼ੀਬਾਰੀ ਕੀਤੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਬੀਬੀਸੀ ਪੱਤਰਕਾਰ ਤਰਹਬ ਅਸਗਰ ਮੁਤਾਬਕ ਪੀਟੀਆਈ ਆਗੂ ਹੁਸੈਨ ਨਿਆਜ਼ੀ ਅਤੇ ਡੀਆਈਜੀ ਇਸਲਾਮਾਬਾਦ ਸ਼ਹਿਜ਼ਾਦ ਨਦੀਮ ਵਿਚਾਲੇ ਵੀ ਗੱਲਬਾਤ ਹੋਈ ਹੈ।

ਡੀਆਈਜੀ ਇਸਲਾਮਾਬਾਦ ਨੇ ਪੀਟੀਆਈ ਆਗੂ ਨੂੰ ਅਦਾਲਤ ਦੇ ਹੁਕਮ ਬਾਰੇ ਦੱਸਿਆ ਹੈ।

ਡੀਆਈਜੀ ਸ਼ਹਿਜ਼ਾਦ ਨਦੀਮ ਨੇ ਦੱਸਿਆ, "ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਸੀਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਆਏ ਹਾਂ।"

ਇਮਰਾਨ ਖਾਨ ਦਾ ਸਮਰਥਕਾਂ ਨੂੰ ਸੰਦੇਸ਼

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਹੰਗਾਮੇ ਦੌਰਾਨ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।

‘‘ਪੁਲਿਸ ਮੈਨੂੰ ਫੜਨ ਲ਼ਈ ਬਾਹਰ ਆਈ ਹੈ, ਉਨ੍ਹਾਂ ਦਾ ਖ਼ਿਆਲ ਹੈ ਕਿ ਜਦੋਂ ਇਮਰਾਨ ਖ਼ਾਨ ਜੇਲ੍ਹ ਚਲਾ ਜਾਵੇਗਾ ਤਾਂ ਕੌਮ ਸੌ ਜਾਵੇਗੀ। ਤੁਸੀਂ ਇਨ੍ਹਾਂ ਨੂੰ ਗਲ਼ਤ ਸਾਬਿਤ ਕਰਨਾ ਹੈ, ਤੁਸੀਂ ਸਾਬਿਤ ਕਰਨਾ ਹੈ ਕਿ ਤੁਸੀਂ ਜ਼ਿੰਦਾ ਕੌਮ ਹੋ।

ਤੁਸੀਂ ਆਪਣੇ ਹੱਕਾਂ ਲ਼ਈ, ਹੱਕੀ ਅਜ਼ਾਦੀ ਲਈ, ਤੁਸੀਂ ਜੱਦੋਜ਼ਹਿਦ ਕਰਨੀ ਹੈ ਅਤੇ ਬਾਹਰ ਨਿਕਲਣਾ ਹੈ। ਦੇਖੋ, ਇਮਰਾਨ ਖਾਨ ਨੂੰ ਅੱਲਾ ਸਭ ਕੁਝ ਦੇ ਚੁੱਕਾ ਹੈ, ਮੈਂ ਤੁਹਾਡੀ ਜੰਗ ਲੜ ਰਿਹਾ ਹਾਂ।

ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਜੰਗ ਲੜੀ ਅਤੇ ਲੜਦਾ ਰਹਾਂਗਾ। ਪਰ ਜੇ ਮੈਨੂੰ ਕੁਝ ਹੁੰਦਾ ਹੈ, ਜੇਲ੍ਹ ਵਿੱਚ ਜਾਂਦਾ ਹਾਂ ਜਾਂ ਮਾਰ ਦਿੰਦੇ ਹਨ ਤਾਂ ਤੁਸੀਂ ਇਹ ਸਾਬਿਤ ਕਰਨ ਹੈ ਕਿ ਇਮਰਾਨ ਖਾਨ ਦੇ ਬਗੈਰ ਵੀ ਇਹ ਕੌਮ ਜੱਦੋਜਹਿਦ ਕਰੇਗੀ ਅਤੇ ਇਹ ਬਦਤਰੀਨ ਗੁਲਾਮੀ, ਇਨ੍ਹਾਂ ਚੋਰਾਂ ਦੀ ਅਤੇ ਇਹ ਇੱਕ ਆਦਮੀ ਫੈਸਲੇ ਕਰ ਰਿਹਾ ਹੈ ਇਸ ਮੁਲਕ ਦੇ ਇਹ ਕਦੇ ਵੀ ਤੁਸੀਂ ਕਬੂਲ ਨਹੀਂ ਕਰੋਗੇ।’’

ਇਮਰਾਨ ਦੀ ਪਾਰਟੀ ਦਾ ਪ੍ਰਤੀਕਰਮ

ਹੁਸੈਨ ਨਿਆਜ਼ੀ ਨੇ ਦੱਸਿਆ ਹੈ, "ਇਮਰਾਨ ਖਾਨ ਆਪਣੇ ਘਰ ਮੌਜੂਦ ਨਹੀਂ ਹਨ। ਜ਼ਮਾਨ ਪਾਰਕ ਵਿੱਚ ਬਹੁਤ ਸਾਰੇ ਵਰਕਰ ਮੌਜੂਦ ਹਨ। ਜੇਕਰ ਕੋਈ ਜ਼ਬਰਦਸਤੀ ਕੀਤੀ ਗਈ ਤਾਂ ਹਿੰਸਾ ਦਾ ਖਤਰਾ ਹੈ।"

ਹੁਸੈਨ ਨਿਆਜ਼ੀ ਨੇ ਕਿਹਾ ਹੈ, "ਅਸੀਂ ਇਸ ਵਾਰੰਟ ਵਿਰੁੱਧ ਅਦਾਲਤ ਤੱਕ ਪਹੁੰਚ ਕੀਤੀ ਹੈ। ਸਾਨੂੰ ਸਮਾਂ ਦਿਓ, ਅਸੀਂ ਪੇਸ਼ ਹੋਵਾਂਗੇ।"

ਦੂਜੇ ਪਾਸੇ ਲਾਹੌਰ ਪ੍ਰਸ਼ਾਸਨ ਨੇ ਇਮਰਾਨ ਖਾਨ ਦੇ ਘਰ ਨੂੰ ਜਾਣ ਵਾਲੇ ਰਸਤੇ ਕੈਂਟਰ ਲਗਾ ਕੇ ਬੰਦ ਕਰ ਦਿੱਤੇ ਹਨ।

ਜ਼ਮਾਨ ਪਾਰਕ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲੀਸ ਮੌਜੂਦ ਹੈ। ਜ਼ਮਾਨ ਪਾਰਕ ਇਲਾਕੇ ਵਿੱਚ ਬਖਤਰਬੰਦ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਖਬਰਾਂ ਮੁਤਾਬਕ ਇਮਰਾਨ ਖਾਨ ਦੇ ਸਮਰਥਕਾਂ ਨੇ ਪਥਰਾਅ ਵੀ ਕੀਤਾ ਹੈ। ਪ੍ਰਦਰਸ਼ਨਕਾਰੀ ਪੁਲਿਸ ਨੂੰ ਇਮਰਾਨ ਖਾਨ ਦੇ ਘਰ ਪਹੁੰਚਣ ਤੋਂ ਰੋਕ ਰਹੇ ਹਨ। ਇਮਰਾਨ ਖਾਨ ਦੇ ਸਮਰਥਕਾਂ ਨੇ ਹੱਥਾਂ 'ਚ ਡੰਡੇ ਵੀ ਚੁੱਕੇ ਹੋਏ ਹਨ।

ਤੋਸ਼ਾਖਾਨਾ ਮਾਮਲਾ ਕੀ ਹੈ?

ਤੋਸ਼ਾਖਾਨਾ ਇੱਕ ਸਰਕਾਰੀ ਵਿਭਾਗ ਹੁੰਦਾ ਹੈ। ਇੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਦੂਜੇ ਵੱਡੇ ਅਧਿਕਾਰੀਆਂ ਵੱਲੋਂ ਕਿਸੇ ਦੌਰੇ ਦੌਰਾਨ ਮਿਲੇ ਕੀਮਤੀ ਤੋਹਫ਼ੇ ਰੱਖੇ ਜਾਂਦੇ ਹਨ।

ਕਿਸੇ ਵੀ ਵਿਦੇਸ਼ ਯਾਤਰਾ ਵੇਲੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਨ੍ਹਾਂ ਤੋਹਫ਼ਿਆਂ ਦਾ ਰਿਕਾਰਡ ਰੱਖਦੇ ਹਨ ਅਤੇ ਵਤਨ ਵਾਪਸੀ 'ਤੇ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ।

ਤੋਸ਼ਾਖਾਨੇ ਵਿੱਚ ਰੱਖੀਆਂ ਚੀਜ਼ਾਂ ਨੂੰ ਯਾਦਗਾਰ ਵਜੋਂ ਦੇਖਿਆ ਜਾਂਦਾ ਹੈ। ਇੱਥੇ ਰੱਖੀਆਂ ਚੀਜ਼ਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਹੀ ਵੇਚਿਆ ਜਾ ਸਕਦਾ ਹੈ।

ਪਾਕਿਸਤਾਨ 'ਚ ਜੇਕਰ ਮਿਲੇ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਵਿਅਕਤੀ ਇਸ ਨੂੰ ਮੁਫ਼ਤ 'ਚ ਆਪਣੇ ਕੋਲ ਰੱਖ ਸਕਦਾ ਹੈ।

ਉੱਥੇ ਹੀ ਜੇਕਰ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਸ ਦੀ ਕੀਮਤ ਦਾ 50 ਫੀਸਦ ਜਮ੍ਹਾਂ ਕਰਵਾ ਕੇ ਖਰੀਦਿਆ ਜਾ ਸਕਦਾ ਹੈ।

ਸਾਲ 2020 ਤੋਂ ਪਹਿਲਾਂ ਸਮਾਨ ਦੀ ਅਸਲ ਕੀਮਤ ਦਾ ਸਿਰਫ਼ 20 ਫੀਸਦੀ ਹੀ ਜਮ੍ਹਾ ਕਰਨਾ ਪੈਂਦਾ ਸੀ।

ਇਹਨਾਂ ਤੋਹਫ਼ਿਆਂ ਵਿੱਚ ਆਮ ਤੌਰ 'ਤੇ ਮਹਿੰਗੀਆਂ ਘੜੀਆਂ, ਸੋਨੇ ਅਤੇ ਹੀਰੇ ਦੇ ਗਹਿਣੇ, ਮਹਿੰਗਾ ਸਜਾਵਟੀ ਸਾਮਾਨ, ਯਾਦਗਾਰੀ ਚਿੰਨ੍ਹ, ਹੀਰਾ ਜੜੀ ਕਲਮ, ਕਰੌਕਰੀ ਅਤੇ ਕਾਲੀਨ ਸ਼ਾਮਲ ਹੁੰਦੇ ਹਨ।

ਦਰਅਸਲ, ਇਮਰਾਨ ਖ਼ਾਨ ਉੱਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਸੀ।

ਇਮਰਾਨ ਖ਼ਾਨ ਨੇ ਕਿਹੜੇ ਤੋਹਫ਼ੇ ਖਰੀਦੇ ਹਨ?

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਕਈ ਤੋਹਫ਼ੇ ਖਰੀਦੇ ਸਨ।

ਇਨ੍ਹਾਂ ਵਿੱਚ ਕਰੀਬ 85 ਲੱਖ ਰੁਪਏ ਦੀ ਇੱਕ ਗ੍ਰਾਫ ਘੜੀ, ਕਰੀਬ 60 ਲੱਖ ਰੁਪਏ ਦੀ ਇੱਕ ਕਫ਼ਿੰਗ, 87 ਲੱਖ ਰੁਪਏ ਦੀ ਇੱਕ ਪੈੱਨ ਅਤੇ ਅੰਗੂਠੀ ਸ਼ਾਮਲ ਹੈ।

ਇਸੇ ਤਰ੍ਹਾਂ ਇਮਰਾਨ ਖ਼ਾਨ ਨੇ ਤੋਸ਼ਾਖਾਨੇ ਤੋਂ 38 ਲੱਖ ਰੁਪਏ ਦੀ 7.5 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ 15 ਲੱਖ ਰੁਪਏ ਦੀ ਰੋਲੇਕਸ ਘੜੀ ਸਿਰਫ਼ 2.5 ਲੱਖ ਰੁਪਏ ਵਿੱਚ ਖਰੀਦੀ ਸੀ।

ਇਕ ਹੋਰ ਮੌਕੇ 'ਤੇ, ਇਮਰਾਨ ਖ਼ਾਨ ਨੇ 49 ਲੱਖ ਰੁਪਏ ਦੇ ਕਫਲਿੰਗ ਅਤੇ ਘੜੀਆਂ ਨਾਲ ਭਰਿਆ ਇੱਕ ਡੱਬਾ ਅੱਧੇ ਮੁੱਲ 'ਤੇ ਖਰੀਦਿਆ ਸੀ।

ਇਸ ਤੋਂ ਇਲਾਵਾ ਤੋਹਫ਼ੇ ਦੀ ਖਰੀਦੋ-ਫਰੋਖ਼ਤ ਲਈ 2 ਅਰਬ ਰੁਪਏ ਦੀ ਥਾਂ ਤੋਸ਼ਾਖਾਨੇ ਨੂੰ 80 ਲੱਖ ਰੁਪਏ ਦਿੱਤੇ।

ਦਸਤਾਵੇਜ਼ਾਂ ਮੁਤਾਬਕ ਕਥਿਤ ਤੌਰ 'ਤੇ ਵੇਚੀ ਗਈ ਘੜੀ ਵੀ ਚੋਣ ਕਮਿਸ਼ਨ ਦੀ ਸੂਚੀ ਵਿੱਚ ਦਰਜ ਨਹੀਂ ਸੀ।

ਇਹ ਘੜੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਆਪਣੀ ਪਹਿਲੀ ਸਾਊਦੀ ਅਰਬ ਫੇਰੀ ਦੌਰਾਨ ਤੋਹਫ਼ੇ ਵਜੋਂ ਮਿਲੀ ਸੀ।

ਇਸ ਦੀ ਲਾਗਤ 85 ਕਰੋੜ ਰੁਪਏ ਦੱਸੀ ਜਾਂਦੀ ਹੈ। ਇਮਰਾਨ ਖ਼ਾਨ ਨੇ ਇਹ ਘੜੀ 20 ਫੀਸਦੀ ਦੇ ਕੇ ਖਰੀਦ ਲਈ ਸੀ।

ਇਮਰਾਨ ਦੇ ਘਰ ਬਾਹਰ ਦੀਆਂ ਤਸਵੀਰਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)